ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 1204

ਸਾਰਗ ਮਹਲਾ ੫ ॥ ਮਾਈ ਸਤਿ ਸਤਿ ਸਤਿ ਹਰਿ ਸਤਿ ਸਤਿ ਸਤਿ ਸਾਧਾ ॥ ਬਚਨੁ ਗੁਰੂ ਜੋ ਪੂਰੈ ਕਹਿਓ ਮੈ ਛੀਕਿ ਗਾਂਠਰੀ ਬਾਧਾ ॥੧॥ ਰਹਾਉ ॥ ਨਿਸਿ ਬਾਸੁਰ ਨਖਿਅਤ੍ਰ ਬਿਨਾਸੀ ਰਵਿ ਸਸੀਅਰ ਬੇਨਾਧਾ ॥ ਗਿਰਿ ਬਸੁਧਾ ਜਲ ਪਵਨ ਜਾਇਗੋ ਇਕਿ ਸਾਧ ਬਚਨ ਅਟਲਾਧਾ ॥੧॥ ਅੰਡ ਬਿਨਾਸੀ ਜੇਰ ਬਿਨਾਸੀ ਉਤਭੁਜ ਸੇਤ ਬਿਨਾਧਾ ॥ ਚਾਰਿ ਬਿਨਾਸੀ ਖਟਹਿ ਬਿਨਾਸੀ ਇਕਿ ਸਾਧ ਬਚਨ ਨਿਹਚਲਾਧਾ ॥੨॥ ਰਾਜ ਬਿਨਾਸੀ ਤਾਮ ਬਿਨਾਸੀ ਸਾਤਕੁ ਭੀ ਬੇਨਾਧਾ ॥ ਦ੍ਰਿਸਟਿਮਾਨ ਹੈ ਸਗਲ ਬਿਨਾਸੀ ਇਕਿ ਸਾਧ ਬਚਨ ਆਗਾਧਾ ॥੩॥ ਆਪੇ ਆਪਿ ਆਪ ਹੀ ਆਪੇ ਸਭੁ ਆਪਨ ਖੇਲੁ ਦਿਖਾਧਾ ॥ ਪਾਇਓ ਨ ਜਾਈ ਕਹੀ ਭਾਂਤਿ ਰੇ ਪ੍ਰਭੁ ਨਾਨਕ ਗੁਰ ਮਿਲਿ ਲਾਧਾ ॥੪॥੬॥ {ਪੰਨਾ 1204}

ਪਦ ਅਰਥ: ਮਾਈ = ਹੇ ਮਾਂ! ਸਤਿ ਹਰਿ = ਸਦਾ ਕਾਇਮ ਰਹਿਣ ਵਾਲਾ ਹਰੀ। ਸਤਿ ਸਾਧਾ = ਅਟੱਲ ਆਤਮਕ ਜੀਵਨ ਵਾਲਾ ਗੁਰੂ। ਗੁਰੂ ਪੂਰੈ = ਪੂਰੇ ਗੁਰੂ ਨੇ। ਛੀਕਿ = ਖਿੱਚ ਕੇ। ਗਾਂਠਰੀ = ਪੱਲੇ। ਬਾਧਾ = ਬੰਨ੍ਹ ਲਿਆ ਹੈ।1। ਰਹਾਉ।

ਨਿਸਿ = ਰਾਤ। ਬਾਸੁਰ = ਦਿਨ। ਨਖਿਅਤ੍ਰ = ਤਾਰੇ। ਬਿਨਾਸੀ = ਨਾਸਵੰਤ। ਰਵਿ = ਸੂਰਜ। ਸਸੀਅਰ = {__Dr} ਚੰਦ੍ਰਮਾ। ਬੇਨਾਧਾ = ਨਾਸਵੰਤ। ਗਿਰਿ = ਪਹਾੜ। ਬਸੁਧਾ = ਧਰਤੀ। ਪਵਨ = ਹਵਾ। ਇਕਿ = {ਲਫ਼ਜ਼ 'ਇਕ' ਤੋਂ ਬਹੁ-ਵਚਨ}।1।

ਅੰਡ, ਜੇਰ, ਉਤਭੁਜ, ਸੇਤ = ਅੰਡਿਆਂ ਤੋਂ, ਜਿਓਰ ਤੋਂ, ਧਰਤੀ ਤੋਂ, ਮੁੜ੍ਹਕੇ ਤੋਂ ਪੈਦਾ ਹੋਣ ਵਾਲੇ। ਚਾਰਿ = ਚਾਰ ਵੇਦ। ਖਟਹਿ = ਛੇ ਸ਼ਾਸਤ੍ਰ ਭੀ। ਨਿਹਚਲਾਧਾ = ਅਟੱਲ।2।

ਰਾਜ, ਤਾਮ, ਸਾਤਕੁ = ਰਾਜਸ, ਤਾਮਸ, ਸਾਤਕ (ਮਾਇਆ ਦੇ ਤਿੰਨ ਗੁਣ) = ਇਹਨਾਂ ਗੁਣਾਂ ਦੇ ਪ੍ਰਭਾਵ ਵਿਚ ਰਹਿਣ ਵਾਲੇ ਸਾਰੇ ਜੀਵ। ਦ੍ਰਿਸਟਿਮਾਨ = ਜੋ ਕੁਝ ਦਿੱਸ ਰਿਹਾ ਹੈ, ਇਹ ਸਾਰਾ ਦਿੱਸਦਾ ਜਗਤ। ਆਗਾਧਾ = ਅਗਾਧ, ਅਥਾਹ, ਅੰਤ-ਰਹਿਤ।3।

ਆਪੇ = ਆਪ ਹੀ। ਸਭੁ ਖੇਲੁ = ਸਾਰਾ (ਜਗਤ-) ਤਮਾਸ਼ਾ। ਕਹੀ ਭਾਂਤਿ = (ਹੋਰ) ਕਿਸੇ ਤਰੀਕੇ ਨਾਲ। ਰੇ = ਹੇ ਭਾਈ! ਨਾਨਕ = ਹੇ ਨਾਨਕ! ਗੁਰ ਮਿਲਿ = ਗੁਰੂ ਨੂੰ ਮਿਲ ਕੇ।4।

ਅਰਥ: ਹੇ ਮਾਂ! ਪਰਮਾਤਮਾ ਸਦਾ ਹੀ ਕਾਇਮ ਰਹਿਣ ਵਾਲਾ ਹੈ, ਪਰਮਾਤਮਾ ਦੇ ਸੰਤ ਜਨ ਭੀ ਅਟੱਲ ਆਤਮਕ ਜੀਵਨ ਵਾਲੇ ਹਨ– ਇਹ ਜਿਹੜਾ ਬਚਨ (ਮੈਨੂੰ) ਪੂਰੇ ਗੁਰੂ ਨੇ ਦੱਸਿਆ ਹੈ, ਮੈਂ ਇਸ ਨੂੰ ਘੁੱਟ ਕੇ ਆਪਣੇ ਪੱਲੇ ਬੰਨ੍ਹ ਲਿਆ ਹੈ।1। ਰਹਾਉ।

ਹੇ ਮਾਂ! ਰਾਤ, ਦਿਨ, ਤਾਰੇ, ਸੂਰਜ, ਚੰਦ੍ਰਮਾ = ਇਹ ਸਾਰੇ ਨਾਸਵੰਤ ਹਨ। ਪਹਾੜ, ਧਰਤੀ, ਪਾਣੀ, ਹਵਾ = ਹਰੇਕ ਚੀਜ਼ ਨਾਸ ਹੋ ਜਾਇਗੀ। ਸਿਰਫ਼ ਗੁਰੂ ਦੇ ਬਚਨ ਹੀ ਕਦੇ ਟਲ ਨਹੀਂ ਸਕਦੇ।1।

ਹੇ ਮਾਂ! ਅੰਡਿਆਂ ਤੋਂ, ਜਿਓਰ ਤੋਂ, ਧਰਤੀ ਤੋਂ, ਮੁੜ੍ਹਕੇ ਤੋਂ ਪੈਦਾ ਹੋਣ ਵਾਲੇ ਸਭ ਜੀਵ ਨਾਸਵੰਤ ਹਨ। ਚਾਰ ਵੇਦ, ਛੇ ਸ਼ਾਸਤ੍ਰ = ਇਹ ਭੀ ਨਾਸਵੰਤ ਹਨ। ਸਿਰਫ਼ ਗੁਰੂ ਦੇ ਬਚਨ ਹੀ ਸਦਾ ਕਾਇਮ ਰਹਿਣ ਵਾਲੇ ਹਨ। ਧਰਮ ਪੁਸਤਕ ਤਾਂ ਕਈ ਬਣੇ ਤੇ ਕਈ ਮਿਟੇ, ਪਰ ਸਾਧ ਦਾ ਬਚਨ, ਭਾਵ, ਸਿਮਰਨ ਦੀ ਪੱਧਤੀ ਸਦਾ ਅਟੱਲ ਰਹਿੰਦੀ ਹੈ।2।

ਹੇ ਮਾਂ! (ਮਾਇਆ ਦੇ ਤਿੰਨ ਗੁਣ) ਰਾਜਸ ਤਾਮਸ ਸਾਤਕ ਨਾਸਵੰਤ ਹਨ। ਜੋ ਕੁਝ (ਇਹ ਜਗਤ) ਦਿੱਸ ਰਿਹਾ ਹੈ ਸਾਰਾ ਨਾਸਵੰਤ ਹੈ। ਸਿਰਫ਼ ਗੁਰੂ ਦੇ ਬਚਨ ਹੀ ਐਸੇ ਹਨ ਜੋ ਅਟੱਲ ਹਨ (ਭਾਵ, ਆਤਮਕ ਜੀਵਨ ਵਾਸਤੇ ਜੋ ਮਰਯਾਦਾ ਗੁਰੂ ਨੇ ਦੱਸੀ ਹੈ ਉਹ ਕਦੇ ਭੀ ਕਿਤੇ ਭੀ ਬਦਲ ਨਹੀਂ ਸਕਦੀ) ।3।

ਹੇ ਨਾਨਕ! (ਆਖ-) ਹੇ ਭਾਈ! ਜਿਹੜਾ ਪਰਮਾਤਮਾ (ਆਪਣੇ ਵਰਗਾ) ਆਪ ਹੀ ਆਪ ਹੈ, ਜਿਸ ਨੇ ਇਹ ਸਾਰਾ ਆਪਣਾ ਜਗਤ-ਤਮਾਸ਼ਾ ਵਿਖਾਇਆ ਹੋਇਆ ਹੈ, ਉਹ ਹੋਰ ਕਿਸੇ ਭੀ ਤਰੀਕੇ ਨਾਲ ਨਹੀਂ ਮਿਲ ਸਕਦਾ। ਉਹ ਪ੍ਰਭੂ ਗੁਰੂ ਨੂੰ ਮਿਲ ਕੇ (ਹੀ) ਲੱਭ ਸਕੀਦਾ ਹੈ।4।6।

ਸਾਰਗ ਮਹਲਾ ੫ ॥ ਮੇਰੈ ਮਨਿ ਬਾਸਿਬੋ ਗੁਰ ਗੋਬਿੰਦ ॥ ਜਹਾਂ ਸਿਮਰਨੁ ਭਇਓ ਹੈ ਠਾਕੁਰ ਤਹਾਂ ਨਗਰ ਸੁਖ ਆਨੰਦ ॥੧॥ ਰਹਾਉ ॥ ਜਹਾਂ ਬੀਸਰੈ ਠਾਕੁਰੁ ਪਿਆਰੋ ਤਹਾਂ ਦੂਖ ਸਭ ਆਪਦ ॥ ਜਹ ਗੁਨ ਗਾਇ ਆਨੰਦ ਮੰਗਲ ਰੂਪ ਤਹਾਂ ਸਦਾ ਸੁਖ ਸੰਪਦ ॥੧॥ ਜਹਾ ਸ੍ਰਵਨ ਹਰਿ ਕਥਾ ਨ ਸੁਨੀਐ ਤਹ ਮਹਾ ਭਇਆਨ ਉਦਿਆਨਦ ॥ ਜਹਾਂ ਕੀਰਤਨੁ ਸਾਧਸੰਗਤਿ ਰਸੁ ਤਹ ਸਘਨ ਬਾਸ ਫਲਾਂਨਦ ॥੨॥ ਬਿਨੁ ਸਿਮਰਨ ਕੋਟਿ ਬਰਖ ਜੀਵੈ ਸਗਲੀ ਅਉਧ ਬ੍ਰਿਥਾਨਦ ॥ ਏਕ ਨਿਮਖ ਗੋਬਿੰਦ ਭਜਨੁ ਕਰਿ ਤਉ ਸਦਾ ਸਦਾ ਜੀਵਾਨਦ ॥੩॥ ਸਰਨਿ ਸਰਨਿ ਸਰਨਿ ਪ੍ਰਭ ਪਾਵਉ ਦੀਜੈ ਸਾਧਸੰਗਤਿ ਕਿਰਪਾਨਦ ॥ ਨਾਨਕ ਪੂਰਿ ਰਹਿਓ ਹੈ ਸਰਬ ਮੈ ਸਗਲ ਗੁਣਾ ਬਿਧਿ ਜਾਂਨਦ ॥੪॥੭॥ {ਪੰਨਾ 1204}

ਪਦ ਅਰਥ: ਮਨਿ = ਮਨ ਵਿਚ। ਬਾਸਿਬੋ = ਵੱਸਦਾ ਹੈ। ਜਹਾਂ = ਜਿੱਥੇ। ਸਿਮਰਨੁ ਠਾਕੁਰ = ਠਾਕੁਰ ਦਾ ਸਿਮਰਨ। ਤਹਾਂ ਨਗਰ = ਉਹਨਾਂ (ਹਿਰਦੇ-) ਨਗਰਾਂ ਵਿਚ।1। ਰਹਾਉ।

ਬੀਸਰੈ = ਵਿਸਰ ਜਾਂਦਾ ਹੈ। ਸਭ ਆਪਦ = ਸਾਰੀਆਂ ਬਿਪਤਾਂ। ਗਾਈ = ਗਾਂਦਾ ਹੈ। ਸੰਪਦ = ਐਸ਼੍ਵਰਜ।1।

ਸ੍ਰਵਨ = ਕੰਨਾਂ ਨਾਲ। ਨ ਸੁਨੀਐ = ਨਹੀਂ ਸੁਣੀ ਜਾਂਦੀ। ਤਹ = ਉਥੇ। ਭਇਆਨ = ਭਿਆਨਕ, ਡਰਾਉਣਾ। ਉਦਿਆਨਦ = ਜੰਗਲ। ਕੀਰਤਨੁ = ਸਿਫ਼ਤਿ-ਸਾਲਾਹ। ਰਸੁ = ਸੁਆਦ। ਸਘਨ ਬਾਸ = ਸੰਘਣੀ ਸੁਗੰਧੀ। ਫਲਾਂਨਦ = ਫਲਾਂ ਦਾ ਆਨੰਦ।2।

ਕੋਟਿ ਬਰਖ = ਕ੍ਰੋੜਾਂ ਵਰ੍ਹੇ। ਜੀਵੈ = ਜੇ ਜੀਊਂਦਾ ਰਹੇ। ਸਗਲੀ = ਸਾਰੀ। ਅਉਧ = ਉਮਰ। ਨਿਮਖ = {inmy = } ਅੱਖ ਝਮਕਣ ਜਿਤਨਾ ਸਮਾ। ਜੀਵਾਨਦ = ਆਤਮਕ ਜੀਊਣ ਜੀਊਂਦਾ ਹੈ।3।

ਪ੍ਰਭ = ਹੇ ਪ੍ਰਭੂ! ਪਾਵਉ = ਪਾਵਉਂ, ਮੈਂ ਹਾਸਲ ਕਰਾਂ। ਦੀਜੈ = ਦੇਹ। ਕਿਰਪਾਨਦ = ਕਿਰਪਾ ਨਾਲ। ਸਰਬ ਮੈ = ਸਭਨਾਂ ਵਿਚ, ਸਾਰੀ ਸ੍ਰਿਸ਼ਟੀ ਵਿਚ। ਬਿਧਿ = ਢੰਗ। ਜਾਂਨਦ = ਜਾਣਦਾ ਹੈ।4।

ਅਰਥ: ਹੇ ਭਾਈ! ਮੇਰੇ ਮਨ ਵਿਚ ਗੁਰੂ ਗੋਬਿੰਦ ਵੱਸ ਰਿਹਾ ਹੈ। (ਮੈਨੂੰ ਇਉਂ ਸਮਝ ਆ ਰਹੀ ਹੈ ਕਿ) ਜਿੱਥੇ ਠਾਕੁਰ-ਪ੍ਰਭੂ ਦਾ ਸਿਮਰਨ ਹੁੰਦਾ ਰਹਿੰਦਾ ਹੈ, ਉਹਨਾਂ (ਹਿਰਦੇ-) ਨਗਰਾਂ ਵਿਚ ਸੁਖ ਆਨੰਦ ਬਣੇ ਰਹਿੰਦੇ ਹਨ।1। ਰਹਾਉ।

ਹੇ ਭਾਈ! ਜਿਸ ਹਿਰਦੇ ਵਿਚ ਮਾਲਕ-ਪ੍ਰਭੂ (ਦੀ ਯਾਦ) ਭੁੱਲ ਜਾਂਦੀ ਹੈ, ਉਥੇ ਸਾਰੇ ਦੁੱਖ ਸਾਰੀਆਂ ਮੁਸੀਬਤਾਂ ਆਈਆਂ ਰਹਿੰਦੀਆਂ ਹਨ। ਜਿੱਥੇ (ਕੋਈ ਮਨੁੱਖ) ਆਨੰਦ ਅਤੇ ਖ਼ੁਸ਼ੀਆਂ ਦੇਣ ਵਾਲੇ ਹਰਿ-ਗੁਣ ਗਾਂਦਾ ਰਹਿੰਦਾ ਹੈ, ਉਸ ਹਿਰਦੇ ਵਿਚ ਖ਼ੁਸ਼ੀਆਂ ਉਸ ਹਿਰਦੇ ਵਿਚ ਚੜ੍ਹਦੀ ਕਲਾ ਬਣੀ ਰਹਿੰਦੀ ਹੈ।1।

ਹੇ ਭਾਈ! ਜਿੱਥੇ ਕੰਨਾਂ ਨਾਲ ਪਰਮਾਤਮਾ ਦੀ ਸਿਫ਼ਤਿ-ਸਾਲਾਹ ਨਹੀਂ ਸੁਣੀ ਜਾਂਦੀ, ਉਸ ਹਿਰਦੇ ਵਿਚ (ਮਾਨੋ) ਭਾਰਾ ਭਿਆਨਕ ਜੰਗਲ ਬਣਿਆ ਪਿਆ ਹੈ; ਤੇ, ਜਿਥੇ ਸਿਫ਼ਤਿ-ਸਾਲਾਹ ਹੋ ਰਹੀ ਹੈ, ਸਾਧ ਸੰਗਤਿ ਵਾਲਾ ਰੰਗ ਬਣਿਆ ਹੋਇਆ ਹੈ, ਉੱਥੇ (ਮਾਨੋ, ਐਸਾ ਬਾਗ਼ ਹੈ ਜਿੱਥੇ) ਸੰਘਣੀ ਸੁਗੰਧੀ ਹੈ ਤੇ ਫਲਾਂ ਦਾ ਆਨੰਦ ਹੈ।2।

ਹੇ ਭਾਈ! ਪਰਮਾਤਮਾ ਦੇ ਸਿਮਰਨ ਤੋਂ ਬਿਨਾ ਜੇ ਕੋਈ ਮਨੁੱਖ ਕ੍ਰੋੜਾਂ ਵਰ੍ਹੇ ਭੀ ਜੀਊਂਦਾ ਰਹੇ, (ਤਾਂ ਭੀ ਉਸ ਦੀ) ਸਾਰੀ ਉਮਰ ਵਿਅਰਥ ਜਾਂਦੀ ਹੈ। ਪਰ ਜੇ ਮਨੁੱਖ ਗੋਬਿੰਦ ਦਾ ਭਜਨ ਅੱਖ ਝਮਕਣ ਜਿਤਨੇ ਸਮੇ ਲਈ ਭੀ ਕਰੇ, ਤਾਂ ਉਹ ਸਦਾ ਹੀ ਆਤਮਕ ਜੀਵਨ ਜੀਊਂਦਾ ਹੈ।3।

ਹੇ ਪ੍ਰਭੂ! ਮਿਹਰ ਕਰ ਕੇ ਮੈਨੂੰ ਆਪਣੀ ਸਾਧ ਸੰਗਤਿ (ਦਾ ਮਿਲਾਪ) ਬਖ਼ਸ਼ (ਤਾ ਕਿ) ਮੈਂ ਸਦਾ ਲਈ ਤੇਰੀ ਸਰਨ ਪ੍ਰਾਪਤ ਕਰੀ ਰੱਖਾਂ। ਹੇ ਨਾਨਕ! ਉਹ ਪਰਮਾਤਮਾ ਸਭਨਾਂ ਵਿਚ ਵਿਆਪਕ ਹੈ (ਆਪਣੇ ਜੀਵਾਂ ਦੇ ਅੰਦਰ ਆਪਣੇ) ਸਾਰੇ ਗੁਣ ਪੈਦਾ ਕਰਨ ਦਾ ਢੰਗ ਉਹ ਆਪ ਹੀ ਜਾਣਦਾ ਹੈ।4।7।

ਸਾਰਗ ਮਹਲਾ ੫ ॥ ਅਬ ਮੋਹਿ ਰਾਮ ਭਰੋਸਉ ਪਾਏ ॥ ਜੋ ਜੋ ਸਰਣਿ ਪਰਿਓ ਕਰੁਣਾਨਿਧਿ ਤੇ ਤੇ ਭਵਹਿ ਤਰਾਏ ॥੧॥ ਰਹਾਉ ॥ ਸੁਖਿ ਸੋਇਓ ਅਰੁ ਸਹਜਿ ਸਮਾਇਓ ਸਹਸਾ ਗੁਰਹਿ ਗਵਾਏ ॥ ਜੋ ਚਾਹਤ ਸੋਈ ਹਰਿ ਕੀਓ ਮਨ ਬਾਂਛਤ ਫਲ ਪਾਏ ॥੧॥ ਹਿਰਦੈ ਜਪਉ ਨੇਤ੍ਰ ਧਿਆਨੁ ਲਾਵਉ ਸ੍ਰਵਨੀ ਕਥਾ ਸੁਨਾਏ ॥ ਚਰਣੀ ਚਲਉ ਮਾਰਗਿ ਠਾਕੁਰ ਕੈ ਰਸਨਾ ਹਰਿ ਗੁਣ ਗਾਏ ॥੨॥ ਦੇਖਿਓ ਦ੍ਰਿਸਟਿ ਸਰਬ ਮੰਗਲ ਰੂਪ ਉਲਟੀ ਸੰਤ ਕਰਾਏ ॥ ਪਾਇਓ ਲਾਲੁ ਅਮੋਲੁ ਨਾਮੁ ਹਰਿ ਛੋਡਿ ਨ ਕਤਹੂ ਜਾਏ ॥੩॥ ਕਵਨ ਉਪਮਾ ਕਉਨ ਬਡਾਈ ਕਿਆ ਗੁਨ ਕਹਉ ਰੀਝਾਏ ॥ ਹੋਤ ਕ੍ਰਿਪਾਲ ਦੀਨ ਦਇਆ ਪ੍ਰਭ ਜਨ ਨਾਨਕ ਦਾਸ ਦਸਾਏ ॥੪॥੮॥ {ਪੰਨਾ 1204-1205}

ਪਦ ਅਰਥ: ਅਬ = ਹੁਣ, ਪਰਮਾਤਮਾ ਦੀ ਸਰਨ ਪੈ ਕੇ। ਭਰੋਸਉ = ਭਰੋਸਾ, ਯਕੀਨ, ਨਿਸ਼ਚਾ। ਮੋਹਿ = ਮੈਂ। ਕਰੁਣਾ = ਤਰਸ। ਨਿਧਿ = ਖ਼ਜ਼ਾਨਾ, ਸੋਮਾ। ਕਰੁਣਾ ਨਿਧਿ ਸਰਣਿ = ਤਰਸ ਦੇ ਸਮੁੰਦਰ ਪ੍ਰਭੂ ਦੀ ਸਰਨ। ਤੇ = ਉਹ ਮਨੁੱਖ {ਬਹੁ-ਵਚਨ}। ਭਵਹਿ = ਭਵ, ਭਵ-ਸਾਗਰ, ਸੰਸਾਰ-ਸਮੁੰਦਰ। ਤਰਾਏ = ਪਾਰ ਲੰਘਾ ਦਿੱਤੇ।1। ਰਹਾਉ।

ਸੁਖਿ = ਸੁਖ ਵਿਚ, ਆਤਮਕ ਆਨੰਦ ਵਿਚ। ਸੋਇਓ = ਲੀਨ ਹੋ ਗਿਆ। ਅਰੁ = ਅਤੇ = {ਅਰਿ = ਵੈਰੀ}। ਸਹਜਿ = ਆਤਮਕ ਅਡੋਲਤਾ ਵਿਚ। ਸਹਸਾ = ਸਹਮ, ਚਿੰਤਾ = ਫ਼ਿਕਰ। ਗੁਰਹਿ = ਗੁਰੂ ਨੇ। ਮਨ-ਬਾਂਛਤ = ਮਨ-ਮੰਗੇ।1।

ਹਿਰਦੈ = ਹਿਰਦੇ ਵਿਚ। ਜਪਉ = ਜਪਉਂ, ਮੈਂ ਜਪਦਾ ਹਾਂ। ਨੇਤ੍ਰ = ਅੱਖਾਂ ਵਿਚ। ਧਿਆਨੁ = ਸੁਰਤਿ। ਲਾਵਉ = ਲਾਵਉਂ, ਮੈਂ ਲਾਂਦਾ ਹਾਂ। ਸ੍ਰਵਨੀ = ਕੰਨਾਂ ਨਾਲ। ਸੁਨਾਏ = ਸੁਣਦਾ ਹਾਂ। ਚਲਉ = ਚਲਉਂ, ਮੈਂ ਤੁਰਦਾ ਹਾਂ। ਮਾਰਗਿ ਠਾਕੁਰ ਕੈ = ਠਾਕੁਰ ਦੇ ਰਸਤੇ ਤੇ। ਰਸਨਾ = ਜੀਭ। ਗਾਏ = ਗਾਂਦਾ ਹੈ।2।

ਦੇਖਓ ਦ੍ਰਿਸਟਿ = ਨਿਗਾਹ ਨਾਲ ਵੇਖ ਲਿਆ ਹੈ। ਸਰਬ ਮੰਗਲ ਰੂਪ = ਸਾਰੀਆਂ ਖ਼ੁਸ਼ੀਆਂ ਦਾ ਸਰੂਪ ਪ੍ਰਭੂ। ਉਲਟੀ ਕਰਾਏ = (ਮੇਰੀ ਬ੍ਰਿਤੀ ਮਾਇਆ ਵਲੋਂ) ਉਲਟਾ ਦਿੱਤੀ ਹੈ। ਅਮੋਲੁ = ਜਿਸ ਦਾ ਮੁੱਲ ਨਹੀਂ ਪਾਇਆ ਜਾ ਸਕਦਾ। ਛੋਡਿ = ਛੱਡ ਕੇ। ਕਤਹੂ = ਕਿਸੇ ਹੋਰ ਥਾਂ।3।

ਉਪਮਾ = ਸੋਭਾ। ਕਹਉ = ਕਹਉਂ, ਮੈਂ ਆਖਾਂ। ਰੀਝਾਏ = ਪ੍ਰਸੰਨ ਕਰਨ ਲਈ। ਨਾਨਕ = ਹੇ ਨਾਨਕ!।4।

ਅਰਥ: ਹੇ ਭਾਈ! (ਪਰਮਾਤਮਾ ਦੀ ਸਰਨ ਪੈ ਕੇ) ਹੁਣ ਮੈਂ ਪਰਮਾਤਮਾ ਦੀ ਬਾਬਤ ਇਹ ਨਿਸ਼ਚਾ ਬਣਾ ਲਿਆ ਹੈ ਕਿ ਜਿਹੜਾ ਜਿਹੜਾ ਮਨੁੱਖ ਉਸ ਤਰਸ-ਦੇ-ਸਮੁੰਦਰ ਪ੍ਰਭੂ ਦੀ ਸਰਨ ਪੈਂਦਾ ਹੈ, ਉਹਨਾਂ ਸਭਨਾਂ ਨੂੰ ਪਰਮਾਤਮਾ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਲੈਂਦਾ ਹੈ।1। ਰਹਾਉ।

ਹੇ ਭਾਈ! (ਪਰਮਾਤਮਾ ਦੀ ਸਰਨ ਪੈ ਕੇ ਹੁਣ ਮੈਂ ਇਹ ਨਿਸ਼ਚਾ ਬਣਾ ਲਿਆ ਹੈ ਕਿ ਜਿਹੜਾ ਮਨੁੱਖ ਪਰਮਾਤਮਾ ਦੀ ਸਰਨ ਪੈਂਦਾ ਹੈ ਉਹ) ਆਤਮਕ ਆਨੰਦ ਵਿਚ ਲੀਨ ਰਹਿੰਦਾ ਹੈ ਅਤੇ ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹੈ, ਗੁਰੂ ਉਸ ਦੇ ਸਾਰੇ ਚਿੰਤਾ-ਫ਼ਿਕਰ ਦੂਰ ਕਰ ਦੇਂਦਾ ਹੈ। ਉਹ ਜੋ ਕੁਝ ਚਾਹੁੰਦਾ ਹੈ ਪ੍ਰਭੂ (ਉਹੀ ਕੁਝ ਉਸ ਵਾਸਤੇ) ਕਰ ਦੇਂਦਾ ਹੈ, ਉਹ ਮਨੁੱਖ ਮਨ-ਮੰਗੀਆਂ ਮੁਰਾਦਾਂ ਹਾਸਲ ਕਰ ਲੈਂਦਾ ਹੈ।1।

ਹੇ ਭਾਈ! (ਜਦੋਂ ਦਾ ਮੈਂ ਪਰਮਾਤਮਾ ਦੀ ਸਰਨ ਪਿਆ ਹਾਂ, ਤਦੋਂ ਤੋਂ ਹੁਣ) ਮੈਂ ਆਪਣੇ ਹਿਰਦੇ ਵਿਚ (ਪਰਮਾਤਮਾ ਦਾ ਨਾਮ) ਜਪਦਾ ਹਾਂ, ਅੱਖਾਂ ਵਿਚ ਉਸ ਦਾ ਧਿਆਨ ਧਰਦਾ ਹਾਂ, ਕੰਨਾਂ ਨਾਲ ਉਸ ਦੀ ਸਿਫ਼ਤਿ-ਸਾਲਾਹ ਸੁਣਦਾ ਹਾਂ, ਪੈਰਾਂ ਨਾਲ ਉਸ ਮਾਲਕ-ਪ੍ਰਭੂ ਦੇ ਰਸਤੇ ਤੇ ਤੁਰਦਾ ਹਾਂ, ਮੇਰੀ ਜੀਭ ਉਸ ਦੇ ਗੁਣ ਗਾਂਦੀ ਰਹਿੰਦੀ ਹੈ।2।

ਹੇ ਭਾਈ! ਜਦੋਂ ਤੋਂ ਸੰਤ-ਜਨਾਂ ਨੇ ਮੇਰੀ ਬ੍ਰਿਤੀ ਮਾਇਆ ਵਲੋਂ ਪਰਤਾ ਦਿੱਤੀ ਹੈ, ਮੈਂ ਆਪਣੀਆਂ ਅੱਖਾਂ ਨਾਲ ਉਸ ਸਾਰੀਆਂ ਖ਼ੁਸ਼ੀਆਂ ਦੇ ਮਾਲਕ-ਹਰੀ ਨੂੰ ਵੇਖ ਲਿਆ ਹੈ। ਮੈਂ ਪਰਮਾਤਮਾ ਦਾ ਕੀਮਤੀ ਅਮੋਲਕ ਨਾਮ ਲੱਭ ਲਿਆ ਹੈ, ਉਸ ਨੂੰ ਛੱਡ ਕੇ (ਮੇਰਾ ਮਨ ਹੁਣ) ਹੋਰ ਕਿਸੇ ਭੀ ਪਾਸੇ ਨਹੀਂ ਜਾਂਦਾ।3।

ਹੇ ਭਾਈ! ਮੈਂ ਉਸ ਪਰਮਾਤਮਾ ਦੀ ਕਿਹੜੀ ਸਿਫ਼ਤਿ ਕਰਾਂ? ਕਿਹੜੀ ਵਡਿਆਈ ਦੱਸਾਂ? ਕਿਹੜੇ ਗੁਣ ਬਿਆਨ ਕਰਾਂ? ਜਿਸ ਕਰਕੇ ਉਹ ਮੇਰੇ ਉੱਤੇ ਪਸੰਨ ਹੋ ਜਾਏ। ਹੇ ਦਾਸ ਨਾਨਕ! ਦੀਨਾਂ ਉੱਤੇ ਦਇਆ ਕਰਨ ਵਾਲਾ ਪ੍ਰਭੂ ਆਪ ਹੀ ਜਿਸ ਉੱਤੇ ਦਇਆਵਾਨ ਹੁੰਦਾ ਹੈ, ਉਸ ਨੂੰ ਆਪਣੇ ਦਾਸਾਂ ਦਾ ਦਾਸ ਬਣਾ ਲੈਂਦਾ ਹੈ।4।8।

TOP OF PAGE

Sri Guru Granth Darpan, by Professor Sahib Singh