ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 1205 ਸਾਰਗ ਮਹਲਾ ੫ ॥ ਓੁਇ ਸੁਖ ਕਾ ਸਿਉ ਬਰਨਿ ਸੁਨਾਵਤ ॥ ਅਨਦ ਬਿਨੋਦ ਪੇਖਿ ਪ੍ਰਭ ਦਰਸਨ ਮਨਿ ਮੰਗਲ ਗੁਨ ਗਾਵਤ ॥੧॥ ਰਹਾਉ ॥ ਬਿਸਮ ਭਈ ਪੇਖਿ ਬਿਸਮਾਦੀ ਪੂਰਿ ਰਹੇ ਕਿਰਪਾਵਤ ॥ ਪੀਓ ਅੰਮ੍ਰਿਤ ਨਾਮੁ ਅਮੋਲਕ ਜਿਉ ਚਾਖਿ ਗੂੰਗਾ ਮੁਸਕਾਵਤ ॥੧॥ ਜੈਸੇ ਪਵਨੁ ਬੰਧ ਕਰਿ ਰਾਖਿਓ ਬੂਝ ਨ ਆਵਤ ਜਾਵਤ ॥ ਜਾ ਕਉ ਰਿਦੈ ਪ੍ਰਗਾਸੁ ਭਇਓ ਹਰਿ ਉਆ ਕੀ ਕਹੀ ਨ ਜਾਇ ਕਹਾਵਤ ॥੨॥ ਆਨ ਉਪਾਵ ਜੇਤੇ ਕਿਛੁ ਕਹੀਅਹਿ ਤੇਤੇ ਸੀਖੇ ਪਾਵਤ ॥ ਅਚਿੰਤ ਲਾਲੁ ਗ੍ਰਿਹ ਭੀਤਰਿ ਪ੍ਰਗਟਿਓ ਅਗਮ ਜੈਸੇ ਪਰਖਾਵਤ ॥੩॥ ਨਿਰਗੁਣ ਨਿਰੰਕਾਰ ਅਬਿਨਾਸੀ ਅਤੁਲੋ ਤੁਲਿਓ ਨ ਜਾਵਤ ॥ ਕਹੁ ਨਾਨਕ ਅਜਰੁ ਜਿਨਿ ਜਰਿਆ ਤਿਸ ਹੀ ਕਉ ਬਨਿ ਆਵਤ ॥੪॥੯॥ {ਪੰਨਾ 1205} ਪਦ ਅਰਥ: ਓੁਇ = {ਲਫ਼ਜ਼ 'ਓੁਹੁ' ਤੋਂ ਬਹੁ-ਵਚਨ। ਅੱਖਰ 'ੳ' ਦੇ ਨਾਲ ਦੋ ਲਗਾਂ ਹਨ: ੋ ਅਤੇ ੁ। ਅਸਲ ਲਫ਼ਜ਼ 'ਓਇ' ਹੈ। ਇੱਥੇ 'ਉਇ' ਪੜ੍ਹਨਾ ਹੈ}। ਕਾ ਸਿਉ = ਕਿਸ ਨਾਲ? ਕਿਸ ਅੱਗੇ? ਬਰਨਿ = ਬਿਆਨ ਕਰ ਕੇ। ਪੇਖਿ ਪ੍ਰਭ ਦਰਸਨ = ਪ੍ਰਭੂ ਦਾ ਦਰਸਨ ਵੇਖ ਕੇ। ਮਨਿ = ਮਨ ਵਿਚ। ਮੰਗਲ = ਖ਼ੁਸ਼ੀਆਂ।1। ਰਹਾਉ। ਬਿਸਮ = ਹੈਰਾਨ। ਪੇਖਿ = ਵੇਖ ਕੇ। ਬਿਸਮਾਦੀ = ਅਚਰਜ-ਰੂਪ ਪ੍ਰਭੂ। ਕਿਰਪਾਵਤ = ਕਿਰਪਾਲ ਹਰੀ। ਪੀਓ = ਪੀ ਲਿਆ। ਅੰਮ੍ਰਿਤ ਨਾਮੁ = ਆਤਮਕ ਜੀਵਨ ਦੇਣ ਵਾਲਾ ਨਾਮ-ਜਲ। ਚਾਖਿ = ਚੱਖ ਕੇ।1। ਪਵਨੁ = ਹਵਾ, ਪ੍ਰਾਣ। ਬੰਧ ਕਰਿ = ਬੰਨ੍ਹ ਕੇ, ਰੋਕ ਕੇ। ਬੂਝ = ਸਮਝ। ਆਵਤ ਜਾਵਤ = (ਪ੍ਰਾਣਾਂ ਦੇ) ਆਉਂਦਿਆਂ ਜਾਂਦਿਆਂ ਦੀ। ਜਾ ਕਉ ਰਿਦੈ = ਜਿਸ ਦੇ ਹਿਰਦੇ ਵਿਚ। ਉਆ ਕੀ ਕਹਾਵਤ = ਉਸ ਦੀ ਦਸ਼ਾ।2। ਆਨ = {ANX} ਹੋਰ। ਉਪਾਵ = {ਲਫ਼ਜ਼ 'ਉਪਾਉ' ਤੋਂ ਬਹੁ-ਵਚਨ} ਹੀਲੇ, ਜਤਨ। ਜੇਤੇ = ਜਿਤਨੇ ਭੀ। ਕਹੀਅਹਿ = ਆਖੇ ਜਾਂਦੇ ਹਨ। ਤੇਤੇ = ਉਹ ਸਾਰੇ। ਸੀਖੇ = (ਕਿਸੇ ਪਾਸੋਂ) ਸਿੱਖਿਆਂ। ਪਾਵਤ = ਸਿੱਖੇ ਜਾਂਦੇ ਹਨ। ਅਚਿੰਤ = ਚਿੰਤਾ ਦੂਰ ਕਰਨ ਵਾਲਾ ਹਰੀ। ਗ੍ਰਿਹ ਭੀਤਰਿ = ਹਿਰਦੇ ਦੇ ਅੰਦਰ ਹੀ। ਅਗਮ ਜੈਸੇ = ਕਠਨ ਜਿਹਾ। ਪਰਖਾਵਤ = (ਉਸ ਦਾ) ਪਰਖਣਾ।3। ਨਿਰਗੁਣ = ਮਾਇਆ ਦੇ ਤਿੰਨ ਗੁਣਾਂ ਤੋਂ ਪਰੇ। ਨਿਰੰਕਾਰ = ਜਿਸ ਦਾ ਕੋਈ ਖ਼ਾਸ ਸਰੂਪ ਦੱਸਿਆ ਨਹੀਂ ਜਾ ਸਕਦਾ। ਅਜਰੁ = {ਅ-ਜਰੁ} ਜਿਸ ਨੂੰ ਜਰਾ ਨਹੀਂ ਵਿਆਪ ਸਕਦਾ {ਜਰਾ = ਬੁਢੇਪਾ}। ਜਿਨਿ = ਜਿਸ (ਮਨੁੱਖ) ਨੇ। ਜਰਿਆ = ਜੜਿਆ, ਹਿਰਦੇ ਵਿਚ ਪ੍ਰੋ ਲਿਆ। ਤਿਸ ਹੀ = {ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਲਫ਼ਜ਼ 'ਤਿਸੁ' ਦਾ ੁ ਉੱਡ ਗਿਆ ਹੈ}। ਬਨਿ ਆਵਤ = ਫਬਦਾ ਹੈ, ਜਾਣਦਾ ਹੈ।4। ਅਰਥ: ਹੇ ਭਾਈ! ਪ੍ਰਭੂ ਦਾ ਦਰਸਨ ਕਰਦਿਆਂ ਪ੍ਰਭੂ ਦੇ ਗੁਣ ਗਾਂਦਿਆਂ ਮਨ ਦੀਆਂ ਜਿਹੜੀਆਂ ਖ਼ੁਸ਼ੀਆਂ ਪੈਦਾ ਹੁੰਦੀਆਂ ਹਨ ਜਿਹੜੇ ਆਨੰਦ ਕੌਤਕ ਪੈਦਾ ਹੁੰਦੇ ਹਨ, ਉਹਨਾਂ ਸੁਖਾਂ ਦਾ ਬਿਆਨ ਕਿਸੇ ਪਾਸੋਂ ਭੀ ਨਹੀਂ ਕੀਤਾ ਜਾ ਸਕਦਾ।1। ਰਹਾਉ। ਹੇ ਭਾਈ! ਉਸ ਅਚਰਜ-ਰੂਪ ਅਤੇ ਕਿਰਪਾ ਦੇ ਸੋਮੇ ਸਰਬ-ਵਿਆਪਕ ਪ੍ਰਭੂ ਦਾ ਦਰਸ਼ਨ ਕਰ ਕੇ ਮੈਂ ਹੈਰਾਨ ਹੋ ਗਈ ਹਾਂ। ਜਦੋਂ ਮੈਂ ਉਸ ਦਾ ਆਤਮਕ ਜੀਵਨ ਦੇਣ ਵਾਲਾ ਅਮੋਲਕ ਨਾਮ-ਜਲ ਪੀਤਾ (ਤਾਂ ਮੇਰੀ ਹਾਲਤ ਇਉਂ ਹੋ ਗਈ) ਜਿਵੇਂ ਕੋਈ ਗੁੰਗਾ ਮਨੁੱਖ (ਗੁੜ ਆਦਿਕ) ਚੱਖ ਕੇ (ਸਿਰਫ਼) ਮੁਸਕ੍ਰਾਉਂਦਾ ਹੀ ਹੈ। (ਸੁਆਦ ਦੱਸ ਨਹੀਂ ਸਕਦਾ) ।1। ਹੇ ਭਾਈ! ਜਿਵੇਂ (ਕੋਈ ਜੋਗੀ) ਆਪਣੇ ਪ੍ਰਾਣ ਰੋਕ ਲੈਂਦਾ ਹੈ, ਉਹਨਾਂ ਦੇ ਆਉਣ ਜਾਣ ਦੀ (ਕਿਸੇ ਹੋਰ ਨੂੰ) ਸਮਝ ਨਹੀਂ ਪੈ ਸਕਦੀ (ਇਸੇ ਤਰ੍ਹਾਂ) ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦਾ ਪਰਕਾਸ਼ ਹੋ ਜਾਂਦਾ ਹੈ, ਉਸ ਮਨੁੱਖ ਦੀ ਆਤਮਕ ਦਸ਼ਾ ਬਿਆਨ ਨਹੀਂ ਕੀਤੀ ਜਾ ਸਕਦੀ।2। ਹੇ ਭਾਈ! (ਦੁਨੀਆ ਵਾਲੇ ਗੁਣ ਸਿੱਖਣ ਵਾਸਤੇ) ਹੋਰ ਜਿਤਨੇ ਭੀ ਜਤਨ ਦੱਸੇ ਜਾਂਦੇ ਹਨ, ਉਹ (ਹੋਰਨਾਂ ਪਾਸੋਂ) ਸਿੱਖਿਆਂ ਹੀ ਸਿੱਖੇ ਜਾ ਸਕਦੇ ਹਨ। ਪਰ ਚਿੰਤਾ ਦੂਰ ਕਰਨ ਵਾਲਾ ਸੋਹਣਾ ਪ੍ਰਭੂ ਮਨੁੱਖ ਦੇ ਹਿਰਦੇ-ਘਰ ਦੇ ਅੰਦਰ ਹੀ ਪਰਗਟ ਹੋ ਜਾਂਦਾ ਹੈ (ਜਿਸ ਦੇ ਹਿਰਦੇ ਵਿਚ ਪਰਗਟਦਾ ਹੈ, ਉਸ ਦੀ) ਪਰਖ ਕਰਨੀ ਕਠਨ ਜਿਹਾ ਕੰਮ ਹੈ।3। ਹੇ ਭਾਈ! ਪਰਮਾਤਮਾ ਮਾਇਆ ਦੇ ਤਿੰਨ ਗੁਣਾਂ ਦੀ ਪਹੁੰਚ ਤੋਂ ਪਰੇ ਹੈ, ਪਰਮਾਤਮਾ ਦਾ ਕੋਈ ਖ਼ਾਸ ਸਰੂਪ ਦੱਸਿਆ ਨਹੀਂ ਜਾ ਸਕਦਾ, ਪਰਮਾਤਮਾ ਨਾਸ-ਰਹਿਤ ਹੈ, ਉਹ ਅਤੋਲ ਹੈ, ਉਸ ਨੂੰ ਤੋਲਿਆ ਨਹੀਂ ਜਾ ਸਕਦਾ। ਹੇ ਨਾਨਕ! ਆਖ– ਜਿਸ ਮਨੁੱਖ ਨੇ ਉਸ ਸਦਾ ਜਵਾਨ ਰਹਿਣ ਵਾਲੇ (ਜਰਾ-ਰਹਿਤ) ਪਰਮਾਤਮਾ ਨੂੰ ਆਪਣੇ ਮਨ ਵਿਚ ਵਸਾ ਲਿਆ, ਉਸ ਦੀ ਆਤਮਕ ਦਸ਼ਾ ਉਹ ਆਪ ਹੀ ਜਾਣਦਾ ਹੈ (ਬਿਆਨ ਨਹੀਂ ਕੀਤੀ ਜਾ ਸਕਦੀ) ।4।9। ਸਾਰਗ ਮਹਲਾ ੫ ॥ ਬਿਖਈ ਦਿਨੁ ਰੈਨਿ ਇਵ ਹੀ ਗੁਦਾਰੈ ॥ ਗੋਬਿੰਦੁ ਨ ਭਜੈ ਅਹੰਬੁਧਿ ਮਾਤਾ ਜਨਮੁ ਜੂਐ ਜਿਉ ਹਾਰੈ ॥੧॥ ਰਹਾਉ ॥ ਨਾਮੁ ਅਮੋਲਾ ਪ੍ਰੀਤਿ ਨ ਤਿਸ ਸਿਉ ਪਰ ਨਿੰਦਾ ਹਿਤਕਾਰੈ ॥ ਛਾਪਰੁ ਬਾਂਧਿ ਸਵਾਰੈ ਤ੍ਰਿਣ ਕੋ ਦੁਆਰੈ ਪਾਵਕੁ ਜਾਰੈ ॥੧॥ ਕਾਲਰ ਪੋਟ ਉਠਾਵੈ ਮੂੰਡਹਿ ਅੰਮ੍ਰਿਤੁ ਮਨ ਤੇ ਡਾਰੈ ॥ ਓਢੈ ਬਸਤ੍ਰ ਕਾਜਰ ਮਹਿ ਪਰਿਆ ਬਹੁਰਿ ਬਹੁਰਿ ਫਿਰਿ ਝਾਰੈ ॥੨॥ ਕਾਟੈ ਪੇਡੁ ਡਾਲ ਪਰਿ ਠਾਢੌ ਖਾਇ ਖਾਇ ਮੁਸਕਾਰੈ ॥ ਗਿਰਿਓ ਜਾਇ ਰਸਾਤਲਿ ਪਰਿਓ ਛਿਟੀ ਛਿਟੀ ਸਿਰ ਭਾਰੈ ॥੩॥ ਨਿਰਵੈਰੈ ਸੰਗਿ ਵੈਰੁ ਰਚਾਏ ਪਹੁਚਿ ਨ ਸਕੈ ਗਵਾਰੈ ॥ ਕਹੁ ਨਾਨਕ ਸੰਤਨ ਕਾ ਰਾਖਾ ਪਾਰਬ੍ਰਹਮੁ ਨਿਰੰਕਾਰੈ ॥੪॥੧੦॥ {ਪੰਨਾ 1205} ਪਦ ਅਰਥ: ਬਿਖਈ = ਵਿਸ਼ਈ ਵਿਕਾਰੀ ਮਨੁੱਖ। ਰੈਨਿ = ਰਾਤ। ਇਵ ਹੀ = ਇਸੇ ਤਰ੍ਹਾਂ (ਵਿਕਾਰਾਂ ਵਿਚ) ਹੀ। ਗੁਦਾਰੈ = ਗੁਜ਼ਾਰਦਾ ਹੈ। ਨ ਭਜੈ = ਨਹੀਂ ਸਿਮਰਦਾ। ਅਹੰਬੁਧਿ = ਹਉਮੈ, ਅਹੰਕਾਰ। ਮਾਤਾ = ਮਸਤ। ਜੂਐ = ਜੂਏ ਵਿਚ। ਜਿਉ = (ਜੁਆਰੀਏ) ਵਾਂਗ।1। ਰਹਾਉ। ਅਮੋਲਾ = ਜਿਹੜਾ ਕਿਸੇ ਮੁੱਲ ਤੋਂ ਨਹੀਂ ਮਿਲ ਸਕਦਾ। ਸਿਉ = ਨਾਲ। ਹਿਤਕਾਰੈ = ਪਿਆਰ ਕਰਦਾ ਹੈ। ਛਾਪਰੁ ਤ੍ਰਿਣ ਕੋ = ਕੱਖਾਂ ਦਾ ਛੱਪਰ। ਬਾਧਿ = ਬੰਨ੍ਹ ਕੇ, ਬਣਾ ਕੇ। ਦੁਆਰੈ = (ਛੱਪਰ ਦੇ) ਬੂਹੇ ਉੱਤੇ। ਪਾਵਕੁ = ਅੱਗ। ਜਾਰੈ = ਬਾਲਦਾ ਹੈ।1। ਕਾਲਰ ਪੋਟ = ਕੱਲਰ ਦੀ ਪੋਟਲੀ। ਮੂੰਡਹਿ = ਸਿਰ ਉੱਤੇ। ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਨਾਮ-ਜਲ। ਤੇ = ਤੋਂ, ਵਿਚੋਂ। ਡਾਰੈ = ਸੁੱਟ ਦੇਂਦਾ ਹੈ। ਓਢੈ = ਪਹਿਨਦਾ ਹੈ। ਕਾਜਰ ਮਹਿ = ਕੱਜਲ ਵਿਚ, ਕਾਲਖ-ਭਰੇ ਕਮਰੇ ਵਿਚ। ਪਰਿਆ = ਬੈਠਾ ਹੋਇਆ। ਬਹੁਰਿ = ਮੁੜ। ਝਾਰੈ = ਝਾੜਦਾ ਹੈ।2। ਪੇਡੁ = ਰੁੱਖ। ਡਾਲ = ਟਹਿਣੀ। ਪਰਿ = ਉੱਤੇ। ਠਾਢੌ = ਖਲੋਤਾ ਹੋਇਆ। ਮੁਸਕਾਰੈ = ਮੁਸਕ੍ਰਾਂਦਾ ਹੈ। ਜਾਇ = ਜਾ ਕੇ। ਰਸਾਤਲਿ = ਪਤਾਲ ਵਿਚ, ਡੂੰਘੇ ਥਾਂ ਵਿਚ। ਛਿਟੀ ਛਿਟੀ = ਟੋਟੇ ਟੋਟੇ, ਹੱਡੀ ਹੱਡੀ। ਪਰਿਓ ਸਿਰ ਭਾਰੈ = ਸਿਰ-ਭਾਰ ਜਾ ਪਿਆ।3। ਸੰਗਿ = ਨਾਲ। ਗਵਾਰੈ = ਗਵਾਰ, ਮੂਰਖ। ਨਾਨਕ = ਹੇ ਨਾਨਕ!।4। ਅਰਥ: ਹੇ ਭਾਈ! ਵਿਸ਼ਈ ਮਨੁੱਖ ਇਸੇ ਤਰ੍ਹਾਂ (ਵਿਕਾਰਾਂ ਵਿਚ) ਹੀ ਦਿਨ ਰਾਤ (ਆਪਣੀ ਉਮਰ) ਗੁਜ਼ਾਰਦਾ ਹੈ। (ਵਿਸ਼ਈ ਮਨੁੱਖ) ਪਰਮਾਤਮਾ ਦਾ ਭਜਨ ਨਹੀਂ ਕਰਦਾ, ਅਹੰਕਾਰ ਵਿਚ ਮੱਤਾ ਹੋਇਆ (ਆਪਣਾ ਮਨੁੱਖਾ) ਜਨਮ (ਇਉਂ) ਹਾਰ ਜਾਂਦਾ ਹੈ ਜਿਵੇਂ (ਜੁਆਰੀਆ) ਜੂਏ ਵਿਚ (ਬਾਜ਼ੀ ਹਾਰਦਾ ਹੈ) ।1। ਰਹਾਉ। ਹੇ ਭਾਈ! ਪਰਮਾਤਮਾ ਦਾ ਨਾਮ ਬਹੁਤ ਹੀ ਕੀਮਤੀ ਹੈ (ਵਿਸ਼ਈ ਮਨੁੱਖ) ਉਸ ਨਾਲ ਪਿਆਰ ਨਹੀਂ ਪਾਂਦਾ, ਦੂਜਿਆਂ ਦੀ ਨਿੰਦਾ ਨਾਲ ਪਿਆਰ ਕਰਦਾ ਹੈ। (ਵਿਸ਼ਈ ਮਨੁੱਖ, ਮਾਨੋ) ਕੱਖਾਂ ਦਾ ਛੱਪਰ ਬਣਾ ਕੇ (ਉਸ ਨੂੰ) ਸਜਾਂਦਾ ਰਹਿੰਦਾ ਹੈ (ਪਰ ਉਸ ਦੇ) ਬੂਹੇ ਅੱਗੇ ਅੱਗ ਬਾਲ ਦੇਂਦਾ ਹੈ (ਜਿਸ ਕਰਕੇ ਹਰ ਵੇਲੇ ਉਸ ਦੇ ਸੜਨ ਦਾ ਖ਼ਤਰਾ ਰਹਿੰਦਾ ਹੈ) ।1। ਹੇ ਭਾਈ! (ਵਿਕਾਰਾਂ ਵਿਚ ਫਸਿਆ ਮਨੁੱਖ, ਮਾਨੋ) ਕੱਲਰ ਦੀ ਪੰਡ (ਆਪਣੇ) ਸਿਰ ਉੱਤੇ ਚੁੱਕੀ ਫਿਰਦਾ ਹੈ, ਅਤੇ ਆਤਮਕ ਜੀਵਨ ਦੇਣ ਵਾਲਾ ਨਾਮ-ਜਲ (ਆਪਣੇ) ਮਨ ਵਿਚੋਂ (ਬਾਹਰ) ਸੁੱਟ ਦੇਂਦਾ ਹੈ, ਕਾਲਖ (-ਭਰੇ ਕਮਰੇ) ਵਿਚ ਬੈਠਾ ਹੋਇਆ (ਚਿੱਟੇ) ਕੱਪੜੇ ਪਹਿਨਦਾ ਹੈ ਅਤੇ (ਕੱਪੜਿਆਂ ਉੱਤੇ ਪਈ ਕਾਲਖ ਨੂੰ) ਮੁੜ ਮੁੜ ਝਾੜਦਾ ਰਹਿੰਦਾ ਹੈ।2। ਹੇ ਭਾਈ! (ਵਿਕਾਰਾਂ ਵਿਚ ਫਸਿਆ ਹੋਇਆ ਮਨੁੱਖ, ਮਾਨੋ, ਰੁੱਖ ਦੇ ਹੀ) ਟਾਹਣ ਉੱਤੇ ਖਲੋਤਾ ਹੋਇਆ (ਉਸੇ) ਰੁੱਖ ਨੂੰ ਵੱਢ ਰਿਹਾ ਹੈ, (ਨਾਲ ਨਾਲ ਹੀ ਮਿਠਿਆਈ ਆਦਿਕ) ਖਾ ਖਾ ਕੇ ਮੁਸਕ੍ਰਾ ਰਿਹਾ ਹੈ। (ਪਰ ਰੁੱਖ ਵੱਢਿਆ ਜਾਣ ਤੇ ਉਹ ਮਨੁੱਖ) ਡੂੰਘੇ ਟੋਏ ਵਿਚ ਜਾ ਡਿੱਗਦਾ ਹੈ, ਸਿਰ-ਭਾਰ ਡਿੱਗ ਕੇ ਹੱਡੀ ਹੱਡੀ ਹੋ ਜਾਂਦਾ ਹੈ।3। ਹੇ ਭਾਈ! ਮੂਰਖ (ਵਿਕਾਰੀ) ਮਨੁੱਖ ਉਸ ਸੰਤ ਜਨ ਨਾਲ ਸਦਾ ਵੈਰ ਬਣਾਈ ਰੱਖਦਾ ਹੈ ਜੋ ਕਿਸੇ ਨਾਲ ਭੀ ਵੈਰ ਨਹੀਂ ਕਰਦਾ। (ਮੂਰਖ ਉਸ ਸੰਤ ਜਨ ਨਾਲ ਬਰਾਬਰੀ ਕਰਨ ਦਾ ਜਤਨ ਕਰਦਾ ਹੈ, ਪਰ) ਉਸ ਦੀ ਬਰਾਬਰੀ ਨਹੀਂ ਕਰ ਸਕਦਾ। ਹੇ ਨਾਨਕ! ਆਖ– (ਵਿਕਾਰੀ ਮੂਰਖ ਮਨੁੱਖ ਸੰਤ ਜਨਾਂ ਦਾ ਕੁਝ ਵਿਗਾੜ ਨਹੀਂ ਸਕਦਾ, ਕਿਉਂਕਿ) ਸੰਤ ਜਨਾਂ ਦਾ ਰਾਖਾ ਨਿਰੰਕਾਰ ਪਾਰਬ੍ਰਹਮ (ਸਦਾ ਆਪ) ਹੈ।4।10। ਸਾਰਗ ਮਹਲਾ ੫ ॥ ਅਵਰਿ ਸਭਿ ਭੂਲੇ ਭ੍ਰਮਤ ਨ ਜਾਨਿਆ ॥ ਏਕੁ ਸੁਧਾਖਰੁ ਜਾ ਕੈ ਹਿਰਦੈ ਵਸਿਆ ਤਿਨਿ ਬੇਦਹਿ ਤਤੁ ਪਛਾਨਿਆ ॥੧॥ ਰਹਾਉ ॥ ਪਰਵਿਰਤਿ ਮਾਰਗੁ ਜੇਤਾ ਕਿਛੁ ਹੋਈਐ ਤੇਤਾ ਲੋਗ ਪਚਾਰਾ ॥ ਜਉ ਲਉ ਰਿਦੈ ਨਹੀ ਪਰਗਾਸਾ ਤਉ ਲਉ ਅੰਧ ਅੰਧਾਰਾ ॥੧॥ ਜੈਸੇ ਧਰਤੀ ਸਾਧੈ ਬਹੁ ਬਿਧਿ ਬਿਨੁ ਬੀਜੈ ਨਹੀ ਜਾਂਮੈ ॥ ਰਾਮ ਨਾਮ ਬਿਨੁ ਮੁਕਤਿ ਨ ਹੋਈ ਹੈ ਤੁਟੈ ਨਾਹੀ ਅਭਿਮਾਨੈ ॥੨॥ ਨੀਰੁ ਬਿਲੋਵੈ ਅਤਿ ਸ੍ਰਮੁ ਪਾਵੈ ਨੈਨੂ ਕੈਸੇ ਰੀਸੈ ॥ ਬਿਨੁ ਗੁਰ ਭੇਟੇ ਮੁਕਤਿ ਨ ਕਾਹੂ ਮਿਲਤ ਨਹੀ ਜਗਦੀਸੈ ॥੩॥ ਖੋਜਤ ਖੋਜਤ ਇਹੈ ਬੀਚਾਰਿਓ ਸਰਬ ਸੁਖਾ ਹਰਿ ਨਾਮਾ ॥ ਕਹੁ ਨਾਨਕ ਤਿਸੁ ਭਇਓ ਪਰਾਪਤਿ ਜਾ ਕੈ ਲੇਖੁ ਮਥਾਮਾ ॥੪॥੧੧॥ {ਪੰਨਾ 1205} ਪਦ ਅਰਥ: ਅਵਰਿ = {ਲਫ਼ਜ਼ 'ਅਵਰ' ਤੋਂ ਬਹੁ-ਵਚਨ} ਹੋਰ। ਸਭਿ = ਸਾਰੇ। ਭੂਲੇ = ਸਹੀ ਜੀਵਨ-ਰਾਹ ਤੋਂ ਖੁੰਝੇ ਹੋਏ। ਭ੍ਰਮਤ = ਭਟਕਦਿਆਂ। ਨ ਜਾਨਿਆ = ਆਤਮਕ ਜੀਵਨ ਦੀ ਸੂਝ ਨਹੀਂ ਪੈਂਦੀ। ਸੁਧਾਖਰੁ = ਸੁੱਧ ਅੱਖਰ, ਪਵਿੱਤਰ ਹਰਿ-ਨਾਮ। ਜਾ ਕੈ ਹਿਰਦੈ = ਜਿਸ ਮਨੁੱਖ ਦੇ ਹਿਰਦੇ ਵਿਚ। ਤਿਨਿ = ਉਸ (ਮਨੁੱਖ) ਨੇ। ਬੇਦਹਿ ਤਤੁ = ਵੇਦ (ਆਦਿਕ ਧਰਮ-ਪੁਸਤਕਾਂ) ਦੀ ਅਸਲੀਅਤ।1। ਰਹਾਉ। ਪਰਵਿਰਤਿ ਮਾਰਗੁ = ਦੁਨੀਆ ਦੇ ਧੰਧਿਆਂ ਵਿਚ ਰੁੱਝੇ ਰਹਿਣ ਵਾਲਾ ਜੀਵਨ-ਰਾਹ। ਮਾਰਗੁ = ਰਸਤਾ। ਜੇਤਾ = ਜਿਤਨਾ ਹੀ। ਤੇਤਾ = ਉਹ ਸਾਰਾ ਹੀ। ਲੋਗ ਪਚਾਰਾ = ਜਗਤ ਨੂੰ ਪਰਚਾਉਣ ਵਾਲਾ, ਲੋਕਾਂ ਵਿਚ ਆਪਣੀ ਇੱਜ਼ਤ ਬਣਾਈ ਰੱਖਣ ਵਾਲਾ। ਜਉ ਲਉ = ਜਦੋਂ ਤਕ। ਪਰਗਾਸਾ = ਚਾਨਣ। ਅੰਧ ਅੰਧਾਰਾ = ਘੁੱਪ ਹਨੇਰਾ।1। ਜੈਸੇ = ਜਿਵੇਂ। ਸਾਧੈ = ਸਾਧਦਾ ਹੈ, ਤਿਆਰ ਕਰਦਾ ਹੈ। ਬਹੁ ਬਿਧਿ = ਕਈ ਤਰੀਕਿਆਂ ਨਾਲ। ਜਾਂਮੈ = ਜੰਮਦਾ, ਉੱਗਦਾ। ਮੁਕਤਿ = ਵਿਕਾਰਾਂ ਤੋਂ ਖ਼ਲਾਸੀ।2। ਨੀਰੁ = ਪਾਣੀ। ਬਿਲੋਵੈ = ਰਿੜਕਦਾ ਹੈ। ਸ੍ਰਮੁ = ਥਕੇਵਾਂ। ਨੈਨੂ = ਮੱਖਣ। ਕੈਸੇ ਰੀਜੈ = ਕਿਵੇਂ ਨਿਕਲ ਸਕਦਾ ਹੈ? ਬਿਨੁ ਭੇਟੇ = ਮਿਲਣ ਤੋਂ ਬਿਨਾ। ਕਾਹੂ = ਕਿਸੇ ਨੂੰ ਭੀ। ਜਗਦੀਸੈ = ਜਗਤ ਦੇ ਮਾਲਕ-ਹਰੀ ਨੂੰ।3। ਖੋਜਤ = ਖੋਜ ਕਰਦਿਆਂ। ਇਹੈ– ਇਹ ਹੀ। ਸਰਬ = ਸਾਰੇ। ਜਾ ਕੈ ਮਥਾਮਾ = ਜਿਸ ਦੇ ਮੱਥੇ ਉੱਤੇ।4। ਅਰਥ: ਹੇ ਭਾਈ! ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦਾ ਪਵਿੱਤਰ ਨਾਮ ਵੱਸਦਾ ਹੈ, ਉਸ ਨੇ (ਸਮਝੋ) ਵੇਦ (ਆਦਿਕ ਧਰਮ-ਪੁਸਤਕਾਂ) ਦਾ ਤੱਤ ਸਮਝ ਲਿਆ। ਹੋਰ ਸਾਰੇ ਜੀਵ ਕੁਰਾਹੇ ਪਏ ਰਹਿੰਦੇ ਹਨ, (ਮਾਇਆ ਦੀ ਖ਼ਾਤਰ) ਭਟਕਦਿਆਂ ਉਹਨਾਂ ਨੂੰ (ਸਹੀ ਜੀਵਨ-ਰਾਹ ਦੀ) ਸੂਝ ਨਹੀਂ ਪੈਂਦੀ।1। ਰਹਾਉ। ਹੇ ਭਾਈ! ਦੁਨੀਆ ਦੇ ਧੰਧਿਆਂ ਵਿਚ ਰੁੱਝੇ ਰਹਿਣ ਵਾਲਾ ਜਿਤਨਾ ਭੀ ਜੀਵਨ-ਰਸਤਾ ਹੈ, ਇਹ ਸਾਰਾ ਲੋਕਾਂ ਵਿਚ ਆਪਣੀ ਇੱਜ਼ਤ ਬਣਾਈ ਰੱਖਣ ਵਾਲਾ ਰਸਤਾ ਹੈ। ਜਦੋਂ ਤਕ (ਮਨੁੱਖ ਦੇ) ਹਿਰਦੇ ਵਿਚ (ਹਰਿ-ਨਾਮ ਦਾ) ਚਾਨਣ ਨਹੀਂ ਹੁੰਦਾ, ਤਦ ਤਕ (ਆਤਮਕ ਜੀਵਨ ਵੱਲੋਂ) ਘੁੱਪ ਹਨੇਰਾ ਟਿਕਿਆ ਰਹਿੰਦਾ ਹੈ।1। ਹੇ ਭਾਈ! ਜਿਵੇਂ (ਕੋਈ ਕਿਸਾਨ ਆਪਣੀ) ਜ਼ਮੀਨ ਨੂੰ ਕਈ ਤਰੀਕਿਆਂ ਨਾਲ ਤਿਆਰ ਕਰਦਾ ਹੈ, ਪਰ ਉਸ ਵਿਚ ਬੀ ਬੀਜਣ ਤੋਂ ਬਿਨਾ ਕੁਝ ਭੀ ਨਹੀਂ ਉੱਗਦਾ। (ਇਸੇ ਤਰ੍ਹਾਂ) ਪਰਮਾਤਮਾ ਦਾ ਨਾਮ (ਹਿਰਦੇ ਵਿਚ ਬੀਜਣ) ਤੋਂ ਬਿਨਾ ਮਨੁੱਖ ਨੂੰ ਵਿਕਾਰਾਂ ਤੋਂ ਖ਼ਲਾਸੀ ਹਾਸਲ ਨਹੀਂ ਹੁੰਦੀ, ਉਸ ਦੇ ਅੰਦਰੋਂ ਅਹੰਕਾਰ ਨਹੀਂ ਮੁੱਕਦਾ।2। ਹੇ ਭਾਈ! ਜਿਹੜਾ ਮਨੁੱਖ ਪਾਣੀ ਨੂੰ ਹੀ ਰਿੜਕਦਾ ਰਹਿੰਦਾ ਹੈ ਉਹ ਨਿਰਾ ਬਹੁਤ ਥਕੇਵਾਂ ਹੀ ਖੱਟਦਾ ਹੈ, (ਪਾਣੀ ਰਿੜਕਣ ਨਾਲ ਉਸ ਵਿਚੋਂ) ਮੱਖਣ ਨਹੀਂ ਨਿਕਲ ਸਕਦਾ। (ਤਿਵੇਂ ਹੀ) ਗੁਰੂ ਨੂੰ ਮਿਲਣ ਤੋਂ ਬਿਨਾ ਕਿਸੇ ਨੂੰ ਭੀ ਮੁਕਤੀ (ਵਿਕਾਰਾਂ ਤੋਂ ਖ਼ਲਾਸੀ) ਪ੍ਰਾਪਤ ਨਹੀਂ ਹੁੰਦੀ, ਮਨੁੱਖ ਪਰਮਾਤਮਾ ਨੂੰ ਨਹੀਂ ਮਿਲ ਸਕਦਾ।3। ਹੇ ਨਾਨਕ! ਆਖ– ਖੋਜ ਕਰਦਿਆਂ ਕਰਦਿਆਂ (ਅਸਾਂ) ਇਹੀ ਵਿਚਾਰ ਕੀਤੀ ਹੈ ਕਿ ਪਰਮਾਤਮਾ ਦਾ ਨਾਮ (ਹੀ) ਸਾਰੇ ਸੁਖ ਦੇਣ ਵਾਲਾ ਹੈ। ਪਰ ਇਹ ਹਰਿ-ਨਾਮ ਉਸ ਮਨੁੱਖ ਨੂੰ ਮਿਲਦਾ ਹੈ ਜਿਸ ਦੇ ਮੱਥੇ ਉਤੇ (ਹਰਿ-ਨਾਮ ਦੀ ਪ੍ਰਾਪਤੀ ਦਾ) ਲੇਖ (ਜਾਗਦਾ) ਹੈ।4।11। |
Sri Guru Granth Darpan, by Professor Sahib Singh |