ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 1206 ਸਾਰਗ ਮਹਲਾ ੫ ॥ ਅਨਦਿਨੁ ਰਾਮ ਕੇ ਗੁਣ ਕਹੀਐ ॥ ਸਗਲ ਪਦਾਰਥ ਸਰਬ ਸੂਖ ਸਿਧਿ ਮਨ ਬਾਂਛਤ ਫਲ ਲਹੀਐ ॥੧॥ ਰਹਾਉ ॥ ਆਵਹੁ ਸੰਤ ਪ੍ਰਾਨ ਸੁਖਦਾਤੇ ਸਿਮਰਹ ਪ੍ਰਭੁ ਅਬਿਨਾਸੀ ॥ ਅਨਾਥਹ ਨਾਥੁ ਦੀਨ ਦੁਖ ਭੰਜਨ ਪੂਰਿ ਰਹਿਓ ਘਟ ਵਾਸੀ ॥੧॥ ਗਾਵਤ ਸੁਨਤ ਸੁਨਾਵਤ ਸਰਧਾ ਹਰਿ ਰਸੁ ਪੀ ਵਡਭਾਗੇ ॥ ਕਲਿ ਕਲੇਸ ਮਿਟੇ ਸਭਿ ਤਨ ਤੇ ਰਾਮ ਨਾਮ ਲਿਵ ਜਾਗੇ ॥੨॥ ਕਾਮੁ ਕ੍ਰੋਧੁ ਝੂਠੁ ਤਜਿ ਨਿੰਦਾ ਹਰਿ ਸਿਮਰਨਿ ਬੰਧਨ ਤੂਟੇ ॥ ਮੋਹ ਮਗਨ ਅਹੰ ਅੰਧ ਮਮਤਾ ਗੁਰ ਕਿਰਪਾ ਤੇ ਛੂਟੇ ॥੩॥ ਤੂ ਸਮਰਥੁ ਪਾਰਬ੍ਰਹਮ ਸੁਆਮੀ ਕਰਿ ਕਿਰਪਾ ਜਨੁ ਤੇਰਾ ॥ ਪੂਰਿ ਰਹਿਓ ਸਰਬ ਮਹਿ ਠਾਕੁਰੁ ਨਾਨਕ ਸੋ ਪ੍ਰਭੁ ਨੇਰਾ ॥੪॥੧੨॥ {ਪੰਨਾ 1206} ਪਦ ਅਰਥ: ਅਨਦਿਨੁ = {Anuidnwz} ਹਰ ਰੋਜ਼। ਕਹੀਐ = ਆਓ, ਭਾਈ! ਆਖਿਆ ਕਰੀਏ। ਸਗਲ = ਸਾਰੇ। ਸਿਧਿ = ਸਿੱਧੀਆਂ। ਮਨ ਬਾਂਛਤ = ਮਨ-ਮੰਗੇ। ਲਹੀਐ = ਆਓ, ਭਾਈ! ਪ੍ਰਾਪਤ ਕਰੀਏ।1। ਰਹਾਉ। ਸੰਤ = ਹੇ ਸੰਤ ਜਨੋ! ਸਿਮਰਹ = ਆਓ, ਅਸੀਂ ਸਿਮਰੀਏ। ਅਨਾਥਹ ਨਾਥੁ = ਨਿਖਸਮਿਆਂ ਦਾ ਖਸਮ। ਦੀਨ = ਗਰੀਬ। ਪੂਰਿ ਰਹਿਓ = ਵਿਆਪਕ ਹੈ। ਘਟ ਵਾਸੀ = ਸਾਰੇ ਸਰੀਰਾਂ ਵਿਚ ਵੱਸਣ ਵਾਲਾ।1। ਗਾਵਤ = ਗਾਂਦਿਆਂ। ਸਰਧਾ = ਸਰਧਾ ਨਾਲ। ਪੀ = ਪੀ ਕੇ। ਵਡ ਭਾਗੈ = ਵੱਡੇ ਭਾਗਾਂ ਵਾਲੇ। ਕਲਿ = ਝਗੜੇ। ਕਲੇਸ = ਦੁੱਖ। ਸਭਿ = ਸਾਰੇ। ਤੇ = ਤੋਂ। ਲਿਵ = ਲਗਨ। ਜਾਗੇ = ਸੁਚੇਤ ਹੋ ਗਏ।2। ਤਜਿ = ਤਜ ਕੇ, ਤਿਆਗ ਕੇ। ਸਿਮਰਨਿ = ਸਿਮਰਨ ਦੀ ਰਾਹੀਂ। ਮੋਹ ਮਗਨ = ਮੋਹ (ਦੇ ਸਮੁੰਦਰ) ਵਿਚ ਡੁੱਬੇ ਰਹਿਣਾ। ਅਹੰ ਅੰਧ = ਹਉਮੈ ਵਿਚ ਅੰਨ੍ਹੇ ਹੋਏ ਰਹਿਣਾ। ਮਮਤਾ = ਅਪਣੱਤ। ਗੁਰ ਕਿਰਪਾ ਤੇ = ਗੁਰੂ ਦੀ ਕਿਰਪਾ ਨਾਲ।3। ਸਮਰਥੁ = ਸਾਰੀਆਂ ਤਾਕਤਾਂ ਦਾ ਮਾਲਕ। ਪਾਰਬ੍ਰਹਮ = ਹੇ ਪਾਰਬ੍ਰਹਮ! ਸੁਆਮੀ = ਹੇ ਸੁਆਮੀ! ਜਨੁ = ਸੇਵਕ। ਸਰਬ ਮਹਿ = ਸਾਰੇ ਜੀਵਾਂ ਵਿਚ। ਨਾਨਕ = ਹੇ ਨਾਨਕ! ਨੇਰਾ = (ਸਭ ਦੇ) ਨੇੜੇ।4। ਅਰਥ: ਹੇ ਭਾਈ! ਆਓ, ਅਸੀਂ ਹਰ ਵੇਲੇ ਪਰਮਾਤਮਾ ਦੇ ਗੁਣ ਗਾਂਦੇ ਰਹੀਏ। (ਗੁਣ ਗਾਣ ਦੀ ਬਰਕਤਿ ਨਾਲ) ਹੇ ਭਾਈ! ਆਓ, ਸਾਰੇ ਪਦਾਰਥ, ਸਾਰੇ ਸੁਖ, ਸਾਰੀਆਂ ਸਿੱਧੀਆਂ, ਸਾਰੇ ਮਨ-ਮੰਗੇ ਫਲ ਹਾਸਲ ਕਰੀਏ।1। ਰਹਾਉ। ਹੇ ਸੰਤ ਜਨੋ! ਆਓ, ਅਸੀਂ ਪ੍ਰਾਣ-ਦਾਤੇ ਸੁਖ-ਦਾਤੇ ਅਬਿਨਾਸੀ ਪ੍ਰਭੂ (ਦਾ ਨਾਮ) ਸਿਮਰੀਏ। ਉਹ ਪ੍ਰਭੂ ਨਿਖਸਮਿਆਂ ਦਾ ਖਸਮ ਹੈ, ਉਹ ਪ੍ਰਭੂ ਗ਼ਰੀਬਾਂ ਦੇ ਦੁੱਖ ਨਾਸ ਕਰਨ ਵਾਲਾ ਹੈ, ਉਹ ਪ੍ਰਭੂ ਸਭ ਥਾਈਂ ਵਿਆਪਕ ਹੈ, ਉਹ ਪ੍ਰਭੂ ਸਾਰੇ ਸਰੀਰਾਂ ਵਿਚ ਮੌਜੂਦ ਹੈ।1। ਹੇ ਸੰਤ ਜਨੋ! ਪਰਮਾਤਮਾ ਦੇ ਗੁਣ ਸਰਧਾ ਨਾਲ ਗਾਂਦਿਆਂ ਸੁਣਦਿਆਂ ਸੁਣਾਂਦਿਆਂ ਪਰਮਾਤਮਾ ਦਾ ਨਾਮ-ਰਸ ਪੀ ਕੇ ਵੱਡੇ ਭਾਗਾਂ ਵਾਲੇ ਬਣ ਜਾਈਦਾ ਹੈ। ਹੇ ਸੰਤ ਜਨੋ! ਜਿਹੜੇ ਮਨੁੱਖ ਪਰਮਾਤਮਾ ਦੇ ਨਾਮ ਵਿਚ ਸੁਰਤਿ ਜੋੜ ਕੇ (ਵਿਕਾਰਾਂ ਦੇ ਹੱਲਿਆਂ ਵੱਲੋਂ ਸਦਾ) ਸੁਚੇਤ ਰਹਿੰਦੇ ਹਨ, ਉਹਨਾਂ ਦੇ ਸਰੀਰ ਵਿਚੋਂ ਸਾਰੇ ਝਗੜੇ ਸਾਰੇ ਦੁੱਖ ਮਿਟ ਜਾਂਦੇ ਹਨ।2। ਹੇ ਸੰਤ ਜਨੋ! ਕਾਮ ਕ੍ਰੋਧ ਝੂਠ ਨਿੰਦਿਆ ਛੱਡ ਕੇ ਪਰਮਾਤਮਾ ਦਾ ਨਾਮ ਸਿਮਰਨ ਦੀ ਰਾਹੀਂ (ਮਨੁੱਖ ਦੇ ਅੰਦਰੋਂ ਮਾਇਆ ਦੇ ਮੋਹ ਦੀਆਂ ਸਾਰੀਆਂ) ਫਾਹੀਆਂ ਟੁੱਟ ਜਾਂਦੀਆਂ ਹਨ। ਮੋਹ ਵਿਚ ਡੁੱਬੇ ਰਹਿਣਾ, ਹਉਮੈ ਵਿਚ ਅੰਨ੍ਹੇ ਹੋਏ ਰਹਿਣਾ, ਮਾਇਆ ਦੇ ਕਬਜ਼ੇ ਦੀ ਲਾਲਸਾ = ਇਹ ਸਾਰੇ ਗੁਰੂ ਦੀ ਕਿਰਪਾ ਨਾਲ (ਮਨੁੱਖ ਦੇ ਅੰਦਰੋਂ) ਖ਼ਤਮ ਹੋ ਜਾਂਦੇ ਹਨ।3। ਹੇ ਪਾਰਬ੍ਰਹਮ! ਹੇ ਸੁਆਮੀ! ਤੂੰ ਸਭ ਤਾਕਤਾਂ ਦਾ ਮਾਲਕ ਹੈਂ (ਮੇਰੇ ਉਤੇ) ਮਿਹਰ ਕਰ (ਮੈਨੂੰ ਆਪਣਾ ਨਾਮ ਸਿਮਰਨ ਦਾ ਖੈਰ ਪਾ, ਮੈਂ) ਤੇਰਾ ਦਾਸ ਹਾਂ। ਹੇ ਨਾਨਕ! (ਆਖ– ਹੇ ਭਾਈ!) ਮਾਲਕ-ਪ੍ਰਭੂ ਸਭ ਜੀਵਾਂ ਵਿਚ ਵਿਆਪਕ ਹੈ, ਉਹ ਪ੍ਰਭੂ ਸਭ ਦੇ ਨੇੜੇ ਵੱਸਦਾ ਹੈ।4।12। ਸਾਰਗ ਮਹਲਾ ੫ ॥ ਬਲਿਹਾਰੀ ਗੁਰਦੇਵ ਚਰਨ ॥ ਜਾ ਕੈ ਸੰਗਿ ਪਾਰਬ੍ਰਹਮੁ ਧਿਆਈਐ ਉਪਦੇਸੁ ਹਮਾਰੀ ਗਤਿ ਕਰਨ ॥੧॥ ਰਹਾਉ ॥ ਦੂਖ ਰੋਗ ਭੈ ਸਗਲ ਬਿਨਾਸੇ ਜੋ ਆਵੈ ਹਰਿ ਸੰਤ ਸਰਨ ॥ ਆਪਿ ਜਪੈ ਅਵਰਹ ਨਾਮੁ ਜਪਾਵੈ ਵਡ ਸਮਰਥ ਤਾਰਨ ਤਰਨ ॥੧॥ ਜਾ ਕੋ ਮੰਤ੍ਰੁ ਉਤਾਰੈ ਸਹਸਾ ਊਣੇ ਕਉ ਸੁਭਰ ਭਰਨ ॥ ਹਰਿ ਦਾਸਨ ਕੀ ਆਗਿਆ ਮਾਨਤ ਤੇ ਨਾਹੀ ਫੁਨਿ ਗਰਭ ਪਰਨ ॥੨॥ ਭਗਤਨ ਕੀ ਟਹਲ ਕਮਾਵਤ ਗਾਵਤ ਦੁਖ ਕਾਟੇ ਤਾ ਕੇ ਜਨਮ ਮਰਨ ॥ ਜਾ ਕਉ ਭਇਓ ਕ੍ਰਿਪਾਲੁ ਬੀਠੁਲਾ ਤਿਨਿ ਹਰਿ ਹਰਿ ਅਜਰ ਜਰਨ ॥੩॥ ਹਰਿ ਰਸਹਿ ਅਘਾਨੇ ਸਹਜਿ ਸਮਾਨੇ ਮੁਖ ਤੇ ਨਾਹੀ ਜਾਤ ਬਰਨ ॥ ਗੁਰ ਪ੍ਰਸਾਦਿ ਨਾਨਕ ਸੰਤੋਖੇ ਨਾਮੁ ਪ੍ਰਭੂ ਜਪਿ ਜਪਿ ਉਧਰਨ ॥੪॥੧੩॥ {ਪੰਨਾ 1206} ਪਦ ਅਰਥ: ਬਲਿਹਾਰੀ = ਸਦਕੇ, ਕੁਰਬਾਨ। ਜਾ ਕੈ ਸੰਗਿ = ਜਿਸ (ਗੁਰੂ) ਦੀ ਸੰਗਤਿ ਵਿਚ। ਧਿਆਈਐ = ਸਿਮਰਿਆ ਜਾ ਸਕਦਾ ਹੈ। ਗਤਿ = ਉੱਚੀ ਆਤਮਕ ਅਵਸਥਾ।1। ਰਹਾਉ। ਭੈ ਸਗਲ = ਸਾਰੇ ਡਰ {ਲਫ਼ਜ਼ 'ਭਉ' ਤੋਂ ਬਹੁ-ਵਚਨ 'ਭੈ'}। ਅਵਰਹ = ਹੋਰਨਾਂ ਨੂੰ। ਤਰਨ = ਬੇੜੀ।1। ਜਾ ਕੋ ਮੰਤ੍ਰੁ = ਜਿਸ (ਗੁਰੂ) ਦਾ ਉਪਦੇਸ਼। ਸਹਸਾ = ਸਹਮ। ਊਣੇ ਕਉ = ਆਤਮਕ ਜੀਵਨ ਤੋਂ ਸੱਖਣੇ ਨੂੰ। ਸੁਭਰ ਭਰਨ = ਨਕਾ-ਨਕ ਭਰ ਦੇਂਦਾ ਹੈ। ਤੇ = ਉਹ ਮਨੁੱਖ {ਬਹੁ-ਵਚਨ}। ਫੁਨਿ = ਮੁੜ।2। ਤਾ ਕੇ = ਉਹਨਾਂ ਦੇ। ਜਾ ਕਉ = ਜਿਸ ਮਨੁੱਖ ਉੱਤੇ। ਬੀਠੁਲਾ = {ivÕTul} ਮਾਇਆ ਦੇ ਪ੍ਰਭਾਵ ਤੋਂ ਪਰੇ ਰਹਿਣ ਵਾਲਾ। ਤਿਨਿ = ਉਸ (ਮਨੁੱਖ) ਨੇ। ਹਰਿ ਅਜਰ = ਜਰਾ-ਰਹਿਤ ਹਰੀ ਨੂੰ। ਜਰਨ = (ਹਿਰਦੇ ਵਿਚ) ਪ੍ਰੋ ਲਿਆ।3। ਹਰਿ ਰਸਹਿ = ਹਰੀ ਦੇ ਨਾਮ-ਰਸ ਨਾਲ। ਅਘਾਨੇ = ਰੱਜ ਗਏ। ਸਹਜਿ = ਆਤਮਕ ਅਡੋਲਤ ਵਿਚ। ਮੁਖ ਤੇ = ਮੂੰਹੋਂ। ਜਾਤ ਬਰਨ = ਬਿਆਨ ਕੀਤੇ ਜਾ ਸਕਦੇ। ਪ੍ਰਸਾਦਿ = ਕਿਰਪਾ ਨਾਲ। ਸੰਤੋਖੇ = ਸੰਤੋਖ ਵਾਲੇ ਹੋ ਗਏ। ਜਪਿ = ਜਪ ਕੇ। ਉਧਰਨ = ਸੰਸਾਰ-ਸਮੁੰਦਰ ਤੋਂ ਪਾਰ ਲੰਘ ਗਏ।4। ਅਰਥ: ਹੇ ਭਾਈ! (ਮੈਂ ਆਪਣੇ) ਗੁਰੂ ਦੇ ਚਰਨਾਂ ਤੋਂ ਸਦਕੇ ਜਾਂਦਾ ਹਾਂ, ਜਿਸ ਦਾ ਉਪਦੇਸ਼ ਅਸਾਂ ਜੀਵਾਂ ਦੀ ਉੱਚੀ ਆਤਮਕ ਦਸ਼ਾ ਬਣਾ ਦੇਂਦਾ ਹੈ।1। ਰਹਾਉ। ਹੇ ਭਾਈ! ਜਿਹੜਾ ਮਨੁੱਖ ਹਰੀ ਦੇ ਸੰਤ ਗੁਰਦੇਵ ਦੀ ਸਰਨ ਪੈਂਦਾ ਹੈ, ਉਸ ਦੇ ਸਾਰੇ ਦੁੱਖ ਸਾਰੇ ਰੋਗ ਸਾਰੇ ਡਰ ਨਾਸ ਹੋ ਜਾਂਦੇ ਹਨ। ਉਹ ਮਨੁੱਖ ਵੱਡੀ ਸਮਰਥਾ ਵਾਲੇ ਹਰੀ ਦਾ ਸਭ ਨੂੰ ਸੰਸਾਰ-ਸਮੁੰਦਰ ਤੋਂ ਪਾਰ ਲੰਘਾਣ-ਜੋਗ ਹਰੀ ਦਾ ਨਾਮ ਆਪ ਜਪਦਾ ਹੈ ਅਤੇ ਹੋਰਨਾਂ ਪਾਸੋਂ ਜਪਾਂਦਾ ਹੈ।1। ਹੇ ਭਾਈ! (ਮੈਂ ਆਪਣੇ ਗੁਰੂ ਦੇ ਚਰਨਾਂ ਤੋਂ ਸਦਕੇ ਜਾਂਦਾ ਹਾਂ) ਜਿਸ ਦਾ ਉਪਦੇਸ਼ ਮਨੁੱਖ ਦਾ ਸਹਮ ਦੂਰ ਕਰ ਦੇਂਦਾ ਹੈ ਜਿਹੜਾ ਗੁਰੂ ਆਤਮਕ ਜੀਵਨ ਤੋਂ ਸੱਖਣੇ ਮਨੁੱਖਾਂ ਨੂੰ ਨਕਾ-ਨਕ ਭਰ ਦੇਂਦਾ ਹੈ। (ਹੇ ਭਾਈ!) ਜਿਹੜੇ ਮਨੁੱਖ ਹਰੀ ਦੇ ਦਾਸਾਂ ਦੀ ਰਜ਼ਾ ਵਿਚ ਤੁਰਦੇ ਹਨ, ਉਹ ਮੁੜ ਜਨਮ ਮਰਨ ਦੇ ਗੇੜ ਵਿਚ ਨਹੀਂ ਪੈਂਦੇ।2। ਹੇ ਭਾਈ! ਸੰਤ ਜਨਾਂ ਦੀ ਸੇਵਾ ਕਰਦਿਆਂ ਪਰਮਾਤਮਾ ਦੇ ਗੁਣ ਗਾਂਦਿਆਂ (ਗੁਰੂ) ਉਹਨਾਂ ਦੇ ਜਨਮ ਮਰਨ ਦੇ ਸਾਰੇ ਦੁੱਖ ਕੱਟ ਦੇਂਦਾ ਹੈ। (ਗੁਰੂ ਦੀ ਮਿਹਰ ਨਾਲ) ਜਿਸ ਮਨੁੱਖ ਉੱਤੇ ਮਾਇਆ ਤੋਂ ਨਿਰਲੇਪ ਪ੍ਰਭੂ ਦਇਆਵਾਨ ਹੁੰਦਾ ਹੈ, ਉਸ ਮਨੁੱਖ ਨੇ ਸਦਾ ਜਵਾਨ ਰਹਿਣ ਵਾਲੇ (ਜਰਾ-ਰਹਿਤ) ਪਰਮਾਤਮਾ ਨੂੰ ਆਪਣੇ ਹਿਰਦੇ ਵਿਚ ਵਸਾ ਲਿਆ ਹੈ।3। ਹੇ ਨਾਨਕ! ਜਿਹੜੇ ਮਨੁੱਖ ਗੁਰੂ ਦੀ ਕਿਰਪਾ ਨਾਲ ਪਰਮਾਤਮਾ ਦੇ ਨਾਮ-ਰਸ ਨਾਲ ਰੱਜ ਜਾਂਦੇ ਹਨ, ਆਤਮਕ ਅਡੋਲਤਾ ਵਿਚ ਲੀਨ ਹੋ ਜਾਂਦੇ ਹਨ (ਉਹਨਾਂ ਦੀ ਉੱਚੀ ਆਤਮਕ ਅਵਸਥਾ) ਮੂੰਹੋਂ ਬਿਆਨ ਨਹੀਂ ਕੀਤੀ ਜਾ ਸਕਦੀ। ਉਹ ਮਨੁੱਖ ਪ੍ਰਭੂ ਦਾ ਨਾਮ ਜਪ ਕੇ ਸੰਤੋਖੀ ਜੀਵਨ ਵਾਲੇ ਹੋ ਜਾਂਦੇ ਹਨ, ਉਹ ਮਨੁੱਖ ਪ੍ਰਭੂ ਦਾ ਨਾਮ ਜਪ ਕੇ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦੇ ਹਨ।4।13। ਸਾਰਗ ਮਹਲਾ ੫ ॥ ਗਾਇਓ ਰੀ ਮੈ ਗੁਣ ਨਿਧਿ ਮੰਗਲ ਗਾਇਓ ॥ ਭਲੇ ਸੰਜੋਗ ਭਲੇ ਦਿਨ ਅਉਸਰ ਜਉ ਗੋਪਾਲੁ ਰੀਝਾਇਓ ॥੧॥ ਰਹਾਉ ॥ ਸੰਤਹ ਚਰਨ ਮੋਰਲੋ ਮਾਥਾ ॥ ਹਮਰੇ ਮਸਤਕਿ ਸੰਤ ਧਰੇ ਹਾਥਾ ॥੧॥ ਸਾਧਹ ਮੰਤ੍ਰੁ ਮੋਰਲੋ ਮਨੂਆ ॥ ਤਾ ਤੇ ਗਤੁ ਹੋਏ ਤ੍ਰੈ ਗੁਨੀਆ ॥੨॥ ਭਗਤਹ ਦਰਸੁ ਦੇਖਿ ਨੈਨ ਰੰਗਾ ॥ ਲੋਭ ਮੋਹ ਤੂਟੇ ਭ੍ਰਮ ਸੰਗਾ ॥੩॥ ਕਹੁ ਨਾਨਕ ਸੁਖ ਸਹਜ ਅਨੰਦਾ ॥ ਖੋਲ੍ਹ੍ਹਿ ਭੀਤਿ ਮਿਲੇ ਪਰਮਾਨੰਦਾ ॥੪॥੧੪॥ {ਪੰਨਾ 1206} ਪਦ ਅਰਥ: ਰੀ = ਭੈਣ! {ਇਸਤ੍ਰੀ ਲਿੰਗ}। ਗੁਣਨਿਧਿ = ਗੁਣਾਂ ਦਾ ਖ਼ਜ਼ਾਨਾ ਪ੍ਰਭੂ। ਮੰਗਲ = ਸਿਫ਼ਤਿ-ਸਾਲਾਹ ਦੇ ਗੀਤ, ਖ਼ੁਸ਼ੀ ਦੇ ਗੀਤ। ਸੰਜੋਗ = ਮਿਲਾਪ ਦੇ ਸਬਬ। ਅਉਸਰ = ਸਮਾ। ਜਉ = ਜਦੋਂ। ਗੋਪਾਲੁ = ਸ੍ਰਿਸ਼ਟੀ ਦਾ ਪਾਲਣਹਾਰ ਪ੍ਰਭੂ। ਰੀਝਾਇਓ = ਪ੍ਰਸੰਨ ਕਰ ਲਿਆ।1। ਰਹਾਉ। ਮੋਰਲੋ = ਮੇਰਾ। ਮਸਤਕਿ = ਮੱਥੇ ਉਤੇ।1। ਮੰਤ੍ਰੁ = ਉਪਦੇਸ਼। ਤਾ ਤੇ = ਉਸ (ਉਪਦੇਸ਼) ਨਾਲ। ਗਤੁ ਹੋਏ = ਦੂਰ ਹੋ ਗਏ। ਤ੍ਰੈ ਗੁਨੀਆ = ਮਾਇਆ ਦੇ ਤਿੰਨ ਗੁਣ।2। ਦੇਖਿ = ਵੇਖ ਕੇ। ਨੈਨ = ਅੱਖਾਂ ਵਿਚ। ਰੰਗਾ = ਪ੍ਰੇਮ। ਸੰਗਾ = ਸਾਥ।3। ਸਹਜ = ਆਤਮਕ ਅਡੋਲਤਾ। ਖੋਲ੍ਹ੍ਹਿ = ਖੋਲ੍ਹ ਕੇ। ਭੀਤਿ = ਕੰਧ, ਵਿੱਥ। ਪਰਮਾਨੰਦਾ = ਸਭ ਤੋਂ ਉੱਚੇ ਆਨੰਦ ਦਾ ਮਾਲਕ ਪ੍ਰਭੂ।4। ਅਰਥ: ਹੇ ਭੈਣ! (ਜਿੰਦ ਵਾਸਤੇ ਉਹ) ਭਲੇ ਸਬਬ ਹੁੰਦੇ ਹਨ, ਭਾਗਾਂ ਵਾਲੇ ਦਿਨ ਹੁੰਦੇ ਹਨ, ਸੋਹਣੇ ਸਮੇ ਹੁੰਦੇ ਹਨ, ਜਦੋਂ (ਕੋਈ ਜਿੰਦ) ਸ੍ਰਿਸ਼ਟੀ ਦੇ ਪਾਲਣਹਾਰ ਪ੍ਰਭੂ ਨੂੰ ਖ਼ੁਸ਼ ਕਰ ਲਏ। ਹੇ ਭੈਣ! ਮੈਂ ਭੀ ਉਸ ਗੁਣਾਂ ਦੇ ਖ਼ਜ਼ਾਨੇ ਪ੍ਰਭੂ ਦੇ ਸਿਫ਼ਤਿ-ਸਾਲਾਹ ਦੇ ਗੀਤ ਗਾ ਰਹੀ ਹਾਂ।1। ਰਹਾਉ। ਹੇ ਭੈਣ! ਮੇਰਾ ਮੱਥਾ ਹੁਣ ਸੰਤਾਂ ਦੇ ਚਰਨਾਂ ਤੇ ਹੈ, ਮੇਰੇ ਮੱਥੇ ਉਤੇ ਸੰਤਾਂ ਨੇ ਆਪਣੇ ਹੱਥ ਰੱਖੇ ਹਨ– (ਮੇਰੇ ਵਾਸਤੇ ਇਹ ਬੜਾ ਹੀ ਸੁਭਾਗ ਸਮਾ ਹੈ) ।1। ਹੇ ਭੈਣ! ਗੁਰੂ ਦਾ ਉਪਦੇਸ਼ ਮੇਰੇ ਅੰਞਾਣ ਮਨ ਵਿਚ ਆ ਵੱਸਿਆ ਹੈ, ਉਸ ਦੀ ਬਰਕਤਿ ਨਾਲ (ਮੇਰੇ ਅੰਦਰੋਂ) ਮਾਇਆ ਦੇ ਤਿੰਨਾਂ ਹੀ ਗੁਣਾਂ ਦਾ ਪ੍ਰਭਾਵ ਦੂਰ ਹੋ ਗਿਆ ਹੈ।2। ਹੇ ਭੈਣ! ਸੰਤ ਜਨਾਂ ਦਾ ਦਰਸਨ ਕਰ ਕੇ ਮੇਰੀਆਂ ਅੱਖਾਂ ਵਿਚ (ਅਜਿਹਾ) ਪ੍ਰੇਮ ਪੈਦਾ ਹੋ ਗਿਆ ਹੈ ਕਿ ਲੋਭ ਮੋਹ ਭਟਕਣਾ ਦਾ ਸਾਥ (ਮੇਰੇ ਅੰਦਰੋਂ) ਮੁੱਕ ਗਿਆ ਹੈ।3। ਹੇ ਨਾਨਕ! ਆਖ– (ਹੇ ਭੈਣ! ਮੇਰੇ ਅੰਦਰੋਂ ਹਉਮੈ ਦੀ) ਕੰਧ ਤੋੜ ਕੇ ਸਭ ਤੋਂ ਉੱਚੇ ਆਨੰਦ ਦੇ ਮਾਲਕ-ਪ੍ਰਭੂ ਜੀ ਮੈਨੂੰ ਮਿਲ ਪਏ ਹਨ (ਹੁਣ ਮੇਰੇ ਅੰਦਰ) ਆਤਮਕ ਅਡੋਲਤਾ ਦੇ ਸੁਖ ਆਨੰਦ ਬਣੇ ਪਏ ਹਨ।4।14। ਸਾਰਗ ਮਹਲਾ ੫ ਘਰੁ ੨ ੴ ਸਤਿਗੁਰ ਪ੍ਰਸਾਦਿ ॥ ਕੈਸੇ ਕਹਉ ਮੋਹਿ ਜੀਅ ਬੇਦਨਾਈ ॥ ਦਰਸਨ ਪਿਆਸ ਪ੍ਰਿਅ ਪ੍ਰੀਤਿ ਮਨੋਹਰ ਮਨੁ ਨ ਰਹੈ ਬਹੁ ਬਿਧਿ ਉਮਕਾਈ ॥੧॥ ਰਹਾਉ ॥ ਚਿਤਵਨਿ ਚਿਤਵਉ ਪ੍ਰਿਅ ਪ੍ਰੀਤਿ ਬੈਰਾਗੀ ਕਦਿ ਪਾਵਉ ਹਰਿ ਦਰਸਾਈ ॥ ਜਤਨ ਕਰਉ ਇਹੁ ਮਨੁ ਨਹੀ ਧੀਰੈ ਕੋਊ ਹੈ ਰੇ ਸੰਤੁ ਮਿਲਾਈ ॥੧॥ ਜਪ ਤਪ ਸੰਜਮ ਪੁੰਨ ਸਭਿ ਹੋਮਉ ਤਿਸੁ ਅਰਪਉ ਸਭਿ ਸੁਖ ਜਾਂਈ ॥ ਏਕ ਨਿਮਖ ਪ੍ਰਿਅ ਦਰਸੁ ਦਿਖਾਵੈ ਤਿਸੁ ਸੰਤਨ ਕੈ ਬਲਿ ਜਾਂਈ ॥੨॥ ਕਰਉ ਨਿਹੋਰਾ ਬਹੁਤੁ ਬੇਨਤੀ ਸੇਵਉ ਦਿਨੁ ਰੈਨਾਈ ॥ ਮਾਨੁ ਅਭਿਮਾਨੁ ਹਉ ਸਗਲ ਤਿਆਗਉ ਜੋ ਪ੍ਰਿਅ ਬਾਤ ਸੁਨਾਈ ॥੩॥ ਦੇਖਿ ਚਰਿਤ੍ਰ ਭਈ ਹਉ ਬਿਸਮਨਿ ਗੁਰਿ ਸਤਿਗੁਰਿ ਪੁਰਖਿ ਮਿਲਾਈ ॥ ਪ੍ਰਭ ਰੰਗ ਦਇਆਲ ਮੋਹਿ ਗ੍ਰਿਹ ਮਹਿ ਪਾਇਆ ਜਨ ਨਾਨਕ ਤਪਤਿ ਬੁਝਾਈ ॥੪॥੧॥੧੫॥ {ਪੰਨਾ 1206-1207} ਪਦ ਅਰਥ: ਜੀਅ ਬੇਦਨਾਈ = ਦਿਲ ਦੀ ਪੀੜ। ਮੋਹਿ = ਮੈਂ। ਪਿਆਸ = ਤਾਂਘ। ਮਨੋਹਰ = ਮਨ ਨੂੰ ਮੋਹ ਲੈਣ ਵਾਲਾ। ਪ੍ਰਿਅ ਮਨੋਹਰ ਪ੍ਰੀਤਿ = ਮਨ ਨੂੰ ਮੋਹ ਲੈਣ ਵਾਲੇ ਪਿਆਰੇ (ਹਰੀ) ਦੀ ਪ੍ਰੀਤ। ਨ ਰਹੈ– ਟਿਕਦਾ ਨਹੀਂ, ਧੀਰਜ ਨਹੀਂ ਫੜਦਾ। ਬਹੁ ਬਿਧਿ = ਕਈ ਤਰੀਕਿਆਂ ਨਾਲ। ਉਮਕਾਈ = ਉਮੰਗ ਵਿਚ ਆਉਂਦਾ ਹੈ।1। ਰਹਾਉ। ਚਿਤਵਨਿ = ਸੋਚ। ਚਿਤਵਉ = ਚਿਤਵਉ, ਮੈਂ ਸੋਚਦੀ ਹਾਂ। ਬੈਰਾਗੀ = ਵੈਰਾਗਣ ਹੋਈ ਹੋਈ। ਕਦਿ = ਕਦੋਂ? ਪਾਵਉ = ਪਾਵਉਂ, ਮੈਂ ਪਾਵਾਂਗੀ। ਕਰਉ = ਕਰਉਂ, ਮੈਂ ਕਰਦੀ ਹਾਂ। ਨਹੀ ਧੀਰੈ = ਧੀਰਜ ਨਹੀਂ ਕਰਦਾ। ਰੇ = ਹੇ ਭਾਈ! {ਪੁਲਿੰਗ}।1। ਸੰਜਮ = ਇੰਦ੍ਰਿਆਂ ਨੂੰ ਵੱਸ ਕਰਨ ਦੇ ਸਾਧਨ। ਪੁੰਨ = ਮਿਥੇ ਹੋਏ ਧਾਰਮਿਕ ਕੰਮ। ਸਭਿ = ਸਾਰੇ। ਹੋਮਉ = ਹੋਮਉਂ, ਮੈਂ ਭੇਟ ਕਰ ਦਿਆਂਗੀ। ਅਰਪਉ = ਅਰਪਉਂ, ਮੈਂ ਦੇ ਦਿਆਂਗੀ। ਸੁਖ ਜਾਂਈ = ਸੁਖਾਂ ਦੇ ਥਾਂ। ਨਿਮਖ = {inmy = } ਅੱਖ ਝਮਕਣ ਜਿਤਨਾ ਸਮਾ। ਤਿਸੁ ਸੰਤਨ ਕੈ = ਉਸ (ਪ੍ਰਭੂ) ਦੇ ਸੰਤਾਂ ਤੋਂ। ਬਲਿ ਜਾਂਈ = ਮੈਂ ਸਦਕੇ ਜਾਂਦੀ ਹਾਂ।2। ਨਿਹੋਰਾ = ਤਰਲਾ, ਮਿੰਨਤ। ਸੇਵਉ = ਸੇਵਉਂ, ਮੈਂ ਸੇਵਾ ਕਰਾਂਗੀ। ਰੈਨਾਈ = ਰਾਤ। ਹਉ = ਹਉਂ, ਮੈਂ। ਤਿਆਗਉ = ਤਿਆਗਉਂ, ਮੈਂ ਛੱਡ ਦਿਆਂਗੀ। ਸੁਨਾਈ = ਸੁਨਾਏ, ਸੁਣਾਇਗਾ।3। ਦੇਖਿ = ਵੇਖ ਕੇ। ਚਰਿਤ੍ਰ = ਕੌਤਕ, ਤਮਾਸ਼ਾ। ਬਿਸਮਨਿ = ਹੈਰਾਨ। ਗੁਰਿ = ਗੁਰੂ ਨੇ। ਸਤਿਗੁਰਿ = ਸਤਿਗੁਰੂ ਨੇ। ਪੁਰਖਿ = ਪ੍ਰਭੂ ਵਿਚ। ਰੰਗ = ਪ੍ਰੇਮ-ਸਰੂਪ। ਮੋਹਿ = ਮੈਂ। ਗ੍ਰਿਹ ਮਹਿ = ਹਿਰਦੇ-ਘਰ ਵਿਚ। ਤਪਤਿ = ਸੜਨ, ਤਪਸ਼।4। ਅਰਥ: ਹੇ ਵੀਰ! ਮੈਂ ਆਪਣੇ ਦਿਲ ਦੀ ਪੀੜ ਕਿਵੇਂ ਬਿਆਨ ਕਰਾਂ? (ਬਿਆਨ ਕਰ ਨਹੀਂ ਸਕਦੀ) । ਮੇਰੇ ਅੰਦਰ ਮਨ ਨੂੰ ਮੋਹ ਲੈਣ ਵਾਲੇ ਪਿਆਰੇ ਪ੍ਰਭੂ ਦੀ ਪ੍ਰੀਤ ਹੈ ਉਸ ਦੇ ਦਰਸਨ ਦੀ ਤਾਂਘ ਹੈ (ਦਰਸਨ ਤੋਂ ਬਿਨਾ ਮੇਰਾ) ਮਨ ਧੀਰਜ ਨਹੀਂ ਕਰਦਾ, (ਮੇਰਾ ਅੰਦਰ) ਕਈ ਤਰੀਕਿਆਂ ਨਾਲ ਉਮੰਗ ਉਠ ਰਹੀ ਹੈ।1। ਰਹਾਉ। ਹੇ ਵੀਰ! ਮੈਂ ਪਿਆਰੇ ਦੀ ਪ੍ਰੀਤ ਨਾਲ ਵੈਰਾਗਣ ਹੋਈ ਪਈ ਹਾਂ, ਮੈਂ (ਹਰ ਵੇਲੇ ਇਹ) ਸੋਚ ਸੋਚਦੀ ਰਹਿੰਦੀ ਹਾਂ ਕਿ ਮੈਂ ਹਰੀ ਦਾ ਦਰਸਨ ਕਦੋਂ ਕਰਾਂਗੀ। (ਇਸ ਮਨ ਨੂੰ ਧੀਰਜ ਦੇਣ ਲਈ) ਮੈਂ ਜਤਨ ਕਰਦੀ ਰਹਿੰਦੀ ਹਾਂ, ਪਰ ਇਹ ਮਨ ਧੀਰਜ ਨਹੀਂ ਕਰਦਾ। ਹੇ ਵੀਰ! ਕੋਈ ਅਜਿਹਾ ਭੀ ਸੰਤ ਹੈ ਜਿਹੜਾ ਮੈਨੂੰ ਪ੍ਰਭੂ ਮਿਲਾ ਦੇਵੇ?।1। ਹੇ ਵੀਰ! ਜੇ ਕੋਈ ਅੱਖ ਝਮਕਣ ਜਿਤਨੇ ਸਮੇ ਲਈ ਹੀ ਮੈਨੂੰ ਪਿਆਰੇ ਦਾ ਦਰਸਨ ਕਰਾ ਦੇਵੇ, ਤਾਂ ਮੈਂ ਉਸ ਪਿਆਰੇ ਦੇ ਉਹਨਾਂ ਸੰਤਾਂ ਤੋਂ ਸਦਕੇ ਕੁਰਬਾਨ ਜਾਵਾਂ। ਹੇ ਵੀਰ! ਮੈਂ ਸਾਰੇ ਜਪ ਸਾਰੇ ਤਪ ਸਾਰੇ ਸੰਜਮ ਸਾਰੇ ਪੁੰਨ ਕੁਰਬਾਨ ਕਰ ਦਿਆਂ, ਸਾਰੇ ਸੁਖਾਂ ਦੇ ਵਸੀਲੇ (ਪਿਆਰੇ ਪ੍ਰਭੂ ਨਾਲ ਮਿਲਣ ਵਾਲੇ ਸੰਤ ਅੱਗੇ) ਭੇਟਾ ਰੱਖ ਦਿਆਂਗੀ।2। ਹੇ ਵੀਰ! ਜਿਹੜਾ ਕੋਈ ਸੰਤ ਮੈਨੂੰ ਪਿਆਰੇ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਗੱਲ ਸੁਣਾਏ, ਮੈਂ ਉਸ ਦੇ ਅੱਗੇ ਆਪਣਾ ਸਾਰਾ ਮਾਣ ਅਹੰਕਾਰ ਤਿਆਗ ਦਿਆਂਗੀ। ਮੈਂ ਉਸ ਦੇ ਅੱਗੇ ਬਹੁਤ ਤਰਲਾ ਕਰਾਂਗੀ, ਬੇਨਤੀ ਕਰਾਂਗੀ, ਮੈਂ ਦਿਨ ਰਾਤ ਉਸ ਦੀ ਸੇਵਾ ਕਰਾਂਗੀ।3। ਹੇ ਦਾਸ ਨਾਨਕ! (ਆਖ– ਹੇ ਵੀਰ!) ਮੈਂ ਇਹ ਕੌਤਕ ਵੇਖ ਕੇ ਹੈਰਾਨ ਹੋ ਗਈ ਕਿ ਗੁਰੂ ਨੇ ਸਤਿਗੁਰੂ ਨੇ ਮੈਨੂੰ ਅਕਾਲ ਪੁਰਖ (ਦੇ ਚਰਨਾਂ) ਵਿਚ ਜੋੜ ਦਿੱਤਾ। ਦਇਆ ਦਾ ਸੋਮਾ ਪਿਆਰ-ਸਰੂਪ ਪਰਮਾਤਮਾ ਮੈਂ ਆਪਣੇ ਹਿਰਦੇ-ਘਰ ਵਿਚ ਹੀ ਲੱਭ ਲਿਆ, (ਤੇ, ਮੇਰੇ ਅੰਦਰੋਂ ਮਾਇਆ ਵਾਲੀ ਸਾਰੀ) ਤਪਸ਼ ਮਿਟ ਗਈ।4।1।15। |
Sri Guru Granth Darpan, by Professor Sahib Singh |