ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 1207 ਸਾਰਗ ਮਹਲਾ ੫ ॥ ਰੇ ਮੂੜ੍ਹ੍ਹੇ ਤੂ ਕਿਉ ਸਿਮਰਤ ਅਬ ਨਾਹੀ ॥ ਨਰਕ ਘੋਰ ਮਹਿ ਉਰਧ ਤਪੁ ਕਰਤਾ ਨਿਮਖ ਨਿਮਖ ਗੁਣ ਗਾਂਹੀ ॥੧॥ ਰਹਾਉ ॥ ਅਨਿਕ ਜਨਮ ਭ੍ਰਮਤੌ ਹੀ ਆਇਓ ਮਾਨਸ ਜਨਮੁ ਦੁਲਭਾਹੀ ॥ ਗਰਭ ਜੋਨਿ ਛੋਡਿ ਜਉ ਨਿਕਸਿਓ ਤਉ ਲਾਗੋ ਅਨ ਠਾਂਹੀ ॥੧॥ ਕਰਹਿ ਬੁਰਾਈ ਠਗਾਈ ਦਿਨੁ ਰੈਨਿ ਨਿਹਫਲ ਕਰਮ ਕਮਾਹੀ ॥ ਕਣੁ ਨਾਹੀ ਤੁਹ ਗਾਹਣ ਲਾਗੇ ਧਾਇ ਧਾਇ ਦੁਖ ਪਾਂਹੀ ॥੨॥ ਮਿਥਿਆ ਸੰਗਿ ਕੂੜਿ ਲਪਟਾਇਓ ਉਰਝਿ ਪਰਿਓ ਕੁਸਮਾਂਹੀ ॥ ਧਰਮ ਰਾਇ ਜਬ ਪਕਰਸਿ ਬਵਰੇ ਤਉ ਕਾਲ ਮੁਖਾ ਉਠਿ ਜਾਹੀ ॥੩॥ ਸੋ ਮਿਲਿਆ ਜੋ ਪ੍ਰਭੂ ਮਿਲਾਇਆ ਜਿਸੁ ਮਸਤਕਿ ਲੇਖੁ ਲਿਖਾਂਹੀ ॥ ਕਹੁ ਨਾਨਕ ਤਿਨ੍ਹ੍ਹ ਜਨ ਬਲਿਹਾਰੀ ਜੋ ਅਲਿਪ ਰਹੇ ਮਨ ਮਾਂਹੀ ॥੪॥੨॥੧੬॥ {ਪੰਨਾ 1207} ਪਦ ਅਰਥ: ਰੇ ਮੂੜ੍ਹ੍ਹੇ = ਹੇ ਮੂਰਖ! ਅਬ = ਹੁਣ, ਇਸ ਮਨੁੱਖਾ ਜਨਮ ਵਿਚ। ਘੋਰ = ਭਿਆਨਕ। ਉਰਧ = ਉਲਟਾ, ਪੁੱਠਾ ਲਟਕ ਕੇ। ਨਿਮਖ = ਅੱਖ ਦੇ ਝਮਕਣ ਜਿਤਨਾ ਸਮਾ। ਨਿਮਖ ਨਿਮਖ = ਪਲ ਪਲ, ਹਰ ਵੇਲੇ। ਗਾਂਹੀ = ਗਾਂਹਿ, ਤੂੰ ਗਾਂਦਾ ਸੀ।1। ਰਹਾਉ। ਭ੍ਰਮਤੌ = ਭਟਕਦਾ। ਦੁਲਭਾਹੀ = ਦੁਰਲੱਭ। ਛੋਡਿ = ਛੱਡ ਕੇ। ਜਉ = ਜਦੋਂ। ਨਿਕਸਿਓ = ਨਿਕਲਿਆ, ਜਗਤ ਵਿਚ ਆਇਆ। ਤਉ = ਤਦੋਂ। ਅਨ = {ANX} ਹੋਰ ਹੋਰ। ਅਨ ਠਾਂਹੀ = ਹੋਰ ਹੋਰ ਥਾਈਂ।1। ਕਰਹਿ = ਤੂੰ ਕਰਦਾ ਹੈਂ, ਕਰਹਿਂ। ਰੈਨਿ = ਰਾਤ। ਕਮਾਹੀ = ਕਮਾਹਿ, ਤੂੰ ਕਮਾਂਦਾ ਹੈਂ। ਨਿਹਫਲ = ਜਿਨ੍ਹਾਂ ਤੋਂ ਕੋਈ ਫਲ ਨਹੀਂ ਮਿਲਣਾ। ਕਣੁ = ਦਾਣੇ। ਤੁਹ = ਦਾਣਿਆਂ ਦੇ ਖ਼ਾਲੀ ਉਪਰਲੇ ਸਿੱਕੜ। ਧਾਇ ਧਾਇ = ਦੌੜ ਦੌੜ ਕੇ। ਪਾਂਹੀ = ਪਾਂਹਿ, ਪਾਂਦੇ ਹਨ।2। ਮਿਥਿਆ = ਨਾਸਵੰਤ (ਮਾਇਆ) । ਸੰਗਿ = ਨਾਲ। ਕੂੜਿ = ਝੂਠ ਵਿਚ, ਨਾਸਵੰਤ ਜਗਤ ਵਿਚ। ਕੁਸਮਾਂਹੀ = ਫੁੱਲਾਂ ਵਿਚ, ਕੁਸੁੰਭੇ ਦੇ ਫੁੱਲਾਂ ਵਿਚ। ਜਬ = ਜਦੋਂ। ਪਕਰਸਿ = ਫੜੇਗਾ। ਬਵਰੇ = ਹੇ ਕਮਲੇ! ਕਾਲ ਮੁਖਾ = ਕਾਲੇ ਮੂੰਹ ਵਾਲਾ। ਉਠਿ = ਉੱਠ ਕੇ। ਜਾਹੀ = ਜਾਹਿ, ਤੂੰ ਜਾਹਿਂਗਾ।3। ਸੋ = ਉਹ ਮਨੁੱਖ (ਹੀ) । ਜੋ = ਜਿਸ ਮਨੁੱਖ ਨੂੰ। ਜਿਸੁ ਮਸਤਕਿ = ਜਿਸ (ਮਨੁੱਖ) ਦੇ ਮੱਥੇ ਉੱਤੇ। ਨਾਨਕ = ਹੇ ਨਾਨਕ! ਜੋ = ਜਿਹੜੇ ਮਨੁੱਖ। ਅਲਿਪ = ਅਲਿਪਤ, ਨਿਰਲੇਪ। ਮਾਂਹੀ = ਵਿਚ।4। ਅਰਥ: ਹੇ ਮੂਰਖ! ਹੁਣ (ਜਨਮ ਲੈ ਕੇ) ਤੂੰ ਕਿਉਂ ਪਰਮਾਤਮਾ ਦਾ ਨਾਮ ਨਹੀਂ ਸਿਮਰਦਾ? (ਜਦੋਂ) ਤੂੰ ਭਿਆਨਕ ਨਰਕ (ਵਰਗੇ ਮਾਂ ਦੇ ਪੇਟ) ਵਿਚ (ਸੀ ਤਦੋਂ ਤੂੰ) ਪੁੱਠਾ (ਲਟਕਿਆ ਹੋਇਆ) ਤਪ ਕਰਦਾ ਸੀ, (ਉਥੇ ਤੂੰ) ਹਰ ਵੇਲੇ ਪਰਮਾਤਮਾ ਦੇ ਗੁਣ ਗਾਂਦਾ ਸੀ।1। ਰਹਾਉ। ਹੇ ਮੂਰਖ! ਤੂੰ ਅਨੇਕਾਂ ਹੀ ਜਨਮਾਂ ਵਿਚ ਭਟਕਦਾ ਆਇਆ ਹੈਂ। ਹੁਣ ਤੈਨੂੰ ਦੁਰਲੱਭ ਮਨੁੱਖਾ ਜਨਮ ਮਿਲਿਆ ਹੈ। ਪਰ ਮਾਂ ਦਾ ਪੇਟ ਛੱਡ ਕੇ ਜਦੋਂ ਤੂੰ ਜਗਤ ਵਿਚ ਆ ਗਿਆ, ਤਦੋਂ ਤੂੰ (ਸਿਮਰਨ ਛੱਡ ਕੇ) ਹੋਰ ਹੋਰ ਥਾਈਂ ਰੁੱਝ ਗਿਆ।1। ਹੇ ਮੂਰਖ! ਤੂੰ ਦਿਨ ਰਾਤ ਬੁਰਾਈਆਂ ਕਰਦਾ ਹੈਂ, ਠੱਗੀਆਂ ਕਰਦਾ ਹੈਂ, ਤੂੰ ਸਦਾ ਉਹੀ ਕੰਮ ਕਰਦਾ ਰਹਿੰਦਾ ਹੈਂ ਜਿਨ੍ਹਾਂ ਤੋਂ ਕੁਝ ਭੀ ਹੱਥ ਨਹੀਂ ਆਉਣਾ। (ਵੇਖ, ਜਿਹੜੇ ਕਿਸਾਨ ਉਹਨਾਂ) ਤੁਹਾਂ ਨੂੰ ਹੀ ਗਾਂਹਦੇ ਰਹਿੰਦੇ ਹਨ ਜਿਨ੍ਹਾਂ ਵਿਚ ਦਾਣੇ ਨਹੀਂ ਹੁੰਦੇ, ਉਹ ਦੌੜ ਦੌੜ ਕੇ ਦੁੱਖ (ਹੀ) ਪਾਂਦੇ ਹਨ।2। ਹੇ ਕਮਲੇ! ਤੂੰ ਨਾਸਵੰਤ ਮਾਇਆ ਨਾਲ ਨਾਸਵੰਤ ਜਗਤ ਨਾਲ ਚੰਬੜਿਆ ਰਹਿੰਦਾ ਹੈਂ, ਤੂੰ ਕੁਸੁੰਭੇ ਦੇ ਫੁੱਲਾਂ ਨਾਲ ਹੀ ਪਿਆਰ ਪਾਈ ਬੈਠਾ ਹੈਂ। ਜਦੋਂ ਤੈਨੂੰ ਧਰਮ-ਰਾਜ ਆ ਫੜੇਗਾ (ਜਦੋਂ ਮੌਤ ਆ ਗਈ) ਤਦੋਂ (ਭੈੜੇ ਕੰਮਾਂ ਦੀ) ਕਾਲਖ ਹੀ ਮੂੰਹ ਤੇ ਲੈ ਕੇ (ਇਥੋਂ) ਚਲਾ ਜਾਹਿਂਗਾ।3। (ਪਰ, ਹੇ ਭਾਈ! ਜੀਵਾਂ ਦੇ ਭੀ ਕੀਹ ਵੱਸ?) ਉਹ ਮਨੁੱਖ (ਹੀ ਪਰਮਾਤਮਾ ਨੂੰ) ਮਿਲਦਾ ਹੈ ਜਿਸ ਮਨੁੱਖ ਨੂੰ ਪਰਮਾਤਮਾ ਆਪ ਮਿਲਾਂਦਾ ਹੈ, ਜਿਸ ਮਨੁੱਖ ਦੇ ਮੱਥੇ ਉਤੇ (ਪ੍ਰਭੂ-ਮਿਲਾਪ ਦੇ) ਲੇਖ ਲਿਖੇ ਹੁੰਦੇ ਹਨ। ਹੇ ਨਾਨਕ! ਆਖ– ਮੈਂ ਉਹਨਾਂ ਮਨੁੱਖਾਂ ਤੋਂ ਕੁਰਬਾਨ ਹਾਂ, ਜਿਹੜੇ (ਪ੍ਰਭੂ-ਮਿਲਾਪ ਦੀ ਬਰਕਤਿ ਨਾਲ) ਮਨ ਵਿਚ (ਮਾਇਆ ਤੋਂੰ) ਨਿਰਲੇਪ ਰਹਿੰਦੇ ਹਨ।4।2। 16। ਸਾਰਗ ਮਹਲਾ ੫ ॥ ਕਿਉ ਜੀਵਨੁ ਪ੍ਰੀਤਮ ਬਿਨੁ ਮਾਈ ॥ ਜਾ ਕੇ ਬਿਛੁਰਤ ਹੋਤ ਮਿਰਤਕਾ ਗ੍ਰਿਹ ਮਹਿ ਰਹਨੁ ਨ ਪਾਈ ॥੧॥ ਰਹਾਉ ॥ ਜੀਅ ਹੀਅ ਪ੍ਰਾਨ ਕੋ ਦਾਤਾ ਜਾ ਕੈ ਸੰਗਿ ਸੁਹਾਈ ॥ ਕਰਹੁ ਕ੍ਰਿਪਾ ਸੰਤਹੁ ਮੋਹਿ ਅਪੁਨੀ ਪ੍ਰਭ ਮੰਗਲ ਗੁਣ ਗਾਈ ॥੧॥ ਚਰਨ ਸੰਤਨ ਕੇ ਮਾਥੇ ਮੇਰੇ ਊਪਰਿ ਨੈਨਹੁ ਧੂਰਿ ਬਾਂਛਾਈ ॥ ਜਿਹ ਪ੍ਰਸਾਦਿ ਮਿਲੀਐ ਪ੍ਰਭ ਨਾਨਕ ਬਲਿ ਬਲਿ ਤਾ ਕੈ ਹਉ ਜਾਈ ॥੨॥੩॥੧੭॥ {ਪੰਨਾ 1207} ਪਦ ਅਰਥ: ਕਿਉਂ = ਕਿਵੇਂ? ਨਹੀਂ ਹੋ ਸਕਦਾ। ਜੀਵਨੁ = ਆਤਮਕ ਜੀਵਨ। ਪ੍ਰੀਤਮ ਬਿਨੁ = ਪਿਆਰੇ ਪ੍ਰਭੂ (ਦੀ ਯਾਦ) ਤੋਂ ਬਿਨਾ। ਮਾਈ = ਹੇ ਮਾਂ! ਬਿਛੁਰਤ = ਵਿੱਛੁੜਿਆਂ। ਮਿਰਤਕਾ = ਮੁਰਦਾ। ਗ੍ਰਿਹ = ਘਰ।1। ਰਹਾਉ। ਜੀਅ ਕੋ ਦਾਤਾ = ਜਿੰਦ ਦਾ ਦਾਤਾ। ਹੀਅ ਕੋ ਦਾਤਾ = ਹਿਰਦੇ ਦਾ ਦੇਣ ਵਾਲਾ। ਪ੍ਰਾਨ ਕੋ ਦਾਤਾ = ਪ੍ਰਾਣਾਂ ਦਾ ਦੇਣ ਵਾਲਾ। ਜਾ ਕੈ ਸੰਗਿ = ਜਿਸ ਦੇ ਨਾਲ, ਜਿਸ ਦੀ ਜੋਤਿ ਸਰੀਰ ਵਿਚ ਹੁੰਦਿਆਂ। ਸੁਹਾਈ = (ਸਰੀਰ) ਸੋਹਣਾ ਲੱਗਦਾ ਹੈ। ਸੰਤਹੁ = ਹੇ ਸੰਤ ਜਨੋ! ਮੰਗਲ = ਸਿਫ਼ਤਿ-ਸਾਲਾਹ ਦੇ ਗੀਤ। ਗਾਈ = ਗਾਈਂ, ਮੈਂ ਗਾਵਾਂ।1। ਨੈਨਹੁ = ਅੱਖਾਂ ਵਿਚ। ਧੂਰਿ = (ਸੰਤਾਂ ਦੇ ਚਰਨਾਂ ਦੀ) ਧੂੜ। ਬਾਂਛਾਈ = ਮੈਂ (ਲਾਣੀ) ਚਾਹੁੰਦਾ ਹਾਂ। ਜਿਹ ਪ੍ਰਸਾਦਿ = ਜਿਸ (ਗੁਰੂ) ਦੀ ਕਿਰਪਾ ਨਾਲ। ਬਲਿ ਬਲਿ ਤਾ ਕੈ = ਉਸ ਤੋਂ ਸਦਾ ਕੁਰਬਾਨ। ਹਉ = ਮੈਂ। ਜਾਈ = ਜਾਈਂ, ਮੈਂ ਜਾਂਦਾ ਹਾਂ।2। ਅਰਥ: ਹੇ (ਮੇਰੀ) ਮਾਂ! ਜਿਸ ਪਰਮਾਤਮਾ ਦੀ ਜੋਤਿ ਸਰੀਰ ਤੋਂ ਵਿੱਛੁੜਿਆਂ ਸਰੀਰ ਮੁਰਦਾ ਹੋ ਜਾਂਦਾ ਹੈ, (ਤੇ ਮੁਰਦਾ ਸਰੀਰ) ਘਰ ਵਿਚ ਟਿਕਿਆ ਨਹੀਂ ਰਹਿ ਸਕਦਾ, ਉਸ ਪ੍ਰੀਤਮ ਪ੍ਰਭੂ ਦੀ ਯਾਦ ਤੋਂ ਬਿਨਾ ਆਤਮਕ ਜੀਵਨ ਹਾਸਲ ਨਹੀਂ ਹੋ ਸਕਦਾ।1। ਰਹਾਉ। ਹੇ ਸੰਤ ਜਨੋ! ਮੇਰੇ ਉਤੇ ਆਪਣੀ ਮਿਹਰ ਕਰੋ, ਮੈਂ ਉਸ ਪਰਮਾਤਮਾ ਦੇ ਗੁਣ ਸਿਫ਼ਤਿ-ਸਾਲਾਹ ਦੇ ਗੀਤ ਗਾਂਦਾ ਰਹਾਂ, ਜਿਹੜਾ (ਸਭ ਜੀਵਾਂ ਨੂੰ) ਜਿੰਦ ਦੇਣ ਵਾਲਾ ਹੈ ਹਿਰਦਾ ਦੇਣ ਵਾਲਾ ਹੈ ਪ੍ਰਾਣ ਦੇਣ ਵਾਲਾ ਹੈ, ਤੇ, ਜਿਸ ਦੀ ਸੰਗਤਿ ਵਿਚ ਹੀ (ਇਹ ਸਰੀਰ) ਸੋਹਣਾ ਲੱਗਦਾ ਹੈ।1। ਹੇ ਮਾਂ! ਮੇਰੀ ਤਾਂਘ ਹੈ ਕਿ ਸੰਤ ਜਨਾਂ ਦੇ ਚਰਨ ਮੇਰੇ ਮੱਥੇ ਉੱਤੇ ਟਿਕੇ ਰਹਿਣ, ਸੰਤ ਜਨਾਂ ਦੇ ਚਰਨਾਂ ਦੀ ਧੂੜ ਮੇਰੀਆਂ ਅੱਖਾਂ ਨੂੰ ਲੱਗਦੀ ਰਹੇ। ਹੇ ਨਾਨਕ! (ਆਖ-) ਜਿਨ੍ਹਾਂ ਸੰਤ ਜਨਾਂ ਦੀ ਕਿਰਪਾ ਨਾਲ ਪਰਮਾਤਮਾ ਨੂੰ ਮਿਲਿਆ ਜਾ ਸਕਦਾ ਹੈ, ਮੈਂ ਉਹਨਾਂ ਤੋਂ ਸਦਕੇ ਜਾਂਦਾ ਹਾਂ।2।3। 17। ਸਾਰਗ ਮਹਲਾ ੫ ॥ ਉਆ ਅਉਸਰ ਕੈ ਹਉ ਬਲਿ ਜਾਈ ॥ ਆਠ ਪਹਰ ਅਪਨਾ ਪ੍ਰਭੁ ਸਿਮਰਨੁ ਵਡਭਾਗੀ ਹਰਿ ਪਾਂਈ ॥੧॥ ਰਹਾਉ ॥ ਭਲੋ ਕਬੀਰੁ ਦਾਸੁ ਦਾਸਨ ਕੋ ਊਤਮੁ ਸੈਨੁ ਜਨੁ ਨਾਈ ॥ ਊਚ ਤੇ ਊਚ ਨਾਮਦੇਉ ਸਮਦਰਸੀ ਰਵਿਦਾਸ ਠਾਕੁਰ ਬਣਿ ਆਈ ॥੧॥ ਜੀਉ ਪਿੰਡੁ ਤਨੁ ਧਨੁ ਸਾਧਨ ਕਾ ਇਹੁ ਮਨੁ ਸੰਤ ਰੇਨਾਈ ॥ ਸੰਤ ਪ੍ਰਤਾਪਿ ਭਰਮ ਸਭਿ ਨਾਸੇ ਨਾਨਕ ਮਿਲੇ ਗੁਸਾਈ ॥੨॥੪॥੧੮॥ {ਪੰਨਾ 1207} ਪਦ ਅਰਥ: ਅਉਸਰ = ਸਮਾ, ਮੌਕਾ। ਉਆ ਅਉਸਰ ਕੈ = ਉਸ ਸਮੇਂ ਤੋਂ। ਹਉ = ਮੈਂ। ਬਲਿ ਜਾਈ = ਬਲਿ ਜਾਈਂ, ਮੈਂ ਸਦਕੇ ਜਾਂਦਾ ਹਾਂ। ਵਡਭਾਗੀ = ਵੱਡੇ ਭਾਗਾਂ ਨਾਲ। ਪਾਂਈ = ਮੈਂ ਪਾ ਲਿਆ ਹੈ, ਮੈਂ ਲੱਭ ਲਿਆ ਹੈ।1। ਰਹਾਉ। ਭਲੋ = ਚੰਗਾ, ਸ੍ਰੇਸ਼ਟ। ਕੋ = ਦਾ। ਦਾਸੁ ਦਾਸਨ ਕੋ = ਦਾਸਨ ਕੋ ਦਾਸੁ, ਦਾਸਾਂ ਦਾ ਦਾਸ। ਜਨੁ = ਦਾਸ। ਤੇ = ਤੋਂ। ਸਮਦਰਸੀ = (ਸਭ ਨੂੰ) ਇਕੋ ਜਿਹਾ ਵੇਖਣ ਵਾਲਾ, ਸਭਨਾਂ ਵਿਚ ਇਕੋ ਜੋਤਿ ਵੇਖਣ ਵਾਲਾ। ਬਣਿ ਆਈ = ਪ੍ਰੀਤ ਬਣ ਗਈ।1। ਜੀਉ = ਜਿੰਦ। ਪਿੰਡੁ = ਸਰੀਰ। ਸਾਧਨ ਕਾ = ਸੰਤ ਜਨਾਂ ਦਾ। ਰੇਨਾਈ = ਚਰਨ-ਧੂੜ। ਸੰਤ ਪ੍ਰਤਾਪਿ = ਸੰਤਾਂ ਦੇ ਪ੍ਰਤਾਪ ਨਾਲ। ਸਭਿ = ਸਾਰੇ। ਗੁਸਾਈ = ਧਰਤੀ ਦਾ ਖਸਮ।2। ਅਰਥ: ਹੇ ਭਾਈ! ਮੈਂ ਉਸ ਮੌਕੇ ਤੋਂ ਸਦਕੇ ਜਾਂਦਾ ਹਾਂ (ਜਦੋਂ ਮੈਨੂੰ ਸੰਤ ਜਨਾਂ ਦੀ ਸੰਗਤਿ ਪ੍ਰਾਪਤ ਹੋਈ) । (ਹੁਣ ਮੈਨੂੰ) ਅੱਠੇ ਪਹਿਰ ਆਪਣੇ ਪ੍ਰਭੂ ਦਾ ਸਿਮਰਨ (ਮਿਲ ਗਿਆ ਹੈ) , ਤੇ, ਵੱਡੇ ਭਾਗਾਂ ਨਾਲ ਮੈਂ ਹਰੀ ਨੂੰ ਲੱਭ ਲਿਆ ਹੈ।1। ਰਹਾਉ। ਹੇ ਭਾਈ! ਕਬੀਰ (ਪਰਮਾਤਮਾ ਦੇ) ਦਾਸਾਂ ਦਾ ਦਾਸ ਬਣ ਕੇ ਭਲਾ ਬਣ ਗਿਆ, ਸੈਣ ਨਾਈ ਸੰਤ ਜਨਾਂ ਦਾ ਦਾਸ ਬਣ ਕੇ ਉੱਤਮ ਜੀਵਨ ਵਾਲਾ ਹੋ ਗਿਆ। (ਸੰਤ ਜਨਾਂ ਦੀ ਸੰਗਤਿ ਨਾਲ) ਨਾਮਦੇਵ ਉੱਚੇ ਤੋਂ ਉੱਚੇ ਜੀਵਨ ਵਾਲਾ ਬਣਿਆ, ਅਤੇ ਸਭ ਵਿਚ ਪਰਮਾਤਮਾ ਦੀ ਜੋਤ ਨੂੰ ਵੇਖਣ ਵਾਲਾ ਬਣ ਗਿਆ, (ਸੰਤ ਜਨਾਂ ਦੀ ਕਿਰਪਾ ਨਾਲ ਹੀ) ਰਵਿਦਾਸ ਦੀ ਪਰਮਾਤਮਾ ਨਾਲ ਪ੍ਰੀਤ ਬਣ ਗਈ।1। ਹੇ ਨਾਨਕ! (ਆਖ– ਹੇ ਭਾਈ!) ਮੇਰੀ ਇਹ ਜਿੰਦ, ਮੇਰਾ ਇਹ ਸਰੀਰ, ਇਹ ਤਨ, ਇਹ ਧਨ = ਸਭ ਕੁਝ ਸੰਤ ਜਨਾਂ ਦਾ ਹੋ ਚੁਕਿਆ ਹੈ, ਮੇਰਾ ਇਹ ਮਨ ਸੰਤ ਜਨਾਂ ਦੇ ਚਰਨਾਂ ਦੀ ਧੂੜ ਬਣਿਆ ਰਹਿੰਦਾ ਹੈ। ਸੰਤ ਜਨਾਂ ਦੇ ਪ੍ਰਤਾਪ ਨਾਲ ਸਾਰੇ ਭਰਮ ਨਾਸ ਹੋ ਜਾਂਦੇ ਹਨ ਅਤੇ ਜਗਤ ਦਾ ਖਸਮ ਪ੍ਰਭੂ ਮਿਲ ਪੈਂਦਾ ਹੈ।2।4। 18। |
Sri Guru Granth Darpan, by Professor Sahib Singh |