ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 1208 ਸਾਰਗ ਮਹਲਾ ੫ ॥ ਮਨੋਰਥ ਪੂਰੇ ਸਤਿਗੁਰ ਆਪਿ ॥ ਸਗਲ ਪਦਾਰਥ ਸਿਮਰਨਿ ਜਾ ਕੈ ਆਠ ਪਹਰ ਮੇਰੇ ਮਨ ਜਾਪਿ ॥੧॥ ਰਹਾਉ ॥ ਅੰਮ੍ਰਿਤ ਨਾਮੁ ਸੁਆਮੀ ਤੇਰਾ ਜੋ ਪੀਵੈ ਤਿਸ ਹੀ ਤ੍ਰਿਪਤਾਸ ॥ ਜਨਮ ਜਨਮ ਕੇ ਕਿਲਬਿਖ ਨਾਸਹਿ ਆਗੈ ਦਰਗਹ ਹੋਇ ਖਲਾਸ ॥੧॥ ਸਰਨਿ ਤੁਮਾਰੀ ਆਇਓ ਕਰਤੇ ਪਾਰਬ੍ਰਹਮ ਪੂਰਨ ਅਬਿਨਾਸ ॥ ਕਰਿ ਕਿਰਪਾ ਤੇਰੇ ਚਰਨ ਧਿਆਵਉ ਨਾਨਕ ਮਨਿ ਤਨਿ ਦਰਸ ਪਿਆਸ ॥੨॥੫॥੧੯॥ {ਪੰਨਾ 1208} ਪਦ ਅਰਥ: ਮਨੋਰਥ = ਗ਼ਰਜ਼ਾਂ, ਲੋੜਾਂ। ਪੂਰੇ = ਪੂਰੀਆਂ ਕਰਦਾ ਹੈ। ਸਗਲ = ਸਾਰੇ। ਸਿਮਰਨਿ ਜਾ ਕੈ = ਜਿਸ ਦੇ ਸਿਮਰਨ ਦੀ ਰਾਹੀਂ। ਮਨ = ਹੇ ਮਨ!।1। ਰਹਾਉ। ਅੰਮ੍ਰਿਤ ਨਾਮੁ = ਆਤਮਕ ਜੀਵਨ ਦੇਣ ਵਾਲਾ ਨਾਮ। ਪੀਵੈ = ਪੀਂਦਾ ਹੈ {ਇਕ-ਵਚਨ}। ਤਿਸ ਹੀ = {ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਲਫ਼ਜ਼ 'ਤਿਸੁ' ਦਾ ੁ ਉੱਡ ਗਿਆ ਹੈ}। ਤ੍ਰਿਪਤਾਸ = ਤ੍ਰਿਪਤੀ, ਸ਼ਾਂਤੀ। ਕਿਲਬਿਖ = ਪਾਪ। ਨਾਸਹਿ = {ਬਹੁ-ਵਚਨ} ਨਾਸ ਹੋ ਜਾਂਦੇ ਹਨ। ਆਗੈ = ਪਰਲੋਕ ਵਿਚ। ਖਲਾਸ = ਸੁਰਖ਼ਰੋਈ।1। ਕਰਤੇ = ਹੇ ਕਰਤਾਰ! ਪੂਰਨ = ਹੇ ਸਰਬ-ਵਿਆਪਕ! ਧਿਆਵਉ = ਧਿਆਵਉਂ, ਮੈਂ ਧਿਆਵਾਂ। ਨਾਨਕ ਮਨਿ ਤਨਿ = ਨਾਨਕ ਦੇ ਮਨ ਵਿਚ ਤਨ ਵਿਚ। ਪਿਆਸ = ਤਾਂਘ।2। ਅਰਥ: ਹੇ ਮੇਰੇ ਮਨ! ਜਿਸ ਪਰਮਾਤਮਾ ਦੇ ਸਿਮਰਨ ਦੀ ਬਰਕਤਿ ਨਾਲ ਸਾਰੇ ਪਦਾਰਥ ਮਿਲਦੇ ਹਨ (ਗੁਰੂ ਦੀ ਸਰਨ ਪੈ ਕੇ) ਅੱਠੇ ਪਹਰ ਉਸ ਦਾ ਨਾਮ ਜਪਿਆ ਕਰ (ਸਰਨ ਪਏ ਮਨੁੱਖ ਦੀਆਂ) ਸਾਰੀਆਂ ਲੋੜਾਂ ਗੁਰੂ ਆਪ ਪੂਰੀਆਂ ਕਰਦਾ ਹੈ।1। ਰਹਾਉ। ਹੇ ਮਾਲਕ-ਪ੍ਰਭੂ! ਤੇਰਾ ਨਾਮ ਆਤਮਕ ਜੀਵਨ ਦੇਣ ਵਾਲਾ ਹੈ, ਜਿਹੜਾ ਮਨੁੱਖ (ਇਹ ਨਾਮ ਜਲ) ਪੀਂਦਾ ਹੈ, ਉਸ ਨੂੰ ਸ਼ਾਂਤੀ ਮਿਲਦੀ ਹੈ, ਉਸ ਦੇ ਅਨੇਕਾਂ ਜਨਮਾਂ ਦੇ ਪਾਪ ਨਾਸ ਹੋ ਜਾਂਦੇ ਹਨ, ਅਗਾਂਹ (ਤੇਰੀ) ਹਜ਼ੂਰੀ ਵਿਚ ਉਸ ਨੂੰ ਸੁਰਖ਼ਰੋਈ ਹਾਸਲ ਹੁੰਦੀ ਹੈ।1। ਹੇ ਕਰਤਾਰ! ਹੇ ਪਾਰਬ੍ਰਹਮ! ਹੇ ਸਰਬ-ਵਿਆਪਕ! ਹੇ ਨਾਸ-ਰਹਿਤ! ਮੈਂ ਤੇਰੀ ਸਰਨ ਆਇਆ ਹਾਂ। ਮਿਹਰ ਕਰ, ਮੈਂ (ਸਦਾ) ਤੇਰੇ ਚਰਨਾਂ ਦਾ ਧਿਆਨ ਧਰਦਾ ਰਹਾਂ, ਮੈਂ ਨਾਨਕ ਦੇ ਮਨ ਵਿਚ ਹਿਰਦੇ ਵਿਚ (ਤੇਰੇ) ਦਰਸਨ ਦੀ ਤਾਂਘ ਹੈ।2।5। 19। ਸਾਰਗ ਮਹਲਾ ੫ ਘਰੁ ੩ ੴ ਸਤਿਗੁਰ ਪ੍ਰਸਾਦਿ ॥ ਮਨ ਕਹਾ ਲੁਭਾਈਐ ਆਨ ਕਉ ॥ ਈਤ ਊਤ ਪ੍ਰਭੁ ਸਦਾ ਸਹਾਈ ਜੀਅ ਸੰਗਿ ਤੇਰੇ ਕਾਮ ਕਉ ॥੧॥ ਰਹਾਉ ॥ ਅੰਮ੍ਰਿਤ ਨਾਮੁ ਪ੍ਰਿਅ ਪ੍ਰੀਤਿ ਮਨੋਹਰ ਇਹੈ ਅਘਾਵਨ ਪਾਂਨ ਕਉ ॥ ਅਕਾਲ ਮੂਰਤਿ ਹੈ ਸਾਧ ਸੰਤਨ ਕੀ ਠਾਹਰ ਨੀਕੀ ਧਿਆਨ ਕਉ ॥੧॥ ਬਾਣੀ ਮੰਤ੍ਰੁ ਮਹਾ ਪੁਰਖਨ ਕੀ ਮਨਹਿ ਉਤਾਰਨ ਮਾਂਨ ਕਉ ॥ ਖੋਜਿ ਲਹਿਓ ਨਾਨਕ ਸੁਖ ਥਾਨਾਂ ਹਰਿ ਨਾਮਾ ਬਿਸ੍ਰਾਮ ਕਉ ॥੨॥੧॥੨੦॥ {ਪੰਨਾ 1208} ਪਦ ਅਰਥ: ਮਨ = ਹੇ ਮਨ! ਕਹਾ ਲੁਭਾਈਐ = ਲੋਭ ਵਿਚ ਨਹੀਂ ਫਸਣਾ ਚਾਹੀਦਾ। ਆਨ ਕਉ = ਹੋਰ ਹੋਰ ਪਦਾਰਥਾਂ ਵਾਸਤੇ। ਈਤ = ਇਸ ਲੋਕ ਵਿਚ। ਊਤ = ਪਰਲੋਕ ਵਿਚ। ਸਹਾਈ = ਮਦਦ ਕਰਨ ਵਾਲਾ। ਜੀਅ ਸੰਗਿ = ਜਿੰਦ ਦੇ ਨਾਲ (ਰਹਿਣ ਵਾਲਾ) । ਕਾਮ ਕਉ = ਕੰਮ ਆਉਣ ਵਾਲਾ।1। ਰਹਾਉ। ਅੰਮ੍ਰਿਤ = ਆਤਮਕ ਜੀਵਨ ਦੇਣ ਵਾਲਾ। ਪ੍ਰਿਅ ਪ੍ਰੀਤਿ ਮਨੋਹਰ = ਮਨ ਨੂੰ ਮੋਹਣ ਵਾਲੇ ਪਿਆਰੇ ਦੀ ਪ੍ਰੀਤ। ਇਹੈ– ਇਹ ਹੀ। ਅਘਾਵਨ ਕਉ = ਤ੍ਰਿਪਤੀ ਦੇਣ ਵਾਸਤੇ। ਪਾਂਨ = ਪੀਣਾ। ਠਾਹਰ = ਥਾਂ। ਨੀਕੀ = ਸੋਹਣੀ। ਅਕਾਲ ਮੂਰਤਿ ਧਿਆਨ ਕਉ = ਅਕਾਲ-ਮੂਰਤਿ ਪ੍ਰਭੂ ਦਾ ਧਿਆਨ ਧਰਨ ਵਾਸਤੇ।1। ਮੰਤ੍ਰੁ = ਉਪਦੇਸ਼। ਮਨਹਿ ਮਾਨ ਉਤਾਰਨ ਕਉ = ਮਨ ਦਾ ਮਾਣ ਦੂਰ ਕਰਨ ਲਈ। ਖੋਜਿ = ਖੋਜ ਕੇ। ਲਹਿਓ = ਲੱਭਾ ਹੈ। ਬਿਸ੍ਰਾਮ = ਟਿਕਾਣਾ।2। ਅਰਥ: ਹੇ ਮਨ! ਹੋਰ ਹੋਰ ਪਦਾਰਥਾਂ ਦੀ ਖ਼ਾਤਰ ਲੋਭ ਵਿਚ ਨਹੀਂ ਫਸਣਾ ਚਾਹੀਦਾ। ਇਸ ਲੋਕ ਵਿਚ ਅਤੇ ਪਰਲੋਕ ਵਿਚ ਪਰਮਾਤਮਾ (ਹੀ) ਸਦਾ ਸਹਾਇਤਾ ਕਰਨ ਵਾਲਾ ਹੈ, ਤੇ, ਜਿੰਦ ਦੇ ਨਾਲ ਰਹਿਣ ਵਾਲਾ ਹੈ। ਹੇ ਮਨ! ਉਹ ਪ੍ਰਭੂ ਹੀ ਤੇਰੇ ਕੰਮ ਆਉਣ ਵਾਲਾ ਹੈ।1। ਰਹਾਉ। ਹੇ ਭਾਈ! ਮਨ ਨੂੰ ਮੋਹਣ ਵਾਲੇ ਪਿਆਰੇ ਪ੍ਰਭੂ ਦੀ ਪ੍ਰੀਤਿ, ਪ੍ਰਭੂ ਦਾ ਆਤਮਕ ਜੀਵਨ ਦੇਣ ਵਾਲਾ ਨਾਮ-ਜਲ = ਇਹ ਹੀ ਪੀਣਾ ਤ੍ਰਿਪਤੀ ਦੇਣ ਵਾਸਤੇ ਹੈ। ਹੇ ਭਾਈ! ਅਕਾਲ-ਮੂਰਤਿ ਪ੍ਰਭੂ ਦਾ ਧਿਆਨ ਧਰਨ ਵਾਸਤੇ ਸਾਧ ਸੰਗਤਿ ਹੀ ਸੋਹਣੀ ਥਾਂ ਹੈ।1। ਹੇ ਭਾਈ! ਮਹਾਂ ਪੁਰਖਾਂ ਦੀ ਬਾਣੀ, ਮਹਾਂ ਪੁਰਖਾਂ ਦਾ ਉਪਦੇਸ਼ ਹੀ ਮਨ ਦਾ ਮਾਣ ਦੂਰ ਕਰਨ ਲਈ ਸਮਰਥ ਹੈ। ਹੇ ਨਾਨਕ! (ਆਖ– ਹੇ ਭਾਈ!) ਆਤਮਕ ਸ਼ਾਂਤੀ ਵਾਸਤੇ ਪਰਮਾਤਮਾ ਦਾ ਨਾਮ ਹੀ ਸੁਖਾਂ ਦਾ ਥਾਂ ਹੈ (ਇਹ ਥਾਂ ਸਾਧ ਸੰਗਤਿ ਵਿਚ) ਖੋਜ ਕੀਤਿਆਂ ਲੱਭਦੀ ਹੈ।2।1। 20। ਸਾਰਗ ਮਹਲਾ ੫ ॥ ਮਨ ਸਦਾ ਮੰਗਲ ਗੋਬਿੰਦ ਗਾਇ ॥ ਰੋਗ ਸੋਗ ਤੇਰੇ ਮਿਟਹਿ ਸਗਲ ਅਘ ਨਿਮਖ ਹੀਐ ਹਰਿ ਨਾਮੁ ਧਿਆਇ ॥੧॥ ਰਹਾਉ ॥ ਛੋਡਿ ਸਿਆਨਪ ਬਹੁ ਚਤੁਰਾਈ ਸਾਧੂ ਸਰਣੀ ਜਾਇ ਪਾਇ ॥ ਜਉ ਹੋਇ ਕ੍ਰਿਪਾਲੁ ਦੀਨ ਦੁਖ ਭੰਜਨ ਜਮ ਤੇ ਹੋਵੈ ਧਰਮ ਰਾਇ ॥੧॥ ਏਕਸ ਬਿਨੁ ਨਾਹੀ ਕੋ ਦੂਜਾ ਆਨ ਨ ਬੀਓ ਲਵੈ ਲਾਇ ॥ ਮਾਤ ਪਿਤਾ ਭਾਈ ਨਾਨਕ ਕੋ ਸੁਖਦਾਤਾ ਹਰਿ ਪ੍ਰਾਨ ਸਾਇ ॥੨॥੨॥੨੧॥ {ਪੰਨਾ 1208} ਪਦ ਅਰਥ: ਮਨ = ਹੇ ਮਨ! ਮੰਗਲ = ਸਿਫ਼ਤਿ-ਸਾਲਾਹ ਦੇ ਗੀਤ। ਗਾਇ = ਗਾਇਆ ਕਰ। ਸੋਗ = ਗ਼ਮ। ਅਘ = ਪਾਪ। ਨਿਮਖ = ਅੱਖ ਝਮਕਣ ਜਿਤਨਾ ਸਮਾ। ਹੀਐ = ਹਿਰਦੇ ਵਿਚ।1। ਰਹਾਉ। ਸਾਧੂ = ਗੁਰੂ। ਜਾਇ ਪਾਇ = ਜਾ ਪਉ। ਜਉ = ਜਦੋਂ। ਦੀਨ = ਗਰੀਬ। ਭੰਜਨ = ਨਾਸ ਕਰਨ ਵਾਲਾ। ਤੇ = ਤੋਂ। ਧਰਮਰਾਇ = ਧਰਮਰਾਜ।1। ਏਕਸ ਬਿਨੁ = ਇਕ ਪਰਮਾਤਮਾ ਤੋਂ ਬਿਨਾ। ਆਨ = {ANX} ਹੋਰ। ਬੀਓ = ਦੂਜਾ। ਲਵੈ ਲਾਇ = ਬਰਾਬਰੀ ਕਰ ਸਕਦਾ। ਕੋ = ਦਾ। ਸੁਖ ਦਾਤਾ = ਸੁਖ ਦੇਣ ਵਾਲਾ। ਸਾਇ = ਉਹ (ਹਰੀ) ਹੀ।2। ਅਰਥ: ਹੇ (ਮੇਰੇ) ਮਨ! ਸਦਾ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਇਆ ਕਰ। ਹੇ ਭਾਈ! ਜੇ ਤੂੰ ਅੱਖ ਝਮਕਣ ਜਿਤਨੇ ਸਮੇ ਲਈ ਹਿਰਦੇ ਵਿਚ ਹਰੀ ਦਾ ਨਾਮ ਸਿਮਰੇਂ, ਤਾਂ ਤੇਰੇ ਸਾਰੇ ਰੋਗ ਸਾਰੇ ਚਿੰਤਾ-ਫ਼ਿਕਰ ਸਾਰੇ ਪਾਪ ਦੂਰ ਹੋ ਜਾਣ।1। ਰਹਾਉ। ਹੇ ਭਾਈ! ਆਪਣੀ ਬਹੁਤ ਸਿਆਪਣ ਚਤੁਰਾਈ ਛੱਡ ਕੇ (ਇਹ ਖ਼ਿਆਲ ਦੂਰ ਕਰ ਕੇ ਕਿ ਤੂੰ ਬੜਾ ਸਿਆਣਾ ਤੇ ਅਕਲ ਵਾਲਾ ਹੈਂ) ਗੁਰੂ ਦੀ ਸਰਨ ਜਾ ਪਉ। ਜਦੋਂ ਗਰੀਬਾਂ ਦੇ ਦੁੱਖ ਨਾਸ ਕਰਨ ਵਾਲਾ ਪ੍ਰਭੂ (ਕਿਸੇ ਉਤੇ) ਦਇਆਵਾਨ ਹੁੰਦਾ ਹੈ, ਤਾਂ (ਉਸ ਮਨੁੱਖ ਵਾਸਤੇ) ਜਮਰਾਜ ਤੋਂ ਧਰਮਰਾਜ ਬਣ ਜਾਂਦਾ ਹੈ (ਪਰਲੋਕ ਵਿਚ ਮਨੁੱਖ ਨੂੰ ਜਮਾਂ ਦਾ ਕੋਈ ਡਰ ਨਹੀਂ ਰਹਿ ਜਾਂਦਾ) ।1। ਹੇ ਭਾਈ! ਇਕ ਪਰਮਾਤਮਾ ਤੋਂ ਬਿਨਾ ਕੋਈ ਹੋਰ (ਅਸਾਂ ਜੀਵਾਂ ਦਾ ਰਾਖਾ) ਨਹੀਂ ਹੈ, ਕੋਈ ਹੋਰ ਦੂਜਾ ਉਸ ਪਰਮਾਤਮਾ ਦੀ ਬਰਾਬਰੀ ਨਹੀਂ ਕਰ ਸਕਦਾ। ਨਾਨਕ ਦਾ ਤਾਂ ਉਹ ਪਰਮਾਤਮਾ ਹੀ ਮਾਂ ਪਿਉ ਭਰਾ ਤੇ ਪ੍ਰਾਣਾਂ ਨੂੰ ਸੁਖ ਦੇਣ ਵਾਲਾ ਹੈ।2। 2। 21। ਸਾਰਗ ਮਹਲਾ ੫ ॥ ਹਰਿ ਜਨ ਸਗਲ ਉਧਾਰੇ ਸੰਗ ਕੇ ॥ ਭਏ ਪੁਨੀਤ ਪਵਿਤ੍ਰ ਮਨ ਜਨਮ ਜਨਮ ਕੇ ਦੁਖ ਹਰੇ ॥੧॥ ਰਹਾਉ ॥ ਮਾਰਗਿ ਚਲੇ ਤਿਨ੍ਹ੍ਹੀ ਸੁਖੁ ਪਾਇਆ ਜਿਨ੍ਹ੍ਹ ਸਿਉ ਗੋਸਟਿ ਸੇ ਤਰੇ ॥ ਬੂਡਤ ਘੋਰ ਅੰਧ ਕੂਪ ਮਹਿ ਤੇ ਸਾਧੂ ਸੰਗਿ ਪਾਰਿ ਪਰੇ ॥੧॥ ਜਿਨ੍ਹ੍ਹ ਕੇ ਭਾਗ ਬਡੇ ਹੈ ਭਾਈ ਤਿਨ੍ਹ੍ਹ ਸਾਧੂ ਸੰਗਿ ਮੁਖ ਜੁਰੇ ॥ ਤਿਨ੍ਹ੍ਹ ਕੀ ਧੂਰਿ ਬਾਂਛੈ ਨਿਤ ਨਾਨਕੁ ਪ੍ਰਭੁ ਮੇਰਾ ਕਿਰਪਾ ਕਰੇ ॥੨॥੩॥੨੨॥ {ਪੰਨਾ 1208} ਪਦ ਅਰਥ: ਹਰਿ ਜਨ = ਹਰੀ ਦੇ ਜਨ, ਪਰਮਾਤਮਾ ਦੇ ਸੰਤ ਜਨ। ਸਗਲ = ਸਾਰੇ। ਉਧਾਰੇ = ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਲੈਂਦੇ ਹਨ। ਸੰਗ ਕੇ = ਆਪਣੇ ਨਾਲ ਦੇ। ਪੁਨੀਤ = ਸੁੱਚੇ ਜੀਵਨ ਵਾਲੇ। ਹਰੇ = ਦੂਰ ਹੋ ਜਾਂਦੇ ਹਨ।1। ਰਹਾਉ। ਮਾਰਗਿ = ਰਸਤੇ ਉਤੇ। ਸਿਉ = ਨਾਲ। ਗੋਸਟਿ = ਬਹਿਣ-ਖਲੋਣ, ਵਿਚਾਰ-ਵਟਾਂਦਰਾ। ਸੇ = ਉਹ ਮਨੁੱਖ {ਬਹੁ-ਵਚਨ}। ਤਰੇ = ਪਾਰ ਲੰਘ ਗਏ। ਘੋਰ ਅੰਧ ਕੂਪ ਮਹਿ = ਘੁੱਪ ਹਨੇਰੇ ਖੂਹ ਵਿਚ। ਤੇ = ਉਹ {ਬਹੁ-ਵਚਨ}। ਸਾਧੂ ਸੰਗਿ = ਸਾਧ ਸੰਗਤਿ ਵਿਚ।1। ਭਾਈ = ਹੇ ਭਾਈ! ਤਿਨ੍ਹ੍ਹ ਮੁਖ = ਉਹਨਾਂ ਦੇ ਮੂੰਹ। ਜੁਰੇ = ਜੁੜਦੇ ਹਨ। ਧੂਰਿ = ਚਰਨ-ਧੂੜ। ਬਾਂਛੈ = ਮੰਗਦਾ ਹੈ।2। ਅਰਥ: ਹੇ ਭਾਈ! ਪਰਮਾਤਮਾ ਦੇ ਸੰਤ ਜਨ (ਆਪਣੇ) ਨਾਲ ਬੈਠਣ ਵਾਲੇ ਸਾਰਿਆਂ ਨੂੰ ਹੀ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਲੈਂਦੇ ਹਨ। (ਸੰਤ ਜਨਾਂ ਦੇ ਨਾਲ ਸੰਗਤਿ ਕਰਨ ਵਾਲੇ ਮਨੁੱਖ) ਪਵਿਤੱਰ ਮਨ ਵਾਲੇ ਉੱਚੇ ਜੀਵਨ ਵਾਲੇ ਬਣ ਜਾਂਦੇ ਹਨ, ਉਹਨਾਂ ਦੇ ਅਨੇਕਾਂ ਜਨਮਾਂ ਦੇ ਦੁੱਖ ਦੂਰ ਹੋ ਜਾਂਦੇ ਹਨ।1। ਰਹਾਉ। ਹੇ ਭਾਈ! ਜਿਹੜੇ ਮਨੁੱਖ (ਸਾਧ ਸੰਗਤਿ ਦੇ) ਰਸਤੇ ਉਤੇ ਤੁਰਦੇ ਹਨ, ਉਹ ਸੁਖ-ਆਨੰਦ ਮਾਣਦੇ ਹਨ, ਜਿਨ੍ਹਾਂ ਨਾਲ ਸੰਤ ਜਨਾਂ ਦਾ ਬਹਿਣ-ਖਲੋਣ ਹੋ ਜਾਂਦਾ ਹੈ ਉਹ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦੇ ਹਨ। ਜਿਹੜੇ ਮਨੁੱਖ (ਮਾਇਆ ਦੇ ਮੋਹ ਦੇ) ਘੁੱਪ ਹਨੇਰੇ ਖੂਹ ਵਿਚ ਡੁੱਬੇ ਰਹਿੰਦੇ ਹਨ, ਉਹ ਭੀ ਸਾਧ ਸੰਗਤਿ ਦੀ ਬਰਕਤਿ ਨਾਲ ਪਾਰ ਲੰਘ ਜਾਂਦੇ ਹਨ।1। ਹੇ ਭਾਈ! ਜਿਨ੍ਹਾਂ ਮਨੁੱਖਾਂ ਦੇ ਵੱਡੇ ਭਾਗ (ਜਾਗਦੇ) ਹਨ, ਉਹਨਾਂ ਦੇ ਮੂੰਹ ਸਾਧ ਸੰਗਤਿ ਵਿਚ ਜੁੜਦੇ ਹਨ (ਉਹ ਮਨੁੱਖ ਸਾਧ ਸੰਗਤਿ ਵਿਚ ਸਤਸੰਗੀਆਂ ਨਾਲ ਮਿਲਦੇ ਹਨ) । ਨਾਨਕ ਉਹਨਾਂ ਦੇ ਚਰਨਾਂ ਦੀ ਧੂੜ ਸਦਾ ਮੰਗਦਾ ਹੈ (ਪਰ ਇਹ ਤਦੋਂ ਹੀ ਮਿਲ ਸਕਦੀ ਹੈ, ਜੇ) ਮੇਰਾ ਪ੍ਰਭੂ ਮਿਹਰ ਕਰੇ।2।3। 22। ਸਾਰਗ ਮਹਲਾ ੫ ॥ ਹਰਿ ਜਨ ਰਾਮ ਰਾਮ ਰਾਮ ਧਿਆਂਏ ॥ ਏਕ ਪਲਕ ਸੁਖ ਸਾਧ ਸਮਾਗਮ ਕੋਟਿ ਬੈਕੁੰਠਹ ਪਾਂਏ ॥੧॥ ਰਹਾਉ ॥ ਦੁਲਭ ਦੇਹ ਜਪਿ ਹੋਤ ਪੁਨੀਤਾ ਜਮ ਕੀ ਤ੍ਰਾਸ ਨਿਵਾਰੈ ॥ ਮਹਾ ਪਤਿਤ ਕੇ ਪਾਤਿਕ ਉਤਰਹਿ ਹਰਿ ਨਾਮਾ ਉਰਿ ਧਾਰੈ ॥੧॥ ਜੋ ਜੋ ਸੁਨੈ ਰਾਮ ਜਸੁ ਨਿਰਮਲ ਤਾ ਕਾ ਜਨਮ ਮਰਣ ਦੁਖੁ ਨਾਸਾ ॥ ਕਹੁ ਨਾਨਕ ਪਾਈਐ ਵਡਭਾਗੀ ਮਨ ਤਨ ਹੋਇ ਬਿਗਾਸਾ ॥੨॥੪॥੨੩॥ {ਪੰਨਾ 1208} ਪਦ ਅਰਥ: ਹਰਿ ਜਨ = ਪਰਮਾਤਮਾ ਦੇ ਭਗਤ। ਧਿਆਂਏ = ਧਿਆਉਂਦੇ ਹਨ। ਸਮਾਗਮ = ਇਕੱਠ। ਕੋਟਿ = ਕ੍ਰੋੜਾਂ। ਪਾਂਏ = ਪਾ ਲੈਂਦੇ ਹਨ।1। ਰਹਾਉ। ਜਪਿ = ਜਪ ਕੇ। ਪੁਨੀਤਾ = ਪਵਿੱਤਰ। ਤ੍ਰਾਸ = ਡਰ। ਨਿਵਾਰੈ = ਦੂਰ ਕਰਦਾ ਹੈ। ਪਤਿਤ = ਵਿਕਾਰੀ, ਪਾਪਾਂ ਵਿਚ ਡਿੱਗਾ ਹੋਇਆ। ਪਾਤਿਕ = ਪਾਪ। ਉਤਰਹਿ = ਲਹਿ ਜਾਂਦੇ ਹਨ। ਉਰਿ = ਹਿਰਦੇ ਵਿਚ। ਧਾਰੈ = ਵਸਾਂਦਾ ਹੈ। ਦੇਹ = ਸਰੀਰ।1। ਜਸੁ = ਸਿਫ਼ਤਿ-ਸਾਲਾਹ। ਤਾ ਕਾ = ਉਸ (ਮਨੁੱਖ) ਦਾ। ਨਾਸਾ = ਨਾਸ ਹੋ ਜਾਂਦਾ ਹੈ। ਬਿਗਾਸਾ = ਖਿੜਾਉ।2। ਅਰਥ: ਹੇ ਭਾਈ! ਪਰਮਾਤਮਾ ਦੇ ਭਗਤ ਸਦਾ ਹੀ ਪਰਮਾਤਮਾ ਦਾ ਨਾਮ ਸਿਮਰਦੇ ਹਨ। ਸਾਧ ਸੰਗਤਿ ਦੇ ਇਕ ਪਲ ਭਰ ਦੇ ਸੁਖ (ਨੂੰ ਉਹ ਇਉਂ ਸਮਝਦੇ ਹਨ ਕਿ) ਕ੍ਰੋੜਾਂ ਬੈਕੁੰਠ ਹਾਸਲ ਕਰ ਲਏ ਹਨ।1। ਰਹਾਉ। ਹੇ ਭਾਈ! ਜਿਹੜਾ ਮਨੁੱਖ ਪਰਮਾਤਮਾ ਦਾ ਨਾਮ (ਆਪਣੇ) ਹਿਰਦੇ ਵਿਚ ਵਸਾਂਦਾ ਹੈ, ਨਾਮ ਜਪ ਕੇ ਉਸ ਦਾ ਦੁਰਲੱਭ ਮਨੁੱਖਾ ਸਰੀਰ ਪਵਿੱਤਰ ਹੋ ਜਾਂਦਾ ਹੈ, (ਨਾਮ ਉਸ ਦੇ ਅੰਦਰੋਂ) ਜਮਾਂ ਦਾ ਡਰ ਦੂਰ ਕਰ ਦੇਂਦਾ ਹੈ। ਹੇ ਭਾਈ! ਨਾਮ ਦੀ ਬਰਕਤਿ ਨਾਲ ਵੱਡੇ ਵੱਡੇ ਵਿਕਾਰੀਆਂ ਦੇ ਪਾਪ ਲਹਿ ਜਾਂਦੇ ਹਨ।1। ਹੇ ਭਾਈ! ਜਿਹੜਾ ਜਿਹੜਾ ਮਨੁੱਖ ਪਰਮਾਤਮਾ ਦੀ ਪਵਿੱਤਰ ਸਿਫ਼ਤਿ-ਸਾਲਾਹ ਸੁਣਦਾ ਹੈ, ਉਸ ਦਾ ਸਾਰੀ ਉਮਰ ਦਾ ਦੁੱਖ ਨਾਸ ਹੋ ਜਾਂਦਾ ਹੈ। ਹੇ ਨਾਨਕ! ਆਖ– (ਇਹ ਸਿਫ਼ਤਿ-ਸਾਲਾਹ) ਵੱਡੇ ਭਾਗਾਂ ਨਾਲ ਮਿਲਦੀ ਹੈ (ਜਿਨ੍ਹਾਂ ਨੂੰ ਮਿਲਦੀ ਹੈ ਉਹਨਾਂ ਦੇ) ਮਨਾਂ ਵਿਚ ਤਨਾਂ ਵਿਚ ਖਿੜਾਉ ਪੈਦਾ ਹੋ ਜਾਂਦਾ ਹੈ।2।4। 23। |
Sri Guru Granth Darpan, by Professor Sahib Singh |