ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 1209 ਸਾਰਗ ਮਹਲਾ ੫ ਦੁਪਦੇ ਘਰੁ ੪ ੴ ਸਤਿਗੁਰ ਪ੍ਰਸਾਦਿ ॥ ਮੋਹਨ ਘਰਿ ਆਵਹੁ ਕਰਉ ਜੋਦਰੀਆ ॥ ਮਾਨੁ ਕਰਉ ਅਭਿਮਾਨੈ ਬੋਲਉ ਭੂਲ ਚੂਕ ਤੇਰੀ ਪ੍ਰਿਅ ਚਿਰੀਆ ॥੧॥ ਰਹਾਉ ॥ ਨਿਕਟਿ ਸੁਨਉ ਅਰੁ ਪੇਖਉ ਨਾਹੀ ਭਰਮਿ ਭਰਮਿ ਦੁਖ ਭਰੀਆ ॥ ਹੋਇ ਕ੍ਰਿਪਾਲ ਗੁਰ ਲਾਹਿ ਪਾਰਦੋ ਮਿਲਉ ਲਾਲ ਮਨੁ ਹਰੀਆ ॥੧॥ ਏਕ ਨਿਮਖ ਜੇ ਬਿਸਰੈ ਸੁਆਮੀ ਜਾਨਉ ਕੋਟਿ ਦਿਨਸ ਲਖ ਬਰੀਆ ॥ ਸਾਧਸੰਗਤਿ ਕੀ ਭੀਰ ਜਉ ਪਾਈ ਤਉ ਨਾਨਕ ਹਰਿ ਸੰਗਿ ਮਿਰੀਆ ॥੨॥੧॥੨੪॥ {ਪੰਨਾ 1209} ਪਦ ਅਰਥ: ਮੋਹਨ– ਹੇ ਮਨ ਨੂੰ ਮੋਹਣ ਵਾਲੇ! ਘਰਿ = (ਮੇਰੇ ਹਿਰਦੇ-) ਘਰ ਵਿਚ। ਕਰਉ = ਕਰਉਂ, ਮੈਂ ਕਰਦੀ ਹਾਂ। ਜੋਦਰੀਆ = ਜੋਦੜੀ, ਮਿੰਨਤ। ਅਭਿਮਾਨੈ = ਅਹੰਕਾਰ ਨਾਲ। ਬੋਲਉ = ਬੋਲਉਂ, ਬੋਲਦੀ ਹਾਂ। ਭੂਲ ਚੂਕ = ਗ਼ਲਤੀਆਂ, ਉਕਾਈਆਂ। ਪ੍ਰਿਅ = ਹੇ ਪਿਆਰੇ! ਤੇਰੀ ਚਿਰੀਆ = ਤੇਰੀ ਚੇਰੀ, ਤੇਰੀ ਦਾਸੀ।1। ਰਹਾਉ। ਨਿਕਟਿ = ਨੇੜੇ। ਸੁਨਉ = ਸੁਨਉਂ, ਮੈਂ ਸੁਣਦੀ ਹਾਂ। ਅਰੁ = ਅਤੇ। ਪੇਖਉ = ਪੇਖਉਂ, ਮੈਂ ਵੇਖਦੀ ਹਾਂ। ਭਰਮਿ = ਭਟਕ ਕੇ। ਗੁਰ = ਹੇ ਗੁਰੂ! ਹੋਇ = ਹੋ ਕੇ। ਲਾਹਿ = ਦੂਰ ਕਰ। ਪਾਰਦੋ = ਪਰਦਾ, ਵਿੱਥ। ਮਿਲਉ = ਮਿਲਉਂ, ਮੈਂ ਮਿਲ ਸਕਾਂ। ਹਰੀਆ = ਹਰ-ਭਰਾ।1। ਨਿਮਖ = ਅੱਖ ਝਮਕਣ ਜਿਤਨਾ ਸਮਾ। ਜਾਨਉ = ਜਾਨਉਂ, ਮੈਂ ਜਾਣਦੀ ਹਾਂ। ਕੋਟਿ = ਕ੍ਰੋੜਾਂ। ਬਰੀਆ = ਵਰ੍ਹੇ। ਭੀਰ = ਭੀੜ, ਇਕੱਠ। ਜਉ = ਜਦੋਂ। ਤਉ = ਤਦੋਂ। ਨਾਨਕ = ਹੇ ਨਾਨਕ! ਸੰਗਿ = ਨਾਲ। ਮਿਰੀਆ = ਮਿਲ ਗਈ।2। ਅਰਥ: ਹੇ ਮੋਹਨ-ਪ੍ਰਭੂ! ਮੈਂ ਮਿੰਨਤ ਕਰਦੀ ਹਾਂ ਮੇਰੇ ਹਿਰਦੇ-ਘਰ ਵਿਚ ਆ ਵੱਸ। ਹੇ ਮੋਹਨ! ਮੈਂ (ਸਦਾ) ਮਾਣ ਕਰਦੀ ਰਹਿੰਦੀ ਹਾਂ, ਮੈਂ (ਸਦਾ) ਅਹੰਕਾਰ ਨਾਲ ਗੱਲਾਂ ਕਰਦੀ ਹਾਂ, ਮੈਂ ਬਥੇਰੀਆਂ ਭੁੱਲਾਂ-ਚੁੱਕਾਂ ਕਰਦੀ ਹਾਂ, (ਫਿਰ ਭੀ) ਹੇ ਪਿਆਰੇ! ਮੈਂ ਤੇਰੀ (ਹੀ) ਦਾਸੀ ਹਾਂ।1। ਰਹਾਉ। ਹੇ ਮੋਹਨ! ਮੈਂ ਸੁਣਦੀ ਹਾਂ (ਤੂੰ) ਨੇੜੇ (ਵੱਸਦਾ ਹੈਂ) , ਪਰ ਮੈਂ (ਤੈਨੂੰ) ਵੇਖ ਨਹੀਂ ਸਕਦੀ। ਸਦਾ ਭਟਕ ਭਟਕ ਕੇ ਮੈਂ ਦੁੱਖਾਂ ਵਿਚ ਫਸੀ ਰਹਿੰਦੀ ਹਾਂ। ਹੇ ਗੁਰੂ! ਜੇ ਤੂੰ ਦਇਆਵਾਨ ਹੋ ਕੇ (ਮੇਰੇ ਅੰਦਰੋਂ ਮਾਇਆ ਦੇ ਮੋਹ ਦਾ) ਪਰਦਾ ਦੂਰ ਕਰ ਦੇਵੇਂ, ਮੈਂ (ਸੋਹਣੇ) ਲਾਲ (ਪ੍ਰਭੂ) ਨੂੰ ਮਿਲ ਪਵਾਂ, ਤੇ, ਮੇਰਾ ਮਨ (ਆਤਮਕ ਜੀਵਨ ਨਾਲ) ਹਰ-ਭਰਾ ਹੋ ਜਾਏ।1। ਹੇ ਭਾਈ! ਜੇ ਅੱਖ ਝਮਕਣ ਜਿਤਨੇ ਸਮੇ ਲਈ ਭੀ ਮਾਲਕ-ਪ੍ਰਭੂ (ਮਨ ਤੋਂ) ਭੁੱਲ ਜਾਏ, ਤਾਂ ਮੈਂ ਇਉਂ ਸਮਝਦੀ ਹਾਂ ਕਿ ਕ੍ਰੋੜਾਂ ਦਿਨ ਲੱਖਾਂ ਵਰ੍ਹੇ ਲੰਘ ਗਏ ਹਨ। ਹੇ ਨਾਨਕ! (ਆਖ-) ਜਦੋਂ ਮੈਨੂੰ ਸਾਧ ਸੰਗਤਿ ਦਾ ਸਮਾਗਮ ਪ੍ਰਾਪਤ ਹੋਇਆ, ਤਦੋਂ ਪਰਮਾਤਮਾ ਨਾਲ ਮੇਲ ਹੋ ਗਿਆ।2।1। 24। ਸਾਰਗ ਮਹਲਾ ੫ ॥ ਅਬ ਕਿਆ ਸੋਚਉ ਸੋਚ ਬਿਸਾਰੀ ॥ ਕਰਣਾ ਸਾ ਸੋਈ ਕਰਿ ਰਹਿਆ ਦੇਹਿ ਨਾਉ ਬਲਿਹਾਰੀ ॥੧॥ ਰਹਾਉ ॥ ਚਹੁ ਦਿਸ ਫੂਲਿ ਰਹੀ ਬਿਖਿਆ ਬਿਖੁ ਗੁਰ ਮੰਤ੍ਰੁ ਮੂਖਿ ਗਰੁੜਾਰੀ ॥ ਹਾਥ ਦੇਇ ਰਾਖਿਓ ਕਰਿ ਅਪੁਨਾ ਜਿਉ ਜਲ ਕਮਲਾ ਅਲਿਪਾਰੀ ॥੧॥ ਹਉ ਨਾਹੀ ਕਿਛੁ ਮੈ ਕਿਆ ਹੋਸਾ ਸਭ ਤੁਮ ਹੀ ਕਲ ਧਾਰੀ ॥ ਨਾਨਕ ਭਾਗਿ ਪਰਿਓ ਹਰਿ ਪਾਛੈ ਰਾਖੁ ਸੰਤ ਸਦਕਾਰੀ ॥੨॥੨॥੨੫॥ {ਪੰਨਾ 1209} ਪਦ ਅਰਥ: ਸੋਚਉ = ਸੋਚਉਂ, ਮੈਂ ਸੋਚਾਂ। ਕਿਆ ਸੋਚਉ = ਮੈਂ ਕੀਹ ਸੋਚਾਂ ਕਰਾਂ? ਬਿਸਾਰੀ = ਛੱਡ ਦਿੱਤੀ ਹੈ। ਸਾ = ਸੀ। ਬਲਿਹਾਰੀ = ਮੈਂ ਸਦਕੇ ਹਾਂ।1। ਰਹਾਉ। ਚਹੁ ਦਿਸ = ਚੌਹੀਂ ਪਾਸੀਂ, ਸਾਰੇ ਜਗਤ ਵਿਚ। ਬਿਖਿਆ = ਮਾਇਆ। ਬਿਖੁ = ਜ਼ਹਰ। ਮੂਖਿ = ਮੂੰਹ ਵਿਚ। ਗਰੁੜਾਰੀ = (ਸੱਪ ਦਾ ਜ਼ਹਰ ਕੱਟਣ ਵਾਲਾ) ਗਰੁੜ-ਮੰਤ੍ਰ। ਦੇਇ = ਦੇ ਕੇ। ਰਾਖਿਓ = ਰੱਖਿਆ ਕੀਤੀ। ਕਰਿ = ਕਰ ਕੇ, ਬਣਾ ਕੇ। ਅਲਿਪਾਰੀ = ਅਲਿਪਤ, ਨਿਰਲੇਪ।1। ਹਉ = ਮੈਂ। ਹੋਸਾ = ਹੋਸਾਂ, ਹੋਵਾਂਗਾ, ਹੋ ਸਕਦਾ ਹਾਂ। ਕਲ = ਸੱਤਿਆ। ਧਾਰੀ = ਟਿਕਾਈ ਹੋਈ ਹੈ। ਭਾਗਿ = ਭੱਜ ਕੇ। ਪਾਛੈ = ਸਰਨ। ਰਾਖੁ = ਰੱਖਿਆ ਕਰ। ਹਰਿ = ਹੇ ਹਰੀ! ਸਦਕਾਰੀ = ਸਦਕਾ।2। ਅਰਥ: ਹੇ ਪ੍ਰਭੂ! ਮੈਨੂੰ ਆਪਣਾ ਨਾਮ ਬਖ਼ਸ਼, ਮੈਂ ਕੁਰਬਾਨ ਜਾਂਦਾ ਹਾਂ। (ਤੇਰੇ ਨਾਮ ਦੀ ਬਰਕਤਿ ਨਾਲ) ਹੁਣ ਮੈਂ ਹੋਰ ਹੋਰ ਕਿਹੜੀਆਂ ਸੋਚਾਂ ਸੋਚਾਂ? ਮੈਂ ਹਰੇਕ ਸੋਚ ਵਿਸਾਰ ਦਿੱਤੀ ਹੈ। (ਹੇ ਭਾਈ! ਉਸ ਦੇ ਨਾਮ ਦਾ ਸਦਕਾ ਹੁਣ ਮੈਨੂੰ ਯਕੀਨ ਬਣ ਗਿਆ ਹੈ ਕਿ) ਜੋ ਕੁਝ ਕਰਨਾ ਚਾਹੁੰਦਾ ਹੈ ਉਹੀ ਕੁਝ ਉਹ ਕਰ ਰਿਹਾ ਹੈ।1। ਰਹਾਉ। ਹੇ ਭਾਈ! ਸਾਰੇ ਜਗਤ ਵਿਚ ਮਾਇਆ (ਸਪਣੀ) ਦੀ ਜ਼ਹਰ ਵਧ-ਫੁੱਲ ਰਹੀ ਹੈ (ਇਸ ਤੋਂ ਉਹੀ ਬਚਦਾ ਹੈ ਜਿਸ ਦੇ) ਮੂੰਹ ਵਿਚ ਗੁਰੂ ਦਾ ਉਪਦੇਸ਼ ਗਰੁੜ-ਮੰਤ੍ਰ ਹੈ। ਹੇ ਭਾਈ! ਜਿਸ ਮਨੁੱਖ ਨੂੰ ਪ੍ਰਭੂ ਆਪਣੇ ਹੱਥ ਦੇ ਕੇ ਆਪਣਾ ਬਣਾ ਕੇ ਰੱਖਿਆ ਕਰਦਾ ਹੈ, ਉਹ ਜਗਤ ਵਿਚ ਇਉਂ ਨਿਰਲੇਪ ਰਹਿੰਦਾ ਹੈ ਜਿਵੇਂ ਪਾਣੀ ਵਿਚ ਕੌਲ ਫੁੱਲ।1। ਹੇ ਨਾਨਕ! (ਆਖ– ਹੇ ਪ੍ਰਭੂ!) ਨਾਹ ਹੁਣ ਹੀ ਮੇਰੀ ਕੋਈ ਪਾਂਇਆਂ ਹੈ, ਨਾਹ ਅਗਾਂਹ ਨੂੰ ਭੀ ਮੇਰੀ ਕੋਈ ਪਾਂਇਆਂ ਹੋ ਸਕਦੀ ਹੈ। ਹਰ ਥਾਂ ਤੂੰ ਹੀ ਆਪਣੀ ਸੱਤਿਆ ਟਿਕਾਈ ਹੋਈ ਹੈ। ਹੇ ਹਰੀ! (ਮਾਇਆ ਸਪਣੀ ਤੋਂ ਬਚਣ ਲਈ) ਮੈਂ ਭੱਜ ਕੇ ਤੇਰੇ ਸੰਤਾਂ ਦੀ ਸਰਨ ਪਿਆ ਹਾਂ, ਸੰਤ-ਸਰਨ ਦਾ ਸਦਕਾ ਮੇਰੀ ਰੱਖਿਆ ਕਰ।2। 2। 25। ਸਾਰਗ ਮਹਲਾ ੫ ॥ ਅਬ ਮੋਹਿ ਸਰਬ ਉਪਾਵ ਬਿਰਕਾਤੇ ॥ ਕਰਣ ਕਾਰਣ ਸਮਰਥ ਸੁਆਮੀ ਹਰਿ ਏਕਸੁ ਤੇ ਮੇਰੀ ਗਾਤੇ ॥੧॥ ਰਹਾਉ ॥ ਦੇਖੇ ਨਾਨਾ ਰੂਪ ਬਹੁ ਰੰਗਾ ਅਨ ਨਾਹੀ ਤੁਮ ਭਾਂਤੇ ॥ ਦੇਂਹਿ ਅਧਾਰੁ ਸਰਬ ਕਉ ਠਾਕੁਰ ਜੀਅ ਪ੍ਰਾਨ ਸੁਖਦਾਤੇ ॥੧॥ ਭ੍ਰਮਤੌ ਭ੍ਰਮਤੌ ਹਾਰਿ ਜਉ ਪਰਿਓ ਤਉ ਗੁਰ ਮਿਲਿ ਚਰਨ ਪਰਾਤੇ ॥ ਕਹੁ ਨਾਨਕ ਮੈ ਸਰਬ ਸੁਖੁ ਪਾਇਆ ਇਹ ਸੂਖਿ ਬਿਹਾਨੀ ਰਾਤੇ ॥੨॥੩॥੨੬॥ {ਪੰਨਾ 1209} ਪਦ ਅਰਥ: ਅਬ = ਹੁਣ (ਗੁਰ ਮਿਲਿ) । ਮੋਹਿ = ਮੈਂ। ਉਪਾਵ = {ਲਫ਼ਜ਼ 'ਉਪਾਉ' ਤੋਂ ਬਹੁ-ਵਚਨ}। ਬਿਰਕਾਤੇ = ਛੱਡ ਦਿੱਤੇ ਹਨ। ਕਰਣ = ਜਗਤ। ਕਰਣ ਕਾਰਣ = ਹੇ ਜਗਤ ਦੇ ਮੂਲ! ਸਮਰਥ = ਹੇ ਸਾਰੀਆਂ ਤਾਕਤਾਂ ਦੇ ਮਾਲਕ! ਸੁਆਮੀ = ਹੇ ਮਾਲਕ! ਏਕਸੁ ਤੇ = ਇਕ ਤੈਥੋਂ ਹੀ। ਗਾਤੇ = ਗਤਿ, ਉੱਚੀ ਆਤਮਕ ਅਵਸਥਾ।1। ਰਹਾਉ। ਨਾਨਾ = ਕਈ ਕਿਸਮਾਂ ਦੇ। ਬਹੁ = ਅਨੇਕਾਂ। ਅਨ = {ANX} ਕੋਈ ਹੋਰ। ਭਾਂਤੇ = ਵਰਗਾ। ਦੇਂਹਿ = ਤੂੰ ਦੇਂਦਾ ਹੈਂ {ਇਹ (ਂ) ਵੰਨਗੀ-ਮਾਤ੍ਰ ਹੈ ਰਾਹਬਰੀ ਵਾਸਤੇ। ਜਦੋਂ ਭੀ ਕਿਤੇ ਵਰਤਮਾਨ ਕਾਲ ਮੱਧਮ ਪੁਰਖ ਇਕ-ਵਚਨ ਦੀ ਕ੍ਰਿਆ ਹੋਵੇ, ਤਦੋਂ ਉਸ ਦੇ 'ਹ' ਦੇ ਨਾਲ ਬਿੰਦੀ (ਂ) ਦਾ ਉਚਾਰਨ ਕਰਨਾ ਹੈ}। ਅਧਾਰੁ = ਆਸਰਾ। ਠਾਕੁਰ = ਹੇ ਠਾਕੁਰ! ਜੀਅ ਦਾਤੇ = ਹੇ ਜਿੰਦ ਦੇ ਦੇਣ ਵਾਲੇ! ਪ੍ਰਾਨ ਦਾਤੇ = ਹੇ ਪ੍ਰਾਣ ਦੇਣ ਵਾਲੇ! ਸੁਖ ਦਾਤੇ = ਹੇ ਸੁਖ ਦੇਣ ਵਾਲੇ!।1। ਭ੍ਰਮਤੌ = ਭਟਕਦਿਆਂ। ਜਉ = ਜਦੋਂ। ਹਾਰਿ ਪਰਿਓ = ਥੱਕ ਗਿਆ। ਤਉ = ਤਦੋਂ। ਗੁਰ ਮਿਲਿ = ਗੁਰੂ ਨੂੰ ਮਿਲ ਕੇ। ਪਰਾਤੇ = ਪਛਾਣ ਲਏ, ਕਦਰ ਸਮਝ ਲਈ। ਸਰਬ ਸੁਖ = ਸਾਰੇ ਸੁਖ ਦੇਣ ਵਾਲਾ। ਸੂਖਿ = ਸੁਖ ਵਿਚ, ਆਨੰਦ ਵਿਚ। ਬਿਹਾਨੀ = ਬੀਤ ਰਹੀ ਹੈ। ਰਾਤੇ = ਜ਼ਿੰਦਗੀ ਦੀ ਰਾਤ।2। ਅਰਥ: ਹੇ ਜਗਤ ਦੇ ਮੂਲ ਹਰੀ! ਹੇ ਸਾਰੀਆਂ ਤਾਕਤਾਂ ਦੇ ਮਾਲਕ ਸੁਆਮੀ! (ਗੁਰੂ ਨੂੰ ਮਿਲ ਕੇ) ਹੁਣ ਮੈਂ ਹੋਰ ਸਾਰੇ ਹੀਲੇ ਛੱਡ ਦਿੱਤੇ ਹਨ, (ਮੈਨੂੰ ਨਿਸ਼ਚਾ ਹੋ ਗਿਆ ਹੈ ਕਿ) ਸਿਰਫ਼ ਤੇਰੇ ਦਰ ਤੋਂ ਹੀ ਮੇਰੀ ਉੱਚੀ ਆਤਮਕ ਅਵਸਥਾ ਬਣ ਸਕਦੀ ਹੈ।1। ਰਹਾਉ। ਹੇ ਪ੍ਰਭੂ! ਮੈਂ (ਜਗਤ ਦੇ) ਅਨੇਕਾਂ ਕਈ ਕਿਸਮਾਂ ਦੇ ਰੂਪ ਰੰਗ ਵੇਖ ਲਏ ਹਨ, ਤੇਰੇ ਵਰਗਾ (ਸੋਹਣਾ) ਹੋਰ ਕੋਈ ਨਹੀਂ ਹੈ। ਹੇ ਠਾਕੁਰ! ਹੇ ਜਿੰਦ ਦਾਤੇ! ਹੇ ਪ੍ਰਾਣ ਦਾਤੇ! ਹੇ ਸੁਖਦਾਤੇ! ਸਭ ਜੀਵਾਂ ਨੂੰ ਤੂੰ ਹੀ ਆਸਰਾ ਦੇਂਦਾ ਹੈਂ।1। ਹੇ ਨਾਨਕ! ਆਖ– ਹੇ ਭਾਈ! ਭਟਕਦਿਆਂ ਭਟਕਦਿਆਂ ਜਦੋਂ ਮੈਂ ਥੱਕ ਗਿਆ, ਤਦੋਂ ਗੁਰੂ ਨੂੰ ਮਿਲ ਕੇ ਮੈਂ ਪਰਮਾਤਮਾ ਦੇ ਚਰਨਾਂ ਦੀ ਕਦਰ ਪਛਾਣ ਲਈ। ਹੁਣ ਮੈਂ ਸਾਰੇ ਸੁਖ ਦੇਣ ਵਾਲਾ ਪ੍ਰਭੂ ਲੱਭ ਲਿਆ ਹੈ, ਤੇ ਮੇਰੀ (ਜ਼ਿੰਦਗੀ ਦੀ) ਰਾਤ ਸੁਖ ਆਨੰਦ ਵਿਚ ਬੀਤ ਰਹੀ ਹੈ।2।3। 26। ਸਾਰਗ ਮਹਲਾ ੫ ॥ ਅਬ ਮੋਹਿ ਲਬਧਿਓ ਹੈ ਹਰਿ ਟੇਕਾ ॥ ਗੁਰ ਦਇਆਲ ਭਏ ਸੁਖਦਾਈ ਅੰਧੁਲੈ ਮਾਣਿਕੁ ਦੇਖਾ ॥੧॥ ਰਹਾਉ ॥ ਕਾਟੇ ਅਗਿਆਨ ਤਿਮਰ ਨਿਰਮਲੀਆ ਬੁਧਿ ਬਿਗਾਸ ਬਿਬੇਕਾ ॥ ਜਿਉ ਜਲ ਤਰੰਗ ਫੇਨੁ ਜਲ ਹੋਈ ਹੈ ਸੇਵਕ ਠਾਕੁਰ ਭਏ ਏਕਾ ॥੧॥ ਜਹ ਤੇ ਉਠਿਓ ਤਹ ਹੀ ਆਇਓ ਸਭ ਹੀ ਏਕੈ ਏਕਾ ॥ ਨਾਨਕ ਦ੍ਰਿਸਟਿ ਆਇਓ ਸ੍ਰਬ ਠਾਈ ਪ੍ਰਾਣਪਤੀ ਹਰਿ ਸਮਕਾ ॥੨॥੪॥੨੭॥ {ਪੰਨਾ 1209} ਪਦ ਅਰਥ: ਮੋਹਿ = ਮੈਂ। ਲਬਧਿਓ ਹੈ– ਲੱਭ ਲਿਆ ਹੈ। ਟੇਕਾ = ਆਸਰਾ। ਦਇਆਲ = ਦਇਆਵਾਨ। ਅੰਧੁਲੈ = ਮੈਂ ਅੰਨ੍ਹੇ ਨੇ। ਮਾਣਿਕੁ = ਨਾਮ-ਮੋਤੀ। ਦੇਖਾ = ਵੇਖ ਲਿਆ ਹੈ।1। ਰਹਾਉ। ਅਗਿਆਨ = ਆਤਮਕ ਜੀਵਨ ਵਲੋਂ ਬੇ-ਸਮਝੀ। ਤਿਮਰ = ਹਨੇਰੇ। ਨਿਰਮਲੀਆ = ਪਵਿੱਤਰ। ਬੁਧਿ = ਅਕਲ। ਬਿਗਾਸ = ਪਰਕਾਸ਼। ਬਿਬੇਕਾ = (ਚੰਗੇ ਮੰਦੇ ਕੰਮ ਦੀ) ਪਰਖ ਦੀ ਸ਼ਕਤੀ। ਫੇਨੁ = ਝੱਗ। ਠਾਕੁਰ = ਮਾਲਕ-ਪ੍ਰਭੂ।1। ਜਹ ਤੇ = ਜਿਸ ਥਾਂ ਤੋਂ। ਦ੍ਰਿਸਟਿ ਆਇਓ = ਦਿੱਸ ਪਿਆ ਹੈ। ਸ੍ਰਬ ਠਾਈ = ਸਭਨੀਂ ਥਾਈਂ। ਸਮਕਾ = ਇਕ-ਸਮਾਨ।2। ਅਰਥ: ਹੇ ਭਾਈ! ਜਦੋਂ ਤੋਂ ਸਾਰੇ ਸੁਖ ਦੇਣ ਵਾਲੇ ਸਤਿਗੁਰੂ ਜੀ (ਮੇਰੇ ਉਤੇ) ਦਇਆਵਾਨ ਹੋਏ ਹਨ, ਮੈਂ ਅੰਨ੍ਹੇ ਨੇ ਨਾਮ-ਮੋਤੀ ਵੇਖ ਲਿਆ ਹੈ, ਤੇ, ਹੁਣ ਮੈਂ ਪਰਮਾਤਮਾ ਦਾ ਆਸਰਾ ਲੱਭ ਲਿਆ ਹੈ।1। ਰਹਾਉ। ਹੇ ਭਾਈ! (ਗੁਰੂ ਦੀ ਕਿਰਪਾ ਨਾਲ ਮੇਰੇ ਅੰਦਰੋਂ) ਆਤਮਕ ਜੀਵਨ ਵਲੋਂ ਬੇ-ਸਮਝੀ ਦੇ ਹਨੇਰੇ ਕੱਟੇ ਗਏ ਹਨ, ਮੇਰੀ ਬੁੱਧੀ ਨਿਰਮਲ ਹੋ ਗਈ ਹੈ, ਮੇਰੇ ਅੰਦਰ ਚੰਗੇ ਮੰਦੇ ਦੀ ਪਰਖ ਦੀ ਸ਼ਕਤੀ ਦਾ ਪਰਕਾਸ਼ ਹੋ ਗਿਆ ਹੈ। (ਮੈਨੂੰ ਸਮਝ ਆ ਗਈ ਹੈ ਕਿ) ਜਿਵੇਂ ਪਾਣੀ ਦੀਆਂ ਲਹਰਾਂ ਤੇ ਝੱਗ ਸਭ ਕੁਝ ਪਾਣੀ ਹੀ ਹੋ ਜਾਂਦਾ ਹੈ, ਤਿਵੇਂ ਮਾਲਕ-ਪ੍ਰਭੂ ਅਤੇ ਉਸ ਦੇ ਸੇਵਕ ਇਕ-ਰੂਪ ਹੋ ਜਾਂਦੇ ਹਨ।1। ਹੇ ਨਾਨਕ! (ਆਖ– ਗੁਰੂ ਦੀ ਕਿਰਪਾ ਨਾਲ ਇਹ ਸਮਝ ਆ ਗਈ ਹੈ ਕਿ) ਜਿਸ ਪ੍ਰਭੂ ਤੋਂ ਇਹ ਜੀਵ ਉਪਜਦਾ ਹੈ ਉਸ ਵਿਚ ਹੀ ਲੀਨ ਹੁੰਦਾ ਹੈ, ਇਹ ਸਾਰੀ ਰਚਨਾ ਹੀ ਇਕ ਪਰਮਾਤਮਾ ਦਾ ਹੀ ਖੇਲ-ਪਸਾਰਾ ਹੈ। (ਗੁਰੂ ਦੀ ਕਿਰਪਾ ਨਾਲ) ਦਿੱਸ ਪਿਆ ਹੈ ਕਿ ਪ੍ਰਾਣਾਂ ਦਾ ਮਾਲਕ ਹਰੀ ਸਭਨੀਂ ਥਾਈਂ ਇਕ-ਸਮਾਨ ਵੱਸ ਰਿਹਾ ਹੈ।2।4। 27। ਸਾਰਗ ਮਹਲਾ ੫ ॥ ਮੇਰਾ ਮਨੁ ਏਕੈ ਹੀ ਪ੍ਰਿਅ ਮਾਂਗੈ ॥ ਪੇਖਿ ਆਇਓ ਸਰਬ ਥਾਨ ਦੇਸ ਪ੍ਰਿਅ ਰੋਮ ਨ ਸਮਸਰਿ ਲਾਗੈ ॥੧॥ ਰਹਾਉ ॥ ਮੈ ਨੀਰੇ ਅਨਿਕ ਭੋਜਨ ਬਹੁ ਬਿੰਜਨ ਤਿਨ ਸਿਉ ਦ੍ਰਿਸਟਿ ਨ ਕਰੈ ਰੁਚਾਂਗੈ ॥ ਹਰਿ ਰਸੁ ਚਾਹੈ ਪ੍ਰਿਅ ਪ੍ਰਿਅ ਮੁਖਿ ਟੇਰੈ ਜਿਉ ਅਲਿ ਕਮਲਾ ਲੋਭਾਂਗੈ ॥੧॥ ਗੁਣ ਨਿਧਾਨ ਮਨਮੋਹਨ ਲਾਲਨ ਸੁਖਦਾਈ ਸਰਬਾਂਗੈ ॥ ਗੁਰਿ ਨਾਨਕ ਪ੍ਰਭ ਪਾਹਿ ਪਠਾਇਓ ਮਿਲਹੁ ਸਖਾ ਗਲਿ ਲਾਗੈ ॥੨॥੫॥੨੮॥ {ਪੰਨਾ 1209} ਪਦ ਅਰਥ: ਏਕੈ ਹੀ ਪ੍ਰਿਅ = ਏਕੈ ਪ੍ਰਿਅ ਹੀ, ਸਿਰਫ਼ ਪਿਆਰੇ ਪ੍ਰਭੂ ਦਾ (ਦਰਸਨ) ਹੀ। ਮਾਂਗੈ = ਮੰਗਦਾ ਹੈ {ਇਕ-ਵਚਨ}। ਪੇਖਿ = ਵੇਖ ਕੇ। ਸਮਸਰਿ = ਬਰਾਬਰ।1। ਰਹਾਉ। ਨੀਰੇ = ਪਰੋਸੇ, ਥਾਲ ਵਿਚ ਪਾ ਕੇ ਰੱਖੇ। ਬਿੰਜਨ = ਸੁਆਦਲੇ ਖਾਣੇ। ਦ੍ਰਿਸਟਿ = ਨਿਗਾਹ। ਰੁਚਾਂਗੈ = ਰੁਚੀ। ਰਸੁ = ਸੁਆਦ। ਪ੍ਰਿੳ = ਹੇ ਪਿਆਰੇ! ਮੁਖਿ = ਮੂੰਹੋਂ। ਟੇਰੈ = ਬੋਲਦਾ ਹੈ। ਅਲਿ = ਭੌਰਾ। ਕਮਲਾ = ਕੌਲ-ਫੁੱਲ। ਲੋਭਾਂਗੈ = ਲਲਚਾਂਦਾ ਹੈ।1। ਗੁਣ ਨਿਧਾਨ = ਹੇ ਗੁਣਾਂ ਦੇ ਖ਼ਜ਼ਾਨੇ! ਲਾਲਨ = ਹੇ ਸੋਹਣੇ ਲਾਲ! ਸਰਬਾਂਗੈ = ਹੇ ਸਭ ਜੀਵਾਂ ਵਿਚ ਵਿਆਪਕ! ਗੁਰਿ = ਗੁਰੂ ਨੇ। ਨਾਨਕ = ਹੇ ਨਾਨਕ! (ਆਖ) । ਪਾਹਿ = ਪਾਸ, ਕੋਲ। ਪਠਾਇਓ = ਭੇਜਿਆ ਹੈ। ਸਖਾ = ਹੇ ਮਿੱਤਰ! ਗਲਿ ਲਾਗੈ = ਗਲ ਨਾਲ ਲੱਗ ਕੇ।2। ਅਰਥ: ਹੇ ਭਾਈ! ਮੇਰਾ ਮਨ ਸਿਰਫ਼ ਪਿਆਰੇ ਪ੍ਰਭੂ ਦਾ ਹੀ ਦਰਸਨ ਮੰਗਦਾ ਹੈ। ਮੈਂ ਸਾਰੇ ਦੇਸ਼ ਸਾਰੇ ਥਾਂ ਵੇਖ ਆਇਆ ਹਾਂ, (ਉਹਨਾਂ ਵਿਚੋਂ ਕੋਈ ਭੀ ਸੁੰਦਰਤਾ ਵਿਚ) ਪਿਆਰੇ (ਪ੍ਰਭੂ) ਦੇ ਇਕ ਰੋਮ ਦੀ ਭੀ ਬਰਾਬਰੀ ਨਹੀਂ ਕਰ ਸਕਦਾ।1। ਰਹਾਉ। ਹੇ ਭਾਈ! ਮੈਂ ਅਨੇਕਾਂ ਭੋਜਨ ਅਨੇਕਾਂ ਸੁਆਦਲੇ ਪਦਾਰਥ ਪਰੋਸ ਕੇ ਰੱਖਦਾ ਹਾਂ, (ਮੇਰਾ ਮਨ) ਉਹਨਾਂ ਵਲ ਨਿਗਾਹ ਭੀ ਨਹੀਂ ਕਰਦਾ, (ਇਸ ਦੀ) ਉਹਨਾਂ ਵਲ ਕੋਈ ਰੁਚੀ ਨਹੀਂ। ਹੇ ਭਾਈ! ਜਿਵੇਂ ਭੌਰਾ ਕੌਲ ਫੁੱਲ ਵਾਸਤੇ ਲਲਚਾਂਦਾ ਹੈ, ਤਿਵੇਂ (ਮੇਰਾ ਮਨ) ਪਰਮਾਤਮਾ (ਦੇ ਨਾਮ) ਦਾ ਸੁਆਦ (ਹੀ) ਮੰਗਦਾ ਹੈ, ਮੂੰਹੋਂ 'ਹੇ ਪਿਆਰੇ ਪ੍ਰਭੂ! ਹੇ ਪਿਆਰੇ ਪ੍ਰਭੂ!' ਹੀ ਬੋਲਦਾ ਰਹਿੰਦਾ ਹੈ।1। ਹੇ ਨਾਨਕ! (ਆਖ-) ਹੇ ਗੁਣਾਂ ਦੇ ਖ਼ਜ਼ਾਨੇ! ਹੇ ਮਨ ਨੂੰ ਮੋਹਣ ਵਾਲੇ! ਹੇ ਸੋਹਣੇ ਲਾਲ! ਹੇ ਸਾਰੇ ਸੁਖ ਦੇਣ ਵਾਲੇ! ਹੇ ਸਭ ਜੀਵਾਂ ਵਿਚ ਵਿਆਪਕ! ਹੇ ਪ੍ਰਭੂ! ਹੇ ਮਿੱਤਰ ਪ੍ਰਭੂ! ਮੈਨੂੰ ਗੁਰੂ ਨੇ (ਤੇਰੇ) ਪਾਸ ਭੇਜਿਆ ਹੈ, ਮੈਨੂੰ ਗਲ ਲੱਗ ਕੇ ਮਿਲ।2।5। 28। |
Sri Guru Granth Darpan, by Professor Sahib Singh |