ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 1210

ਸਾਰਗ ਮਹਲਾ ੫ ॥ ਅਬ ਮੋਰੋ ਠਾਕੁਰ ਸਿਉ ਮਨੁ ਮਾਨਾਂ ॥ ਸਾਧ ਕ੍ਰਿਪਾਲ ਦਇਆਲ ਭਏ ਹੈ ਇਹੁ ਛੇਦਿਓ ਦੁਸਟੁ ਬਿਗਾਨਾ ॥੧॥ ਰਹਾਉ ॥ ਤੁਮ ਹੀ ਸੁੰਦਰ ਤੁਮਹਿ ਸਿਆਨੇ ਤੁਮ ਹੀ ਸੁਘਰ ਸੁਜਾਨਾ ॥ ਸਗਲ ਜੋਗ ਅਰੁ ਗਿਆਨ ਧਿਆਨ ਇਕ ਨਿਮਖ ਨ ਕੀਮਤਿ ਜਾਨਾਂ ॥੧॥ ਤੁਮ ਹੀ ਨਾਇਕ ਤੁਮ੍ਹ੍ਹਹਿ ਛਤ੍ਰਪਤਿ ਤੁਮ ਪੂਰਿ ਰਹੇ ਭਗਵਾਨਾ ॥ ਪਾਵਉ ਦਾਨੁ ਸੰਤ ਸੇਵਾ ਹਰਿ ਨਾਨਕ ਸਦ ਕੁਰਬਾਨਾਂ ॥੨॥੬॥੨੯॥ {ਪੰਨਾ 1210}

ਪਦ ਅਰਥ: ਮੋਰੋ ਮਨੁ = ਮੇਰਾ ਮਨ। ਸਿਉ = ਨਾਲ। ਮਾਨਾਂ = ਗਿੱਝ ਗਿਆ ਹੈ। ਛੇਦਿਓ = ਕੱਟ ਦਿੱਤਾ ਹੈ। ਦੁਸਟੁ = ਭੈੜਾ। ਬਿਗਾਨਾ = ਬਿਗਾਨਾ-ਪਨ, ਓਪਰਾ-ਪਨ।1। ਰਹਾਉ।

ਸੁਘਰ = ਸੋਹਣੀ ਆਤਮਕ ਘਾੜਤ ਵਾਲਾ। ਸੁਜਾਨਾ = ਸਿਆਣਾ। ਸਗਲ = ਸਾਰੇ। ਅਰੁ = ਅਤੇ। ਨਿਮਖ = ਅੱਖ ਝਮਕਣ ਜਿਤਨਾ ਸਮਾ। ਕੀਮਤਿ = ਮੁੱਲ, ਸਾਰ, ਕਦਰ।1।

ਨਾਇਕ = ਮਾਲਕ। ਛਤ੍ਰਪਤਿ = ਰਾਜਾ। ਪੂਰਿ ਰਹੇ = ਸਭ ਥਾਈਂ ਮੌਜੂਦ ਹੈ। ਪਾਵਉ = ਪਾਵਉਂ, ਮੈਂ ਹਾਸਲ ਕਰਾਂ। ਦਾਨੁ = ਖੈਰ। ਸਦ = ਸਦਾ।2।

ਅਰਥ: ਹੇ ਭਾਈ! ਜਦੋਂ ਸੰਤ ਜਨ ਮੇਰੇ ਉੱਤੇ ਤ੍ਰੱੁਠ ਪਏ ਦਇਆਵਾਨ ਹੋਏ, (ਤਾਂ ਮੈਂ ਆਪਣੇ ਅੰਦਰੋਂ ਪਰਮਾਤਮਾ ਨਾਲੋਂ) ਇਹ ਭੈੜਾ ਓਪਰਾ-ਪਨ ਕੱਟ ਦਿੱਤਾ। ਹੁਣ ਮੇਰਾ ਮਨ ਮਾਲਕ-ਪ੍ਰਭੂ ਨਾਲ (ਸਦਾ) ਗਿੱਝਿਆ ਰਹਿੰਦਾ ਹੈ।1। ਰਹਾਉ।

ਹੁਣ, ਹੇ ਪ੍ਰਭੂ! ਤੂੰ ਹੀ ਮੈਨੂੰ ਸੋਹਣਾ ਲੱਗਦਾ ਹੈਂ, ਤੂੰ ਹੀ ਸਿਆਣਾ ਜਾਪਦਾ ਹੈਂ, ਤੂੰ ਹੀ ਸੋਹਣੀ ਆਤਮਕ ਘਾੜਤ ਵਾਲਾ ਤੇ ਸੁਜਾਨ ਦਿੱਸਦਾ ਹੈਂ। ਜੋਗ-ਸਾਧਨ, ਗਿਆਨ-ਚਰਚਾ ਕਰਨ ਵਾਲੇ ਅਤੇ ਸਮਾਧੀਆਂ ਲਾਣ ਵਾਲੇ = ਇਹਨਾਂ ਸਭਨਾਂ ਨੇ, ਹੇ ਪ੍ਰਭੂ! ਅੱਖ ਝਮਕਣ ਜਿਤਨੇ ਸਮੇ ਲਈ ਭੀ ਤੇਰੀ ਕਦਰ ਨਹੀਂ ਸਮਝੀ।1।

ਹੇ ਭਗਵਾਨ! ਤੂੰ ਹੀ (ਸਭ ਜੀਵਾਂ ਦਾ) ਮਾਲਕ ਹੈਂ, ਤੂੰ ਹੀ (ਸਭ ਰਾਜਿਆਂ ਦਾ) ਰਾਜਾ ਹੈਂ, ਤੂੰ ਸਾਰੀ ਸ੍ਰਿਸ਼ਟੀ ਵਿਚ ਵਿਆਪਕ ਹੈਂ। ਹੇ ਨਾਨਕ! (ਆਖ-) ਹੇ ਹਰੀ! (ਮਿਹਰ ਕਰ, ਤੇਰੇ ਦਰ ਤੋਂ) ਮੈਂ ਸੰਤ ਜਨਾਂ ਦੀ ਸੇਵਾ ਦਾ ਖੈਰ ਹਾਸਲ ਕਰਾਂ, ਮੈਂ ਸੰਤ ਜਨਾਂ ਤੋਂ ਸਦਾ ਸਦਕੇ ਜਾਵਾਂ।2।6। 29।

ਸਾਰਗ ਮਹਲਾ ੫ ॥ ਮੇਰੈ ਮਨਿ ਚੀਤਿ ਆਏ ਪ੍ਰਿਅ ਰੰਗਾ ॥ ਬਿਸਰਿਓ ਧੰਧੁ ਬੰਧੁ ਮਾਇਆ ਕੋ ਰਜਨਿ ਸਬਾਈ ਜੰਗਾ ॥੧॥ ਰਹਾਉ ॥ ਹਰਿ ਸੇਵਉ ਹਰਿ ਰਿਦੈ ਬਸਾਵਉ ਹਰਿ ਪਾਇਆ ਸਤਸੰਗਾ ॥ ਐਸੋ ਮਿਲਿਓ ਮਨੋਹਰੁ ਪ੍ਰੀਤਮੁ ਸੁਖ ਪਾਏ ਮੁਖ ਮੰਗਾ ॥੧॥ ਪ੍ਰਿਉ ਅਪਨਾ ਗੁਰਿ ਬਸਿ ਕਰਿ ਦੀਨਾ ਭੋਗਉ ਭੋਗ ਨਿਸੰਗਾ ॥ ਨਿਰਭਉ ਭਏ ਨਾਨਕ ਭਉ ਮਿਟਿਆ ਹਰਿ ਪਾਇਓ ਪਾਠੰਗਾ ॥੨॥੭॥੩੦॥ {ਪੰਨਾ 1210}

ਪਦ ਅਰਥ: ਮੇਰੈ ਮਨਿ = ਮੇਰੇ ਮਨ ਵਿਚ। ਮੇਰੈ ਚੀਤਿ = ਮੇਰੇ ਚਿੱਤ ਵਿਚ। ਪ੍ਰਿਅ ਰੰਗਾ = ਪਿਆਰੇ ਦੇ ਕੌਤਕ। ਮਾਇਆ ਕੋ ਧੰਧੁ = ਮਾਇਆ ਦਾ ਧੰਧਾ। ਮਾਇਆ ਕੋ ਬੰਧੁ = ਮਾਇਆ (ਦੇ ਮੋਹ) ਦਾ ਬੰਧਨ। ਰਜਨਿ = (ਉਮਰ ਦੀ) ਰਾਤ। ਸਬਾਈ = ਸਾਰੀ। ਜੰਗਾ = (ਕਾਮਾਦਿਕਾਂ ਨਾਲ) ਜੁੱਧ (ਕਰਦਿਆਂ) ।1। ਰਹਾਉ।

ਸੇਵਉ = ਸੇਵਉਂ, ਮੈਂ ਸਿਮਰਦਾ ਹਾਂ। ਰਿਦੈ = ਹਿਰਦੇ ਵਿਚ। ਬਸਾਵਉ = ਬਸਾਵਉਂ, ਮੈਂ ਵਸਾਂਦਾ ਹਾਂ। ਮਨੋਹਰੁ = ਮਨ ਨੂੰ ਮੋਹਣ ਵਾਲਾ। ਸੁਖ ਮੁਖ ਮੰਗਾ = ਮੂੰਹ-ਮੰਗੇ ਸੁਖ।1।

ਗੁਰਿ = ਗੁਰੂ ਨੇ। ਬਸਿ = ਵੱਸ ਵਿਚ। ਭੋਗਉ = ਭੋਗਉਂ, ਮੈਂ ਭੋਗਦਾ ਹਾਂ, ਮੈਂ ਮਾਣਦਾ ਹਾਂ। ਭੋਗ = ਪ੍ਰਭੂ-ਮਿਲਾਪ ਦੇ ਆਨੰਦ। ਨਿਸੰਗਾ = (ਕਾਮਾਦਿਕਾਂ ਦੀ) ਰੁਕਾਵਟ ਤੋਂ ਬਿਨਾ। ਪਾਠੰਗਾ = ਆਸਰਾ।2।

ਅਰਥ: ਹੇ ਭਾਈ! (ਜਦੋਂ ਤੋਂ ਸਾਧ ਸੰਗਤਿ ਦੀ ਬਰਕਤਿ ਨਾਲ) ਪਿਆਰੇ ਪ੍ਰਭੂ ਦੇ ਕੌਤਕ ਮੇਰੇ ਮਨ ਵਿਚ ਮੇਰੇ ਚਿੱਤ ਵਿਚ ਆ ਵੱਸੇ ਹਨ, ਮੈਨੂੰ ਮਾਇਆ ਵਾਲੀ ਭਟਕਣ ਭੁੱਲ ਗਈ ਹੈ, ਮਾਇਆ ਦੇ ਮੋਹ ਦੀ ਫਾਹੀ ਮੁੱਕ ਗਈ ਹੈ, ਮੇਰੀ ਸਾਰੀ ਉਮਰ-ਰਾਤ (ਵਿਕਾਰਾਂ ਨਾਲ) ਜੰਗ ਕਰਦਿਆਂ ਬੀਤ ਰਹੀ ਹੈ।1। ਰਹਾਉ।

ਹੇ ਭਾਈ! ਜਦੋਂ ਤੋਂ ਮੈਂ ਪ੍ਰਭੂ ਦੀ ਸਾਧ ਸੰਗਤਿ ਪ੍ਰਾਪਤ ਕੀਤੀ ਹੈ, ਮੈਂ ਪਰਮਾਤਮਾ ਦਾ ਸਿਮਰਨ ਕਰਦਾ ਰਹਿੰਦਾ ਹਾਂ, ਮੈਂ ਪਰਮਾਤਮਾ ਨੂੰ ਆਪਣੇ ਹਿਰਦੇ ਵਿਚ ਵਸਾਈ ਰੱਖਦਾ ਹਾਂ। ਮਨ ਨੂੰ ਮੋਹਣ ਵਾਲਾ ਪ੍ਰੀਤਮ ਪ੍ਰਭੂ ਇਸ ਤਰ੍ਹਾਂ ਮੈਨੂੰ ਮਿਲ ਗਿਆ ਹੈ ਕਿ ਮੈਂ ਮੂੰਹ-ਮੰਗੇ ਸੁਖ ਹਾਸਲ ਕਰ ਲਏ ਹਨ।1।

ਹੇ ਭਾਈ! ਗੁਰੂ ਨੇ ਪਿਆਰਾ ਪ੍ਰਭੂ ਮੇਰੇ (ਪਿਆਰ ਦੇ) ਵੱਸ ਵਿਚ ਕਰ ਦਿੱਤਾ ਹੈ, ਹੁਣ (ਕਾਮਾਦਿਕਾਂ ਦੀ) ਰੁਕਾਵਟ ਤੋਂ ਬਿਨਾ ਮੈਂ ਉਸ ਦੇ ਮਿਲਾਪ ਦਾ ਆਤਮਕ ਆਨੰਦ ਮਾਣਦਾ ਰਹਿੰਦਾ ਹਾਂ। ਹੇ ਨਾਨਕ! (ਆਖ-) ਮੈਂ (ਜੀਵਨ ਦਾ) ਆਸਰਾ ਪ੍ਰਭੂ ਲੱਭ ਲਿਆ ਹੈ, ਮੇਰਾ ਹਰੇਕ ਡਰ ਮਿਟ ਗਿਆ ਹੈ, ਮੈਂ (ਕਾਮਾਦਿਕਾਂ ਦੇ ਹੱਲਿਆਂ ਦੇ ਖ਼ਤਰੇ ਤੋਂ) ਨਿਡਰ ਹੋ ਗਿਆ ਹਾਂ।2।7। 30।

ਸਾਰਗ ਮਹਲਾ ੫ ॥ ਹਰਿ ਜੀਉ ਕੇ ਦਰਸਨ ਕਉ ਕੁਰਬਾਨੀ ॥ ਬਚਨ ਨਾਦ ਮੇਰੇ ਸ੍ਰਵਨਹੁ ਪੂਰੇ ਦੇਹਾ ਪ੍ਰਿਅ ਅੰਕਿ ਸਮਾਨੀ ॥੧॥ ਰਹਾਉ ॥ ਛੂਟਰਿ ਤੇ ਗੁਰਿ ਕੀਈ ਸੋੁਹਾਗਨਿ ਹਰਿ ਪਾਇਓ ਸੁਘੜ ਸੁਜਾਨੀ ॥ ਜਿਹ ਘਰ ਮਹਿ ਬੈਸਨੁ ਨਹੀ ਪਾਵਤ ਸੋ ਥਾਨੁ ਮਿਲਿਓ ਬਾਸਾਨੀ ॥੧॥ ਉਨ੍ਹ੍ਹ ਕੈ ਬਸਿ ਆਇਓ ਭਗਤਿ ਬਛਲੁ ਜਿਨਿ ਰਾਖੀ ਆਨ ਸੰਤਾਨੀ ॥ ਕਹੁ ਨਾਨਕ ਹਰਿ ਸੰਗਿ ਮਨੁ ਮਾਨਿਆ ਸਭ ਚੂਕੀ ਕਾਣਿ ਲੋੁਕਾਨੀ ॥੨॥੮॥੩੧॥ {ਪੰਨਾ 1210}

ਪਦ ਅਰਥ: ਕਉ = ਤੋਂ। ਕੁਰਬਾਨੀ = ਸਦਕੇ। ਬਚਨ ਨਾਦ = ਸਿਫ਼ਤਿ-ਸਾਲਾਹ ਦੀ ਬਾਣੀ ਦੀਆਂ ਆਵਾਜ਼ਾਂ। ਸ੍ਰਵਨਹੁ = ਕੰਨਾਂ ਵਿਚ। ਪੂਰੇ = ਭਰੇ ਰਹਿੰਦੇ ਹਨ। ਦੇਹਾ = (ਮੇਰਾ) ਸਰੀਰ। ਪ੍ਰਿਅ ਅੰਕਿ = ਪਿਆਰੇ ਦੀ ਗੋਦ ਵਿਚ।1। ਰਹਾਉ।

ਛੂਟਰਿ = ਛੁੱਟੜ। ਤੇ = ਤੋਂ। ਗੁਰਿ = ਗੁਰੂ ਨੇ। ਸੋੁਹਾਗਨਿ = {ਅੱਖਰ 'ਸ' ਦੇ ਨਾਲ ਦੋ ਲਗਾਂ ਹਨ: ੋ ਅਤੇ ੁ। ਅਸਲ ਲਫ਼ਜ਼ 'ਸੋਹਾਗਨਿ' ਹੈ, ਇਥੇ 'ਸੁਹਾਗਨਿ' ਪੜ੍ਹਨਾ ਹੈ}। ਸੁਹਾਗ ਵਾਲੀ, ਖਸਮ ਵਾਲੀ। ਸੁਘੜ = ਸੋਹਣੀ ਆਤਾਮਕ ਘਾੜਤ ਵਾਲਾ। ਜਿਹ ਘਰਿ ਮਹਿ = ਜਿਸ ਘਰ ਵਿਚ, ਜਿਨ੍ਹਾਂ ਪ੍ਰਭੂ-ਚਰਨਾਂ ਵਿਚ। ਬੈਸਨੁ = ਬੈਠਣਾ। ਬਾਸਾਨੀ ਵੱਸਣ ਲਈ।1।

ਉਨ੍ਹ੍ਹ ਕੈ ਬਸਿ = ਉਹਨਾਂ (ਸੰਤ ਜਨਾਂ) ਦੇ ਵੱਸ ਵਿਚ। ਭਗਤਿ ਬਛਲੁ = ਭਗਤੀ ਨਾਲ ਪਿਆਰ ਕਰਨ ਵਾਲਾ ਪ੍ਰਭੂ। ਜਿਨਿ = ਜਿਸ (ਪ੍ਰਭੂ) ਨੇ। ਆਨ = ਇੱਜ਼ਤ, ਲਾਜ। ਸੰਤਾਨੀ = ਸੰਤਾਂ ਦੀ। ਸੰਗਿ = ਨਾਲ। ਮਾਨਿਆ = ਗਿੱਝ ਗਿਆ ਹੈ। ਚੂਕੀ = ਮੁੱਕ ਗਈ ਹੈ। ਕਾਣਿ = ਮੁਥਾਜੀ। ਲੋੁਕਾਨੀ = ਲੋਕਾਂ ਦੀ {ਅਸਲ ਲਫ਼ਜ਼ ਹੈ 'ਲੋਕਾਨੀ', ਇਥੇ 'ਲੁਕਾਨੀ' ਪੜ੍ਹਨਾ ਹੈ}।2।

ਅਰਥ: ਹੇ ਭਾਈ! ਮੈਂ ਪ੍ਰਭੂ ਜੀ ਦੇ ਦਰਸਨ ਤੋਂ ਸਦਕੇ ਹਾਂ। ਉਸ ਦੀ ਸਿਫ਼ਤਿ-ਸਾਲਾਹ ਦੇ ਗੀਤ ਮੇਰੇ ਕੰਨਾਂ ਵਿਚ ਭਰੇ ਰਹਿੰਦੇ ਹਨ, ਮੇਰਾ ਸਰੀਰ ਉਸ ਦੀ ਗੋਦ ਵਿਚ ਲੀਨ ਰਹਿੰਦਾ ਹੈ (ਇਹ ਸਾਰੀ ਗੁਰੂ ਦੀ ਹੀ ਕਿਰਪਾ ਹੈ) ।1। ਰਹਾਉ।

ਹੇ ਭਾਈ! ਗੁਰੂ ਨੇ ਮੈਨੂੰ ਛੁੱਟੜ ਤੋਂ ਸੁਹਾਗਣ ਬਣਾ ਦਿੱਤਾ ਹੈ, ਮੈਂ ਸੋਹਣੀ ਆਤਮਕ ਘਾੜਤ ਵਾਲੇ ਸੁਜਾਨ ਪ੍ਰਭੂ ਦਾ ਮਿਲਾਪ ਹਾਸਲ ਕਰ ਲਿਆ ਹੈ। (ਮੇਰੇ ਮਨ ਨੂੰ) ਉਹ (ਹਰਿ-ਚਰਨ-) ਥਾਂ ਵੱਸਣ ਲਈ ਮਿਲ ਗਿਆ ਹੈ, ਜਿਸ ਥਾਂ ਤੇ (ਅੱਗੇ ਇਹ ਕਦੇ) ਟਿਕਦਾ ਹੀ ਨਹੀਂ ਸੀ।1।

ਹੇ ਭਾਈ! ਭਗਤੀ ਨਾਲ ਪਿਆਰ ਕਰਨ ਵਾਲਾ ਪਰਮਾਤਮਾ ਜਿਸ ਨੇ (ਸਦਾ ਆਪਣੇ) ਸੰਤਾਂ ਦੀ ਲਾਜ ਰੱਖੀ ਹੈ ਉਹਨਾਂ ਸੰਤ ਜਨਾਂ ਦੇ ਪਿਆਰ ਦੇ ਵੱਸ ਵਿਚ ਆਇਆ ਰਹਿੰਦਾ ਹੈ। ਹੇ ਨਾਨਕ! ਆਖ– (ਸੰਤ ਜਨਾਂ ਦੀ ਕਿਰਪਾ ਨਾਲ) ਮੇਰਾ ਮਨ ਪਰਮਾਤਮਾ ਨਾਲ ਗਿੱਝ ਗਿਆ ਹੈ, (ਮੇਰੇ ਅੰਦਰੋਂ) ਲੋਕਾਂ ਦੀ ਮੁਥਾਜੀ ਮੁੱਕ ਗਈ ਹੈ।2।8। 31।

ਸਾਰਗ ਮਹਲਾ ੫ ॥ ਅਬ ਮੇਰੋ ਪੰਚਾ ਤੇ ਸੰਗੁ ਤੂਟਾ ॥ ਦਰਸਨੁ ਦੇਖਿ ਭਏ ਮਨਿ ਆਨਦ ਗੁਰ ਕਿਰਪਾ ਤੇ ਛੂਟਾ ॥੧॥ ਰਹਾਉ ॥ ਬਿਖਮ ਥਾਨ ਬਹੁਤ ਬਹੁ ਧਰੀਆ ਅਨਿਕ ਰਾਖ ਸੂਰੂਟਾ ॥ ਬਿਖਮ ਗਾਰ੍ਹ ਕਰੁ ਪਹੁਚੈ ਨਾਹੀ ਸੰਤ ਸਾਨਥ ਭਏ ਲੂਟਾ ॥੧॥ ਬਹੁਤੁ ਖਜਾਨੇ ਮੇਰੈ ਪਾਲੈ ਪਰਿਆ ਅਮੋਲ ਲਾਲ ਆਖੂਟਾ ॥ ਜਨ ਨਾਨਕ ਪ੍ਰਭਿ ਕਿਰਪਾ ਧਾਰੀ ਤਉ ਮਨ ਮਹਿ ਹਰਿ ਰਸੁ ਘੂਟਾ ॥੨॥੯॥੩੨॥ {ਪੰਨਾ 1210}

ਪਦ ਅਰਥ: ਮੇਰੋ ਸੰਗੁ = ਮੇਰਾ ਸਾਥ। ਪੰਚਾ ਤੇ = ਕਾਮਾਦਿਕ ਪੰਜਾਂ ਨਾਲੋਂ। ਦੇਖਿ = ਵੇਖ ਕੇ। ਮਨਿ = ਮਨ ਵਿਚ। ਕਿਰਪਾ ਤੇ = ਕਿਰਪਾ ਨਾਲ। ਛੂਟਾ = ਸੁਤੰਤਰ ਹੋ ਗਿਆ ਹਾਂ।1। ਰਹਾਉ।

ਬਿਖਮ ਥਾਨ = ਉਹ ਥਾਂ ਜਿੱਥੇ ਪਹੁੰਚਣਾ ਬਹੁਤ ਔਖਾ ਹੈ। ਧਰੀਆ = (ਨਾਮ-ਖਜ਼ਾਨਾ) ਰੱਖਿਆ ਹੋਇਆ ਹੈ। ਰਾਖ = ਰਾਖੇ, ਕਾਮਾਦਿਕ ਰਾਖੇ। ਸੂਰੂਟਾ = ਸੂਰਮੇ। ਗਾਰ੍ਹ = ਟੋਆ, ਗੜ੍ਹਾ, ਖਾਈ। ਕਰੁ = ਹੱਥ। ਸਾਨਥ = ਸਾਥੀ।1।

ਮੇਰੈ ਪਾਲੈ = ਮੇਰੇ ਪੱਲੇ, ਮੇਰੇ ਕਾਬੂ। ਅਖੂਟਾ = ਅਖੁੱਟ। ਪ੍ਰਭਿ = ਪ੍ਰਭੂ ਨੇ। ਘੂਟਾ = ਘੁੱਟ ਘੁੱਟ ਕਰ ਕੇ ਪੀਤਾ।2।

ਅਰਥ: ਹੇ ਭਾਈ! ਗੁਰੂ ਦੀ ਮਿਹਰ ਨਾਲ ਮੈਂ (ਕਾਮਾਦਿਕ ਦੀ ਮਾਰ ਤੋਂ) ਬਚ ਗਿਆ ਹਾਂ। ਹੁਣ (ਕਾਮਾਦਿਕ) ਪੰਜਾਂ ਨਾਲੋਂ ਮੇਰਾ ਸਾਥ ਮੁੱਕ ਗਿਆ ਹੈ (ਮੇਰੇ ਅੰਦਰ ਨਾਮ-ਖ਼ਜ਼ਾਨਾ ਲੁਕਿਆ ਪਿਆ ਸੀ, ਗੁਰੂ ਦੀ ਰਾਹੀਂ ਉਸ ਦਾ) ਦਰਸਨ ਕਰ ਕੇ ਮੇਰੇ ਮਨ ਵਿਚ ਖ਼ੁਸ਼ੀਆਂ ਹੀ ਖ਼ੁਸ਼ੀਆਂ ਬਣ ਗਈਆਂ ਹਨ।1। ਰਹਾਉ।

ਹੇ ਭਾਈ! ਜਿਸ ਥਾਂ ਨਾਮ-ਖ਼ਜ਼ਾਨੇ ਧਰੇ ਪਏ ਸਨ, ਉਥੇ ਅੱਪੜਨਾ ਬਹੁਤ ਹੀ ਔਖਾ ਸੀ (ਕਿਉਂਕਿ ਕਾਮਾਦਿਕ) ਅਨੇਕਾਂ ਸੂਰਮੇ (ਰਾਹ ਵਿਚ) ਰਾਖੇ ਬਣੇ ਪਏ ਸਨ। (ਉਸ ਦੇ ਦੁਆਲੇ ਮਾਇਆ ਦੇ ਮੋਹ ਦੀ) ਬੜੀ ਔਖੀ ਖਾਈ ਬਣੀ ਹੋਈ ਸੀ, (ਉਸ ਖ਼ਜ਼ਾਨੇ ਤਕ) ਹੱਥ ਨਹੀਂ ਸੀ ਪਹੁੰਚਦਾ। ਜਦੋਂ ਸੰਤ ਜਨ ਮੇਰੇ ਸਾਥੀ ਬਣ ਗਏ, (ਉਹ ਟਿਕਾਣਾ) ਲੁੱਟ ਲਿਆ।1।

(ਸੰਤ ਜਨਾਂ ਦੀ ਕਿਰਪਾ ਨਾਲ) ਹਰਿ-ਨਾਮ ਦੇ ਅਮੋਲਕ ਤੇ ਅਮੁੱਕ ਲਾਲਾਂ ਦੇ ਬਹੁਤ ਖ਼ਜ਼ਾਨੇ ਮੈਨੂੰ ਮਿਲ ਗਏ। ਹੇ ਦਾਸ ਨਾਨਕ! (ਆਖ-) ਜਦੋਂ ਪ੍ਰਭੂ ਨੇ ਮੇਰੇ ਉਤੇ ਮਿਹਰ ਕੀਤੀ, ਤਦੋਂ ਮੈਂ ਆਪਣੇ ਮਨ ਵਿਚ ਹਰਿ-ਨਾਮ ਦਾ ਰਸ ਪੀਣ ਲੱਗ ਪਿਆ।2।9। 32।

ਸਾਰਗ ਮਹਲਾ ੫ ॥ ਅਬ ਮੇਰੋ ਠਾਕੁਰ ਸਿਉ ਮਨੁ ਲੀਨਾ ॥ ਪ੍ਰਾਨ ਦਾਨੁ ਗੁਰਿ ਪੂਰੈ ਦੀਆ ਉਰਝਾਇਓ ਜਿਉ ਜਲ ਮੀਨਾ ॥੧॥ ਰਹਾਉ ॥ ਕਾਮ ਕ੍ਰੋਧ ਲੋਭ ਮਦ ਮਤਸਰ ਇਹ ਅਰਪਿ ਸਗਲ ਦਾਨੁ ਕੀਨਾ ॥ ਮੰਤ੍ਰ ਦ੍ਰਿੜਾਇ ਹਰਿ ਅਉਖਧੁ ਗੁਰਿ ਦੀਓ ਤਉ ਮਿਲਿਓ ਸਗਲ ਪ੍ਰਬੀਨਾ ॥੧॥ ਗ੍ਰਿਹੁ ਤੇਰਾ ਤੂ ਠਾਕੁਰੁ ਮੇਰਾ ਗੁਰਿ ਹਉ ਖੋਈ ਪ੍ਰਭੁ ਦੀਨਾ ॥ ਕਹੁ ਨਾਨਕ ਮੈ ਸਹਜ ਘਰੁ ਪਾਇਆ ਹਰਿ ਭਗਤਿ ਭੰਡਾਰ ਖਜੀਨਾ ॥੨॥੧੦॥੩੩॥ {ਪੰਨਾ 1210}

ਪਦ ਅਰਥ: ਠਾਕੁਰ ਸਿਉ = ਮਾਲਕ-ਪ੍ਰਭੂ ਨਾਲ। ਲੀਨਾ = ਇਕ-ਮਿਕ ਹੋ ਗਿਆ ਹੈ। ਪ੍ਰਾਨ ਦਾਨੁ = ਆਤਮਕ ਜੀਵਨ ਦਾ ਖ਼ੈਰ। ਗੁਰਿ ਪੂਰੈ = ਪੂਰੇ ਗੁਰੂ ਨੇ। ਉਰਝਾਇਓ = (ਗੁਰੂ ਨੇ ਠਾਕੁਰ ਨਾਲ) ਚੰਗੀ ਤਰ੍ਹਾਂ ਜੋੜ ਦਿੱਤਾ ਹੈ। ਮੀਨਾ = ਮੱਛੀ।1। ਰਹਾਉ।

ਮਦ = ਹਉਮੈ। ਮਤਸਰ = ਈਰਖਾ। ਅਰਪਿ = ਅਰਪ ਕੇ। ਅਰਪਿ ਦਾਨੁ ਕੀਨਾ = ਅਰਪ ਕੇ ਦਾਨ ਕਰ ਦਿੱਤੇ ਹਨ, ਸਦਾ ਲਈ ਛੱਡ ਦਿੱਤੇ ਹਨ। ਮੰਤ੍ਰੁ = ਉਪਦੇਸ਼। ਦ੍ਰਿੜਾਇ = (ਹਿਰਦੇ ਵਿਚ) ਪੱਕਾ ਕਰ ਕੇ। ਅਉਖਧੁ = ਦਵਾਈ, ਦਾਰੂ। ਗੁਰਿ = ਗੁਰੂ ਨੇ। ਤਉ = ਤਦੋਂ। ਸਗਲ ਪ੍ਰਬੀਨਾ = ਸਾਰੇ ਗੁਣਾਂ ਵਿਚ ਸਿਆਣਾ ਪ੍ਰਭੂ।1।

ਗ੍ਰਿਹੁ = ਹਿਰਦਾ-ਘਰ। ਠਾਕੁਰੁ = ਮਾਲਕ। ਗੁਰਿ = ਗੁਰੂ ਨੇ। ਹਉ = ਹਉਮੈ। ਖੋਈ = ਦੂਰ ਕਰ ਦਿੱਤੀ ਹੈ। ਸਹਜ ਘਰੁ = ਆਤਮਕ ਅਡੋਲਤਾ ਦਾ ਥਾਂ। ਪਾਇਆ = ਲੱਭ ਲਿਆ ਹੈ। ਖਜੀਨਾ = ਖ਼ਜ਼ਾਨੇ।2।

ਅਰਥ: ਹੇ ਭਾਈ! ਪੂਰੇ ਗੁਰੂ ਨੇ ਮੈਨੂੰ ਆਤਮਕ ਜੀਵਨ ਦੀ ਦਾਤਿ ਬਖ਼ਸ਼ੀ ਹੈ, ਮੈਨੂੰ ਠਾਕੁਰ ਪ੍ਰਭੂ ਨਾਲ ਇਉਂ ਜੋੜ ਦਿੱਤਾ ਹੈ ਜਿਵੇਂ ਮੱਛੀ ਪਾਣੀ ਨਾਲ। ਹੁਣ ਮੇਰਾ ਮਨ ਠਾਕੁਰ-ਪ੍ਰਭੂ ਨਾਲ ਇਕ-ਮਿਕ ਹੋਇਆ ਰਹਿੰਦਾ ਹੈ।1। ਰਹਾਉ।

ਹੇ ਭਾਈ! ਜਦੋਂ ਤੋਂ ਗੁਰੂ ਨੇ (ਆਪਣਾ) ਉਪਦੇਸ਼ ਮੇਰੇ ਹਿਰਦੇ ਵਿਚ ਪੱਕਾ ਕਰ ਕੇ ਮੈਨੂੰ ਹਰਿ-ਨਾਮ ਦੀ ਦਵਾਈ ਦਿੱਤੀ ਹੈ, ਤਦੋਂ ਤੋਂ ਮੈਨੂੰ ਸਾਰੇ ਗੁਣਾਂ ਵਿਚ ਸਿਆਣਾ ਪ੍ਰਭੂ ਮਿਲ ਪਿਆ ਹੈ, ਤੇ, ਮੈਂ (ਆਪਣੇ ਅੰਦਰੋਂ) ਕਾਮ ਕ੍ਰੋਧ ਲੋਭ ਹਉਮੈ ਈਰਖਾ (ਆਦਿਕ ਸਾਰੇ ਵਿਕਾਰ) ਸਦਾ ਲਈ ਕੱਢ ਦਿੱਤੇ ਹਨ।1।

ਹੇ ਪ੍ਰਭੂ! (ਹੁਣ ਮੇਰਾ ਹਿਰਦਾ) ਤੇਰਾ ਘਰ ਬਣ ਗਿਆ ਹੈ, ਤੂੰ (ਸਚ-ਮੁਚ) ਮੇਰੇ (ਇਸ ਘਰ ਦਾ) ਮਾਲਕ ਬਣ ਗਿਆ ਹੈਂ। ਹੇ ਭਾਈ! ਗੁਰੂ ਨੇ ਮੇਰੀ ਹਉਮੈ ਦੂਰ ਕਰ ਦਿੱਤੀ ਹੈ, ਮੈਨੂੰ ਪ੍ਰਭੂ ਮਿਲਾ ਦਿੱਤਾ ਹੈ। ਹੇ ਨਾਨਕ! ਆਖ– (ਗੁਰੂ ਦੀ ਕਿਰਪਾ ਨਾਲ) ਮੈਂ ਆਤਮਕ ਅਡੋਲਤਾ ਦਾ ਸੋਮਾ ਲੱਭ ਲਿਆ ਹੈ। ਮੈਂ ਪਰਮਾਤਮਾ ਦੀ ਭਗਤੀ ਦੇ ਭੰਡਾਰੇ ਖ਼ਜ਼ਾਨੇ ਲੱਭ ਲਏ ਹਨ।2।10। 33।

TOP OF PAGE

Sri Guru Granth Darpan, by Professor Sahib Singh