ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 1211 ਸਾਰਗ ਮਹਲਾ ੫ ॥ ਮੋਹਨ ਸਭਿ ਜੀਅ ਤੇਰੇ ਤੂ ਤਾਰਹਿ ॥ ਛੁਟਹਿ ਸੰਘਾਰ ਨਿਮਖ ਕਿਰਪਾ ਤੇ ਕੋਟਿ ਬ੍ਰਹਮੰਡ ਉਧਾਰਹਿ ॥੧॥ ਰਹਾਉ ॥ ਕਰਹਿ ਅਰਦਾਸਿ ਬਹੁਤੁ ਬੇਨੰਤੀ ਨਿਮਖ ਨਿਮਖ ਸਾਮ੍ਹ੍ਹਾਰਹਿ ॥ ਹੋਹੁ ਕ੍ਰਿਪਾਲ ਦੀਨ ਦੁਖ ਭੰਜਨ ਹਾਥ ਦੇਇ ਨਿਸਤਾਰਹਿ ॥੧॥ ਕਿਆ ਏ ਭੂਪਤਿ ਬਪੁਰੇ ਕਹੀਅਹਿ ਕਹੁ ਏ ਕਿਸ ਨੋ ਮਾਰਹਿ ॥ ਰਾਖੁ ਰਾਖੁ ਰਾਖੁ ਸੁਖਦਾਤੇ ਸਭੁ ਨਾਨਕ ਜਗਤੁ ਤੁਮ੍ਹ੍ਹਾਰਹਿ ॥੨॥੧੧॥੩੪॥ {ਪੰਨਾ 1211} ਪਦ ਅਰਥ: ਮੋਹਨ– ਹੇ ਮੋਹਨ! ਸਭਿ = ਸਾਰੇ। ਜੀਅ = {ਲਫ਼ਜ਼ 'ਜੀਉ' ਤੋਂ ਬਹੁ-ਵਚਨ}। ਤਾਰਹਿ = ਪਾਰ ਲੰਘਾਂਦਾ ਹੈਂ। ਸੰਘਾਰ = ਮਾਰਨ ਵਾਲੇ, ਜ਼ਾਲਮ ਸੁਭਾਉ ਵਾਲੇ ਬੰਦੇ। ਛੁਟਹਿ = ਵਿਕਾਰਾਂ ਵਲੋਂ ਅੱਤਿਆਚਾਰ ਵਲੋਂ ਹਟ ਜਾਂਦੇ ਹਨ। ਨਿਮਖ = ਅੱਖ ਝਮਕਣ ਜਿਤਨਾ ਸਮਾ। ਤੇ = ਤੋਂ। ਕੋਟਿ = ਕ੍ਰੋੜਾਂ। ਉਧਾਰਹਿ = ਤੂੰ ਬਚਾਂਦਾ ਹੈਂ।1। ਰਹਾਉ। ਕਰਹਿ = (ਜੀਵ) ਕਰਦੇ ਹਨ {ਬਹੁ-ਵਚਨ}। ਸਾਮ੍ਹ੍ਹਾਰਹਿ = (ਤੈਨੂੰ ਹਿਰਦੇ ਵਿਚ) ਯਾਦ ਕਰਦੇ ਹਨ। ਹੋਹੁ = ਜਦੋਂ ਤੂੰ ਹੁੰਦਾ ਹੈਂ। ਦੀਨ ਦੁਖ ਭੰਜਨ = ਹੇ ਗਰੀਬਾਂ ਦੇ ਦੁੱਖ ਨਾਸ ਕਰਨ ਵਾਲੇ! ਦੇਇ = ਦੇ ਕੇ। ਨਿਸਤਾਰਹਿ = (ਦੁੱਖਾਂ ਕਲੇਸ਼ਾਂ ਤੋਂ) ਪਾਰ ਲੰਘਾਂਦਾ ਹੈਂ।1। ਏ ਭੂਪਤਿ = ਇਹ ਰਾਜੇ {ਬਹੁ-ਵਚਨ}। ਬਪੁਰੇ = ਵਿਚਾਰੇ। ਕਿਆ ਕਹੀਅਹਿ = ਕੀਹ ਕਹੇ ਜਾ ਸਕਦੇ ਹਨ? ਇਹਨਾਂ ਦੀ ਕੀਹ ਪਾਂਇਆਂ ਕਹੀ ਜਾ ਸਕਦੀ ਹੈ? ਏ = {ਬਹੁ-ਵਚਨ}। ਕਿਸ ਨੋ = {ਸੰਬੰਧਕ 'ਨੋ' ਦੇ ਕਾਰਨ ਲਫ਼ਜ਼ 'ਕਿਸੁ' ਦਾ ੁ ਉੱਡ ਗਿਆ ਹੈ}। ਮਾਰਹਿ = ਮਾਰ ਸਕਦੇ ਹਨ। ਸੁਖਦਾਤੇ = ਹੇ ਸੁਖ ਦੇਣ ਵਾਲੇ ਪ੍ਰਭੂ! ਸਭੁ = ਸਾਰਾ। ਤੁਮ੍ਹ੍ਹਾਰਹਿ = ਤੇਰਾ ਹੀ ਹੈ।2। ਅਰਥ: ਹੇ ਮੋਹਨ ਪ੍ਰਭੂ! (ਜਗਤ ਦੇ) ਸਾਰੇ ਜੀਵ ਤੇਰੇ ਹੀ (ਪੈਦਾ ਕੀਤੇ ਹੋਏ ਹਨ) , ਤੂੰ ਹੀ (ਇਹਨਾਂ ਨੂੰ ਦੁੱਖਾਂ ਕਲੇਸ਼ਾਂ ਆਦਿਕ ਤੋਂ) ਪਾਰ ਲੰਘਾਂਦਾ ਹੈਂ। ਤੇਰੀ ਰਤਾ ਜਿਤਨੀ ਮਿਹਰ (ਦੀ ਨਿਗਾਹ) ਨਾਲ ਵੱਡੇ ਵੱਡੇ ਨਿਰਦਈ ਬੰਦੇ ਭੀ ਅੱਤਿਆਚਾਰਾਂ ਵਲੋਂ ਹਟ ਜਾਂਦੇ ਹਨ।1। ਰਹਾਉ। ਹੇ ਮੋਹਨ! (ਤੇਰੇ ਪੈਦਾ ਕੀਤੇ ਜੀਵ ਤੇਰੇ ਹੀ ਦਰ ਤੇ) ਅਰਦਾਸ ਬੇਨਤੀ ਕਰਦੇ ਹਨ, (ਤੈਨੂੰ ਹੀ) ਪਲ ਪਲ ਹਿਰਦੇ ਵਿਚ ਵਸਾਂਦੇ ਹਨ। ਹੇ ਗਰੀਬਾਂ ਦੇ ਦੁੱਖ ਨਾਸ ਕਰਨ ਵਾਲੇ ਮੋਹਨ! ਜਦੋਂ ਤੂੰ ਦਇਆਵਾਨ ਹੁੰਦਾ ਹੈਂ, ਤਾਂ ਆਪਣੇ ਹੱਥ ਦੇ ਕੇ (ਜੀਵਾਂ ਨੂੰ ਦੁੱਖਾਂ ਤੋਂ) ਪਾਰ ਲੰਘਾ ਲੈਂਦਾ ਹੈਂ।1। ਹੇ ਨਾਨਕ! (ਆਖ– ਹੇ ਮੋਹਨ!) ਇਹਨਾਂ ਵਿਚਾਰੇ ਰਾਜਿਆਂ ਦੀ ਕੋਈ ਪਾਂਇਆਂ ਨਹੀਂ ਕਿ ਇਹ ਕਿਸੇ ਨੂੰ ਮਾਰ ਸਕਣ (ਸਭ ਤੇਰਾ ਹੀ ਖੇਲ-ਤਮਾਸ਼ਾ ਹੈ) । ਹੇ ਸੁਖਾਂ ਦੇ ਦੇਣ ਵਾਲੇ! (ਅਸਾਂ ਜੀਵਾਂ ਦੀ) ਰੱਖਿਆ ਕਰ, ਰੱਖਿਆ ਕਰ, ਰੱਖਿਆ ਕਰ। ਸਾਰਾ ਜਗਤ ਤੇਰਾ ਹੀ (ਰਚਿਆ ਹੋਇਆ) ਹੈ।2।11। 34। ਸਾਰਗ ਮਹਲਾ ੫ ॥ ਅਬ ਮੋਹਿ ਧਨੁ ਪਾਇਓ ਹਰਿ ਨਾਮਾ ॥ ਭਏ ਅਚਿੰਤ ਤ੍ਰਿਸਨ ਸਭ ਬੁਝੀ ਹੈ ਇਹੁ ਲਿਖਿਓ ਲੇਖੁ ਮਥਾਮਾ ॥੧॥ ਰਹਾਉ ॥ ਖੋਜਤ ਖੋਜਤ ਭਇਓ ਬੈਰਾਗੀ ਫਿਰਿ ਆਇਓ ਦੇਹ ਗਿਰਾਮਾ ॥ ਗੁਰਿ ਕ੍ਰਿਪਾਲਿ ਸਉਦਾ ਇਹੁ ਜੋਰਿਓ ਹਥਿ ਚਰਿਓ ਲਾਲੁ ਅਗਾਮਾ ॥੧॥ ਆਨ ਬਾਪਾਰ ਬਨਜ ਜੋ ਕਰੀਅਹਿ ਤੇਤੇ ਦੂਖ ਸਹਾਮਾ ॥ ਗੋਬਿਦ ਭਜਨ ਕੇ ਨਿਰਭੈ ਵਾਪਾਰੀ ਹਰਿ ਰਾਸਿ ਨਾਨਕ ਰਾਮ ਨਾਮਾ ॥੨॥੧੨॥੩੫॥ {ਪੰਨਾ 1211} ਪਦ ਅਰਥ: ਮੋਹਿ = ਮੈਂ। ਪਾਇਓ = ਲੱਭ ਲਿਆ ਹੈ। ਅਚਿੰਤ = ਚਿੰਤਾ-ਰਹਿਤ, ਬੇ-ਫ਼ਿਕਰ। ਸਭ = ਸਾਰੀ। ਮਥਾਮਾ = ਮੱਥੇ ਉੱਤੇ।1। ਰਹਾਉ। ਖੋਜਤ = ਢੂੰਢਦਿਆਂ। ਭਇਓ = ਹੋ ਗਿਆ। ਫਿਰਿ = ਫਿਰ ਫਿਰ ਕੇ। ਦੇਹ ਗਿਰਾਮਾ = ਸਰੀਰ-ਪਿੰਡ ਵਿਚ। ਗੁਰਿ = ਗੁਰੂ ਨੇ। ਕ੍ਰਿਪਾਲਿ = ਕਿਰਪਾਲ ਨੇ। ਜੋਰਿਓ = ਜੋੜ ਦਿੱਤਾ, ਕਰ ਦਿੱਤਾ। ਹਥਿ = ਹੱਥ ਵਿਚ। ਹਥਿ ਚਰਿਆ = ਮਿਲ ਗਿਆ। ਅਗਾਮਾ = ਅਪਹੁੰਚ, ਅਮੋਲਕ।1। ਆਨ = {ANX} ਹੋਰ ਹੋਰ। ਕਰੀਅਹਿ = ਕੀਤੇ ਜਾਂਦੇ ਹਨ। ਤੇਤੇ = ਉਹ ਸਾਰੇ। ਰਾਸਿ = ਪੂੰਜੀ, ਸਰਮਾਇਆ।2। ਅਰਥ: ਹੇ ਭਾਈ! (ਗੁਰੂ ਦੀ ਕਿਰਪਾ ਨਾਲ) ਹੁਣ ਮੈਂ ਪਰਮਾਤਮਾ ਦਾ ਨਾਮ-ਧਨ ਲੱਭ ਲਿਆ ਹੈ। (ਇਸ ਧਨ ਦੀ ਬਰਕਤਿ ਨਾਲ) ਮੈਂ ਬੇ-ਫ਼ਿਕਰ ਹੋ ਗਿਆ ਹਾਂ, (ਮੇਰੇ ਅੰਦਰੋਂ) ਸਾਰੀ (ਮਾਇਆ ਦੀ) ਤ੍ਰਿਸ਼ਨਾ ਮਿਟ ਗਈ ਹੈ (ਧੁਰ ਦਰਗਾਹ ਤੋਂ ਹੀ) ਇਹ (ਪ੍ਰਾਪਤੀ ਦਾ) ਲੇਖ ਮੱਥੇ ਉੱਤੇ ਲਿਖਿਆ ਹੋਇਆ ਸੀ।1। ਰਹਾਉ। ਹੇ ਭਾਈ! ਭਾਲ ਕਰਦਾ ਕਰਦਾ ਮੈਂ ਤਾਂ ਵੈਰਾਗੀ ਹੀ ਹੋ ਗਿਆ ਸਾਂ, ਆਖ਼ਿਰ ਭਟਕ ਭਟਕ ਕੇ (ਗੁਰੂ ਦੀ ਕਿਰਪਾ ਨਾਲ) ਮੈਂ ਸਰੀਰ-ਪਿੰਡ ਵਿਚ ਆ ਪਹੁੰਚਿਆ। ਕਿਰਪਾਲ ਗੁਰੂ ਨੇ ਇਹ ਵਣਜ ਕਰਾ ਦਿੱਤਾ ਕਿ (ਸਰੀਰ ਦੇ ਅੰਦਰੋਂ ਹੀ) ਮੈਨੂੰ ਪਰਮਾਤਮਾ ਦਾ ਨਾਮ ਅਮੋਲਕ ਲਾਲ ਮਿਲ ਗਿਆ।1। ਹੇ ਭਾਈ! (ਪਰਮਾਤਮਾ ਦੇ ਨਾਮ ਤੋਂ ਬਿਨਾ) ਹੋਰ ਜਿਹੜੇ ਜਿਹੜੇ ਭੀ ਵਣਜ ਵਪਾਰ ਕਰੀਦੇ ਹਨ, ਉਹ ਸਾਰੇ ਦੁੱਖ ਸਹਾਰਨ (ਦਾ ਸਬਬ ਬਣਦੇ ਹਨ) । ਹੇ ਨਾਨਕ! (ਆਖ– ਹੇ ਭਾਈ!) ਪਰਮਾਤਮਾ ਦੇ ਭਜਨ ਦੇ ਵਪਾਰੀ ਬੰਦੇ (ਦੁਨੀਆ ਦੇ) ਡਰਾਂ ਤੋਂ ਬਚੇ ਰਹਿੰਦੇ ਹਨ, ਉਹਨਾਂ ਦੇ ਪਾਸ ਪਰਮਾਤਮਾ ਦੇ ਨਾਮ ਦਾ ਸਰਮਾਇਆ ਟਿਕਿਆ ਰਹਿੰਦਾ ਹੈ।2।12। 35। ਸਾਰਗ ਮਹਲਾ ੫ ॥ ਮੇਰੈ ਮਨਿ ਮਿਸਟ ਲਗੇ ਪ੍ਰਿਅ ਬੋਲਾ ॥ ਗੁਰਿ ਬਾਹ ਪਕਰਿ ਪ੍ਰਭ ਸੇਵਾ ਲਾਏ ਸਦ ਦਇਆਲੁ ਹਰਿ ਢੋਲਾ ॥੧॥ ਰਹਾਉ ॥ ਪ੍ਰਭ ਤੂ ਠਾਕੁਰੁ ਸਰਬ ਪ੍ਰਤਿਪਾਲਕੁ ਮੋਹਿ ਕਲਤ੍ਰ ਸਹਿਤ ਸਭਿ ਗੋਲਾ ॥ ਮਾਣੁ ਤਾਣੁ ਸਭੁ ਤੂਹੈ ਤੂਹੈ ਇਕੁ ਨਾਮੁ ਤੇਰਾ ਮੈ ਓਲ੍ਹ੍ਹਾ ॥੧॥ ਜੇ ਤਖਤਿ ਬੈਸਾਲਹਿ ਤਉ ਦਾਸ ਤੁਮ੍ਹ੍ਹਾਰੇ ਘਾਸੁ ਬਢਾਵਹਿ ਕੇਤਕ ਬੋਲਾ ॥ ਜਨ ਨਾਨਕ ਕੇ ਪ੍ਰਭ ਪੁਰਖ ਬਿਧਾਤੇ ਮੇਰੇ ਠਾਕੁਰ ਅਗਹ ਅਤੋਲਾ ॥੨॥੧੩॥੩੬॥ {ਪੰਨਾ 1211} ਪਦ ਅਰਥ: ਮੇਰੈ ਮਨਿ = ਮੇਰੇ ਮਨ ਵਿਚ। ਮਿਸਟ = ਮਿਸ਼ਟ, ਮਿੱਠੇ। ਪ੍ਰਿਅ ਬੋਲਾ = ਪਿਆਰੇ ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ ਬਚਨ। ਗੁਰਿ = ਗੁਰੂ ਨੇ। ਪਕਰਿ = ਫੜ ਕੇ। ਸਦ = ਸਦਾ। ਢੋਲਾ = ਪਿਆਰਾ।1। ਰਹਾਉ। ਪ੍ਰਭ = ਹੇ ਪ੍ਰਭੂ! ਠਾਕੁਰੁ = ਮਾਲਕ। ਪ੍ਰਤਿਪਾਲਕੁ = ਪਾਲਣ ਵਾਲਾ। ਮੋਹਿ = ਮੈਂ। ਕਲਤ੍ਰ = ਇਸਤ੍ਰੀ। ਸਹਿਤ = ਸਮੇਤ। ਸਭਿ = ਸਾਰੇ। ਗੋਲਾ = ਗ਼ੁਲਾਮ, ਸੇਵਕ। ਤਾਣੁ = ਆਸਰਾ, ਤਾਕਤ। ਓਲ੍ਹ੍ਹਾ = ਪਰਦਾ, ਆਸਰਾ।1। ਤਖਤਿ = ਤਖ਼ਤ ਉੱਤੇ। ਬੈਸਾਲਹਿ = ਤੂੰ (ਮੈਨੂੰ) ਬਿਠਾਏਂ। ਤਉ = ਤਦੋਂ, ਤਾਂ ਭੀ। ਘਾਸੁ = ਘਾਹ। ਬਢਾਵਹਿ = ਤੂੰ ਵਢਾਏਂ। ਕੇਤਕ ਬੋਲਾ = ਕਿਤਨੇ ਬੋਲ (ਬੋਲ ਸਕਦਾ ਹਾਂ) ? ਮੈਨੂੰ ਕੋਈ ਇਤਰਾਜ਼ ਨਹੀਂ। ਬਿਧਾਤੇ = ਹੇ ਰਚਨਹਾਰ! ਠਾਕੁਰ = ਹੇ ਮਾਲਕ! ਅਗਹ = ਹੇ ਅਥਾਹ!।2। ਅਰਥ: ਹੇ ਭਾਈ! ਜਦੋਂ ਤੋਂ ਗੁਰੂ ਨੇ (ਮੇਰੀ) ਬਾਂਹ ਫੜ ਕੇ (ਮੈਨੂੰ) ਪ੍ਰਭੂ ਦੀ ਸੇਵਾ-ਭਗਤੀ ਵਿਚ ਲਾਇਆ ਹੈ, ਤਦੋਂ ਤੋਂ ਮੇਰੇ ਮਨ ਵਿਚ ਪਿਆਰੇ ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ ਬਚਨ ਮਿੱਠੇ ਲੱਗ ਰਹੇ ਹਨ। (ਹੁਣ ਮੈਨੂੰ ਇਉਂ ਸਮਝ ਆ ਗਈ ਹੈ ਕਿ) ਪਿਆਰਾ ਹਰੀ ਸਦਾ ਹੀ (ਮੇਰੇ ਉੱਤੇ) ਦਇਆਵਾਨ ਹੈ।1। ਰਹਾਉ। ਹੇ ਪ੍ਰਭੂ! (ਜਦ ਤੋਂ ਗੁਰੂ ਨੇ ਮੈਨੂੰ ਤੇਰੀ ਸੇਵਾ ਵਿਚ ਲਾਇਆ ਹੈ, ਮੈਨੂੰ ਯਕੀਨ ਹੋ ਗਿਆ ਹੈ ਕਿ) ਤੂੰ (ਸਾਡਾ) ਮਾਲਕ ਹੈਂ, ਤੂੰ ਸਭ ਜੀਵਾਂ ਦਾ ਪਾਲਣਹਾਰ ਹੈਂ। ਮੈਂ (ਆਪਣੀ) ਇਸਤ੍ਰੀ (ਪਰਵਾਰ) ਸਮੇਤ = ਅਸੀਂ ਸਾਰੇ ਤੇਰੇ ਗ਼ੁਲਾਮ ਹਾਂ। ਹੇ ਪ੍ਰਭੂ! ਤੂੰ ਹੀ ਮੇਰਾ ਮਾਣ ਹੈਂ, ਤੂੰ ਹੀ ਮੇਰਾ ਤਾਣ ਹੈਂ। ਤੇਰਾ ਨਾਮ ਹੀ ਮੇਰਾ ਸਹਾਰਾ ਹੈ।1। ਹੇ ਦਾਸ ਨਾਨਕ ਦੇ ਪ੍ਰਭੂ! ਹੇ ਅਕਾਲ ਪੁਰਖ! ਹੇ ਰਚਨਹਾਰ! ਹੇ ਮੇਰੇ ਅਥਾਹ ਤੇ ਅਤੋਲ ਠਾਕੁਰ! ਹੇ ਪ੍ਰਭੂ! ਜੇ ਤੂੰ ਮੈਨੂੰ ਤਖ਼ਤ ਉੱਤੇ ਬਿਠਾ ਦੇਵੇਂ, ਤਾਂ ਭੀ ਮੈਂ ਤੇਰਾ ਦਾਸ ਹਾਂ, ਜੇ ਤੂੰ (ਮੈਨੂੰ ਘਾਹੀ ਬਣਾ ਕੇ ਮੈਥੋਂ) ਘਾਹ ਵਢਾਏਂ, ਤਾਂ ਭੀ ਮੈਨੂੰ ਕੋਈ ਇਤਰਾਜ਼ ਨਹੀਂ।2।13। 36। ਸਾਰਗ ਮਹਲਾ ੫ ॥ ਰਸਨਾ ਰਾਮ ਕਹਤ ਗੁਣ ਸੋਹੰ ॥ ਏਕ ਨਿਮਖ ਓਪਾਇ ਸਮਾਵੈ ਦੇਖਿ ਚਰਿਤ ਮਨ ਮੋਹੰ ॥੧॥ ਰਹਾਉ ॥ ਜਿਸੁ ਸੁਣਿਐ ਮਨਿ ਹੋਇ ਰਹਸੁ ਅਤਿ ਰਿਦੈ ਮਾਨ ਦੁਖ ਜੋਹੰ ॥ ਸੁਖੁ ਪਾਇਓ ਦੁਖੁ ਦੂਰਿ ਪਰਾਇਓ ਬਣਿ ਆਈ ਪ੍ਰਭ ਤੋਹੰ ॥੧॥ ਕਿਲਵਿਖ ਗਏ ਮਨ ਨਿਰਮਲ ਹੋਈ ਹੈ ਗੁਰਿ ਕਾਢੇ ਮਾਇਆ ਦ੍ਰੋਹੰ ॥ ਕਹੁ ਨਾਨਕ ਮੈ ਸੋ ਪ੍ਰਭੁ ਪਾਇਆ ਕਰਣ ਕਾਰਣ ਸਮਰਥੋਹੰ ॥੨॥੧੪॥੩੭॥ {ਪੰਨਾ 1211} ਪਦ ਅਰਥ: ਰਸਨਾ = ਜੀਭ। ਰਾਮ ਕਹਤ ਗੁਣ = ਰਾਮ ਦੇ ਗੁਣ ਕਹਿੰਦਿਆਂ। ਸੋਹੰ = ਸੋਹਣੀ ਲੱਗਦੀ ਹੈ। ਨਿਮਖ = {inmy = } ਅੱਖ ਝਮਕਣ ਜਿਤਨਾ ਸਮਾ। ਓਪਾਇ = ਪੈਦਾ ਕਰ ਕੇ। ਸਮਾਵੈ = ਲੀਨ ਕਰ ਲੈਂਦਾ ਹੈ। ਦੇਖਿ = ਵੇਖ ਕੇ। ਚਰਿਤ = ਕੌਤਕ-ਤਮਾਸ਼ੇ। ਮੋਹੇ = ਮੋਹਿਆ ਜਾਂਦਾ ਹੈ।1। ਰਹਾਉ। ਜਿਸੁ ਸੁਣਿਐ = ਜਿਸ ਦਾ (ਨਾਮ) ਸੁਣਿਆਂ। ਮਨਿ = ਮਨ ਵਿਚ। ਰਹਸੁ = ਖ਼ੁਸ਼ੀ। ਅਤਿ = ਬਹੁਤ। ਰਿਦੈ ਮਾਨ = (ਜਿਸ ਨੂੰ) ਹਿਰਦੇ ਵਿਚ ਮੰਨਿਆਂ। ਜੋਹੰ = ਤਾੜਨਾ। ਦੁਖ ਜੋਹੰ = ਦੁੱਖਾਂ ਨੂੰ ਤਾੜਨਾ, ਦੁੱਖਾਂ ਦਾ ਨਾਸ। ਦੂਰਿ ਪਰਾਇਓ = ਦੂਰ ਹੋ ਜਾਂਦਾ ਹੈ। ਪ੍ਰਭ = ਹੇ ਪ੍ਰਭੂ! ਬਣਿ ਆਈ ਤੋਹੰ = ਤੇਰੇ ਨਾਲ (ਪ੍ਰੀਤ) ਬਣ ਜਾਂਦੀ ਹੈ।1। ਕਿਲਵਿਖ = ਪਾਪ। ਨਿਰਮਲ = ਪਵਿੱਤਰ। ਗੁਰਿ = ਗੁਰੂ ਨੇ। ਦ੍ਰੋਹੰ = ਠੱਗੀ, ਛਲ। ਕਰਣ = ਜਗਤ। ਕਰਣ ਕਾਰਣ = ਜਗਤ ਦਾ ਮੂਲ। ਸਮਰਥੋਹੰ = ਸਾਰੀਆਂ ਤਾਕਤਾਂ ਦਾ ਮਾਲਕ।2। ਅਰਥ: ਹੇ ਭਾਈ! ਪਰਮਾਤਮਾ ਦੇ ਗੁਣ ਉਚਾਰਦਿਆਂ ਜੀਭ ਸੋਹਣੀ ਲੱਗਦੀ ਹੈ। ਉਹ ਪ੍ਰਭੂ ਅੱਖ ਝਮਕਣ ਜਿਤਨੇ ਸਮੇ ਵਿਚ ਪੈਦਾ ਕਰ ਕੇ (ਮੁੜ ਆਪਣੇ ਵਿਚ ਜਗਤ ਨੂੰ) ਲੀਨ ਕਰ ਸਕਦਾ ਹੈ। ਉਸ ਦੇ ਚੋਜ-ਤਮਾਸ਼ੇ ਵੇਖ ਕੇ ਮਨ ਮੋਹਿਆ ਜਾਂਦਾ ਹੈ।1। ਰਹਾਉ। ਹੇ ਪ੍ਰਭੂ! ਜਿਸ ਮਨੁੱਖ ਦੀ ਪ੍ਰੀਤ ਤੇਰੇ ਨਾਲ ਬਣ ਜਾਂਦੀ ਹੈ, ਉਸ ਦਾ ਸਾਰਾ ਦੁੱਖ ਦੂਰ ਹੋ ਜਾਂਦਾ ਹੈ, ਉਹ ਸਦਾ ਸੁਖ ਮਾਣਦਾ ਹੈ। (ਹੇ ਪ੍ਰਭੂ! ਤੂੰ ਐਸਾ ਹੈਂ) ਜਿਸ ਦਾ ਨਾਮ ਸੁਣਿਆਂ ਮਨ ਵਿਚ ਬਹੁਤ ਖ਼ੁਸ਼ੀ ਪੈਦਾ ਹੁੰਦੀ ਹੈ, ਜਿਸ ਨੂੰ ਹਿਰਦੇ ਵਿਚ ਵਸਾਇਆਂ ਸਾਰੇ ਦੁੱਖਾਂ ਦਾ ਨਾਸ ਹੋ ਜਾਂਦਾ ਹੈ।1। ਹੇ ਭਾਈ! (ਜਿਸ ਮਨੁੱਖ ਨੇ ਜੀਭ ਨਾਲ ਰਾਮ-ਗੁਣ ਗਾਏ, ਉਸ ਦੇ ਅੰਦਰੋਂ) ਗੁਰੂ ਨੇ ਮਾਇਆ ਦੇ ਛਲ ਕੱਢ ਦਿੱਤੇ, ਉਸ ਦੇ ਸਾਰੇ ਪਾਪ ਦੂਰ ਹੋ ਗਏ, ਉਸ ਦਾ ਮਨ ਪਵਿੱਤਰ ਹੋ ਗਿਆ। ਹੇ ਨਾਨਕ! ਆਖ– (ਹੇ ਭਾਈ! ਗੁਰੂ ਦੀ ਕਿਰਪਾ ਨਾਲ) ਮੈਂ ਉਹ ਪਰਮਾਤਮਾ ਲੱਭ ਲਿਆ ਹੈ, ਜੋ ਜਗਤ ਦਾ ਮੂਲ ਹੈ ਜੋ ਸਾਰੀਆਂ ਤਾਕਤਾਂ ਦਾ ਮਾਲਕ ਹੈ।2।14। 37। ਸਾਰਗ ਮਹਲਾ ੫ ॥ ਨੈਨਹੁ ਦੇਖਿਓ ਚਲਤੁ ਤਮਾਸਾ ॥ ਸਭ ਹੂ ਦੂਰਿ ਸਭ ਹੂ ਤੇ ਨੇਰੈ ਅਗਮ ਅਗਮ ਘਟ ਵਾਸਾ ॥੧॥ ਰਹਾਉ ॥ ਅਭੂਲੁ ਨ ਭੂਲੈ ਲਿਖਿਓ ਨ ਚਲਾਵੈ ਮਤਾ ਨ ਕਰੈ ਪਚਾਸਾ ॥ ਖਿਨ ਮਹਿ ਸਾਜਿ ਸਵਾਰਿ ਬਿਨਾਹੈ ਭਗਤਿ ਵਛਲ ਗੁਣਤਾਸਾ ॥੧॥ ਅੰਧ ਕੂਪ ਮਹਿ ਦੀਪਕੁ ਬਲਿਓ ਗੁਰਿ ਰਿਦੈ ਕੀਓ ਪਰਗਾਸਾ ॥ ਕਹੁ ਨਾਨਕ ਦਰਸੁ ਪੇਖਿ ਸੁਖੁ ਪਾਇਆ ਸਭ ਪੂਰਨ ਹੋਈ ਆਸਾ ॥੨॥੧੫॥੩੮॥ {ਪੰਨਾ 1211} ਪਦ ਅਰਥ: ਨੈਨਹੁ = ਅੱਖਾਂ ਨਾਲ। ਸਭ ਹੂ ਦੂਰਿ = ਸਭ ਤੋਂ ਦੂਰ (ਨਿਰਲੇਪ) । ਤੇ = ਤੋਂ। ਨੇਰੈ = ਨੇੜੇ। ਅਗਮ = ਅਪਹੁੰਚ। ਘਟ ਵਾਸਾ = ਸਭਨਾਂ ਸਰੀਰਾਂ ਵਿਚ ਨਿਵਾਸ।1। ਰਹਾਉ। ਅਭੂਲੁ = ਭੁੱਲਾਂ ਤੋਂ ਰਹਿਤ। ਲਿਖਿਓ = ਲਿਖਿਆ ਹੋਇਆ (ਹੁਕਮ) । ਮਤਾ = ਸਲਾਹਾਂ। ਪਚਾਸਾ = ਪੰਜਾਹ, ਕਈ। ਸਾਜਿ = ਪੈਦਾ ਕਰ ਕੇ। ਸਵਾਰਿ = ਸੋਹਣਾ ਬਣਾ ਕੇ। ਬਿਨਾਹੈ– ਨਾਸ ਕਰ ਦੇਂਦਾ ਹੈ। ਭਗਤਿ ਵਛਲ = ਭਗਤੀ ਨੂੰ ਪਿਆਰ ਕਰਨ ਵਾਲਾ। ਗੁਣ ਤਾਸਾ = ਗੁਣਾਂ ਦਾ ਖ਼ਜ਼ਾਨਾ।1। ਅੰਧ = ਅੰਨ੍ਹਾ, ਘੁੱਪ ਹਨੇਰੇ ਵਾਲਾ। ਕੂਪ = ਖੂਹ। ਦੀਪਕੁ = ਦੀਵਾ। ਗੁਰਿ = ਗੁਰੂ ਨੇ। ਰਿਦੈ = ਹਿਰਦੇ ਵਿਚ। ਪਰਗਾਸਾ = ਚਾਨਣ। ਪੇਖਿ = ਵੇਖ ਕੇ। ਸਭ = ਸਾਰੀ।2। ਅਰਥ: ਹੇ ਭਾਈ! (ਮੈਂ ਆਪਣੀ) ਅੱਖੀਂ (ਪਰਮਾਤਮਾ ਦਾ ਅਜਬ) ਕੌਤਕ ਵੇਖਿਆ ਹੈ (ਅਜਬ) ਤਮਾਸ਼ਾ ਵੇਖਿਆ ਹੈ। ਉਹ ਪਰਮਾਤਮਾ (ਨਿਰਲੇਪ ਹੋਣ ਦੇ ਕਾਰਨ) ਸਭਨਾਂ ਜੀਵਾਂ ਤੋਂ ਦੂਰ (ਵੱਖਰਾ) ਹੈ, (ਸਰਬ-ਵਿਆਪਕ ਹੋਣ ਦੇ ਕਾਰਨ ਉਹ) ਸਭ ਜੀਵਾਂ ਤੋਂ ਨੇੜੇ, ਉਹ ਅਪਹੁੰਚ ਹੈ ਅਪਹੁੰਚ ਹੈ, ਪਰ ਉਂਞ ਸਭ ਸਰੀਰਾਂ ਵਿਚ ਉਸ ਦਾ ਨਿਵਾਸ ਹੈ।1। ਰਹਾਉ। ਹੇ ਭਾਈ! ਉਹ ਪਰਮਾਤਮਾ ਭੁੱਲਾਂ ਤੋਂ ਰਹਿਤ ਹੈ, ਉਹ ਕਦੇ ਕੋਈ ਗ਼ਲਤੀ ਨਹੀਂ ਕਰਦਾ, ਨਾਹ ਉਹ ਕੋਈ ਲਿਖਿਆ ਹੋਇਆ ਹੁਕਮ ਚਲਾਂਦਾ ਹੈ, ਨਾਹ ਉਹ ਬਹੁਤੀਆਂ ਸਲਾਹਾਂ ਹੀ ਕਰਦਾ ਹੈ। ਉਹ ਤਾਂ ਇਕ ਖਿਨ ਵਿਚ ਪੈਦਾ ਕਰ ਕੇ ਸੋਹਣਾ ਬਣਾ ਕੇ (ਖਿਨ ਵਿਚ ਹੀ) ਨਾਸ ਕਰ ਦੇਂਦਾ ਹੈ। ਉਹ ਪਰਮਾਤਮਾ ਭਗਤੀ ਨਾਲ ਪਿਆਰ ਕਰਨ ਵਾਲਾ ਹੈ, ਅਤੇ (ਬੇਅੰਤ) ਗੁਣਾਂ ਦਾ ਖ਼ਜ਼ਾਨਾ ਹੈ।1। ਹੇ ਭਾਈ! ਗੁਰੂ ਨੇ (ਜਿਸ ਮਨੁੱਖ ਦੇ) ਹਿਰਦੇ ਵਿਚ (ਪਰਮਾਤਮਾ ਦੇ ਨਾਮ ਦਾ) ਚਾਨਣ ਕਰ ਦਿੱਤਾ (ਉੱਥੇ, ਮਾਨੋ) ਘੁੱਪ ਹਨੇਰੇ ਵਾਲੇ ਖੂਹ ਵਿਚ ਦੀਵਾ ਬਲ ਪਿਆ। ਹੇ ਨਾਨਕ! ਆਖ– (ਹੇ ਭਾਈ! ਉਸ ਪਰਮਾਤਮਾ ਦਾ) ਦਰਸਨ ਕਰ ਕੇ ਮੈਂ ਆਤਮਕ ਆਨੰਦ ਪ੍ਰਾਪਤ ਕਰ ਲਿਆ ਹੈ, ਮੇਰੀ ਹਰੇਕ ਆਸ ਪੂਰੀ ਹੋ ਗਈ ਹੈ।2।15। 38। |
Sri Guru Granth Darpan, by Professor Sahib Singh |