ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 1212

ਸਾਰਗ ਮਹਲਾ ੫ ॥ ਚਰਨਹ ਗੋਬਿੰਦ ਮਾਰਗੁ ਸੁਹਾਵਾ ॥ ਆਨ ਮਾਰਗ ਜੇਤਾ ਕਿਛੁ ਧਾਈਐ ਤੇਤੋ ਹੀ ਦੁਖੁ ਹਾਵਾ ॥੧॥ ਰਹਾਉ ॥ ਨੇਤ੍ਰ ਪੁਨੀਤ ਭਏ ਦਰਸੁ ਪੇਖੇ ਹਸਤ ਪੁਨੀਤ ਟਹਲਾਵਾ ॥ ਰਿਦਾ ਪੁਨੀਤ ਰਿਦੈ ਹਰਿ ਬਸਿਓ ਮਸਤ ਪੁਨੀਤ ਸੰਤ ਧੂਰਾਵਾ ॥੧॥ ਸਰਬ ਨਿਧਾਨ ਨਾਮਿ ਹਰਿ ਹਰਿ ਕੈ ਜਿਸੁ ਕਰਮਿ ਲਿਖਿਆ ਤਿਨਿ ਪਾਵਾ ॥ ਜਨ ਨਾਨਕ ਕਉ ਗੁਰੁ ਪੂਰਾ ਭੇਟਿਓ ਸੁਖਿ ਸਹਜੇ ਅਨਦ ਬਿਹਾਵਾ ॥੨॥੧੬॥੩੯॥ {ਪੰਨਾ 1212}

ਪਦ ਅਰਥ: ਚਰਨਹ = ਪੈਰਾਂ ਨਾਲ। ਮਾਰਗੁ = ਰਸਤਾ। ਸੁਹਾਵਾ = ਸੋਹਣਾ, ਸੁਖਦਾਈ। ਆਨ = {ANX} ਹੋਰ ਹੋਰ। ਮਾਰਗ = ਰਸਤੇ। ਜੇਤਾ = ਜਿਤਨਾ ਹੀ। ਧਾਈਐ = ਦੌੜ-ਭੱਜ ਕਰੀਦੀ ਹੈ। ਤੇਤੋ = ਉਤਨਾ ਹੀ। ਹਾਵਾ = ਹਾਹੁਕਾ।1। ਰਹਾਉ।

ਨੇਤ੍ਰ = ਅੱਖਾਂ। ਪੁਨੀਤ = ਪਵਿੱਤਰ। ਦਰਸੁ ਪੇਖੇ = ਦਰਸਨ ਕੀਤਿਆਂ। ਪੇਖੇ = ਵੇਖਿਆਂ। ਹਸਤ = {hÔq} ਹੱਥ। ਟਹਲਾਵਾ = ਟਹਲ, ਸੇਵਾ। ਰਿਦਾ = ਹਿਰਦਾ। ਰਿਦੈ = ਹਿਰਦੇ ਵਿਚ। ਮਸਤ = ਮਸਤਕ, ਮੱਥਾ। ਧੂਰਾਵਾ = ਚਰਨਾਂ ਦੀ ਧੂੜ।1।

ਨਿਧਾਨ = ਖ਼ਜ਼ਾਨੇ। ਨਾਮਿ ਹਰਿ ਕੈ = ਹਰੀ ਦੇ ਨਾਮ ਵਿਚ। ਜਿਸੁ ਲਿਖਿਆ = ਜਿਸ ਦੇ (ਮੱਥੇ ਉਤੇ) ਲਿਖਿਆ ਗਿਆ। ਕਰਮਿ = (ਪਰਮਾਤਮਾ ਦੀ) ਮਿਹਰ ਨਾਲ {ਕਰਮੁ = ਮਿਹਰ, ਬਖ਼ਸ਼ਸ਼}। ਤਿਨਿ = ਉਸ (ਮਨੁੱਖ) ਨੇ। ਕਉ = ਨੂੰ। ਭੇਟਿਓ = ਮਿਲ ਪਿਆ। ਸੁਖਿ = ਆਨੰਦ ਵਿਚ। ਸਹਜੇ = ਆਤਮਕ ਅਡੋਲਤਾ ਵਿਚ। ਜਨ ਕਉ = ਜਿਸ ਮਨੁੱਖ ਨੂੰ।2।

ਅਰਥ: ਹੇ ਭਾਈ! ਪੈਰਾਂ ਨਾਲ (ਨਿਰਾ) ਪਰਮਾਤਮਾ ਦਾ ਰਸਤਾ (ਹੀ ਤੁਰਨਾ) ਸੋਹਣਾ ਲੱਗਦਾ ਹੈ। ਹੋਰ ਅਨੇਕਾਂ ਰਸਤਿਆਂ ਉੱਤੇ ਜਿਤਨੀ ਭੀ ਦੌੜ-ਭੱਜ ਕਰੀਦੀ ਹੈ, ਉਤਨਾ ਹੀ ਦੁੱਖ ਲੱਗਦਾ ਹੈ, ਉਤਨਾ ਹੀ ਹਾਹੁਕਾ ਲੱਗਦਾ ਹੈ।1। ਰਹਾਉ।

ਹੇ ਭਾਈ! ਪਰਮਾਤਮਾ ਦਾ ਦਰਸਨ ਕੀਤਿਆਂ ਅੱਖਾਂ ਪਵਿੱਤਰ ਹੋ ਜਾਂਦੀਆਂ ਹਨ, (ਪਰਮਾਤਮਾ ਦੇ ਸੰਤ ਜਨਾਂ ਦੀ) ਟਹਲ ਕੀਤਿਆਂ ਹੱਥ ਪਵਿੱਤਰ ਹੋ ਜਾਂਦੇ ਹਨ। ਜਿਸ ਹਿਰਦੇ ਵਿਚ ਪਰਮਾਤਮਾ ਆ ਵੱਸਦਾ ਹੈ ਉਹ ਹਿਰਦਾ ਪਵਿੱਤਰ ਹੋ ਜਾਂਦਾ ਹੈ, ਉਹ ਮੱਥਾ ਪਵਿੱਤਰ ਹੋ ਜਾਂਦਾ ਹੈ ਜਿਸ ਉਤੇ ਸੰਤ ਜਨਾਂ ਦੇ ਚਰਨਾਂ ਦੀ ਧੂੜ ਲੱਗਦੀ ਹੈ।1।

ਹੇ ਭਾਈ! ਪਰਮਾਤਮਾ ਦੇ ਨਾਮ ਵਿਚ ਸਾਰੇ (ਹੀ) ਖ਼ਜ਼ਾਨੇ ਹਨ, ਜਿਸ ਮਨੁੱਖ ਦੇ ਮੱਥੇ ਉਤੇ (ਪਰਮਾਤਮਾ ਨੇ ਆਪਣੀ) ਮਿਹਰ ਨਾਲ (ਨਾਮ ਦੀ ਪ੍ਰਾਪਤੀ ਦਾ ਲੇਖ) ਲਿਖ ਦਿੱਤਾ, ਉਸ ਮਨੁੱਖ ਨੇ (ਨਾਮ) ਪ੍ਰਾਪਤ ਕਰ ਲਿਆ। ਹੇ ਨਾਨਕ! (ਆਖ– ਹੇ ਭਾਈ!) ਜਿਸ ਮਨੁੱਖ ਨੂੰ ਪੂਰਾ ਗੁਰੂ ਮਿਲ ਪਿਆ (ਉਸ ਨੂੰ ਪ੍ਰਭੂ ਦਾ ਨਾਮ ਮਿਲ ਗਿਆ, ਤੇ ਉਸ ਦੀ ਜ਼ਿੰਦਗੀ) ਸੁਖ ਵਿਚ ਆਤਮਕ ਅਡੋਲਤਾ ਵਿਚ ਆਨੰਦ ਵਿਚ ਗੁਜ਼ਰਨ ਲੱਗ ਪਈ।2। 16। 39।

ਸਾਰਗ ਮਹਲਾ ੫ ॥ ਧਿਆਇਓ ਅੰਤਿ ਬਾਰ ਨਾਮੁ ਸਖਾ ॥ ਜਹ ਮਾਤ ਪਿਤਾ ਸੁਤ ਭਾਈ ਨ ਪਹੁਚੈ ਤਹਾ ਤਹਾ ਤੂ ਰਖਾ ॥੧॥ ਰਹਾਉ ॥ ਅੰਧ ਕੂਪ ਗ੍ਰਿਹ ਮਹਿ ਤਿਨਿ ਸਿਮਰਿਓ ਜਿਸੁ ਮਸਤਕਿ ਲੇਖੁ ਲਿਖਾ ॥ ਖੂਲ੍ਹ੍ਹੇ ਬੰਧਨ ਮੁਕਤਿ ਗੁਰਿ ਕੀਨੀ ਸਭ ਤੂਹੈ ਤੁਹੀ ਦਿਖਾ ॥੧॥ ਅੰਮ੍ਰਿਤ ਨਾਮੁ ਪੀਆ ਮਨੁ ਤ੍ਰਿਪਤਿਆ ਆਘਾਏ ਰਸਨ ਚਖਾ ॥ ਕਹੁ ਨਾਨਕ ਸੁਖ ਸਹਜੁ ਮੈ ਪਾਇਆ ਗੁਰਿ ਲਾਹੀ ਸਗਲ ਤਿਖਾ ॥੨॥੧੭॥੪੦॥ {ਪੰਨਾ 1212}

ਪਦ ਅਰਥ: ਅੰਤਿ ਬਾਰ = ਅਖ਼ੀਰਲੇ ਸਮੇ। ਸਖਾ = ਸਾਥੀ, ਮਿੱਤਰ। ਜਹ = ਜਿੱਥੇ। ਸੁਤ = ਪੁੱਤਰ। ਤੂ = ਤੈਨੂੰ। ਰਖਾ = ਰੱਖਦਾ ਹੈ, ਸਹਾਇਤਾ ਕਰਦਾ ਹੈ।1। ਰਹਾਉ।

ਅੰਧ ਕੂਪ = ਘੁੱਪ ਹਨੇਰੇ ਖੂਹ। ਗ੍ਰਿਹ = ਹਿਰਦਾ-ਘਰ। ਤਿਨਿ = ਉਸ (ਮਨੁੱਖ) ਨੇ। ਮਸਤਕਿ = ਮੱਥੇ ਉਤੇ। ਬੰਧਨ = ਮੋਹ ਦੀਆਂ ਫਾਹੀਆਂ। ਗੁਰਿ = ਗੁਰੂ ਨੇ। ਮੁਕਤਿ = ਖ਼ਲਾਸੀ। ਦਿਖਾ = ਦਿੱਸ ਪਿਆ।1।

ਅੰਮ੍ਰਿਤ ਨਾਮੁ = ਆਤਮਕ ਜੀਵਨ ਦੇਣ ਵਾਲਾ ਨਾਮ-ਜਲ। ਤ੍ਰਿਪਤਿਆ = ਰੱਜ ਗਿਆ। ਆਘਾਏ = ਰੱਜ ਗਏ। ਰਸਨ = ਜੀਭ। ਸੁਖ ਸਹਜ = ਸਾਰੇ ਸੁਖ ਦੇਣ ਵਾਲੀ ਆਤਮਕ ਅਡੋਲਤਾ। ਗੁਰਿ = ਗੁਰੂ ਨੇ। ਤਿਖਾ = ਤ੍ਰਿਹ, ਤ੍ਰਿਸ਼ਨਾ।2।

ਅਰਥ: ਹੇ ਭਾਈ! (ਪਰਮਾਤਮਾ ਦਾ) ਨਾਮ ਹੀ (ਅਸਲ) ਸਾਥੀ ਹੈ। (ਜਿਸ ਮਨੁੱਖ ਨੇ) ਅੰਤ ਵੇਲੇ (ਇਸ ਨਾਮ ਨੂੰ) ਸਿਮਰਿਆ, (ਉਸ ਦਾ ਸਾਥੀ ਬਣਿਆ) । ਹੇ ਭਾਈ! ਜਿੱਥੇ ਮਾਂ, ਪਿਉ, ਪੁੱਤਰ, ਭਰਾ, ਕੋਈ ਭੀ ਪਹੁੰਚ ਨਹੀਂ ਸਕਦਾ, ਉੱਥੇ ਉੱਥੇ (ਇਹ ਹਰਿ-ਨਾਮ ਹੀ) ਤੈਨੂੰ ਰੱਖ ਸਕਦਾ ਹੈ (ਤੇਰੀ ਰਾਖੀ ਕਰਦਾ ਹੈ) ।1। ਰਹਾਉ।

ਹੇ ਭਾਈ! (ਮਾਇਆ ਦੇ ਮੋਹ ਦੇ) ਅੰਨ੍ਹੇ ਖੂਹ ਹਿਰਦੇ-ਘਰ ਵਿਚ (ਸਿਰਫ਼) ਉਸ (ਮਨੁੱਖ) ਨੇ (ਹੀ ਹਰਿ-ਨਾਮ) ਸਿਮਰਿਆ ਹੈ ਜਿਸ ਦੇ ਮੱਥੇ ਉੱਤੇ (ਨਾਮ ਸਿਮਰਨ ਦਾ) ਲੇਖ (ਧੁਰੋਂ) ਲਿਖਿਆ ਗਿਆ। (ਉਸ ਮਨੁੱਖ ਦੀਆਂ) ਮਾਇਆ ਦੇ ਮੋਹ ਦੀਆਂ ਫਾਹੀਆਂ ਖੁਲ੍ਹ ਗਈਆਂ, ਗੁਰੂ ਨੇ ਉਸ ਨੂੰ (ਮੋਹ ਤੋਂ) ਖ਼ਲਾਸੀ ਦਿਵਾ ਦਿੱਤੀ, ਉਸ ਨੂੰ ਇਉਂ ਦਿੱਸ ਪਿਆ (ਕਿ ਹੇ ਪ੍ਰਭੂ!) ਸਭ ਥਾਈਂ ਤੂੰ ਹੀ ਹੈਂ ਤੂੰ ਹੀ ਹੈਂ।1।

ਹੇ ਭਾਈ! ਜਿਸ ਮਨੁੱਖ ਨੇ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪੀ ਲਿਆ, ਉਸ ਦਾ ਮਨ ਸ਼ਾਂਤ ਹੋ ਗਿਆ, ਉਸ ਦੀ ਜੀਭ ਨਾਮ-ਜਲ ਚੱਖ ਕੇ ਰੱਜ ਗਈ। ਹੇ ਨਾਨਕ! ਆਖ– (ਹੇ ਭਾਈ! ਹਰਿ-ਨਾਮ ਦੀ ਦਾਤਿ ਦੇ ਕੇ) ਗੁਰੂ ਨੇ ਮੇਰੀ ਸਾਰੀ ਤ੍ਰਿਸ਼ਨਾ ਦੂਰ ਕਰ ਦਿੱਤੀ ਹੈ, ਮੈਂ ਸਾਰੇ ਸੁਖ ਦੇਣ ਵਾਲੀ ਆਤਮਕ ਅਡੋਲਤਾ ਹਾਸਲ ਕਰ ਲਈ ਹੈ।2। 17। 40।

ਸਾਰਗ ਮਹਲਾ ੫ ॥ ਗੁਰ ਮਿਲਿ ਐਸੇ ਪ੍ਰਭੂ ਧਿਆਇਆ ॥ ਭਇਓ ਕ੍ਰਿਪਾਲੁ ਦਇਆਲੁ ਦੁਖ ਭੰਜਨੁ ਲਗੈ ਨ ਤਾਤੀ ਬਾਇਆ ॥੧॥ ਰਹਾਉ ॥ ਜੇਤੇ ਸਾਸ ਸਾਸ ਹਮ ਲੇਤੇ ਤੇਤੇ ਹੀ ਗੁਣ ਗਾਇਆ ॥ ਨਿਮਖ ਨ ਬਿਛੁਰੈ ਘਰੀ ਨ ਬਿਸਰੈ ਸਦ ਸੰਗੇ ਜਤ ਜਾਇਆ ॥੧॥ ਹਉ ਬਲਿ ਬਲਿ ਬਲਿ ਬਲਿ ਚਰਨ ਕਮਲ ਕਉ ਬਲਿ ਬਲਿ ਗੁਰ ਦਰਸਾਇਆ ॥ ਕਹੁ ਨਾਨਕ ਕਾਹੂ ਪਰਵਾਹਾ ਜਉ ਸੁਖ ਸਾਗਰੁ ਮੈ ਪਾਇਆ ॥੨॥੧੮॥੪੧॥ {ਪੰਨਾ 1212}

ਪਦ ਅਰਥ: ਗੁਰ ਮਿਲਿ = ਗੁਰੂ ਨੇ ਮਿਲ ਕੇ। ਐਸੇ = ਇਸ ਤਰ੍ਹਾਂ (ਹਰੇਕ ਸਾਹ ਦੇ ਨਾਲ) । ਤਾਤੀ ਬਾਇਆ = ਤੱਤੀ ਹਵਾ।1। ਰਹਾਉ।

ਜੇਤੇ = ਜਿਤਨੇ ਭੀ। ਸਾਸ = ਸਾਹ। ਨਿਖਮ = {inmy = } ਅੱਖ ਝਮਕਣ ਜਿਤਨਾ ਸਮਾ। ਘਰੀ = ਘੜੀ। ਸਦ = ਸਦਾ। ਜਤ = ਜਿੱਥੇ ਜਿੱਥੇ। ਜਾਇਆ = ਜਾਈਦਾ ਹੈ।1।

ਹਉ = ਮੈਂ। ਬਲਿ = ਸਦਕੇ। ਕਉ = ਨੂੰ, ਤੋਂ। ਦਰਸਾਇਆ = ਦਰਸਨ। ਕਾਹੂ = ਕਿਸ ਦੀ? ਸੁਖ ਸਾਗਰੁ = ਸੁਖਾਂ ਦਾ ਸਮੁੰਦਰ ਪ੍ਰਭੂ।2।

ਅਰਥ: ਹੇ ਭਾਈ! (ਜਿਸ ਮਨੁੱਖ ਨੇ) ਗੁਰੂ ਨੂੰ ਮਿਲ ਕੇ ਇਉਂ (ਹਰੇਕ ਸਾਹ ਦੇ ਨਾਲ) ਪਰਮਾਤਮਾ ਦਾ ਸਿਮਰਨ ਕੀਤਾ, ਸਾਰੇ ਦੁੱਖਾਂ ਦਾ ਨਾਸ ਕਰਨ ਵਾਲਾ ਪਰਮਾਤਮਾ ਉਸ ਉੱਤੇ ਦਇਆਵਾਨ ਹੋਇਆ, ਉਸ ਮਨੁੱਖ ਨੂੰ (ਸਾਰੀ ਉਮਰ) ਤੱਤੀ 'ਵਾ ਨਹੀਂ ਲੱਗਦੀ (ਕੋਈ ਦੁੱਖ-ਕਲੇਸ਼ ਨਹੀਂ ਪੋਂਹਦਾ) ।1। ਰਹਾਉ।

ਹੇ ਭਾਈ! ਜਿਤਨੇ ਭੀ ਸਾਹ ਅਸੀਂ (ਜੀਵ) ਲੈਂਦੇ ਹਾਂ, ਜਿਹੜਾ ਮਨੁੱਖ ਉਹ ਸਾਰੇ ਹੀ ਸਾਹ (ਲੈਂਦਿਆਂ) ਪਰਮਾਤਮਾ ਦੇ ਗੁਣ ਗਾਂਦਾ ਹੈ, (ਜਿਹੜਾ ਮਨੁੱਖ ਪਰਮਾਤਮਾ ਤੋਂ) ਅੱਖ ਝਮਕਣ ਜਿਤਨੇ ਸਮੇ ਲਈ ਭੀ ਨਹੀਂ ਵਿੱਛੁੜਦਾ, (ਜਿਸ ਨੂੰ ਉਸ ਦੀ ਯਾਦ) ਇਕ ਘੜੀ ਭੀ ਨਹੀਂ ਭੁੱਲਦੀ, ਉਹ ਜਿੱਥੇ ਭੀ ਜਾਂਦਾ ਹੈ, ਪਰਮਾਤਮਾ ਉਸ ਨੂੰ ਸਦਾ ਆਪਣੇ ਨਾਲ ਦਿੱਸਦਾ ਹੈ।1।

ਹੇ ਨਾਨਕ! ਆਖ– (ਹੇ ਭਾਈ!) ਮੈਂ ਪਰਮਾਤਮਾ ਦੇ ਸੋਹਣੇ ਚਰਨਾਂ ਤੋਂ ਸਦਾ ਹੀ ਸਦਾ ਹੀ ਸਦਕੇ ਜਾਂਦਾ ਹਾਂ, ਗੁਰੂ ਦੇ ਦਰਸਨ ਤੋਂ ਕੁਰਬਾਨ ਜਾਂਦਾ ਹਾਂ। ਜਦੋਂ ਤੋਂ ਮੈਂ (ਗੁਰੂ ਦੀ ਕਿਰਪਾ ਨਾਲ) ਸਾਰੇ ਸੁਖਾਂ ਦਾ ਸਮੁੰਦਰ ਪ੍ਰਭੂ ਲੱਭਾ ਹੈ, ਮੈਨੂੰ ਕਿਸੇ ਦੀ ਮੁਥਾਜੀ ਨਹੀਂ ਰਹੀ।2। 18। 41।

ਸਾਰਗ ਮਹਲਾ ੫ ॥ ਮੇਰੈ ਮਨਿ ਸਬਦੁ ਲਗੋ ਗੁਰ ਮੀਠਾ ॥ ਖੁਲ੍ਹ੍ਹਿਓ ਕਰਮੁ ਭਇਓ ਪਰਗਾਸਾ ਘਟਿ ਘਟਿ ਹਰਿ ਹਰਿ ਡੀਠਾ ॥੧॥ ਰਹਾਉ ॥ ਪਾਰਬ੍ਰਹਮ ਆਜੋਨੀ ਸੰਭਉ ਸਰਬ ਥਾਨ ਘਟ ਬੀਠਾ ॥ ਭਇਓ ਪਰਾਪਤਿ ਅੰਮ੍ਰਿਤ ਨਾਮਾ ਬਲਿ ਬਲਿ ਪ੍ਰਭ ਚਰਣੀਠਾ ॥੧॥ ਸਤਸੰਗਤਿ ਕੀ ਰੇਣੁ ਮੁਖਿ ਲਾਗੀ ਕੀਏ ਸਗਲ ਤੀਰਥ ਮਜਨੀਠਾ ॥ ਕਹੁ ਨਾਨਕ ਰੰਗਿ ਚਲੂਲ ਭਏ ਹੈ ਹਰਿ ਰੰਗੁ ਨ ਲਹੈ ਮਜੀਠਾ ॥੨॥੧੯॥੪੨॥ {ਪੰਨਾ 1212}

ਪਦ ਅਰਥ: ਮੇਰੈ ਮਨਿ = ਮੇਰੇ ਮਨ ਵਿਚ। ਸਬਦੁ ਗੁਰ = ਗੁਰੂ ਦਾ ਸ਼ਬਦ। ਕਰਮੁ = ਬਖ਼ਸ਼ਸ਼ (ਦਾ ਦਰਵਾਜ਼ਾ) । ਪਰਗਾਸਾ = (ਆਤਮਕ ਜੀਵਨ ਦਾ) ਚਾਨਣ। ਘਟਿ ਘਟਿ = ਹਰੇਕ ਸਰੀਰ ਵਿਚ। ਡੀਠਾ = ਮੈਂ ਵੇਖ ਲਿਆ ਹੈ।1। ਰਹਾਉ।

ਆਜੋਨੀ = ਅਜੋਨੀ, ਜਿਹੜਾ ਜੂਨਾਂ ਵਿਚ ਨਹੀਂ ਆਉਂਦਾ। ਸੰਭਉ = {ÔvXzBu } ਆਪਣੇ ਆਪ ਤੋਂ ਪਰਗਟ ਹੋਣ ਵਾਲਾ। ਘਟ = ਸਰੀਰ। ਬੀਠਾ = ਬੈਠਾ ਹੋਇਆ, ਵਿਆਪਕ। ਅੰਮ੍ਰਿਤ = ਆਤਮਕ ਜੀਵਨ ਦੇਣ ਵਾਲਾ। ਬਲਿ ਬਲਿ = ਕੁਰਬਾਨ, ਸਦਕੇ। ਚਰਣੀਠਾ = ਚਰਨ।1।

ਰੇਣੁ = ਚਰਨ-ਧੂੜ। ਮੁਖਿ = ਮੂੰਹ ਉੱਤੇ। ਸਗਲ = ਸਾਰੇ। ਮਜਨੀਠਾ = ਇਸ਼ਨਾਨ। ਰੰਗਿ = ਪ੍ਰੇਮ-ਰੰਗ ਨਾਲ। ਚਲੂਲ = ਗੂੜ੍ਹਾ ਲਾਲ। ਨ ਲਹੈ– ਨਹੀਂ ਉਤਰਦਾ। ਮਜੀਠਾ = ਮਜੀਠ (ਦੇ ਰੰਗ ਵਾਂਗ) ।2।

ਅਰਥ: ਹੇ ਭਾਈ! ਮੇਰੇ ਮਨ ਵਿਚ ਗੁਰੂ ਦਾ ਸ਼ਬਦ ਮਿੱਠਾ ਲੱਗ ਰਿਹਾ ਹੈ (ਸ਼ਬਦ ਦੀ ਬਰਕਤਿ ਨਾਲ ਮੇਰੇ ਵਾਸਤੇ) ਪਰਮਾਤਮਾ ਦੀ ਮਿਹਰ (ਦਾ ਦਰਵਾਜ਼ਾ) ਖੁਲ੍ਹ ਗਿਆ ਹੈ, (ਮੇਰੇ ਹਿਰਦੇ ਵਿਚ ਆਤਮਕ ਜੀਵਨ ਦਾ) ਚਾਨਣ ਹੋ ਗਿਆ ਹੈ, ਮੈਂ ਹਰੇਕ ਸਰੀਰ ਵਿਚ ਪਰਮਾਤਮਾ ਨੂੰ (ਵੱਸਦਾ) ਵੇਖ ਲਿਆ ਹੈ।1। ਰਹਾਉ।

ਹੇ ਭਾਈ! (ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਮੈਨੂੰ ਇਉਂ ਦਿੱਸ ਪਿਆ ਹੈ ਕਿ) ਅਜੂਨੀ ਸੁਤੇ-ਪਰਕਾਸ਼ ਪਾਰਬ੍ਰਹਮ ਹਰੇਕ ਥਾਂ ਵਿਚ ਹਰੇਕ ਸਰੀਰ ਵਿਚ ਬੈਠਾ ਹੋਇਆ ਹੈ। (ਗੁਰ-ਸ਼ਬਦ ਦੀ ਰਾਹੀਂ ਮੈਨੂੰ) ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ ਮਿਲ ਗਿਆ ਹੈ, ਮੈਂ ਪਰਮਾਤਮਾ ਦੇ ਚਰਨਾਂ ਤੋਂ ਸਦਕੇ ਜਾ ਰਿਹਾ ਹਾਂ।1।

ਹੇ ਭਾਈ! (ਗੁਰੂ ਦੀ ਕਿਰਪਾ ਨਾਲ) ਸਾਧ ਸੰਗਤਿ ਦੇ ਚਰਨਾਂ ਦੀ ਧੂੜ ਮੇਰੇ ਮੱਥੇ ਉੱਤੇ ਲੱਗੀ ਹੈ (ਇਸ ਚਰਨ-ਧੂੜ ਦੀ ਬਰਕਤਿ ਨਾਲ ਮੈਂ ਤਾਂ, ਮਾਨੋ) ਸਾਰੇ ਹੀ ਤੀਰਥਾਂ ਦਾ ਇਸ਼ਨਾਨ ਕਰ ਲਿਆ ਹੈ। ਹੇ ਨਾਨਕ! ਆਖ– (ਹੇ ਭਾਈ!) ਮੈਂ ਪਰਮਾਤਮਾ ਦੇ ਪ੍ਰੇਮ-ਰੰਗ ਨਾਲ ਗੂੜ੍ਹਾ ਰੰਗਿਆ ਗਿਆ ਹਾਂ। ਮਜੀਠ ਦੇ ਪੱਕੇ ਰੰਗ ਵਾਂਗ ਇਹ ਹਰਿ-ਪ੍ਰੇਮ ਦਾ ਰੰਗ (ਮੇਰੇ ਮਨ ਤੋਂ) ਉਤਰਦਾ ਨਹੀਂ ਹੈ।2। 19। 42।

ਸਾਰਗ ਮਹਲਾ ੫ ॥ ਹਰਿ ਹਰਿ ਨਾਮੁ ਦੀਓ ਗੁਰਿ ਸਾਥੇ ॥ ਨਿਮਖ ਬਚਨੁ ਪ੍ਰਭ ਹੀਅਰੈ ਬਸਿਓ ਸਗਲ ਭੂਖ ਮੇਰੀ ਲਾਥੇ ॥੧॥ ਰਹਾਉ ॥ ਕ੍ਰਿਪਾ ਨਿਧਾਨ ਗੁਣ ਨਾਇਕ ਠਾਕੁਰ ਸੁਖ ਸਮੂਹ ਸਭ ਨਾਥੇ ॥ ਏਕ ਆਸ ਮੋਹਿ ਤੇਰੀ ਸੁਆਮੀ ਅਉਰ ਦੁਤੀਆ ਆਸ ਬਿਰਾਥੇ ॥੧॥ ਨੈਣ ਤ੍ਰਿਪਤਾਸੇ ਦੇਖਿ ਦਰਸਾਵਾ ਗੁਰਿ ਕਰ ਧਾਰੇ ਮੇਰੈ ਮਾਥੇ ॥ ਕਹੁ ਨਾਨਕ ਮੈ ਅਤੁਲ ਸੁਖੁ ਪਾਇਆ ਜਨਮ ਮਰਣ ਭੈ ਲਾਥੇ ॥੨॥੨੦॥੪੩॥ {ਪੰਨਾ 1212}

ਪਦ ਅਰਥ: ਗੁਰਿ = ਗੁਰੂ ਨੇ। ਸਾਥੇ = ਨਾਲ। ਨਿਮਖ = ਅੱਖ ਝਮਕਣ ਜਿਤਨਾ ਸਮਾ। ਹੀਅਰੈ = ਹਿਰਦੇ ਵਿਚ। ਭੂਖ = ਮਾਇਆ ਦੀ ਭੁੱਖ। ਲਾਥੇ = ਲਹਿ ਗਈ ਹੈ।1। ਰਹਾਉ।

ਕ੍ਰਿਪਾ ਨਿਧਾਨ = ਹੇ ਮਿਹਰ ਦੇ ਖ਼ਜ਼ਾਨੇ! ਗੁਣ ਨਾਇਕ = ਹੇ ਸਾਰੇ ਗੁਣਾਂ ਦੇ ਮਾਲਕ! ਠਾਕੁਰ = ਹੇ ਮਾਲਕ! ਨਾਥੇ = ਹੇ ਨਾਥ! ਮੋਹਿ = ਮੈਨੂੰ। ਸੁਆਮੀ = ਹੇ ਸੁਆਮੀ! ਦੁਤੀਆ = ਦੂਜੀ। ਬਿਰਾਥੇ = ਵਿਅਰਥ।1।

ਨੈਣ = ਅੱਖਾਂ। ਤ੍ਰਿਪਤਾਸੇ = ਰੱਜ ਗਈਆਂ ਹਨ। ਦੇਖਿ = ਵੇਖ ਕੇ। ਗੁਰਿ = ਗੁਰੂ ਨੇ। ਕਰ = (ਆਪਣੇ) ਹੱਥ {ਬਹੁ-ਵਚਨ}। ਮੇਰੈ ਮਾਥੇ = ਮੇਰੇ ਮੱਥੇ ਉੱਤੇ। ਅਤੁਲ = ਜਿਹੜਾ ਤੋਲਿਆ ਨਾ ਸਕੇ। ਭੈ = ਸਾਰੇ ਡਰ {ਬਹੁ-ਵਚਨ}।2।

ਅਰਥ: ਹੇ ਭਾਈ! ਗੁਰੂ ਨੇ ਪਰਮਾਤਮਾ ਦਾ ਨਾਮ ਮੇਰੇ ਨਾਲ ਸਾਥੀ ਦੇ ਦਿੱਤਾ ਹੈ। ਹੁਣ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦਾ ਸ਼ਬਦ ਹਰ ਵੇਲੇ ਮੇਰੇ ਹਿਰਦੇ ਵਿਚ ਟਿਕਿਆ ਰਹਿੰਦਾ ਹੈ (ਉਸ ਦੀ ਬਰਕਤਿ ਨਾਲ) ਮੇਰੀ ਮਾਇਆ ਦੀ ਸਾਰੀ ਭੁੱਖ ਲਹਿ ਗਈ ਹੈ।1। ਰਹਾਉ।

ਹੇ ਕਿਰਪਾ ਦੇ ਖ਼ਜ਼ਾਨੇ! ਹੇ ਸਾਰੇ ਗੁਣਾਂ ਦੇ ਮਾਲਕ ਠਾਕੁਰ! ਹੇ ਸਾਰੇ ਸੁਖਾਂ ਦੇ ਨਾਥ! ਹੇ ਸੁਆਮੀ! (ਹੁਣ ਹਰੇਕ ਸੁਖ ਦੁਖ ਵਿਚ) ਮੈਨੂੰ ਸਿਰਫ਼ ਤੇਰੀ ਹੀ (ਸਹਾਇਤਾ ਦੀ) ਆਸ ਰਹਿੰਦੀ ਹੈ। ਕੋਈ ਹੋਰ ਦੂਜੀ ਆਸ ਮੈਨੂੰ ਵਿਅਰਥ ਜਾਪਦੀ ਹੈ।1।

ਹੇ ਨਾਨਕ! ਆਖ– (ਹੇ ਭਾਈ!) ਜਦੋਂ ਤੋਂ ਗੁਰੂ ਨੇ ਮੇਰੇ ਮੱਥੇ ਉੱਤੇ ਆਪਣੇ ਹੱਥ ਰੱਖੇ ਹਨ, ਮੇਰੀਆਂ ਅੱਖਾਂ (ਪ੍ਰਭੂ ਦਾ) ਦਰਸਨ ਕਰ ਕੇ ਰੱਜ ਗਈਆਂ ਹਨ। ਮੈਂ ਇਤਨਾ ਸੁਖ ਪ੍ਰਾਪਤ ਕੀਤਾ ਹੈ ਕਿ ਉਹ ਤੋਲਿਆ-ਮਿਣਿਆ ਨਹੀਂ ਜਾ ਸਕਦਾ, ਮੇਰੇ ਜੰਮਣ ਮਰਨ ਦੇ ਭੀ ਸਾਰੇ ਡਰ ਲਹਿ ਗਏ ਹਨ।2। 20। 43।

TOP OF PAGE

Sri Guru Granth Darpan, by Professor Sahib Singh