ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 1213 ਸਾਰਗ ਮਹਲਾ ੫ ॥ ਰੇ ਮੂੜ੍ਹ੍ਹੇ ਆਨ ਕਾਹੇ ਕਤ ਜਾਈ ॥ ਸੰਗਿ ਮਨੋਹਰੁ ਅੰਮ੍ਰਿਤੁ ਹੈ ਰੇ ਭੂਲਿ ਭੂਲਿ ਬਿਖੁ ਖਾਈ ॥੧॥ ਰਹਾਉ ॥ ਪ੍ਰਭ ਸੁੰਦਰ ਚਤੁਰ ਅਨੂਪ ਬਿਧਾਤੇ ਤਿਸ ਸਿਉ ਰੁਚ ਨਹੀ ਰਾਈ ॥ ਮੋਹਨਿ ਸਿਉ ਬਾਵਰ ਮਨੁ ਮੋਹਿਓ ਝੂਠਿ ਠਗਉਰੀ ਪਾਈ ॥੧॥ ਭਇਓ ਦਇਆਲੁ ਕ੍ਰਿਪਾਲੁ ਦੁਖ ਹਰਤਾ ਸੰਤਨ ਸਿਉ ਬਨਿ ਆਈ ॥ ਸਗਲ ਨਿਧਾਨ ਘਰੈ ਮਹਿ ਪਾਏ ਕਹੁ ਨਾਨਕ ਜੋਤਿ ਸਮਾਈ ॥੨॥੨੧॥੪੪॥ {ਪੰਨਾ 1213} ਪਦ ਅਰਥ: ਰੇ ਮੂੜ੍ਹ੍ਹੇ = ਹੇ ਮੂਰਖ! ਆਨ ਕਤ = ਹੋਰ ਕਿਤੇ। ਕਾਹੇ = ਕਿਉਂ? ਸੰਗਿ = (ਤੇਰੇ) ਨਾਲ। ਮਨੋਹਰੁ = ਮਨ ਨੂੰ ਮੋਹਣ ਵਾਲਾ। ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਨਾਮ-ਜਲ। ਰੇ = ਹੇ (ਮੂਰਖ) ! ਭੂਲਿ ਭੂਲਿ = ਮੁੜ ਮੁੜ (ਇਸ ਨੂੰ) ਭੁੱਲ ਕੇ। ਬਿਖੁ = (ਆਤਮਕ ਮੌਤ ਲਿਆਉਣ ਵਾਲੀ) ਜ਼ਹਰ।1। ਰਹਾਉ। ਚਤੁਰ = ਸਿਆਣੇ। ਅਨੂਪ = {ਅਨ-ਊਪ} ਉਪਮਾ-ਰਹਿਤ। ਬਿਧਾਤੇ = ਸਿਰਜਣਹਾਰ। ਤਿਸੁ ਸਿਉ = ਉਸ ਨਾਲ। ਰੁਚ = ਪ੍ਰੀਤ। ਰਾਈ = ਰਤਾ ਭੀ। ਮੋਹਨਿ = ਮਨ ਨੂੰ ਮੋਹਣ ਵਾਲੀ ਮਾਇਆ। ਬਾਵਰ = ਹੇ ਝੱਲੇ! ਝੂਠਿ = ਝੂਠ ਵਿਚ, ਨਾਸਵੰਤ ਵਿਚ। ਠਗਉਰੀ = ਠੱਗ-ਬੂਟੀ।1। ਦੁਖ ਹਰਤਾ = ਦੁੱਖਾਂ ਦਾ ਨਾਸ ਕਰਨ ਵਾਲਾ। ਸਿਉ = ਨਾਲ। ਬਨਿ ਆਈ = ਪ੍ਰੀਤ ਬਣੀ ਹੈ। ਨਿਧਾਨ = ਖ਼ਜ਼ਾਨੇ। ਘਰੈ ਮਹਿ = ਹਿਰਦੇ-ਘਰ ਵਿਚ ਹੀ। ਜੋਤਿ = ਪਰਮਾਤਮਾ ਦੀ ਜੋਤਿ ਵਿਚ। ਸਮਾਈ = ਲੀਨਤਾ ਹੋ ਗਈ ਹੈ।2। ਅਰਥ: ਹੇ ਮੂਰਖ! ਤੂੰ ਹੋਰ ਕਿਤੇ ਕਿਉਂ ਭਟਕਦਾ ਫਿਰਦਾ ਹੈਂ? ਆਤਮਕ ਜੀਵਨ ਦੇਣ ਵਾਲਾ ਸੁੰਦਰ ਹਰਿ-ਨਾਮ-ਜਲ ਤੇਰੇ ਨਾਲ ਹੈ, ਤੂੰ ਉਸ ਤੋਂ ਖੁੰਝ ਖੁੰਝ ਕੇ (ਹੁਣ ਤਕ) ਆਤਮਕ ਮੌਤ ਲਿਆਉਣ ਵਾਲੀ ਜ਼ਹਰ ਹੀ ਖਾਧੀ ਹੈ।1। ਰਹਾਉ। ਹੇ ਝੱਲੇ! ਪਰਮਾਤਮਾ ਸੁੰਦਰ ਹੈ, ਸੁਜਾਨ ਹੈ, ਉਪਮਾ-ਰਹਿਤ ਹੈ, ਰਚਨਹਾਰ ਹੈ– ਉਸ ਨਾਲ ਤੇਰੀ ਰਤਾ ਭੀ ਪ੍ਰੀਤ ਨਹੀਂ। ਮਨ ਨੂੰ ਮੋਹ ਲੈਣ ਵਾਲੀ ਮਾਇਆ ਨਾਲ ਤੇਰਾ ਮਨ ਪਰਚਿਆ ਰਹਿੰਦਾ ਹੈ। ਨਾਸਵੰਤ ਜਗਤ ਵਿਚ ਫਸਾਣ ਵਾਲੀ ਇਹ ਠਗ-ਬੂਟੀ ਹੀ ਤੂੰ ਸਾਂਭ ਰੱਖੀ ਹੈ।1। ਹੇ ਨਾਨਕ! ਆਖ– (ਹੇ ਭਾਈ!) ਸਾਰੇ ਦੁੱਖਾਂ ਦਾ ਨਾਸ ਕਰਨ ਵਾਲਾ ਪਰਮਾਤਮਾ ਜਿਸ ਮਨੁੱਖ ਉੱਤੇ ਦਇਆਵਾਨ ਹੋ ਗਿਆ, ਉਸ ਦੀ ਪ੍ਰੀਤ ਸੰਤ ਜਨਾਂ ਨਾਲ ਬਣ ਗਈ। ਉਸ ਨੇ ਸਾਰੇ ਖ਼ਜ਼ਾਨੇ ਹਿਰਦੇ-ਘਰ ਵਿਚ ਹੀ ਲੱਭ ਲਏ, ਪਰਮਾਤਮਾ ਦੀ ਜੋਤਿ ਵਿਚ ਉਸ ਦੀ (ਸਦਾ ਲਈ) ਲੀਨਤਾ ਹੋ ਗਈ।2। 21। 44। ਸਾਰਗ ਮਹਲਾ ੫ ॥ ਓਅੰ ਪ੍ਰਿਅ ਪ੍ਰੀਤਿ ਚੀਤਿ ਪਹਿਲਰੀਆ ॥ ਜੋ ਤਉ ਬਚਨੁ ਦੀਓ ਮੇਰੇ ਸਤਿਗੁਰ ਤਉ ਮੈ ਸਾਜ ਸੀਗਰੀਆ ॥੧॥ ਰਹਾਉ ॥ ਹਮ ਭੂਲਹ ਤੁਮ ਸਦਾ ਅਭੂਲਾ ਹਮ ਪਤਿਤ ਤੁਮ ਪਤਿਤ ਉਧਰੀਆ ॥ ਹਮ ਨੀਚ ਬਿਰਖ ਤੁਮ ਮੈਲਾਗਰ ਲਾਜ ਸੰਗਿ ਸੰਗਿ ਬਸਰੀਆ ॥੧॥ ਤੁਮ ਗੰਭੀਰ ਧੀਰ ਉਪਕਾਰੀ ਹਮ ਕਿਆ ਬਪੁਰੇ ਜੰਤਰੀਆ ॥ ਗੁਰ ਕ੍ਰਿਪਾਲ ਨਾਨਕ ਹਰਿ ਮੇਲਿਓ ਤਉ ਮੇਰੀ ਸੂਖਿ ਸੇਜਰੀਆ ॥੨॥੨੨॥੪੫॥ {ਪੰਨਾ 1213} ਪਦ ਅਰਥ: ਓਅੰ ਪ੍ਰੀਤਿ = ਪਰਮਾਤਮਾ ਦੀ ਪ੍ਰੀਤ। ਪ੍ਰਿਅ ਪ੍ਰੀਤਿ = ਪਿਆਰੇ ਦੀ ਪ੍ਰੀਤ। ਚੀਤਿ = (ਮੇਰੇ) ਚਿੱਤ ਵਿਚ। ਪਹਿਲਰੀਆ = ਪਹਿਲਾਂ ਦੀ, ਮੁੱਢ-ਕਦੀਮਾਂ ਦੀ। ਜੋ ਬਚਨੁ = ਜਿਹੜਾ ਉਪਦੇਸ਼। ਤਉ = ਤੂੰ। ਸਤਿਗੁਰ = ਹੇ ਸਤਿਗੁਰੂ! ਤਉ = ਤਦੋਂ। ਸੀਗਰੀਆ = ਸਿੰਗਾਰੀ ਗਈ।1। ਰਹਾਉ। ਹਮ = ਅਸੀਂ ਜੀਵ। ਭੂਲਹ = ਅਸੀਂ ਭੁੱਲਦੇ ਹਾਂ। ਪਤਿਤ = (ਵਿਕਾਰਾਂ ਵਿਚ) ਡਿੱਗੇ ਹੋਏ। ਉਧਰੀਆ = (ਵਿਕਾਰਾਂ ਤੋਂ) ਬਚਾਣ ਵਾਲਾ। ਬਿਰਖ = ਰੁੱਖ। ਮੈਲਾਗਰ = ਮਲਯ ਪਰਬਤ ਉੱਤੇ ਉੱਗਣ ਵਾਲਾ ਚੰਦਨ। ਲਾਜ = ਇੱਜ਼ਤ। ਸੰਗਿ = ਨਾਲ। ਬਸਰੀਆ = ਵੱਸਣ ਵਾਲੇ।1। ਧੀਰ = ਧੀਰਜ ਵਾਲੇ। ਬਪੁਰੇ = ਨਿਮਾਣੇ, ਵਿਚਾਰੇ। ਜੰਤਰੀਆ = ਜੰਤ। ਗੁਰ = ਹੇ ਗੁਰੂ! ਸੂਖਿ = ਸੁਖ ਵਾਲੀ। ਸੇਜਰੀਆ = ਹਿਰਦਾ-ਸੇਜ।2। ਅਰਥ: ਹੇ ਸਤਿਗੁਰੂ (ਉਂਞ ਤਾਂ ਮੇਰੇ) ਚਿੱਤ ਵਿਚ ਪਿਆਰੇ ਦੀ ਪ੍ਰੀਤ ਮੁੱਢ-ਕਦੀਮਾਂ ਦੀ (ਟਿਕੀ ਹੋਈ ਹੈ) , ਪਰ ਜਦੋਂ ਤੂੰ ਉਪਦੇਸ਼ ਦਿੱਤਾ (ਉਹ ਪ੍ਰੀਤ ਜਾਗ ਪਈ, ਤੇ) ਮੇਰਾ ਆਤਮਕ ਜੀਵਨ ਸੋਹਣਾ ਬਣ ਗਿਆ।1। ਰਹਾਉ। ਹੇ ਗੁਰੂ! ਅਸੀਂ ਜੀਵ (ਸਦਾ) ਭੁੱਲਾਂ ਕਰਦੇ ਹਾਂ, ਤੂੰ ਸਦਾ ਅਭੁੱਲ ਹੈਂ, ਅਸੀਂ ਜੀਵ ਵਿਕਾਰਾਂ ਵਿਚ ਡਿੱਗੇ ਰਹਿੰਦੇ ਹਾਂ, ਤੂੰ ਵਿਕਾਰੀਆਂ ਨੂੰ ਬਚਾਣ ਵਾਲਾ ਹੈਂ। ਅਸੀਂ (ਅਰਿੰਡ ਵਰਗੇ) ਨੀਚ ਰੁੱਖ ਹਾਂ ਤੂੰ ਚੰਦਨ ਹੈਂ, ਜੋ ਨਾਲ ਵੱਸਣ ਵਾਲੇ ਰੁੱਖਾਂ ਨੂੰ ਸੁਗੰਧਿਤ ਕਰ ਦੇਂਦਾ ਹੈ। ਹੇ ਗੁਰੂ! ਤੂੰ ਆਪਣੇ ਚਰਨਾਂ ਵਿਚ ਰਹਿਣ ਵਾਲਿਆਂ ਦੀ ਇੱਜ਼ਤ ਰੱਖਣ ਵਾਲਾ ਹੈਂ।1। ਹੇ ਗੁਰੂ! ਤੂੰ ਜਿਗਰੇ ਵਾਲਾ ਹੈਂ, ਧੀਰਜ ਵਾਲਾ ਹੈਂ, ਉਪਕਾਰ ਕਰਨ ਵਾਲਾ ਹੈਂ, ਅਸਾਂ ਨਿਮਾਣੇ ਜੀਵਾਂ ਦੀ ਕੋਈ ਪਾਂਇਆਂ ਨਹੀਂ ਹੈ। ਹੇ ਨਾਨਕ! (ਆਖ-) ਹੇ ਕ੍ਰਿਪਾਲ ਗੁਰੂ! ਜਦੋਂ ਤੂੰ ਮੈਨੂੰ ਪ੍ਰਭੂ ਦਾ ਮੇਲ ਕਰਾਇਆ, ਤਦੋਂ ਤੋਂ ਮੇਰੀ ਹਿਰਦਾ-ਸੇਜ ਸੁਖ-ਭਰਪੂਰ ਹੋ ਗਈ ਹੈ।2। 22। 45। ਸਾਰਗ ਮਹਲਾ ੫ ॥ ਮਨ ਓਇ ਦਿਨਸ ਧੰਨਿ ਪਰਵਾਨਾਂ ॥ ਸਫਲ ਤੇ ਘਰੀ ਸੰਜੋਗ ਸੁਹਾਵੇ ਸਤਿਗੁਰ ਸੰਗਿ ਗਿਆਨਾਂ ॥੧॥ ਰਹਾਉ ॥ ਧੰਨਿ ਸੁਭਾਗ ਧੰਨਿ ਸੋਹਾਗਾ ਧੰਨਿ ਦੇਤ ਜਿਨਿ ਮਾਨਾਂ ॥ ਇਹੁ ਤਨੁ ਤੁਮ੍ਹ੍ਹਰਾ ਸਭੁ ਗ੍ਰਿਹੁ ਧਨੁ ਤੁਮ੍ਹ੍ਹਰਾ ਹੀਂਉ ਕੀਓ ਕੁਰਬਾਨਾਂ ॥੧॥ ਕੋਟਿ ਲਾਖ ਰਾਜ ਸੁਖ ਪਾਏ ਇਕ ਨਿਮਖ ਪੇਖਿ ਦ੍ਰਿਸਟਾਨਾਂ ॥ ਜਉ ਕਹਹੁ ਮੁਖਹੁ ਸੇਵਕ ਇਹ ਬੈਸੀਐ ਸੁਖ ਨਾਨਕ ਅੰਤੁ ਨ ਜਾਨਾਂ ॥੨॥੨੩॥੪੬॥ {ਪੰਨਾ 1213} ਪਦ ਅਰਥ: ਮਨ = ਹੇ ਮਨ! ਓਇ = {ਲਫ਼ਜ਼ 'ਓਹ' ਤੋਂ ਬਹੁ-ਵਚਨ}। ਧੰਨਿ = ਭਾਗਾਂ ਵਾਲੇ। ਤੇ ਘਰੀ = ਉਹ ਘੜੀਆਂ। ਸੰਜੋਗ = ਮਿਲਾਪ ਦੇ ਸਮੇ। ਸੁਹਾਵੇ = ਸੋਹਣੇ। ਗਿਆਨਾਂ = ਆਤਮਕ ਜੀਵਨ ਦੀ ਸੂਝ।1। ਰਹਾਉ। ਜਿਨ = ਜਿਨ੍ਹਾਂ ਨੂੰ {ਬਹੁ-ਵਚਨ}। ਮਾਨਾਂ = ਆਦਰ। ਸਭੁ = ਸਾਰਾ। ਗ੍ਰਿਹੁ = ਘਰ। ਹੀਂਓੁ = ਹਿਰਦਾ {ਨੋਟ: ਅੱਖਰ 'ੳ' ਦੇ ਨਾਲ ਦੋ ਲਗਾਂ ਹਨ: ੋ ਅਤੇ ੁ। ਅਸਲ ਲਫ਼ਜ਼ 'ਹੀਂਉ' ਹੈ, ਇਥੇ 'ਹੀਂਓ' ਪੜ੍ਹਨਾ ਹੈ}।1। ਕੋਟਿ = ਕ੍ਰੋੜਾਂ। ਨਿਮਖ = ਅੱਖ ਝਮਕਣ ਜਿਤਨਾ ਸਮਾ। ਪੇਖਿ = ਵੇਖ ਕੇ। ਦ੍ਰਿਸਟਾਨਾ = ਨਿਗਾਹ, ਦਰਸਨ। ਜਉ = ਜੇ। ਮੁਖਹੁ = ਮੂੰਹੋਂ। ਸੇਵਕ = ਹੇ ਸੇਵਕ! ਇਹ = ਇਥੇ।2। ਅਰਥ: ਹੇ ਮਨ! ਉਹ ਦਿਨ ਭਾਗਾਂ ਵਾਲੇ ਹੁੰਦੇ ਹਨ, (ਪ੍ਰਭੂ ਦੇ ਦਰ ਤੇ) ਕਬੂਲ ਹੁੰਦੇ ਹਨ। (ਜ਼ਿੰਦਗੀ ਦੀਆਂ) ਉਹ ਘੜੀਆਂ ਸਫਲ ਹਨ, (ਗੁਰੂ ਨਾਲ) ਮੇਲ ਦੇ ਉਹ ਸਮੇ ਸੋਹਣੇ ਹੁੰਦੇ ਹਨ, ਜਦੋਂ ਗੁਰੂ ਦੀ ਸੰਗਤਿ ਵਿਚ (ਰਹਿ ਕੇ) ਆਤਮਕ ਜੀਵਨ ਦੀ ਸੂਝ ਪ੍ਰਾਪਤ ਹੁੰਦੀ ਹੈ।1। ਰਹਾਉ। ਹੇ ਪ੍ਰਭੂ! ਜਿਨ੍ਹਾਂ ਮਨੁੱਖਾਂ ਨੂੰ ਤੂੰ (ਆਪਣੇ ਦਰ ਤੇ) ਆਦਰ ਦੇਂਦਾ ਹੈਂ, ਉਹ ਧੰਨ ਹਨ, ਸੁਭਾਗ ਹਨ, ਕਿਸਮਤ ਵਾਲੇ ਹਨ। ਹੇ ਪ੍ਰਭੂ! ਮੇਰਾ ਇਹ ਸਰੀਰ ਤੇਰੇ ਹਵਾਲੇ ਹੈ, ਮੇਰਾ ਸਾਰਾ ਘਰ ਤੇ ਧਨ ਤੈਥੋਂ ਸਦਕੇ ਹੈ, ਮੈਂ ਆਪਣਾ ਹਿਰਦਾ (ਤੇਰੇ ਚਰਨਾਂ ਤੋਂ) ਸਦਕੇ ਕਰਦਾ ਹਾਂ।1। ਹੇ ਨਾਨਕ! (ਆਖ– ਹੇ ਪ੍ਰਭੂ!) ਅੱਖ ਝਮਕਣ ਜਿਤਨੇ ਸਮੇ ਲਈ ਤੇਰਾ ਦਰਸਨ ਕਰ ਕੇ (ਮਾਨੋ) ਰਾਜ ਦੇ ਲੱਖਾਂ ਕ੍ਰੋੜਾਂ ਸੁਖ ਪ੍ਰਾਪਤ ਹੋ ਜਾਂਦੇ ਹਨ। ਜੇ ਤੂੰ ਮੂੰਹੋਂ ਆਖੇਂ, ਹੇ ਸੇਵਕ! ਇਥੇ ਬੈਠ, (ਮੈਨੂੰ ਇਤਨਾ ਆਨੰਦ ਆਉਂਦਾ ਹੈ ਕਿ ਉਸ) ਆਨੰਦ ਦਾ ਮੈਂ ਅੰਤ ਨਹੀਂ ਜਾਣ ਸਕਦਾ।2। 23। 46। ਸਾਰਗ ਮਹਲਾ ੫ ॥ ਅਬ ਮੋਰੋ ਸਹਸਾ ਦੂਖੁ ਗਇਆ ॥ ਅਉਰ ਉਪਾਵ ਸਗਲ ਤਿਆਗਿ ਛੋਡੇ ਸਤਿਗੁਰ ਸਰਣਿ ਪਇਆ ॥੧॥ ਰਹਾਉ ॥ ਸਰਬ ਸਿਧਿ ਕਾਰਜ ਸਭਿ ਸਵਰੇ ਅਹੰ ਰੋਗ ਸਗਲ ਹੀ ਖਇਆ ॥ ਕੋਟਿ ਪਰਾਧ ਖਿਨ ਮਹਿ ਖਉ ਭਈ ਹੈ ਗੁਰ ਮਿਲਿ ਹਰਿ ਹਰਿ ਕਹਿਆ ॥੧॥ ਪੰਚ ਦਾਸ ਗੁਰਿ ਵਸਗਤਿ ਕੀਨੇ ਮਨ ਨਿਹਚਲ ਨਿਰਭਇਆ ॥ ਆਇ ਨ ਜਾਵੈ ਨ ਕਤ ਹੀ ਡੋਲੈ ਥਿਰੁ ਨਾਨਕ ਰਾਜਇਆ ॥੨॥੨੪॥੪੭॥ {ਪੰਨਾ 1213} ਪਦ ਅਰਥ: ਮੋਰੋ = ਮੇਰਾ। ਸਹਸਾ = ਸਹਿਮ। ਉਪਾਵ = {ਲਫ਼ਜ਼ 'ਉਪਾਉ' ਤੋਂ ਬਹੁ-ਵਚਨ} ਹੀਲੇ।1। ਰਹਾਉ। ਕੋਟਿ = ਕ੍ਰੋੜਾਂ। ਪਰਾਧ = ਅਪਰਾਧ। ਖਉ = ਨਾਸ। ਭਈ ਹੈ– ਹੋ ਜਾਂਦਾ ਹੈ। ਸਿਧਿ = ਸਿੱਧੀਆਂ। ਅਹੰ = ਹਉਮੈ। ਖਇਆ = ਨਾਸ ਹੋ ਗਿਆ।1। ਪੰਚ = (ਕਾਮਾਦਿਕ) ਪੰਜੇ। ਗੁਰਿ = ਗੁਰੂ ਨੇ। ਵਸਗਤਿ = ਵੱਸ ਵਿਚ। ਨਿਹਚਲ = ਅਡੋਲ। ਕਤ ਹੀ = ਕਿਤੇ ਭੀ। ਆਇ ਨ ਜਾਵੈ = ਨਾਹ ਆਉਂਦਾ ਹੈ ਨਾਹ ਜਾਂਦਾ ਹੈ, ਦੌੜ-ਭੱਜ ਨਹੀਂ ਕਰਦਾ। ਥਿਰੁ = ਸਦਾ ਕਾਇਮ ਰਹਿਣ ਵਾਲਾ।2। ਅਰਥ: ਹੇ ਭਾਈ! (ਜਦੋਂ ਦਾ) ਮੈਂ ਗੁਰੂ ਦੀ ਸਰਨ ਪਿਆ ਹਾਂ, (ਮੈਂ ਮਨ ਨੂੰ ਕਾਬੂ ਕਰਨ ਦੇ) ਹੋਰ ਸਾਰੇ ਹੀਲੇ ਛੱਡ ਦਿੱਤੇ ਹਨ। (ਗੁਰ ਸਰਨ ਦੀ ਬਰਕਤਿ ਨਾਲ) ਹੁਣ ਮੇਰਾ ਹਰੇਕ ਸਹਿਮ ਹਰੇਕ ਦੁੱਖ ਦੂਰ ਹੋ ਗਿਆ ਹੈ।1। ਰਹਾਉ। ਹੇ ਭਾਈ! ਜਦੋਂ ਤੋਂ ਮੈਂ ਗੁਰੂ ਨੂੰ ਮਿਲ ਕੇ ਪਰਮਾਤਮਾ ਦਾ ਨਾਮ ਜਪਣਾ ਸ਼ੁਰੂ ਕੀਤਾ ਹੈ, ਇਕ ਖਿਨ ਵਿਚ ਹੀ ਮੇਰੇ ਕ੍ਰੋੜਾਂ ਹੀ ਅਪਰਾਧਾਂ ਦਾ ਨਾਸ ਹੋ ਗਿਆ ਹੈ, ਮੈਨੂੰ ਸਾਰੀਆਂ ਰਿੱਧੀਆਂ ਸਿੱਧੀਆਂ ਪ੍ਰਾਪਤ ਹੋ ਗਈਆਂ ਹਨ, ਮੇਰੇ ਸਾਰੇ ਕੰਮ ਸੰਵਰ ਗਏ ਹਨ, ਮੇਰੇ ਅੰਦਰੋਂ ਹਉਮੈ ਦਾ ਰੋਗ ਸਾਰਾ ਹੀ ਮਿਟ ਗਿਆ ਹੈ।1। ਹੇ ਭਾਈ! ਗੁਰੂ ਨੇ (ਕਾਮਾਦਿਕ) ਪੰਜਾਂ ਨੂੰ ਮੇਰੇ ਦਾਸ ਬਣਾ ਦਿੱਤਾ ਹੈ, ਮੇਰੇ ਵੱਸ ਵਿਚ ਕਰ ਦਿੱਤਾ ਹੈ, (ਇਹਨਾਂ ਦੇ ਟਾਕਰੇ ਤੇ) ਮੇਰਾ ਮਨ ਅਹਿੱਲ ਹੋ ਗਿਆ ਹੈ ਨਿਡਰ ਹੋ ਗਿਆ ਹੈ। ਹੇ ਨਾਨਕ! (ਆਖ– ਗੁਰੂ ਦੀ ਕਿਰਪਾ ਨਾਲ ਮੇਰਾ ਮਨ) ਕਿਤੇ ਦੌੜ ਭੱਜ ਨਹੀਂ ਕਰਦਾ, ਕਿਤੇ ਨਹੀਂ ਡੋਲਦਾ (ਇਸ ਨੂੰ, ਮਾਨੋ) ਸਦਾ ਕਾਇਮ ਰਹਿਣ ਵਾਲਾ ਰਾਜ ਮਿਲ ਗਿਆ ਹੈ।2। 24। 47। ਸਾਰਗ ਮਹਲਾ ੫ ॥ ਪ੍ਰਭੁ ਮੇਰੋ ਇਤ ਉਤ ਸਦਾ ਸਹਾਈ ॥ ਮਨਮੋਹਨੁ ਮੇਰੇ ਜੀਅ ਕੋ ਪਿਆਰੋ ਕਵਨ ਕਹਾ ਗੁਨ ਗਾਈ ॥੧॥ ਰਹਾਉ ॥ ਖੇਲਿ ਖਿਲਾਇ ਲਾਡ ਲਾਡਾਵੈ ਸਦਾ ਸਦਾ ਅਨਦਾਈ ॥ ਪ੍ਰਤਿਪਾਲੈ ਬਾਰਿਕ ਕੀ ਨਿਆਈ ਜੈਸੇ ਮਾਤ ਪਿਤਾਈ ॥੧॥ ਤਿਸੁ ਬਿਨੁ ਨਿਮਖ ਨਹੀ ਰਹਿ ਸਕੀਐ ਬਿਸਰਿ ਨ ਕਬਹੂ ਜਾਈ ॥ ਕਹੁ ਨਾਨਕ ਮਿਲਿ ਸੰਤਸੰਗਤਿ ਤੇ ਮਗਨ ਭਏ ਲਿਵ ਲਾਈ ॥੨॥੨੫॥੪੮॥ {ਪੰਨਾ 1213} ਪਦ ਅਰਥ: ਇਤ = ਇਸ ਲੋਕ ਵਿਚ। ਉਤ = ਪਰਲੋਕ ਵਿਚ। ਸਹਾਈ = ਸਹਾਇਤਾ ਕਰਨ ਵਾਲਾ। ਜੀਅ ਕੋ = ਜਿੰਦ ਦਾ। ਗਾਈ = ਗਾਇ, ਗਾ ਕੇ। ਕਵਨ ਗੁਨ = ਕਿਹੜੇ ਕਿਹੜੇ ਗੁਣ? ਕਹਾ = ਕਹਾਂ, ਮੈਂ ਦੱਸਾਂ।1। ਰਹਾਉ। ਖੇਲਿ = ਖੇਲ ਵਿਚ। ਖਿਲਾਇ = ਖਿਡਾ ਕੇ। ਅਨਦਾਈ = ਆਨੰਦ ਦੇਣ ਵਾਲਾ। ਨਿਆਈ = ਵਾਂਗ। ਪਿਤਾਈ = ਪਿਤਾ।1। ਨਿਮਖ = ਅੱਖ ਝਮਕਣ ਜਿਤਨਾ ਸਮਾ। ਮਿਲਿ = ਮਿਲੇ, ਜੋ ਮਿਲੇ। ਤੇ = ਉਹ {ਬਹੁ-ਵਚਨ}। ਲਿਵ = ਲਗਨ। ਲਾਈ = ਲਾਇ, ਲਾ ਕੇ।2। ਅਰਥ: ਹੇ ਭਾਈ! ਮੇਰਾ ਪ੍ਰਭੂ! ਇਸ ਲੋਕ ਵਿਚ ਪਰਲੋਕ ਵਿਚ ਸਦਾ ਸਹਾਇਤਾ ਕਰਨ ਵਾਲਾ ਹੈ। ਮੇਰੇ ਮਨ ਨੂੰ ਮੋਹਣ ਵਾਲਾ ਉਹ ਮੇਰਾ ਪ੍ਰਭੂ ਮੇਰੀ ਜਿੰਦ ਦਾ ਪਿਆਰਾ ਹੈ। ਮੈਂ ਉਸ ਦੇ ਕਿਹੜੇ-ਕਿਹੜੇ ਗੁਣ ਗਾ ਕੇ ਦੱਸਾਂ?।1। ਰਹਾਉ। ਹੇ ਭਾਈ! ਜਿਵੇਂ ਮਾਂ ਪਿਉ ਆਪਣੇ ਬੱਚੇ ਦੀ ਪਾਲਣਾ ਕਰਦੇ ਹਨ, ਤਿਵੇਂ ਉਹ ਸਾਡੀ ਪਾਲਣਾ ਕਰਦਾ ਹੈ, ਉਹ ਸਾਨੂੰ (ਜਗਤ-) ਤਮਾਸ਼ੇ ਵਿਚ ਖਿਡਾਂਦਾ ਹੈ, ਲਾਡ ਲਡਾਂਦਾ ਹੈ, ਉਹ ਸਦਾ ਹੀ ਸੁਖ ਦੇਣ ਵਾਲਾ ਹੈ।1। ਹੇ ਭਾਈ! ਉਸ (ਪਰਮਾਤਮਾ ਦੀ ਯਾਦ) ਤੋਂ ਬਿਨਾ ਅੱਖ ਝਮਕਣ ਜਿਤਨੇ ਸਮੇ ਲਈ ਭੀ ਰਿਹਾ ਨਹੀਂ ਜਾ ਸਕਦਾ, ਉਸ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ। ਹੇ ਨਾਨਕ! ਆਖ– ਜਿਹੜੇ ਮਨੁੱਖ ਸਾਧ ਸੰਗਤਿ ਵਿਚ ਮਿਲਦੇ ਹਨ, ਉਹ ਮਨੁੱਖ ਪਰਮਾਤਮਾ ਵਿਚ ਸੁਰਤਿ ਜੋੜ ਕੇ ਮਸਤ ਰਹਿੰਦੇ ਹਨ।2। 25। 48। |
Sri Guru Granth Darpan, by Professor Sahib Singh |