ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 1214 ਸਾਰਗ ਮਹਲਾ ੫ ॥ ਅਪਨਾ ਮੀਤੁ ਸੁਆਮੀ ਗਾਈਐ ॥ ਆਸ ਨ ਅਵਰ ਕਾਹੂ ਕੀ ਕੀਜੈ ਸੁਖਦਾਤਾ ਪ੍ਰਭੁ ਧਿਆਈਐ ॥੧॥ ਰਹਾਉ ॥ ਸੂਖ ਮੰਗਲ ਕਲਿਆਣ ਜਿਸਹਿ ਘਰਿ ਤਿਸ ਹੀ ਸਰਣੀ ਪਾਈਐ ॥ ਤਿਸਹਿ ਤਿਆਗਿ ਮਾਨੁਖੁ ਜੇ ਸੇਵਹੁ ਤਉ ਲਾਜ ਲੋਨੁ ਹੋਇ ਜਾਈਐ ॥੧॥ ਏਕ ਓਟ ਪਕਰੀ ਠਾਕੁਰ ਕੀ ਗੁਰ ਮਿਲਿ ਮਤਿ ਬੁਧਿ ਪਾਈਐ ॥ ਗੁਣ ਨਿਧਾਨ ਨਾਨਕ ਪ੍ਰਭੁ ਮਿਲਿਆ ਸਗਲ ਚੁਕੀ ਮੁਹਤਾਈਐ ॥੨॥੨੬॥੪੯॥ {ਪੰਨਾ 1214} ਪਦ ਅਰਥ: ਮੀਤੁ = ਮਿੱਤਰ। ਸੁਆਮੀ = ਮਾਲਕ। ਗਾਈਐ = ਸਿਫ਼ਤਿ-ਸਾਲਾਹ ਕਰਨੀ ਚਾਹੀਦੀ ਹੈ। ਅਵਰ ਕਾਹੂ ਕੀ = ਕਿਸੇ ਭੀ ਹੋਰ ਦੀ। ਕੀਜੈ = ਕਰਨੀ ਚਾਹੀਦੀ। ਧਿਆਈਐ = ਸਿਮਰਨਾ ਚਾਹੀਦਾ ਹੈ।1। ਰਹਾਉ। ਮੰਗਲੁ = ਖ਼ੁਸ਼ੀਆਂ। ਕਲਿਆਣ = ਸੁਖ। ਜਿਸਹਿ ਘਰਿ = ਜਿਸ (ਪ੍ਰਭੂ) ਦੇ ਹੀ ਘਰ ਵਿਚ। ਤਿਸ ਹੀ = {ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਲਫ਼ਜ਼ 'ਤਿਸੁ' 'ਜਿਸੁ' ਦਾ ੁ ਉੱਡ ਗਿਆ ਹੈ}। ਪਾਈਐ = ਪੈਣਾ ਚਾਹੀਦਾ ਹੈ। ਤਿਆਗਿ = ਛੱਡ ਕੇ। ਸੇਵਹੁ = ਖ਼ੁਸ਼ਾਮਦ ਕਰੋਗੇ। ਲਾਜ = ਸ਼ਰਮ। ਲੋਨੁ = {ਲੋਇਣ}। ਲਾਜ ਲੋਨੁ = ਸ਼ਰਮਸਾਰ ਅੱਖਾਂ ਵਾਲਾ।1। ਓਟ = ਆਸਰਾ। ਪਕਰੀ = ਫੜੀ ਹੈ। ਗੁਰ ਮਿਲਿ = ਗੁਰੂ ਨੂੰ ਮਿਲ ਕੇ। ਗੁਣ ਨਿਧਾਨ = ਗੁਣਾਂ ਦਾ ਖ਼ਜ਼ਾਨਾ। ਚੁਕੀ = ਮੁੱਕ ਗਈ ਹੈ। ਮੁਹਤਾਈਐ = ਮੁਥਾਜੀ।2। ਅਰਥ: ਹੇ ਭਾਈ! ਮਾਲਕ-ਪ੍ਰਭੂ ਹੀ ਆਪਣਾ ਅਸਲ ਮਿੱਤਰ ਹੈ। ਉਸ ਦੀ ਸਿਫ਼ਤਿ-ਸਾਲਾਹ ਕਰਨੀ ਚਾਹੀਦੀ ਹੈ। (ਪਰਮਾਤਮਾ ਤੋਂ ਬਿਨਾ) ਕਿਸੇ ਭੀ ਹੋਰ ਦੀ ਆਸ ਨਹੀਂ ਕਰਨੀ ਚਾਹੀਦੀ, ਉਹ ਪ੍ਰਭੂ ਹੀ ਸਾਰੇ ਸੁਖ ਦੇਣ ਵਾਲਾ ਹੈ, ਉਸੇ ਦਾ ਸਿਮਰਨ ਕਰਨਾ ਚਾਹੀਦਾ ਹੈ।1। ਰਹਾਉ। ਹੇ ਭਾਈ! ਜਿਸ ਪਰਮਾਤਮਾ ਦੇ ਹੀ ਘਰ ਵਿਚ ਸਾਰੇ ਸੁਖ ਹਨ ਖ਼ੁਸ਼ੀਆਂ ਤੇ ਆਨੰਦ ਹਨ, ਉਸ ਦੀ ਹੀ ਸਰਨ ਪਏ ਰਹਿਣਾ ਚਾਹੀਦਾ ਹੈ। ਹੇ ਭਾਈ! ਜੇ ਤੁਸੀ ਉਸ ਪ੍ਰਭੂ ਨੂੰ ਛੱਡ ਕੇ ਮਨੁੱਖ ਦੀ ਖ਼ੁਸ਼ਾਮਦ ਕਰਦੇ ਫਿਰੋਗੇ, ਤਾਂ ਸ਼ਰਮਸਾਰ ਹੋਣਾ ਪੈਂਦਾ ਹੈ। ਹੇ ਭਾਈ! ਗੁਰੂ ਨੂੰ ਮਿਲ ਕੇ ਜਿਸ ਮਨੁੱਖ ਨੇ ਉੱਚੀ ਬੁੱਧੀ ਪ੍ਰਾਪਤ ਕਰ ਲਈ, ਉਸ ਨੇ ਸਿਰਫ਼ ਮਾਲਕ-ਪ੍ਰਭੂ ਦਾ ਹੀ ਆਸਰਾ ਲਿਆ। ਹੇ ਨਾਨਕ! ਸਾਰੇ ਗੁਣਾਂ ਦਾ ਖ਼ਜ਼ਾਨਾ ਪ੍ਰਭੂ ਜਿਸ ਮਨੁੱਖ ਨੂੰ ਮਿਲ ਪਿਆ, ਉਸ ਦੀ ਸਾਰੀ ਮੁਥਾਜੀ ਮੁੱਕ ਗਈ।2। 26। 49। ਸਾਰਗ ਮਹਲਾ ੫ ॥ ਓਟ ਸਤਾਣੀ ਪ੍ਰਭ ਜੀਉ ਮੇਰੈ ॥ ਦ੍ਰਿਸਟਿ ਨ ਲਿਆਵਉ ਅਵਰ ਕਾਹੂ ਕਉ ਮਾਣਿ ਮਹਤਿ ਪ੍ਰਭ ਤੇਰੈ ॥੧॥ ਰਹਾਉ ॥ ਅੰਗੀਕਾਰੁ ਕੀਓ ਪ੍ਰਭਿ ਅਪੁਨੈ ਕਾਢਿ ਲੀਆ ਬਿਖੁ ਘੇਰੈ ॥ ਅੰਮ੍ਰਿਤ ਨਾਮੁ ਅਉਖਧੁ ਮੁਖਿ ਦੀਨੋ ਜਾਇ ਪਇਆ ਗੁਰ ਪੈਰੈ ॥੧॥ ਕਵਨ ਉਪਮਾ ਕਹਉ ਏਕ ਮੁਖ ਨਿਰਗੁਣ ਕੇ ਦਾਤੇਰੈ ॥ ਕਾਟਿ ਸਿਲਕ ਜਉ ਅਪੁਨਾ ਕੀਨੋ ਨਾਨਕ ਸੂਖ ਘਨੇਰੈ ॥੨॥੨੭॥੫੦॥ {ਪੰਨਾ 1214} ਪਦ ਅਰਥ: ਓਟ = ਆਸਰਾ। ਸਤਾਣੀ = ਤਾਣ ਵਾਲੀ, ਤਕੜੀ। ਮੇਰੈ = ਮੇਰੇ ਅੰਦਰ। ਦ੍ਰਿਸਟਿ ਨ ਲਿਆਵਉ = ਮੈਂ ਨਿਗਾਹ ਵਿਚ ਨਹੀਂ ਲਿਆਉਂਦਾ। ਤੇਰੈ ਮਾਣਿ = ਤੇਰੇ ਮਾਣ ਦੇ ਆਸਰੇ। ਤੇਰੈ ਮਹਤਿ = ਤੇਰੇ ਵਡੱਪਣ ਦੇ ਆਸਰੇ। ਪ੍ਰਭ = ਹੇ ਪ੍ਰਭੂ।1। ਰਹਾਉ। ਅੰਗੀਕਾਰੁ = ਪੱਖ। ਪ੍ਰਭਿ = ਪ੍ਰਭੂ ਨੇ। ਬਿਖੁ = ਆਤਮਕ ਮੌਤ ਲਿਆਉਣ ਵਾਲੀ ਮਾਇਆ-ਜ਼ਹਰ। ਘੇਰੈ = ਘੇਰੇ ਵਿਚੋਂ। ਅੰਮ੍ਰਿਤ ਨਾਮੁ = ਆਤਮਕ ਜੀਵਨ ਦੇਣ ਵਾਲਾ ਨਾਮ-ਜਲ। ਅਉਖਧੁ = ਦਵਾਈ। ਮੁਖਿ = ਮੂੰਹ ਵਿਚ। ਗੁਰ ਪੈਰੈ = ਗੁਰੂ ਦੇ ਚਰਨਾਂ ਉੱਤੇ।1। ਕਵਨ ਉਪਮਾ = ਕਿਹੜੀ-ਕਿਹੜੀ ਵਡਿਆਈ? ਕਹਉ = ਕਹਉਂ, ਮੈਂ ਆਖਾਂ। ਨਿਰਗੁਣ = ਗੁਣ-ਹੀਨ। ਦਾਤੇਰੈ = ਦਾਤੇ ਦੇ। ਕਾਟਿ = ਕੱਟ ਕੇ। ਸਿਲਕ = ਫਾਹੀ। ਜਉ = ਜਦੋਂ। ਘਨੇਰੈ = ਬਹੁਤ।2। ਅਰਥ: ਹੇ ਪ੍ਰਭੂ ਜੀ! ਮੇਰੇ ਹਿਰਦੇ ਵਿਚ ਤੇਰਾ ਹੀ ਤਕੜਾ ਸਹਾਰਾ ਹੈ। ਹੇ ਪ੍ਰਭੂ! ਤੇਰੇ ਮਾਣ ਦੇ ਆਸਰੇ ਤੇਰੇ ਵਡੱਪਣ ਦੇ ਆਸਰੇ ਮੈਂ ਹੋਰ ਕਿਸੇ ਨੂੰ ਨਿਗਾਹ ਵਿਚ ਨਹੀਂ ਲਿਆਉਂਦਾ (ਮੈਂ ਕਿਸੇ ਹੋਰ ਨੂੰ ਤੇਰੇ ਬਰਾਬਰ ਦਾ ਨਹੀਂ ਸਮਝਦਾ) ।1। ਰਹਾਉ। ਹੇ ਭਾਈ! ਪਿਆਰੇ ਪ੍ਰਭੂ ਨੇ ਜਿਸ ਮਨੁੱਖ ਦਾ ਪੱਖ ਕੀਤਾ, ਉਸ ਨੂੰ ਉਸ (ਪ੍ਰਭੂ) ਨੇ ਆਤਮਕ ਮੌਤ ਲਿਆਉਣ ਵਾਲੀ ਮਾਇਆ-ਜ਼ਹਰ ਦੇ ਘੇਰੇ ਵਿਚੋਂ ਕੱਢ ਲਿਆ। ਉਹ ਮਨੁੱਖ ਗੁਰੂ ਦੇ ਚਰਨਾਂ ਉੱਤੇ ਜਾ ਡਿੱਗਾ, ਤੇ, (ਗੁਰੂ ਨੇ ਉਸ ਦੇ) ਮੂੰਹ ਵਿਚ ਆਤਮਕ ਜੀਵਨ ਦੇਣ ਵਾਲੀ ਨਾਮ-ਦਵਾਈ ਦਿੱਤੀ।1। ਹੇ ਭਾਈ! ਗੁਣ-ਹੀਨਾਂ ਨੂੰ ਗੁਣ ਦੇਣ ਵਾਲੇ ਪ੍ਰਭੂ ਦੀਆਂ ਮੈਂ ਆਪਣੇ ਇਕ ਮੂੰਹ ਨਾਲ ਕਿਹੜੀਆਂ-ਕਿਹੜੀਆਂ ਵਡਿਆਈਆਂ ਬਿਆਨ ਕਰਾਂ? ਹੇ ਨਾਨਕ! ਜਦੋਂ ਉਸ ਨੇ ਕਿਸੇ ਭਾਗਾਂ ਵਾਲੇ ਨੂੰ ਉਸ ਦੀ ਮਾਇਆ ਦੀ ਫਾਹੀ ਕੱਟ ਕੇ ਆਪਣਾ ਬਣਾ ਲਿਆ, ਉਸ ਨੂੰ ਬੇਅੰਤ ਸੁਖ ਪ੍ਰਾਪਤ ਹੋ ਗਏ।2। 27। 50। ਸਾਰਗ ਮਹਲਾ ੫ ॥ ਪ੍ਰਭ ਸਿਮਰਤ ਦੂਖ ਬਿਨਾਸੀ ॥ ਭਇਓ ਕ੍ਰਿਪਾਲੁ ਜੀਅ ਸੁਖਦਾਤਾ ਹੋਈ ਸਗਲ ਖਲਾਸੀ ॥੧॥ ਰਹਾਉ ॥ ਅਵਰੁ ਨ ਕੋਊ ਸੂਝੈ ਪ੍ਰਭ ਬਿਨੁ ਕਹੁ ਕੋ ਕਿਸੁ ਪਹਿ ਜਾਸੀ ॥ ਜਿਉ ਜਾਣਹੁ ਤਿਉ ਰਾਖਹੁ ਠਾਕੁਰ ਸਭੁ ਕਿਛੁ ਤੁਮ ਹੀ ਪਾਸੀ ॥੧॥ ਹਾਥ ਦੇਇ ਰਾਖੇ ਪ੍ਰਭਿ ਅਪੁਨੇ ਸਦ ਜੀਵਨ ਅਬਿਨਾਸੀ ॥ ਕਹੁ ਨਾਨਕ ਮਨਿ ਅਨਦੁ ਭਇਆ ਹੈ ਕਾਟੀ ਜਮ ਕੀ ਫਾਸੀ ॥੨॥੨੮॥੫੧॥ {ਪੰਨਾ 1214} ਪਦ ਅਰਥ: ਦੂਖ ਬਿਨਾਸੀ = ਸਾਰੇ ਦੁੱਖਾਂ ਦਾ ਨਾਸ ਕਰਨ ਵਾਲਾ। ਜੀਅ ਦਾਤਾ = ਜਿੰਦ ਦੇਣ ਵਾਲਾ।1। ਰਹਾਉ। ਕਹੁ = ਦੱਸੋ। ਕੋ = ਕੌਣ? ਕਿਸੁ ਪਹਿ = ਕਿਸ ਕੋਲ? ਜਾਸੀ = ਜਾਵੇਗਾ। ਠਾਕੁਰ = ਹੇ ਠਾਕੁਰ! ਤੁਮ ਹੀ ਪਾਸੀ = ਤੇਰੇ ਹੀ ਕੋਲ, ਤੇਰੇ ਹੀ ਵੱਸ ਵਿਚ।1। ਦੇਇ = ਦੇ ਕੇ। ਪ੍ਰਭਿ = ਪ੍ਰਭੂ ਨੇ। ਸਦ ਜੀਵਨ = ਅਟੱਲ ਜੀਵਨ ਵਾਲੇ। ਅਬਿਨਾਸੀ = ਆਤਮਕ ਮੌਤ ਤੋਂ ਰਹਿਤ। ਮਨਿ = ਮਨ ਵਿਚ। ਫਾਸੀ = ਫਾਹੀ।2। ਅਰਥ: ਹੇ ਭਾਈ! ਸਾਰੇ ਦੁੱਖਾਂ ਦੇ ਨਾਸ ਕਰਨ ਵਾਲੇ ਪ੍ਰਭੂ ਦਾ ਨਾਮ ਸਿਮਰਦਿਆਂ ਜਿੰਦ ਦੇਣ ਵਾਲਾ ਅਤੇ ਸੁਖ ਦੇਣ ਵਾਲਾ ਪ੍ਰਭੂ ਜਿਸ ਮਨੁੱਖ ਉੱਤੇ ਦਇਆਵਾਨ ਹੁੰਦਾ ਹੈ, ਸਾਰੇ ਹੀ ਵਿਕਾਰਾਂ ਤੋਂ ਉਸ ਦੀ ਖ਼ਲਾਸੀ ਹੋ ਜਾਂਦੀ ਹੈ।1। ਰਹਾਉ। ਹੇ ਭਾਈ! (ਹਰਿ-ਨਾਮ ਸਿਮਰਨ ਵਾਲੇ ਮਨੁੱਖ ਨੂੰ) ਪਰਮਾਤਮਾ ਤੋਂ ਬਿਨਾ (ਉਸ ਵਰਗਾ) ਹੋਰ ਕੋਈ ਨਹੀਂ ਸੁੱਝਦਾ (ਉਹ ਸਦਾ ਇਹੀ ਆਖਦਾ ਹੈ-) ਦੱਸ, (ਹੇ ਭਾਈ! ਪ੍ਰਭੂ ਨੂੰ ਛੱਡ ਕੇ) ਕੌਣ ਕਿਸ ਕੋਲ ਜਾ ਸਕਦਾ ਹੈ? (ਉਹ ਸਦਾ ਅਰਦਾਸ ਕਰਦਾ ਹੈ-) ਹੇ ਠਾਕੁਰ! ਜਿਵੇਂ ਹੋ ਸਕੇ ਤਿਵੇਂ ਮੇਰੀ ਰੱਖਿਆ ਕਰ, ਹਰੇਕ ਚੀਜ਼ ਤੇਰੇ ਹੀ ਕੋਲ ਹੈ।1। ਹੇ ਨਾਨਕ! ਆਖ– (ਹੇ ਭਾਈ!) ਪਿਆਰੇ ਪ੍ਰਭੂ ਨੇ ਜਿਨ੍ਹਾਂ ਮਨੁੱਖਾਂ ਨੂੰ ਹੱਥ ਦੇ ਕੇ ਰੱਖ ਲਿਆ, ਉਹ ਅਟੱਲ ਆਤਮਕ ਜੀਵਨ ਵਾਲੇ ਬਣ ਗਏ, ਆਤਮਕ ਮੌਤ ਉਹਨਾਂ ਦੇ ਨੇੜੇ ਨਹੀਂ ਢੁਕਦੀ। ਉਹਨਾਂ ਦੇ ਮਨ ਵਿਚ ਆਨੰਦ ਬਣਿਆ ਰਹਿੰਦਾ ਹੈ, ਉਹਨਾਂ ਦੀ ਜਮਾਂ ਵਾਲੀ ਫਾਹੀ ਕੱਟੀ ਜਾਂਦੀ ਹੈ।2। 28। 51। ਸਾਰਗ ਮਹਲਾ ੫ ॥ ਮੇਰੋ ਮਨੁ ਜਤ ਕਤ ਤੁਝਹਿ ਸਮ੍ਹ੍ਹਾਰੈ ॥ ਹਮ ਬਾਰਿਕ ਦੀਨ ਪਿਤਾ ਪ੍ਰਭ ਮੇਰੇ ਜਿਉ ਜਾਨਹਿ ਤਿਉ ਪਾਰੈ ॥੧॥ ਰਹਾਉ ॥ ਜਬ ਭੁਖੌ ਤਬ ਭੋਜਨੁ ਮਾਂਗੈ ਅਘਾਏ ਸੂਖ ਸਘਾਰੈ ॥ ਤਬ ਅਰੋਗ ਜਬ ਤੁਮ ਸੰਗਿ ਬਸਤੌ ਛੁਟਕਤ ਹੋਇ ਰਵਾਰੈ ॥੧॥ ਕਵਨ ਬਸੇਰੋ ਦਾਸ ਦਾਸਨ ਕੋ ਥਾਪਿਉ ਥਾਪਨਹਾਰੈ ॥ ਨਾਮੁ ਨ ਬਿਸਰੈ ਤਬ ਜੀਵਨੁ ਪਾਈਐ ਬਿਨਤੀ ਨਾਨਕ ਇਹ ਸਾਰੈ ॥੨॥੨੯॥੫੨॥ {ਪੰਨਾ 1214} ਪਦ ਅਰਥ: ਜਤ ਕਤ = ਜਿੱਥੇ ਕਿੱਥੇ, ਹਰ ਥਾਂ। ਤੁਝਹਿ = ਤੈਨੂੰ ਹੀ। ਸਮ੍ਹ੍ਹਾਰੈ = ਯਾਦ ਕਰਦਾ ਹੈ। ਦੀਨ = ਗਰੀਬ। ਪ੍ਰਭ = ਹੇ ਪ੍ਰਭੂ! ਜਿਉ ਜਾਨਹਿ = ਜਿਵੇਂ ਤੂੰ ਜਾਣਦਾ ਹੈਂ। ਪਾਰੈ = ਪਾਰ ਉਤਾਰ।1। ਰਹਾਉ। ਮਾਂਗੈ = (ਬਾਲਕ) ਮੰਗਦਾ ਹੈ। ਅਘਾਏ = (ਜਦੋਂ) ਰੱਜ ਜਾਂਦਾ ਹੈ। ਸਘਾਰੈ = ਸਗਲੇ, ਸਾਰੇ। ਤੁਮ ਸੰਗਿ = ਤੇਰੇ ਨਾਲ। ਛੁਟਕਤ = (ਤੈਥੋਂ) ਵਿਛੁੜਿਆ ਹੋਇਆ। ਰਵਾਰੈ = ਧੂੜ, ਮਿੱਟੀ।1। ਬਸੇਰੋ = ਵੱਸ, ਜ਼ੋਰ। ਕੋ = ਦਾ। ਥਾਪਿ = ਥਾਪ ਕੇ, ਪੈਦਾ ਕਰ ਕੇ। ਉਥਾਪਨਹਾਰੈ = ਨਾਸ ਕਰਨ ਵਾਲਾ ਹੈਂ। ਪਾਈਐ = ਹਾਸਲ ਕਰੀਦਾ ਹੈ। ਬਿਨਤੀ ਸਾਰੈ = ਬੇਨਤੀ ਕਰਦਾ ਹੈ।2। ਅਰਥ: ਹੇ ਪ੍ਰਭੂ! ਮੇਰਾ ਮਨ ਹਰ ਥਾਂ ਤੈਨੂੰ ਯਾਦ ਕਰਦਾ ਹੈ। ਹੇ ਮੇਰੇ ਪ੍ਰਭੂ-ਪਿਤਾ! ਅਸੀਂ (ਤੇਰੇ) ਗਰੀਬ ਬੱਚੇ ਹਾਂ, ਜਿਵੇਂ ਹੋ ਸਕੇ ਤਿਵੇਂ (ਸਾਨੂੰ ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈ।1। ਰਹਾਉ। ਹੇ ਪ੍ਰਭੂ! ਜਦੋਂ (ਬੱਚਾ) ਭੁੱਖਾ ਹੁੰਦਾ ਹੈ ਤਦੋਂ (ਖਾਣ ਨੂੰ) ਭੋਜਨ ਮੰਗਦਾ ਹੈ, ਜਦੋਂ ਰੱਜ ਜਾਂਦਾ ਹੈ, ਤਦੋਂ ਉਸ ਨੂੰ ਸਾਰੇ ਸੁਖ (ਪ੍ਰਤੀਤ ਹੁੰਦੇ ਹਨ) । (ਇਸੇ ਤਰ੍ਹਾਂ ਇਹ ਜੀਵ) ਜਦੋਂ ਤੇਰੇ ਨਾਲ (ਤੇਰੇ ਚਰਨਾਂ ਵਿਚ) ਵੱਸਦਾ ਹੈ, ਤਦੋਂ ਇਸ ਨੂੰ ਕੋਈ ਰੋਗ ਨਹੀਂ ਸਤਾਂਦਾ, (ਤੈਥੋਂ) ਵਿਛੁੜਿਆ ਹੋਇਆ (ਇਹ) ਮਿੱਟੀ ਹੋ ਜਾਂਦਾ ਹੈ।1। ਹੇ ਪ੍ਰਭੂ! ਤੇਰੇ ਦਾਸਾਂ ਦੇ ਦਾਸ ਦਾ ਕੀਹ ਜ਼ੋਰ ਚੱਲ ਸਕਦਾ ਹੈ? ਤੂੰ ਆਪ ਹੀ ਪੈਦਾ ਕਰਨ ਵਾਲਾ ਹੈਂ। (ਤੇਰਾ ਦਾਸ) ਨਾਨਕ ਇਹ (ਹੀ) ਬੇਨਤੀ ਕਰਦਾ ਹੈ– ਜਦੋਂ ਤੇਰਾ ਨਾਮ ਨਹੀਂ ਭੁੱਲਦਾ, ਤਦੋਂ (ਆਤਮਕ) ਜੀਵਨ ਹਾਸਲ ਕਰੀਦਾ ਹੈ।2। 29। 52। ਸਾਰਗ ਮਹਲਾ ੫ ॥ ਮਨ ਤੇ ਭੈ ਭਉ ਦੂਰਿ ਪਰਾਇਓ ॥ ਲਾਲ ਦਇਆਲ ਗੁਲਾਲ ਲਾਡਿਲੇ ਸਹਜਿ ਸਹਜਿ ਗੁਨ ਗਾਇਓ ॥੧॥ ਰਹਾਉ ॥ ਗੁਰ ਬਚਨਾਤਿ ਕਮਾਤ ਕ੍ਰਿਪਾ ਤੇ ਬਹੁਰਿ ਨ ਕਤਹੂ ਧਾਇਓ ॥ ਰਹਤ ਉਪਾਧਿ ਸਮਾਧਿ ਸੁਖ ਆਸਨ ਭਗਤਿ ਵਛਲੁ ਗ੍ਰਿਹਿ ਪਾਇਓ ॥੧॥ ਨਾਦ ਬਿਨੋਦ ਕੋਡ ਆਨੰਦਾ ਸਹਜੇ ਸਹਜਿ ਸਮਾਇਓ ॥ ਕਰਨਾ ਆਪਿ ਕਰਾਵਨ ਆਪੇ ਕਹੁ ਨਾਨਕ ਆਪਿ ਆਪਾਇਓ ॥੨॥੩੦॥੫੩॥ {ਪੰਨਾ 1214} ਪਦ ਅਰਥ: ਤੇ = ਤੋਂ। ਭੈ ਭਉ = ਡਰਾਂ ਦਾ ਡਰ, ਦੁਨੀਆ ਦੇ ਡਰਾਂ ਦਾ ਸਹਿਮ। ਦੂਰਿ ਪਰਾਇਓ = ਦੂਰ ਚਲਾ ਗਿਆ। ਸਹਜਿ = ਆਤਮਕ ਅਡੋਲਤਾ ਵਿਚ (ਟਿਕ ਕੇ) । ਲਾਡਿਲੇ ਗੁਨ = ਪਿਆਰੇ ਦੇ ਗੁਣ।1। ਰਹਾਉ। ਕਮਾਤ = ਕਮਾਂਦਿਆਂ। ਕ੍ਰਿਪਾ ਤੇ = (ਉਸ ਦੀ) ਮਿਹਰ ਨਾਲ। ਬਹੁਰਿ = ਮੁੜ। ਕਤਹੂ = ਹੋਰ ਕਿਤੇ ਭੀ। ਨ ਧਾਇਓ = ਨਹੀਂ ਭਟਕਦਾ। ਉਪਾਧਿ = ਵਿਕਾਰ। ਆਸਨ = ਟਿਕਾਉ। ਭਗਤਿ ਵਛਲੁ = ਭਗਤੀ ਨਾਲ ਪਿਆਰ ਕਰਨ ਵਾਲਾ। ਗ੍ਰਿਹਿ = ਹਿਰਦੇ-ਘਰ ਵਿਚ।1। ਨਾਦ = ਰਾਗ। ਬਿਨੋਦ = ਕੌਤਕ-ਤਮਾਸ਼ੇ। ਕੋਡ = ਕ੍ਰੋੜਾਂ। ਸਹਜੇ = ਸਹਜਿ, ਆਤਮਕ ਅਡੋਲਤਾ ਵਿਚ। ਆਪੇ = ਆਪ ਹੀ। ਆਪਿ ਆਪਾਇਓ = ਆਪ ਹੀ ਆਪ।2। ਅਰਥ: ਹੇ ਭਾਈ! (ਜਦੋਂ) ਹਰ ਵੇਲੇ ਆਤਮਕ ਅਡੋਲਤਾ ਵਿਚ ਟਿਕ ਕੇ ਸੋਹਣੇ ਦਿਆਲ ਪ੍ਰੇਮ-ਰਸ ਵਿਚ ਭਿੱਜੇ ਹੋਏ ਪਿਆਰੇ ਪ੍ਰਭੂ ਦੇ ਗੁਣ ਮੈਂ ਗਾਣੇ ਸ਼ੁਰੂ ਕੀਤੇ, ਤਾਂ ਮੇਰੇ ਮਨ ਤੋਂ ਦੁਨੀਆ ਦੇ ਖ਼ਤਰਿਆਂ ਦਾ ਸਹਿਮ ਦੂਰ ਹੋ ਗਿਆ।1। ਰਹਾਉ। ਹੇ ਭਾਈ! ਗੁਰੂ ਦੇ ਬਚਨਾਂ ਨੂੰ (ਪ੍ਰਭੂ ਦੀ) ਕਿਰਪਾ ਨਾਲ ਕਮਾਂਦਿਆਂ (ਗੁਰੂ ਦੇ ਦੱਸੇ ਰਸਤੇ ਉੱਤੇ ਤੁਰਦਿਆਂ ਹੁਣ ਮੇਰਾ ਮਨ) ਹੋਰ ਕਿਸੇ ਭੀ ਪਾਸੇ ਨਹੀਂ ਭਟਕਦਾ, (ਮੇਰਾ ਮਨ) ਵਿਕਾਰਾਂ ਤੋਂ ਬਚ ਗਿਆ ਹੈ, ਪ੍ਰਭੂ-ਚਰਨਾਂ ਵਿਚ ਲੀਨਤਾ ਦੇ ਸੁਖਾਂ ਵਿਚ ਟਿਕ ਗਿਆ ਹੈ, ਮੈਂ ਭਗਤੀ ਨਾਲ ਪਿਆਰ ਕਰਨ ਵਾਲੇ ਪ੍ਰਭੂ ਨੂੰ ਹਿਰਦੇ-ਘਰ ਵਿਚ ਲੱਭ ਲਿਆ ਹੈ।1। ਹੇ ਨਾਨਕ! ਆਖ– (ਹੇ ਭਾਈ! ਹੁਣ ਮੇਰਾ ਮਨ) ਸਦਾ ਹੀ ਆਤਮਕ ਅਡੋਲਤਾ ਵਿਚ ਲੀਨ ਰਹਿੰਦਾ ਹੈ, = (ਮਾਨੋ) ਸਾਰੇ ਰਾਗਾਂ ਅਤੇ ਤਮਾਸ਼ਿਆਂ ਦੇ ਕ੍ਰੋੜਾਂ ਹੀ ਆਨੰਦ ਪ੍ਰਾਪਤ ਹੋ ਗਏ ਹਨ, (ਹੁਣ ਇਉਂ ਨਿਸ਼ਚਾ ਹੋ ਗਿਆ ਹੈ ਕਿ) ਪਰਮਾਤਮਾ ਆਪ ਹੀ ਸਭ ਕੁਝ ਕਰਨ ਵਾਲਾ ਹੈ ਆਪ ਹੀ (ਜੀਵਾਂ ਪਾਸੋਂ) ਕਰਾਣ ਵਾਲਾ ਹੈ, ਸਭ ਥਾਂ ਆਪ ਹੀ ਆਪ ਹੈ।2। 30। 53। |
Sri Guru Granth Darpan, by Professor Sahib Singh |