ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 1215 ਸਾਰਗ ਮਹਲਾ ੫ ॥ ਅੰਮ੍ਰਿਤ ਨਾਮੁ ਮਨਹਿ ਆਧਾਰੋ ॥ ਜਿਨ ਦੀਆ ਤਿਸ ਕੈ ਕੁਰਬਾਨੈ ਗੁਰ ਪੂਰੇ ਨਮਸਕਾਰੋ ॥੧॥ ਰਹਾਉ ॥ ਬੂਝੀ ਤ੍ਰਿਸਨਾ ਸਹਜਿ ਸੁਹੇਲਾ ਕਾਮੁ ਕ੍ਰੋਧੁ ਬਿਖੁ ਜਾਰੋ ॥ ਆਇ ਨ ਜਾਇ ਬਸੈ ਇਹ ਠਾਹਰ ਜਹ ਆਸਨੁ ਨਿਰੰਕਾਰੋ ॥੧॥ ਏਕੈ ਪਰਗਟੁ ਏਕੈ ਗੁਪਤਾ ਏਕੈ ਧੁੰਧੂਕਾਰੋ ॥ ਆਦਿ ਮਧਿ ਅੰਤਿ ਪ੍ਰਭੁ ਸੋਈ ਕਹੁ ਨਾਨਕ ਸਾਚੁ ਬੀਚਾਰੋ ॥੨॥੩੧॥੫੪॥ {ਪੰਨਾ 1215} ਪਦ ਅਰਥ: ਅੰਮ੍ਰਿਤ = ਆਤਮਕ ਜੀਵਨ ਦੇਣ ਵਾਲਾ। ਮਨਹਿ ਆਧਾਰੋ = ਮਨ ਦਾ ਆਸਰਾ। ਜਿਨਿ = ਜਿਸ (ਗੁਰੂ) ਨੇ। ਤਿਸ ਕੈ = {ਸੰਬੰਧਕ 'ਕੈ' ਦੇ ਕਾਰਨ ਲਫ਼ਜ਼ 'ਤਿਸੁ' ਦਾ ੁ ਉੱਡ ਗਿਆ ਹੈ}।1। ਰਹਾਉ। ਸਹਜਿ = ਆਤਮਕ ਅਡੋਲਤਾ ਵਿਚ। ਸੁਹੇਲਾ = ਸੁਖੀ। ਬਿਖੁ = ਆਤਮਕ ਮੌਤ ਲਿਆਉਣ ਵਾਲਾ ਜ਼ਹਰ। ਜਾਰੋ = ਸਾੜ ਦਿੱਤਾ ਹੈ। ਆਇ ਨ ਜਾਇ = ਕਿਸੇ ਪਾਸੇ ਭਟਕਦਾ ਨਹੀਂ। ਠਾਹਰ = ਥਾਂ। ਜਹ = ਜਿੱਥੇ।1। ਏਕੈ = (ਪਰਮਾਤਮਾ) ਆਪ ਹੀ। ਗੁਪਤਾ = ਲੁਕਿਆ ਹੋਇਆ। ਧੁੰਧੂਕਾਰੋ = ਘੁੱਪ ਹਨੇਰਾ। ਆਦਿ = (ਜਗਤ ਦੇ) ਸ਼ੁਰੂ ਵਿਚ। ਮਧਿ = ਵਿਚਕਾਰਲੇ ਸਮੇ, ਹੁਣ। ਅੰਤਿ = (ਜਗਤ ਦੇ) ਅਖ਼ੀਰ ਵਿਚ। ਸਾਚੁ = ਅਟੱਲ, ਸਦਾ ਕਾਇਮ ਰਹਿਣ ਵਾਲਾ।2। ਅਰਥ: ਹੇ ਭਾਈ! ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ (ਹੁਣ ਮੇਰੇ) ਮਨ ਦਾ ਆਸਰਾ (ਬਣ ਗਿਆ) ਹੈ। ਜਿਸ (ਗੁਰੂ) ਨੇ (ਇਹ ਹਰਿ-ਨਾਮ ਮੈਨੂੰ) ਦਿੱਤਾ ਹੈ, ਮੈਂ ਉਸ ਤੋਂ ਸਦਕੇ ਜਾਂਦਾ ਹਾਂ, ਉਸ ਪੂਰੇ ਗੁਰੂ ਅੱਗੇ ਸਿਰ ਨਿਵਾਂਦਾ ਹਾਂ।1। ਰਹਾਉ। ਹੇ ਭਾਈ! (ਅੰਮ੍ਰਿਤ ਨਾਮ ਦੀ ਬਰਕਤਿ ਨਾਲ) ਮੇਰੀ ਤ੍ਰਿਸ਼ਨਾ ਮਿਟ ਗਈ ਹੈ, ਮੈਂ ਆਤਮਕ ਅਡੋਲਤਾ ਵਿਚ (ਟਿਕ ਕੇ) ਸੁਖੀ (ਹੋ ਗਿਆ) ਹਾਂ, ਆਤਮਕ ਮੌਤ ਲਿਆਉਣ ਵਾਲੇ ਕ੍ਰੋਧ ਜ਼ਹਰ ਨੂੰ (ਆਪਣੇ ਅੰਦਰੋਂ) ਸਾੜ ਦਿੱਤਾ ਹੈ। (ਹੁਣ ਮੇਰਾ ਮਨ) ਕਿਸੇ ਪਾਸੇ ਭਟਕਦਾ ਨਹੀਂ, ਉਸ ਟਿਕਾਣੇ ਤੇ ਟਿਕਿਆ ਰਹਿੰਦਾ ਹੈ ਜਿਥੇ ਪਰਮਾਤਮਾ ਦਾ ਨਿਵਾਸ ਹੈ।1। ਹੇ ਨਾਨਕ! ਆਖ– (ਹੇ ਭਾਈ! ਹੁਣ ਮੇਰੇ ਅੰਦਰ ਇਹ) ਅਟੱਲ ਵਿਸ਼ਵਾਸ (ਬਣ ਗਿਆ) ਹੈ ਕਿ ਜਗਤ ਦੇ ਆਰੰਭ ਵਿਚ, ਹੁਣ ਵਿਚਕਾਰਲੇ ਸਮੇ, ਜਗਤ ਦੇ ਅਖ਼ੀਰ ਵਿਚ ਉਹ ਪਰਮਾਤਮਾ ਆਪ ਹੀ ਆਪ ਹੈ। ਇਹ ਪਰਤੱਖ ਜਗਤ ਉਹ ਆਪ ਹੀ ਹੈ, (ਇਸ ਜਗਤ ਵਿਚ) ਲੁਕਿਆ ਹੋਇਆ (ਆਤਮਾ ਭੀ) ਉਹ ਆਪ ਹੀ ਹੈ, ਘੁੱਪ ਹਨੇਰਾ ਭੀ (ਜਦੋਂ ਕੋਈ ਜਗਤ-ਰਚਨਾ ਨਹੀਂ ਸੀ) ਉਹ ਆਪ ਹੀ ਹੈ।2। 31। 54। ਸਾਰਗ ਮਹਲਾ ੫ ॥ ਬਿਨੁ ਪ੍ਰਭ ਰਹਨੁ ਨ ਜਾਇ ਘਰੀ ॥ ਸਰਬ ਸੂਖ ਤਾਹੂ ਕੈ ਪੂਰਨ ਜਾ ਕੈ ਸੁਖੁ ਹੈ ਹਰੀ ॥੧॥ ਰਹਾਉ ॥ ਮੰਗਲ ਰੂਪ ਪ੍ਰਾਨ ਜੀਵਨ ਧਨ ਸਿਮਰਤ ਅਨਦ ਘਨਾ ॥ ਵਡ ਸਮਰਥੁ ਸਦਾ ਸਦ ਸੰਗੇ ਗੁਨ ਰਸਨਾ ਕਵਨ ਭਨਾ ॥੧॥ ਥਾਨ ਪਵਿਤ੍ਰਾ ਮਾਨ ਪਵਿਤ੍ਰਾ ਪਵਿਤ੍ਰ ਸੁਨਨ ਕਹਨਹਾਰੇ ॥ ਕਹੁ ਨਾਨਕ ਤੇ ਭਵਨ ਪਵਿਤ੍ਰਾ ਜਾ ਮਹਿ ਸੰਤ ਤੁਮ੍ਹ੍ਹਾਰੇ ॥੨॥੩੨॥੫੫॥ {ਪੰਨਾ 1215} ਪਦ ਅਰਥ: ਘਰੀ = (ਇਕ) ਘੜੀ। ਸਰਬ = ਸਾਰੇ। ਤਾਹੂ ਕੈ = ਉਸ ਦੇ ਹਿਰਦੇ ਵਿਚ ਹੀ। ਜਾ ਕੈ = ਜਿਸ ਦੇ ਹਿਰਦੇ ਵਿਚ। ਹਰੀ = ਪਰਮਾਤਮਾ।1। ਰਹਾਉ। ਮੰਗਲ = ਖ਼ੁਸ਼ੀਆਂ। ਸਿਮਰਤ = ਸਿਮਰਦਿਆਂ। ਘਨਾ = ਬਹੁਤ। ਸਮਰਥੁ = ਤਾਕਤ ਵਾਲਾ। ਸਦ = ਸਦਾ। ਸੰਗੇ = ਨਾਲ। ਰਸਨਾ = ਜੀਭ ਨਾਲ। ਗੁਨ ਕਵਨ = ਕਿਹੜੇ ਕਿਹੜੇ ਗੁਣ? ਭਨਾ = ਭਨਾਂ, ਮੈਂ ਉਚਾਰਾਂ।1। ਰਹਾਉ। ਥਾਨ = ਥਾਂ {ਬਹੁ-ਵਚਨ}। ਮਾਨ = ਮੰਨਣ ਵਾਲੇ। ਸੁਨਨਹਾਰੇ = ਸੁਣਨ ਵਾਲੇ। ਕਹਨਹਾਰੇ = ਕਹਿਣ ਵਾਲੇ। ਤੇ ਭਵਨ = ਉਹ ਘਰ {ਬਹੁ-ਵਚਨ}। ਜਾ ਮਹਿ = ਜਿਨ੍ਹਾਂ (ਘਰਾਂ) ਵਿਚ।2। ਅਰਥ: ਹੇ ਭਾਈ! ਜਿਸ (ਮਨੁੱਖ) ਦੇ ਹਿਰਦੇ ਵਿਚ ਸੁਖਾਂ ਦਾ ਮੂਲ ਪਰਮਾਤਮਾ ਆ ਵੱਸਦਾ ਹੈ, ਉਸ ਮਨੁੱਖ ਦੇ ਹੀ (ਹਿਰਦੇ ਵਿਚ ਸਾਰੇ ਸੁਖ ਆ ਵੱਸਦੇ ਹਨ। ਉਹ ਮਨੁੱਖ ਪਰਮਾਤਮਾ ਦੀ ਯਾਦ ਤੋਂ ਬਿਨਾ ਇਕ ਘੜੀ ਭੀ ਨਹੀਂ ਰਹਿ ਸਕਦਾ।1। ਰਹਾਉ। ਹੇ ਭਾਈ! ਉਹ ਪ੍ਰਭੂ ਖ਼ੁਸ਼ੀਆਂ ਦਾ ਰੂਪ ਹੈ, ਪ੍ਰਾਣਾਂ ਦਾ ਜੀਵਨ ਦਾ ਆਸਰਾ ਹੈ, ਉਸ ਨੂੰ ਸਿਮਰਦਿਆਂ ਬਹੁਤ ਆਨੰਦ ਪ੍ਰਾਪਤ ਹੁੰਦੇ ਹਨ। ਹੇ ਭਾਈ! ਉਹ ਪ੍ਰਭੂ ਵੱਡੀਆਂ ਤਾਕਤਾਂ ਦਾ ਮਾਲਕ ਹੈ, ਸਦਾ ਹੀ ਸਦਾ ਹੀ (ਸਾਡੇ) ਨਾਲ ਰਹਿੰਦਾ ਹੈ। ਮੈਂ ਆਪਣੀ ਜੀਭ ਨਾਲ ਉਸ ਦੇ ਕਿਹੜੇ ਕਿਹੜੇ ਗੁਣ ਬਿਆਨ ਕਰਾਂ?।1। ਹੇ ਨਾਨਕ! ਆਖ– ਹੇ ਪ੍ਰਭੂ! (ਜਿਥੇ ਤੇਰਾ ਨਾਮ ਉਚਾਰਿਆ ਜਾਂਦਾ ਹੈ) ਉਹ ਥਾਂ ਪਵਿੱਤਰ ਹੋ ਜਾਂਦੇ ਹਨ, ਤੇਰੇ ਨਾਮ ਨੂੰ ਮੰਨਣ ਵਾਲੇ (ਸਰਧਾ ਨਾਲ ਮਨ ਵਿਚ ਵਸਾਣ ਵਾਲੇ) ਪਵਿੱਤਰ ਹੋ ਜਾਂਦੇ ਹਨ, ਤੇਰੇ ਨਾਮ ਨੂੰ ਸੁਣਨ ਵਾਲੇ ਤੇ ਜਪਣ ਵਾਲੇ ਪਵਿੱਤਰ ਹੋ ਜਾਂਦੇ ਹਨ। ਜਿਨ੍ਹਾਂ ਘਰਾਂ ਵਿਚ ਤੇਰੇ ਸੰਤ ਵੱਸਦੇ ਹਨ ਉਹ ਪਵਿੱਤਰ ਹੋ ਜਾਂਦੇ ਹਨ।2। 32। 55। ਸਾਰਗ ਮਹਲਾ ੫ ॥ ਰਸਨਾ ਜਪਤੀ ਤੂਹੀ ਤੂਹੀ ॥ ਮਾਤ ਗਰਭ ਤੁਮ ਹੀ ਪ੍ਰਤਿਪਾਲਕ ਮ੍ਰਿਤ ਮੰਡਲ ਇਕ ਤੁਹੀ ॥੧॥ ਰਹਾਉ ॥ ਤੁਮਹਿ ਪਿਤਾ ਤੁਮ ਹੀ ਫੁਨਿ ਮਾਤਾ ਤੁਮਹਿ ਮੀਤ ਹਿਤ ਭ੍ਰਾਤਾ ॥ ਤੁਮ ਪਰਵਾਰ ਤੁਮਹਿ ਆਧਾਰਾ ਤੁਮਹਿ ਜੀਅ ਪ੍ਰਾਨਦਾਤਾ ॥੧॥ ਤੁਮਹਿ ਖਜੀਨਾ ਤੁਮਹਿ ਜਰੀਨਾ ਤੁਮ ਹੀ ਮਾਣਿਕ ਲਾਲਾ ॥ ਤੁਮਹਿ ਪਾਰਜਾਤ ਗੁਰ ਤੇ ਪਾਏ ਤਉ ਨਾਨਕ ਭਏ ਨਿਹਾਲਾ ॥੨॥੩੩॥੫੬॥ {ਪੰਨਾ 1215} ਪਦ ਅਰਥ: ਰਸਨਾ = ਜੀਭ। ਗਰਭ = ਪੇਟ। ਪ੍ਰਤਿਪਾਲਕ = ਪਾਲਣ ਵਾਲਾ। ਮ੍ਰਿਤ ਮੰਡਲ = ਜਗਤ। ਇਕ = ਸਿਰਫ਼।1। ਰਹਾਉ। ਤੁਮਹਿ = ਤੁਮ ਹੀ। ਫੁਨਿ = ਭੀ। ਮੀਤ = ਮਿੱਤਰ। ਹਿਤ = ਹਿਤੂ। ਆਧਾਰਾ = ਆਸਰਾ। ਜੀਅ ਦਾਤਾ = ਜਿੰਦ ਦੇਣ ਵਾਲਾ।1। ਖਜੀਨਾ = ਖ਼ਜ਼ਾਨਾ। ਜਰੀਨਾ = ਜ਼ਰੀਨਾ, ਜ਼ਰ। ਮਾਣਿਕ = ਮੋਤੀ। ਪਾਰਜਾਤ = ਸਵਰਗ ਦਾ ਉਹ ਰੁੱਖ ਜੋ ਸਾਰੀਆਂ ਮਨੋ-ਕਾਮਨਾਂ ਪੂਰੀਆਂ ਕਰਨ ਵਾਲਾ ਮੰਨਿਆ ਜਾਂਦਾ ਹੈ। ਗੁਰ ਤੇ = ਗੁਰੂ ਪਾਸੋਂ। ਤਉ = ਤਦੋਂ।2। ਅਰਥ: ਹੇ ਪ੍ਰਭੂ! ਮੇਰੀ ਜੀਭ ਸਦਾ ਤੇਰਾ ਜਾਪ ਹੀ ਜਪਦੀ ਹੈ। ਮਾਂ ਦੇ ਪੇਟ ਵਿਚ ਤੂੰ ਹੀ (ਜੀਵਾਂ ਦੀ) ਪਾਲਣਾ ਕਰਨ ਵਾਲਾ ਹੈਂ, ਜਗਤ ਵਿਚ ਹੀ ਸਿਰਫ਼ ਤੂੰ ਹੀ ਪਾਲਣਹਾਰ ਹੈਂ।1। ਰਹਾਉ। ਹੇ ਪ੍ਰਭੂ! ਤੂੰ ਹੀ ਸਾਡਾ ਪਿਉ ਹੈਂ, ਤੂੰ ਹੀ ਸਾਡੀ ਮਾਂ ਭੀ ਹੈਂ, ਤੂੰ ਹੀ ਮਿੱਤਰ ਹੈਂ ਤੂੰ ਹੀ ਹਿਤੂ ਹੈਂ ਤੂੰ ਹੀ ਭਰਾ ਹੈਂ। ਤੂੰ ਹੀ ਸਾਡਾ ਪਰਵਾਰ ਹੈਂ, ਤੂੰ ਹੀ ਆਸਰਾ ਹੈਂ, ਤੂੰ ਹੀ ਜਿੰਦ ਦੇਣ ਵਾਲਾ ਹੈਂ, ਤੂੰ ਹੀ ਪ੍ਰਾਣ ਦੇਣ ਵਾਲਾ ਹੈਂ।1। ਹੇ ਪ੍ਰਭੂ! ਤੂੰ ਹੀ (ਮੇਰੇ ਵਾਸਤੇ) ਖ਼ਜ਼ਾਨਾ ਹੈਂ, ਤੂੰ ਹੀ ਮੇਰਾ ਧਨ-ਦੌਲਤ ਹੈਂ, ਤੂੰ ਹੀ (ਮੇਰੇ ਲਈ) ਮੋਤੀ ਹੀਰੇ ਹੈਂ। ਤੂੰ ਹੀ (ਸਵਰਗ ਦਾ) ਪਾਰਜਾਤ ਰੁੱਖ ਹੈਂ। ਹੇ ਨਾਨਕ! (ਆਖ– ਹੇ ਪ੍ਰਭੂ!) ਜਦੋਂ ਤੂੰ ਗੁਰੂ ਦੀ ਰਾਹੀਂ ਮਿਲ ਪੈਂਦਾ ਹੈਂ, ਤਦੋਂ ਪ੍ਰਸੰਨ-ਚਿੱਤ ਹੋ ਜਾਈਦਾ ਹੈ।2। 33। 56। ਸਾਰਗ ਮਹਲਾ ੫ ॥ ਜਾਹੂ ਕਾਹੂ ਅਪੁਨੋ ਹੀ ਚਿਤਿ ਆਵੈ ॥ ਜੋ ਕਾਹੂ ਕੋ ਚੇਰੋ ਹੋਵਤ ਠਾਕੁਰ ਹੀ ਪਹਿ ਜਾਵੈ ॥੧॥ ਰਹਾਉ ॥ ਅਪਨੇ ਪਹਿ ਦੂਖ ਅਪਨੇ ਪਹਿ ਸੂਖਾ ਅਪੁਨੇ ਹੀ ਪਹਿ ਬਿਰਥਾ ॥ ਅਪੁਨੇ ਪਹਿ ਮਾਨੁ ਅਪੁਨੇ ਪਹਿ ਤਾਨਾ ਅਪਨੇ ਹੀ ਪਹਿ ਅਰਥਾ ॥੧॥ ਕਿਨ ਹੀ ਰਾਜ ਜੋਬਨੁ ਧਨ ਮਿਲਖਾ ਕਿਨ ਹੀ ਬਾਪ ਮਹਤਾਰੀ ॥ ਸਰਬ ਥੋਕ ਨਾਨਕ ਗੁਰ ਪਾਏ ਪੂਰਨ ਆਸ ਹਮਾਰੀ ॥੨॥੩੪॥੫੭॥ {ਪੰਨਾ 1215} ਪਦ ਅਰਥ: ਜਾਹੂ ਕਾਹੂ = ਹਰ ਕਿਸੇ ਨੂੰ। ਚਿਤਿ = ਚਿੱਤ ਵਿਚ। ਆਵੈ = ਯਾਦ ਆਉਂਦਾ ਹੈ। ਕਾਹੂ ਕੋ = ਕਿਸੇ ਦਾ। ਚੇਰੋ = ਸੇਵਕ, ਨੌਕਰ। ਠਾਕੁਰ = ਮਾਲਕ। ਪਹਿ = ਪਾਸ, ਕੋਲ।1। ਰਹਾਉ। ਬਿਰਥਾ = {ÒXQw} ਦਿਲ ਦਾ ਦੁੱਖ। ਤਾਨਾ = ਤਾਕਤ, ਆਸਰਾ। ਅਰਥਾ = ਲੋੜਾਂ।1। ਕਿਨ ਹੀ = ਕਿਨਿ ਹੀ, ਕਿਸੇ ਨੇ {ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਲਫ਼ਜ਼ 'ਕਿਨਿ' ਦੀ 'ਿ' ਉੱਡ ਗਈ ਹੈ}। ਜੋਬਨੁ = ਜਵਾਨੀ। ਮਿਲਖਾ = ਜ਼ਮੀਨ। ਮਹਤਾਰੀ = ਮਾਂ। ਗੁਰ = ਹੇ ਗੁਰੂ!।2। ਅਰਥ: ਹੇ ਭਾਈ! ਹਰ ਕਿਸੇ ਨੂੰ (ਕੋਈ) ਆਪਣਾ ਹੀ (ਪਿਆਰਾ) ਚਿੱਤ ਵਿਚ ਯਾਦ ਆਉਂਦਾ ਹੈ। ਜਿਹੜਾ ਮਨੁੱਖ ਕਿਸੇ ਦਾ ਸੇਵਕ ਹੁੰਦਾ ਹੈ, (ਉਹ ਸੇਵਕ ਆਪਣੇ) ਮਾਲਕ ਪਾਸ ਹੀ (ਲੋੜ ਪਿਆਂ) ਜਾਂਦਾ ਹੈ।1। ਰਹਾਉ। ਹੇ ਭਾਈ! ਆਪਣੇ ਸਨੇਹੀ ਕੋਲ ਦੁੱਖ ਫੋਲੀਦੇ ਹਨ ਆਪਣੇ ਸਨੇਹੀ ਪਾਸ ਸੁਖ ਦੀਆਂ ਗੱਲਾਂ ਕਰੀਦੀਆਂ ਹਨ, ਆਪਣੇ ਹੀ ਸਨੇਹੀ ਕੋਲ ਦਿਲ ਦਾ ਦੁੱਖ ਦੱਸੀਦਾ ਹੈ। ਆਪਣੇ ਸਨੇਹੀ ਉਤੇ ਹੀ ਮਾਣ ਕਰੀਦਾ ਹੈ, ਆਪਣੇ ਸਨੇਹੀ ਦਾ ਹੀ ਆਸਰਾ ਤੱਕੀਦਾ ਹੈ, ਆਪਣੇ ਸਨੇਹੀ ਨੂੰ ਹੀ ਆਪਣੀਆਂ ਲੋੜਾਂ ਦੱਸੀਦੀਆਂ ਹਨ।1। ਹੇ ਭਾਈ! ਕਿਸੇ ਨੇ ਰਾਜ ਦਾ ਮਾਣ ਕੀਤਾ, ਕਿਸੇ ਨੇ ਜਵਾਨੀ ਨੂੰ (ਆਪਣੀ ਸਮਝਿਆ) , ਕਿਸੇ ਨੇ ਧਨ ਧਰਤੀ ਦਾ ਮਾਣ ਕੀਤਾ, ਕਿਸੇ ਨੇ ਪਿਉ ਮਾਂ ਦਾ ਆਸਰਾ ਤੱਕਿਆ। ਹੇ ਨਾਨਕ! (ਆਖ-) ਹੇ ਗੁਰੂ! ਮੈਂ ਸਾਰੇ ਪਦਾਰਥ ਤੈਥੋਂ ਪ੍ਰਾਪਤ ਕਰ ਲਏ ਹਨ, ਮੇਰੀ ਹਰੇਕ ਆਸ (ਤੇਰੇ ਦਰ ਤੋਂ) ਪੂਰੀ ਹੁੰਦੀ ਹੈ।2। 34। 47। ਸਾਰਗ ਮਹਲਾ ੫ ॥ ਝੂਠੋ ਮਾਇਆ ਕੋ ਮਦ ਮਾਨੁ ॥ ਧ੍ਰੋਹ ਮੋਹ ਦੂਰਿ ਕਰਿ ਬਪੁਰੇ ਸੰਗਿ ਗੋਪਾਲਹਿ ਜਾਨੁ ॥੧॥ ਰਹਾਉ ॥ ਮਿਥਿਆ ਰਾਜ ਜੋਬਨ ਅਰੁ ਉਮਰੇ ਮੀਰ ਮਲਕ ਅਰੁ ਖਾਨ ॥ ਮਿਥਿਆ ਕਾਪਰ ਸੁਗੰਧ ਚਤੁਰਾਈ ਮਿਥਿਆ ਭੋਜਨ ਪਾਨ ॥੧॥ ਦੀਨ ਬੰਧਰੋ ਦਾਸ ਦਾਸਰੋ ਸੰਤਹ ਕੀ ਸਾਰਾਨ ॥ ਮਾਂਗਨਿ ਮਾਂਗਉ ਹੋਇ ਅਚਿੰਤਾ ਮਿਲੁ ਨਾਨਕ ਕੇ ਹਰਿ ਪ੍ਰਾਨ ॥੨॥੩੫॥੫੮॥ {ਪੰਨਾ 1215} ਪਦ ਅਰਥ: ਝੂਠੋ = ਸਦਾ ਨਾਲ ਨਾਹ ਨਿਭਣ ਵਾਲਾ। ਕੋ = ਦਾ। ਮਦ = ਨਸ਼ਾ। ਧ੍ਰੋਹ = ਠੱਗੀ। ਬਪੁਰੇ = ਹੇ ਵਿਚਾਰੇ! ਹੇ ਨਿਮਾਣੇ! ਸੰਗਿ = ਨਾਲ।1। ਰਹਾਉ। ਮਿਥਿਆ = ਨਾਸਵੰਤ। ਅਰੁ = ਅਉਰ, ਅਤੇ। ਉਮਰੇ = ਅਮੀਰ ਲੋਕ। ਮੀਰ = ਪਾਤਿਸ਼ਾਹ। ਕਾਪਰ = ਕੱਪੜੇ। ਸੁਗੰਧ = ਸੁਗੰਧੀਆਂ। ਭੋਜਨ ਪਾਨ = ਖਾਣ ਪੀਣ ਦੇ ਪਦਾਰਥ।1। ਦੀਨ ਬੰਧਰੋ = ਹੇ ਦੀਨ-ਬੰਧੂ! ਹੇ ਗਰੀਬਾਂ ਦੇ ਸਹਾਈ! ਸਾਰਾਨ = ਸਰਨ। ਮਾਂਗਉ = ਮਾਂਗਉਂ, ਮੈਂ ਮੰਗਦਾ ਹਾਂ। ਹੋਇ ਅਚਿੰਤਾ = ਅਚਿੰਤ ਹੋ ਕੇ, ਬੇ-ਫ਼ਿਕਰ ਹੋ ਕੇ, ਪੂਰੀ ਸਰਧਾ ਨਾਲ। ਮਾਂਗਨਿ = ਮੰਗ {Noun}।2। ਅਰਥ: ਹੇ ਅੰਞਾਣ! ਮਾਇਆ ਦਾ ਨਸ਼ਾ ਮਾਇਆ ਦਾ ਅਹੰਕਾਰ ਝੂਠਾ ਹੈ (ਸਦਾ ਕਾਇਮ ਰਹਿਣ ਵਾਲਾ ਨਹੀਂ) । (ਮਾਇਆ ਦਾ) ਮੋਹ (ਆਪਣੇ ਅੰਦਰੋਂ) ਦੂਰ ਕਰ, (ਮਾਇਆ ਦੀ ਖ਼ਾਤਰ) ਠੱਗੀ ਕਰਨੀ ਦੂਰ ਕਰ, ਪਰਮਾਤਮਾ ਨੂੰ ਸਦਾ ਆਪਣੇ ਨਾਲ ਵੱਸਦਾ ਸਮਝ।1। ਰਹਾਉ। ਹੇ ਭਾਈ! ਰਾਜ ਨਾਸਵੰਤ ਹੈ ਜਵਾਨੀ ਨਾਸਵੰਤ ਹੈ। ਅਮੀਰ ਪਾਤਿਸ਼ਾਹ ਮਾਲਕ ਖ਼ਾਨ ਸਭ ਨਾਸਵੰਤ ਹਨ (ਇਹਨਾਂ ਹਕੂਮਤਾਂ ਦਾ ਨਸ਼ਾ ਸਦਾ ਕਾਇਮ ਨਹੀਂ ਰਹੇਗਾ) । ਇਹ ਕੱਪੜੇ ਤੇ ਸੁਗੰਧੀਆਂ ਸਭ ਨਾਸਵੰਤ ਹਨ, (ਇਹਨਾਂ ਦੇ ਆਸਰੇ) ਚਤੁਰਾਈ ਕਰਨੀ ਝੂਠਾ ਕੰਮ ਹੈ। ਖਾਣ ਪੀਣ ਦੇ (ਵਧੀਆ) ਪਦਾਰਥ ਸਭ ਨਾਸਵੰਤ ਹਨ।1। ਹੇ ਗਰੀਬਾਂ ਦੇ ਸਹਾਈ! ਮੈਂ ਤੇਰੇ ਦਾਸਾਂ ਦਾ ਦਾਸ ਹਾਂ, ਮੈਂ ਤੇਰੇ ਸੰਤਾਂ ਦੀ ਸਰਨ ਹਾਂ। ਹੇ ਨਾਨਕ ਦੀ ਜਿੰਦ-ਜਾਨ ਹਰੀ! ਹੋਰ ਆਸਰੇ ਛੱਡ ਕੇ ਮੈਂ (ਤੇਰੇ ਦਰ ਤੋਂ) ਮੰਗ ਮੰਗਦਾ ਹਾਂ ਕਿ ਮੈਨੂੰ ਦਰਸਨ ਦੇਹ।2। 35। 58। ਸਾਰਗ ਮਹਲਾ ੫ ॥ ਅਪੁਨੀ ਇਤਨੀ ਕਛੂ ਨ ਸਾਰੀ ॥ ਅਨਿਕ ਕਾਜ ਅਨਿਕ ਧਾਵਰਤਾ ਉਰਝਿਓ ਆਨ ਜੰਜਾਰੀ ॥੧॥ ਰਹਾਉ ॥ ਦਿਉਸ ਚਾਰਿ ਕੇ ਦੀਸਹਿ ਸੰਗੀ ਊਹਾਂ ਨਾਹੀ ਜਹ ਭਾਰੀ ॥ ਤਿਨ ਸਿਉ ਰਾਚਿ ਮਾਚਿ ਹਿਤੁ ਲਾਇਓ ਜੋ ਕਾਮਿ ਨਹੀ ਗਾਵਾਰੀ ॥੧॥ ਹਉ ਨਾਹੀ ਨਾਹੀ ਕਿਛੁ ਮੇਰਾ ਨਾ ਹਮਰੋ ਬਸੁ ਚਾਰੀ ॥ ਕਰਨ ਕਰਾਵਨ ਨਾਨਕ ਕੇ ਪ੍ਰਭ ਸੰਤਨ ਸੰਗਿ ਉਧਾਰੀ ॥੨॥੩੬॥੫੯॥ {ਪੰਨਾ 1215-1216} ਪਦ ਅਰਥ: ਇਤਨੀ ਕਛੂ = ਰਤਾ ਭਰ ਭੀ। ਸਾਰੀ = ਸੰਭਾਲੀ, ਸੰਭਾਲ ਕੀਤੀ। ਧਾਵਰਤਾ = ਭੱਜ-ਦੌੜ। ਉਰਝਿਓ = ਫਸਿਆ ਰਿਹਾ। ਆਨ ਜੰਜਾਰੀ = ਹੋਰ ਹੋਰ ਜੰਜਾਲਾਂ ਵਿਚ।1। ਰਹਾਉ। ਦਿਉਸ = ਦਿਵਸ, ਦਿਨ। ਚਾਰਿ = {ਲਫ਼ਜ਼ 'ਚਾਰ' ਅਤੇ 'ਚਾਰਿ' ਦਾ ਫ਼ਰਕ ਚੇਤੇ ਰੱਖੋ। ਚਾਰ = ਸੁੰਦਰ}। ਦੀਸਹਿ = ਦਿੱਸਦੇ ਹਨ। ਸੰਗੀ = ਸਾਥੀ। ਊਹਾਂ = ਉਸ ਥਾਂ। ਜਹ = ਜਿੱਥੇ। ਭਾਰੀ = ਬਿਪਤਾ, ਔਖਿਆਈ। ਰਾਚਿ ਮਾਚਿ = ਰਚ ਮਿਚ ਕੇ। ਹਿਤੁ = ਪਿਆਰ। ਕਾਮਿ ਨਹੀ = ਕੰਮ ਨਹੀਂ ਆਉਂਦਾ। ਗਾਵਾਰੀ = ਹੇ ਗਾਵਾਰ!।1। ਹਉ = ਮੈਂ। ਬਸੁ = ਵੱਸ। ਚਾਰੀ = ਚਾਰਾ, ਜ਼ੋਰ। ਪ੍ਰਭ = ਹੇ ਪ੍ਰਭੂ! ਸੰਗਿ = ਨਾਲ। ਉਧਾਰੀ = ਉਧਾਰਿ, ਬਚਾ ਲੈ।2। ਅਰਥ: ਹੇ ਗਵਾਰ! (ਜਿਹੜੀ ਆਤਮਕ ਜਾਇਦਾਦ) ਆਪਣੀ (ਬਣਨੀ ਸੀ, ਉਸ ਦੀ) ਰਤਾ ਭਰ ਭੀ ਸੰਭਾਲ ਨਾਹ ਕੀਤੀ। (ਤੂੰ ਸਾਰੀ ਉਮਰ) ਅਨੇਕਾਂ ਕੰਮਾਂ ਵਿਚ, ਅਨੇਕਾਂ ਦੌੜ-ਭੱਜਾਂ ਵਿਚ ਅਤੇ ਹੋਰ ਹੋਰ ਜੰਜਾਲਾਂ ਵਿਚ ਹੀ ਫਸਿਆ ਰਿਹਾ।1। ਰਹਾਉ। ਹੇ ਗਵਾਰ! (ਦੁਨੀਆ ਵਾਲੇ ਇਹ) ਸਾਥੀ ਚਾਰ ਦਿਨਾਂ ਦੇ ਹੀ (ਸਾਥੀ) ਦਿੱਸਦੇ ਹਨ, ਜਿੱਥੇ ਬਿਪਤਾ ਪੈਂਦੀ ਹੈ, ਉਥੇ ਇਹ (ਸਹਾਇਤਾ) ਨਹੀਂ (ਕਰ ਸਕਦੇ) । ਹੇ ਗਵਾਰ! ਤੂੰ ਉਹਨਾਂ ਨਾਲ ਪਰਚ ਕੇ ਪਿਆਰ ਪਾਇਆ ਹੋਇਆ ਹੈ ਜੋ (ਆਖ਼ਿਰ) ਤੇਰੇ ਕੰਮ ਨਹੀਂ ਆ ਸਕਦੇ।1। ਹੇ ਸਭ ਕੁਝ ਕਰਨ ਦੀ ਸਮਰਥਾ ਵਾਲੇ! ਹੇ ਸਭ ਕੁਝ ਕਰਾ ਸਕਣ ਵਾਲੇ! ਹੇ ਨਾਨਕ ਦੇ ਪ੍ਰਭੂ! ਮੇਰੀ ਕੋਈ ਪਾਂਇਆਂ ਨਹੀਂ, ਮੇਰੀ ਕੋਈ ਸਮਰਥਾ ਨਹੀਂ, (ਮਾਇਆ ਦੇ ਟਾਕਰੇ ਤੇ) ਮੇਰਾ ਕੋਈ ਵੱਸ ਨਹੀਂ ਚੱਲਦਾ ਮੇਰਾ ਕੋਈ ਜ਼ੋਰ ਨਹੀਂ ਪੈਂਦਾ, ਮੈਨੂੰ ਆਪਣੇ ਸੰਤਾਂ ਦੀ ਸੰਗਤਿ ਵਿਚ ਰੱਖ ਕੇ (ਇਸ ਸੰਸਾਰ-ਸਮੁੰਦਰ ਤੋਂ) ਮੇਰਾ ਪਾਰ-ਉਤਾਰਾ ਕਰ।2। 36। 59। |
Sri Guru Granth Darpan, by Professor Sahib Singh |