ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 1216 ਸਾਰਗ ਮਹਲਾ ੫ ॥ ਮੋਹਨੀ ਮੋਹਤ ਰਹੈ ਨ ਹੋਰੀ ॥ ਸਾਧਿਕ ਸਿਧ ਸਗਲ ਕੀ ਪਿਆਰੀ ਤੁਟੈ ਨ ਕਾਹੂ ਤੋਰੀ ॥੧॥ ਰਹਾਉ ॥ ਖਟੁ ਸਾਸਤ੍ਰ ਉਚਰਤ ਰਸਨਾਗਰ ਤੀਰਥ ਗਵਨ ਨ ਥੋਰੀ ॥ ਪੂਜਾ ਚਕ੍ਰ ਬਰਤ ਨੇਮ ਤਪੀਆ ਊਹਾ ਗੈਲਿ ਨ ਛੋਰੀ ॥੧॥ ਅੰਧ ਕੂਪ ਮਹਿ ਪਤਿਤ ਹੋਤ ਜਗੁ ਸੰਤਹੁ ਕਰਹੁ ਪਰਮ ਗਤਿ ਮੋਰੀ ॥ ਸਾਧਸੰਗਤਿ ਨਾਨਕੁ ਭਇਓ ਮੁਕਤਾ ਦਰਸਨੁ ਪੇਖਤ ਭੋਰੀ ॥੨॥੩੭॥੬੦॥ {ਪੰਨਾ 1216} ਪਦ ਅਰਥ: ਮੋਹਨੀ = ਮਾਇਆ। ਹੋਰੀ = ਰੋਕੀ ਹੋਈ। ਰਹੈ ਨ = ਰੁਕਦੀ ਨਹੀਂ। ਸਾਧਿਕ = ਜੋਗ-ਸਾਧਨ ਕਰਨ ਵਾਲੇ। ਸਿਧ = ਸਿੱਧ, ਜੋਗ-ਸਾਧਨਾਂ ਵਿਚ ਪੁੱਗੇ ਹੋਏ ਜੋਗੀ। ਕਾਹੂ = ਕਿਸੇ ਪਾਸੋਂ। ਤੋਰੀ = ਤੋੜੀ ਹੋਈ।1। ਰਹਾਉ। ਖਟੁ = ਛੇ। ਰਸਨਾਗਰ = ਰਸਨਾ-ਅੱਗ੍ਰ, ਮੂੰਹ-ਜ਼ਬਾਨੀ। ਨਾ ਥੋਰੀ = ਘਟਦੀ ਨਹੀਂ। ਚਕ੍ਰ = ਪਿੰਡੇ ਉਤੇ ਗਣੇਸ਼ ਆਦਿਕ ਦੇ ਨਿਸ਼ਾਨ। ਊਹਾ = ਉਥੇ ਭੀ। ਗੈਲਿ = ਪਿੱਛਾ। ਨ ਛੋਰੀ = ਨਹੀਂ ਛੱਡਦੀ।1। ਅੰਧ ਕੂਪ ਮਹਿ = (ਮਾਇਆ ਦੇ ਮੋਹ ਦੇ) ਅੰਨ੍ਹੇ ਖੂਹ ਵਿਚ। ਪਤਿਤ ਹੋਤ = ਡਿੱਗਦਾ ਹੈ। ਸੰਤਹੁ = ਹੇ ਸੰਤ ਜਨੋ! ਪਰਮ ਗਤਿ = ਸਭ ਤੋਂ ਉੱਚੀ ਆਤਮਕ ਅਵਸਥਾ। ਮੋਰੀ = ਮੇਰੀ। ਮੁਕਤਾ = {ਮਾਇਆ ਦੇ ਪੰਜੇ ਤੋਂ) ਆਜ਼ਾਦ। ਭੋਰੀ = ਥੋੜਾ ਕੁ ਹੀ।2। ਅਰਥ: ਹੇ ਭਾਈ ! ਮੋਹਨੀ ਮਾਇਆ (ਜੀਵਾਂ ਨੂੰ) ਆਪਣੇ ਮੋਹ ਵਿਚ ਫਸਾਂਦੀ ਰਹਿੰਦੀ ਹੈ, ਕਿਸੇ ਪਾਸੋਂ ਰੋਕਿਆਂ ਰੁਕਦੀ ਨਹੀਂ। ਜੋਗ-ਸਾਧਨਾ ਕਰਨ ਵਾਲੇ ਸਾਧੂ, ਜੋਗ-ਸਾਧਨਾਂ ਵਿਚ ਪੁੱਗੇ ਹੋਏ ਜੋਗੀ = (ਮਾਇਆ ਇਹਨਾਂ) ਸਭਨਾਂ ਦੀ ਹੀ ਪਿਆਰੀ ਹੈ। ਕਿਸੇ ਪਾਸੋਂ (ਉਸ ਦਾ ਪਿਆਰ) ਤੋੜਿਆਂ ਟੁੱਟਦਾ ਨਹੀਂ।1। ਰਹਾਉ। ਹੇ ਭਾਈ! ਛੇ ਸ਼ਾਸਤ੍ਰ ਮੂੰਹ-ਜ਼ਬਾਨੀਂ ਉਚਾਰਿਆਂ, ਤੀਰਥਾਂ ਦਾ ਰਟਨ ਕੀਤਿਆਂ ਭੀ (ਮਾਇਆ ਵਾਲੀ ਪ੍ਰੀਤ) ਘਟਦੀ ਨਹੀਂ ਹੈ। ਅਨੇਕਾਂ ਲੋਕ ਹਨ ਦੇਵ-ਪੂਜਾ ਕਰਨ ਵਾਲੇ, (ਆਪਣੇ ਸਰੀਰ ਉੱਤੇ ਗਣੇਸ਼ ਆਦਿਕ ਦੇ) ਨਿਸ਼ਾਨ ਲਾਣ ਵਾਲੇ, ਵਰਤ ਆਦਿਕਾਂ ਦੇ ਨੇਮ ਨਿਬਾਹੁਣ ਵਾਲੇ, ਤਪ ਕਰਨ ਵਾਲੇ। ਪਰ ਮਾਇਆ ਉਥੇ ਭੀ ਪਿੱਛਾ ਨਹੀਂ ਛੱਡਦੀ (ਖ਼ਲਾਸੀ ਨਹੀਂ ਕਰਦੀ) ।1। ਹੇ ਸੰਤ ਜਨੋ! ਜਗਤ ਮਾਇਆ ਦੇ ਮੋਹ ਦੇ ਅੰਨ੍ਹੇ ਖੂਹ ਵਿਚ ਡਿੱਗ ਰਿਹਾ ਹੈ (ਤੁਸੀ ਮਿਹਰ ਕਰੋ) ਮੇਰੀ ਉੱਚੀ ਆਤਮਕ ਅਵਸਥਾ ਬਣਾਓ (ਅਤੇ ਮੈਨੂੰ ਮਾਇਆ ਦੇ ਪੰਜੇ ਵਿਚੋਂ ਬਚਾਓ) । ਹੇ ਨਾਨਕ! ਜਿਹੜਾ ਮਨੁੱਖ ਸਾਧ ਸੰਗਤਿ ਵਿਚ (ਪਰਮਾਤਮਾ ਦਾ) ਥੋੜਾ ਜਿਤਨਾ ਭੀ ਦਰਸਨ ਕਰਦਾ ਹੈ, (ਉਹ ਮਾਇਆ ਦੇ ਪੰਜੇ ਤੋਂ) ਆਜ਼ਾਦ ਹੋ ਜਾਂਦਾ ਹੈ।2। 37। 60। ਸਾਰਗ ਮਹਲਾ ੫ ॥ ਕਹਾ ਕਰਹਿ ਰੇ ਖਾਟਿ ਖਾਟੁਲੀ ॥ ਪਵਨਿ ਅਫਾਰ ਤੋਰ ਚਾਮਰੋ ਅਤਿ ਜਜਰੀ ਤੇਰੀ ਰੇ ਮਾਟੁਲੀ ॥੧॥ ਰਹਾਉ ॥ ਊਹੀ ਤੇ ਹਰਿਓ ਊਹਾ ਲੇ ਧਰਿਓ ਜੈਸੇ ਬਾਸਾ ਮਾਸ ਦੇਤ ਝਾਟੁਲੀ ॥ ਦੇਵਨਹਾਰੁ ਬਿਸਾਰਿਓ ਅੰਧੁਲੇ ਜਿਉ ਸਫਰੀ ਉਦਰੁ ਭਰੈ ਬਹਿ ਹਾਟੁਲੀ ॥੧॥ ਸਾਦ ਬਿਕਾਰ ਬਿਕਾਰ ਝੂਠ ਰਸ ਜਹ ਜਾਨੋ ਤਹ ਭੀਰ ਬਾਟੁਲੀ ॥ ਕਹੁ ਨਾਨਕ ਸਮਝੁ ਰੇ ਇਆਨੇ ਆਜੁ ਕਾਲਿ ਖੁਲ੍ਹ੍ਹੈ ਤੇਰੀ ਗਾਂਠੁਲੀ ॥੨॥੩੮॥੬੧॥ {ਪੰਨਾ 1216} ਪਦ ਅਰਥ: ਕਹਾ ਕਰਹਿ = ਤੂੰ ਕੀਹ ਕਰਦਾ ਹੈਂ? ਰੇ = ਹੇ ਭਾਈ! ਖਾਟਿ = ਖੱਟ ਕੇ। ਖਾਟੁਲੀ = (ਮਾਇਆ ਦੀ) ਕੋਝੀ ਖੱਟੀ। ਪਵਨਿ = ਹਵਾ ਨਾਲ। ਅਫਾਰ = ਆਫਰਿਆ ਹੋਇਆ, ਫੁੱਲਿਆ ਹੋਇਆ। ਤੋਰ ਚਾਮਰੋ = ਤੇਰਾ ਚਮੜਾ, ਤੇਰਾ ਸਰੀਰ। ਅਤਿ = ਬਹੁਤ। ਜਜਰੀ = ਜਰਜਰੀ, ਪੁਰਾਣੀ। ਮਾਟੁਲੀ = ਤੇਰੀ ਕਾਂਇਆਂ।1। ਰਹਾਉ। ਊਹੀ ਤੇ = ਉਥੋਂ ਹੀ, ਧਰਤੀ ਤੋਂ ਹੀ। ਹਰਿਓ = ਚੁਰਾਇਆ ਹੈ। ਊਹਾ = ਉਥੇ ਧਰਤੀ ਵਿਚ ਹੀ। ਬਾਸਾ = ਬਾਸ਼ਾ, ਸ਼ਿਕਾਰੀ ਪੰਛੀ। ਝਾਟੁਲੀ = ਝਪਟ। ਅੰਧੁਲੇ = ਹੇ ਅੰਨ੍ਹੇ! ਸਫਰੀ = ਰਾਹੀ। ਉਦਰੁ = ਪੇਟ। ਬਹਿ = ਬਹਿ ਕੇ। ਹਾਟੁਲੀ = ਕਿਸੇ ਹੱਟੀ ਉੱਤੇ।1। ਸਾਦ = ਸੁਆਦ। ਜਹ = ਜਿੱਥੇ। ਭੀਰ = ਭੀੜੀ। ਬਾਟੁਲੀ = ਪਗਡੰਡੀ, ਵਾਟ। ਆਜ ਕਾਲਿ = ਅੱਜ ਭਲਕ, ਛੇਤੀ ਹੀ। ਗਾਂਠਲੀ = ਗੰਢ, ਪ੍ਰਾਣਾਂ ਦੀ ਗੰਢ।2। ਅਰਥ: ਹੇ (ਮੂਰਖ) ! (ਮਾਇਆ ਵਾਲੀ) ਕੋਝੀ ਖੱਟੀ ਖੱਟ ਕੇ ਤੂੰ ਕੀਹ ਕਰਦਾ ਰਹਿੰਦਾ ਹੈ? ਹੇ ਮੂਰਖ! (ਤੂੰ ਧਿਆਨ ਹੀ ਨਹੀਂ ਦੇਂਦਾ ਕਿ) ਹਵਾ ਨਾਲ ਤੇਰੀ ਚਮੜੀ ਫੁੱਲੀ ਹੋਈ ਹੈ, ਤੇ, ਤੇਰਾ ਸਰੀਰ ਬਹੁਤ ਜਰਜਰਾ ਹੁੰਦਾ ਜਾ ਰਿਹਾ ਹੈ।1। ਰਹਾਉ। ਹੇ ਮੂਰਖ! ਜਿਵੇਂ ਬਾਸ਼ਾ ਮਾਸ ਵਾਸਤੇ ਝਪਟ ਮਾਰਦਾ ਹੈ, ਤਿਵੇਂ ਤੂੰ ਭੀ ਧਰਤੀ ਤੋਂ ਹੀ (ਧਨ ਝਪਟ ਮਾਰ ਕੇ) ਖੋਂਹਦਾ ਹੈਂ, ਤੇ, ਧਰਤੀ ਵਿਚ ਹੀ ਸਾਂਭ ਰੱਖਦਾ ਹੈਂ। ਹੇ (ਮਾਇਆ ਦੇ ਮੋਹ ਵਿਚ) ਅੰਨ੍ਹੇ ਹੋਏ ਮਨੁੱਖ! ਤੂੰ ਸਾਰੇ ਪਦਾਰਥ ਦੇਣ ਵਾਲੇ ਪ੍ਰਭੂ ਨੂੰ ਭੁਲਾ ਦਿੱਤਾ ਹੈ, ਜਿਵੇਂ ਕੋਈ ਰਾਹੀ ਕਿਸੇ ਹੱਟੀ ਤੇ ਬੈਠ ਕੇ ਆਪਣਾ ਪੇਟ ਭਰੀ ਜਾਂਦਾ ਹੈ (ਤੇ, ਇਹ ਚੇਤਾ ਹੀ ਭੁਲਾ ਦੇਂਦਾ ਹੈ ਕਿ ਮੇਰਾ ਪੈਂਡਾ ਖੋਟਾ ਹੋ ਰਿਹਾ ਹੈ) ।1। ਹੇ ਮੂਰਖ! ਤੂੰ ਵਿਕਾਰਾਂ ਦੇ ਸੁਆਦਾਂ ਵਿਚ ਨਾਸਵੰਤ ਪਦਾਰਥਾਂ ਦੇ ਰਸਾਂ ਵਿਚ (ਮਸਤ ਹੈਂ) ਜਿੱਥੇ ਤੂੰ ਜਾਣਾ ਹੈ, ਉਹ ਰਸਤਾ (ਇਹਨਾਂ ਰਸਾਂ ਤੇ ਸੁਆਦਾਂ ਦੇ ਕਾਰਨ) ਔਖਾ ਹੁੰਦਾ ਜਾ ਰਿਹਾ ਹੈ। ਹੇ ਨਾਨਕ! ਆਖ– ਹੇ ਮੂਰਖ! ਝਬਦੇ ਹੀ ਤੇਰੇ ਪ੍ਰਾਣਾਂ ਦੀ ਗੰਢ ਖੁਲ੍ਹ ਜਾਣੀ ਹੈ।2। 38। 61। ਸਾਰਗ ਮਹਲਾ ੫ ॥ ਗੁਰ ਜੀਉ ਸੰਗਿ ਤੁਹਾਰੈ ਜਾਨਿਓ ॥ ਕੋਟਿ ਜੋਧ ਉਆ ਕੀ ਬਾਤ ਨ ਪੁਛੀਐ ਤਾਂ ਦਰਗਹ ਭੀ ਮਾਨਿਓ ॥੧॥ ਰਹਾਉ ॥ ਕਵਨ ਮੂਲੁ ਪ੍ਰਾਨੀ ਕਾ ਕਹੀਐ ਕਵਨ ਰੂਪੁ ਦ੍ਰਿਸਟਾਨਿਓ ॥ ਜੋਤਿ ਪ੍ਰਗਾਸ ਭਈ ਮਾਟੀ ਸੰਗਿ ਦੁਲਭ ਦੇਹ ਬਖਾਨਿਓ ॥੧॥ ਤੁਮ ਤੇ ਸੇਵ ਤੁਮ ਤੇ ਜਪ ਤਾਪਾ ਤੁਮ ਤੇ ਤਤੁ ਪਛਾਨਿਓ ॥ ਕਰੁ ਮਸਤਕਿ ਧਰਿ ਕਟੀ ਜੇਵਰੀ ਨਾਨਕ ਦਾਸ ਦਸਾਨਿਓ ॥੨॥੩੯॥੬੨॥ {ਪੰਨਾ 1216} ਪਦ ਅਰਥ: ਗੁਰ = ਹੇ ਗੁਰੂ! ਸੰਗਿ ਤੁਹਾਰੈ = ਤੇਰੀ ਸੰਗਤਿ ਵਿਚ। ਜਾਨਿਓ = ਸਮਝ ਆਈ ਹੈ। ਜੋਧ = ਜੋਧੇ। ਉਆ ਕੀ = ਉਹਨਾਂ (ਜੋਧਿਆਂ) ਦੀ। ਨ ਪੁਛੀਐ = ਨਹੀਂ ਪੁੱਛੀ ਜਾਣੀ। ਤਾਂ = (ਜੇ ਤੇਰੀ ਸੰਗਤਿ ਵਿਚ ਰਹੀਏ) ਤਾਂ। ਮਾਨਿਓ = ਆਦਰ ਮਿਲਦਾ ਹੈ।1। ਰਹਾਉ। ਕਵਨ ਮੂਲੁ = (ਰਕਤ ਬਿੰਦ ਦਾ) ਗੰਦਾ ਜਿਹਾ ਹੀ ਅਸਲਾ। ਕਹੀਐ = ਆਖਿਆ ਜਾ ਸਕਦਾ ਹੈ। ਕਵਨ ਰੂਪੁ = ਕੈਸੀ ਸੋਹਣੀ ਸ਼ਕਲ। ਦ੍ਰਿਸਟਾਨਿਓ = ਦਿੱਸ ਪੈਂਦੀ ਹੈ। ਸੰਗਿ = ਨਾਲ। ਦੇਹ = ਸਰੀਰ। ਬਖਾਨਿਓ = ਆਖੀਦਾ ਹੈ।1। ਤੁਮ ਤੇ = ਤੈਥੋਂ ਹੀ (ਹੇ ਗੁਰੂ!) ਤਤੁ = ਅਸਲੀਅਤ, ਸਹੀ ਜੀਵਨ ਰਸਤਾ। ਕਰੁ = ਹੱਥ। ਮਸਤਕਿ = ਮੱਥੇ ਉਤੇ। ਧਰਿ = ਧਰ ਕੇ। ਦਾਸ ਦਸਾਨਿਓ = ਦਾਸਾਂ ਦਾ ਦਾਸ।2। ਅਰਥ: ਹੇ ਸਤਿਗੁਰੂ ਜੀ! ਤੇਰੀ ਸੰਗਤਿ ਵਿਚ (ਰਹਿ ਕੇ) ਇਹ ਸਮਝ ਆਈ ਹੈ ਕਿ (ਜਿਹੜੇ ਜਗਤ ਵਿਚ) ਕ੍ਰੋੜਾਂ ਸੂਰਮੇ (ਅਖਵਾਂਦੇ ਸਨ) ਉਹਨਾਂ ਦੀ ਜਿੱਥੇ ਵਾਤ ਭੀ ਨਹੀਂ ਪੁੱਛੀ ਜਾਂਦੀ (ਜੇ ਤੇਰੀ ਸੰਗਤਿ ਵਿਚ ਟਿਕੇ ਰਹੀਏ) ਤਾਂ ਉਸ ਦਰਗਾਹ ਵਿਚ ਭੀ ਆਦਰ ਮਿਲਦਾ ਹੈ।1। ਰਹਾਉ। (ਰਕਤ ਬਿੰਦ ਦਾ) ਜੀਵ ਦਾ ਗੰਦਾ ਜਿਹਾ ਹੀ ਮੁੱਢ ਆਖਿਆ ਜਾਂਦਾ ਹੈ (ਪਰ ਇਸ ਗੰਦੇ ਮੂਲ ਤੋਂ ਭੀ) ਕੈਸੀ ਸੋਹਣੀ ਸ਼ਕਲ ਦਿੱਸ ਪੈਂਦੀ ਹੈ। ਜਦੋਂ ਮਿੱਟੀ ਦੇ ਅੰਦਰ (ਪ੍ਰਭੂ ਦੀ) ਜੋਤਿ ਦਾ ਪ੍ਰਕਾਸ਼ ਹੁੰਦਾ ਹੈ, ਤਾਂ ਇਸ ਨੂੰ ਦੁਰਲੱਭ (ਮਨੁੱਖਾ) ਸਰੀਰ ਆਖੀਦਾ ਹੈ।1। ਹੇ ਨਾਨਕ! (ਆਖ– ਹੇ ਸਤਿਗੁਰੂ!) ਤੈਥੋਂ ਹੀ (ਮੈਂ) ਸੇਵਾ-ਭਗਤੀ ਦੀ ਜਾਚ ਸਿੱਖੀ, ਤੈਥੋਂ ਹੀ ਜਪ ਤਪ ਦੀ ਸਮਝ ਆਈ, ਤੈਥੋਂ ਹੀ ਸਹੀ ਜੀਵਨ-ਰਸਤਾ ਸਮਝਿਆ। ਹੇ ਗੁਰੂ! ਮੇਰੇ ਮੱਥੇ ਉੱਤੇ ਤੂੰ ਆਪਣਾ ਹੱਥ ਰੱਖ ਕੇ ਮੇਰੀ ਮਾਇਆ ਦੇ ਮੋਹ ਦੀ ਫਾਹੀ ਕੱਟ ਦਿੱਤੀ ਹੈ, ਮੈਂ ਤੇਰੇ ਦਾਸਾਂ ਦਾ ਦਾਸ ਹਾਂ।2। 39। 62। ਸਾਰਗ ਮਹਲਾ ੫ ॥ ਹਰਿ ਹਰਿ ਦੀਓ ਸੇਵਕ ਕਉ ਨਾਮ ॥ ਮਾਨਸੁ ਕਾ ਕੋ ਬਪੁਰੋ ਭਾਈ ਜਾ ਕੋ ਰਾਖਾ ਰਾਮ ॥੧॥ ਰਹਾਉ ॥ ਆਪਿ ਮਹਾ ਜਨੁ ਆਪੇ ਪੰਚਾ ਆਪਿ ਸੇਵਕ ਕੈ ਕਾਮ ॥ ਆਪੇ ਸਗਲੇ ਦੂਤ ਬਿਦਾਰੇ ਠਾਕੁਰ ਅੰਤਰਜਾਮ ॥੧॥ ਆਪੇ ਪਤਿ ਰਾਖੀ ਸੇਵਕ ਕੀ ਆਪਿ ਕੀਓ ਬੰਧਾਨ ॥ ਆਦਿ ਜੁਗਾਦਿ ਸੇਵਕ ਕੀ ਰਾਖੈ ਨਾਨਕ ਕੋ ਪ੍ਰਭੁ ਜਾਨ ॥੨॥੪੦॥੬੩॥ {ਪੰਨਾ 1216} ਪਦ ਅਰਥ: ਕਉ = ਨੂੰ। ਕਾ ਕੋ ਬਪੁਰੋ = ਕਿਸ ਦਾ ਵਿਚਾਰਾ ਹੈ? ਭਾਈ = ਹੇ ਭਾਈ! ਜਾ ਕੋ = ਜਿਸ (ਮਨੁੱਖ) ਦਾ।1। ਰਹਾਉ। ਮਹਾ ਜਨੁ = ਮੁਖੀਆ। ਪੰਚਾ = ਮੁਖੀਆ। ਕੈ ਕਾਮ = ਦੇ ਕੰਮਾਂ ਵਿਚ (ਸਹਾਈ ਹੁੰਦਾ ਹੈ) । ਦੂਤ = ਵੈਰੀ। ਬਿਦਾਰੇ = ਤਬਾਹ ਕਰਦਾ ਹੈ। ਅੰਤਰਜਾਮ = ਸਭ ਦੇ ਦਿਲ ਦੀ ਜਾਣਨ ਵਾਲਾ।1। ਆਪੇ = ਆਪ ਹੀ। ਪਤਿ = ਇੱਜ਼ਤ। ਬੰਧਾਨ = ਬਾਂਧ, ਪੱਕਾ ਨਿਯਮ। ਆਦਿ = ਸ਼ੁਰੂ ਤੋਂ। ਜੁਗਾਦਿ = ਜੁਗਾਂ ਦੇ ਮੁੱਢ ਤੋਂ। ਜਾਨ = ਸੁਜਾਨ, ਜਾਣੀਜਾਣ।2। ਅਰਥ: ਹੇ ਭਾਈ! ਆਪਣੇ ਸੇਵਕ ਨੂੰ ਪਰਮਾਤਮਾ ਆਪਣਾ ਨਾਮ ਆਪ ਦੇਂਦਾ ਹੈ। ਹੇ ਭਾਈ! ਜਿਸ ਮਨੁੱਖ ਦਾ ਰਖਵਾਲਾ ਪਰਮਾਤਮਾ ਆਪ ਬਣਦਾ ਹੈ, ਮਨੁੱਖ ਕਿਸ ਦਾ ਵਿਚਾਰਾ ਹੈ (ਕਿ ਉਸ ਦਾ ਕੁਝ ਵਿਗਾੜ ਸਕੇ?) ।1। ਰਹਾਉ। ਹੇ ਭਾਈ! ਪਰਮਾਤਮਾ ਆਪ ਹੀ ਆਪਣੇ ਸੇਵਕ ਦੇ ਕੰਮ ਆਉਂਦਾ ਹੈ, ਆਪ ਹੀ (ਉਸ ਦੇ ਵਾਸਤੇ) ਮੁਖੀਆ ਹੈ। ਅੰਤਰਜਾਮੀ ਮਾਲਕ-ਪ੍ਰਭੂ ਆਪ ਹੀ (ਆਪਣੇ ਸੇਵਕ ਦੇ) ਸਾਰੇ ਵੈਰੀ ਮੁਕਾ ਦੇਂਦਾ ਹੈ।1। ਹੇ ਭਾਈ! ਪਰਮਾਤਮਾ ਆਪ ਹੀ ਆਪਣੇ ਸੇਵਕ ਦੀ ਇੱਜ਼ਤ ਰੱਖਦਾ ਹੈ, (ਉਸ ਦੀ ਇੱਜ਼ਤ ਬਚਾਣ ਲਈ) ਆਪ ਹੀ ਪੱਕੇ ਨਿਯਮ ਥਾਪ ਦੇਂਦਾ ਹੈ। ਹੇ ਭਾਈ! ਨਾਨਕ ਦਾ ਜਾਣੀਜਾਣ ਪ੍ਰਭੂ ਆਦਿ ਤੋਂ ਜੁਗਾਂ ਦੇ ਆਦਿ ਤੋਂ ਆਪਣੇ ਸੇਵਕ ਦੀ ਇੱਜ਼ਤ ਰੱਖਦਾ ਆਇਆ ਹੈ।2। 40। 63। ਸਾਰਗ ਮਹਲਾ ੫ ॥ ਤੂ ਮੇਰੇ ਮੀਤ ਸਖਾ ਹਰਿ ਪ੍ਰਾਨ ॥ ਮਨੁ ਧਨੁ ਜੀਉ ਪਿੰਡੁ ਸਭੁ ਤੁਮਰਾ ਇਹੁ ਤਨੁ ਸੀਤੋ ਤੁਮਰੈ ਧਾਨ ॥੧॥ ਰਹਾਉ ॥ ਤੁਮ ਹੀ ਦੀਏ ਅਨਿਕ ਪ੍ਰਕਾਰਾ ਤੁਮ ਹੀ ਦੀਏ ਮਾਨ ॥ ਸਦਾ ਸਦਾ ਤੁਮ ਹੀ ਪਤਿ ਰਾਖਹੁ ਅੰਤਰਜਾਮੀ ਜਾਨ ॥੧॥ ਜਿਨ ਸੰਤਨ ਜਾਨਿਆ ਤੂ ਠਾਕੁਰ ਤੇ ਆਏ ਪਰਵਾਨ ॥ ਜਨ ਕਾ ਸੰਗੁ ਪਾਈਐ ਵਡਭਾਗੀ ਨਾਨਕ ਸੰਤਨ ਕੈ ਕੁਰਬਾਨ ॥੨॥੪੧॥੬੪॥ {ਪੰਨਾ 1216} ਪਦ ਅਰਥ: ਮੀਤ = ਮਿੱਤਰ। ਸਖਾ = ਸਹਾਈ। ਜੀਉ = ਜਿੰਦ। ਪਿੰਡੁ = ਸਰੀਰ। ਸੀਤੋ = ਬਣਿਆ ਹੈ, ਪਲਿਆ ਹੈ। ਤੁਮਰੈ ਧਾਨ = ਤੇਰੀ ਬਖ਼ਸ਼ੀ ਖ਼ੁਰਾਕ ਨਾਲ।1। ਰਹਾਉ। ਦੀਏ = ਦਿੱਤੇ। ਅਨਿਕ ਪ੍ਰਕਾਰਾ = ਕਈ ਕਿਸਮਾਂ ਦੇ ਪਦਾਰਥ। ਮਾਨ = ਆਦਰ। ਪਤਿ = ਇੱਜ਼ਤ। ਜਾਨ = ਜਾਣੀਜਾਣ।1। ਤੂ = ਤੈਨੂੰ। ਠਾਕੁਰ = ਹੇ ਮਾਲਕ! ਤੇ = ਉਹ {ਬਹੁ-ਵਚਨ}। ਆਏ = (ਜਗਤ ਵਿਚ) ਆਏ ਹੋਏ। ਸੰਗੁ = ਸਾਥ। ਵਡਭਾਗੀ = ਵੱਡੇ ਭਾਗਾਂ ਨਾਲ। ਕੈ = ਤੋਂ। ਕੁਰਬਾਨ = ਸਦਕੇ।2। ਅਰਥ: ਹੇ ਹਰੀ! ਤੂੰ ਹੀ ਮੇਰਾ ਮਿੱਤਰ ਹੈਂ, ਤੂੰ ਹੀ ਮੇਰੇ ਪ੍ਰਾਣਾਂ ਦਾ ਸਹਾਈ ਹੈਂ। ਮੇਰਾ ਇਹ ਮਨ ਧਨ ਇਹ ਜਿੰਦ ਇਹ ਸਰੀਰ = ਸਭ ਕੁਝ ਤੇਰਾ ਹੀ ਦਿੱਤਾ ਹੋਇਆ ਹੈ। ਮੇਰਾ ਇਹ ਸਰੀਰ ਤੇਰੀ ਹੀ ਬਖ਼ਸ਼ੀ ਖ਼ੁਰਾਕ ਨਾਲ ਪਲਿਆ ਹੈ।1। ਰਹਾਉ। ਹੇ ਪ੍ਰਭੂ! ਹੇ ਦਿਲ ਦੀ ਜਾਣਨ ਵਾਲੇ! ਹੇ ਜਾਣੀਜਾਣ! ਮੈਨੂੰ ਤੂੰ ਹੀ ਅਨੇਕਾਂ ਕਿਸਮਾਂ ਦੇ ਪਦਾਰਥ ਦੇਂਦਾ ਹੈਂ, ਤੂੰ ਹੀ ਸਦਾ ਸਦਾ ਮੇਰੀ ਇੱਜ਼ਤ ਰੱਖਦਾ ਹੈਂ।1। ਹੇ (ਮੇਰੇ) ਮਾਲਕ! ਜਿਨ੍ਹਾਂ ਸੰਤ ਜਨਾਂ ਨੇ ਤੈਨੂੰ ਜਾਣ ਲਿਆ (ਤੇਰੇ ਨਾਲ ਡੂੰਘੀ ਸਾਂਝ ਪਾ ਲਈ) , ਉਹਨਾਂ ਦਾ ਹੀ ਜਗਤ ਵਿਚ ਆਉਣਾ ਸਫਲ ਹੈ। ਹੇ ਨਾਨਕ! (ਆਖ-) ਸੰਤ ਜਨਾਂ ਦੀ ਸੰਗਤਿ ਵੱਡੇ ਭਾਗਾਂ ਨਾਲ ਮਿਲਦੀ ਹੈ। ਮੈਂ ਤਾਂ ਸੰਤ ਜਨਾਂ ਤੋਂ ਸਦਕੇ ਜਾਂਦਾ ਹਾਂ।2। 41। 64। |
Sri Guru Granth Darpan, by Professor Sahib Singh |