ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 1217

ਸਾਰਗ ਮਹਲਾ ੫ ॥ ਕਰਹੁ ਗਤਿ ਦਇਆਲ ਸੰਤਹੁ ਮੋਰੀ ॥ ਤੁਮ ਸਮਰਥ ਕਾਰਨ ਕਰਨਾ ਤੂਟੀ ਤੁਮ ਹੀ ਜੋਰੀ ॥੧॥ ਰਹਾਉ ॥ ਜਨਮ ਜਨਮ ਕੇ ਬਿਖਈ ਤੁਮ ਤਾਰੇ ਸੁਮਤਿ ਸੰਗਿ ਤੁਮਾਰੈ ਪਾਈ ॥ ਅਨਿਕ ਜੋਨਿ ਭ੍ਰਮਤੇ ਪ੍ਰਭ ਬਿਸਰਤ ਸਾਸਿ ਸਾਸਿ ਹਰਿ ਗਾਈ ॥੧॥ ਜੋ ਜੋ ਸੰਗਿ ਮਿਲੇ ਸਾਧੂ ਕੈ ਤੇ ਤੇ ਪਤਿਤ ਪੁਨੀਤਾ ॥ ਕਹੁ ਨਾਨਕ ਜਾ ਕੇ ਵਡਭਾਗਾ ਤਿਨਿ ਜਨਮੁ ਪਦਾਰਥੁ ਜੀਤਾ ॥੨॥੪੨॥੬੫॥ {ਪੰਨਾ 1217}

ਪਦ ਅਰਥ: ਗਤਿ = ਉੱਚੀ ਆਤਮਕ ਅਵਸਥਾ। ਦਇਆਲ = ਹੇ ਦਇਆ ਦੇ ਸੋਮੇ! ਸੰਤਹੁ = ਹੇ ਸੰਤ ਜਨੋ! ਮੋਰੀ = ਮੇਰੀ। ਸਮਰਥ = ਸਭ ਤਾਕਤਾਂ ਦਾ ਮਾਲਕ। ਕਾਰਨ ਕਰਨਾ = ਜਗਤ ਦਾ ਮੂਲ। ਕਰਨਾ = ਕਰਣ, ਜਗਤ। ਜੋਰੀ = ਜੋੜੀ।1। ਰਹਾਉ।

ਬਿਖਈ = ਵਿਸ਼ਈ, ਵਿਕਾਰੀ। ਸੁਮਤਿ = ਸ੍ਰੇਸ਼ਟ ਅਕਲ। ਸੰਗਿ = ਸੰਗਤਿ ਵਿਚ। ਭ੍ਰਮਤੇ = ਭਟਕਦੇ। ਬਿਸਰਤ = ਵਿਸਾਰਦਿਆਂ। ਸਾਸਿ ਸਾਸਿ = ਹਰੇਕ ਸਾਹ ਦੇ ਨਾਲ। ਗਾਈ = ਗਾਇਆ।1।

ਸੰਗਿ = ਨਾਲ। ਸਾਧੂ ਕੈ ਸੰਗਿ = ਗੁਰੂ ਦੀ ਸੰਗਤਿ ਵਿਚ। ਤੇ ਤੇ = ਉਹ ਸਾਰੇ। ਪਤਿਤ = ਵਿਕਾਰਾਂ ਵਿਚ ਡਿੱਗੇ ਹੋਏ। ਪੁਨੀਤਾ = ਪਵਿੱਤਰ, ਸੁੱਚੇ ਜੀਵਨ ਵਾਲੇ। ਜਾ ਕੇ = ਜਿਸ (ਮਨੁੱਖ) ਦੇ। ਤਿਨਿ = ਉਸ (ਮਨੁੱਖ) ਨੇ। ਜਨਮੁ ਪਦਾਰਥੁ = ਕੀਮਤੀ ਮਨੁੱਖਾ ਜਨਮ।2।

ਅਰਥ: ਹੇ ਦਇਆ ਦੇ ਸੋਮੇ ਸੰਤ ਜਨੋ! (ਮਿਹਰ ਕਰ ਕੇ) ਮੇਰੀ ਉੱਚੀ ਆਤਮਕ ਅਵਸਥਾ ਕਰ ਦਿਉ। ਤੁਸੀ ਸਭ ਤਾਕਤਾਂ ਦੇ ਮਾਲਕ ਅਤੇ ਜਗਤ ਦੇ ਮੂਲ ਪਰਮਾਤਮਾ ਦਾ ਰੂਪ ਹੋ। ਪਰਮਾਤਮਾ ਨਾਲੋਂ ਟੁੱਟੀ ਹੋਈ ਸੁਰਤਿ ਤੁਸੀ ਹੀ ਜੋੜਨ ਵਾਲੇ ਹੋ।1। ਰਹਾਉ।

ਹੇ ਸੰਤ ਜਨੋ! ਅਨੇਕਾਂ ਜਨਮਾਂ ਦੇ ਵਿਕਾਰੀਆਂ ਨੂੰ ਤੁਸੀ (ਵਿਕਾਰਾਂ ਤੋਂ) ਬਚਾ ਲੈਂਦੇ ਹੋ, ਤੁਹਾਡੀ ਸੰਗਤਿ ਵਿਚ ਰਿਹਾਂ ਸ੍ਰੇਸ਼ਟ ਅਕਲ ਪ੍ਰਾਪਤ ਹੋ ਜਾਂਦੀ ਹੈ। ਪਰਮਾਤਮਾ ਨੂੰ ਭੁਲਾ ਕੇ ਅਨੇਕਾਂ ਜੂਨਾਂ ਵਿਚ ਭਟਕਦਿਆਂ ਨੇ ਭੀ (ਤੁਹਾਡੀ ਸੰਗਤਿ ਵਿਚ) ਹਰੇਕ ਸਾਹ ਦੇ ਨਾਲ ਪ੍ਰਭੂ ਦੀ ਸਿਫ਼ਤਿ-ਸਾਲਾਹ ਸ਼ੁਰੂ ਕਰ ਦਿੱਤੀ।1।

ਹੇ ਭਾਈ! ਜਿਹੜੇ ਜਿਹੜੇ ਮਨੁੱਖ ਗੁਰੂ ਦੀ ਸੰਗਤਿ ਵਿਚ ਮਿਲਦੇ ਹਨ, ਉਹ ਸਾਰੇ ਵਿਕਾਰੀਆਂ ਤੋਂ ਸੁੱਚੇ ਜੀਵਨ ਵਾਲੇ ਬਣ ਜਾਂਦੇ ਹਨ। ਹੇ ਨਾਨਕ! ਆਖ– ਜਿਸ ਮਨੁੱਖ ਦੇ ਵੱਡੇ ਭਾਗ ਜਾਗ ਪਏ, ਉਸ ਨੇ (ਸੰਤ ਜਨਾਂ ਦੀ ਸੰਗਤਿ ਵਿਚ ਰਹਿ ਕੇ) ਇਹ ਕੀਮਤੀ ਮਨੁੱਖਾ ਜਨਮ (ਵਿਕਾਰਾਂ ਅੱਗੇ) ਹਾਰਨ ਤੋਂ ਬਚਾ ਲਿਆ।2। 42। 65।

ਸਾਰਗ ਮਹਲਾ ੫ ॥ ਠਾਕੁਰ ਬਿਨਤੀ ਕਰਨ ਜਨੁ ਆਇਓ ॥ ਸਰਬ ਸੂਖ ਆਨੰਦ ਸਹਜ ਰਸ ਸੁਨਤ ਤੁਹਾਰੋ ਨਾਇਓ ॥੧॥ ਰਹਾਉ ॥ ਕ੍ਰਿਪਾ ਨਿਧਾਨ ਸੂਖ ਕੇ ਸਾਗਰ ਜਸੁ ਸਭ ਮਹਿ ਜਾ ਕੋ ਛਾਇਓ ॥ ਸੰਤਸੰਗਿ ਰੰਗ ਤੁਮ ਕੀਏ ਅਪਨਾ ਆਪੁ ਦ੍ਰਿਸਟਾਇਓ ॥੧॥ ਨੈਨਹੁ ਸੰਗਿ ਸੰਤਨ ਕੀ ਸੇਵਾ ਚਰਨ ਝਾਰੀ ਕੇਸਾਇਓ ॥ ਆਠ ਪਹਰ ਦਰਸਨੁ ਸੰਤਨ ਕਾ ਸੁਖੁ ਨਾਨਕ ਇਹੁ ਪਾਇਓ ॥੨॥੪੩॥੬੬॥ {ਪੰਨਾ 1217}

ਪਦ ਅਰਥ: ਠਾਕੁਰ = ਹੇ ਮਾਲਕ-ਪ੍ਰਭੂ! ਜਨੁ = (ਤੇਰਾ) ਦਾਸ। ਸਰਬ = ਸਾਰੇ। ਸਹਜ = ਆਤਮਕ ਅਡੋਲਤਾ। ਸੁਨਤ = ਸੁਣਦਿਆਂ। ਤੁਹਾਰੋ ਨਾਇਓ = ਤੇਰਾ ਨਾਮ।1। ਰਹਾਉ।

ਕ੍ਰਿਪਾ ਨਿਧਾਨ = ਹੇ ਮਿਹਰ ਦੇ ਖ਼ਜ਼ਾਨੇ! ਸਾਗਰ = ਹੇ ਸਮੁੰਦਰ! ਜਸੁ = ਸੋਭਾ। ਜਾ ਕੋ = ਜਿਸ ਦਾ। ਛਾਇਓ = ਖਿਲਰਿਆ ਹੋਇਆ। ਰੰਗ = ਆਨੰਦ-ਕੌਤਕ। ਆਪੁ = ਆਪਣੇ ਆਪ ਨੂੰ। ਦ੍ਰਿਸਟਾਇਓ = ਪਰਗਟ ਕਰਦਾ ਹੈ।1।

ਨੈਨਹੁ ਸੰਗਿ = ਅੱਖਾਂ ਨਾਲ। ਝਾਰੀ = ਝਾਰੀਂ, ਮੈਂ ਝਾੜਦਾ ਹਾਂ। ਕੇਸਾਇਓ = ਕੇਸਾਂ ਨਾਲ।2।

ਅਰਥ: ਹੇ (ਮੇਰੇ) ਮਾਲਕ-ਪ੍ਰਭੂ! (ਤੇਰਾ) ਦਾਸ (ਤੇਰੇ ਦਰ ਤੇ) ਬੇਨਤੀ ਕਰਨ ਆਇਆ ਹੈ। ਤੇਰਾ ਨਾਮ ਸੁਣਦਿਆਂ ਆਤਮਕ ਅਡੋਲਤਾ ਦੇ ਸਾਰੇ ਸੁਖ ਸਾਰੇ ਆਨੰਦ ਸਾਰੇ ਰਸ (ਮਿਲ ਜਾਂਦੇ ਹਨ) ।1। ਰਹਾਉ।

ਹੇ ਦਇਆ ਦੇ ਖ਼ਜ਼ਾਨੇ! ਹੇ ਸੁਖਾਂ ਦੇ ਸਮੁੰਦਰ! (ਤੂੰ ਐਸਾ ਹੈਂ) ਜਿਸ ਦੀ ਸੋਭਾ ਸਾਰੀ ਸ੍ਰਿਸ਼ਟੀ ਵਿਚ ਆਪਣਾ ਪ੍ਰਭਾਵ ਪਾਂਦੀ ਹੈ। ਸੰਤਾਂ ਦੀ ਸੰਗਤਿ ਵਿਚ ਤੂੰ ਅਨੇਕਾਂ ਆਨੰਦ-ਚੋਜ ਕਰਦਾ ਹੈਂ, ਤੇ, ਆਪਣੇ ਆਪ ਨੂੰ ਪਰਗਟ ਕਰਦਾ ਹੈਂ।1।

ਹੇ ਨਾਨਕ! (ਆਖ– ਹੇ ਪ੍ਰਭੂ! ਮਿਹਰ ਕਰ) ਅੱਖਾਂ ਨਾਲ (ਦਰਸਨ ਕਰ ਕੇ) ਮੈਂ ਸੰਤ ਜਨਾਂ ਦੀ ਸੇਵਾ ਕਰਦਾ ਰਹਾਂ, ਉਹਨਾਂ ਦੇ ਚਰਨ ਆਪਣੇ ਕੇਸਾਂ ਨਾਲ ਝਾੜਦਾ ਰਹਾਂ। ਮੈਂ ਅੱਠੇ ਪਹਰ ਸੰਤ ਜਨਾਂ ਦਾ ਦਰਸਨ ਕਰਦਾ ਰਹਾਂ, ਮੈਨੂੰ ਇਹ ਸੁਖ ਮਿਲਿਆ ਰਹੇ।2। 43। 66।

ਸਾਰਗ ਮਹਲਾ ੫ ॥ ਜਾ ਕੀ ਰਾਮ ਨਾਮ ਲਿਵ ਲਾਗੀ ॥ ਸਜਨੁ ਸੁਰਿਦਾ ਸੁਹੇਲਾ ਸਹਜੇ ਸੋ ਕਹੀਐ ਬਡਭਾਗੀ ॥੧॥ ਰਹਾਉ ॥ ਰਹਿਤ ਬਿਕਾਰ ਅਲਪ ਮਾਇਆ ਤੇ ਅਹੰਬੁਧਿ ਬਿਖੁ ਤਿਆਗੀ ॥ ਦਰਸ ਪਿਆਸ ਆਸ ਏਕਹਿ ਕੀ ਟੇਕ ਹੀਐਂ ਪ੍ਰਿਅ ਪਾਗੀ ॥੧॥ ਅਚਿੰਤ ਸੋਇ ਜਾਗਨੁ ਉਠਿ ਬੈਸਨੁ ਅਚਿੰਤ ਹਸਤ ਬੈਰਾਗੀ ॥ ਕਹੁ ਨਾਨਕ ਜਿਨਿ ਜਗਤੁ ਠਗਾਨਾ ਸੁ ਮਾਇਆ ਹਰਿ ਜਨ ਠਾਗੀ ॥੨॥੪੪॥੬੭॥ {ਪੰਨਾ 1217}

ਪਦ ਅਰਥ: ਜਾ ਕੀ ਲਿਵ = ਜਿਸ ਮਨੁੱਖ ਦੀ ਲਗਨ। ਸਜਨੁ = ਭਲਾ ਮਨੁੱਖ। ਸੁਰਿਦਾ = ਸੋਹਣੇ ਹਿਰਦੇ ਵਾਲਾ। ਸੁਹੇਲਾ = ਸੁਖੀ। ਸਹਜੇ = ਆਤਮਕ ਅਡੋਲਤਾ ਵਿਚ ਟਿਕਿਆ ਹੋਇਆ। ਕਹੀਐ = ਕਿਹਾ ਜਾ ਸਕਦਾ ਹੈ।1। ਰਹਾਉ।

ਰਹਿਤ = ਬਚਿਆ ਹੋਇਆ। ਅਲਪ = ਅਲਿਪ, ਨਿਰਲੇਪ। ਤੇ = ਤੋਂ। ਅਹੰਬੁਧਿ = ਹਉਮੈ ਵਾਲੀ ਬੁੱਧੀ। ਬਿਖੁ = ਆਤਮਕ ਮੌਤ ਲਿਆਉਣ ਵਾਲੀ ਜ਼ਹਰ। ਪਿਆਸ = ਤਾਂਘ। ਆਸ = ਉਡੀਕ। ਏਕਹਿ ਕੀ = ਇਕ ਪਰਮਾਤਮਾ ਦੀ ਹੀ। ਟੇਕ = ਆਸਰਾ। ਹੀਐਂ = ਹਿਰਦੇ ਵਿਚ। ਪ੍ਰਿਅ ਪਾਗੀ = ਪਿਆਰੇ ਦੇ ਪਗਾਂ ਦੀ, ਪਿਆਰੇ ਦੇ ਚਰਨਾਂ ਦੀ।1।

ਅਚਿੰਤ = ਚਿੰਤਾ-ਰਹਿਤ। ਸੋਇ ਜਾਗਨੁ = ਸੌਂ ਕੇ ਜਾਗਣਾ। ਉਠਿ ਬੈਸਨੁ = ਉੱਠ ਕੇ ਬੈਠਣਾ। ਸੋਇ...ਬੈਸਨੁ = ਸੁੱਤਿਆਂ ਜਾਗਦਿਆਂ ਉੱਠਦਿਆਂ ਬੈਠਦਿਆਂ। ਹਸਤ = ਹੱਸਦਿਆਂ। ਬੈਰਾਗੀ = ਵੈਰਾਗ ਕਰਦਿਆਂ। ਜਿਨਿ = ਜਿਸ (ਮਾਇਆ) ਨੇ। ਹਰਿ ਜਨ = ਹਰੀ ਦੇ ਜਨਾਂ ਨੇ।2।

ਅਰਥ: ਹੇ ਭਾਈ! ਜਿਸ ਮਨੁੱਖ ਦੀ ਲਗਨ ਪਰਮਾਤਮਾ ਦੇ ਨਾਮ ਨਾਲ ਲੱਗ ਜਾਂਦੀ ਹੈ, ਉਹ ਭਲਾ ਮਨੁੱਖ ਬਣ ਜਾਂਦਾ ਹੈ, ਉਹ ਸੋਹਣੇ ਹਿਰਦੇ ਵਾਲਾ ਹੋ ਜਾਂਦਾ ਹੈ, ਉਹ ਸੁਖੀ ਹੋ ਜਾਂਦਾ ਹੈ, ਉਹ ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹੈ। ਉਸ ਨੂੰ ਵੱਡੇ ਭਾਗਾਂ ਵਾਲਾ ਆਖਣਾ ਚਾਹੀਦਾ ਹੈ।1। ਰਹਾਉ।

ਹੇ ਭਾਈ! (ਜਿਸ ਮਨੁੱਖ ਦੀ ਸੁਰਤਿ ਪਰਮਾਤਮਾ ਦੇ ਨਾਮ ਵਿਚ ਜੁੜਦੀ ਹੈ, ਉਹ) ਵਿਕਾਰਾਂ ਤੋਂ ਬਚਿਆ ਰਹਿੰਦਾ ਹੈ, ਮਾਇਆ ਤੋਂ ਨਿਰਲੇਪ ਰਹਿੰਦਾ ਹੈ, ਆਤਮਕ ਮੌਤ ਲਿਆਉਣ ਵਾਲੀ ਹਉਮੈ-ਜ਼ਹਰ ਉਹ ਤਿਆਗ ਦੇਂਦਾ ਹੈ। ਉਸ ਨੂੰ ਸਿਰਫ਼ ਪਰਮਾਤਮਾ ਦੇ ਦਰਸਨ ਦੀ ਤਾਂਘ ਤੇ ਉਡੀਕ ਲੱਗੀ ਰਹਿੰਦੀ ਹੈ, ਉਹ ਮਨੁੱਖ ਆਪਣੇ ਹਿਰਦੇ ਵਿਚ ਪਿਆਰੇ ਪ੍ਰਭੂ ਦੇ ਚਰਨਾਂ ਦਾ ਆਸਰਾ ਬਣਾਈ ਰੱਖਦਾ ਹੈ।1।

ਹੇ ਭਾਈ! (ਪਰਮਾਤਮਾ ਦੇ ਨਾਮ ਵਿਚ ਸੁਰਤਿ ਜੋੜੀ ਰੱਖਣ ਵਾਲਾ ਮਨੁੱਖ) ਸੁੱਤ ਜਾਗਦਾ ਉੱਠਦਾ ਬੈਠਦਾ, ਹੱਸਦਾ, ਵੈਰਾਗ ਕਰਦਾ = ਹਰ ਵੇਲੇ ਹੀ ਚਿੰਤਾ ਤੋਂ ਰਹਿਤ ਰਹਿੰਦਾ ਹੈ। ਹੇ ਨਾਨਕ! ਆਖ– ਜਿਸ ਮਾਇਆ ਨੇ ਸਾਰੇ ਜਗਤ ਨੂੰ ਭਰਮਾਇਆ ਹੈ, ਸੰਤ ਜਨਾਂ ਨੇ ਉਸ ਮਾਇਆ ਨੂੰ ਆਪਣੇ ਵੱਸ ਵਿਚ ਰੱਖਿਆ ਹੋਇਆ ਹੈ।2। 44। 67।

ਸਾਰਗ ਮਹਲਾ ੫ ॥ ਅਬ ਜਨ ਊਪਰਿ ਕੋ ਨ ਪੁਕਾਰੈ ॥ ਪੂਕਾਰਨ ਕਉ ਜੋ ਉਦਮੁ ਕਰਤਾ ਗੁਰੁ ਪਰਮੇਸਰੁ ਤਾ ਕਉ ਮਾਰੈ ॥੧॥ ਰਹਾਉ ॥ ਨਿਰਵੈਰੈ ਸੰਗਿ ਵੈਰੁ ਰਚਾਵੈ ਹਰਿ ਦਰਗਹ ਓਹੁ ਹਾਰੈ ॥ ਆਦਿ ਜੁਗਾਦਿ ਪ੍ਰਭ ਕੀ ਵਡਿਆਈ ਜਨ ਕੀ ਪੈਜ ਸਵਾਰੈ ॥੧॥ ਨਿਰਭਉ ਭਏ ਸਗਲ ਭਉ ਮਿਟਿਆ ਚਰਨ ਕਮਲ ਆਧਾਰੈ ॥ ਗੁਰ ਕੈ ਬਚਨਿ ਜਪਿਓ ਨਾਉ ਨਾਨਕ ਪ੍ਰਗਟ ਭਇਓ ਸੰਸਾਰੈ ॥੨॥੪੫॥੬੮॥ {ਪੰਨਾ 1217}

ਪਦ ਅਰਥ: ਕੋ = ਕੋਈ (ਮਨੁੱਖ) । ਪੁਕਾਰੈ = ਦੁਸ਼ਣ ਲਾਂਦਾ, ਉਂਗਲ ਕਰਦਾ। ਪੂਕਾਰਨ ਕਉ = ਦੂਸ਼ਣ ਲਾਣ ਲਈ। ਤਾ ਕਉ = ਉਸ (ਮਨੁੱਖ) ਨੂੰ। ਮਾਰੈ = (ਆਤਮਕ ਮੌਤੇ) ਮਾਰਦਾ ਹੈ, ਆਤਮਕ ਜੀਵਨ ਨੀਵਾਂ ਕਰ ਦੇਂਦਾ ਹੈ।1। ਰਹਾਉ।

ਸੰਗਿ = ਨਾਲ। ਰਚਾਵੈ = ਸਹੇੜਦਾ ਹੈ। ਹਾਰੈ = ਹਾਰ ਜਾਂਦਾ ਹੈ, ਜੀਵਨ-ਬਾਜ਼ੀ ਹਾਰ ਜਾਂਦਾ ਹੈ, ਆਤਮਕ ਜੀਵਨ ਦੇ ਤੋਲ ਵਿਚ ਪੂਰਾ ਨਹੀਂ ਉਤਰਦਾ। ਜੁਗਾਦਿ = ਜੁਗਾਂ ਦੇ ਸ਼ੁਰੂ ਤੋਂ। ਵਡਿਆਈ = ਬਿਰਦ। ਪੈਜ = ਇੱਜ਼ਤ।1।

ਸਗਲ = ਸਾਰਾ। ਆਧਾਰੈ = ਆਸਰੇ, ਆਸਰਾ ਲਿਆਂ। ਕੈ ਬਚਨਿ = ਦੇ ਬਚਨ ਦੀ ਰਾਹੀਂ, ਦੇ ਬਚਨ ਉਤੇ ਤੁਰਿਆਂ। ਸੰਸਾਰੈ = ਸੰਸਾਰ ਵਿਚ।2।

ਅਰਥ: ਹੇ ਭਾਈ! (ਜਦੋਂ ਮਨੁੱਖ ਗੁਰੂ ਦੇ ਬਚਨ ਉੱਤੇ ਤੁਰ ਕੇ ਹਰਿ-ਨਾਮ ਜਪਦਾ ਹੈ) ਤਦੋਂ ਉਸ ਸੇਵਕ ਉੱਤੇ ਕੋਈ ਮਨੁੱਖ ਕੋਈ ਦੂਸ਼ਣ ਨਹੀਂ ਲਾ ਸਕਦਾ। ਜਿਹੜਾ ਮਨੁੱਖ ਪ੍ਰਭੂ ਦੇ ਸੇਵਕ ਉੱਤੇ ਦੂਸ਼ਣ ਥੱਪਣ ਦਾ ਜਤਨ ਕਰਦਾ ਹੈ, ਗੁਰੂ ਪਰਮਾਤਮਾ ਉਸ ਦਾ ਆਤਮਕ ਜੀਵਨ ਨੀਵਾਂ ਕਰ ਦੇਂਦਾ ਹੈ।1। ਰਹਾਉ।

ਹੇ ਭਾਈ! ਜਿਹੜਾ ਮਨੁੱਖ ਕਦੇ ਕਿਸੇ ਨਾਲ ਵੈਰ ਨਹੀਂ ਕਰਦਾ, ਉਸ ਨਾਲ ਜਿਹੜਾ ਵੈਰ ਕਮਾਂਦਾ ਹੈ, ਉਹ ਮਨੁੱਖ ਪਰਮਾਤਮਾ ਦੀ ਦਰਗਾਹ ਵਿਚ ਆਤਮਕ ਜੀਵਨ ਦੇ ਤੋਲ ਵਿਚ ਪੂਰਾ ਨਹੀਂ ਉਤਰਦਾ। ਹੇ ਭਾਈ! ਜਗਤ ਦੇ ਸ਼ੁਰੂ ਤੋਂ, ਜੁਗਾਂ ਦੇ ਮੁੱਢ ਤੋਂ ਹੀ ਪਰਮਾਤਮਾ ਦਾ ਇਹ ਗੁਣ ਚਲਿਆ ਆ ਰਿਹਾ ਹੈ ਕਿ ਉਹ ਆਪਣੇ ਸੇਵਕ ਦੀ ਲਾਜ ਰੱਖਦਾ ਹੈ।1।

ਹੇ ਭਾਈ! ਪਰਮਾਤਮਾ ਦੇ ਸੋਹਣੇ ਚਰਨਾਂ ਦਾ ਆਸਰਾ ਲਿਆਂ ਪ੍ਰਭੂ ਦਾ ਸੇਵਕ ਨਿਰਭਉ ਹੋ ਜਾਂਦਾ ਹੈ, ਉਸ ਦਾ (ਦੁਨੀਆ ਵਾਲਾ) ਹਰੇਕ ਡਰ ਮਿਟ ਜਾਂਦਾ ਹੈ। ਹੇ ਨਾਨਕ! (ਆਖ-) ਗੁਰੂ ਦੇ ਉਪਦੇਸ਼ ਤੇ ਤੁਰ ਕੇ ਜਿਸ ਨੇ ਭੀ ਪਰਮਾਤਮਾ ਦਾ ਨਾਮ ਜਪਿਆ, ਉਹ ਜਗਤ ਵਿਚ ਨਾਮਣੇ ਵਾਲਾ ਹੋ ਗਿਆ।2। 45। 68।

ਸਾਰਗ ਮਹਲਾ ੫ ॥ ਹਰਿ ਜਨ ਛੋਡਿਆ ਸਗਲਾ ਆਪੁ ॥ ਜਿਉ ਜਾਨਹੁ ਤਿਉ ਰਖਹੁ ਗੁਸਾਈ ਪੇਖਿ ਜੀਵਾਂ ਪਰਤਾਪੁ ॥੧॥ ਰਹਾਉ ॥ ਗੁਰ ਉਪਦੇਸਿ ਸਾਧ ਕੀ ਸੰਗਤਿ ਬਿਨਸਿਓ ਸਗਲ ਸੰਤਾਪੁ ॥ ਮਿਤ੍ਰ ਸਤ੍ਰ ਪੇਖਿ ਸਮਤੁ ਬੀਚਾਰਿਓ ਸਗਲ ਸੰਭਾਖਨ ਜਾਪੁ ॥੧॥ ਤਪਤਿ ਬੁਝੀ ਸੀਤਲ ਆਘਾਨੇ ਸੁਨਿ ਅਨਹਦ ਬਿਸਮ ਭਏ ਬਿਸਮਾਦ ॥ ਅਨਦੁ ਭਇਆ ਨਾਨਕ ਮਨਿ ਸਾਚਾ ਪੂਰਨ ਪੂਰੇ ਨਾਦ ॥੨॥੪੬॥੬੯॥ {ਪੰਨਾ 1217}

ਪਦ ਅਰਥ: ਹਰਿ ਜਨ = ਪ੍ਰਭੂ ਦੇ ਸੇਵਕਾਂ ਨੇ। ਆਪੁ = ਆਪਾ-ਭਾਵ, ਹਉਮੈ। ਗੁਸਾਈ = ਹੇ ਜਗਤ ਦੇ ਸਾਈਂ। ਪੇਖਿ = ਵੇਖ ਕੇ। ਜੀਵਾਂ = ਮੈਂ ਜੀਊਂਦਾ ਹਾਂ, ਮੈਨੂੰ ਆਤਮਕ ਜੀਵਨ ਪ੍ਰਾਪਤ ਹੁੰਦਾ ਹੈ।1। ਰਹਾਉ।

ਗੁਰ ਉਪਦੇਸਿ = ਗੁਰੂ ਦੇ ਉਪਦੇਸ਼ ਦੀ ਰਾਹੀਂ। ਸੰਤਾਪੁ = ਦੁੱਖ-ਕਲੇਸ਼। ਸਤ੍ਰ = ਵੈਰੀ। ਸਮਤੁ = ਇਕ-ਸਮਾਨ। ਸੰਭਾਖਨ = ਬੋਲ-ਚਾਲ।1।

ਤਪਤਿ = ਸੜਨ। ਆਘਾਨੇ = ਰੱਜ ਗਏ। ਸੁਨਿ = ਸੁਣ ਕੇ। ਅਨਹਦ = ਇਕ-ਰਸ ਨਾਮ ਦੀ ਧੁਨਿ। ਬਿਸਮ = ਹੈਰਾਨ, ਅਸਚਰਜ। ਮਨਿ = ਮਨ ਵਿਚ। ਸਾਚਾ = ਸਦਾ ਕਾਇਮ ਰਹਿਣ ਵਾਲਾ। ਪੂਰਨ = ਪੂਰੇ ਤੌਰ ਤੇ। ਪੂਰੇ ਨਾਦ = ਨਾਦ ਪੂਰੇ ਜਾਂਦੇ ਹਨ, ਨਾਦ ਵੱਜਦੇ ਹਨ, ਸਿਫ਼ਤਿ-ਸਾਲਾਹ ਦੀ ਘਨਘੋਰ ਹੁੰਦੀ ਹੈ {ਜਿਵੇਂ, ਸੰਖ ਪੂਰਨਾ = ਸੰਖ ਵਜਾਣਾ}।2।

ਅਰਥ: ਹੇ ਪ੍ਰਭੂ! (ਜਿਵੇਂ) ਤੇਰੇ ਭਗਤਾਂ ਨੇ ਆਪਾ-ਭਾਵ ਤਿਆਗਿਆ ਹੁੰਦਾ ਹੈ (ਤੇ, ਤੇਰੇ ਦਰ ਤੇ ਅਰਜ਼ੋਈ ਕਰਦੇ ਹਨ ਤਿਵੇਂ ਮੈਂ ਭੀ ਆਪਾ-ਭਾਵ ਛੱਡ ਕੇ ਬੇਨਤੀ ਕਰਦਾ ਹਾਂ-) ਹੇ ਜਗਤ ਦੇ ਖਸਮ! ਜਿਵੇਂ ਹੋ ਸਕੇ ਤਿਵੇਂ (ਇਸ ਮਾਇਆ ਦੇ ਹੱਥੋਂ) ਮੇਰੀ ਰੱਖਿਆ ਕਰ। ਤੇਰਾ ਪਰਤਾਪ ਵੇਖ ਕੇ ਮੈਂ ਆਤਮਕ ਜੀਵਨ ਹਾਸਲ ਕਰਦਾ ਰਹਾਂ।1। ਰਹਾਉ।

ਹੇ ਭਾਈ! ਗੁਰੂ ਦੇ ਉਪਦੇਸ਼ ਦੀ ਰਾਹੀਂ, ਸਾਧ ਸੰਗਤਿ ਦੀ ਬਰਕਤਿ ਨਾਲ (ਜਿਸ ਮਨੁੱਖ ਦੇ ਅੰਦਰੋਂ) ਸਾਰਾ ਦੁੱਖ-ਕਲੇਸ਼ ਨਾਸ ਹੋ ਜਾਂਦਾ ਹੈ, ਉਹ ਆਪਣੇ ਮਿੱਤਰਾਂ ਤੇ ਵੈਰੀਆਂ ਨੂੰ ਵੇਖ ਕੇ (ਸਭਨਾਂ ਵਿਚ ਪ੍ਰਭੂ ਦੀ ਹੀ ਜੋਤਿ) ਇਕ-ਸਮਾਨ ਸਮਝਦਾ ਹੈ, ਪਰਮਾਤਮਾ ਦੇ ਨਾਮ ਦਾ ਸਿਮਰਨ ਹੀ ਉਸ ਦਾ ਹਰ ਵੇਲੇ ਦਾ ਬੋਲ-ਚਾਲ ਹੈ।1।

ਹੇ ਨਾਨਕ! (ਜਿਨ੍ਹਾਂ ਮਨੁੱਖਾਂ ਦੇ) ਮਨ ਵਿਚ ਸਦਾ-ਥਿਰ ਪ੍ਰਭੂ ਆ ਵੱਸਦਾ ਹੈ, (ਉਹਨਾਂ ਦੇ ਅੰਦਰ ਦੀ) ਸੜਨ ਬੁੱਝ ਜਾਂਦੀ ਹੈ, (ਉਹਨਾਂ ਦਾ ਹਿਰਦਾ) ਸ਼ਾਂਤ ਹੋ ਜਾਂਦਾ ਹੈ, ਉਹ (ਮਾਇਆ ਦੀ ਤ੍ਰਿਸ਼ਨਾ ਵਲੋਂ) ਰੱਜ ਜਾਂਦੇ ਹਨ; ਇਕ-ਰਸ ਨਾਮ ਦੀ ਧੁਨਿ ਸੁਣ ਕੇ ਉਹ ਅਸਚਰਜ ਹੀ ਅਸਚਰਜ ਹੋਏ ਰਹਿੰਦੇ ਹਨ, ਉਹਨਾਂ ਦੇ ਅੰਦਰ ਆਤਮਕ ਆਨੰਦ ਬਣਿਆ ਰਹਿੰਦਾ ਹੈ (ਜਿਵੇਂ ਕਿ ਉਹਨਾਂ ਦੇ ਅੰਦਰ) ਪੂਰੇ ਤੌਰ ਤੇ ਸੰਖ ਆਦਿਕ ਨਾਦ ਵੱਜ ਰਹੇ ਹਨ।2। 46। 69।

TOP OF PAGE

Sri Guru Granth Darpan, by Professor Sahib Singh