ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 1218

ਸਾਰਗ ਮਹਲਾ ੫ ॥ ਮੇਰੈ ਗੁਰਿ ਮੋਰੋ ਸਹਸਾ ਉਤਾਰਿਆ ॥ ਤਿਸੁ ਗੁਰ ਕੈ ਜਾਈਐ ਬਲਿਹਾਰੀ ਸਦਾ ਸਦਾ ਹਉ ਵਾਰਿਆ ॥੧॥ ਰਹਾਉ ॥ ਗੁਰ ਕਾ ਨਾਮੁ ਜਪਿਓ ਦਿਨੁ ਰਾਤੀ ਗੁਰ ਕੇ ਚਰਨ ਮਨਿ ਧਾਰਿਆ ॥ ਗੁਰ ਕੀ ਧੂਰਿ ਕਰਉ ਨਿਤ ਮਜਨੁ ਕਿਲਵਿਖ ਮੈਲੁ ਉਤਾਰਿਆ ॥੧॥ ਗੁਰ ਪੂਰੇ ਕੀ ਕਰਉ ਨਿਤ ਸੇਵਾ ਗੁਰੁ ਅਪਨਾ ਨਮਸਕਾਰਿਆ ॥ ਸਰਬ ਫਲਾ ਦੀਨ੍ਹ੍ਹੇ ਗੁਰਿ ਪੂਰੈ ਨਾਨਕ ਗੁਰਿ ਨਿਸਤਾਰਿਆ ॥੨॥੪੭॥੭੦॥ {ਪੰਨਾ 1218}

ਪਦ ਅਰਥ: ਮੇਰੈ ਗੁਰਿ = ਮੇਰੇ ਗੁਰੂ ਨੇ। ਮੋਰੋ = ਮੇਰਾ। ਸਹਸਾ = ਸਹਿਮ, ਦੁ-ਚਿੱਤਾ-ਪਨ। ਕੈ = ਤੋਂ। ਵਾਰਿਆ = ਸਦਕੇ, ਕੁਰਬਾਨ।1। ਰਹਾਉ।

ਮਨਿ = ਮਨ ਵਿਚ। ਕਰਉ = ਕਰਉਂ, ਮੈਂ ਕਰਦਾ ਹਾਂ। ਮਜਨੁ = ਇਸ਼ਨਾਨ। ਕਿਲਵਿਖ = ਪਾਪ।1।

ਸਰਬ = ਸਾਰੇ। ਗੁਰਿ = ਗੁਰੂ ਨੇ। ਨਿਸਤਾਰਿਓ = ਪਾਰ ਲੰਘਾ ਦਿੱਤਾ ਹੈ।2।

ਅਰਥ: ਹੇ ਭਾਈ! ਮੇਰੇ ਗੁਰੂ ਨੇ (ਮੇਰੇ ਅੰਦਰੋਂ ਹਰ ਵੇਲੇ ਦਾ) ਸਹਿਮ ਦੂਰ ਕਰ ਦਿੱਤਾ ਹੈ। ਹੇ ਭਾਈ! ਉਸ ਗੁਰੂ ਤੋਂ ਸਦਕੇ ਜਾਣਾ ਚਾਹੀਦਾ ਹੈ। ਹੇ ਭਾਈ! ਮੈਂ (ਉਸ ਗੁਰੂ ਤੋਂ) ਸਦਾ ਹੀ ਸਦਾ ਹੀ ਕੁਰਬਾਨ ਜਾਂਦਾ ਹਾਂ।1। ਰਹਾਉ।

ਹੇ ਭਾਈ! ਮੈਂ ਦਿਨ ਰਾਤ (ਆਪਣੇ) ਗੁਰੂ ਦਾ ਨਾਮ ਚੇਤੇ ਰੱਖਦਾ ਹਾਂ, ਮੈਂ ਆਪਣੇ ਮਨ ਵਿਚ ਗੁਰੂ ਦੇ ਚਰਨ ਟਿਕਾਈ ਰੱਖਦਾ ਹਾਂ (ਭਾਵ, ਅਦਬ-ਸਤਕਾਰ ਨਾਲ ਗੁਰੂ ਦੀ ਯਾਦ ਹਿਰਦੇ ਵਿਚ ਵਸਾਈ ਰੱਖਦਾ ਹਾਂ) । ਮੈਂ ਸਦਾ ਗੁਰੂ ਦੇ ਚਰਨਾਂ ਦੀ ਧੂੜ ਵਿਚ ਇਸ਼ਨਾਨ ਕਰਦਾ ਰਹਿੰਦਾ ਹਾਂ, (ਇਸ ਇਸ਼ਨਾਨ ਨੇ ਮੇਰੇ ਮਨ ਤੋਂ) ਪਾਪਾਂ ਦੀ ਮੈਲ ਲਾਹ ਦਿੱਤੀ ਹੈ।1।

ਹੇ ਭਾਈ! ਮੈਂ ਸਦਾ ਪੂਰੇ ਗੁਰੂ ਦੀ (ਦੱਸੀ) ਸੇਵਾ ਕਰਦਾ ਹਾਂ, ਗੁਰੂ ਅੱਗੇ ਸਿਰ ਨਿਵਾਈ ਰੱਖਦਾ ਹਾਂ। ਹੇ ਨਾਨਕ! (ਆਖ– ਹੇ ਭਾਈ!) ਪੂਰੇ ਗੁਰੂ ਨੇ ਮੈਨੂੰ (ਦੁਨੀਆ ਦੇ) ਸਾਰੇ (ਮੂੰਹ-ਮੰਗੇ) ਫਲ ਦਿੱਤੇ ਹਨ, ਗੁਰੂ ਨੇ (ਮੈਨੂੰ ਜਗਤ ਦੇ ਵਿਕਾਰਾਂ ਤੋਂ) ਪਾਰ ਲੰਘਾ ਲਿਆ ਹੈ।2। 47। 70।

ਸਾਰਗ ਮਹਲਾ ੫ ॥ ਸਿਮਰਤ ਨਾਮੁ ਪ੍ਰਾਨ ਗਤਿ ਪਾਵੈ ॥ ਮਿਟਹਿ ਕਲੇਸ ਤ੍ਰਾਸ ਸਭ ਨਾਸੈ ਸਾਧਸੰਗਿ ਹਿਤੁ ਲਾਵੈ ॥੧॥ ਰਹਾਉ ॥ ਹਰਿ ਹਰਿ ਹਰਿ ਹਰਿ ਮਨਿ ਆਰਾਧੇ ਰਸਨਾ ਹਰਿ ਜਸੁ ਗਾਵੈ ॥ ਤਜਿ ਅਭਿਮਾਨੁ ਕਾਮ ਕ੍ਰੋਧੁ ਨਿੰਦਾ ਬਾਸੁਦੇਵ ਰੰਗੁ ਲਾਵੈ ॥੧॥ ਦਾਮੋਦਰ ਦਇਆਲ ਆਰਾਧਹੁ ਗੋਬਿੰਦ ਕਰਤ ਸੋੁਹਾਵੈ ॥ ਕਹੁ ਨਾਨਕ ਸਭ ਕੀ ਹੋਇ ਰੇਨਾ ਹਰਿ ਹਰਿ ਦਰਸਿ ਸਮਾਵੈ ॥੨॥੪੮॥੭੧॥ {ਪੰਨਾ 1218}

ਪਦ ਅਰਥ: ਸਿਮਰਤ = ਸਿਮਰਦਿਆਂ। ਗਤਿ = ਉੱਚੀ ਆਤਮਕ ਅਵਸਥਾ। ਮਿਟਹਿ = ਮਿਟ ਜਾਂਦੇ ਹਨ {ਬਹੁ- ਵਚਨ}। ਤ੍ਰਾਸ = ਡਰ। ਸਭ = ਸਾਰਾ। ਹਿਤੁ = ਪਿਆਰ।1। ਰਹਾਉ।

ਮਨਿ = ਮਨ ਵਿਚ। ਆਰਾਧੇ = ਆਰਾਧਦਾ ਹੈ, ਸਿਮਰਦਾ ਹੈ। ਰਸਨਾ = ਜੀਭ ਨਾਲ। ਤਜਿ = ਤਿਆਗ ਕੇ। ਵਾਸੁਦੇਵ ਰੰਗੁ = ਪਰਮਾਤਮਾ ਦਾ ਪਿਆਰ।1।

ਦਾਮੋਦਰ = {dwm-adr} ਪਰਮਾਤਮਾ। ਆਰਾਧਹੁ = ਸਿਮਰਿਆ ਕਰੋ। ਸੋੁਹਵੈ = {ਅੱਖਰ 'ਸ' ਦੇ ਨਾਲ ਦੋ ਲਗਾਂ ਹਨ: ੋ ਅਤੇ ੁ । ਅਸਲ ਲਫ਼ਜ਼ ਹੈ 'ਸੋਹਾਵੈ' ਇਥੇ 'ਸੁਹਾਵੈ' ਪੜ੍ਹਨਾ ਹੈ} ਸੋਹਣਾ ਲੱਗਦਾ ਹੈ। ਰੇਨਾ = ਚਰਨਾਂ ਦੀ ਧੂੜ। ਦਰਸਿ = ਦਰਸਨ ਵਿਚ।2।

ਅਰਥ: ਹੇ ਭਾਈ! ਪਰਮਾਤਮਾ ਦਾ ਨਾਮ ਸਿਮਰਦਿਆਂ ਮਨੁੱਖ ਜੀਵਨ ਦੀ ਉੱਚੀ ਆਤਮਕ ਅਵਸਥਾ ਹਾਸਲ ਕਰ ਲੈਂਦਾ ਹੈ। ਜਿਹੜਾ ਮਨੁੱਖ ਸਾਧ ਸੰਗਤਿ ਵਿਚ ਪਿਆਰ ਪਾਂਦਾ ਹੈ, ਉਸ ਦੇ ਸਾਰੇ ਕਲੇਸ਼ ਮਿਟ ਜਾਂਦੇ ਹਨ, ਉਸ ਦਾ ਹਰੇਕ ਡਰ ਦੂਰ ਹੋ ਜਾਂਦਾ ਹੈ।1। ਰਹਾਉ।

ਹੇ ਭਾਈ! (ਜਿਹੜਾ ਮਨੁੱਖ) ਸਦਾ (ਆਪਣੇ) ਮਨ ਵਿਚ ਪਰਮਾਤਮਾ ਦਾ ਆਰਾਧਨ ਕਰਦਾ ਰਹਿੰਦਾ ਹੈ, ਜਿਹੜਾ ਆਪਣੀ ਜੀਭ ਨਾਲ ਪ੍ਰਭੂ ਦੀ ਸਿਫ਼ਤਿ-ਸਾਲਾਹ ਗਾਂਦਾ ਰਹਿੰਦਾ ਹੈ, ਉਹ ਮਨੁੱਖ (ਆਪਣੇ ਅੰਦਰੋਂ) ਕਾਮ ਕ੍ਰੋਧ ਅਹੰਕਾਰ ਨਿੰਦਾ (ਆਦਿਕ ਵਿਕਾਰ) ਦੂਰ ਕਰ ਕੇ (ਆਪਣੇ ਅੰਦਰ) ਪਰਮਾਤਮਾ ਦਾ ਪ੍ਰੇਮ ਪੈਦਾ ਕਰ ਲੈਂਦਾ ਹੈ।1।

ਹੇ ਭਾਈ! ਦਇਆ ਦੇ ਸੋਮੇ ਪਰਮਾਤਮਾ ਦਾ ਨਾਮ ਸਿਮਰਦੇ ਰਿਹਾ ਕਰੋ। ਗੋਬਿੰਦ (ਦਾ ਨਾਮ) ਸਿਮਰਦਿਆਂ ਹੀ ਜੀਵਨ ਸੋਹਣਾ ਬਣਦਾ ਹੈ। ਹੇ ਨਾਨਕ! ਆਖ– ਸਭਨਾਂ ਦੀ ਚਰਨ-ਧੂੜ ਹੋ ਕੇ ਮਨੁੱਖ ਪਰਮਾਤਮਾ ਦੇ ਦਰਸਨ ਵਿਚ ਲੀਨ ਹੋਇਆ ਰਹਿੰਦਾ ਹੈ।2। 48। 71।

ਸਾਰਗ ਮਹਲਾ ੫ ॥ ਅਪੁਨੇ ਗੁਰ ਪੂਰੇ ਬਲਿਹਾਰੈ ॥ ਪ੍ਰਗਟ ਪ੍ਰਤਾਪੁ ਕੀਓ ਨਾਮ ਕੋ ਰਾਖੇ ਰਾਖਨਹਾਰੈ ॥੧॥ ਰਹਾਉ ॥ ਨਿਰਭਉ ਕੀਏ ਸੇਵਕ ਦਾਸ ਅਪਨੇ ਸਗਲੇ ਦੂਖ ਬਿਦਾਰੈ ॥ ਆਨ ਉਪਾਵ ਤਿਆਗਿ ਜਨ ਸਗਲੇ ਚਰਨ ਕਮਲ ਰਿਦ ਧਾਰੈ ॥੧॥ ਪ੍ਰਾਨ ਅਧਾਰ ਮੀਤ ਸਾਜਨ ਪ੍ਰਭ ਏਕੈ ਏਕੰਕਾਰੈ ॥ ਸਭ ਤੇ ਊਚ ਠਾਕੁਰੁ ਨਾਨਕ ਕਾ ਬਾਰ ਬਾਰ ਨਮਸਕਾਰੈ ॥੨॥੪੯॥੭੨॥ {ਪੰਨਾ 1218}

ਪਦ ਅਰਥ: ਬਲਿਹਾਰੈ = ਸਦਕੇ, ਕੁਰਬਾਨ। ਕੋ = ਦਾ। ਰਾਖਨਹਾਰੈ = ਰੱਖਿਆ ਕਰ ਸਕਣ ਵਾਲੇ ਨੇ।1। ਰਹਾਉ।

ਬਿਦਾਰੈ = ਨਾਸ ਕਰ ਦੇਂਦਾ ਹੈ। ਆਨ = {ANX} ਹੋਰ ਹੋਰ। ਉਪਾਵ = {ਲਫ਼ਜ਼ 'ਉਪਾਉ' ਤੋਂ ਬਹੁ-ਵਚਨ} ਹੀਲੇ, ਜਤਨ। ਤਿਆਗਿ = ਛੱਡ ਕੇ। ਧਾਰੈ = ਟਿਕਾਂਦਾ ਹੈ। ਰਿਦ = ਹਿਰਦੇ ਵਿਚ। ਸਗਲੇ ਉਪਾਵ = ਸਾਰੇ ਹੀਲੇ।1।

ਅਧਾਰ = ਆਸਰਾ। ਏਕੰਕਾਰੈ = ਪਰਮਾਤਮਾ (ਹੀ) । ਤੇ = ਤੋਂ। ਠਾਕੁਰੁ = ਮਾਲਕ-ਪ੍ਰਭੂ। ਬਾਰ ਬਾਰ = ਮੁੜ ਮੁੜ।2।

ਅਰਥ: ਹੇ ਭਾਈ! ਮੈਂ ਆਪਣੇ ਪੂਰੇ ਗੁਰੂ ਤੋਂ ਕੁਰਬਾਨ ਜਾਂਦਾ ਹੈ। (ਗੁਰੂ ਪਰਮਾਤਮਾ ਦੇ) ਨਾਮ ਦਾ ਪਰਤਾਪ (ਜਗਤ ਵਿਚ) ਪ੍ਰਸਿੱਧ ਕਰਦਾ ਹੈ। ਰੱਖਿਆ ਕਰਨ ਦੀ ਸਮਰਥਾ ਵਾਲਾ ਪ੍ਰਭੂ (ਨਾਮ ਜਪਣ ਵਾਲਿਆਂ ਨੂੰ ਅਨੇਕਾਂ ਦੁੱਖਾਂ ਤੋਂ) ਬਚਾਂਦਾ ਹੈ।1। ਰਹਾਉ।

ਹੇ ਭਾਈ! (ਗੁਰੂ ਦੀ ਕਿਰਪਾ ਨਾਲ ਹੀ) ਪ੍ਰਭੂ ਆਪਣੇ ਸੇਵਕਾਂ ਦਾਸਾਂ ਨੂੰ (ਦੁੱਖਾਂ ਵਿਕਾਰਾਂ ਦੇ ਟਾਕਰੇ ਤੇ) ਦਲੇਰ ਕਰ ਦੇਂਦਾ ਹੈ, (ਸੇਵਕਾਂ ਦੇ) ਸਾਰੇ ਦੁੱਖ ਨਾਸ ਕਰਦਾ ਹੈ। (ਪ੍ਰਭੂ ਦਾ) ਸੇਵਕ (ਭੀ) ਹੋਰ ਸਾਰੇ ਹੀਲੇ ਛੱਡ ਕੇ ਪਰਮਾਤਮਾ ਦੇ ਸੋਹਣੇ ਚਰਨ (ਆਪਣੇ) ਹਿਰਦੇ ਵਿਚ ਵਸਾਈ ਰੱਖਦਾ ਹੈ।1।

ਹੇ ਭਾਈ! (ਜਿਹੜੇ ਮਨੁੱਖ ਗੁਰੂ ਦੀ ਮਿਹਰ ਨਾਲ ਨਾਮ ਜਪਦੇ ਹਨ, ਉਹਨਾਂ ਨੂੰ ਇਹ ਨਿਸ਼ਚਾ ਹੋ ਜਾਂਦਾ ਹੈ ਕਿ) ਸਿਰਫ਼ ਪਰਮਾਤਮਾ ਹੀ ਸਿਰਫ਼ ਪ੍ਰਭੂ ਹੀ ਪ੍ਰਾਣਾਂ ਦਾ ਆਸਰਾ ਹੈ ਤੇ ਸੱਜਣ ਮਿੱਤਰ ਹੈ। ਹੇ ਭਾਈ! (ਦਾਸ) ਨਾਨਕ ਦਾ (ਤਾਂ ਪਰਮਾਤਮਾ ਹੀ) ਸਭ ਤੋਂ ਉੱਚਾ ਮਾਲਕ ਹੈ। (ਨਾਨਕ) ਸਦਾ ਮੁੜ ਮੁੜ (ਪਰਮਾਤਮਾ ਨੂੰ ਹੀ) ਸਿਰ ਨਿਵਾਂਦਾ ਹੈ।2। 49। 72।

ਸਾਰਗ ਮਹਲਾ ੫ ॥ ਬਿਨੁ ਹਰਿ ਹੈ ਕੋ ਕਹਾ ਬਤਾਵਹੁ ॥ ਸੁਖ ਸਮੂਹ ਕਰੁਣਾ ਮੈ ਕਰਤਾ ਤਿਸੁ ਪ੍ਰਭ ਸਦਾ ਧਿਆਵਹੁ ॥੧॥ ਰਹਾਉ ॥ ਜਾ ਕੈ ਸੂਤਿ ਪਰੋਏ ਜੰਤਾ ਤਿਸੁ ਪ੍ਰਭ ਕਾ ਜਸੁ ਗਾਵਹੁ ॥ ਸਿਮਰਿ ਠਾਕੁਰੁ ਜਿਨਿ ਸਭੁ ਕਿਛੁ ਦੀਨਾ ਆਨ ਕਹਾ ਪਹਿ ਜਾਵਹੁ ॥੧॥ ਸਫਲ ਸੇਵਾ ਸੁਆਮੀ ਮੇਰੇ ਕੀ ਮਨ ਬਾਂਛਤ ਫਲ ਪਾਵਹੁ ॥ ਕਹੁ ਨਾਨਕ ਲਾਭੁ ਲਾਹਾ ਲੈ ਚਾਲਹੁ ਸੁਖ ਸੇਤੀ ਘਰਿ ਜਾਵਹੁ ॥੨॥੫੦॥੭੩॥ {ਪੰਨਾ 1218}

ਪਦ ਅਰਥ: ਕੋ = ਕੌਣ? ਕਹਾ = ਕਿੱਥੇ? ਕਹਾਂ? ਬਤਾਵਹੁ = ਦੱਸੋ। ਸੁਖ ਸਮੂਹ = ਸਾਰੇ ਸੁਖਾਂ ਦਾ ਮੂਲ। ਕਰੁਣਾ = ਤਰਸ। ਕਰੁਣਾ-ਮੈ = ਤਰਸ-ਰੂਪ। ਕਰਤਾ = ਕਰਤਾਰ।1। ਰਹਾਉ।

ਸੂਤਿ = ਸੂਤਰ ਵਿਚ। ਜਾ ਕੈ ਸੂਤਿ = ਜਿਸ ਦੇ ਹੁਕਮ ਰੂਪ ਧਾਗੇ ਵਿਚ। ਜਸੁ = ਸਿਫ਼ਤਿ-ਸਾਲਾਹ ਦਾ ਗੀਤ। ਸਿਮਰਿ = ਸਿਮਰਿਆ ਕਰੋ। ਜਿਨਿ = ਜਿਸ (ਠਾਕੁਰ) ਨੇ। ਕਹਾ = ਕਿੱਥੇ? ਆਨ ਪਹਿ = ਕਿਸੇ ਹੋਰ ਪਾਸ।1।

ਸਫਲ = ਫਲ ਦੇਣ ਵਾਲੀ। ਸੇਵਾ = ਭਗਤੀ। ਮਨ ਬਾਂਛਤ = ਮਨ-ਮੰਗੇ। ਲਾਹਾ = ਲਾਭ। ਲੈ = ਲੈ ਕੇ। ਸੇਤੀ = ਨਾਲ। ਘਰਿ = ਘਰ ਵਿਚ, ਪ੍ਰਭੂ ਦੇ ਚਰਨਾਂ ਵਿਚ।2।

ਅਰਥ: ਹੇ ਭਾਈ! ਦੱਸੋ, ਪਰਮਾਤਮਾ ਤੋਂ ਬਿਨਾ ਹੋਰ ਕੌਣ (ਸਹਾਈ) ਹੈ ਤੇ ਕਿੱਥੇ ਹੈ? ਉਹ ਸਿਰਜਣਹਾਰ ਸਾਰੇ ਸੁਖਾਂ ਦਾ ਸੋਮਾ ਹੈ, ਉਹ ਪ੍ਰਭੂ ਤਰਸ-ਸਰੂਪ ਹੈ। ਹੇ ਭਾਈ! ਸਦਾ ਉਸ ਦਾ ਸਿਮਰਨ ਕਰਦੇ ਰਹੋ।1। ਰਹਾਉ।

ਹੇ ਭਾਈ! ਜਿਸ ਪਰਮਾਤਮਾ ਦੇ (ਹੁਕਮ-ਰੂਪ) ਧਾਗੇ ਵਿਚ ਸਾਰੇ ਜੀਵ ਪ੍ਰੋਤੇ ਹੋਏ ਹਨ, ਉਸ ਦੀ ਸਿਫ਼ਤਿ-ਸਾਲਾਹ ਦਾ ਗੀਤ ਗਾਂਦੇ ਰਿਹਾ ਕਰੋ। ਜਿਸ (ਮਾਲਕ-ਪ੍ਰਭੂ) ਨੇ ਹਰੇਕ ਚੀਜ਼ ਦਿੱਤੀ ਹੋਈ ਹੈ ਉਸ ਦਾ ਸਿਮਰਨ ਕਰਿਆ ਕਰੋ। (ਉਸ ਦਾ ਆਸਰਾ ਛੱਡ ਕੇ) ਹੋਰ ਕਿੱਥੇ ਕਿਸੇ ਪਾਸ ਜਾਂਦੇ ਹੋ?।1।

ਹੇ ਭਾਈ! ਮੇਰੇ ਮਾਲਕ-ਪ੍ਰਭੂ ਦੀ ਹੀ ਭਗਤੀ ਸਾਰੇ ਫਲ ਦੇਣ ਵਾਲੀ ਹੈ (ਉਸੇ ਦੇ ਦਰ ਤੋਂ ਹੀ) ਮਨ-ਮੰਗੇ ਫਲ ਪ੍ਰਾਪਤ ਕਰ ਸਕਦੇ ਹੋ। ਹੇ ਨਾਨਕ! ਆਖ– ਹੇ ਭਾਈ! (ਜਗਤ ਤੋਂ ਪਰਮਾਤਮਾ ਦੀ ਭਗਤੀ ਦਾ) ਲਾਭ ਖੱਟ ਕੇ ਤੁਰੋ, ਬੜੇ ਆਨੰਦ ਨਾਲ ਪ੍ਰਭੂ ਦੇ ਚਰਨਾਂ ਵਿਚ ਪਹੁੰਚੋਗੇ।2। 50। 73।

ਸਾਰਗ ਮਹਲਾ ੫ ॥ ਠਾਕੁਰ ਤੁਮ੍ਹ੍ਹ ਸਰਣਾਈ ਆਇਆ ॥ ਉਤਰਿ ਗਇਓ ਮੇਰੇ ਮਨ ਕਾ ਸੰਸਾ ਜਬ ਤੇ ਦਰਸਨੁ ਪਾਇਆ ॥੧॥ ਰਹਾਉ ॥ ਅਨਬੋਲਤ ਮੇਰੀ ਬਿਰਥਾ ਜਾਨੀ ਅਪਨਾ ਨਾਮੁ ਜਪਾਇਆ ॥ ਦੁਖ ਨਾਠੇ ਸੁਖ ਸਹਜਿ ਸਮਾਏ ਅਨਦ ਅਨਦ ਗੁਣ ਗਾਇਆ ॥੧॥ ਬਾਹ ਪਕਰਿ ਕਢਿ ਲੀਨੇ ਅਪੁਨੇ ਗ੍ਰਿਹ ਅੰਧ ਕੂਪ ਤੇ ਮਾਇਆ ॥ ਕਹੁ ਨਾਨਕ ਗੁਰਿ ਬੰਧਨ ਕਾਟੇ ਬਿਛੁਰਤ ਆਨਿ ਮਿਲਾਇਆ ॥੨॥੫੧॥੭੪॥ {ਪੰਨਾ 1218}

ਪਦ ਅਰਥ: ਠਾਕੁਰ = ਹੇ ਮਾਲਕ-ਪ੍ਰਭੂ! ਸੰਸਾ = ਸਹਿਮ। ਜਬ ਤੇ = ਜਦੋਂ ਤੋਂ।1। ਰਹਾਉ।

ਅਨ ਬੋਲਤ = ਬਿਨਾ ਬੋਲਣ ਦੇ। ਬਿਰਥਾ = {ÒXQw} ਪੀੜ, ਦੁੱਖ। ਜਾਨੀ = ਤੂੰ ਜਾਣ ਲਈ ਹੈ। ਨਾਠੇ = ਨੱਸ ਗਏ ਹਨ। ਸਹਜਿ = ਆਤਮਕ ਅਡਲੋਤਾ ਵਿਚ। ਅਨਦ = ਆਨੰਦ।1।

ਪਕਰਿ = ਫੜ ਕੇ। ਗ੍ਰਿਹ ਅੰਧ ਕੂਪ ਤੇ ਮਾਇਆ = ਮਾਇਆ (ਦੇ) ਅੰਧ ਕੂਪ ਗ੍ਰਿਹ ਤੇ, ਮਾਇਆ ਦੇ ਅੰਨ੍ਹੇ ਖੂਹ ਘਰ ਤੋਂ। ਗੁਰਿ = ਗੁਰੂ ਨੇ। ਆਨਿ = ਲਿਆ ਕੇ।2।

ਅਰਥ: ਹੇ (ਮੇਰੇ) ਮਾਲਕ-ਪ੍ਰਭੂ! (ਮੈਂ) ਤੇਰੀ ਸਰਨ ਆਇਆ ਹਾਂ। ਜਦੋਂ ਤੋਂ ਮੈਂ ਤੇਰਾ ਦਰਸਨ ਕੀਤਾ ਹੈ (ਤਦੋਂ ਤੋਂ ਹੀ) ਮੇਰੇ ਮਨ ਤੋਂ (ਹਰੇਕ) ਸਹਿਮ ਲਹਿ ਗਿਆ ਹੈ।1। ਰਹਾਉ।

ਹੇ (ਮੇਰੇ) ਮਾਲਕ-ਪ੍ਰਭੂ! ਤੂੰ (ਸਦਾ ਹੀ ਮੇਰੇ) ਬਿਨਾ ਬੋਲਣ ਦੇ ਮੇਰਾ ਦੁੱਖ ਸਮਝ ਲਿਆ ਹੈ, ਤੂੰ ਆਪ ਹੀ ਮੈਥੋਂ ਆਪਣਾ ਨਾਮ ਜਪਾਇਆ ਹੈ। ਜਦੋਂ ਤੋਂ ਬੜੇ ਆਨੰਦ ਨਾਲ ਮੈਂ ਤੇਰੇ ਗੁਣ ਗਾਂਦਾ ਹਾਂ, ਮੇਰੇ (ਸਾਰੇ) ਦੁੱਖ ਦੂਰ ਹੋ ਗਏ ਹਨ, ਸੁਖਾਂ ਵਿਚ ਆਤਮਕ ਅਡੋਲਤਾ ਵਿਚ ਮੈਂ ਮਗਨ ਰਹਿੰਦਾ ਹਾਂ।1।

ਹੇ ਭਾਈ! (ਪਰਮਾਤਮਾ) ਆਪਣੇ (ਸੇਵਕਾਂ) ਦੀ ਬਾਂਹ ਫੜ ਕੇ ਉਹਨਾਂ ਨੂੰ ਮਾਇਆ ਦੇ (ਮੋਹ ਦੇ) ਅੰਨ੍ਹੇ ਖੂਹ ਵਿਚੋਂ ਅੰਨ੍ਹੇ ਘਰ ਵਿਚੋਂ ਕੱਢ ਲੈਂਦਾ ਹੈ। ਹੇ ਨਾਨਕ! ਆਖ– ਗੁਰੂ ਨੇ (ਜਿਸ ਮਨੁੱਖ ਦੀਆਂ ਮਾਇਆ ਦੇ ਮੋਹ ਦੀਆਂ) ਫਾਹੀਆਂ ਕੱਟ ਦਿੱਤੀਆਂ, (ਪ੍ਰਭੂ-ਚਰਨਾਂ ਤੋਂ) ਵਿਛੁੜਦੇ ਉਸ ਨੂੰ ਲਿਆ ਕੇ (ਪ੍ਰਭੂ ਦੇ ਚਰਨਾਂ ਵਿਚ) ਮੇਲ ਦਿੱਤਾ।2। 51। 74।

TOP OF PAGE

Sri Guru Granth Darpan, by Professor Sahib Singh