ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 1219

ਸਾਰਗ ਮਹਲਾ ੫ ॥ ਹਰਿ ਕੇ ਨਾਮ ਕੀ ਗਤਿ ਠਾਂਢੀ ॥ ਬੇਦ ਪੁਰਾਨ ਸਿਮ੍ਰਿਤਿ ਸਾਧੂ ਜਨ ਖੋਜਤ ਖੋਜਤ ਕਾਢੀ ॥੧॥ ਰਹਾਉ ॥ ਸਿਵ ਬਿਰੰਚ ਅਰੁ ਇੰਦ੍ਰ ਲੋਕ ਤਾ ਮਹਿ ਜਲਤੌ ਫਿਰਿਆ ॥ ਸਿਮਰਿ ਸਿਮਰਿ ਸੁਆਮੀ ਭਏ ਸੀਤਲ ਦੂਖੁ ਦਰਦੁ ਭ੍ਰਮੁ ਹਿਰਿਆ ॥੧॥ ਜੋ ਜੋ ਤਰਿਓ ਪੁਰਾਤਨੁ ਨਵਤਨੁ ਭਗਤਿ ਭਾਇ ਹਰਿ ਦੇਵਾ ॥ ਨਾਨਕ ਕੀ ਬੇਨੰਤੀ ਪ੍ਰਭ ਜੀਉ ਮਿਲੈ ਸੰਤ ਜਨ ਸੇਵਾ ॥੨॥੫੨॥੭੫॥ {ਪੰਨਾ 1219}

ਪਦ ਅਰਥ: ਗਤਿ = ਹਾਲਤ, ਤਾਸੀਰ, ਪ੍ਰਭਾਵ। ਠਾਂਢੀ = ਠੰਢ ਪਾਣ ਵਾਲੀ, ਸ਼ਾਂਤੀ ਦੇਣ ਵਾਲੀ। ਖੋਜਤ = ਖੋਜ ਕਰਦਿਆਂ। ਕਾਢੀ = ਕਹੀ ਹੈ, ਦੱਸੀ ਹੈ।1। ਰਹਾਉ।

ਸ਼ਿਵ = ਸ਼ਿਵ (-ਲੋਕ) । ਬਿਰੰਚ = ਬ੍ਰਹਮਾ, ਬ੍ਰਹਮ (-ਲੋਕ) । ਅਰੁ = ਅਤੇ {ਅਰਿ = ਵੈਰੀ}। ਤਾ ਮਹਿ = ਉਹਨਾਂ (ਲੋਕਾਂ) ਵਿਚ। ਜਲਤੌ = (ਤ੍ਰਿਸ਼ਨਾ-ਅੱਗ ਨਾਲ) ਸੜਦਾ ਹੀ। ਸਿਮਰਿ = ਸਿਮਰ ਕੇ। ਸੀਤਲ = ਸ਼ਾਂਤ, ਠੰਢਾ-ਠਾਰ। ਹਿਰਿਆ = ਦੂਰ ਕਰ ਲਿਆ।1।

ਜੋ ਜੋ = ਜਿਹੜਾ (ਭਗਤ) । ਪੁਰਾਤਨੁ = ਪੁਰਾਣੇ ਸਮੇ ਦਾ। ਨਵਤਨੁ = ਨਵੇਂ ਸਮੇ ਦਾ, ਨਵਾਂ। ਭਾਇ = ਪ੍ਰੇਮ ਦੀ ਰਾਹੀਂ {ਭਾਉ = ਪ੍ਰੇਮ}। ਪ੍ਰਭ ਜੀਉ = ਹੇ ਪ੍ਰਭੂ ਜੀ! ਮਿਲੈ = ਮਿਲ ਜਾਏ।2।

ਅਰਥ: ਹੇ ਭਾਈ! ਪਰਮਾਤਮਾ ਦਾ ਨਾਮ ਸ਼ਾਂਤੀ ਦੇਣ ਵਾਲਾ ਪ੍ਰਭਾਵ ਹੈ– ਇਹੀ ਗੱਲ ਵੇਦਾਂ ਪੁਰਾਣਾਂ ਸਿਮ੍ਰਿਤੀਆਂ ਅਤੇ ਸਾਧੂ ਜਨਾਂ ਨੇ ਖੋਜ ਖੋਜ ਕੇ ਦੱਸੀ ਹੈ।1। ਰਹਾਉ।

ਹੇ ਭਾਈ! ਸ਼ਿਵ-ਲੋਕ, ਬ੍ਰਹਮ-ਲੋਕ, ਇੰਦ੍ਰ-ਲੋਕ = ਇਹਨਾਂ (ਲੋਕਾਂ) ਵਿਚ ਪਹੁੰਚਿਆ ਹੋਇਆ ਭੀ ਤ੍ਰਿਸ਼ਨਾ ਦੀ ਅੱਗ ਵਿਚ ਸੜਦਾ ਹੀ ਫਿਰਦਾ ਹੈ। ਸੁਆਮੀ-ਪ੍ਰਭੂ ਦਾ ਨਾਮ ਸਿਮਰ ਸਿਮਰ ਕੇ ਜੀਵ ਸ਼ਾਂਤ-ਮਨ ਹੋ ਜਾਂਦੇ ਹਨ। (ਸਿਮਰਨ ਦੀ ਬਰਕਤਿ ਨਾਲ) ਸਾਰਾ ਦੁੱਖ ਦਰਦ ਅਤੇ ਭਟਕਣਾ ਦੂਰ ਹੋ ਜਾਂਦਾ ਹੈ।1।

ਹੇ ਭਾਈ! ਪੁਰਾਣੇ ਸਮੇ ਦਾ ਚਾਹੇ ਨਵੇਂ ਸਮੇ ਦਾ ਜਿਹੜਾ ਜਿਹੜਾ ਭੀ (ਭਗਤ) ਸੰਸਾਰ-ਸਮੁੰਦਰ ਤੋਂ ਪਾਰ ਲੰਘਿਆ ਹੈ, ਉਹ ਪ੍ਰਭੂ-ਦੇਵ ਦੀ ਭਗਤੀ ਦੀ ਬਰਕਤਿ ਨਾਲ ਪ੍ਰੇਮ ਦੀ ਬਰਕਤਿ ਨਾਲ ਹੀ ਲੰਘਿਆ ਹੈ। ਹੇ ਪ੍ਰਭੂ ਜੀ! (ਤੇਰੇ ਦਾਸ) ਨਾਨਕ ਦੀ (ਤੇਰੇ ਦਰ ਤੇ ਇਹੀ) ਬੇਨਤੀ ਹੈ ਕਿ (ਮੈਨੂੰ ਤੇਰੇ) ਸੰਤ ਜਨਾਂ ਦੀ (ਸਰਨ ਵਿਚ ਰਹਿ ਕੇ) ਸੇਵਾ ਕਰਨ ਦਾ ਮੌਕਾ ਮਿਲ ਜਾਏ।2। 52। 75।

ਸਾਰਗ ਮਹਲਾ ੫ ॥ ਜਿਹਵੇ ਅੰਮ੍ਰਿਤ ਗੁਣ ਹਰਿ ਗਾਉ ॥ ਹਰਿ ਹਰਿ ਬੋਲਿ ਕਥਾ ਸੁਨਿ ਹਰਿ ਕੀ ਉਚਰਹੁ ਪ੍ਰਭ ਕੋ ਨਾਉ ॥੧॥ ਰਹਾਉ ॥ ਰਾਮ ਨਾਮੁ ਰਤਨ ਧਨੁ ਸੰਚਹੁ ਮਨਿ ਤਨਿ ਲਾਵਹੁ ਭਾਉ ॥ ਆਨ ਬਿਭੂਤ ਮਿਥਿਆ ਕਰਿ ਮਾਨਹੁ ਸਾਚਾ ਇਹੈ ਸੁਆਉ ॥੧॥ ਜੀਅ ਪ੍ਰਾਨ ਮੁਕਤਿ ਕੋ ਦਾਤਾ ਏਕਸ ਸਿਉ ਲਿਵ ਲਾਉ ॥ ਕਹੁ ਨਾਨਕ ਤਾ ਕੀ ਸਰਣਾਈ ਦੇਤ ਸਗਲ ਅਪਿਆਉ ॥੨॥੫੩॥੭੬॥ {ਪੰਨਾ 1219}

ਪਦ ਅਰਥ: ਜਿਹਵੇ = ਹੇ (ਮੇਰੀ) ਜੀਭ! ਅੰਮ੍ਰਿਤ = ਆਤਮਕ ਜੀਵਨ ਦੇਣ ਵਾਲੇ। ਗਾਉ = ਗਾਇਆ ਕਰ। ਕੋ = ਦਾ।1। ਰਹਾਉ।

ਰਤਨ ਧਨੁ = ਕੀਮਤੀ ਧਨ। ਸੰਚਹੁ = ਇਕੱਠਾ ਕਰਿਆ ਕਰੋ। ਮਨਿ = ਮਨ ਵਿਚ। ਤਨਿ = ਤਨ ਵਿਚ। ਭਾਉ = ਪ੍ਰੇਮ। ਆਨ = ਹੋਰ ਹੋਰ। ਬਿਭੂਤ = ਐਸ਼੍ਵਰਜ, ਧਨ-ਪਦਾਰਥ। ਮਿਥਿਆ = ਨਾਸਵੰਤ। ਸਾਚਾ = ਸਦਾ ਕਾਇਮ ਰਹਿਣ ਵਾਲਾ। ਸੁਆਉ = ਮਨੋਰਥ।1।

ਕੋ = ਦਾ। ਜੀਅ = ਜਿੰਦ। ਏਕਸ ਸਿਉ = ਇਕ (ਪਰਮਾਤਮਾ) ਨਾਲ ਹੀ। ਲਿਵ = ਲਗਨ। ਤਾ ਕੀ = ਉਸ (ਪਰਮਾਤਮਾ) ਦੀ। ਸਗਲ = ਸਾਰੇ। ਅਪਿਆਉ = ਭੋਜਨ, ਖਾਣੇ।2।

ਅਰਥ: ਹੇ (ਮੇਰੀ) ਜੀਭ! ਪਰਮਾਤਮਾ ਦੇ ਆਤਮਕ ਜੀਵਨ ਦੇਣ ਵਾਲੇ ਗੁਣ ਗਾਇਆ ਕਰ। ਹੇ ਭਾਈ! ਪਰਮਾਤਮਾ ਦਾ ਨਾਮ ਉਚਾਰਿਆ ਕਰ, ਪ੍ਰਭੂ ਦੀ ਸਿਫ਼ਤਿ-ਸਾਲਾਹ ਸੁਣਿਆ ਕਰ, ਪ੍ਰਭੂ ਦਾ ਨਾਮ ਉਚਾਰਿਆ ਕਰ।1। ਰਹਾਉ।

ਹੇ ਭਾਈ! ਪਰਮਾਤਮਾ ਦਾ ਨਾਮ ਹੀ ਕੀਮਤੀ ਧਨ ਹੈ, ਇਹ ਧਨ ਇਕੱਠਾ ਕਰਿਆ ਕਰ। ਆਪਣੇ ਮਨ ਵਿਚ ਆਪਣੇ ਹਿਰਦੇ ਵਿਚ ਪ੍ਰਭੂ ਦਾ ਪਿਆਰ ਬਣਾਇਆ ਕਰ। ਹੇ ਭਾਈ! (ਨਾਮ ਤੋਂ ਬਿਨਾ) ਹੋਰ ਹੋਰ ਧਨ-ਪਦਾਰਥ ਨੂੰ ਨਾਸਵੰਤ ਸਮਝ। (ਪਰਮਾਤਮਾ ਦਾ ਨਾਮ ਹੀ) ਸਦਾ ਕਾਇਮ ਰਹਿਣ ਵਾਲਾ ਜੀਵਨ-ਮਨੋਰਥ ਹੈ।1।

ਹੇ ਭਾਈ! ਸਿਰਫ਼ ਪਰਮਾਤਮਾ (ਦੇ ਨਾਮ) ਨਾਲ ਲਗਨ ਪੈਦਾ ਕਰ, ਪਰਮਾਤਮਾ ਹੀ ਜਿੰਦ ਦੇਣ ਵਾਲਾ ਹੈ, ਪ੍ਰਾਣ ਦੇਣ ਵਾਲਾ ਹੈ, ਮੁਕਤੀ (ਉੱਚੀ ਆਤਮਕ ਦਸ਼ਾ) ਦੇਣ ਵਾਲਾ ਹੈ। ਹੇ ਨਾਨਕ! ਆਖ– (ਹੇ ਭਾਈ!) ਉਸ ਪਰਮਾਤਮਾ ਦੀ ਸਰਨ ਪਿਆ ਰਹੁ ਜੋ ਸਾਰੇ ਖਾਣ ਪੀਣ ਦੇ ਪਦਾਰਥ ਦੇਂਦਾ ਹੈ।2। 53। 76।

ਸਾਰਗ ਮਹਲਾ ੫ ॥ ਹੋਤੀ ਨਹੀ ਕਵਨ ਕਛੁ ਕਰਣੀ ॥ ਇਹੈ ਓਟ ਪਾਈ ਮਿਲਿ ਸੰਤਹ ਗੋਪਾਲ ਏਕ ਕੀ ਸਰਣੀ ॥੧॥ ਰਹਾਉ ॥ ਪੰਚ ਦੋਖ ਛਿਦ੍ਰ ਇਆ ਤਨ ਮਹਿ ਬਿਖੈ ਬਿਆਧਿ ਕੀ ਕਰਣੀ ॥ ਆਸ ਅਪਾਰ ਦਿਨਸ ਗਣਿ ਰਾਖੇ ਗ੍ਰਸਤ ਜਾਤ ਬਲੁ ਜਰਣੀ ॥੧॥ ਅਨਾਥਹ ਨਾਥ ਦਇਆਲ ਸੁਖ ਸਾਗਰ ਸਰਬ ਦੋਖ ਭੈ ਹਰਣੀ ॥ ਮਨਿ ਬਾਂਛਤ ਚਿਤਵਤ ਨਾਨਕ ਦਾਸ ਪੇਖਿ ਜੀਵਾ ਪ੍ਰਭ ਚਰਣੀ ॥੨॥੫੪॥੭੭॥ {ਪੰਨਾ 1219}

ਪਦ ਅਰਥ: ਹੋਤੀ ਨਹੀ = ਨਹੀਂ ਹੋ ਸਕਦੀ। ਕਰਣੀ = ਚੰਗੀ ਕਾਰ, ਚੰਗਾ ਕਰਤੱਬ। ਮਿਲਿ = ਮਿਲ ਕੇ। ਓਟ = ਆਸਰਾ।1। ਰਹਾਉ।

ਪੰਚ ਦੋਖ = (ਕਾਮਾਦਿਕ) ਪੰਜ ਵਿਕਾਰ। ਛਿਦ੍ਰ = ਐਬ। ਇਆ ਤਨ ਮਹਿ = ਇਸ ਸਰੀਰ ਵਿਚ। ਬਿਖੈ = ਵਿਸ਼ੇ-ਵਿਕਾਰ। ਬਿਆਧਿ = ਵਿਕਾਰ। ਬਿਆਧਿ ਕੀ ਕਰਣੀ = ਵਿਕਾਰਾਂ ਵਾਲੀ ਹੀ ਕਰਤੂਤ। ਅਪਾਰ = ਅ-ਪਾਰ, ਬੇਅੰਤ। ਗਣਿ ਰਾਖੇ = ਗਿਣ ਕੇ ਰੱਖੇ ਹੋਏ, ਥੋੜੇ। ਗ੍ਰਸਤ ਜਾਤ = ਗ੍ਰਸੀ ਜਾ ਰਿਹਾ ਹੈ। ਬਲੁ = ਤਾਕਤ ਨੂੰ। ਜਰਣੀ = ਜਰਾ, ਬੁਢੇਪਾ।1।

ਅਨਾਥਹ ਨਾਥ = ਹੇ ਅਨਾਥਾਂ ਦੇ ਨਾਥ! ਸੁਖ ਸਾਗਰ = ਹੇ ਸੁਖਾਂ ਦੇ ਸਮੁੰਦਰ! ਸਰਬ ਦੋਖ ਭੈ ਹਰਣੀ = ਹੇ ਸਾਰੇ ਐਬ ਤੇ ਡਰ ਦੂਰ ਕਰਨ ਵਾਲੇ! ਮਨਿ ਬਾਂਛਤ = ਮਨ-ਮੰਗੀ ਮੁਰਾਦ। ਚਿਤਵਤ = ਚਿਤਾਰਦਾ ਰਹਿੰਦਾ ਹੈ। ਪੇਖਿ = ਵੇਖ ਕੇ। ਜੀਵਾ = ਜੀਵਾਂ, ਜੀਊਂਦਾ ਰਹਾਂ, ਆਤਮਕ ਜੀਵਨ ਹਾਸਲ ਕਰਦਾ ਰਹਾਂ।2।

ਅਰਥ: ਹੇ ਭਾਈ! ਮੈਥੋਂ ਕੋਈ ਸੁਚੱਜਾ ਕਰਤੱਬ ਨਹੀਂ ਹੋ ਸਕਿਆ। ਸੰਤ ਜਨਾਂ ਨੂੰ ਮਿਲ ਕੇ ਸਿਰਫ਼ ਪਰਮਾਤਮਾ ਦੀ ਸਰਨ ਪਏ ਰਹਿਣਾ = ਸਿਰਫ਼ ਇਹੀ ਆਸਰਾ ਮੈਂ ਲੱਭਾ ਹੈ।1। ਰਹਾਉ।

ਹੇ ਭਾਈ! (ਕਾਮਾਦਿਕ) ਪੰਜੇ ਵਿਕਾਰ ਅਤੇ ਹੋਰ ਐਬ (ਜੀਵ ਦੇ) ਇਸ ਸਰੀਰ ਵਿਚ ਟਿਕੇ ਰਹਿੰਦੇ ਹਨ, ਵਿਸ਼ੇ-ਵਿਕਾਰਾਂ ਵਾਲੀ ਕਰਣੀ (ਜੀਵ ਦੀ) ਬਣੀ ਰਹਿੰਦੀ ਹੈ। (ਜੀਵ ਦੀਆਂ) ਆਸਾਂ ਬੇਅੰਤ ਹੁੰਦੀਆਂ ਹਨ, ਪਰ ਜ਼ਿੰਦਗੀ ਦੇ ਦਿਨ ਗਿਣੇ-ਮਿੱਥੇ ਹੁੰਦੇ ਹਨ। ਬੁਢੇਪਾ (ਜੀਵ ਦੇ ਸਰੀਰਕ) ਬਲ ਨੂੰ ਖਾਈ ਜਾਂਦਾ ਹੈ।1।

ਹੇ ਦਾਸ ਨਾਨਕ! (ਆਖ-) ਹੇ ਅਨਾਥਾਂ ਦੇ ਨਾਥ ਪ੍ਰਭੂ! ਹੇ ਦਇਆ ਦੇ ਸੋਮੇ ਪ੍ਰਭੂ! ਹੇ ਸੁਖਾਂ ਦੇ ਸਮੁੰਦਰ! ਹੇ (ਜੀਵਾਂ ਦੇ) ਸਾਰੇ ਵਿਕਾਰ ਤੇ ਡਰ ਦੂਰ ਕਰਨ ਵਾਲੇ! (ਤੇਰਾ ਦਾਸ ਤੇਰੇ ਦਰ ਤੋਂ ਇਹ) ਮਨ-ਮੰਗੀ ਮੁਰਾਦ ਚਾਹੁੰਦਾ ਹੈ ਕਿ ਹੇ ਪ੍ਰਭੂ! ਤੇਰੇ ਚਰਨਾਂ ਦਾ ਦਰਸਨ ਕਰ ਕੇ ਮੈਂ ਆਤਮਕ ਜੀਵਨ ਪ੍ਰਾਪਤ ਕਰਦਾ ਰਹਾਂ।2। 54। 77।

ਸਾਰਗ ਮਹਲਾ ੫ ॥ ਫੀਕੇ ਹਰਿ ਕੇ ਨਾਮ ਬਿਨੁ ਸਾਦ ॥ ਅੰਮ੍ਰਿਤ ਰਸੁ ਕੀਰਤਨੁ ਹਰਿ ਗਾਈਐ ਅਹਿਨਿਸਿ ਪੂਰਨ ਨਾਦ ॥੧॥ ਰਹਾਉ ॥ ਸਿਮਰਤ ਸਾਂਤਿ ਮਹਾ ਸੁਖੁ ਪਾਈਐ ਮਿਟਿ ਜਾਹਿ ਸਗਲ ਬਿਖਾਦ ॥ ਹਰਿ ਹਰਿ ਲਾਭੁ ਸਾਧਸੰਗਿ ਪਾਈਐ ਘਰਿ ਲੈ ਆਵਹੁ ਲਾਦਿ ॥੧॥ ਸਭ ਤੇ ਊਚ ਊਚ ਤੇ ਊਚੋ ਅੰਤੁ ਨਹੀ ਮਰਜਾਦ ॥ ਬਰਨਿ ਨ ਸਾਕਉ ਨਾਨਕ ਮਹਿਮਾ ਪੇਖਿ ਰਹੇ ਬਿਸਮਾਦ ॥੨॥੫੫॥੭੮॥

ਪਦ ਅਰਥ: ਫੀਕੇ = ਫਿੱਕੇ, ਬੇ-ਸੁਆਦੇ। ਸਾਦ = (ਮਾਇਕ ਪਦਾਰਥਾਂ ਦੇ) ਸੁਆਦ। ਅੰਮ੍ਰਿਤ = ਆਤਮਕ ਜੀਵਨ ਦੇਣ ਵਾਲਾ। ਗਾਈਐ = ਗਾਣਾ ਚਾਹੀਦਾ ਹੈ। ਅਹਿ = ਦਿਨ। ਨਿਸਿ = ਰਾਤ। ਪੂਰਨ ਨਾਦ = ਨਾਦ ਪੂਰੇ ਜਾਣਗੇ, (ਆਤਮਕ ਆਨੰਦ ਦੇ) ਵਾਜੇ ਵੱਜਣਗੇ।1। ਰਹਾਉ।

ਸਿਮਰਤ = ਸਿਮਰਦਿਆਂ। ਪਾਈਐ = ਪ੍ਰਾਪਤ ਕਰੀਦਾ ਹੈ। ਬਿਖਾਦ = ਦੁੱਖ-ਕਲੇਸ਼, ਝਗੜੇ। ਸਾਧ ਸੰਗਿ = ਗੁਰੂ ਦੀ ਸੰਗਤਿ ਵਿਚ। ਘਰਿ = ਹਿਰਦੇ-ਘਰ ਵਿਚ। ਲਾਦਿ = ਲੱਦ ਕੇ।1।

ਮਰਜਾਦ = ਮਰਯਾਦਾ (ਦਾ) । ਸਾਕਉ = ਸਾਕਉਂ। ਬਰਨਿ ਨ ਸਾਕਉ = ਮੈਂ ਬਿਆਨ ਨਹੀਂ ਕਰ ਸਕਦਾ। ਮਹਿਮਾ = ਵਡਿਆਈ। ਪੇਖਿ = ਵੇਖ ਕੇ। ਬਿਸਮਾਦੁ = ਹੈਰਾਨ।2।

ਅਰਥ: ਹੇ ਭਾਈ! ਪਰਮਾਤਮਾ ਦੇ ਨਾਮ ਤੋਂ ਬਿਨਾ (ਮਾਇਕ ਪਦਾਰਥਾਂ ਦੇ) ਸੁਆਦ ਫਿੱਕੇ ਹਨ। ਹੇ ਭਾਈ! ਪ੍ਰਭੂ ਦਾ ਕੀਰਤਨ ਹੀ ਆਤਮਕ ਜੀਵਨ ਦੇਣ ਵਾਲਾ ਰਸ ਹੈ, ਹਰੀ ਦਾ ਕੀਰਤਨ ਹੀ ਗਾਣਾ ਚਾਹੀਦਾ ਹੈ (ਜਿਹੜਾ ਮਨੁੱਖ ਗਾਂਦਾ ਹੈ, ਉਸ ਦੇ ਅੰਦਰ) ਦਿਨ ਰਾਤ ਆਤਮਕ ਆਨੰਦ ਦੇ ਵਾਜੇ ਵੱਜਦੇ ਰਹਿੰਦੇ ਹਨ।1। ਰਹਾਉ।

ਹੇ ਭਾਈ! ਪਰਮਾਤਮਾ ਦਾ ਨਾਮ ਸਿਮਰਦਿਆਂ ਆਤਮਕ ਸ਼ਾਂਤੀ ਮਿਲਦੀ ਹੈ ਬੜਾ ਸੁਖ ਪ੍ਰਾਪਤ ਕਰੀਦਾ ਹੈ, (ਅੰਦਰੋਂ) ਸਾਰੇ ਦੁੱਖ-ਕਲੇਸ਼ ਮਿਟ ਜਾਂਦੇ ਹਨ। ਪਰ ਪਰਮਾਤਮਾ ਦਾ ਨਾਮ ਸਿਮਰਨ ਦਾ ਇਹ ਲਾਭ ਸਾਧ ਸੰਗਤਿ ਵਿਚ ਹੀ ਮਿਲਦਾ ਹੈ। (ਜਿਹੜੇ ਮਨੁੱਖ ਗੁਰੂ ਦੀ ਸੰਗਤਿ ਵਿਚ ਮਿਲ ਬੈਠਦੇ ਹਨ ਉਹ) ਆਪਣੇ ਹਿਰਦੇ-ਘਰ ਵਿਚ ਇਹ ਖੱਟੀ ਲੱਦ ਕੇ ਲੈ ਆਉਂਦੇ ਹਨ।1।

ਹੇ ਨਾਨਕ! (ਆਖ– ਹੇ ਭਾਈ!) ਪਰਮਾਤਮਾ ਸਭਨਾਂ ਨਾਲੋਂ ਉੱਚਾ ਹੈ, ਉੱਚਿਆਂ ਤੋਂ ਉੱਚਾ ਹੈ, ਉਸ ਦੇ ਹੱਦ-ਬੰਨੇ ਦਾ ਅੰਤ ਨਹੀਂ ਪਾਇਆ ਜਾ ਸਕਦਾ। ਮੈਂ ਉਸ ਦੀ ਵਡਿਆਈ ਬਿਆਨ ਨਹੀਂ ਕਰ ਸਕਦਾ, ਵੇਖ ਕੇ ਹੀ ਹੈਰਾਨ ਰਹਿ ਜਾਈਦਾ ਹੈ।2। 55। 78।

ਸਾਰਗ ਮਹਲਾ ੫ ॥ ਆਇਓ ਸੁਨਨ ਪੜਨ ਕਉ ਬਾਣੀ ॥ ਨਾਮੁ ਵਿਸਾਰਿ ਲਗਹਿ ਅਨ ਲਾਲਚਿ ਬਿਰਥਾ ਜਨਮੁ ਪਰਾਣੀ ॥੧॥ ਰਹਾਉ ॥ ਸਮਝੁ ਅਚੇਤ ਚੇਤਿ ਮਨ ਮੇਰੇ ਕਥੀ ਸੰਤਨ ਅਕਥ ਕਹਾਣੀ ॥ ਲਾਭੁ ਲੈਹੁ ਹਰਿ ਰਿਦੈ ਅਰਾਧਹੁ ਛੁਟਕੈ ਆਵਣ ਜਾਣੀ ॥੧॥ ਉਦਮੁ ਸਕਤਿ ਸਿਆਣਪ ਤੁਮ੍ਹ੍ਹਰੀ ਦੇਹਿ ਤ ਨਾਮੁ ਵਖਾਣੀ ॥ ਸੇਈ ਭਗਤ ਭਗਤਿ ਸੇ ਲਾਗੇ ਨਾਨਕ ਜੋ ਪ੍ਰਭ ਭਾਣੀ ॥੨॥੫੬॥੭੯॥ {ਪੰਨਾ 1219}

ਪਦ ਅਰਥ: ਬਾਣੀ = ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਾਣੀ। ਵਿਸਾਰਿ = ਭੁਲਾ ਕੇ। ਲਗਹਿ = (ਜਿਹੜੇ) ਲੱਗਦੇ ਹਨ {ਬਹੁ-ਵਚਨ}। ਅਨ ਲਾਲਚਿ = ਹੋਰ ਲਾਲਚ ਵਿਚ {ANX = ਹੋਰ}। ਜਨਮੁ ਪਰਾਣੀ = ਉਹਨਾਂ ਪ੍ਰਾਣੀਆਂ ਦਾ ਜਨਮ।1। ਰਹਾਉ।

ਅਚੇਤ ਮਨ = ਹੇ ਗ਼ਾਫ਼ਿਲ ਮਨ! ਕਥੀ = ਬਿਆਨ ਕੀਤੀ ਹੈ। ਸੰਤਨ = ਸੰਤਾਂ ਨੇ। ਅਕਥ ਕਹਾਣੀ = ਅਕੱਥ ਪ੍ਰਭੂ ਦੀ ਸਿਫ਼ਤਿ-ਸਾਲਾਹ। ਅਕਥ = ਅ-ਕੱਥ, ਜਿਸ ਦਾ ਸਰੂਪ ਬਿਆਨ ਨਾਹ ਕੀਤਾ ਜਾ ਸਕੇ। ਰਿਦੈ = ਹਿਰਦੇ ਵਿਚ। ਛੁਟਕੈ = ਮੁੱਕ ਜਾਂਦੀ ਹੈ।1।

ਸਕਤਿ = ਸ਼ਕਤੀ, ਤਾਕਤਿ। ਦੇਹਿ = ਜੇ ਤੂੰ ਦੇਵੇਂ। ਤ = ਤਾਂ। ਵਖਾਣੀ = ਵਖਾਣੀਂ, ਮੈਂ ਉਚਾਰਾਂ। ਸੇਈ = ਉਹ ਹੀ {ਬਹੁ-ਵਚਨ}। ਪ੍ਰਭ ਭਾਣੀ = ਪ੍ਰਭ ਨੂੰ ਭਾ ਗਏ।2।

ਅਰਥ: ਹੇ ਭਾਈ! (ਜਗਤ ਵਿਚ ਜੀਵ) ਪਰਮਾਤਮਾ ਦੀ ਸਿਫ਼ਤਿ-ਸਾਲਾਹ ਸੁਣਨ ਪੜ੍ਹਨ ਵਾਸਤੇ ਆਇਆ ਹੈ (ਇਹੀ ਹੈ ਇਸ ਦਾ ਅਸਲ ਜਨਮ-ਮਨੋਰਥ) । ਪਰ ਜਿਹੜੇ ਪ੍ਰਾਣੀ (ਪਰਮਾਤਮਾ ਦਾ) ਨਾਮ ਭੁਲਾ ਕੇ ਹੋਰ ਲਾਲਚ ਵਿਚ ਲੱਗੇ ਰਹਿੰਦੇ ਹਨ, ਉਹਨਾਂ ਦਾ ਮਨੁੱਖ ਜਨਮ ਵਿਅਰਥ ਚਲਾ ਜਾਂਦਾ ਹੈ।1। ਰਹਾਉ।

ਹੇ ਮੇਰੇ ਗ਼ਾਫ਼ਿਲ ਮਨ! ਹੋਸ਼ ਕਰ, ਅਕੱਥ ਪ੍ਰਭੂ ਦੀ ਜਿਹੜੀ ਸਿਫ਼ਤਿ-ਸਾਲਾਹ ਸੰਤ ਜਨਾਂ ਨੇ ਦੱਸੀ ਹੈ ਉਸ ਨੂੰ ਚੇਤੇ ਕਰਿਆ ਕਰ। ਹੇ ਭਾਈ! ਪਰਮਾਤਮਾ ਨੂੰ ਆਪਣੇ ਹਿਰਦੇ ਵਿਚ ਵਸਾਓ, ਇਹ ਲਾਭ ਖੱਟੋ। (ਇਸ ਖੱਟੀ ਨਾਲ) ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ।1।

ਹੇ ਨਾਨਕ! (ਆਖ-) ਹੇ ਪ੍ਰਭੂ! ਤੇਰਾ ਹੀ ਦਿੱਤਾ ਉੱਦਮ ਤੇਰੀ ਹੀ ਦਿੱਤੀ ਸ਼ਕਤੀ ਤੇ ਸਿਆਣਪ (ਅਸੀਂ ਜੀਵ ਵਰਤ ਸਕਦੇ ਹਾਂ) , ਜੇ ਤੂੰ (ਉੱਦਮ ਸ਼ਕਤੀ ਸਿਆਣਪ) ਦੇਵੇਂ, ਤਾਂ ਹੀ ਮੈਂ ਨਾਮ ਜਪ ਸਕਦਾ ਹਾਂ। ਹੇ ਭਾਈ! ਉਹੀ ਮਨੁੱਖ ਭਗਤ (ਬਣ ਸਕਦੇ ਹਨ) ਉਹੀ ਪਰਮਾਤਮਾ ਦੀ ਭਗਤੀ ਵਿਚ ਲੱਗ ਸਕਦੇ ਹਨ, ਜਿਹੜੇ ਪ੍ਰਭੂ ਨੂੰ ਪਸੰਦ ਆ ਜਾਂਦੇ ਹਨ।2। 56। 79।

ਸਾਰਗ ਮਹਲਾ ੫ ॥ ਧਨਵੰਤ ਨਾਮ ਕੇ ਵਣਜਾਰੇ ॥ ਸਾਂਝੀ ਕਰਹੁ ਨਾਮ ਧਨੁ ਖਾਟਹੁ ਗੁਰ ਕਾ ਸਬਦੁ ਵੀਚਾਰੇ ॥੧॥ ਰਹਾਉ ॥ ਛੋਡਹੁ ਕਪਟੁ ਹੋਇ ਨਿਰਵੈਰਾ ਸੋ ਪ੍ਰਭੁ ਸੰਗਿ ਨਿਹਾਰੇ ॥ ਸਚੁ ਧਨੁ ਵਣਜਹੁ ਸਚੁ ਧਨੁ ਸੰਚਹੁ ਕਬਹੂ ਨ ਆਵਹੁ ਹਾਰੇ ॥੧॥ ਖਾਤ ਖਰਚਤ ਕਿਛੁ ਨਿਖੁਟਤ ਨਾਹੀ ਅਗਨਤ ਭਰੇ ਭੰਡਾਰੇ ॥ ਕਹੁ ਨਾਨਕ ਸੋਭਾ ਸੰਗਿ ਜਾਵਹੁ ਪਾਰਬ੍ਰਹਮ ਕੈ ਦੁਆਰੇ ॥੨॥੫੭॥੮੦॥ {ਪੰਨਾ 1219-1220}

ਪਦ ਅਰਥ: ਧਨਵੰਤ = ਧਨਾਢ, ਅਮੀਰ। ਵਣਜਾਰੇ = ਵਣਜ ਕਰਨ ਵਾਲੇ, ਵਪਾਰੀ। ਸਾਂਝੀ = ਭਾਈਵਾਲੀ। ਸਾਂਝੀ ਕਰਹੁ = ਸਾਂਝ ਪਾਓ। ਵੀਚਾਰੇ = ਵੀਚਾਰਿ, ਵਿਚਾਰ ਕੇ, ਮਨ ਵਿਚ ਵਸਾ ਕੇ।1। ਰਹਾਉ।

ਕਪਟੁ = ਠੱਗੀ, ਫ਼ਰੇਬ। ਹੋਇ = ਹੋ ਕੇ। ਸੋ ਪ੍ਰਭੁ = ਉਹ ਪ੍ਰਭੂ। ਸੰਗਿ = (ਸਭ ਜੀਵਾਂ ਦੇ) ਨਾਲ। ਨਿਹਾਰੇ = ਵੇਖਦਾ ਹੈ। ਸਚੁ = ਸਦਾ ਕਾਇਮ ਰਹਿਣ ਵਾਲਾ। ਵਣਜਹੁ = ਵਣਜ ਕਰੋ। ਸੰਚਹੁ = ਇਕੱਠਾ ਕਰੋ। ਹਾਰੇ = ਹਾਰਿ, ਹਾਰ ਕੇ।1।

ਖਾਤ = ਖਾਂਦਿਆਂ। ਖਰਚਤ = ਖ਼ਰਚਦਿਆਂ, ਹੋਰਨਾਂ ਨੂੰ ਵੰਡਦਿਆਂ। ਨਿਖੁਟਤ ਨਾਹੀ = ਮੁੱਕਦਾ ਨਹੀਂ। ਸੰਗਿ = ਨਾਲ। ਕੈ ਦੁਆਰੇ = ਦੇ ਦਰ ਤੇ।2।

ਅਰਥ: ਹੇ ਭਾਈ! ਅਸਲ ਧਨਾਢ ਮਨੁੱਖ ਉਹ ਹਨ ਜਿਹੜੇ ਪਰਮਾਤਮਾ ਦੇ ਨਾਮ ਦਾ ਵਣਜ ਕਰਦੇ ਹਨ। ਉਹਨਾਂ ਨਾਲ ਸਾਂਝ ਬਣਾਓ, ਅਤੇ ਗੁਰੂ ਦਾ ਸ਼ਬਦ ਆਪਣੇ ਮਨ ਵਿਚ ਵਸਾ ਕੇ ਪਰਮਾਤਮਾ ਦਾ ਨਾਮ-ਧਨ ਖੱਟੋ।1। ਰਹਾਉ।

ਹੇ ਭਾਈ! (ਆਪਣੇ ਅੰਦਰੋਂ) ਨਿਰਵੈਰ ਹੋ ਕੇ (ਦੂਜਿਆਂ ਨਾਲ) ਠੱਗੀ ਕਰਨੀ ਛੱਡੋ, ਉਹ ਪਰਮਾਤਮਾ (ਤੁਹਾਡੇ) ਨਾਲ (ਵੱਸਦਾ ਹੋਇਆ, ਤੁਹਾਡੇ ਹਰੇਕ ਕੰਮ ਨੂੰ) ਵੇਖ ਰਿਹਾ ਹੈ। ਸਦਾ ਕਾਇਮ ਰਹਿਣ ਵਾਲੇ ਧਨ ਦਾ ਵਣਜ ਕਰੋ, ਸਦਾ ਕਾਇਮ ਰਹਿਣ ਵਾਲਾ ਧਨ ਇਕੱਠਾ ਕਰੋ। ਕਦੇ ਭੀ ਜੀਵਨ-ਬਾਜ਼ੀ ਹਾਰ ਕੇ ਨਹੀਂ ਆਉਗੇ।1।

ਹੇ ਭਾਈ! (ਪ੍ਰਭੂ ਦੇ ਦਰ ਤੇ ਨਾਮ-ਧਨ ਦੇ) ਅਣ-ਗਿਣਤ ਖ਼ਜ਼ਾਨੇ ਭਰੇ ਪਏ ਹਨ, ਇਸ ਨੂੰ ਆਪ ਵਰਤਦਿਆਂ ਹੋਰਨਾਂ ਨੂੰ ਵਰਤਾਂਦਿਆਂ ਕੋਈ ਘਾਟ ਨਹੀਂ ਪੈਂਦੀ। ਹੇ ਨਾਨਕ! ਆਖ– (ਹੇ ਭਾਈ!) (ਨਾਮ-ਧਨ ਖੱਟ ਕੇ) ਪਰਮਾਤਮਾ ਦੇ ਦਰ ਤੇ ਇੱਜ਼ਤ ਨਾਲ ਜਾਉਗੇ।5। 57। 80।

TOP OF PAGE

Sri Guru Granth Darpan, by Professor Sahib Singh