ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 1220 ਸਾਰਗ ਮਹਲਾ ੫ ॥ ਪ੍ਰਭ ਜੀ ਮੋਹਿ ਕਵਨੁ ਅਨਾਥੁ ਬਿਚਾਰਾ ॥ ਕਵਨ ਮੂਲ ਤੇ ਮਾਨੁਖੁ ਕਰਿਆ ਇਹੁ ਪਰਤਾਪੁ ਤੁਹਾਰਾ ॥੧॥ ਰਹਾਉ ॥ ਜੀਅ ਪ੍ਰਾਣ ਸਰਬ ਕੇ ਦਾਤੇ ਗੁਣ ਕਹੇ ਨ ਜਾਹਿ ਅਪਾਰਾ ॥ ਸਭ ਕੇ ਪ੍ਰੀਤਮ ਸ੍ਰਬ ਪ੍ਰਤਿਪਾਲਕ ਸਰਬ ਘਟਾਂ ਆਧਾਰਾ ॥੧॥ ਕੋਇ ਨ ਜਾਣੈ ਤੁਮਰੀ ਗਤਿ ਮਿਤਿ ਆਪਹਿ ਏਕ ਪਸਾਰਾ ॥ ਸਾਧ ਨਾਵ ਬੈਠਾਵਹੁ ਨਾਨਕ ਭਵ ਸਾਗਰੁ ਪਾਰਿ ਉਤਾਰਾ ॥੨॥੫੮॥੮੧॥ {ਪੰਨਾ 1220} ਪਦ ਅਰਥ: ਪ੍ਰਭ = ਹੇ ਪ੍ਰਭੂ! ਮੋਹਿ = ਮੈਂ। ਮੋਹਿ ਕਵਨੁ = ਮੈਂ ਕੌਣ ਹਾਂ? ਮੇਰੀ ਕੋਈ ਪਾਂਇਆਂ ਨਹੀਂ। ਅਨਾਥੁ = ਯਤੀਮ। ਤੇ = ਤੋਂ। ਮੂਲ = ਮੁੱਢ। ਕਰਿਆ = ਬਣਾਇਆ। ਤੁਹਾਰਾ = ਤੁਹਾਡਾ।1। ਰਹਾਉ। ਜੀਅ = ਜਿੰਦ। ਦਾਤੇ = ਹੇ ਦੇਣ ਵਾਲੇ! ਅਪਾਰਾ = ਅ-ਪਾਰ, ਬੇਅੰਤ। ਪ੍ਰੀਤਮ = ਹੇ ਪ੍ਰੀਤਮ! ਸ੍ਰਬ ਪ੍ਰਤਿਪਾਲਕ = ਹੇ ਸਭਨਾਂ ਦੇ ਪਾਲਣ ਵਾਲੇ! ਘਟਾਂ = ਸਰੀਰ ਦਾ। ਆਧਾਰਾ = ਆਸਰਾ।1। ਗਤਿ = ਉੱਚੀ ਆਤਮਕ ਅਵਸਥਾ। ਮਿਤਿ = ਮਾਪ। ਤੁਮਰੀ ਗਤਿ ਮਿਤਿ = ਤੂੰ ਕਿਹੋ ਜਿਹਾ ਹੈਂ ਅਤੇ ਕੇਡਾ ਵੱਡਾ ਹੈਂ = ਇਹ ਗੱਲ। ਆਪਹਿ = ਤੂੰ ਆਪ ਹੀ। ਪਸਾਰਾ = ਜਗਤ-ਖਿਲਾਰਾ। ਨਾਵ = ਬੇੜੀ। ਭਵ ਸਾਗਰੁ = ਸੰਸਾਰ-ਸਮੁੰਦਰ।2। ਅਰਥ: ਹੇ ਪ੍ਰਭੂ ਜੀ! (ਤੇਰੀ ਮਿਹਰ ਤੋਂ ਬਿਨਾ) ਮੇਰੀ ਕੋਈ ਪਾਂਇਆਂ ਨਹੀਂ, ਮੈਂ ਤਾਂ ਵਿਚਾਰਾ ਅਨਾਥ ਹੀ ਹਾਂ। ਕਿਸ ਮੁੱਢ ਤੋਂ (ਇਕ ਬੂੰਦ ਤੋਂ) ਤੂੰ ਮੈਨੂੰ ਮਨੁੱਖ ਬਣਾ ਦਿੱਤਾ, ਇਹ ਤੇਰਾ ਹੀ ਪਰਤਾਪ ਹੈ।1। ਰਹਾਉ। ਹੇ ਜਿੰਦ ਦੇਣ ਵਾਲੇ! ਹੇ ਪ੍ਰਾਣ ਦਾਤੇ! ਹੇ ਸਭ ਪਦਾਰਥ ਦੇਣ ਵਾਲੇ! ਤੇਰੇ ਗੁਣ ਬੇਅੰਤ ਹਨ, ਬਿਆਨ ਨਹੀਂ ਕੀਤੇ ਜਾ ਸਕਦੇ। ਹੇ ਸਭ ਜੀਵਾਂ ਦੇ ਪਿਆਰੇ! ਹੇ ਸਭਨਾਂ ਦੇ ਪਾਲਣਹਾਰ! ਤੂੰ ਸਭ ਸਰੀਰਾਂ ਨੂੰ ਆਸਰਾ ਦੇਂਦਾ ਹੈਂ।1। ਹੇ ਪ੍ਰਭੂ! ਤੂੰ ਕਿਹੋ ਜਿਹਾ ਹੈਂ ਅਤੇ ਕੇਡਾ ਵੱਡਾ ਹੈਂ = ਕੋਈ ਜੀਵ ਇਹ ਨਹੀਂ ਜਾਣ ਸਕਦਾ। ਤੂੰ ਆਪ ਇਸ ਜਗਤ-ਖਿਲਾਰੇ ਦਾ ਖਿਲਾਰਨ ਵਾਲਾ ਹੈਂ। ਹੇ ਨਾਨਕ! (ਆਖ– ਹੇ ਪ੍ਰਭੂ!) ਮੈਨੂੰ ਸਾਧ ਸੰਗਤਿ ਦੀ ਬੇੜੀ ਵਿਚ ਬਿਠਾਲ ਅਤੇ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਦੇਹ।2। 58। 81। ਸਾਰਗ ਮਹਲਾ ੫ ॥ ਆਵੈ ਰਾਮ ਸਰਣਿ ਵਡਭਾਗੀ ॥ ਏਕਸ ਬਿਨੁ ਕਿਛੁ ਹੋਰੁ ਨ ਜਾਣੈ ਅਵਰਿ ਉਪਾਵ ਤਿਆਗੀ ॥੧॥ ਰਹਾਉ ॥ ਮਨ ਬਚ ਕ੍ਰਮ ਆਰਾਧੈ ਹਰਿ ਹਰਿ ਸਾਧਸੰਗਿ ਸੁਖੁ ਪਾਇਆ ॥ ਅਨਦ ਬਿਨੋਦ ਅਕਥ ਕਥਾ ਰਸੁ ਸਾਚੈ ਸਹਜਿ ਸਮਾਇਆ ॥੧॥ ਕਰਿ ਕਿਰਪਾ ਜੋ ਅਪੁਨਾ ਕੀਨੋ ਤਾ ਕੀ ਊਤਮ ਬਾਣੀ ॥ ਸਾਧਸੰਗਿ ਨਾਨਕ ਨਿਸਤਰੀਐ ਜੋ ਰਾਤੇ ਪ੍ਰਭ ਨਿਰਬਾਣੀ ॥੨॥੫੯॥੮੨॥ {ਪੰਨਾ 1220} ਪਦ ਅਰਥ: ਵਡਭਾਗੀ = ਵੱਡੇ ਭਾਗਾਂ ਵਾਲਾ ਮਨੁੱਖ (ਹੀ) । ਕਿਛੁ ਹੋਰੁ = ਕੋਈ ਹੋਰ (ਉਪਾਉ) । ਅਵਰਿ = ਹੋਰ {ਬਹੁ-ਵਚਨ}। ਉਪਾਵ = {ਲਫ਼ਜ਼ 'ਉਪਾਉ' ਤੋਂ ਬਹੁ-ਵਚਨ} ਹੀਲੇ, ਜਤਨ। ਅਵਰਿ ਉਪਾਵ = ਹੋਰ ਹੀਲੇ। ਤਿਆਗੀ = ਛੱਡ ਦੇਂਦਾ ਹੈ।1। ਰਹਾਉ। ਬਚ = ਬਚਨ। ਕ੍ਰਮ = ਕਰਮ, ਕੰਮ। ਸਾਧ ਸੰਗਿ = ਗੁਰੂ ਦੀ ਸੰਗਤਿ ਵਿਚ। ਅਨਦ ਬਿਨੋਦ = ਆਤਮਕ ਆਨੰਦ ਤੇ ਖ਼ੁਸ਼ੀਆਂ। ਅਕਥ = ਅਕੱਥ, ਜਿਸ ਦਾ ਸਰੂਪ ਬਿਆਨ ਨਾਹ ਕੀਤਾ ਜਾ ਸਕੇ। ਅਕਥ ਕਥਾ ਰਸੁ = ਅਕੱਥ ਪ੍ਰਭੂ ਦੀ ਸਿਫ਼ਤਿ-ਸਾਲਾਹ ਦਾ ਸੁਆਦ। ਸਾਚੈ = ਸਦਾ-ਥਿਰ ਪ੍ਰਭੂ ਵਿਚ। ਸਹਜਿ = ਆਤਮਕ ਅਡੋਲਤਾ ਵਿਚ।1। ਕਰਿ = ਕਰ ਕੇ। ਜੋ = ਜਿਸ ਮਨੁੱਖ ਨੂੰ। ਤਾ ਕੀ = ਉਸ ਮਨੁੱਖ ਦੀ। ਊਤਮ ਬਾਣੀ = ਉੱਚੀ ਸੋਭਾ। ਨਿਸਤਰੀਐ = ਪਾਰ ਲੰਘ ਜਾਈਦਾ ਹੈ। ਜੋ = ਜਿਹੜੇ (ਸੰਤ ਜਨ) । ਨਿਰਬਾਣੀ = ਵਾਸਨਾ-ਰਹਿਤ, ਨਿਰਲੇਪ। ਰਾਤੇ = ਰੰਗੇ ਹੋਏ।2। ਅਰਥ: ਹੇ ਭਾਈ! ਕੋਈ ਵੱਡੇ ਭਾਗਾਂ ਵਾਲਾ ਮਨੁੱਖ ਹੀ ਪਰਮਾਤਮਾ ਦੀ ਸਰਨ ਆਉਂਦਾ ਹੈ। ਇਕ ਪਰਮਾਤਮਾ ਦੀ ਸ਼ਰਨ ਤੋਂ ਬਿਨਾ ਉਹ ਮਨੁੱਖ ਕੋਈ ਹੋਰ ਹੀਲਾ ਨਹੀਂ ਜਾਣਦਾ। ਉਹ ਹੋਰ ਸਾਰੇ ਹੀਲੇ ਛੱਡ ਦੇਂਦਾ ਹੈ।1। ਰਹਾਉ। ਹੇ ਭਾਈ! (ਪ੍ਰਭੂ ਦੀ ਸਰਨ ਆਉਣ ਵਾਲਾ ਮਨੁੱਖ) ਆਪਣੇ ਮਨ ਦੀ ਰਾਹੀਂ ਬਚਨ ਦੀ ਰਾਹੀਂ ਕੰਮ ਦੀ ਰਾਹੀਂ ਪਰਮਾਤਮਾ ਦਾ ਹੀ ਆਰਾਧਨ ਕਰਦਾ ਹੈ। ਉਹ ਗੁਰੂ ਦੀ ਸੰਗਤਿ ਵਿਚ ਟਿਕ ਕੇ ਆਤਮਕ ਆਨੰਦ ਮਾਣਦਾ ਹੈ। (ਉਸ ਦੇ ਹਿਰਦੇ ਵਿਚ) ਆਤਮਕ ਆਨੰਦ ਤੇ ਖ਼ੁਸ਼ੀਆਂ ਬਣੀਆਂ ਰਹਿੰਦੀਆਂ ਹਨ। ਉਹ ਅਕੱਥ ਪ੍ਰਭੂ ਦੀ ਸਿਫ਼ਤਿ-ਸਾਲਾਹ ਦਾ ਸੁਆਦ (ਮਾਣਦਾ ਰਹਿੰਦਾ ਹੈ) । ਉਹ ਮਨੁੱਖ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਵਿਚ ਅਤੇ ਆਤਮਕ ਅਡੋਲਤਾ ਵਿਚ ਲੀਨ ਰਹਿੰਦਾ ਹੈ।1। ਹੇ ਭਾਈ! (ਪ੍ਰਭੂ) ਮਿਹਰ ਕਰ ਕੇ ਜਿਸ ਮਨੁੱਖ ਨੂੰ ਆਪਣਾ (ਸੇਵਕ) ਬਣਾ ਲੈਂਦਾ ਹੈ, ਉਸ ਦੀ ਉੱਚੀ ਸੋਭਾ ਹੁੰਦੀ ਹੈ। ਹੇ ਨਾਨਕ! ਜਿਹੜੇ ਸਾਧ ਜਨ ਨਿਰਲੇਪ ਪ੍ਰਭੂ (ਦੇ ਪ੍ਰੇਮ-ਰੰਗ) ਵਿਚ ਰੰਗੇ ਰਹਿੰਦੇ ਹਨ ਉਹਨਾਂ ਦੀ ਸੰਗਤਿ ਵਿਚ (ਰਿਹਾਂ ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਈਦਾ ਹੈ।2। 59। 82। ਸਾਰਗ ਮਹਲਾ ੫ ॥ ਜਾ ਤੇ ਸਾਧੂ ਸਰਣਿ ਗਹੀ ॥ ਸਾਂਤਿ ਸਹਜੁ ਮਨਿ ਭਇਓ ਪ੍ਰਗਾਸਾ ਬਿਰਥਾ ਕਛੁ ਨ ਰਹੀ ॥੧॥ ਰਹਾਉ ॥ ਹੋਹੁ ਕ੍ਰਿਪਾਲ ਨਾਮੁ ਦੇਹੁ ਅਪੁਨਾ ਬਿਨਤੀ ਏਹ ਕਹੀ ॥ ਆਨ ਬਿਉਹਾਰ ਬਿਸਰੇ ਪ੍ਰਭ ਸਿਮਰਤ ਪਾਇਓ ਲਾਭੁ ਸਹੀ ॥੧॥ ਜਹ ਤੇ ਉਪਜਿਓ ਤਹੀ ਸਮਾਨੋ ਸਾਈ ਬਸਤੁ ਅਹੀ ॥ ਕਹੁ ਨਾਨਕ ਭਰਮੁ ਗੁਰਿ ਖੋਇਓ ਜੋਤੀ ਜੋਤਿ ਸਮਹੀ ॥੨॥੬੦॥੮੩॥ {ਪੰਨਾ 1220} ਪਦ ਅਰਥ: ਜਾ ਤੇ = ਜਾਂ ਤੇ, ਜਦੋਂ ਤੋਂ। ਸਾਧੂ = ਗੁਰੂ। ਗਹੀ = (ਮੈਂ) ਫੜੀ ਹੈ। ਸਹਜੁ = ਆਤਮਕ ਅਡੋਲਤਾ। ਮਨਿ = ਮਨ ਵਿਚ। ਪ੍ਰਗਾਸਾ = (ਆਤਮਕ ਜੀਵਨ ਦਾ) ਚਾਨਣ। ਬਿਰਥਾ = ਪੀੜਾ, ਦੁੱਖ-ਦਰਦ।1। ਰਹਾਉ। ਕ੍ਰਿਪਾਲ = ਦਇਆਵਾਨ। ਕਹੀ = ਆਖੀ ਹੈ। ਆਨ = {ANX} ਹੋਰ ਹੋਰ। ਬਿਸਰੇ = ਭੁੱਲ ਗਏ ਹਨ। ਸਿਮਰਤ = ਸਿਮਰਦਿਆਂ। ਸਹੀ = ਠੀਕ, ਅਸਲ।1। ਜਹ ਤੇ = ਜਿਥੋਂ, ਜਿਸ ਪ੍ਰਭੂ ਤੋਂ। ਤਹੀ = ਉਸੇ ਵਿਚ, ਉੱਥੇ ਹੀ। ਸਮਾਨੋ = ਲੀਨ ਹੋ ਗਿਆ। ਸਾਈ = ਉਹੀ {ਇਸਤ੍ਰੀ ਲਿੰਗ}। ਬਸਤੁ = ਚੀਜ਼, ਨਾਮ-ਪਦਾਰਥ। ਅਹੀ = ਚਾਹੀ ਹੈ, ਤਾਂਘ ਰੱਖੀ ਹੋਈ ਹੈ। ਗੁਰਿ = ਗੁਰੂ ਨੇ। ਭਰਮੁ = ਭਟਕਣਾ। ਖੋਇਓ = ਦੂਰ ਕਰ ਦਿੱਤੀ ਹੈ। ਜੋਤਿ = (ਮੇਰੀ) ਜਿੰਦ। ਜੋਤੀ = ਪ੍ਰਭੂ ਦੀ ਜੋਤਿ ਵਿਚ। ਸਮਹੀ = ਲੀਨ ਰਹਿੰਦੀ ਹੈ।2। ਅਰਥ: ਹੇ ਭਾਈ! ਜਦੋਂ ਤੋਂ (ਮੈਂ) ਗੁਰੂ ਦਾ ਪੱਲਾ ਫੜਿਆ ਹੈ, (ਮੇਰੇ) ਮਨ ਵਿਚ ਸ਼ਾਂਤੀ ਅਤੇ ਆਤਮਕ ਅਡੋਲਤਾ ਪੈਦਾ ਹੋ ਗਈ ਹੈ, (ਮੇਰੇ) ਮਨ ਵਿਚ ਆਤਮਕ ਜੀਵਨ ਦਾ ਚਾਨਣ ਹੋ ਗਿਆ ਹੈ, (ਮੇਰੇ ਮਨ ਵਿਚ) ਕੋਈ ਦੁੱਖ-ਦਰਦ ਨਹੀਂ ਰਹਿ ਗਿਆ।1। ਰਹਾਉ। ਹੇ ਭਾਈ! ਜਦੋਂ ਤੋਂ ਮੈਂ ਗੁਰੂ ਦਾ ਦਰ ਮੱਲਿਆ ਹੈ ਤਦੋਂ ਤੋਂ ਪ੍ਰਭੂ-ਦਰ ਤੇ) ਇਹੀ ਅਰਦਾਸ ਕਰਦਾ ਰਹਿੰਦਾ ਹਾਂ = 'ਹੇ ਪ੍ਰਭੂ! ਦਇਆਵਾਨ ਹੋ, ਮੈਨੂੰ ਆਪਣਾ ਨਾਮ ਬਖ਼ਸ਼'। ਹੇ ਭਾਈ! ਪ੍ਰਭੂ ਦਾ ਨਾਮ ਸਿਮਰਦਿਆਂ ਹੋਰ ਹੋਰ ਵਿਹਾਰਾਂ ਵਿਚ ਮੇਰਾ ਮਨ ਖਚਿਤ ਨਹੀਂ ਹੁੰਦਾ (ਹੋਰ ਹੋਰ ਵਿਹਾਰ ਮੈਨੂੰ ਭੁੱਲ ਗਏ ਹਨ) । ਮੈਂ ਅਸਲ ਖੱਟੀ ਖੱਟ ਲਈ ਹੈ।1। ਹੇ ਨਾਨਕ! ਆਖ– ਹੇ ਭਾਈ! ਗੁਰੂ ਨੇ (ਮੇਰੇ ਮਨ ਦੀ) ਭਟਕਣਾ ਦੂਰ ਕਰ ਦਿੱਤੀ ਹੈ, ਮੇਰੀ ਜਿੰਦ ਪ੍ਰਭੂ ਦੀ ਜੋਤਿ ਵਿਚ ਲੀਨ ਰਹਿੰਦੀ ਹੈ। ਜਿਸ ਪ੍ਰਭੂ ਤੋਂ ਇਹ ਜਿੰਦੜੀ ਪੈਦਾ ਹੋਈ ਸੀ ਉਸੇ ਵਿਚ ਟਿਕੀ ਰਹਿੰਦੀ ਹੈ, ਮੈਨੂੰ ਹੁਣ ਇਹ (ਨਾਮ-) ਵਸਤੂ ਹੀ ਚੰਗੀ ਲੱਗਦੀ ਹੈ।2। 60। 83। ਸਾਰਗ ਮਹਲਾ ੫ ॥ ਰਸਨਾ ਰਾਮ ਕੋ ਜਸੁ ਗਾਉ ॥ ਆਨ ਸੁਆਦ ਬਿਸਾਰਿ ਸਗਲੇ ਭਲੋ ਨਾਮ ਸੁਆਉ ॥੧॥ ਰਹਾਉ ॥ ਚਰਨ ਕਮਲ ਬਸਾਇ ਹਿਰਦੈ ਏਕ ਸਿਉ ਲਿਵ ਲਾਉ ॥ ਸਾਧਸੰਗਤਿ ਹੋਹਿ ਨਿਰਮਲੁ ਬਹੁੜਿ ਜੋਨਿ ਨ ਆਉ ॥੧॥ ਜੀਉ ਪ੍ਰਾਨ ਅਧਾਰੁ ਤੇਰਾ ਤੂ ਨਿਥਾਵੇ ਥਾਉ ॥ ਸਾਸਿ ਸਾਸਿ ਸਮ੍ਹ੍ਹਾਲਿ ਹਰਿ ਹਰਿ ਨਾਨਕ ਸਦ ਬਲਿ ਜਾਉ ॥੨॥੬੧॥੮੪॥ {ਪੰਨਾ 1220} ਪਦ ਅਰਥ: ਰਸਨਾ = ਜੀਭ ਨਾਲ। ਕੋ = ਦਾ। ਜਸੁ = ਸਿਫ਼ਤਿ-ਸਾਲਾਹ। ਗਾਉ = ਗਾਇਆ ਕਰੋ। ਆਨ = {ANX} ਹੋਰ ਹੋਰ। ਬਿਸਾਰਿ = ਭੁਲਾ ਦੇ। ਨਾਮ ਸੁਆਉ = ਨਾਮ ਦਾ ਸੁਆਦ।1। ਰਹਾਉ। ਬਸਾਇ = ਟਿਕਾਈ ਰੱਖ। ਹਿਰਦੈ = ਹਿਰਦੇ ਵਿਚ। ਸਿਉ = ਨਾਲ। ਲਿਵ = ਲਗਨ। ਹੋਹਿ = ਤੂੰ ਹੋ ਜਾਹਿਂਗਾ। ਨਿਰਮਲੁ = ਪਵਿੱਤਰ ਜੀਵਨ ਵਾਲਾ। ਬਹੁੜਿ = ਮੁੜ ਮੁੜ।1। ਜੀਉ = ਜਿੰਦ। ਅਧਾਰੁ = ਆਸਰਾ। ਥਾਉ = ਥਾਂ, ਸਹਾਰਾ। ਸਾਸਿ ਸਾਸਿ = ਹਰੇਕ ਸਾਹ ਦੇ ਨਾਲ। ਸਮ੍ਹ੍ਹਾਲਿ = ਸੰਭਾਲ ਕੇ, ਯਾਦ ਕਰ ਕੇ। ਸਦ = ਸਦਾ। ਬਲਿ ਜਾਉ = ਬਲਿ ਜਾਉਂ, ਮੈਂ ਸਦਕੇ ਜਾਂਦਾ ਹਾਂ।2। ਅਰਥ: ਹੇ ਭਾਈ! (ਆਪਣੀ) ਜੀਭ ਨਾਲ ਪਰਮਾਤਮਾ ਦੀ ਸਿਫ਼ਤਿ-ਸਾਲਾਹ ਗਾਇਆ ਕਰ। (ਨਾਮ ਤੋਂ ਬਿਨਾ) ਹੋਰ ਸਾਰੇ ਸੁਆਦ ਭੁਲਾ ਦੇ, (ਪਰਮਾਤਮਾ ਦੇ) ਨਾਮ ਦਾ ਸੁਆਦ (ਸਭ ਸੁਆਦਾਂ ਨਾਲੋਂ) ਚੰਗਾ ਹੈ।1। ਰਹਾਉ। ਹੇ ਭਾਈ! ਪਰਮਾਤਮਾ ਦੇ ਸੋਹਣੇ ਚਰਨ (ਆਪਣੇ) ਹਿਰਦੇ ਵਿਚ ਟਿਕਾਈ ਰੱਖ, ਸਿਰਫ਼ ਪਰਮਾਤਮਾ ਨਾਲ ਸੁਰਤਿ ਜੋੜੀ ਰੱਖ। ਸਾਧ ਸੰਗਤਿ ਵਿਚ ਰਹਿ ਕੇ ਸੁੱਚੇ ਜੀਵਨ ਵਾਲਾ ਹੋ ਜਾਹਿਂਗਾ, ਮੁੜ ਮੁੜ ਜੂਨਾਂ ਵਿਚ ਨਹੀਂ ਆਵੇਂਗਾ।1। ਹੇ ਨਾਨਕ! (ਆਖ-) ਹੇ ਹਰੀ! ਮੇਰੀ ਜਿੰਦ ਅਤੇ ਪ੍ਰਾਣਾਂ ਨੂੰ ਤੇਰਾ ਹੀ ਆਸਰਾ ਹੈ, ਜਿਸ ਦਾ ਹੋਰ ਕੋਈ ਸਹਾਰਾ ਨਾਹ ਹੋਵੇ, ਤੂੰ ਉਸ ਦਾ ਸਹਾਰਾ ਹੈਂ। ਹੇ ਹਰੀ! ਮੈਂ ਤਾਂ ਆਪਣੇ ਹਰੇਕ ਸਾਹ ਦੇ ਨਾਲ ਤੈਨੂੰ ਯਾਦ ਕਰਦਾ ਹਾਂ, ਅਤੇ ਤੈਥੋਂ ਸਦਕੇ ਜਾਂਦਾ ਹਾਂ।2। 61। 84। ਸਾਰਗ ਮਹਲਾ ੫ ॥ ਬੈਕੁੰਠ ਗੋਬਿੰਦ ਚਰਨ ਨਿਤ ਧਿਆਉ ॥ ਮੁਕਤਿ ਪਦਾਰਥੁ ਸਾਧੂ ਸੰਗਤਿ ਅੰਮ੍ਰਿਤੁ ਹਰਿ ਕਾ ਨਾਉ ॥੧॥ ਰਹਾਉ ॥ ਊਤਮ ਕਥਾ ਸੁਣੀਜੈ ਸ੍ਰਵਣੀ ਮਇਆ ਕਰਹੁ ਭਗਵਾਨ ॥ ਆਵਤ ਜਾਤ ਦੋਊ ਪਖ ਪੂਰਨ ਪਾਈਐ ਸੁਖ ਬਿਸ੍ਰਾਮ ॥੧॥ ਸੋਧਤ ਸੋਧਤ ਤਤੁ ਬੀਚਾਰਿਓ ਭਗਤਿ ਸਰੇਸਟ ਪੂਰੀ ॥ ਕਹੁ ਨਾਨਕ ਇਕ ਰਾਮ ਨਾਮ ਬਿਨੁ ਅਵਰ ਸਗਲ ਬਿਧਿ ਊਰੀ ॥੨॥੬੨॥੮੫॥ {ਪੰਨਾ 1220} ਪਦ ਅਰਥ: ਨਿਤ = ਸਦਾ। ਧਿਆਉ = ਧਿਆਉਂ, ਮੈਂ ਧਿਆਨ ਧਰਦਾ ਹਾਂ। ਸਾਧੂ ਸੰਗਤਿ = ਗੁਰੂ ਦੀ ਸੰਗਤਿ। ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਜਲ।1। ਰਹਾਉ। ਸੁਣੀਜੈ = ਸੁਣ ਸਕੀਏ। ਸ੍ਰਵਣੀ = ਕੰਨਾਂ ਨਾਲ। ਮਇਆ = ਦਇਆ, ਮਿਹਰ। ਭਗਵਾਨ = ਹੇ ਭਗਵਾਨ! ਆਵਤ ਜਾਤ ਦੋਊ ਪਖ = ਜੰਮਣ ਅਤੇ ਮਰਨ = ਇਹ ਦੋਵੇਂ ਪਾਸੇ। ਪੂਰਨ = ਪੂਰੇ ਹੋ ਜਾਂਦੇ ਹਨ, ਮੁੱਕ ਜਾਂਦੇ ਹਨ। ਸੁਖ ਬਿਸ੍ਰਾਮ = ਸੁਖਾਂ ਦਾ ਟਿਕਾਣਾ।1। ਸੋਧਤ ਸੋਧਤ = ਵਿਚਾਰ ਕਰਦਿਆਂ ਕਰਦਿਆਂ। ਤਤੁ = ਅਸਲੀਅਤ। ਸਰੇਸਟ ਪੂਰੀ = ਪੂਰਨ ਤੌਰ ਤੇ ਚੰਗੀ। ਊਰੀ = ਊਣੀ।2। ਅਰਥ: ਹੇ ਭਾਈ! ਮੈਂ ਤਾਂ ਸਦਾ ਪਰਮਾਤਮਾ ਦੇ ਚਰਨਾਂ ਦਾ ਧਿਆਨ ਧਰਦਾ ਹਾਂ = (ਇਹ ਮੇਰੇ ਲਈ) ਬੈਕੁੰਠ ਹੈ। ਗੁਰੂ ਦੀ ਸੰਗਤਿ ਵਿਚ ਟਿਕੇ ਰਹਿਣਾ = (ਮੇਰੇ ਵਾਸਤੇ ਚੌਹਾਂ ਪਦਾਰਥਾਂ ਵਿਚੋਂ ਸ੍ਰੇਸ਼ਟ) ਮੁਕਤੀ ਪਦਾਰਥ ਹੈ। ਪਰਮਾਤਮਾ ਦਾ ਨਾਮ ਹੀ (ਮੇਰੇ ਲਈ) ਆਤਮਕ ਜੀਵਨ ਦੇਣ ਵਾਲਾ ਜਲ ਹੈ।1। ਰਹਾਉ। ਹੇ ਭਗਵਾਨ! (ਮੇਰੇ ਉੱਤੇ) ਮਿਹਰ ਕਰ, (ਤਾ ਕਿ) ਤੇਰੀ ਉੱਤਮ ਸਿਫ਼ਤਿ-ਸਾਲਾਹ ਕੰਨਾਂ ਨਾਲ ਸੁਣੀ ਜਾ ਸਕੇ। ਹੇ ਭਾਈ! (ਸਿਫ਼ਤਿ-ਸਾਲਾਹ ਦੀ ਬਰਕਤਿ ਨਾਲ) ਜੰਮਣਾ ਤੇ ਮਰਨਾ = ਇਹ ਦੋਵੇਂ ਪੱਖ ਮੁੱਕ ਜਾਂਦੇ ਹਨ। ਸੁਖਾਂ ਦੇ ਮੂਲ ਪਰਮਾਤਮਾ ਨਾਲ ਮਿਲਾਪ ਹੋ ਜਾਂਦਾ ਹੈ।1। ਹੇ ਨਾਨਕ! ਆਖ– ਹੇ ਭਾਈ! ਵਿਚਾਰ ਕਰਦਿਆਂ ਕਰਦਿਆਂ ਇਹ ਅਸਲੀਅਤ ਲੱਭੀ ਹੈ ਕਿ ਪਰਮਾਤਮਾ ਦੀ ਭਗਤੀ ਹੀ ਪੂਰਨ ਤੌਰ ਤੇ ਹੀ ਚੰਗੀ (ਕ੍ਰਿਆ) ਹੈ। ਪਰਮਾਤਮਾ ਦੇ ਨਾਮ ਤੋਂ ਬਿਨਾ ਹੋਰ ਹਰੇਕ (ਜੀਵਨ-) ਢੰਗ ਅਧੂਰਾ ਹੈ।2। 62। 84। |
Sri Guru Granth Darpan, by Professor Sahib Singh |