ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
![]() |
![]() |
![]() |
![]() |
![]() |
Page 1221 ਸਾਰਗ ਮਹਲਾ ੫ ॥ ਸਾਚੇ ਸਤਿਗੁਰੂ ਦਾਤਾਰਾ ॥ ਦਰਸਨੁ ਦੇਖਿ ਸਗਲ ਦੁਖ ਨਾਸਹਿ ਚਰਨ ਕਮਲ ਬਲਿਹਾਰਾ ॥੧॥ ਰਹਾਉ ॥ ਸਤਿ ਪਰਮੇਸਰੁ ਸਤਿ ਸਾਧ ਜਨ ਨਿਹਚਲੁ ਹਰਿ ਕਾ ਨਾਉ ॥ ਭਗਤਿ ਭਾਵਨੀ ਪਾਰਬ੍ਰਹਮ ਕੀ ਅਬਿਨਾਸੀ ਗੁਣ ਗਾਉ ॥੧॥ ਅਗਮੁ ਅਗੋਚਰੁ ਮਿਤਿ ਨਹੀ ਪਾਈਐ ਸਗਲ ਘਟਾ ਆਧਾਰੁ ॥ ਨਾਨਕ ਵਾਹੁ ਵਾਹੁ ਕਹੁ ਤਾ ਕਉ ਜਾ ਕਾ ਅੰਤੁ ਨ ਪਾਰੁ ॥੨॥੬੩॥੮੬॥ {ਪੰਨਾ 1221} ਪਦ ਅਰਥ: ਸਾਚੇ = ਹੇ ਸਦਾ ਕਾਇਮ ਰਹਿਣ ਵਾਲੇ! ਦਾਤਾਰਾ = ਹੇ ਸਭ ਦਾਤਾਂ ਦੇਣ ਵਾਲੇ! ਦੇਖਿ = ਵੇਖ ਕੇ। ਸਗਲ = ਸਾਰੇ। ਨਾਸਹਿ = ਨਾਸ ਹੋ ਜਾਂਦੇ ਹਨ। ਬਲਿਹਾਰ = ਸਦਕੇ।1। ਰਹਾਉ। ਸਤਿ = ਸਦਾ-ਥਿਰ। ਸਤਿ = ਅਟੱਲ ਆਤਮਕ ਜੀਵਨ ਵਾਲੇ। ਸਾਧ ਜਨ = ਸੰਤ ਜਨ। ਨਿਹਚਲੁ = ਕਦੇ ਨਾਹ ਡੋਲਣ ਵਾਲਾ। ਭਾਵਨੀ = ਸਰਧਾ (ਨਾਲ) । ਅਬਿਨਾਸੀ ਗੁਣ = ਕਦੇ ਨਾਹ ਨਾਸ ਹੋਣ ਵਾਲੇ ਪ੍ਰਭੂ ਦੇ ਗੁਣ। ਗਾਉ = ਗਾਇਆ ਕਰੋ।1। ਅਗਮੁ = ਅਪਹੁੰਚ। ਅਗੋਚਰੁ = {ਅ-ਗੋ-ਚਰੁ} ਗੋ = ਗਿਆਨ-ਇੰਦ੍ਰੇ। ਚਰੁ = ਪਹੁੰਚ} ਜਿਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ। ਮਿਤਿ = ਮਾਪ, ਵਡੱਪਣ ਦਾ ਅੰਦਾਜ਼ਾ। ਘਟ = ਸਰੀਰ। ਆਧਾਰੁ = ਆਸਰਾ। ਵਾਹੁ ਵਾਹੁ ਕਹੁ = ਸਿਫ਼ਤਿ-ਸਾਲਾਹ ਕਰੋ। ਤਾ ਕਉ = ਉਸ ਪ੍ਰਭੂ ਨੂੰ। ਜਾ ਕਾ = ਜਿਸ ਪ੍ਰਭੂ ਦਾ। ਪਾਰੁ = ਪਾਰਲਾ ਬੰਨਾ। ਵਾਹੁ ਵਾਹ = ਧੰਨ ਧੰਨ।2। ਅਰਥ: ਹੇ ਸਦਾ ਕਾਇਮ ਰਹਿਣ ਵਾਲੇ! ਹੇ ਸਤਿਗੁਰੂ! ਹੇ ਸਭ ਦਾਤਾਂ ਦੇਣ ਵਾਲੇ ਪ੍ਰਭੂ! ਤੇਰਾ ਦਰਸਨ ਕਰ ਕੇ (ਜੀਵ ਦੇ) ਸਾਰੇ ਦੁੱਖ ਨਾਸ ਹੋ ਜਾਂਦੇ ਹਨ। ਮੈਂ ਤੇਰੇ ਸੋਹਣੇ ਚਰਨਾਂ ਤੋਂ ਸਦਕੇ ਜਾਂਦਾ ਹਾਂ।1। ਰਹਾਉ। ਹੇ ਭਾਈ! ਪਰਮੇਸਰ ਸਦਾ ਕਾਇਮ ਰਹਿਣ ਵਾਲਾ ਹੈ, (ਉਸ ਦੇ) ਸੰਤ ਜਨ ਅਟੱਲ ਜੀਵਨ ਵਾਲੇ ਹੁੰਦੇ ਹਨ। ਹੇ ਭਾਈ! ਪਰਮਾਤਮਾ ਦਾ ਨਾਮ ਅਟੱਲ ਰਹਿਣ ਵਾਲਾ ਹੈ। ਹੇ ਭਾਈ! (ਪੂਰੀ) ਸਰਧਾ ਨਾਲ ਉਸ ਪਰਮਾਤਮਾ ਦੀ ਭਗਤੀ ਕਰਨੀ ਚਾਹੀਦੀ ਹੈ, ਉਸ ਕਦੇ ਨਾਹ ਨਾਸ ਹੋਣ ਵਾਲੇ ਪ੍ਰਭੂ ਦੇ ਗੁਣ ਗਾਇਆ ਕਰੋ।1। ਹੇ ਨਾਨਕ! ਪਰਮਾਤਮਾ ਅਪਹੁੰਚ ਹੈ, ਉਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ। ਉਹ ਕੇਡਾ ਵੱਡਾ ਹੈ– ਇਹ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ। ਉਹ ਪਰਮਾਤਮਾ ਸਾਰੇ ਸਰੀਰਾਂ ਦਾ ਆਸਰਾ ਹੈ। ਹੇ ਭਾਈ! ਉਸ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਿਆ ਕਰੋ, ਜਿਸ ਦੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ, ਜਿਸ ਦੇ ਗੁਣਾਂ ਦਾ ਪਾਰਲਾ ਬੰਨਾ ਨਹੀਂ ਲੱਭ ਸਕਦਾ।2। 63। 86। ਸਾਰਗ ਮਹਲਾ ੫ ॥ ਗੁਰ ਕੇ ਚਰਨ ਬਸੇ ਮਨ ਮੇਰੈ ॥ ਪੂਰਿ ਰਹਿਓ ਠਾਕੁਰੁ ਸਭ ਥਾਈ ਨਿਕਟਿ ਬਸੈ ਸਭ ਨੇਰੈ ॥੧॥ ਰਹਾਉ ॥ ਬੰਧਨ ਤੋਰਿ ਰਾਮ ਲਿਵ ਲਾਈ ਸੰਤਸੰਗਿ ਬਨਿ ਆਈ ॥ ਜਨਮੁ ਪਦਾਰਥੁ ਭਇਓ ਪੁਨੀਤਾ ਇਛਾ ਸਗਲ ਪੁਜਾਈ ॥੧॥ ਜਾ ਕਉ ਕ੍ਰਿਪਾ ਕਰਹੁ ਪ੍ਰਭ ਮੇਰੇ ਸੋ ਹਰਿ ਕਾ ਜਸੁ ਗਾਵੈ ॥ ਆਠ ਪਹਰ ਗੋਬਿੰਦ ਗੁਨ ਗਾਵੈ ਜਨੁ ਨਾਨਕੁ ਸਦ ਬਲਿ ਜਾਵੈ ॥੨॥੬੪॥੮੭॥ {ਪੰਨਾ 1221} ਪਦ ਅਰਥ: ਮਨ ਮੇਰੈ = ਮਨਿ ਮੇਰੈ, ਮੇਰੇ ਮਨ ਵਿਚ। ਪੂਰਿ ਰਹਿਓ = ਵਿਆਪਕ ਹੈ। ਠਾਕੁਰੁ = ਮਾਲਕ-ਪ੍ਰਭੂ। ਨਿਕਟਿ = ਨੇੜੇ। ਸਭ ਨੇਰੈ = ਸਭਨਾਂ ਦੇ ਨੇੜੇ।1। ਰਹਾਉ। ਬੰਧਨ = ਮਾਇਆ ਦੇ ਮੋਹ ਦੀਆਂ ਫਾਹੀਆਂ। ਤੋਰਿ = ਤੋੜ ਕੇ। ਸੰਤ ਸੰਗਿ = ਗੁਰੂ ਨਾਲ। ਬਨਿ ਆਈ = ਪ੍ਰੀਤ ਬਣੀ ਹੈ। ਜਨਮੁ ਪਦਾਰਥੁ = ਕੀਮਤੀ ਮਨੁੱਖਾ ਜਨਮ। ਪੁਨੀਤਾ = ਪਵਿੱਤਰ। ਇਛਾ ਸਗਲ = ਸਾਰੀਆਂ ਮਨੋ-ਕਾਮਨਾਂ। ਪੁਜਾਈ = (ਗੁਰੂ ਨੇ) ਪੂਰੀਆਂ ਕਰ ਦਿੱਤੀਆਂ।1। ਜਾ ਕਉ = ਜਿਸ (ਮਨੁੱਖ) ਉੱਤੇ। ਪ੍ਰਭ = ਹੇ ਪ੍ਰਭੂ! ਜਸੁ = ਸਿਫ਼ਤਿ-ਸਾਲਾਹ। ਸਦ = ਸਦਾ। ਬਲਿ ਜਾਵੈ = ਸਦਕੇ ਹੁੰਦਾ ਹੈ।2। ਅਰਥ: ਹੇ ਭਾਈ! (ਜਦੋਂ ਦੇ) ਗੁਰੂ ਦੇ ਚਰਨ ਮੇਰੇ ਮਨ ਵਿਚ ਵੱਸ ਪਏ ਹਨ, (ਮੈਨੂੰ ਨਿਸਚਾ ਹੋ ਗਿਆ ਹੈ ਕਿ) ਮਾਲਕ-ਪ੍ਰਭੂ ਸਭਨੀਂ ਥਾਈਂ ਵਿਆਪਕ ਹੈ, (ਮੇਰੇ) ਨੇੜੇ ਵੱਸ ਰਿਹਾ ਹੈ, ਸਭਨਾਂ ਦੇ ਨੇੜੇ ਵੱਸ ਰਿਹਾ ਹੈ।1। ਰਹਾਉ। ਹੇ ਭਾਈ! (ਜਦੋਂ ਤੋਂ) ਗੁਰੂ ਨਾਲ ਮੇਰਾ ਪਿਆਰ ਪਿਆ ਹੈ (ਉਸ ਨੇ ਮੇਰੇ ਮਾਇਆ ਦੇ ਮੋਹ ਦੇ) ਬੰਧਨ ਤੋੜ ਕੇ ਮੇਰੀ ਸੁਰਤਿ ਪਰਮਾਤਮਾ ਨਾਲ ਜੋੜ ਦਿੱਤੀ ਹੈ, ਮੇਰਾ ਕੀਮਤੀ ਮਨੁੱਖਾ ਜਨਮ ਪਵਿੱਤਰ ਹੋ ਗਿਆ ਹੈ। (ਗੁਰੂ ਨੇ) ਮੇਰੀਆਂ ਸਾਰੀਆਂ ਮਨੋ-ਕਾਮਨਾਂ ਪੂਰੀਆਂ ਕਰ ਦਿੱਤੀਆਂ ਹਨ।1। ਹੇ ਮੇਰੇ ਪ੍ਰਭੂ! ਤੂੰ ਜਿਸ ਮਨੁੱਖ ਉਤੇ ਮਿਹਰ ਕਰਦਾ ਹੈਂ, ਉਹ, ਹੇ ਹਰੀ! ਤੇਰੀ ਸਿਫ਼ਤਿ-ਸਾਲਾਹ ਦਾ ਗੀਤ ਗਾਂਦਾ ਰਹਿੰਦਾ ਹੈ। ਹੇ ਭਾਈ! ਜਿਹੜਾ ਮਨੁੱਖ ਅੱਠੇ ਪਹਰ (ਹਰ ਵੇਲੇ) ਪਰਮਾਤਮਾ ਦੇ ਗੁਣ ਗਾਂਦਾ ਹੈ, ਦਾਸ ਨਾਨਕ ਉਸ ਤੋਂ ਸਦਾ ਕੁਰਬਾਨ ਜਾਂਦਾ ਹੈ।2। 64। 87। ਸਾਰਗ ਮਹਲਾ ੫ ॥ ਜੀਵਨੁ ਤਉ ਗਨੀਐ ਹਰਿ ਪੇਖਾ ॥ ਕਰਹੁ ਕ੍ਰਿਪਾ ਪ੍ਰੀਤਮ ਮਨਮੋਹਨ ਫੋਰਿ ਭਰਮ ਕੀ ਰੇਖਾ ॥੧॥ ਰਹਾਉ ॥ ਕਹਤ ਸੁਨਤ ਕਿਛੁ ਸਾਂਤਿ ਨ ਉਪਜਤ ਬਿਨੁ ਬਿਸਾਸ ਕਿਆ ਸੇਖਾਂ ॥ ਪ੍ਰਭੂ ਤਿਆਗਿ ਆਨ ਜੋ ਚਾਹਤ ਤਾ ਕੈ ਮੁਖਿ ਲਾਗੈ ਕਾਲੇਖਾ ॥੧॥ ਜਾ ਕੈ ਰਾਸਿ ਸਰਬ ਸੁਖ ਸੁਆਮੀ ਆਨ ਨ ਮਾਨਤ ਭੇਖਾ ॥ ਨਾਨਕ ਦਰਸ ਮਗਨ ਮਨੁ ਮੋਹਿਓ ਪੂਰਨ ਅਰਥ ਬਿਸੇਖਾ ॥੨॥੬੫॥੮੮॥ {ਪੰਨਾ 1221} ਪਦ ਅਰਥ: ਜੀਵਨੁ = (ਅਸਲ) ਜ਼ਿੰਦਗੀ। ਤਉ = ਤਦੋਂ (ਹੀ) । ਗਨੀਐ = ਸਮਝੀ ਜਾਣੀ ਚਾਹੀਦੀ ਹੈ। ਪੇਖਾ = ਪੇਖਾਂ, (ਜੇ) ਮੈਂ ਵੇਖ ਲਵਾਂ। ਪ੍ਰੀਤਮ = ਹੇ ਪ੍ਰੀਤਮ! ਫੋਰਿ = ਤੋੜ। ਭਰਮ = ਭਟਕਣਾ। ਰੇਖਾ = (ਮਨ ਉਤੇ) ਲਕੀਰ, ਪਿਛਲੇ ਸੰਸਕਾਰ।1। ਰਹਾਉ। ਕਹਤ ਸੁਨਤ = ਕਹਿੰਦਿਆਂ ਸੁਣਦਿਆਂ। ਬਿਸਾਸ = ਸਰਧਾ। ਸੇਖਾਂ = ਵਿਸ਼ੇਸ਼ਤਾ, ਲਾਭ, ਗੁਣ। ਤਿਆਗਿ = ਛੱਡ ਕੇ। ਆਨ = ਹੋਰ ਹੋਰ (ਪਦਾਰਥ) । ਤਾ ਕੈ ਮੁਖਿ = ਉਸ ਦੇ ਮੂੰਹ ਉਤੇ। ਕਾਲੇਖਾ = ਕਾਲਖ।1। ਜਾ ਕੈ = ਜਿਸ ਦੇ ਪੱਲੇ, ਜਿਸ ਦੇ ਹਿਰਦੇ ਵਿਚ। ਰਾਸਿ = ਪੂੰਜੀ, ਸਰਮਾਇਆ। ਸਰਬ ਸੁਖ = ਸਾਰੇ ਸੁਖ ਦੇਣ ਵਾਲਾ। ਆਨ ਭੇਖਾ = ਹੋਰ ਹੋਰ ਭੇਖ, ਹੋਰ (ਵਿਖਾਵੇ ਦੇ) ਧਾਰਮਿਕ ਪਹਿਰਾਵੇ। ਨ ਮਾਨਤ = ਨਹੀਂ ਮੰਨਦਾ। ਮਗਨ = ਮਸਤ। ਅਰਥ = ਲੋੜਾਂ। ਬਿਸੇਖਾ = ਉਚੇਚੀਆਂ।2। ਅਰਥ: ਹੇ ਭਾਈ! ਜੇ ਮੈਂ (ਇਸੇ ਮਨੁੱਖਾ ਜਨਮ ਵਿਚ) ਪਰਮਾਤਮਾ ਦਾ ਦਰਸ਼ਨ ਕਰ ਸਕਾਂ, ਤਦੋਂ ਹੀ (ਮੇਰਾ ਇਹ ਅਸਲ ਮਨੁੱਖਾ) ਜੀਵਨ ਸਮਝਿਆ ਜਾ ਸਕਦਾ ਹੈ। ਹੇ ਪ੍ਰੀਤਮ ਪ੍ਰਭੂ! ਹੇ ਮਨ ਨੂੰ ਮੋਹ ਲੈਣ ਵਾਲੇ ਪ੍ਰਭੂ! (ਮੇਰੇ ਮਨ ਵਿਚੋਂ ਪਿਛਲੇ ਜਨਮਾਂ ਦੇ) ਭਟਕਣਾ ਦੇ ਸੰਸਕਾਰ ਦੂਰ ਕਰ।1। ਰਹਾਉ। ਹੇ ਭਾਈ! ਨਿਰੇ ਆਖਣ ਸੁਣਨ ਨਾਲ (ਮਨੁੱਖ ਦੇ ਮਨ ਵਿਚ) ਕੋਈ ਸ਼ਾਂਤੀ ਪੈਦਾ ਨਹੀਂ ਹੁੰਦੀ। ਸਰਧਾ ਤੋਂ ਬਿਨਾ (ਜ਼ਬਾਨੀ ਆਖਣ ਸੁਣਨ ਦਾ) ਕੋਈ ਲਾਭ ਨਹੀਂ ਹੁੰਦਾ। ਜਿਹੜਾ ਮਨੁੱਖ (ਜ਼ਬਾਨੀ ਤਾਂ ਗਿਆਨ ਦੀਆਂ ਬਥੇਰੀਆਂ ਗੱਲਾਂ ਕਰਦਾ ਹੈ, ਪਰ) ਪ੍ਰਭੂ ਨੂੰ ਭੁਲਾ ਕੇ ਹੋਰ ਹੋਰ (ਪਦਾਰਥ) ਲੋੜਦਾ ਰਹਿੰਦਾ ਹੈ, ਉਸ ਦੇ ਮੱਥੇ ਉਤੇ (ਮਾਇਆ ਦੇ ਮੋਹ ਦੀ) ਕਾਲਖ ਲੱਗੀ ਰਹਿੰਦੀ ਹੈ।1। ਹੇ ਨਾਨਕ! (ਆਖ– ਹੇ ਭਾਈ!) ਜਿਸ ਮਨੁੱਖ ਦੇ ਹਿਰਦੇ ਵਿਚ ਸਾਰੇ ਸੁਖ ਦੇਣ ਵਾਲੇ ਪ੍ਰਭੂ ਦੇ ਨਾਮ ਦਾ ਸਰਮਾਇਆ ਹੈ, ਉਹ ਹੋਰ (ਵਿਖਾਵੇ ਦੇ) ਧਾਰਮਿਕ ਭੇਖਾਂ ਨੂੰ ਨਹੀਂ ਮੰਨਦਾ ਫਿਰਦਾ। ਉਹ ਤਾਂ (ਪ੍ਰਭੂ ਦੇ) ਦਰਸਨ ਵਿਚ ਮਸਤ ਰਹਿੰਦਾ ਹੈ, ਉਸ ਦਾ ਮਨ (ਪ੍ਰਭੂ ਦੇ ਦਰਸਨ ਨਾਲ) ਮੋਹਿਆ ਜਾਂਦਾ ਹੈ। (ਪ੍ਰਭੂ ਦੀ ਕਿਰਪਾ ਨਾਲ) ਉਸ ਦੀਆਂ ਸਾਰੀਆਂ ਲੋੜਾਂ ਉਚੇਚੀਆਂ ਹੁੰਦੀਆਂ ਰਹਿੰਦੀਆਂ ਹਨ।2। 65। 88। ਸਾਰਗ ਮਹਲਾ ੫ ॥ ਸਿਮਰਨ ਰਾਮ ਕੋ ਇਕੁ ਨਾਮ ॥ ਕਲਮਲ ਦਗਧ ਹੋਹਿ ਖਿਨ ਅੰਤਰਿ ਕੋਟਿ ਦਾਨ ਇਸਨਾਨ ॥੧॥ ਰਹਾਉ ॥ ਆਨ ਜੰਜਾਰ ਬ੍ਰਿਥਾ ਸ੍ਰਮੁ ਘਾਲਤ ਬਿਨੁ ਹਰਿ ਫੋਕਟ ਗਿਆਨ ॥ ਜਨਮ ਮਰਨ ਸੰਕਟ ਤੇ ਛੂਟੈ ਜਗਦੀਸ ਭਜਨ ਸੁਖ ਧਿਆਨ ॥੧॥ ਤੇਰੀ ਸਰਨਿ ਪੂਰਨ ਸੁਖ ਸਾਗਰ ਕਰਿ ਕਿਰਪਾ ਦੇਵਹੁ ਦਾਨ ॥ ਸਿਮਰਿ ਸਿਮਰਿ ਨਾਨਕ ਪ੍ਰਭ ਜੀਵੈ ਬਿਨਸਿ ਜਾਇ ਅਭਿਮਾਨ ॥੨॥੬੬॥੮੯॥ ਪਦ ਅਰਥ: ਇਕੁ = ਸਿਰਫ਼। ਕੋ = ਦਾ। ਕਲਮਲ = ਪਾਪ। ਦਗਧ ਹੋਹਿ = ਸੜ ਜਾਂਦੇ ਹਨ {ਬਹੁ-ਵਚਨ}। ਕੋਟਿ = ਕ੍ਰੋੜਾਂ।1। ਰਹਾਉ। ਆਨ ਜੰਜਾਰ = ਹੋਰ ਹੋਰ (ਮਾਇਕ) ਜੰਜਾਲਾਂ ਵਾਸਤੇ। ਬ੍ਰਿਥਾ = ਵਿਅਰਥ। ਸ੍ਰਮੁ = ਮਿਹਨਤ, ਖੇਚਲ। ਫੋਕਟ = ਫੋਕੇ। ਸੰਕਟ ਤੇ = ਕਸ਼ਟ ਤੋਂ। ਜਗਦੀਸ = ਜਗਤ ਦਾ ਮਾਲਕ {ਜਗਤ-ਈਸ਼}। ਧਿਆਨ = ਸੁਰਤਿ।1। ਸੁਖ ਸਾਗਰ = ਹੇ ਸੁਖਾਂ ਦੇ ਸਮੁੰਦਰ! ਕਰਿ = ਕਰ ਕੇ। ਸਿਮਰਿ = ਸਿਮਰ ਕੇ। ਪ੍ਰਭ = ਹੇ ਪ੍ਰਭੂ! ਜੀਵੈ = ਆਤਮਕ ਜੀਵਨ ਹਾਸਲ ਕਰੇ।2। ਅਰਥ: ਹੇ ਭਾਈ! ਜੇ ਸਿਰਫ਼ ਪਰਮਾਤਮਾ ਦੇ ਨਾਮ ਦਾ ਸਿਮਰਨ ਹੀ ਕੀਤਾ ਜਾਏ, ਤਾਂ ਇਕ ਖਿਨ ਵਿਚ (ਜੀਵ ਦੇ ਸਾਰੇ) ਪਾਪ ਸੜ ਜਾਂਦੇ ਹਨ (ਉਸ ਨੂੰ, ਮਾਨੋ) ਕ੍ਰੋੜਾਂ ਦਾਨ ਤੇ ਤੀਰਥ-ਇਸ਼ਨਾਨ (ਕਰਨ ਦਾ ਫਲ ਮਿਲ ਗਿਆ) ।1। ਰਹਾਉ। ਹੇ ਭਾਈ! (ਜੇ ਮਨੁੱਖ ਮਾਇਆ ਦੇ ਹੀ) ਹੋਰ ਹੋਰ ਜੰਜਾਲਾਂ ਵਾਸਤੇ ਵਿਅਰਥ ਭੱਜ-ਦੌੜ ਕਰਦਾ ਰਹਿੰਦਾ ਹੈ (ਅਤੇ ਹਰਿ-ਨਾਮ ਨਹੀਂ ਸਿਮਰਦਾ, ਤਾਂ) ਪਰਮਾਤਮਾ ਦੇ ਨਾਮ ਤੋਂ ਬਿਨਾ (ਨਿਰੀਆਂ) ਗਿਆਨ ਦੀਆਂ ਗੱਲਾਂ ਸਭ ਫੋਕੀਆਂ ਹੀ ਹਨ। ਜਦੋਂ ਮਨੁੱਖ ਪਰਮਾਤਮਾ ਦੇ ਭਜਨ ਦੇ ਆਨੰਦ ਵਿਚ ਸੁਰਤਿ ਜੋੜਦਾ ਹੈ, ਤਦੋਂ ਹੀ ਉਹ ਜਨਮ ਮਰਨ ਦੇ ਗੇੜ ਦੇ ਕਸ਼ਟ ਤੋਂ ਬਚਦਾ ਹੈ।1। ਹੇ ਨਾਨਕ! (ਆਖ-) ਹੇ ਸੁਖਾਂ ਦੇ ਸਮੁੰਦਰ ਪ੍ਰਭੂ! ਹੇ ਪੂਰਨ ਪ੍ਰਭੂ! ਮੈਂ ਤੇਰੀ ਸਰਨ ਆਇਆ ਹਾਂ, ਮਿਹਰ ਕਰ ਕੇ ਮੈਨੂੰ ਆਪਣੇ ਨਾਮ ਦੀ ਦਾਤਿ ਦੇਹ। ਤੇਰਾ ਨਾਮ ਸਿਮਰ ਸਿਮਰ ਕੇ ਆਤਮਕ ਜੀਵਨ ਮਿਲਦਾ ਹੈ, ਅਤੇ (ਮਨ ਵਿਚੋਂ) ਅਹੰਕਾਰ ਨਾਸ ਹੋ ਜਾਂਦਾ ਹੈ।2। 66। 89। ਸਾਰਗ ਮਹਲਾ ੫ ॥ ਧੂਰਤੁ ਸੋਈ ਜਿ ਧੁਰ ਕਉ ਲਾਗੈ ॥ ਸੋਈ ਧੁਰੰਧਰੁ ਸੋਈ ਬਸੁੰਧਰੁ ਹਰਿ ਏਕ ਪ੍ਰੇਮ ਰਸ ਪਾਗੈ ॥੧॥ ਰਹਾਉ ॥ ਬਲਬੰਚ ਕਰੈ ਨ ਜਾਨੈ ਲਾਭੈ ਸੋ ਧੂਰਤੁ ਨਹੀ ਮੂੜ੍ਹ੍ਹਾ ॥ ਸੁਆਰਥੁ ਤਿਆਗਿ ਅਸਾਰਥਿ ਰਚਿਓ ਨਹ ਸਿਮਰੈ ਪ੍ਰਭੁ ਰੂੜਾ ॥੧॥ ਸੋਈ ਚਤੁਰੁ ਸਿਆਣਾ ਪੰਡਿਤੁ ਸੋ ਸੂਰਾ ਸੋ ਦਾਨਾਂ ॥ ਸਾਧਸੰਗਿ ਜਿਨਿ ਹਰਿ ਹਰਿ ਜਪਿਓ ਨਾਨਕ ਸੋ ਪਰਵਾਨਾ ॥੨॥੬੭॥੯੦॥ {ਪੰਨਾ 1221} ਪਦ ਅਰਥ: ਧੂਰਤੁ = {DuqL} ਚਤੁਰ। ਸੋਈ = ਉਹੀ ਮਨੁੱਖ। ਜਿ = ਜਿਹੜਾ। ਧੁਰ ਕਉ = ਸਭ ਦੇ ਮੂਲ ਦੀ ਚਰਨੀਂ। ਧੁਰੰਧਰੁ = ਭਾਰ ਚੁੱਕਣ ਵਾਲਾ, ਮੁਖੀ। ਬਸੁੰਧਰੁ = {vsu = ਧਨ} ਧਨ ਧਾਰਨ ਕਰਨ ਵਾਲਾ, ਧਨੀ। ਪਾਗੈ = ਮਸਤ ਰਹਿੰਦਾ ਹੈ।1। ਰਹਾਉ। ਬਲਬੰਚ = ਠੱਗੀਆਂ। ਧੂਰਤੁ = ਚਤੁਰ,। ਮੂੜ੍ਹ੍ਹਾ = ਮੂਰਖ। ਸੁਆਰਥੁ = ਆਪਣੀ (ਅਸਲ) ਗ਼ਰਜ਼। ਅਸਾਰਥ = ਘਾਟੇ ਵਾਲੇ ਕੰਮ ਵਿਚ। ਰੂੜਾ = ਸੁੰਦਰ।1। ਸੂਰਾ = ਸੂਰਮਾ। ਦਾਨਾਂ = ਸਿਆਣਾ (wise) । ਜਿਨਿ = ਜਿਸ (ਮਨੁੱਖ) ਨੇ। ਪਰਵਾਨਾ = ਕਬੂਲ।2। ਅਰਥ: ਹੇ ਭਾਈ! ਉਹੀ ਮਨੁੱਖ (ਅਸਲ) ਚਤੁਰ ਹੈ ਜਿਹੜਾ ਜਗਤ ਦੇ ਮੂਲ-ਪ੍ਰਭੂ ਦੇ ਚਰਨਾਂ ਵਿਚ ਜੁੜਿਆ ਰਹਿੰਦਾ ਹੈ। ਉਹੀ ਮਨੁੱਖ ਮੁਖੀ ਹੈ ਉਹੀ ਮਨੁੱਖ ਧਨੀ ਹੈ, ਜਿਹੜਾ ਸਿਰਫ਼ ਪਰਮਾਤਮਾ ਦੇ ਪਿਆਰ-ਰਸ ਵਿਚ ਮਸਤ ਰਹਿੰਦਾ ਹੈ।1। ਰਹਾਉ। ਪਰ, ਹੇ ਭਾਈ! ਜਿਹੜਾ ਮਨੁੱਖ (ਹੋਰਨਾਂ ਨਾਲ) ਠੱਗੀਆਂ ਕਰਦਾ ਹੈ (ਉਹ ਆਪਣਾ ਅਸਲ) ਲਾਭ ਨਹੀਂ ਸਮਝਦਾ, ਉਹ ਚਤੁਰ ਨਹੀਂ ਉਹ ਮੂਰਖ ਹੈ। ਉਹ ਆਪਣੀ ਅਸਲ ਗ਼ਰਜ਼ ਛੱਡ ਕੇ ਘਾਟੇ ਵਾਲੇ ਕੰਮ ਵਿਚ ਰੁੱਝਾ ਰਹਿੰਦਾ ਹੈ, (ਕਿਉਂਕਿ) ਉਹ ਸੁੰਦਰ ਪ੍ਰਭੂ ਦਾ ਨਾਮ ਨਹੀਂ ਸਿਮਰਦਾ।1। ਹੇ ਭਾਈ! ਉਹੀ ਮਨੁੱਖ ਚਤੁਰ ਤੇ ਸਿਆਣਾ ਹੈ, ਉਹੀ ਮਨੁੱਖ ਪੰਡਿਤ ਸੂਰਮਾ ਤੇ ਦੱਾਨਾ ਹੈ, ਜਿਸ ਨੇ ਸਾਧ ਸੰਗਤਿ ਵਿਚ ਟਿਕ ਕੇ ਹਰਿ-ਨਾਮ ਜਪਿਆ ਹੈ। ਹੇ ਨਾਨਕ! ਉਹੀ ਮਨੁੱਖ (ਪਰਮਾਤਮਾ ਦੀ ਹਜ਼ੂਰੀ ਵਿਚ) ਕਬੂਲ ਹੁੰਦਾ ਹੈ।2। 67। 90। |
![]() |
![]() |
![]() |
![]() |
Sri Guru Granth Darpan, by Professor Sahib Singh |