ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 1222

ਸਾਰਗ ਮਹਲਾ ੫ ॥ ਹਰਿ ਹਰਿ ਸੰਤ ਜਨਾ ਕੀ ਜੀਵਨਿ ॥ ਬਿਖੈ ਰਸ ਭੋਗ ਅੰਮ੍ਰਿਤ ਸੁਖ ਸਾਗਰ ਰਾਮ ਨਾਮ ਰਸੁ ਪੀਵਨਿ ॥੧॥ ਰਹਾਉ ॥ ਸੰਚਨਿ ਰਾਮ ਨਾਮ ਧਨੁ ਰਤਨਾ ਮਨ ਤਨ ਭੀਤਰਿ ਸੀਵਨਿ ॥ ਹਰਿ ਰੰਗ ਰਾਂਗ ਭਏ ਮਨ ਲਾਲਾ ਰਾਮ ਨਾਮ ਰਸ ਖੀਵਨਿ ॥੧॥ ਜਿਉ ਮੀਨਾ ਜਲ ਸਿਉ ਉਰਝਾਨੋ ਰਾਮ ਨਾਮ ਸੰਗਿ ਲੀਵਨਿ ॥ ਨਾਨਕ ਸੰਤ ਚਾਤ੍ਰਿਕ ਕੀ ਨਿਆਈ ਹਰਿ ਬੂੰਦ ਪਾਨ ਸੁਖ ਥੀਵਨਿ ॥੨॥੬੮॥੯੧॥ {ਪੰਨਾ 1222}

ਪਦ ਅਰਥ: ਜੀਵਨਿ = ਜੀਵਨੀ, ਜੀਵਨ-ਰਹਿਤ। ਬਿਖੈ ਭੋਗ = ਵਿਸ਼ਿਆਂ ਦੇ ਭੋਗ। ਅੰਮ੍ਰਿਤ = ਆਤਮਕ ਜੀਵਨ ਦੇਣ ਵਾਲੇ। ਪੀਵਨਿ = ਪੀਂਦੇ ਹਨ {ਵਰਤਮਾਨ ਕਾਲ, ਅੱਨ ਪੁਰਖ, ਬਹੁ-ਵਚਨ}।1।

ਸੰਚਨਿ = ਇਕੱਠਾ ਕਰਦੇ ਹਨ। ਸੀਵਨਿ = ਪ੍ਰੋਂਦੇ ਹਨ। ਰਾਂਗ ਭਏ = ਰੰਗੇ ਜਾਂਦੇ ਹਨ । ਖੀਵਨਿ = ਮਸਤ ਹੋਏ ਰਹਿੰਦੇ ਹਨ।1।

ਮੀਨਾ = ਮੱਛੀ। ਸਿਉ = ਨਾਲ। ਉਰਝਾਨੋ = ਲਪਟੀ ਰਹਿੰਦੀ ਹੈ। ਸੰਗਿ = ਨਾਲ। ਲੀਵਨਿ = ਲਿਵ ਜੋੜੀ ਰੱਖਦੇ ਹਨ। ਚਾਤ੍ਰਿਕ = ਪਪੀਹਾ। ਨਿਆਈ = ਵਾਂਗ। ਪਾਨ = ਪਾਨ ਕਰ ਕੇ, ਪੀ ਕੇ। ਥੀਵਨਿ = ਹੁੰਦੇ ਹਨ।2।

ਅਰਥ: ਹੇ ਭਾਈ! ਪਰਮਾਤਮਾ ਦੇ ਭਗਤ ਆਤਮਕ ਜੀਵਨ ਦੇਣ ਵਾਲੇ ਸੁਖਾਂ ਦੇ ਸਮੁੰਦਰ ਹਰਿ-ਨਾਮ ਦਾ ਰਸ (ਸਦਾ) ਪੀਂਦੇ ਰਹਿੰਦੇ ਹਨ, ਇਹੀ ਉਹਨਾਂ ਵਾਸਤੇ ਦੁਨੀਆ ਵਾਲੇ ਵਿਸ਼ੇ ਭੋਗਾਂ ਦਾ ਸੁਆਦ ਹੈ– ਇਹ ਹੈ ਜ਼ਿੰਦਗੀ ਸੰਤ ਜਨਾਂ ਦੀ।1। ਰਹਾਉ।

ਹੇ ਭਾਈ! ਸੰਤ ਜਨ ਪਰਮਾਤਮਾ ਦਾ ਨਾਮ-ਧਨ ਇਕੱਠਾ ਕਰਦੇ ਹਨ, ਨਾਮ-ਰਤਨ ਇਕੱਠੇ ਕਰਦੇ ਹਨ, ਅਤੇ ਆਪਣੇ ਮਨ ਵਿਚ ਹਿਰਦੇ ਵਿਚ (ਉਹਨਾਂ ਨੂੰ) ਪ੍ਰੋ ਰੱਖਦੇ ਹਨ। ਪਰਮਾਤਮਾ ਦੇ ਨਾਮ-ਰੰਗ ਨਾਲ ਰੰਗੀਜ ਕੇ ਉਹਨਾਂ ਦਾ ਮਨ ਗੂੜ੍ਹੇ ਰੰਗ ਵਾਲਾ ਹੋਇਆ ਰਹਿੰਦਾ ਹੈ, ਉਹ ਹਰਿ-ਨਾਮ ਦੇ ਰਸ ਨਾਲ ਮਸਤ ਰਹਿੰਦੇ ਹਨ।1।

ਹੇ ਭਾਈ! ਜਿਵੇਂ ਮੱਛੀ ਪਾਣੀ ਨਾਲ ਲਪਟੀ ਰਹਿੰਦੀ ਹੈ (ਪਾਣੀ ਤੋਂ ਬਿਨਾ ਜੀਊ ਨਹੀਂ ਸਕਦੀ) ਤਿਵੇਂ ਸੰਤ ਜਨ ਹਰਿ-ਨਾਮ ਵਿਚ ਲੀਨ ਰਹਿੰਦੇ ਹਨ। ਹੇ ਨਾਨਕ! ਸੰਤ ਜਨ ਪਪੀਹੇ ਵਾਂਗ ਹਨ (ਜਿਵੇਂ ਪਪੀਹਾ ਸ੍ਵਾਂਤੀ ਨਛੱਤ੍ਰ ਦੀ ਵਰਖਾ ਦੀ ਬੂੰਦ ਪੀ ਕੇ ਤ੍ਰਿਪਤ ਹੁੰਦਾ ਹੈ, ਤਿਵੇਂ ਸੰਤ ਜਨ) ਪਰਮਾਤਮਾ ਦੇ ਨਾਮ ਦੀ ਬੂੰਦ ਪੀ ਕੇ ਸੁਖੀ ਹੁੰਦੇ ਹਨ।2। 68। 91।

ਸਾਰਗ ਮਹਲਾ ੫ ॥ ਹਰਿ ਕੇ ਨਾਮਹੀਨ ਬੇਤਾਲ ॥ ਜੇਤਾ ਕਰਨ ਕਰਾਵਨ ਤੇਤਾ ਸਭਿ ਬੰਧਨ ਜੰਜਾਲ ॥੧॥ ਰਹਾਉ ॥ ਬਿਨੁ ਪ੍ਰਭ ਸੇਵ ਕਰਤ ਅਨ ਸੇਵਾ ਬਿਰਥਾ ਕਾਟੈ ਕਾਲ ॥ ਜਬ ਜਮੁ ਆਇ ਸੰਘਾਰੈ ਪ੍ਰਾਨੀ ਤਬ ਤੁਮਰੋ ਕਉਨੁ ਹਵਾਲ ॥੧॥ ਰਾਖਿ ਲੇਹੁ ਦਾਸ ਅਪੁਨੇ ਕਉ ਸਦਾ ਸਦਾ ਕਿਰਪਾਲ ॥ ਸੁਖ ਨਿਧਾਨ ਨਾਨਕ ਪ੍ਰਭੁ ਮੇਰਾ ਸਾਧਸੰਗਿ ਧਨ ਮਾਲ ॥੨॥੬੯॥੯੨॥ {ਪੰਨਾ 1222}

ਪਦ ਅਰਥ: ਹੀਨ = ਸੱਖਣੇ। ਬੇਤਾਲ = ਭੂਤਨੇ, ਭੂਤ ਪ੍ਰੇਤ। ਜੇਤਾ = ਜਿਤਨਾ ਕੁਝ। ਸਭਿ = ਸਾਰੇ।1। ਰਹਾਉ।

ਅਨ = {ANX} ਹੋਰ (ਦੀ) । ਕਾਟੈ = ਗੁਜ਼ਾਰਦਾ ਹੈ। ਕਾਲ = (ਜ਼ਿੰਦਗੀ ਦਾ) ਸਮਾ। ਸੰਘਾਰੈ = (ਜਾਨੋਂ) ਮਾਰਦਾ ਹੈ। ਪ੍ਰਾਨੀ = ਹੇ ਪ੍ਰਾਣੀ! ਕਉਨੁ ਹਵਾਲ = ਕੀਹ ਹਾਲ?।1।

ਕਿਰਪਾਲ = ਹੇ ਕਿਰਪਾਲ! ਸੁਖ ਨਿਧਾਨ = ਸੁਖਾਂ ਦਾ ਖ਼ਜ਼ਾਨਾ। ਸਾਧ ਸੰਗਿ = ਸਾਧ ਸੰਗਤਿ ਵਿਚ।2।

ਅਰਥ: ਹੇ ਭਾਈ! ਪਰਮਾਤਮਾ ਦੇ ਨਾਮ ਤੋਂ ਜੋ ਮਨੁੱਖ ਸੱਖਣੇ ਰਹਿੰਦੇ ਹਨ (ਆਤਮਕ ਜੀਵਨ ਦੀ ਕਸਵੱਟੀ ਅਨੁਸਾਰ) ਉਹ ਭੂਤ-ਪ੍ਰੇਤ ਹੀ ਹਨ। (ਅਜਿਹੇ ਮਨੁੱਖ) ਜਿਤਨਾ ਕੁਝ ਕਰਦੇ ਹਨ ਜਾਂ ਕਰਾਂਦੇ ਹਨ, ਉਹਨਾਂ ਦੇ ਉਹ ਸਾਰੇ ਕੰਮ ਮਾਇਆ ਦੀਆਂ ਫਾਹੀਆਂ ਮਾਇਆ ਦੇ ਜੰਜਾਲ (ਵਧਾਂਦੇ ਹਨ) ।1। ਰਹਾਉ।

ਹੇ ਭਾਈ! ਪਰਮਾਤਮਾ ਦੀ ਭਗਤੀ ਤੋਂ ਬਿਨਾ ਹੋਰ ਹੋਰ ਦੀ ਸੇਵਾ ਕਰਦਿਆਂ (ਮਨੁੱਖ ਆਪਣੀ ਜ਼ਿੰਦਗੀ ਦਾ) ਸਮਾ ਵਿਅਰਥ ਬਿਤਾਂਦਾ ਹੈ। ਹੇ ਪ੍ਰਾਣੀ! (ਜੇ ਤੂੰ ਹਰਿ-ਨਾਮ ਤੋਂ ਬਿਨਾ ਹੀ ਰਿਹਾ, ਤਾਂ) ਜਦੋਂ ਜਮਰਾਜ ਆ ਕੇ ਮਾਰਦਾ ਹੈ, ਤਦੋਂ (ਸੋਚ) ਤੇਰਾ ਕੀਹ ਹਾਲ ਹੋਵੇਗਾ?।1।

ਹੇ ਸਦਾ ਹੀ ਦਇਆ ਦੇ ਸੋਮੇ! ਆਪਣੇ ਦਾਸ (ਨਾਨਕ) ਦੀ ਆਪ ਰੱਖਿਆ ਕਰ (ਤੇ, ਆਪਣਾ ਨਾਮ ਬਖ਼ਸ਼) । ਹੇ ਨਾਨਕ! (ਆਖ– ਹੇ ਭਾਈ!) ਮੇਰਾ ਪ੍ਰਭੂ ਸਾਰੇ ਸੁਖਾਂ ਦਾ ਖ਼ਜ਼ਾਨਾ ਹੈ, ਉਸ ਦਾ ਨਾਮ-ਧਨ ਸਾਧ ਸੰਗਤਿ ਵਿਚ ਹੀ ਮਿਲਦਾ ਹੈ।2। 69। 92।

ਸਾਰਗ ਮਹਲਾ ੫ ॥ ਮਨਿ ਤਨਿ ਰਾਮ ਕੋ ਬਿਉਹਾਰੁ ॥ ਪ੍ਰੇਮ ਭਗਤਿ ਗੁਨ ਗਾਵਨ ਗੀਧੇ ਪੋਹਤ ਨਹ ਸੰਸਾਰੁ ॥੧॥ ਰਹਾਉ ॥ ਸ੍ਰਵਣੀ ਕੀਰਤਨੁ ਸਿਮਰਨੁ ਸੁਆਮੀ ਇਹੁ ਸਾਧ ਕੋ ਆਚਾਰੁ ॥ ਚਰਨ ਕਮਲ ਅਸਥਿਤਿ ਰਿਦ ਅੰਤਰਿ ਪੂਜਾ ਪ੍ਰਾਨ ਕੋ ਆਧਾਰੁ ॥੧॥ ਪ੍ਰਭ ਦੀਨ ਦਇਆਲ ਸੁਨਹੁ ਬੇਨੰਤੀ ਕਿਰਪਾ ਅਪਨੀ ਧਾਰੁ ॥ ਨਾਮੁ ਨਿਧਾਨੁ ਉਚਰਉ ਨਿਤ ਰਸਨਾ ਨਾਨਕ ਸਦ ਬਲਿਹਾਰੁ ॥੨॥੭੦॥੯੩॥

ਪਦ ਅਰਥ: ਮਨਿ = ਮਨ ਵਿਚ। ਤਨਿ = ਤਨ ਵਿਚ। ਕੋ = ਦਾ। ਬਿਉਹਾਰੁ = ਆਹਰ। ਗੀਧੋ = ਗਿੱਝੇ ਹੋਏ। ਸੰਸਾਰੁ = ਜਗਤ (ਦਾ ਮੋਹ) ।1। ਰਹਾਉ।

ਸ੍ਰਵਣੀ = ਕੰਨਾਂ ਨਾਲ। ਆਚਾਰੁ = ਨਿੱਤ ਦੀ ਕਾਰ। ਅਸਥਿਤਿ = ਟਿਕਾਉ। ਰਿਦ = ਹਿਰਦਾ। ਆਧਾਰੁ = ਆਸਰਾ।1।

ਪ੍ਰਭ = ਹੇ ਪ੍ਰਭੂ! ਨਿਧਾਨੁ = ਖ਼ਜ਼ਾਨਾ। ਉਚਰਉ = ਉਚਰਉਂ, ਮੈਂ ਉਚਾਰਦਾ ਰਹਾਂ। ਨਿਤ = ਸਦਾ। ਰਸਨਾ = ਜੀਭ ਨਾਲ। ਸਦ = ਸਦਾ।2।

ਅਰਥ: ਹੇ ਭਾਈ! ਜਿਨ੍ਹਾਂ ਮਨੁੱਖਾਂ ਦੇ ਮਨ ਵਿਚ ਹਿਰਦੇ ਵਿਚ (ਸਦਾ) ਪਰਮਾਤਮਾ ਦਾ (ਨਾਮ ਸਿਮਰਨ ਦਾ ਹੀ) ਆਹਰ ਹੈ, ਜਿਹੜੇ ਮਨੁੱਖ ਪ੍ਰਭੂ-ਪ੍ਰੇਮ ਅਤੇ ਹਰਿ-ਭਗਤੀ (ਦੇ ਮਤਵਾਲੇ ਹਨ) ਜੋ ਪ੍ਰਭੂ ਦੇ ਗੁਣ ਗਾਣ ਵਿਚ ਗਿੱਝੇ ਹੋਏ ਹਨ, ਉਹਨਾਂ ਨੂੰ ਜਗਤ (ਦਾ ਮੋਹ) ਪੋਹ ਨਹੀਂ ਸਕਦਾ।1। ਰਹਾਉ।

ਹੇ ਭਾਈ! ਕੰਨਾਂ ਨਾਲ ਮਾਲਕ-ਪ੍ਰਭੂ ਦੀ ਸਿਫ਼ਤਿ-ਸਾਲਾਹ ਸੁਣਨੀ, (ਜੀਭ ਨਾਲ ਮਾਲਕ ਦਾ ਨਾਮ) ਸਿਮਰਨਾ = ਸੰਤ ਜਨਾਂ ਦੀ ਇਹ ਨਿੱਤ ਦੀ ਕਾਰ ਹੋਇਆ ਕਰਦੀ ਹੈ। ਉਹਨਾਂ ਦੇ ਹਿਰਦੇ ਵਿਚ ਪਰਮਾਤਮਾ ਦੇ ਸੋਹਣੇ ਚਰਨਾਂ ਦਾ ਸਦਾ ਟਿਕਾਉ ਬਣਿਆ ਰਹਿੰਦਾ ਹੈ, ਪ੍ਰਭੂ ਦੀ ਪੂਜਾ-ਭਗਤੀ ਉਹਨਾਂ ਦੇ ਪ੍ਰਾਣਾਂ ਦਾ ਆਸਰਾ ਹੁੰਦਾ ਹੈ।1।

ਹੇ ਨਾਨਕ (ਆਖ-) ਹੇ ਦੀਨਾਂ ਉਤੇ ਦਇਆ ਕਰਨ ਵਾਲੇ ਪ੍ਰਭੂ ! (ਮੇਰੀ) ਬੇਨਤੀ ਸੁਣ, (ਮੇਰੇ ਉਤੇ) ਆਪਣੀ ਮਿਹਰ ਕਰ। ਤੇਰਾ ਨਾਮ ਹੀ (ਮੇਰੇ ਵਾਸਤੇ ਸਭ ਪਦਾਰਥਾਂ ਦਾ) ਖ਼ਜ਼ਾਨਾ ਹੈ (ਮਿਹਰ ਕਰ, ਮੈਂ ਇਹ ਨਾਮ) ਜੀਭ ਨਾਲ ਸਦਾ ਉਚਰਦਾ ਰਹਾਂ, ਅਤੇ ਤੈਥੋਂ ਸਦਾ ਸਦਕੇ ਹੁੰਦਾ ਰਹਾਂ।2। 70। 93।

ਸਾਰਗ ਮਹਲਾ ੫ ॥ ਹਰਿ ਕੇ ਨਾਮਹੀਨ ਮਤਿ ਥੋਰੀ ॥ ਸਿਮਰਤ ਨਾਹਿ ਸਿਰੀਧਰ ਠਾਕੁਰ ਮਿਲਤ ਅੰਧ ਦੁਖ ਘੋਰੀ ॥੧॥ ਰਹਾਉ ॥ ਹਰਿ ਕੇ ਨਾਮ ਸਿਉ ਪ੍ਰੀਤਿ ਨ ਲਾਗੀ ਅਨਿਕ ਭੇਖ ਬਹੁ ਜੋਰੀ ॥ ਤੂਟਤ ਬਾਰ ਨ ਲਾਗੈ ਤਾ ਕਉ ਜਿਉ ਗਾਗਰਿ ਜਲ ਫੋਰੀ ॥੧॥ ਕਰਿ ਕਿਰਪਾ ਭਗਤਿ ਰਸੁ ਦੀਜੈ ਮਨੁ ਖਚਿਤ ਪ੍ਰੇਮ ਰਸ ਖੋਰੀ ॥ ਨਾਨਕ ਦਾਸ ਤੇਰੀ ਸਰਣਾਈ ਪ੍ਰਭ ਬਿਨੁ ਆਨ ਨ ਹੋਰੀ ॥੨॥੭੧॥੯੪॥ {ਪੰਨਾ 1222}

ਅਰਥ: ਹੀਨ = ਸੱਖਣੇ। ਥੋਰੀ = ਥੋੜੀ, ਹੋਛੀ। ਸਿਰੀਧਰ = ਲੱਛਮੀ ਦਾ ਆਸਰਾ ਪ੍ਰਭੂ। ਅੰਧ = (ਮਾਇਆ ਦੇ ਮੋਹ ਵਿਚ) ਅੰਨ੍ਹੇ ਹੋ ਚੁਕੇ ਮਨੁੱਖਾਂ ਨੂੰ। ਘੋਰੀ = ਘੋਰ, ਭਿਆਨਕ।1। ਰਹਾਉ।

ਸਿਉ = ਨਾਲ। ਭੇਖ = (ਵਿਖਾਵੇ-ਮਾਤ੍ਰ) ਧਾਰਮਿਕ ਪਹਿਰਾਵੇ। ਜੋਰੀ = ਜੋੜੀ (ਪ੍ਰੀਤ) । ਬਾਰ = ਚਿਰ। ਤਾ ਕਉ ਤੂਟਤ = ਉਸ (ਪ੍ਰੀਤ) ਨੂੰ ਟੁੱਟਦਿਆਂ। ਫੋਰੀ = ਟੁੱਟੀ ਹੋਈ।1।

ਦੀਜੈ = ਦੇਹ। ਖਚਿਤ = ਮਸਤ ਰਹੇ। ਖੋਰੀ = ਖ਼ੁਮਾਰੀ ਵਿਚ। ਆਨ = {ANX} ਹੋਰ ਦੂਜਾ।2।

ਅਰਥ: ਹੇ ਭਾਈ! ਜਿਹੜੇ ਮਨੁੱਖ ਪਰਮਾਤਮਾ ਦੇ ਨਾਮ ਤੋਂ ਵਾਂਝੇ ਰਹਿੰਦੇ ਹਨ, ਉਹਨਾਂ ਦੀ ਮਤਿ ਹੋਛੀ ਜਿਹੀ ਹੀ ਬਣ ਜਾਂਦੀ ਹੈ। ਉਹ ਲੱਖਮੀ-ਪਤੀ ਮਾਲਕ-ਪ੍ਰਭੂ ਦਾ ਨਾਮ ਨਹੀਂ ਸਿਮਰਦੇ। ਮਾਇਆ ਦੇ ਮੋਹ ਵਿਚ ਅੰਨ੍ਹੇ ਹੋ ਚੁਕੇ ਉਹਨਾਂ ਮਨੁੱਖਾਂ ਨੂੰ ਭਿਆਨਕ (ਆਤਮਕ) ਦੁੱਖ-ਕਲੇਸ ਵਾਪਰਦੇ ਰਹਿੰਦੇ ਹਨ।1। ਰਹਾਉ।

ਹੇ ਭਾਈ! ਜਿਹੜੇ ਮਨੁੱਖ ਪਰਮਾਤਮਾ ਦੇ ਨਾਮ ਨਾਲ ਪਿਆਰ ਨਹੀਂ ਪਾਂਦੇ, ਪਰ ਅਨੇਕਾਂ ਧਾਰਮਿਕ ਭੇਖਾਂ ਨਾਲ ਪ੍ਰੀਤ ਜੋੜੀ ਰੱਖਦੇ ਹਨ, ਉਹਨਾਂ ਦੀ ਇਸ ਪ੍ਰੀਤ ਦੇ ਟੁੱਟਦਿਆਂ ਚਿਰ ਨਹੀਂ ਲੱਗਦਾ, ਜਿਵੇਂ ਟੁੱਟੀ ਹੋਈ ਗਾਗਰ ਵਿਚ ਪਾਣੀ ਨਹੀਂ ਠਹਿਰ ਸਕਦਾ।1।

ਹੇ ਨਾਨਕ! (ਆਖ– ਹੇ ਪ੍ਰਭੂ!) ਮਿਹਰ ਕਰ, ਮੈਨੂੰ ਆਪਣੀ ਭਗਤੀ ਦਾ ਸੁਆਦ ਬਖ਼ਸ਼, ਮੇਰਾ ਮਨ ਤੇਰੇ ਪ੍ਰੇਮ-ਰਸ ਦੀ ਖ਼ੁਮਾਰੀ ਵਿਚ ਮਸਤ ਰਹੇ। ਹੇ ਪ੍ਰਭੂ! (ਤੇਰਾ) ਦਾਸ ਨਾਨਕ ਤੇਰੀ ਸਰਨ ਆਇਆ ਹੈ। ਹੇ ਪ੍ਰਭੂ! ਤੈਥੋਂ ਬਿਨਾ ਮੇਰਾ ਕੋਈ ਹੋਰ ਦੂਜਾ ਸਹਾਰਾ ਨਹੀਂ ਹੈ।2। 71। 94।

ਸਾਰਗ ਮਹਲਾ ੫ ॥ ਚਿਤਵਉ ਵਾ ਅਉਸਰ ਮਨ ਮਾਹਿ ॥ ਹੋਇ ਇਕਤ੍ਰ ਮਿਲਹੁ ਸੰਤ ਸਾਜਨ ਗੁਣ ਗੋਬਿੰਦ ਨਿਤ ਗਾਹਿ ॥੧॥ ਰਹਾਉ ॥ ਬਿਨੁ ਹਰਿ ਭਜਨ ਜੇਤੇ ਕਾਮ ਕਰੀਅਹਿ ਤੇਤੇ ਬਿਰਥੇ ਜਾਂਹਿ ॥ ਪੂਰਨ ਪਰਮਾਨੰਦ ਮਨਿ ਮੀਠੋ ਤਿਸੁ ਬਿਨੁ ਦੂਸਰ ਨਾਹਿ ॥੧॥ ਜਪ ਤਪ ਸੰਜਮ ਕਰਮ ਸੁਖ ਸਾਧਨ ਤੁਲਿ ਨ ਕਛੂਐ ਲਾਹਿ ॥ ਚਰਨ ਕਮਲ ਨਾਨਕ ਮਨੁ ਬੇਧਿਓ ਚਰਨਹ ਸੰਗਿ ਸਮਾਹਿ ॥੨॥੭੨॥੯੫॥ {ਪੰਨਾ 1222}

ਪਦ ਅਰਥ: ਚਿਤਵਉ = ਚਿਤਵਉਂ, ਮੈਂ ਚਿਤਾਰਦਾ ਰਹਿੰਦਾ ਹਾਂ। ਵਾ ਅਉਸਰ = ਉਹ ਸਮਾ, ਉਹ ਮੌਕਾ। ਮਿਲਉ = ਮਿਲਉਂ, ਮੈਂ ਮਿਲਾਂ। ਨਿਤ = ਸਦਾ। ਗਾਹਿ = ਗਾਂਦੇ ਹਨ।1। ਰਹਾਉ।

ਜੇਤੇ = ਜਿਤਨੇ ਹੀ। ਕਰੀਅਹਿ = ਕੀਤੇ ਜਾਂਦੇ ਹਨ। ਤੇਤੇ = ਉਹ ਸਾਰੇ। ਬਿਰਥੇ = ਵਿਅਰਥ, ਨਿਸਫਲ। ਜਾਹਿ = ਜਾਂਦੇ ਹਨ। ਮਨਿ = ਮਨ ਵਿਚ। ਮੀਠੋ = ਮਿੱਠਾ।1।

ਸੰਜਮੁ = ਇੰਦ੍ਰਿਆਂ ਨੂੰ ਵਿਕਾਰਾਂ ਵਲੋਂ ਰੋਕਣ ਦੇ ਸਾਧਨ। ਸੁਖ ਸਾਧਨ = ਸੁਖ ਪ੍ਰਾਪਤ ਕਰਨ ਦੇ ਸਾਧਨ। ਕਛੂਐ = ਕੁਝ ਭੀ। ਤੁਲਿ = (ਗੁਣ ਗਾਵਣ ਦੇ) ਬਰਾਬਰ। ਲਾਹਿ = ਲੈਂਦੇ, ਲਹਹਿ, ਸਮਝਦੇ। ਬੇਧਿਓ = ਵਿੱਝ ਗਿਆ। ਸੰਗਿ = ਨਾਲ। ਸਮਾਹਿ = ਲੀਨ ਰਹਿੰਦੇ ਹਨ।2।

ਅਰਥ: ਹੇ ਭਾਈ! ਮੈਂ ਤਾਂ ਆਪਣੇ ਮਨ ਵਿਚ ਉਸ ਮੌਕੇ ਨੂੰ ਉਡੀਕਦਾ ਰਹਿੰਦਾ ਹਾਂ, ਜਦੋਂ ਮੈਂ ਸੰਤਾਂ ਸੱਜਣਾਂ ਨੂੰ ਮਿਲਾਂ ਜਿਹੜੇ ਨਿੱਤ ਇਕੱਠੇ ਹੋ ਕੇ ਪਰਮਾਤਮਾ ਦੇ ਗੁਣ ਗਾਂਦੇ ਰਹਿੰਦੇ ਹਨ।1। ਰਹਾਉ।

ਹੇ ਭਾਈ! ਪਰਮਾਤਮਾ ਦੇ ਭਜਨ ਤੋਂ ਬਿਨਾ ਹੋਰ ਜਿਤਨੇ ਭੀ ਕੰਮ ਕੀਤੇ ਜਾਂਦੇ ਹਨ, ਉਹ ਸਾਰੇ (ਜਿੰਦ ਦੇ ਭਾ ਦੇ) ਵਿਅਰਥ ਚਲੇ ਜਾਂਦੇ ਹਨ। ਸਰਬ-ਵਿਆਪਕ ਅਤੇ ਸਭ ਤੋਂ ਉੱਚੇ ਆਨੰਦ ਦੇ ਮਾਲਕ ਦਾ ਨਾਮ ਮਨ ਵਿਚ ਮਿੱਠਾ ਲੱਗਣਾ = ਇਹੀ ਹੈ ਅਸਲ ਲਾਹੇਵੰਦਾ ਕੰਮ, (ਕਿਉਂਕਿ) ਉਸ ਪਰਮਾਤਮਾ ਤੋਂ ਬਿਨਾ ਹੋਰ ਕੋਈ (ਸਾਥੀ) ਨਹੀਂ ਹੈ।1।

ਹੇ ਨਾਨਕ! (ਆਖ-) ਜਪ ਤਪ ਸੰਜਮ ਆਦਿਕ ਹਠ-ਕਰਮ ਅਤੇ ਸੁਖ ਦੀ ਭਾਲ ਦੇ ਹੋਰ ਸਾਧਨ = ਪਰਮਾਤਮਾ ਦੇ ਨਾਮ ਦੀ ਬਰਾਬਰੀ ਨਹੀਂ ਕਰ ਸਕਦੇ ਤੇ ਸੰਤ ਜਨ ਇਹਨਾਂ ਨੂੰ ਕੁਝ ਭੀ ਨਹੀਂ ਸਮਝਦੇ (ਤੁੱਛ ਸਮਝਦੇ ਹਨ) । ਸੰਤ ਜਨਾਂ ਦਾ ਮਨ ਪਰਮਾਤਮਾ ਦੇ ਸੋਹਣੇ ਚਰਨਾਂ ਵਿਚ ਵਿੱਝਿਆ ਰਹਿੰਦਾ ਹੈ, ਸੰਤ ਜਨ ਪਰਮਾਤਮਾ ਦੇ ਚਰਨਾਂ ਵਿਚ ਹੀ ਲੀਨ ਰਹਿੰਦੇ ਹਨ।2। 72। 95।

ਸਾਰਗ ਮਹਲਾ ੫ ॥ ਮੇਰਾ ਪ੍ਰਭੁ ਸੰਗੇ ਅੰਤਰਜਾਮੀ ॥ ਆਗੈ ਕੁਸਲ ਪਾਛੈ ਖੇਮ ਸੂਖਾ ਸਿਮਰਤ ਨਾਮੁ ਸੁਆਮੀ ॥੧॥ ਰਹਾਉ ॥ ਸਾਜਨ ਮੀਤ ਸਖਾ ਹਰਿ ਮੇਰੈ ਗੁਨ ਗੋੁਪਾਲ ਹਰਿ ਰਾਇਆ ॥ ਬਿਸਰਿ ਨ ਜਾਈ ਨਿਮਖ ਹਿਰਦੈ ਤੇ ਪੂਰੈ ਗੁਰੂ ਮਿਲਾਇਆ ॥੧॥ ਕਰਿ ਕਿਰਪਾ ਰਾਖੇ ਦਾਸ ਅਪਨੇ ਜੀਅ ਜੰਤ ਵਸਿ ਜਾ ਕੈ ॥ ਏਕਾ ਲਿਵ ਪੂਰਨ ਪਰਮੇਸੁਰ ਭਉ ਨਹੀ ਨਾਨਕ ਤਾ ਕੈ ॥੨॥੭੩॥੯੬॥ {ਪੰਨਾ 1222-1223}

ਪਦ ਅਰਥ: ਸੰਗੇ = ਨਾਲ ਹੀ। ਅੰਤਰਜਾਮੀ = (ਹਰੇਕ ਦੇ) ਦਿਲ ਦੀ ਜਾਣਨ ਵਾਲਾ। ਆਗੈ = ਅਗਾਂਹ ਆਉਣ ਵਾਲੇ ਸਮੇ ਵਿਚ, ਪਰਲੋਕ ਵਿਚ। ਪਾਛੈ = ਗੁਜ਼ਰ ਚੁਕੇ ਸਮੇ ਵਿਚ, ਇਸ ਲੋਕ ਵਿਚ। ਕੁਸਲ, ਖੇਮ = ਸੁਖ-ਸਾਂਦ।1। ਰਹਾਉ।

ਮੇਰੈ = ਮੇਰੇ ਵਾਸਤੇ, ਮੇਰੇ ਭਾ ਦਾ, ਮੇਰੇ ਮਨ ਵਿਚ। ਗੋੁਪਾਲ = {ਅੱਖਰ 'ਗ' ਦੇ ਨਾਲ ਦੋ ਲਗਾਂ ਹਨ: ੋ ਅਤੇ ੁ। ਅਸਲ ਲਫ਼ਜ਼ ਹੈ 'ਗੋਪਾਲ'। ਇਥੇ 'ਗੁਪਾਲ' ਪੜ੍ਹਨਾ ਹੈ}। ਰਾਇਆ = ਰਾਜਾ, ਪਾਤਿਸ਼ਾਹ। ਨਿਮਖ = {inmy = } ਅੱਖ ਝਮਕਣ ਜਿਤਨਾ ਸਮਾ। ਤੇ = ਤੋਂ। ਪੂਰੈ ਗੁਰੂ = ਪੂਰੇ ਗੁਰੂ ਨੇ।1।

ਕਰਿ = ਕਰ ਕੇ। ਰਾਖੇ = ਰੱਖਿਆ ਕਰਦਾ ਹੈ। ਵਸਿ ਜਾ ਕੈ = ਜਿਸ ਦੇ ਵੱਸ ਵਿਚ। ਲਿਵ = ਲਗਨ। ਪੂਰਨ = ਸਰਬ-ਵਿਆਪਕ। ਤਾ ਕੈ = ਉਸ ਦੇ ਮਨ ਵਿਚ।2।

ਅਰਥ: ਹੇ ਭਾਈ! ਸਭ ਦੇ ਦਿਲ ਦੀ ਜਾਣਨ ਵਾਲਾ ਮੇਰਾ ਪ੍ਰਭੂ (ਹਰ ਵੇਲੇ ਮੇਰੇ) ਨਾਲ ਹੈ– (ਜਿਸ ਮਨੁੱਖ ਨੂੰ ਨਿਸਚਾ ਬਣ ਜਾਂਦਾ ਹੈ, ਉਸ ਨੂੰ) ਮਾਲਕ-ਪ੍ਰਭੂ ਦਾ ਨਾਮ ਸਿਮਰਦਿਆਂ ਪਰਲੋਕ ਤੇ ਇਸ ਲੋਕ ਵਿਚ ਸਦਾ ਸੁਖ-ਆਨੰਦ ਬਣਿਆ ਰਹਿੰਦਾ ਹੈ।1। ਰਹਾਉ।

ਹੇ ਭਾਈ! ਜਿਸ ਮਨੁੱਖ ਨੂੰ ਪੂਰੇ ਗੁਰੂ ਨੇ ਪਰਮਾਤਮਾ ਨਾਲ ਮਿਲਾ ਦਿੱਤਾ, ਉਸ ਦੇ ਹਿਰਦੇ ਤੋਂ ਪਰਮਾਤਮਾ ਦੀ ਯਾਦ ਅੱਖ ਝਮਕਣ ਜਿਤਨੇ ਸਮੇ ਲਈ ਭੀ ਨਹੀਂ ਭੁੱਲਦੀ (ਉਸ ਨੂੰ ਇਹ ਨਿਸਚਾ ਰਹਿੰਦਾ ਹੈ ਕਿ) ਪ੍ਰਭੂ ਹੀ ਮੇਰੇ ਵਾਸਤੇ ਸੱਜਣ ਮਿੱਤਰ ਹੈ, ਗੋਪਾਲ ਪ੍ਰਭੂ ਪਾਤਿਸ਼ਾਹ ਦੇ ਗੁਣ ਹੀ ਮੇਰੇ ਸਾਥੀ ਹਨ।1।

ਹੇ ਨਾਨਕ! (ਆਖ– ਹੇ ਭਾਈ!) ਜਿਸ ਪਰਮਾਤਮਾ ਦੇ ਵੱਸ ਵਿਚ ਸਾਰੇ ਜੀਅ ਜੰਤ ਹਨ, ਉਹ ਮਿਹਰ ਕਰ ਕੇ ਆਪਣੇ ਦਾਸਾਂ ਦੀ ਰੱਖਿਆ ਆਪ ਕਰਦਾ ਆਇਆ ਹੈ। ਜਿਸ ਮਨੁੱਖ ਦੇ ਅੰਦਰ ਸਰਬ-ਵਿਆਪਕ ਪਰਮਾਤਮਾ ਦੀ ਹੀ ਹਰ ਵੇਲੇ ਪ੍ਰੀਤ ਹੈ, ਉਸ ਦੇ ਮਨ ਵਿਚ (ਕਿਸੇ ਤਰ੍ਹਾਂ ਦਾ ਕੋਈ) ਡਰ ਨਹੀਂ ਰਹਿੰਦਾ।2। 73। 96।

TOP OF PAGE

Sri Guru Granth Darpan, by Professor Sahib Singh