ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 1223

ਸਾਰਗ ਮਹਲਾ ੫ ॥ ਜਾ ਕੈ ਰਾਮ ਕੋ ਬਲੁ ਹੋਇ ॥ ਸਗਲ ਮਨੋਰਥ ਪੂਰਨ ਤਾਹੂ ਕੇ ਦੂਖੁ ਨ ਬਿਆਪੈ ਕੋਇ ॥੧॥ ਰਹਾਉ ॥ ਜੋ ਜਨੁ ਭਗਤੁ ਦਾਸੁ ਨਿਜੁ ਪ੍ਰਭ ਕਾ ਸੁਣਿ ਜੀਵਾਂ ਤਿਸੁ ਸੋਇ ॥ ਉਦਮੁ ਕਰਉ ਦਰਸਨੁ ਪੇਖਨ ਕੌ ਕਰਮਿ ਪਰਾਪਤਿ ਹੋਇ ॥੧॥ ਗੁਰ ਪਰਸਾਦੀ ਦ੍ਰਿਸਟਿ ਨਿਹਾਰਉ ਦੂਸਰ ਨਾਹੀ ਕੋਇ ॥ ਦਾਨੁ ਦੇਹਿ ਨਾਨਕ ਅਪਨੇ ਕਉ ਚਰਨ ਜੀਵਾਂ ਸੰਤ ਧੋਇ ॥੨॥੭੪॥੯੭॥ {ਪੰਨਾ 1223}

ਪਦ ਅਰਥ: ਜਾ ਕੈ = ਜਿਸ ਮਨੁੱਖ ਦੇ ਹਿਰਦੇ ਵਿਚ। ਕੋ = ਦਾ। ਤਾਹੂ = ਉਸ (ਮਨੁੱਖ) ਦੇ। ਨ ਬਿਆਪੈ = ਆਪਣਾ ਜ਼ੋਰ ਨਹੀਂ ਪਾ ਸਕਦਾ।1। ਰਹਾਉ।

ਨਿਜੁ = ਖਾਸ ਆਪਣਾ। ਸੁਣਿ = ਸੁਣ ਕੇ। ਜੀਵਾਂ = ਮੈਂ ਆਤਮਕ ਜੀਵਨ ਹਾਸਲ ਕਰਦਾ ਹਾਂ। ਸੋਇ = ਸੋਭਾ। ਕਰਉ = ਕਰਉਂ, ਮੈਂ ਕਰਦਾ ਹਾਂ। ਕੌ = ਵਾਸਤੇ। ਕਰਮਿ = ਕਰਮ ਦੀ ਰਾਹੀਂ, ਬਖ਼ਸ਼ਸ਼ ਦੀ ਰਾਹੀਂ, (ਪਰਮਾਤਮਾ ਦੀ) ਮਿਹਰ ਨਾਲ।1।

ਪਰਸਾਦੀ = ਪਰਸਾਦਿ, ਕਿਰਪਾ ਨਾਲ। ਨਿਹਾਰਉ = ਨਿਹਾਰਉਂ, ਮੈਂ ਵੇਖਦਾ ਹਾਂ। ਕਉ = ਨੂੰ। ਧੋਇ = ਧੋ ਕੇ।2।

ਅਰਥ: ਹੇ ਭਾਈ! ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦੀ ਮਿਹਰ ਦਾ ਸਹਾਰਾ ਹੁੰਦਾ ਹੈ, ਉਸ ਮਨੁੱਖ ਦੇ ਸਾਰੇ ਮਨੋਰਥ ਪੂਰੇ ਹੋ ਜਾਂਦੇ ਹਨ, ਉਸ ਉੱਤੇ ਕੋਈ ਦੁੱਖ ਆਪਣਾ ਜ਼ੋਰ ਨਹੀਂ ਪਾ ਸਕਦਾ।1। ਰਹਾਉ।

ਹੇ ਭਾਈ! ਜਿਹੜਾ ਮਨੁੱਖ ਪਰਮਾਤਮਾ ਦਾ ਖ਼ਾਸ ਆਪਣਾ ਦਾਸ ਭਗਤ ਬਣ ਜਾਂਦਾ ਹੈ, ਮੈਂ ਉਸ ਦੀ ਸੋਭਾ ਸੁਣ ਕੇ ਆਤਮਕ ਜੀਵਨ ਹਾਸਲ ਕਰਦਾ ਹਾਂ। ਮੈਂ ਉਸ ਦਾ ਦਰਸਨ ਕਰਨ ਵਾਸਤੇ ਜਤਨ ਕਰਦਾ ਹਾਂ। ਪਰ (ਸੰਤ ਜਨ ਦਾ ਦਰਸਨ ਭੀ ਪਰਮਾਤਮਾ ਦੀ) ਮਿਹਰ ਨਾਲ ਹੀ ਹੁੰਦਾ ਹੈ।1।

ਹੇ ਭਾਈ! ਗੁਰੂ ਦੀ ਮਿਹਰ ਦਾ ਸਦਕਾ ਮੈਂ ਆਪਣੀ ਅੱਖੀਂ ਵੇਖ ਰਿਹਾ ਹਾਂ ਕਿ (ਪਰਮਾਤਮਾ ਦੇ ਬਰਾਬਰ ਦਾ) ਕੋਈ ਹੋਰ ਦੂਜਾ ਨਹੀਂ ਹੈ। ਹੇ ਨਾਨਕ! (ਆਖ– ਹੇ ਪ੍ਰਭੂ!) ਮੈਨੂੰ ਆਪਣੇ ਦਾਸ ਨੂੰ ਇਹ ਖ਼ੈਰ ਪਾ ਕਿ ਮੈਂ ਸੰਤ ਜਨਾਂ ਦੇ ਚਰਨ ਧੋ ਧੋ ਕੇ ਆਤਮਕ ਜੀਵਨ ਪ੍ਰਾਪਤ ਕਰਦਾ ਰਹਾਂ।2। 74। 97।

ਸਾਰਗ ਮਹਲਾ ੫ ॥ ਜੀਵਤੁ ਰਾਮ ਕੇ ਗੁਣ ਗਾਇ ॥ ਕਰਹੁ ਕ੍ਰਿਪਾ ਗੋਪਾਲ ਬੀਠੁਲੇ ਬਿਸਰਿ ਨ ਕਬ ਹੀ ਜਾਇ ॥੧॥ ਰਹਾਉ ॥ ਮਨੁ ਤਨੁ ਧਨੁ ਸਭੁ ਤੁਮਰਾ ਸੁਆਮੀ ਆਨ ਨ ਦੂਜੀ ਜਾਇ ॥ ਜਿਉ ਤੂ ਰਾਖਹਿ ਤਿਵ ਹੀ ਰਹਣਾ ਤੁਮ੍ਹ੍ਹਰਾ ਪੈਨ੍ਹ੍ਹੈ ਖਾਇ ॥੧॥ ਸਾਧਸੰਗਤਿ ਕੈ ਬਲਿ ਬਲਿ ਜਾਈ ਬਹੁੜਿ ਨ ਜਨਮਾ ਧਾਇ ॥ ਨਾਨਕ ਦਾਸ ਤੇਰੀ ਸਰਣਾਈ ਜਿਉ ਭਾਵੈ ਤਿਵੈ ਚਲਾਇ ॥੨॥੭੫॥੯੮॥ {ਪੰਨਾ 1223}

ਪਦ ਅਰਥ: ਜੀਵਤੁ = ਆਤਮਕ ਜੀਵਨ ਪ੍ਰਾਪਤ ਕਰਦਾ ਹੈ। ਗਾਇ = ਗਾ ਕੇ। ਗੋਪਾਲ = ਹੇ ਗੋਪਾਲ! ਬੀਠੁਲੇ = ਹੇ ਬੀਠਲ! {iv-ÔQl = ਮਾਇਆ ਦੇ ਪ੍ਰਭਾਵ ਤੋਂ ਪਰੇ ਟਿਕਿਆ ਹੋਇਆ} ਹੇ ਨਿਰਲੇਪ ਪ੍ਰਭੂ! ਕਬ ਹੀ = ਕਦੇ ਭੀ।1। ਰਹਾਉ।

ਸੁਆਮੀ = ਹੇ ਸੁਆਮੀ! ਆਨ = {ANX} ਹੋਰ। ਜਾਇ = ਥਾਂ, ਆਸਰਾ। ਪੈਨ੍ਹ੍ਹੈ– (ਜੀਵ) ਪਹਿਨਦਾ ਹੈ। ਖਾਇ = ਖਾਂਦਾ ਹਾਂ।1।

ਕੈ = ਤੋਂ। ਬਲਿ ਜਾਈ = ਬਲਿ ਜਾਈਂ, ਮੈਂ ਸਦਕੇ ਜਾਂਦਾ ਹਾਂ। ਜਨਮਾ = ਜਨਮਾਂ ਵਿਚ। ਧਾਇ = ਦੌੜਦਾ, ਭਟਕਦਾ। ਜਿਉ ਭਾਵੈ = ਜਿਵੇਂ ਤੈਨੂੰ ਚੰਗਾ ਲੱਗੇ। ਚਲਾਇ = ਜੀਵਨ-ਰਾਹ ਉਤੇ ਤੋਰ।2।

ਅਰਥ: ਹੇ ਭਾਈ! ਪਰਮਾਤਮਾ ਦੇ ਗੁਣ ਗਾ ਗਾ ਕੇ (ਮਨੁੱਖ) ਆਤਮਕ ਜੀਵਨ ਹਾਸਲ ਕਰ ਲੈਂਦਾ ਹੈ। ਹੇ ਸ੍ਰਿਸ਼ਟੀ ਦੇ ਪਾਲਕ! ਹੇ ਨਿਰਲੇਪ ਪ੍ਰਭੂ! (ਮੇਰੇ ਉੱਤੇ) ਮਿਹਰ ਕਰ, (ਮੈਨੂੰ ਤੇਰਾ ਨਾਮ) ਕਦੇ ਭੀ ਨਾਹ ਭੁੱਲੇ।1। ਰਹਾਉ।

ਹੇ (ਮੇਰੇ) ਮਾਲਕ! ਮੇਰਾ ਮਨ ਮੇਰਾ ਸਰੀਰ ਮੇਰਾ ਧਨ = ਇਹ ਸਭ ਕੁਝ ਤੇਰਾ ਹੀ ਦਿੱਤਾ ਹੋਇਆ ਹੈ। (ਤੈਥੋਂ ਬਿਨਾ) ਮੇਰਾ ਕੋਈ ਹੋਰ ਆਸਰਾ ਨਹੀਂ ਹੈ। ਜਿਵੇਂ ਤੂੰ ਰੱਖਦਾ ਹੈਂ, ਤਿਵੇਂ ਹੀ (ਜੀਵ) ਰਹਿ ਸਕਦੇ ਹਨ। (ਹਰੇਕ ਜੀਵ) ਤੇਰਾ ਹੀ ਦਿੱਤਾ ਪਹਿਨਦਾ ਹੈ ਤੇਰਾ ਹੀ ਦਿੱਤਾ ਖਾਂਦਾ ਹੈ।1।

ਹੇ ਨਾਨਕ! (ਆਖ-) ਮੈਂ ਸਾਧ ਸੰਗਤਿ ਤੋਂ ਸਦਾ ਸਦਕੇ ਜਾਂਦਾ ਹਾਂ, (ਸਾਧ ਸੰਗਤਿ ਦੀ ਬਰਕਤਿ ਨਾਲ ਜੀਵ) ਮੁੜ ਜਨਮਾਂ ਵਿਚ ਨਹੀਂ ਭਟਕਦਾ। ਹੇ ਪ੍ਰਭੂ! ਤੇਰਾ ਦਾਸ (ਨਾਨਕ) ਤੇਰੀ ਸਰਨ ਆਇਆ ਹੈ, ਜਿਵੇਂ ਤੈਨੂੰ ਚੰਗਾ ਲੱਗੇ, ਉਸੇ ਤਰ੍ਹਾਂ (ਮੈਨੂੰ) ਜੀਵਨ-ਰਾਹ ਉੱਤੇ ਤੋਰ।2। 75। 98।

ਸਾਰਗ ਮਹਲਾ ੫ ॥ ਮਨ ਰੇ ਨਾਮ ਕੋ ਸੁਖ ਸਾਰ ॥ ਆਨ ਕਾਮ ਬਿਕਾਰ ਮਾਇਆ ਸਗਲ ਦੀਸਹਿ ਛਾਰ ॥੧॥ ਰਹਾਉ ॥ ਗ੍ਰਿਹਿ ਅੰਧ ਕੂਪ ਪਤਿਤ ਪ੍ਰਾਣੀ ਨਰਕ ਘੋਰ ਗੁਬਾਰ ॥ ਅਨਿਕ ਜੋਨੀ ਭ੍ਰਮਤ ਹਾਰਿਓ ਭ੍ਰਮਤ ਬਾਰੰ ਬਾਰ ॥੧॥ ਪਤਿਤ ਪਾਵਨ ਭਗਤਿ ਬਛਲ ਦੀਨ ਕਿਰਪਾ ਧਾਰ ॥ ਕਰ ਜੋੜਿ ਨਾਨਕੁ ਦਾਨੁ ਮਾਂਗੈ ਸਾਧਸੰਗਿ ਉਧਾਰ ॥੨॥੭੬॥੯੯॥ {ਪੰਨਾ 1223}

ਪਦ ਅਰਥ: ਮਨ ਰੇ = ਹੇ ਮਨ! ਕੋ = ਦਾ। ਸਾਰ = ਸ੍ਰੇਸ਼ਟ। ਆਨ = {ANX} ਹੋਰ ਹੋਰ। ਬਿਕਾਰ = ਬੇ-ਕਾਰ, ਵਿਅਰਥ। ਦੀਸਹਿ = ਦਿੱਸਦੇ ਹਨ {ਬਹੁ-ਵਚਨ}। ਛਾਰ = ਸੁਆਹ, ਨਿਕੰਮੇ।1। ਰਹਾਉ।

ਗ੍ਰਿਹਿ = ਘਰ ਵਿਚ। ਅੰਧ ਕੂਪ = ਅੰਨ੍ਹਾ ਖੂਹ। ਪਤਿਤ = ਡਿੱਗੇ ਹੋਏ। ਘੋਰ ਗੁਬਾਰ = ਘੁੱਪ ਹਨੇਰਾ। ਹਾਰਿਓ = ਥੱਕ ਜਾਂਦਾ ਹੈ। ਭ੍ਰਮਤ = ਭਟਕਦਿਆਂ। ਬਾਰੰ ਬਾਰ = ਮੁੜ ਮੁੜ।1।

ਪਤਿਤ ਪਾਵਨ = ਹੇ ਵਿਕਾਰੀਆਂ ਨੂੰ ਪਵਿੱਤਰ ਕਰਨ ਵਾਲੇ! ਭਗਤਿ ਬਛਲ = ਹੇ ਭਗਤੀ ਨਾਲ ਪਿਆਰ ਕਰਨ ਵਾਲੇ! ਦੀਨ = ਗਰੀਬ। ਕਰ = ਹੱਥ {ਬਹੁ-ਵਚਨ}। ਜੋੜਿ = ਜੋੜ ਕੇ। ਮਾਂਗੈ = ਮੰਗਦਾ ਹੈ। ਸਾਧ ਸੰਗਿ = ਸਾਧ ਸੰਗਤਿ ਵਿਚ (ਰੱਖ ਕੇ) । ਉਧਾਰ = ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਲੈ।2।

ਅਰਥ: ਹੇ (ਮੇਰੇ) ਮਨ! ਪਰਮਾਤਮਾ ਦਾ ਨਾਮ ਸਿਮਰਨ ਦਾ ਸੁਖ (ਹੋਰ ਸੁਖਾਂ ਨਾਲੋਂ) ਸ੍ਰੇਸ਼ਟ ਹੈ। ਹੇ ਮਨ! (ਨਿਰੀ) ਮਾਇਆ ਦੀ ਖ਼ਾਤਰ ਹੀ ਹੋਰ ਹੋਰ ਕੰਮ (ਆਤਮਕ ਜੀਵਨ ਵਾਸਤੇ) ਵਿਅਰਥ ਹਨ, ਉਹ ਸਾਰੇ ਸੁਆਹ (ਸਮਾਨ ਹੀ) ਦਿੱਸਦੇ ਹਨ।1। ਰਹਾਉ।

ਹੇ ਭਾਈ! (ਨਿਰੀ ਮਾਇਆ ਦੀ ਖ਼ਾਤਰ ਦੌੜ-ਭੱਜ ਕਰਨ ਵਾਲਾ) ਪ੍ਰਾਣੀ ਘੁੱਪ ਹਨੇਰੇ ਨਰਕ-ਸਮਾਨ ਗ੍ਰਿਹਸਤ ਦੇ ਅੰਨ੍ਹੇ ਖੂਹ ਵਿਚ ਡਿੱਗਾ ਰਹਿੰਦਾ ਹੈ। ਉਹ ਅਨੇਕਾਂ ਜੂਨਾਂ ਵਿਚ ਭਟਕਦਾ ਮੁੜ ਮੁੜ ਭਟਕਦਾ ਥੱਕ ਜਾਂਦਾ ਹੈ (ਜੀਵਨ-ਸੱਤਿਆ ਗਵਾ ਬੈਠਦਾ ਹੈ) ।1।

ਹੇ ਵਿਕਾਰੀਆਂ ਨੂੰ ਪਵਿੱਤਰ ਕਰਨ ਵਾਲੇ! ਹੇ ਭਗਤੀ ਨਾਲ ਪਿਆਰ ਕਰਨ ਵਾਲੇ! ਹੇ ਗਰੀਬਾਂ ਉੱਤੇ ਮਿਹਰ ਕਰਨ ਵਾਲੇ! (ਤੇਰਾ ਦਾਸ) ਨਾਨਕ ਦੋਵੇਂ ਹੱਥ ਜੋੜ ਕੇ ਇਹ ਦਾਨ ਮੰਗਦਾ ਹੈ ਕਿ ਸਾਧ ਸੰਗਤਿ ਵਿਚ ਰੱਖ ਕੇ (ਮੈਨੂੰ ਮਾਇਆ-ਵੇੜ੍ਹੇ ਅੰਨ੍ਹੇ ਖੂਹ ਵਿਚੋਂ) ਬਚਾ ਲੈ।2। 76। 99।

ਸਾਰਗ ਮਹਲਾ ੫ ॥ ਬਿਰਾਜਿਤ ਰਾਮ ਕੋ ਪਰਤਾਪ ॥ ਆਧਿ ਬਿਆਧਿ ਉਪਾਧਿ ਸਭ ਨਾਸੀ ਬਿਨਸੇ ਤੀਨੈ ਤਾਪ ॥੧॥ ਰਹਾਉ ॥ ਤ੍ਰਿਸਨਾ ਬੁਝੀ ਪੂਰਨ ਸਭ ਆਸਾ ਚੂਕੇ ਸੋਗ ਸੰਤਾਪ ॥ ਗੁਣ ਗਾਵਤ ਅਚੁਤ ਅਬਿਨਾਸੀ ਮਨ ਤਨ ਆਤਮ ਧ੍ਰਾਪ ॥੧॥ ਕਾਮ ਕ੍ਰੋਧ ਲੋਭ ਮਦ ਮਤਸਰ ਸਾਧੂ ਕੈ ਸੰਗਿ ਖਾਪ ॥ ਭਗਤਿ ਵਛਲ ਭੈ ਕਾਟਨਹਾਰੇ ਨਾਨਕ ਕੇ ਮਾਈ ਬਾਪ ॥੨॥੭੭॥੧੦੦॥ {ਪੰਨਾ 1223}

ਪਦ ਅਰਥ: ਬਿਰਾਜਿਤ = ਟਿਕਿਆ ਹੋਇਆ। ਕੋ = ਦਾ। ਪਰਤਾਪ = ਬਲ। ਆਧਿ = ਮਾਨਸਕ ਰੋਗ। ਬਿਆਧਿ = ਸਰੀਰਕ ਰੋਗ। ਉਪਾਧਿ = ਝਗੜੇ-ਬਖੇੜੇ। ਤੀਨੈ = ਇਹ ਤਿੰਨੇ ਹੀ।1। ਰਹਾਉ।

ਸੋਗ = ਗ਼ਮ। ਸੰਤਾਪ = ਕਲੇਸ਼। ਅਚੁਤ = ਅੱਚੁਤ, {ਅ-ਚ੍ਯੁਤ = ਨਾਹ ਨਾਸ ਹੋਣ ਵਾਲਾ} ਅਬਿਨਾਸ਼ੀ। ਆਤਮ = ਜਿੰਦ। ਧ੍ਰਾਪ = ਰੱਜ ਜਾਂਦੇ ਹਨ।1।

ਮਦ = ਨਸ਼ਾ, ਮਸਤੀ। ਮਤਸਰ = ਈਰਖਾ। ਕੈ ਸੰਗਿ = ਦੀ ਸੰਗਤਿ ਵਿਚ (ਰੱਖ ਕੇ) । ਖਾਪ = ਨਾਸ ਕਰ। ਭੈ = ਡਰ {ਲਫ਼ਜ਼ 'ਭਉ' ਤੋਂ ਬਹੁ-ਵਚਨ}।2।

ਅਰਥ: ਹੇ ਭਾਈ! (ਜਿਸ ਮਨੁੱਖ ਦੇ ਹਿਰਦੇ ਵਿਚ) ਪਰਮਾਤਮਾ ਦੇ ਨਾਮ ਦਾ ਬਲ ਆ ਟਿਕਦਾ ਹੈ, ਉਸ ਦੇ ਅੰਦਰੋਂ ਆਧੀ ਬਿਆਧੀ ਉਪਾਧੀ = ਇਹ ਤਿੰਨੇ ਹੀ ਤਾਪ ਬਿਲਕੁਲ ਮੁੱਕ ਜਾਂਦੇ ਹਨ।1। ਰਹਾਉ।

ਹੇ ਭਾਈ! (ਜਿਸ ਮਨੁੱਖ ਦੇ ਅੰਦਰ ਹਰਿ-ਨਾਮ ਦਾ ਬਲ ਹੈ, ਉਸ ਦੀ) ਤ੍ਰਿਸ਼ਨਾ ਮਿਟ ਜਾਂਦੀ ਹੈ, ਉਸ ਦੀ ਹਰੇਕ ਆਸ ਪੂਰੀ ਹੋ ਜਾਂਦੀ ਹੈ, ਉਸ ਦੇ ਅੰਦਰੋਂ ਗਮ ਕਲੇਸ਼ ਮੁੱਕ ਜਾਂਦੇ ਹਨ। ਅਬਿਨਾਸ਼ੀ ਅਤੇ ਨਾਸ-ਰਹਿਤ ਪ੍ਰਭੂ ਦੇ ਗੁਣ ਗਾਂਦਿਆਂ ਗਾਂਦਿਆਂ ਉਸ ਦਾ ਮਨ ਉਸ ਦਾ ਤਨ ਉਸ ਦੀ ਜਿੰਦ (ਤ੍ਰਿਸ਼ਨਾ ਵਲੋਂ) ਰੱਜ ਜਾਂਦੇ ਹਨ।1।

ਹੇ ਭਗਤੀ ਨਾਲ ਪਿਆਰ ਕਰਨ ਵਾਲੇ! ਹੇ ਸਾਰੇ ਡਰ ਦੂਰ ਕਰਨ ਵਾਲੇ! ਹੇ ਨਾਨਕ ਦੇ ਮਾਂ-ਪਿਉ (ਵਾਂਗ ਪਾਲਣਾ ਕਰਨ ਵਾਲੇ) ! ਮੈਨੂੰ ਸਾਧ ਸੰਗਤਿ ਵਿਚ ਰੱਖ ਕੇ (ਮੇਰੇ ਅੰਦਰੋਂ) ਕਾਮ ਕ੍ਰੋਧ ਲੋਭ ਹਉਮੈ ਅਤੇ ਈਰਖਾ (ਆਦਿਕ ਵਿਕਾਰ) ਨਾਸ ਕਰ।2। 77। 100।

ਸਾਰਗ ਮਹਲਾ ੫ ॥ ਆਤੁਰੁ ਨਾਮ ਬਿਨੁ ਸੰਸਾਰ ॥ ਤ੍ਰਿਪਤਿ ਨ ਹੋਵਤ ਕੂਕਰੀ ਆਸਾ ਇਤੁ ਲਾਗੋ ਬਿਖਿਆ ਛਾਰ ॥੧॥ ਰਹਾਉ ॥ ਪਾਇ ਠਗਉਰੀ ਆਪਿ ਭੁਲਾਇਓ ਜਨਮਤ ਬਾਰੋ ਬਾਰ ॥ ਹਰਿ ਕਾ ਸਿਮਰਨੁ ਨਿਮਖ ਨ ਸਿਮਰਿਓ ਜਮਕੰਕਰ ਕਰਤ ਖੁਆਰ ॥੧॥ ਹੋਹੁ ਕ੍ਰਿਪਾਲ ਦੀਨ ਦੁਖ ਭੰਜਨ ਤੇਰਿਆ ਸੰਤਹ ਕੀ ਰਾਵਾਰ ॥ ਨਾਨਕ ਦਾਸੁ ਦਰਸੁ ਪ੍ਰਭ ਜਾਚੈ ਮਨ ਤਨ ਕੋ ਆਧਾਰ ॥੨॥੭੮॥੧੦੧॥ {ਪੰਨਾ 1223}

ਪਦ ਅਰਥ: ਆਤੁਰੁ = ਦੁਖੀ, ਵਿਆਕੁਲ। ਤ੍ਰਿਪਤਿ = ਰਜੇਵਾਂ, ਤਸੱਲੀ, ਸ਼ਾਂਤੀ। ਕੂਕਰੀ = ਕੁੱਤੀ (ਦੇ ਸੁਭਾਵ ਵਾਲੀ। ਇਤੁ = ਇਸ ਵਿਚ। ਲਾਗੋ = (ਜਗਤ) ਲੱਗਾ ਰਹਿੰਦਾ ਹੈ। ਬਿਖਿਆ = ਮਾਇਆ। ਛਾਰ = ਸੁਆਹ, ਨਿਕੰਮੀ।1। ਰਹਾਉ।

ਪਾਇ = ਪਾ ਕੇ। ਠਗਉਰੀ = ਠਗ-ਬੂਟੀ। ਭੁਲਾਇਓ = ਕੁਰਾਹੇ ਪਾ ਰੱਖਿਆ ਹੈ। ਬਾਰੋ ਬਾਰ = ਮੁੜ ਮੁੜ। ਨਿਮਖ = {inmy = } ਅੱਖ ਝਮਕਣ ਜਿਤਨਾ ਸਮਾ। ਕੰਕਰ = {ikzkr} ਨੌਕਰ। ਜਮ ਕੰਕਰ = ਜਮਦੂਤ।1।

ਦੀਨ ਦੁਖ ਭੰਜਨ = ਹੇ ਗਰੀਬਾਂ ਦੇ ਦੁੱਖ ਨਾਸ ਕਰਨ ਵਾਲੇ! ਰਾਵਾਰ = ਰਵਾਰ, ਚਰਨ-ਧੂੜ। ਜਾਚੈ = ਮੰਗਦਾ ਹੈ {ਇਕ-ਵਚਨ}। ਕਾ = ਦੋ। ਆਧਾਰ = ਆਸਰਾ।2।

ਅਰਥ: ਹੇ ਭਾਈ! (ਪਰਮਾਤਮਾ ਦੇ) ਨਾਮ ਨੂੰ ਭੁਲਾ ਕੇ ਜਗਤ ਵਿਆਕੁਲ ਹੋਇਆ ਰਹਿੰਦਾ ਹੈ, ਇਸ ਸੁਆਹ-ਸਮਾਨ ਮਾਇਆ ਵਿਚ ਹੀ ਲੱਗਾ ਰਹਿੰਦਾ ਹੈ (ਚੰਬੜਿਆ ਰਹਿੰਦਾ ਹੈ) ਕੁੱਤੀ ਦੇ ਸੁਭਾਵ ਵਾਲੀ (ਜਗਤ ਦੀ) ਲਾਲਸਾ ਕਦੇ ਰੱਜਦੀ ਨਹੀਂ।1। ਰਹਾਉ।

(ਪਰ, ਹੇ ਭਾਈ! ਜੀਵ ਦੇ ਭੀ ਕੀਹ ਵੱਸ? ਪਰਮਾਤਮਾ ਨੇ ਮਾਇਆ ਦੀ) ਠਗ-ਬੂਟੀ ਪਾ ਕੇ ਆਪ ਹੀ (ਜਗਤ ਨੂੰ) ਕੁਰਾਹੇ ਪਾ ਰਖਿਆ ਹੈ, (ਕੁਰਾਹੇ ਪੈ ਕੇ ਜੀਵ) ਮੁੜ ਮੁੜ ਜੂਨਾਂ ਵਿਚ ਰਹਿੰਦਾ ਹੈ, ਅੱਖ ਝਮਕਣ ਜਿਤਨੇ ਸਮੇ ਲਈ ਭੀ (ਜੀਵ) ਪਰਮਾਤਮਾ (ਦੇ ਨਾਮ) ਦਾ ਸਿਮਰਨ ਨਹੀਂ ਕਰਦਾ, ਜਮਦੂਤ ਇਸ ਨੂੰ ਖ਼ੁਆਰ ਕਰਦੇ ਰਹਿੰਦੇ ਹਨ।1।

ਹੇ ਪ੍ਰਭੂ! ਹੇ ਗਰੀਬਾਂ ਦੇ ਦੁੱਖ ਨਾਸ ਕਰਨ ਵਾਲੇ! (ਦਾਸ ਨਾਨਕ ਉੱਤੇ) ਦਇਆਵਾਨ ਹੋ, (ਤੇਰਾ ਦਾਸ) ਤੇਰੇ ਸੰਤ ਜਨਾਂ ਦੇ ਚਰਨਾਂ ਦੀ ਧੂੜ ਬਣਿਆ ਰਹੇ। (ਤੇਰਾ) ਦਾਸ ਨਾਨਕ ਤੇਰਾ ਦਰਸਨ ਮੰਗਦਾ ਹੈ, ਇਹੀ (ਇਸ ਦੇ) ਮਨ ਦਾ ਤਨ ਦਾ ਆਸਰਾ ਹੈ।2। 78। 101।

TOP OF PAGE

Sri Guru Granth Darpan, by Professor Sahib Singh