ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 1224 ਸਾਰਗ ਮਹਲਾ ੫ ॥ ਮੈਲਾ ਹਰਿ ਕੇ ਨਾਮ ਬਿਨੁ ਜੀਉ ॥ ਤਿਨਿ ਪ੍ਰਭਿ ਸਾਚੈ ਆਪਿ ਭੁਲਾਇਆ ਬਿਖੈ ਠਗਉਰੀ ਪੀਉ ॥੧॥ ਰਹਾਉ ॥ ਕੋਟਿ ਜਨਮ ਭ੍ਰਮਤੌ ਬਹੁ ਭਾਂਤੀ ਥਿਤਿ ਨਹੀ ਕਤਹੂ ਪਾਈ ॥ ਪੂਰਾ ਸਤਿਗੁਰੁ ਸਹਜਿ ਨ ਭੇਟਿਆ ਸਾਕਤੁ ਆਵੈ ਜਾਈ ॥੧॥ ਰਾਖਿ ਲੇਹੁ ਪ੍ਰਭ ਸੰਮ੍ਰਿਥ ਦਾਤੇ ਤੁਮ ਪ੍ਰਭ ਅਗਮ ਅਪਾਰ ॥ ਨਾਨਕ ਦਾਸ ਤੇਰੀ ਸਰਣਾਈ ਭਵਜਲੁ ਉਤਰਿਓ ਪਾਰ ॥੨॥੭੯॥੧੦੨॥ {ਪੰਨਾ 1224} ਪਦ ਅਰਥ: ਮੈਲਾ = ਵਿਕਾਰਾਂ ਨਾਲ ਭਰਿਆ ਹੋਇਆ। ਜੀਉ = ਜੀਵ। ਤਿਨਿ ਪ੍ਰਭਿ = ਉਸ ਪ੍ਰਭੂ ਨੇ। ਸਾਚੈ = ਸਦਾ ਕਾਇਮ ਰਹਿਣ ਵਾਲੇ ਨੇ। ਭੁਲਾਇਆ = ਕੁਰਾਹੇ ਪਾ ਦਿੱਤਾ ਹੈ। ਬਿਖੈ ਠਗਉਰੀ = ਵਿਸ਼ਿਆਂ ਦੀ ਠਗ-ਬੂਟੀ। ਪੀਉ = ਪੀਂਦਾ ਰਹੁ।1। ਰਹਾਉ। ਕੋਟਿ = ਕ੍ਰੋੜਾਂ। ਭ੍ਰਮਤੌ = ਭਟਕਦਾ। ਬਹੁ ਭਾਂਤੀ = ਕਈ ਤਰੀਕਿਆਂ ਨਾਲ। ਥਿਤਿ = ਟਿਕਾਉ। ਕਤ ਹੂ = ਕਿਤੇ ਭੀ। ਸਹਜਿ = ਆਤਮਕ ਅਡੋਲਤਾ ਵਿਚ। ਭੇਟਿਆ = ਮਿਲਿਆ। ਸਾਕਤੁ = ਪ੍ਰਭੂ ਨਾਲੋਂ ਟੁੱਟਾ ਹੋਇਆ ਮਨੁੱਖ। ਆਵੈ ਜਾਈ = ਜੰਮਦਾ ਮਰਦਾ ਰਹਿੰਦਾ ਹੈ।1। ਪ੍ਰਭ = ਹੇ ਪ੍ਰਭੂ! ਸੰਮ੍ਰਿਥ = ਹੇ ਸਾਰੀਆਂ ਤਾਕਤਾਂ ਦੇ ਮਾਲਕ! ਦਾਤੇ = ਹੇ ਦਾਤਾਰ! ਅਗਮ = ਅਪਹੁੰਚ। ਅਪਾਰ = ਬੇਅੰਤ। ਭਵਜਲੁ = ਸੰਸਾਰ-ਸਮੁੰਦਰ।2। ਅਰਥ: ਹੇ ਭਾਈ! ਪਰਮਾਤਮਾ ਦੇ ਨਾਮ ਤੋਂ ਬਿਨਾ ਜੀਵ ਵਿਕਾਰਾਂ ਨਾਲ ਭਰਿਆ ਰਹਿੰਦਾ ਹੈ। (ਪਰ ਜੀਵ ਦੇ ਭੀ ਕੀਹ ਵੱਸ?) ਉਸ ਸਦਾ-ਥਿਰ ਪ੍ਰਭੂ ਨੇ ਆਪ ਹੀ ਇਸ ਨੂੰ ਕੁਰਾਹੇ ਪਾਇਆ ਹੋਇਆ ਹੈ ਕਿ ਵਿਸ਼ਿਆਂ ਦੀ ਠਗ-ਬੂਟੀ (ਘੋਟ ਘੋਟ ਕੇ) ਪੀਂਦਾ ਰਹੁ।1। ਰਹਾਉ। ਹੇ ਭਾਈ! ਪਰਮਾਤਮਾ ਨਾਲੋਂ ਟੁੱਟਾ ਹੋਇਆ ਮਨੁੱਖ ਕਈ ਤਰੀਕਿਆਂ ਨਾਲ ਕ੍ਰੋੜਾਂ ਜਨਮਾਂ ਵਿਚ ਭਟਕਦਾ ਰਹਿੰਦਾ ਹੈ, ਕਿਤੇ ਭੀ (ਇਸ ਗੇੜ ਵਿਚੋਂ ਇਸ ਨੂੰ) ਖੁਲੀਰ ਨਹੀਂ ਮਿਲਦੀ। ਆਤਮਕ ਅਡੋਲਤਾ ਵਿਚ (ਅਪੜਾਣ ਵਾਲਾ) ਪੂਰਾ ਗੁਰੂ ਇਸ ਨੂੰ ਨਹੀਂ ਮਿਲਦਾ (ਇਸ ਵਾਸਤੇ ਸਦਾ) ਜੰਮਦਾ ਮਰਦਾ ਰਹਿੰਦਾ ਹੈ।1। ਹੇ ਸਭ ਤਾਕਤਾਂ ਦੇ ਮਾਲਕ ਪ੍ਰਭੂ! ਹੇ ਸਭ ਦਾਤਾਂ ਦੇਣ ਵਾਲੇ! ਅਸਾਂ ਜੀਵਾਂ ਵਾਸਤੇ ਤੂੰ ਅਪਹੁੰਚ ਹੈਂ ਬੇਅੰਤ ਹੈਂ, ਤੂੰ ਆਪ ਹੀ ਰੱਖਿਆ ਕਰ। ਹੇ ਨਾਨਕ! (ਆਖ– ਹੇ ਪ੍ਰਭੂ! ਜਿਹੜਾ ਤੇਰਾ) ਦਾਸ ਤੇਰੀ ਸਰਨ ਆਉਂਦਾ ਹੈ, ਉਹ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ।2। 79। 102। ਸਾਰਗ ਮਹਲਾ ੫ ॥ ਰਮਣ ਕਉ ਰਾਮ ਕੇ ਗੁਣ ਬਾਦ ॥ ਸਾਧਸੰਗਿ ਧਿਆਈਐ ਪਰਮੇਸਰੁ ਅੰਮ੍ਰਿਤ ਜਾ ਕੇ ਸੁਆਦ ॥੧॥ ਰਹਾਉ ॥ ਸਿਮਰਤ ਏਕੁ ਅਚੁਤ ਅਬਿਨਾਸੀ ਬਿਨਸੇ ਮਾਇਆ ਮਾਦ ॥ ਸਹਜ ਅਨਦ ਅਨਹਦ ਧੁਨਿ ਬਾਣੀ ਬਹੁਰਿ ਨ ਭਏ ਬਿਖਾਦ ॥੧॥ ਸਨਕਾਦਿਕ ਬ੍ਰਹਮਾਦਿਕ ਗਾਵਤ ਗਾਵਤ ਸੁਕ ਪ੍ਰਹਿਲਾਦ ॥ ਪੀਵਤ ਅਮਿਉ ਮਨੋਹਰ ਹਰਿ ਰਸੁ ਜਪਿ ਨਾਨਕ ਹਰਿ ਬਿਸਮਾਦ ॥੨॥੮੦॥੧੦੩॥ {ਪੰਨਾ 1224} ਪਦ ਅਰਥ: ਰਮਣ ਕਉ = ਸਿਮਰਨ ਵਾਸਤੇ। ਗੁਣ ਬਾਦ = ਗੁਣਾਨਵਾਦ, ਗੁਣਾਂ ਦਾ ਉਚਾਰਨ। ਸੰਗਿ = ਸੰਗਤਿ ਵਿਚ। ਧਿਆਈਐ = ਸਿਮਰਿਆ ਜਾ ਸਕਦਾ ਹੈ। ਅੰਮ੍ਰਿਤ = ਆਤਮਕ ਜੀਵਨ ਦੇਣ ਵਾਲੇ। ਜਾ ਕੇ = ਜਿਸ (ਪਰਮਾਤਮਾ) ਦੇ।1। ਰਹਾਉ। ਅਚੁਤ = {ਅਚੁੱਤ} ਨਾਸ ਰਹਿਤ। ਮਾਦ = ਮਸਤੀਆਂ। ਸਹਜ ਆਨਦ = ਆਤਮਕ ਅਡੋਲਤਾ ਦੇ ਆਨੰਦ। ਅਨਹਦ ਧੁਨਿ = ਇਕ-ਰਸ ਟਿਕੀ ਰਹਿਣ ਵਾਲੀ ਰੌ। ਬਹੁਰਿ = ਮੁੜ। ਬਿਖਾਦ = ਦੁੱਖ-ਕਲੇਸ਼।1। ਸਨਕਾਇਦਕ = (ਬ੍ਰਹਮਾ ਦੇ ਚਾਰ ਪੁੱਤਰ) ਸਨਕ, ਸਨਾਤਨ, ਸਨੰਦਨ, ਸਨਤਕੁਮਾਰ। ਗਾਵਤ = ਗਾਂਦੇ। ਸੁਕ = ਸੁਕਦੇਵ ਰਿਸ਼ੀ। ਪੀਵਤ = ਪੀਂਦਿਆਂ। ਅਮਿਉ = ਅੰਮ੍ਰਿਤ, ਆਤਮਕ ਜੀਵਨ ਦੇਣ ਵਾਲਾ ਨਾਮ-ਜਲ। ਜਪਿ = ਜਪ ਕੇ। ਬਿਸਮਾਦ = ਵਿਸਮਾਦ-ਅਵਸਥਾ, ਬੇ-ਖ਼ੁਦੀ ਦੀ ਅਵਸਥਾ, ਆਤਮਕ ਮਸਤੀ।2। ਅਰਥ: ਹੇ ਭਾਈ! ਪਰਮਾਤਮਾ ਦੇ ਗੁਣਾਂ ਦਾ ਉਚਾਰਨ = ਇਹ ਹੀ ਸਿਮਰਨ ਵਾਸਤੇ (ਸ੍ਰੇਸ਼ਟ ਦਾਤਿ ਹੈ) । ਹੇ ਭਾਈ! ਜਿਸ ਪਰਮੇਸਰ ਦੇ (ਨਾਮ ਜਪਣ ਦੇ) ਰਸ ਆਤਮਕ ਜੀਵਨ ਦੇਣ ਵਾਲੇ ਹਨ, ਉਸ ਦਾ ਧਿਆਨ ਸਾਧ ਸੰਗਤਿ ਵਿਚ ਟਿਕ ਕੇ ਧਰਨਾ ਚਾਹੀਦਾ ਹੈ।1। ਰਹਾਉ। ਹੇ ਭਾਈ! ਅਬਿਨਾਸੀ ਨਾਸ-ਰਹਿਤ ਪ੍ਰਭੂ ਦਾ ਨਾਮ ਸਿਮਰਦਿਆਂ ਮਾਇਆ ਦੇ ਸਾਰੇ ਨਸ਼ੇ ਨਾਸ ਹੋ ਜਾਂਦੇ ਹਨ। (ਸਿਮਰਨ ਵਾਲੇ ਦੇ ਅੰਦਰ) ਆਤਮਕ ਅਡੋਲਤਾ ਦੇ ਆਨੰਦ ਬਣੇ ਰਹਿੰਦੇ ਹਨ, ਸਿਫ਼ਤਿ-ਸਾਲਾਹ ਦੀ ਬਾਣੀ ਦੀ ਇਕ-ਰਸ ਰੌ ਜਾਰੀ ਹੋ ਜਾਂਦੀ ਹੈ, ਉਸ ਦੇ ਮਨ ਵਿਚ ਦੁੱਖ-ਕਲੇਸ਼ ਨਹੀਂ ਰਹਿ ਜਾਂਦੇ।1। ਹੇ ਭਾਈ! ਸਨਕ ਆਦਿਕ ਬ੍ਰਹਮਾ ਦੇ ਚਾਰੇ ਪੁੱਤਰ, ਬ੍ਰਹਮਾ ਆਦਿਕ ਦੇਵਤੇ (ਉਸ ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ ਗੀਤ) ਗਾਂਦੇ ਰਹਿੰਦੇ ਹਨ। ਸੁਕਦੇਵ ਰਿਸ਼ੀ ਪ੍ਰਹਿਲਾਦ ਭਗਤ ਆਦਿਕ ਉਸ ਦੇ ਗੁਣ ਗਾਂਦੇ ਹਨ। ਹੇ ਨਾਨਕ! ਮਨ ਨੂੰ ਮੋਹਣ ਵਾਲੇ ਹਰੀ ਦਾ ਆਤਮਕ ਜੀਵਨ ਦੇਣ ਵਾਲਾ ਨਾਮ ਰਸ ਪੀਂਦਿਆਂ, ਹਰੀ ਦਾ ਨਾਮ ਜਪ ਜਪ ਕੇ ਮਨੁੱਖ ਦੇ ਅੰਦਰ ਉਹ ਅਵਸਥਾ ਪੈਦਾ ਹੋ ਜਾਂਦੀ ਹੈ ਕਿ ਜਿਥੇ ਇਹ ਸਦਾ ਵਾਹ-ਵਾਹ ਦੀ ਮਸਤੀ ਵਿਚ ਟਿਕਿਆ ਰਹਿੰਦਾ ਹੈ।2। 80। 103। ਸਾਰਗ ਮਹਲਾ ੫ ॥ ਕੀਨ੍ਹ੍ਹੇ ਪਾਪ ਕੇ ਬਹੁ ਕੋਟ ॥ ਦਿਨਸੁ ਰੈਨੀ ਥਕਤ ਨਾਹੀ ਕਤਹਿ ਨਾਹੀ ਛੋਟ ॥੧॥ ਰਹਾਉ ॥ ਮਹਾ ਬਜਰ ਬਿਖ ਬਿਆਧੀ ਸਿਰਿ ਉਠਾਈ ਪੋਟ ॥ ਉਘਰਿ ਗਈਆਂ ਖਿਨਹਿ ਭੀਤਰਿ ਜਮਹਿ ਗ੍ਰਾਸੇ ਝੋਟ ॥੧॥ ਪਸੁ ਪਰੇਤ ਉਸਟ ਗਰਧਭ ਅਨਿਕ ਜੋਨੀ ਲੇਟ ॥ ਭਜੁ ਸਾਧਸੰਗਿ ਗੋਬਿੰਦ ਨਾਨਕ ਕਛੁ ਨ ਲਾਗੈ ਫੇਟ ॥੨॥੮੧॥੧੦੪॥ {ਪੰਨਾ 1224} ਪਦ ਅਰਥ: ਬਹੁ = ਅਨੇਕਾਂ। ਕੋਟ = ਕਿਲ੍ਹੇ, ਵਲਗਣਾਂ। ਰੈਨੀ = ਰਾਤ। ਦਿਨਸੁ = ਦਿਨ। ਕਤਹਿ = ਕਿਤੇ ਭੀ। ਛੋਟ = ਖ਼ਲਾਸੀ।1। ਰਹਾਉ। ਬਜਰ = ਬੱਜਰ, ਕਰੜੇ। ਬਿਖ = ਆਤਮਕ ਮੌਤ ਲਿਆਉਣ ਵਾਲੀ ਜ਼ਹਰ। ਬਿਆਧੀ = ਰੋਗ। ਸਿਰਿ = ਸਿਰ ਉੱਤੇ। ਪੋਟ = ਪੋਟਲੀ। ਜਮਹਿ = ਜਮਾਂ ਨੇ। ਗ੍ਰਾਸੇ = ਫੜ ਲਏ। ਝੋਟ = ਕੇਸ, ਝਾਟਾ।1। ਪਰੇਤ = ਪ੍ਰੇਤ ਜੂਨ। ਉਸਟ = ਉਸ਼ਟ, ਊਂਠ। ਗਰਧਭ = ਖੋਤਾ। ਲੇਟ = ਲੇਟਦਾ, ਰੁਲਦਾ। ਭਜੁ = ਭਜਨ ਕਰ। ਸਾਧ ਸੰਗਿ = ਸਾਧ ਸੰਗਤਿ ਵਿਚ। ਫੇਟ = ਸੱਟ।2। ਅਰਥ: ਹੇ ਭਾਈ! (ਹਰਿ-ਨਾਮ ਤੋਂ ਖੁੰਝ ਕੇ) ਮਨੁੱਖ ਪਾਪਾਂ ਦੀਆਂ ਅਨੇਕਾਂ ਵਲਗਣਾਂ (ਆਪਣੀ ਜਿੰਦ ਦੇ ਦੁਆਲੇ) ਖੜੀਆਂ ਕਰਦਾ ਜਾਂਦਾ ਹੈ। ਦਿਨ ਰਾਤ (ਪਾਪ ਕਰਦਿਆਂ) ਥੱਕਦਾ ਨਹੀਂ (ਸਾਧ ਸੰਗਤਿ ਤੋਂ ਬਿਨਾ ਹੋਰ) ਕਿਤੇ ਭੀ (ਪਾਪਾਂ ਤੋਂ) ਇਸ ਦੀ ਖ਼ਲਾਸੀ ਨਹੀਂ ਹੋ ਸਕਦੀ।1। ਰਹਾਉ। ਹੇ ਭਾਈ! (ਹਰਿ-ਨਾਮ ਤੋਂ ਖੁੰਝ ਕੇ) ਮਨੁੱਖ ਬੜੇ ਕਰੜੇ ਅਤੇ ਆਤਮਕ ਮੌਤ ਲਿਆਉਣ ਵਾਲੇ ਰੋਗਾਂ ਦੀ ਪੋਟਲੀ (ਆਪਣੇ) ਸਿਰ ਉਤੇ ਚੁੱਕੀ ਰੱਖਦਾ ਹੈ। ਜਦੋਂ ਜਮਾਂ ਨੇ (ਆ ਕੇ) ਕੇਸਾਂ ਤੋਂ ਫੜ ਲਿਆ, ਤਦੋਂ ਇਕ ਖਿਨ ਵਿਚ ਹੀ (ਇਸ ਦੀਆਂ) ਅੱਖਾਂ ਉਘੜ ਆਉਂਦੀਆਂ ਹਨ (ਪਰ ਤਦੋਂ ਕੀਹ ਲਾਭ?) ।1। ਹੇ ਭਾਈ! (ਪਾਪਾਂ ਦੀਆਂ ਪੰਡਾਂ ਦੇ ਕਾਰਨ) ਜੀਵ ਪਸ਼ੂ, ਪ੍ਰੇਤ, ਊਂਠ, ਖੋਤਾ ਆਦਿਕ ਅਨੇਕਾਂ ਜੂਨਾਂ ਵਿਚ ਰੁਲਦਾ ਫਿਰਦਾ ਹੈ। ਹੇ ਨਾਨਕ! (ਆਖ– ਹੇ ਭਾਈ!) ਸਾਧ ਸੰਗਤਿ ਵਿਚ ਟਿਕ ਕੇ ਪਰਮਾਤਮਾ ਦਾ ਭਜਨ ਕਰਿਆ ਕਰ, ਫਿਰ (ਜਮਾਂ ਦੀ) ਰਤਾ ਭਰ ਭੀ ਚੋਟ ਨਹੀਂ ਲੱਗੇਗੀ।2। 81। 104। ਸਾਰਗ ਮਹਲਾ ੫ ॥ ਅੰਧੇ ਖਾਵਹਿ ਬਿਸੂ ਕੇ ਗਟਾਕ ॥ ਨੈਨ ਸ੍ਰਵਨ ਸਰੀਰੁ ਸਭੁ ਹੁਟਿਓ ਸਾਸੁ ਗਇਓ ਤਤ ਘਾਟ ॥੧॥ ਰਹਾਉ ॥ ਅਨਾਥ ਰਞਾਣਿ ਉਦਰੁ ਲੇ ਪੋਖਹਿ ਮਾਇਆ ਗਈਆ ਹਾਟਿ ॥ ਕਿਲਬਿਖ ਕਰਤ ਕਰਤ ਪਛੁਤਾਵਹਿ ਕਬਹੁ ਨ ਸਾਕਹਿ ਛਾਂਟਿ ॥੧॥ ਨਿੰਦਕੁ ਜਮਦੂਤੀ ਆਇ ਸੰਘਾਰਿਓ ਦੇਵਹਿ ਮੂੰਡ ਉਪਰਿ ਮਟਾਕ ॥ ਨਾਨਕ ਆਪਨ ਕਟਾਰੀ ਆਪਸ ਕਉ ਲਾਈ ਮਨੁ ਅਪਨਾ ਕੀਨੋ ਫਾਟ ॥੨॥੮੨॥੧੦੫॥ {ਪੰਨਾ 1224} ਪਦ ਅਰਥ: ਅੰਧੇ = (ਮਾਇਆ ਦੇ ਮੋਹ ਵਿਚ) ਅੰਨ੍ਹੇ ਹੋ ਚੁਕੇ ਮਨੁੱਖ। ਖਾਵਹਿ = ਖਾਂਦੇ ਰਹਿੰਦੇ ਹਨ। ਬਿਸੂ = ਆਤਮਕ ਮੌਤ ਲਿਆਉਣ ਵਾਲੀ ਜ਼ਹਰ। ਗਟਾਕ = ਗੱਫੇ। ਨੈਨ = ਅੱਖਾਂ। ਸ੍ਰਵਨ = ਕੰਨ। ਹੁਟਿਓ = ਥੱਕ ਜਾਂਦਾ ਹੈ, ਕੰਮ ਕਰਨੋਂ ਰਹਿ ਜਾਂਦਾ ਹੈ। ਸਾਸੁ = ਸਾਹ। ਗਇਓ = ਚਲਾ ਜਾਂਦਾ ਹੈ, ਰੁਕ ਜਾਂਦਾ ਹੈ। ਤਤ ਘਾਟ = ਤਤ ਘਟਿਕਾ, ਉਸ ਘੜੀ।1। ਰਹਾਉ। ਅਨਾਥ = ਗਰੀਬ, ਕਮਜ਼ੋਰ। ਰਞਾਣਿ = ਦੁਖੀ ਕਰ ਕੇ। ਉਦਰੁ = ਪੇਟ। ਪੋਖਹਿ = ਪਾਲਦੇ ਹਨ। ਗਈਆ ਹਾਟਿ = ਹਟ ਜਾਂਦੀ ਹੈ, ਛੱਡ ਜਾਂਦੀ ਹੈ। ਕਿਲਬਿਖ = ਪਾਪ। ਕਰਤ = ਕਰਦਿਆਂ। ਨ ਸਾਕਹਿ ਛਾਂਟਿ = ਛੱਡ ਨਹੀਂ ਸਕਦੇ।1। ਜਮਦੂਤੀ = ਜਮਦੂਤੀਂ, ਜਮਦੂਤਾਂ ਨੇ। ਦੇਵਹਿ = ਦੇਂਦੇ ਹਨ। ਮੂੰਡ = ਸਿਰ। ਮਟਾਕ = ਸੱਟ। ਆਪਸ ਕਉ = ਆਪਣੇ ਆਪ ਨੂੰ। ਫਾਟ = ਜ਼ਖ਼ਮੀ।2। ਅਰਥ: ਹੇ ਭਾਈ! (ਮਾਇਆ ਦੇ ਮੋਹ ਵਿਚ) ਅੰਨ੍ਹੇ ਹੋ ਚੁਕੇ ਮਨੁੱਖ ਆਤਮਕ ਮੌਤ ਲਿਆਉਣ ਵਾਲੇ ਪਦਾਰਥ ਹੀ ਖ਼ੁਸ਼ ਹੋ ਹੋ ਕੇ ਖਾਂਦੇ ਰਹਿੰਦੇ ਹਨ (ਆਖ਼ਿਰ ਮੌਤ ਸਿਰ ਤੇ ਆ ਜਾਂਦੀ ਹੈ) , ਅੱਖਾਂ, ਕੰਨ, ਸਰੀਰ = ਹਰੇਕ ਅੰਗ ਕੰਮ ਕਰਨੋਂ ਰਹਿ ਜਾਂਦਾ ਹੈ, ਤੇ, ਸਾਹ ਭੀ ਖ਼ਤਮ ਹੋ ਜਾਂਦਾ ਹੈ।1। ਰਹਾਉ। ਹੇ ਭਾਈ! (ਮਾਇਆ ਦੇ ਮੋਹ ਵਿਚ ਅੰਨ੍ਹੇ ਹੋ ਚੁਕੇ ਮਨੁੱਖ) ਕਮਜ਼ੋਰਾਂ ਨੂੰ ਦੁੱਖ ਦੇ ਦੇ ਕੇ ਆਪਣਾ ਪੇਟ ਪਾਲਦੇ ਰਹਿੰਦੇ ਹਨ (ਪਰ ਮੌਤ ਆਉਣ ਤੇ) ਉਹ ਮਾਇਆ ਭੀ ਸਾਥ ਛੱਡ ਦੇਂਦੀ ਹੈ। ਅਜਿਹੇ ਮਨੁੱਖ ਪਾਪ ਕਰਦਿਆਂ ਕਰਦਿਆਂ ਪਛਤਾਂਦੇ ਭੀ ਹਨ, (ਪਰ ਇਹਨਾਂ ਪਾਪਾਂ ਨੂੰ) ਛੱਡ ਨਹੀਂ ਸਕਦੇ।1। ਹੇ ਭਾਈ! (ਇਹੀ ਹਾਲ ਹੁੰਦਾ ਹੈ ਨਿੰਦਕ ਮਨੁੱਖ ਦਾ। ਨਿੰਦਕ ਸਾਰੀ ਉਮਰ ਸੰਤ ਜਨਾਂ ਉਤੇ ਦੂਸ਼ਣ ਲਾਂਦਾ ਰਹਿੰਦਾ ਹੈ, ਆਖ਼ਿਰ ਜਦੋਂ) ਜਮਦੂਤ ਨਿੰਦਕ ਨੂੰ ਆ ਫੜਦੇ ਹਨ, ਉਸ ਦੇ ਸਿਰ ਉੱਤੇ (ਮੌਤ ਦੀ) ਚੋਟ ਆ ਚਲਾਂਦੇ ਹਨ। ਹੇ ਨਾਨਕ! (ਸਾਰੀ ਉਮਰ) ਨਿੰਦਕ ਆਪਣੀ ਛੁਰੀ ਆਪਣੇ ਉੱਤੇ ਹੀ ਚਲਾਂਦਾ ਰਹਿੰਦਾ ਹੈ, ਆਪਣੇ ਹੀ ਮਨ ਨੂੰ ਨਿੰਦਾ ਦੇ ਜ਼ਖ਼ਮ ਲਾਂਦਾ ਰਹਿੰਦਾ ਹੈ।2। 82। 105। ਸਾਰਗ ਮਹਲਾ ੫ ॥ ਟੂਟੀ ਨਿੰਦਕ ਕੀ ਅਧ ਬੀਚ ॥ ਜਨ ਕਾ ਰਾਖਾ ਆਪਿ ਸੁਆਮੀ ਬੇਮੁਖ ਕਉ ਆਇ ਪਹੂਚੀ ਮੀਚ ॥੧॥ ਰਹਾਉ ॥ ਉਸ ਕਾ ਕਹਿਆ ਕੋਇ ਨ ਸੁਣਈ ਕਹੀ ਨ ਬੈਸਣੁ ਪਾਵੈ ॥ ਈਹਾਂ ਦੁਖੁ ਆਗੈ ਨਰਕੁ ਭੁੰਚੈ ਬਹੁ ਜੋਨੀ ਭਰਮਾਵੈ ॥੧॥ ਪ੍ਰਗਟੁ ਭਇਆ ਖੰਡੀ ਬ੍ਰਹਮੰਡੀ ਕੀਤਾ ਅਪਣਾ ਪਾਇਆ ॥ ਨਾਨਕ ਸਰਣਿ ਨਿਰਭਉ ਕਰਤੇ ਕੀ ਅਨਦ ਮੰਗਲ ਗੁਣ ਗਾਇਆ ॥੨॥੮੩॥੧੦੬॥ {ਪੰਨਾ 1224} ਪਦ ਅਰਥ: ਅਧ ਬੀਚ = ਅੱਧ ਵਿਚ ਹੀ। ਟੂਟੀ ਅਧ ਬੀਚ = ਅੱਧ ਵਿਚ ਹੀ ਟੁੱਟ ਜਾਂਦੀ ਹੈ, ਜ਼ਿੰਦਗੀ ਅਸਫਲ ਹੋ ਜਾਂਦੀ ਹੈ। ਬੇਮੁਖ = (ਪ੍ਰਭੂ ਦੇ ਸੇਵਕ ਵਲੋਂ) ਜਿਸ ਨੇ ਆਪਣਾ ਮੂੰਹ ਮੋੜਿਆ ਹੈ। ਮੀਚ = ਮੌਤ, ਆਤਮਕ ਮੌਤ।1। ਰਹਾਉ। ਉਸ ਕਾ = {ਸੰਬੰਧਕ 'ਕਾ' ਦੇ ਕਾਰਨ ਲਫ਼ਜ਼ 'ਉਸ' ਦਾ ੁ ਉੱਡ ਗਿਆ ਹੈ} ਉਸ (ਨਿੰਦਕ) ਦਾ। ਨ ਸੁਣਈ = ਨ ਸੁਣੈ, ਨਹੀਂ ਸੁਣਦਾ। ਕਹੀ = ਕਿਤੇ ਭੀ। ਬੈਸਣੁ = ਥਾਂ, ਆਦਰ ਦੀ ਥਾਂ। ਈਹਾ = ਇਸ ਲੋਕ ਵਿਚ। ਆਗੈ = ਪਰਲੋਕ ਵਿਚ। ਭੁੰਚੈ = ਭੋਗਦਾ ਹੈ। ਭਰਮਾਵੈ = ਭਟਕਦਾ ਹੈ।1। ਪ੍ਰਗਟੁ ਭਇਆ = ਨਸ਼ਰ ਹੁੰਦਾ ਹੈ, ਬਦਨਾਮੀ ਖੱਟਦਾ ਹੈ। ਖੰਡੀ ਬ੍ਰਹਮੰਡੀ = ਜਗਤ ਵਿਚ। ਕਰਤੇ ਕੀ = ਕਰਤਾਰ ਦੀ। ਮੰਗਲ = ਖ਼ੁਸ਼ੀਆਂ।2। ਅਰਥ: ਹੇ ਭਾਈ! ਸੰਤ ਜਨਾਂ ਦੀ ਨਿੰਦਾ ਕਰਨ ਵਾਲੇ ਮਨੁੱਖ ਦੀ ਜ਼ਿੰਦਗੀ ਨਿਸਫਲ ਜਾਂਦੀ ਹੈ। ਮਾਲਕ-ਪ੍ਰਭੂ ਆਪ ਆਪਣੇ ਸੇਵਕ ਦੀ ਰੱਖਿਆ ਕਰਨ ਵਾਲਾ ਹੈ, ਪਰ ਜਿਹੜਾ ਮਨੁੱਖ ਸੰਤ ਜਨਾਂ ਤੋਂ ਮੂੰਹ ਮੋੜੀ ਰੱਖਦਾ ਹੈ, ਉਹ ਆਤਮਕ ਮੌਤ ਸਹੇੜ ਲੈਂਦਾ ਹੈ।1। ਰਹਾਉ। ਹੇ ਭਾਈ! ਸੰਤ ਜਨਾਂ ਦੀ ਨਿੰਦਾ ਕਰਨ ਵਾਲੇ ਮਨੁੱਖ ਦੀ ਗੱਲ ਉੱਤੇ ਕੋਈ ਇਤਬਾਰ ਨਹੀਂ ਕਰਦਾ, ਉਸ ਨੂੰ ਕਿਤੇ ਭੀ ਇੱਜ਼ਤ ਵਾਲੀ ਥਾਂ ਨਹੀਂ ਮਿਲਦੀ। ਨਿੰਦਕ ਇਸ ਲੋਕ ਵਿਚ ਦੁੱਖ ਪਾਂਦਾ ਹੈ, (ਕਿਉਂਕਿ ਕੋਈ ਉਸ ਦੀ ਇੱਜ਼ਤ ਨਹੀਂ ਕਰਦਾ) , ਪਰਲੋਕ ਵਿਚ ਉਹ ਨਰਕ ਭੋਗਦਾ ਹੈ, ਅਨੇਕਾਂ ਜੂਨਾਂ ਵਿਚ ਭਟਕਦਾ ਹੈ।1। ਹੇ ਭਾਈ! ਸੰਤ ਜਨਾਂ ਦੀ ਨਿੰਦਾ ਕਰਨ ਵਾਲਾ ਮਨੁੱਖ ਆਪਣੇ (ਇਸ) ਕੀਤੇ ਦਾ (ਇਹ) ਫਲ ਪਾਂਦਾ ਹੈ ਕਿ ਸਾਰੇ ਜਗਤ ਵਿਚ ਬਦਨਾਮ ਹੋ ਜਾਂਦਾ ਹੈ। ਹੇ ਨਾਨਕ! (ਪ੍ਰਭੂ ਦਾ ਸੇਵਕ) ਨਿਰਭਉ ਕਰਤਾਰ ਦੀ ਸਰਨ ਪਿਆ ਰਹਿੰਦਾ ਹੈ, ਪ੍ਰਭੂ ਦੇ ਗੁਣ ਗਾਂਦਾ ਹੈ, ਉਸ ਦੇ ਅੰਦਰ ਆਤਮਕ ਆਨੰਦ ਬਣਿਆ ਰਹਿੰਦਾ ਹੈ, ਆਤਮਕ ਖ਼ੁਸ਼ੀਆਂ ਬਣੀਆਂ ਰਹਿੰਦੀਆਂ ਹਨ।2। 83। 106। |
Sri Guru Granth Darpan, by Professor Sahib Singh |