ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 1225

ਸਾਰਗ ਮਹਲਾ ੫ ॥ ਤ੍ਰਿਸਨਾ ਚਲਤ ਬਹੁ ਪਰਕਾਰਿ ॥ ਪੂਰਨ ਹੋਤ ਨ ਕਤਹੁ ਬਾਤਹਿ ਅੰਤਿ ਪਰਤੀ ਹਾਰਿ ॥੧॥ ਰਹਾਉ ॥ ਸਾਂਤਿ ਸੂਖ ਨ ਸਹਜੁ ਉਪਜੈ ਇਹੈ ਇਸੁ ਬਿਉਹਾਰਿ ॥ ਆਪ ਪਰ ਕਾ ਕਛੁ ਨ ਜਾਨੈ ਕਾਮ ਕ੍ਰੋਧਹਿ ਜਾਰਿ ॥੧॥ ਸੰਸਾਰ ਸਾਗਰੁ ਦੁਖਿ ਬਿਆਪਿਓ ਦਾਸ ਲੇਵਹੁ ਤਾਰਿ ॥ ਚਰਨ ਕਮਲ ਸਰਣਾਇ ਨਾਨਕ ਸਦ ਸਦਾ ਬਲਿਹਾਰਿ ॥੨॥੮੪॥੧੦੭॥ {ਪੰਨਾ 1225}

ਪਦ ਅਰਥ: ਤ੍ਰਿਸਨਾ = ਮਾਇਆ ਦਾ ਲਾਲਚ। ਚਲਤ = ਤੁਰਦੀ ਹੈ, ਦੌੜ-ਭੱਜ ਕਰਦੀ ਹੈ। ਬਹੁ ਪਰਕਾਰਿ = ਕਈ ਤਰੀਕਿਆਂ ਨਾਲ। ਕਤਹੁ ਬਾਤਹਿ = ਕਿਸੇ ਭੀ ਗੱਲ ਨਾਲ। ਅੰਤਿ = ਆਖ਼ਿਰ। ਪਰਤੀ ਹਾਰਿ = ਹਾਰ ਜਾਂਦੀ ਹੈ, ਸਿਰੇ ਨਹੀਂ ਚੜ੍ਹਦੀ।1। ਰਹਾਉ।

ਸਹਜੁ = ਆਤਮਕ ਅਡੋਲਤਾ। ਇਹੈ– ਇਹ ਹੀ। ਇਸੁ ਬਿਉਹਾਰਿ = ਇਸ ਤ੍ਰਿਸ਼ਨਾ ਦਾ ਵਿਹਾਰ ਹੈ। ਜਾਨੈ = ਜਾਣਦੀ। ਕ੍ਰੋਧਹਿ = ਕ੍ਰੋਧ ਨਾਲ। ਜਾਰਿ = ਜਾਰੇ, ਸਾੜ ਦੇਂਦੀ ਹੈ। ਆਪ = ਆਪਣਾ। ਪਰ ਕਾ = ਪਰਾਇਆ।1।

ਸਾਗਰੁ = ਸਮੁੰਦਰ। ਦੁਖਿ = ਦੁੱਖ ਵਿਚ। ਬਿਆਪਿਓ = ਫਸਿਆ ਰਹਿੰਦਾ ਹੈ। ਲੇਵਹੁ ਤਾਰਿ = ਤੂੰ ਤਾਰ ਲੈਂਦਾ ਹੈ। ਸਦ = ਸਦਾ। ਬਲਿਹਾਰਿ = ਮੈਂ ਸਦਕੇ ਜਾਂਦਾ ਹਾਂ।2।

ਅਰਥ: ਹੇ ਭਾਈ! (ਮਨੁੱਖ ਦੇ ਅੰਦਰ) ਤ੍ਰਿਸ਼ਨਾ ਕਈ ਤਰੀਕਿਆਂ ਨਾਲ ਦੌੜ-ਭੱਜ ਕਰਦੀ ਰਹਿੰਦੀ ਹੈ। ਕਿਸੇ ਭੀ ਗੱਲ ਨਾਲ (ਇਹ ਤ੍ਰਿਸ਼ਨਾ) ਰੱਜਦੀ ਨਹੀਂ, (ਜ਼ਿੰਦਗੀ ਦੇ ਅਖ਼ੀਰ ਤਕ) ਇਹ ਸਿਰੇ ਨਹੀਂ ਚੜ੍ਹਦੀ (ਹੋਰ ਹੋਰ ਵਧਦੀ ਹੀ ਰਹਿੰਦੀ ਹੈ) ।1। ਰਹਾਉ।

ਹੇ ਭਾਈ! (ਤ੍ਰਿਸ਼ਨਾ ਦੇ ਕਾਰਨ ਮਨੁੱਖ ਦੇ ਮਨ ਵਿਚ ਕਦੇ) ਸ਼ਾਂਤੀ ਨਹੀਂ ਪੈਦਾ ਹੁੰਦੀ, ਆਨੰਦ ਨਹੀਂ ਬਣਦਾ, ਆਤਮਕ ਅਡੋਲਤਾ ਨਹੀਂ ਉਪਜਦੀ। ਬੱਸ! ਇਸ ਤ੍ਰਿਸ਼ਨਾ ਦਾ (ਸਦਾ) ਇਹੀ ਵਿਹਾਰ ਹੈ। ਕਾਮ ਅਤੇ ਕ੍ਰੋਧ ਨਾਲ (ਇਹ ਤ੍ਰਿਸ਼ਨਾ ਮਨੁੱਖ ਦਾ ਅੰਦਰਲਾ) ਸਾੜ ਦੇਂਦੀ ਹੈ, ਕਿਸੇ ਦਾ ਲਿਹਾਜ਼ ਨਹੀਂ ਕਰਦੀ।1।

ਹੇ ਭਾਈ! ਤ੍ਰਿਸ਼ਨਾ ਦੇ ਕਾਰਨ ਜੀਵ ਉਤੇ ਸੰਸਾਰ-ਸਮੁੰਦਰ ਆਪਣਾ ਜ਼ੋਰ ਪਾਈ ਰੱਖਦਾ ਹੈ, (ਜੀਵ) ਦੁੱਖ ਵਿਚ ਫਸਿਆ ਰਹਿੰਦਾ ਹੈ। (ਪਰ, ਹੇ ਪ੍ਰਭੂ!) ਤੂੰ ਆਪਣੇ ਸੇਵਕਾਂ ਨੂੰ (ਇਸ ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈਂਦਾ ਹੈਂ। ਹੇ ਨਾਨਕ! ਆਖ– (ਹੇ ਪ੍ਰਭੂ!) ਮੈਂ (ਭੀ) ਤੇਰੇ ਸੋਹਣੇ ਚਰਨਾਂ ਦੀ ਸਰਨ ਆਇਆ ਹਾਂ, ਮੈਂ ਤੈਥੋਂ ਸਦਾ ਸਦਾ ਸਦਕੇ ਜਾਂਦਾ ਹਾਂ।2। 84। 107।

ਸਾਰਗ ਮਹਲਾ ੫ ॥ ਰੇ ਪਾਪੀ ਤੈ ਕਵਨ ਕੀ ਮਤਿ ਲੀਨ ॥ ਨਿਮਖ ਘਰੀ ਨ ਸਿਮਰਿ ਸੁਆਮੀ ਜੀਉ ਪਿੰਡੁ ਜਿਨਿ ਦੀਨ ॥੧॥ ਰਹਾਉ ॥ ਖਾਤ ਪੀਵਤ ਸਵੰਤ ਸੁਖੀਆ ਨਾਮੁ ਸਿਮਰਤ ਖੀਨ ॥ ਗਰਭ ਉਦਰ ਬਿਲਲਾਟ ਕਰਤਾ ਤਹਾਂ ਹੋਵਤ ਦੀਨ ॥੧॥ ਮਹਾ ਮਾਦ ਬਿਕਾਰ ਬਾਧਾ ਅਨਿਕ ਜੋਨਿ ਭ੍ਰਮੀਨ ॥ ਗੋਬਿੰਦ ਬਿਸਰੇ ਕਵਨ ਦੁਖ ਗਨੀਅਹਿ ਸੁਖੁ ਨਾਨਕ ਹਰਿ ਪਦ ਚੀਨ੍ਹ੍ਹ ॥੨॥੮੫॥੧੦੮॥ {ਪੰਨਾ 1225}

ਪਦ ਅਰਥ: ਰੇ ਪਾਪੀ = ਹੇ ਪਾਪੀ! {ਰੇ = ਪੁਲਿੰਗ}। ਤੈ = ਤੂੰ। ਕਵਨ ਕੀ = ਕਿਸ (ਭੈੜੇ) ਦੀ? ਨਿਮਖ = {inmy = } ਅੱਖ ਝਮਕਣ ਜਿਤਨਾ ਸਮਾ। ਜੀਉ = ਜਿੰਦ। ਪਿੰਡੁ = ਸਰੀਰ। ਜਿਨਿ = ਜਿਸ (ਪ੍ਰਭੂ) ਨੇ।1। ਰਹਾਉ।

ਸਵੰਤ = ਸੌਂਦਾ। ਖੀਨ = ਕਮਜ਼ੋਰ, ਆਲਸੀ। ਗਰਭ = ਮਾਂ ਦਾ ਪੇਟ। ਉਦਰ = ਪੇਟ। ਦੀਨ = ਨਿਮਾਣਾ।1।

ਮਾਦ = ਮਦ, ਮਸਤੀ। ਬਾਧਾ = ਬੱਝਾ ਹੋਇਆ। ਕਵਨ ਦੁਖ = ਕਿਹੜੇ ਕਿਹੜੇ ਦੁੱਖ? ਗਨੀਅਹਿ = ਗਿਣੇ ਜਾਣ। ਚੀਨ੍ਹ੍ਹ = ਪਛਾਣ ਕੀਤਿਆਂ, ਸਾਂਝ ਪਾਇਆਂ।2।

ਅਰਥ: ਹੇ ਪਾਪੀ! ਤੂੰ ਕਿਸ ਦੀ (ਭੈੜੀ) ਮਤਿ ਲੈ ਲਈ ਹੈ? ਜਿਸ ਮਾਲਕ-ਪ੍ਰਭੂ ਨੇ ਤੈਨੂੰ ਇਹ ਜਿੰਦ ਦਿੱਤੀ, ਇਹ ਸਰੀਰ ਦਿੱਤਾ, ਉਸ ਨੂੰ ਤੂੰ ਘੜੀ ਭਰ ਭੀ ਅੱਖ ਝਮਕਣ ਜਿਤਨੇ ਸਮੇ ਲਈ ਭੀ ਯਾਦ ਨਹੀਂ ਕਰਦਾ।1। ਰਹਾਉ।

ਹੇ ਪਾਪੀ! ਖਾਂਦਾ ਪੀਂਦਾ ਸੌਂਦਾ ਤਾਂ ਤੂੰ ਖ਼ੁਸ਼ ਰਹਿੰਦਾ ਹੈਂ, ਪਰ ਪ੍ਰਭੂ ਦਾ ਨਾਮ ਸਿਮਰਦਿਆਂ ਤੂੰ ਆਲਸੀ ਹੋ ਜਾਂਦਾ ਹੈਂ। ਜਦੋਂ ਤੂੰ ਮਾਂ ਦੇ ਪੇਟ ਵਿਚ ਸੀ, ਤਦੋਂ ਵਿਲਕਦਾ ਸੀ, ਤਦੋਂ ਤੂੰ ਗਰੀਬੜਾ ਜਿਹਾ ਬਣਿਆ ਰਹਿੰਦਾ ਸੀ।1।

ਹੇ ਪਾਪੀ! ਵੱਡੇ ਵੱਡੇ ਵਿਕਾਰਾਂ ਦੀ ਮਸਤੀ ਵਿਚ ਬੱਝਾ ਹੋਇਆ ਤੂੰ ਅਨੇਕਾਂ ਜੂਨਾਂ ਵਿਚ ਭਟਕਦਾ ਆ ਰਿਹਾ ਹੈਂ। ਹੇ ਨਾਨਕ! (ਆਖ– ਹੇ ਭਾਈ !) ਪਰਮਾਤਮਾ ਦਾ ਨਾਮ ਭੁੱਲਿਆਂ ਇਤਨੇ ਦੁੱਖ ਵਾਪਰਦੇ ਹਨ ਕਿ ਗਿਣੇ ਨਹੀਂ ਜਾ ਸਕਦੇ। ਪਰਮਾਤਮਾ ਦੇ ਚਰਨਾਂ ਨਾਲ ਸਾਂਝ ਪਾਇਆਂ ਹੀ ਸੁਖ ਮਿਲਦਾ ਹੈ।2। 85। 108।

ਸਾਰਗ ਮਹਲਾ ੫ ॥ ਮਾਈ ਰੀ ਚਰਨਹ ਓਟ ਗਹੀ ॥ ਦਰਸਨੁ ਪੇਖਿ ਮੇਰਾ ਮਨੁ ਮੋਹਿਓ ਦੁਰਮਤਿ ਜਾਤ ਬਹੀ ॥੧॥ ਰਹਾਉ ॥ ਅਗਹ ਅਗਾਧਿ ਊਚ ਅਬਿਨਾਸੀ ਕੀਮਤਿ ਜਾਤ ਨ ਕਹੀ ॥ ਜਲਿ ਥਲਿ ਪੇਖਿ ਪੇਖਿ ਮਨੁ ਬਿਗਸਿਓ ਪੂਰਿ ਰਹਿਓ ਸ੍ਰਬ ਮਹੀ ॥੧॥ ਦੀਨ ਦਇਆਲ ਪ੍ਰੀਤਮ ਮਨਮੋਹਨ ਮਿਲਿ ਸਾਧਹ ਕੀਨੋ ਸਹੀ ॥ ਸਿਮਰਿ ਸਿਮਰਿ ਜੀਵਤ ਹਰਿ ਨਾਨਕ ਜਮ ਕੀ ਭੀਰ ਨ ਫਹੀ ॥੨॥੮੬॥੧੦੯॥ {ਪੰਨਾ 1225}

ਪਦ ਅਰਥ: ਮਾਈ ਰੀ = ਹੇ ਮਾਂ {'ਰੀ' ਇਸਤ੍ਰੀ ਲਿੰਗ। 'ਕਹਤ ਕਬੀਰ ਸੁਨਹੁ ਰੀ ਲੋਈ'}। ਓਟ = ਆਸਰਾ। ਗਹੀ = ਫੜੀ। ਪੇਖਿ = ਵੇਖ ਕੇ। ਜਾਤ ਬਹੀ = ਰੁੜ੍ਹ ਗਈ ਹੈ।1। ਰਹਾਉ।

ਅਗਹ = ਅਥਾਹ। ਅਗਾਧਿ = ਬੇਅੰਤ ਡੂੰਘਾ। ਜਲਿ = ਜਲ ਵਿਚ। ਥਲਿ = ਧਰਤੀ ਵਿਚ। ਪੇਖਿ = ਵੇਖ ਕੇ। ਬਿਗਸਿਓ = ਪ੍ਰਸੰਨ ਹੋ ਰਿਹਾ ਹੈ। ਪੂਰਿ ਰਹਿਓ = ਵਿਆਪਕ ਹੈ। ਸ੍ਰਬ ਮਹੀ = ਸਰਬ ਮਹੀ, ਸਾਰੀ ਧਰਤੀ ਵਿਚ।1।

ਮਿਲਿ ਸਾਧਹ = ਸਾਧ ਜਨਾਂ ਨੂੰ ਮਿਲ ਕੇ। ਕੀਨੋ ਸਹੀ = ਸਹੀ ਕੀਤਾ ਹੈ, ਵੇਖਿਆ ਹੈ। ਭੀਰ = ਭੀੜ (ਵਿਚ) । ਨ ਫਹੀ = ਨਹੀਂ ਫਸੀਦਾ।2।

ਅਰਥ: ਹੇ ਮਾਂ! (ਜਦੋਂ ਦਾ) ਪਰਮਾਤਮਾ ਦੇ ਚਰਨਾਂ ਦਾ ਆਸਰਾ ਲਿਆ ਹੈ, (ਉਸ ਦਾ) ਦਰਸਨ ਕਰ ਕੇ ਮੇਰਾ ਮਨ ਮੋਹਿਆ ਗਿਆ ਹੈ, (ਮੇਰੇ ਅੰਦਰੋਂ) ਭੈੜੀ ਮਤਿ ਰੁੜ੍ਹ ਗਈ ਹੈ।1। ਰਹਾਉ।

ਹੇ ਮਾਂ! ਉਹ ਪਰਮਾਤਮਾ ਅਥਾਹ ਹੈ ਬੇਅੰਤ ਡੂੰਘਾ ਹੈ, ਬਹੁਤ ਉੱਚਾ ਹੈ, ਕਦੇ ਨਹੀਂ ਮਰਦਾ, ਉਸ ਦਾ ਮੁੱਲ ਨਹੀਂ ਪਾਇਆ ਜਾ ਸਕਦਾ। ਜਲ ਵਿਚ ਧਰਤੀ ਵਿਚ (ਹਰ ਥਾਂ ਉਸ ਨੂੰ) ਵੇਖ ਕੇ ਮੇਰਾ ਮਨ ਖਿੜਿਆ ਰਹਿੰਦਾ ਹੈ। ਹੇ ਮਾਂ! ਉਹ ਸਾਰੀ ਸ੍ਰਿਸ਼ਟੀ ਵਿਚ ਵਿਆਪਕ ਹੈ।1।

ਹੇ ਮਾਂ! ਸਾਧ ਸੰਗਤਿ ਵਿਚ ਮਿਲ ਕੇ ਗਰੀਬਾਂ ਉਤੇ ਦਇਆ ਕਰਨ ਵਾਲੇ ਅਤੇ ਮਨ ਨੂੰ ਮੋਹ ਲੈਣ ਵਾਲੇ ਪ੍ਰੀਤਮ ਦਾ ਮੈਂ ਦਰਸਨ ਕੀਤਾ ਹੈ। ਹੇ ਨਾਨਕ! (ਆਖ– ਹੇ ਮਾਂ!) ਪਰਮਾਤਮਾ ਦਾ ਨਾਮ ਸਿਮਰ ਸਿਮਰ ਕੇ ਆਤਮਕ ਜੀਵਨ ਮਿਲਦਾ ਹੈ, ਅਤੇ ਜਮਾਂ ਦੀ ਭੀੜ ਵਿਚ ਨਹੀਂ ਫਸੀਦਾ।2। 86। 109।

ਸਾਰਗ ਮਹਲਾ ੫ ॥ ਮਾਈ ਰੀ ਮਨੁ ਮੇਰੋ ਮਤਵਾਰੋ ॥ ਪੇਖਿ ਦਇਆਲ ਅਨਦ ਸੁਖ ਪੂਰਨ ਹਰਿ ਰਸਿ ਰਪਿਓ ਖੁਮਾਰੋ ॥੧॥ ਰਹਾਉ ॥ ਨਿਰਮਲ ਭਏ ਊਜਲ ਜਸੁ ਗਾਵਤ ਬਹੁਰਿ ਨ ਹੋਵਤ ਕਾਰੋ ॥ ਚਰਨ ਕਮਲ ਸਿਉ ਡੋਰੀ ਰਾਚੀ ਭੇਟਿਓ ਪੁਰਖੁ ਅਪਾਰੋ ॥੧॥ ਕਰੁ ਗਹਿ ਲੀਨੇ ਸਰਬਸੁ ਦੀਨੇ ਦੀਪਕ ਭਇਓ ਉਜਾਰੋ ॥ ਨਾਨਕ ਨਾਮਿ ਰਸਿਕ ਬੈਰਾਗੀ ਕੁਲਹ ਸਮੂਹਾਂ ਤਾਰੋ ॥੨॥੮੭॥੧੧੦॥ {ਪੰਨਾ 1225}

ਪਦ ਅਰਥ: ਮਤਵਾਰੋ = ਮਤਵਾਲਾ, ਮਸਤ। ਪੇਖਿ = ਵੇਖ ਕੇ। ਰਸਿ = ਰਸ ਨਾਲ। ਰਪਿਓ = ਰੰਗਿਆ ਗਿਆ ਹੈ। ਖੁਮਾਰੋ = ਮਸਤੀ।1। ਰਹਾਉ।

ਜਸੁ = ਸਿਫ਼ਤਿ-ਸਾਲਾਹ ਦਾ ਗੀਤ। ਬਹੁਰਿ = ਮੁੜ, ਫਿਰ। ਕਾਰੋ = ਕਾਲਾ। ਸਿਉ = ਨਾਲ। ਡੋਰੀ ਰਾਚੀ = ਸੁਰਤਿ ਜੁੜੀ ਰਹਿੰਦੀ ਹੈ। ਭੇਟਿਓ = ਮਿਲ ਪੈਂਦਾ ਹੈ।1।

ਕਰੁ = ਹੱਥ {ਇਕ-ਵਚਨ}। ਗਹਿ = ਫੜ ਕੇ। ਸਰਬਸੁ = {svLÔv} ਸਾਰਾ ਧਨ-ਪਦਾਰਥ, ਸਭ ਕੁਝ। ਦੀਪਕ = ਦੀਵਾ। ਨਾਮਿ = ਨਾਮ ਦੀ ਰਾਹੀਂ। ਰਸਿਕ = ਰਸੀਆ, ਪ੍ਰੇਮੀ। ਬੈਰਾਗੀ = ਵੈਰਾਗਵਾਨ, ਪ੍ਰੇਮੀ।2।

ਅਰਥ: ਹੇ ਮਾਂ! ਮੇਰਾ ਮਨ (ਪ੍ਰਭੂ ਦੇ ਦੀਦਾਰ ਵਿਚ) ਮਸਤ ਹੋ ਰਿਹਾ ਹੈ। ਉਸ ਦਇਆ ਦੇ ਸੋਮੇ ਪ੍ਰਭੂ ਦਾ ਦਰਸਨ ਕਰ ਕੇ ਮੇਰੇ ਅੰਦਰ ਪੂਰਨ ਤੌਰ ਤੇ ਆਤਮਕ ਆਨੰਦ ਸੁਖ ਬਣਿਆ ਹੋਇਆ ਹੈ, ਮੇਰਾ ਮਨ ਪ੍ਰੇਮ-ਰਸ ਨਾਲ ਰੰਗਿਆ ਗਿਆ ਹੈ ਤੇ ਮਸਤ ਹੈ।1। ਰਹਾਉ।

ਹੇ ਮਾਂ! ਪਰਮਾਤਮਾ ਦਾ ਜਸ ਗਾਂਦਿਆਂ ਜਿਸ ਮਨੁੱਖ ਦਾ ਮਨ ਨਿਰਮਲ ਉੱਜਲ ਹੋ ਜਾਂਦਾ ਹੈ, ਉਹ ਮੁੜ (ਵਿਕਾਰਾਂ ਨਾਲ) ਕਾਲਾ ਨਹੀਂ ਹੁੰਦਾ। (ਸਿਫ਼ਤਿ-ਸਾਲਾਹ ਦੀ ਬਰਕਤਿ ਨਾਲ) ਜਿਸ ਮਨੁੱਖ ਦੇ ਮਨ ਦੀ ਡੋਰ ਪ੍ਰਭੂ ਦੇ ਸੋਹਣੇ ਚਰਨਾਂ ਨਾਲ ਜੁੜਦੀ ਹੈ, ਉਸ ਨੂੰ ਬੇਅੰਤ ਪ੍ਰਭੂ ਮਿਲ ਪੈਂਦਾ ਹੈ।1।

ਹੇ ਮਾਂ! ਜਿਸ ਮਨੁੱਖ ਦਾ ਹੱਥ ਫੜ ਕੇ ਪ੍ਰਭੂ ਉਸ ਨੂੰ ਆਪਣਾ ਬਣਾ ਲੈਂਦਾ ਹੈ, ਉਸ ਨੂੰ ਸਭ ਕੁਝ ਬਖ਼ਸ਼ਦਾ ਹੈ, ਉਸ ਦੇ ਅੰਦਰ (ਨਾਮ ਦੇ) ਦੀਵੇ ਦਾ ਚਾਨਣ ਹੋ ਜਾਂਦਾ ਹੈ। ਹੇ ਨਾਨਕ! ਪਰਮਾਤਮਾ ਦੇ ਨਾਮ ਵਿਚ ਪ੍ਰੀਤ ਪ੍ਰੇਮ ਜੋੜਨ ਵਾਲਾ ਮਨੁੱਖ ਆਪਣੀਆਂ ਸਾਰੀਆਂ ਕੁਲਾਂ ਨੂੰ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈਂਦਾ ਹੈ।2। 87। 110।

ਸਾਰਗ ਮਹਲਾ ੫ ॥ ਮਾਈ ਰੀ ਆਨ ਸਿਮਰਿ ਮਰਿ ਜਾਂਹਿ ॥ ਤਿਆਗਿ ਗੋਬਿਦੁ ਜੀਅਨ ਕੋ ਦਾਤਾ ਮਾਇਆ ਸੰਗਿ ਲਪਟਾਹਿ ॥੧॥ ਰਹਾਉ ॥ ਨਾਮੁ ਬਿਸਾਰਿ ਚਲਹਿ ਅਨ ਮਾਰਗਿ ਨਰਕ ਘੋਰ ਮਹਿ ਪਾਹਿ ॥ ਅਨਿਕ ਸਜਾਂਈ ਗਣਤ ਨ ਆਵੈ ਗਰਭੈ ਗਰਭਿ ਭ੍ਰਮਾਹਿ ॥੧॥ ਸੇ ਧਨਵੰਤੇ ਸੇ ਪਤਿਵੰਤੇ ਹਰਿ ਕੀ ਸਰਣਿ ਸਮਾਹਿ ॥ ਗੁਰ ਪ੍ਰਸਾਦਿ ਨਾਨਕ ਜਗੁ ਜੀਤਿਓ ਬਹੁਰਿ ਨ ਆਵਹਿ ਜਾਂਹਿ ॥੨॥੮੮॥੧੧੧॥ {ਪੰਨਾ 1225}

ਪਦ ਅਰਥ: ਆਨ = {ANX} (ਪ੍ਰਭੂ ਤੋਂ ਬਿਨਾ) ਕੋਈ ਹੋਰ। ਸਿਮਰਿ = ਸਿਮਰ ਕੇ। ਮਰਿ ਜਾਂਹਿ = ਮਰ ਜਾਂਦੇ ਹਨ, ਆਤਮਕ ਮੌਤ ਸਹੇੜ ਲੈਂਦੇ ਹਨ। ਤਿਆਗਿ = ਛੱਡ ਕੇ, ਭੁਲਾ ਕੇ। ਜੀਅਨ ਕੋ = ਸਾਰੇ ਜੀਵਾਂ ਦਾ। ਸੰਗਿ = ਨਾਲ। ਲਪਟਾਹਿ = ਚੰਬੜੇ ਰਹਿੰਦੇ ਹਨ।1। ਰਹਾਉ।

ਬਿਸਾਰਿ = ਵਿਸਾਰ ਕੇ। ਚਲਹਿ = ਤੁਰਦੇ ਹਨ {ਬਹੁ-ਵਚਨ}। ਅਨ ਮਾਰਗਿ = ਹੋਰ ਰਸਤੇ ਉੱਤੇ। ਪਾਹਿ = ਪੈਂਦੇ ਹਨ। ਗਣਤ = ਗਿਣਤੀ। ਗਰਭੈ ਗਰਭਿ = ਹਰੇਕ ਜੂਨ ਵਿਚ। ਭ੍ਰਮਾਹਿ = ਭਟਕਦੇ ਹਨ।1।

ਸੇ = ਉਹ {ਬਹੁ-ਵਚਨ}। ਪਤਿਵੰਤੇ = ਇੱਜ਼ਤ ਵਾਲੇ। ਸਮਾਹਿ = ਲੀਨ ਰਹਿੰਦੇ ਹਨ। ਗੁਰ ਪ੍ਰਸਾਦਿ = ਗੁਰੂ ਦੀ ਕਿਰਪਾ ਨਾਲ। ਬਹੁਰਿ = ਮੁੜ, ਫਿਰ। ਆਵਹਿ = ਜੰਮਦੇ ਹਨ। ਜਾਂਹਿ = ਮਰਦੇ ਹਨ।2।

ਅਰਥ: ਹੇ ਮਾਂ! ਸਾਰੇ ਜੀਵਾਂ ਨੂੰ ਦਾਤਾਂ ਦੇਣ ਵਾਲੇ ਪਰਮਾਤਮਾ ਨੂੰ ਛੱਡ ਕੇ ਜਿਹੜੇ ਮਨੁੱਖ (ਸਦਾ) ਮਾਇਆ ਨਾਲ ਚੰਬੜੇ ਰਹਿੰਦੇ ਹਨ, ਉਹ (ਪ੍ਰਭੂ ਤੋਂ ਬਿਨਾ) ਹੋਰ ਨੂੰ ਮਨ ਵਿਚ ਵਸਾਈ ਰੱਖ ਕੇ ਆਤਮਕ ਮੌੜ ਸਹੇੜ ਲੈਂਦੇ ਹਨ।1। ਰਹਾਉ।

ਹੇ ਮਾਂ! ਜਿਹੜੇ ਮਨੁੱਖ ਪਰਮਾਤਮਾ ਦਾ ਨਾਮ ਭੁਲਾ ਕੇ ਹੋਰ (ਜੀਵਨ-) ਰਾਹ ਉਤੇ ਤੁਰਦੇ ਹਨ, ਉਹ ਭਿਆਨਕ ਨਰਕ ਵਿਚ ਪਏ ਰਹਿੰਦੇ ਹਨ। ਉਹਨਾਂ ਨੂੰ ਇਤਨੀਆਂ ਸਜ਼ਾਵਾਂ ਮਿਲਦੀਆਂ ਰਹਿੰਦੀਆਂ ਹਨ ਕਿ ਉਹਨਾਂ ਦੀ ਗਿਣਤੀ ਨਹੀਂ ਹੋ ਸਕਦੀ। ਉਹ ਹਰੇਕ ਜੂਨ ਵਿਚ ਭਟਕਦੇ ਫਿਰਦੇ ਹਨ।1।

ਹੇ ਮਾਂ! ਜਿਹੜੇ ਮਨੁੱਖ ਪਰਮਾਤਮਾ ਦੀ ਸਰਨ ਵਿਚ ਟਿਕੇ ਰਹਿੰਦੇ ਹਨ, ਉਹ ਧਨ ਵਾਲੇ ਹਨ, ਉਹ ਇੱਜ਼ਤ ਵਾਲੇ ਹਨ। ਹੇ ਨਾਨਕ! (ਆਖ– ਹੇ ਮਾਂ!) ਗੁਰੂ ਦੀ ਮਿਹਰ ਨਾਲ ਉਹਨਾਂ ਨੇ ਜਗਤ (ਦੇ ਮੋਹ) ਨੂੰ ਜਿੱਤ ਲਿਆ ਹੈ, ਉਹ ਮੁੜ ਮੁੜ ਨਾਹ ਜੰਮਦੇ ਹਨ ਨਾਹ ਮਰਦੇ ਹਨ।2। 88। 111।

ਸਾਰਗ ਮਹਲਾ ੫ ॥ ਹਰਿ ਕਾਟੀ ਕੁਟਿਲਤਾ ਕੁਠਾਰਿ ॥ ਭ੍ਰਮ ਬਨ ਦਹਨ ਭਏ ਖਿਨ ਭੀਤਰਿ ਰਾਮ ਨਾਮ ਪਰਹਾਰਿ ॥੧॥ ਰਹਾਉ ॥ ਕਾਮ ਕ੍ਰੋਧ ਨਿੰਦਾ ਪਰਹਰੀਆ ਕਾਢੇ ਸਾਧੂ ਕੈ ਸੰਗਿ ਮਾਰਿ ॥ ਜਨਮੁ ਪਦਾਰਥੁ ਗੁਰਮੁਖਿ ਜੀਤਿਆ ਬਹੁਰਿ ਨ ਜੂਐ ਹਾਰਿ ॥੧॥ ਆਠ ਪਹਰ ਪ੍ਰਭ ਕੇ ਗੁਣ ਗਾਵਹ ਪੂਰਨ ਸਬਦਿ ਬੀਚਾਰਿ ॥ ਨਾਨਕ ਦਾਸਨਿ ਦਾਸੁ ਜਨੁ ਤੇਰਾ ਪੁਨਹ ਪੁਨਹ ਨਮਸਕਾਰਿ ॥੨॥੮੯॥੧੧੨॥ {ਪੰਨਾ 1225-1226}

ਪਦ ਅਰਥ: ਕੁਟਿਲ = ਵਿੰਗੀਆਂ ਚਾਲਾਂ ਚੱਲਣ ਵਾਲਾ, ਖੋਟਾ। ਕੁਟਿਲਤਾ = ਮਨ ਦਾ ਵਿੰਗ, ਖੋਟ। ਕੁਠਾਰਿ = ਕੁਹਾੜੇ ਨਾਲ। ਭ੍ਰਮ = ਭਟਕਣਾ। ਭ੍ਰਮ ਬਨ = ਭਟਕਣਾਂ ਦੇ ਜੰਗਲ। ਦਹਨ ਭਏ = ਸੜ ਗਏ। ਪਰਹਾਰਿ = ਚੋਟ ਨਾਲ।1। ਰਹਾਉ।

ਪਰਹਰੀਆ = ਦੂਰ ਕਰ ਦਿੱਤੀ। ਸਾਧੂ ਕੈ ਸੰਗਿ = ਗੁਰੂ ਦੀ ਸੰਗਤਿ ਵਿਚ। ਮਾਰਿ = ਮਾਰ ਕੇ। ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ। ਬਹੁਰਿ = ਮੁੜ। ਜੂਐ = ਜੂਏ ਵਿਚ। ਹਾਰਿ = ਹਾਰ ਕੇ।1।

ਗਾਵਹ = ਆਓ, ਭਾਈ! ਅਸੀਂ ਗਾਵੀਏ = {ਵਰਤਮਾਨ ਕਾਲ, ਉੱਤਮ ਪੁਰਖ, ਬਹੁ-ਵਚਨ}। ਸਬਦਿ = ਸ਼ਬਦ ਦੀ ਰਾਹੀਂ। ਬੀਚਾਰਿ = ਵਿਚਾਰ ਕੇ, ਮਨ ਵਿਚ ਵਸਾ ਕੇ। ਦਾਸਨਿ ਦਾਸੁ = ਦਾਸਾਂ ਦਾ ਦਾਸ। ਪੁਨਹੁ ਪੁਨਹ = ਮੁੜ ਮੁੜ।2।

ਅਰਥ: ਹੇ ਭਾਈ! ਪਰਮਾਤਮਾ ਨੇ (ਜਿਸ ਮਨੁੱਖ ਦੇ) ਮਨ ਦਾ ਖੋਟ (ਮਾਨੋ) ਕੁਹਾੜੇ ਨਾਲ ਕੱਟ ਦਿੱਤਾ, ਉਸ ਦੇ ਅੰਦਰੋਂ ਪ੍ਰਭੂ ਦੇ ਨਾਮ ਦੀ ਚੋਟ ਨਾਲ ਇਕ ਖਿਨ ਵਿਚ ਹੀ ਭਟਕਣਾ ਦੇ ਜੰਗਲਾਂ ਦੇ ਜੰਗਲ ਹੀ ਸੜ (ਕੇ ਸੁਆਹ ਹੋ) ਗਏ।1। ਰਹਾਉ।

ਹੇ ਭਾਈ! ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਗੁਰੂ ਦੀ ਸੰਗਤਿ ਵਿਚ ਰਹਿ ਕੇ ਕਾਮ ਕ੍ਰੋਧ ਨਿੰਦਾ ਆਦਿਕ ਵਿਕਾਰਾਂ ਨੂੰ (ਆਪਣੇ ਅੰਦਰੋਂ) ਦੂਰ ਕਰ ਦੇਂਦਾ ਹੈ ਮਾਰ ਮਾਰ ਕੇ ਕੱਢ ਦੇਂਦਾ ਹੈ ਗੁਰਮੁਖ ਇਸ ਕੀਮਤੀ ਮਨੁੱਖਾ ਜਨਮ ਨੂੰ (ਵਿਕਾਰਾਂ ਦੇ ਟਾਕਰੇ ਤੇ) ਕਾਮਯਾਬ ਬਣਾ ਲੈਂਦਾ ਹੈ, ਫਿਰ ਕਦੇ ਇਸ ਨੂੰ ਜੂਏ ਵਿਚ ਹਾਰ ਕੇ ਨਹੀਂ ਜਾਂਦਾ।1।

ਹੇ ਭਾਈ! ਆਓ, ਰਲ ਕੇ ਸਰਬ-ਵਿਆਪਕ ਪ੍ਰਭੂ ਦੇ ਗੁਣਾਂ ਨੂੰ ਗੁਰ-ਸ਼ਬਦ ਦੀ ਰਾਹੀਂ ਮਨ ਵਿਚ ਵਸਾ ਕੇ ਅੱਠੇ ਪਹਰ ਉਸ ਦੇ ਗੁਣ ਗਾਂਦੇ ਰਹੀਏ। ਹੇ ਨਾਨਕ! (ਆਖ-) ਹੇ ਪ੍ਰਭੂ! ਮੈਂ ਤੇਰੇ ਦਾਸਾਂ ਦਾ ਦਾਸ ਹਾਂ, (ਤੇਰੇ ਦਰ ਤੇ ਹੀ) ਮੁੜ ਮੁੜ ਨਮਸਕਾਰ ਕਰਦਾ ਹਾਂ।2। 89। 112।

TOP OF PAGE

Sri Guru Granth Darpan, by Professor Sahib Singh