ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 1226

ਸਾਰਗ ਮਹਲਾ ੫ ॥ ਪੋਥੀ ਪਰਮੇਸਰ ਕਾ ਥਾਨੁ ॥ ਸਾਧਸੰਗਿ ਗਾਵਹਿ ਗੁਣ ਗੋਬਿੰਦ ਪੂਰਨ ਬ੍ਰਹਮ ਗਿਆਨੁ ॥੧॥ ਰਹਾਉ ॥ ਸਾਧਿਕ ਸਿਧ ਸਗਲ ਮੁਨਿ ਲੋਚਹਿ ਬਿਰਲੇ ਲਾਗੈ ਧਿਆਨੁ ॥ ਜਿਸਹਿ ਕ੍ਰਿਪਾਲੁ ਹੋਇ ਮੇਰਾ ਸੁਆਮੀ ਪੂਰਨ ਤਾ ਕੋ ਕਾਮੁ ॥੧॥ ਜਾ ਕੈ ਰਿਦੈ ਵਸੈ ਭੈ ਭੰਜਨੁ ਤਿਸੁ ਜਾਨੈ ਸਗਲ ਜਹਾਨੁ ॥ ਖਿਨੁ ਪਲੁ ਬਿਸਰੁ ਨਹੀ ਮੇਰੇ ਕਰਤੇ ਇਹੁ ਨਾਨਕੁ ਮਾਂਗੈ ਦਾਨੁ ॥੨॥੯੦॥੧੧੩॥ {ਪੰਨਾ 1226}

ਪਦ ਅਰਥ: ਪੋਥੀ = ਉਹ ਪੁਸਤਕ ਜਿਸ ਵਿਚ ਪਰਮਾਤਮਾ ਦੀ ਸਿਫ਼ਤਿ-ਸਾਲਾਹ ਲਿਖੀ ਪਈ ਹੈ, ਗੁਰਬਾਣੀ। ਥਾਨੁ = ਮਿਲਣ ਦਾ ਥਾਂ। ਸਾਧ ਸੰਗਿ = ਗੁਰੂ ਦੀ ਸੰਗਤਿ ਵਿਚ। ਗਾਵਹਿ = (ਜਿਹੜੇ) ਗਾਂਦੇ ਹਨ। ਪੂਰਨ = ਸਰਬ-ਵਿਆਪਕ। ਗਿਆਨੁ = ਡੂੰਘੀ ਸਾਂਝ।1। ਰਹਾਉ।

ਸਾਧਿਕ = ਜੋਗ-ਸਾਧਨ ਕਰਨ ਵਾਲੇ। ਸਿਧ = ਸਿੱਧ, ਜੋਗ-ਸਾਧਨਾਂ ਵਿਚ ਪੁੱਗੇ ਹੋਏ ਜੋਗੀ। ਲੋਚਹਿ = ਤਾਂਘ ਕਰਦੇ ਆਏ ਹਨ। ਲਾਗੈ ਧਿਆਨੁ = ਸੁਰਤਿ ਜੁੜਦੀ ਹੈ। ਜਿਸਹਿ = ਜਿਸ (ਮਨੁੱਖ) ਉੱਤੇ {ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਲਫ਼ਜ਼ 'ਜਿਸੁ' ਦਾ ੁ ਉੱਡ ਗਿਆ ਹੈ}। ਤਾ ਕੋ = ਉਸ ਦਾ। ਕਾਮੁ = (ਹਰੇਕ) ਕੰਮ।1।

ਜਾ ਕੈ ਰਿਦੈ = ਜਿਸ (ਮਨੁੱਖ) ਦੇ ਹਿਰਦੇ ਵਿਚ। ਭੈ ਭੰਜਨੁ = ਸਾਰੇ ਡਰ ਦੂਰ ਕਰਨ ਵਾਲਾ। ਬਿਸਰੁ ਨਹੀ = ਨਾਹ ਭੁੱਲ। ਕਰਤੇ = ਹੇ ਕਰਤਾਰ! ਨਾਨਕੁ ਮਾਂਗੈ = ਨਾਨਕ ਮੰਗਦਾ ਹੈ।2।

ਅਰਥ: ਹੇ ਭਾਈ! ਗੁਰਬਾਣੀ (ਹੀ) ਪਰਮਾਤਮਾ ਦੇ ਮਿਲਾਪ ਦੀ ਥਾਂ ਹੈ। ਜਿਹੜੇ ਮਨੁੱਖ ਗੁਰੂ ਦੀ ਸੰਗਤਿ ਵਿਚ ਰਹਿ ਕੇ ਪਰਮਾਤਮਾ ਦੇ ਗੁਣ ਗਾਂਦੇ ਰਹਿੰਦੇ ਹਨ, ਉਹ ਮਨੁੱਖ ਸਰਬ-ਵਿਆਪਕ ਪਰਮਾਤਮਾ ਨਾਲ ਡੂੰਘੀ ਸਾਂਝ ਪਾ ਲੈਂਦੇ ਹਨ।1। ਰਹਾਉ।

ਹੇ ਭਾਈ! ਜੋਗ-ਸਾਧਨ ਕਰਨ ਵਾਲੇ ਮਨੁੱਖ, ਜੋਗ-ਸਾਧਨਾਂ ਵਿਚ ਪੁੱਗੇ ਹੋਏ ਜੋਗੀ, ਸਾਰੇ ਰਿਸ਼ੀ-ਮੁਨੀ (ਪਰਮਾਤਮਾ ਨਾਲ ਮਿਲਾਪ ਦੀ) ਤਾਂਘ ਕਰਦੇ ਆ ਰਹੇ ਹਨ, ਪਰ ਕਿਸੇ ਵਿਰਲੇ ਦੀ ਸੁਰਤਿ (ਉਸ ਵਿਚ) ਜੁੜਦੀ ਹੈ। ਜਿਸ ਮਨੁੱਖ ਉਤੇ ਮੇਰਾ ਮਾਲਕ-ਪ੍ਰਭੂ ਆਪ ਦਇਆਵਾਨ ਹੁੰਦਾ ਹੈ, ਉਸ ਦਾ (ਇਹ) ਕੰਮ ਸਿਰੇ ਚੜ੍ਹ ਜਾਂਦਾ ਹੈ।1।

ਹੇ ਭਾਈ! ਸਾਰੇ ਡਰਾਂ ਦਾ ਨਾਸ ਕਰਨ ਵਾਲਾ ਪਰਮਾਤਮਾ ਜਿਸ ਮਨੁੱਖ ਦੇ ਹਿਰਦੇ ਵਿਚ ਆ ਵੱਸਦਾ ਹੈ, ਉਸ ਨੂੰ ਸਾਰਾ ਜਗਤ ਜਾਣ ਲੈਂਦਾ ਹੈ (ਸਾਰੇ ਜਗਤ ਵਿਚ ਉਸ ਦੀ ਸੋਭਾ ਖਿਲਰ ਜਾਂਦੀ ਹੈ) । (ਉਸ ਪਰਮਾਤਮਾ ਦੇ ਦਰ ਤੋਂ) ਨਾਨਕ ਇਹ ਦਾਨ ਮੰਗਦਾ ਹੈ (ਕਿ) ਹੇ ਮੇਰੇ ਕਰਤਾਰ! (ਮੇਰੇ ਮਨ ਤੋਂ ਕਦੇ) ਇਕ ਖਿਨ ਵਾਸਤੇ ਇਕ ਪਲ ਵਾਸਤੇ ਭੀ ਨਾਹ ਵਿਸਰ।2। 90। 113।

ਸਾਰਗ ਮਹਲਾ ੫ ॥ ਵੂਠਾ ਸਰਬ ਥਾਈ ਮੇਹੁ ॥ ਅਨਦ ਮੰਗਲ ਗਾਉ ਹਰਿ ਜਸੁ ਪੂਰਨ ਪ੍ਰਗਟਿਓ ਨੇਹੁ ॥੧॥ ਰਹਾਉ ॥ ਚਾਰਿ ਕੁੰਟ ਦਹ ਦਿਸਿ ਜਲ ਨਿਧਿ ਊਨ ਥਾਉ ਨ ਕੇਹੁ ॥ ਕ੍ਰਿਪਾ ਨਿਧਿ ਗੋਬਿੰਦ ਪੂਰਨ ਜੀਅ ਦਾਨੁ ਸਭ ਦੇਹੁ ॥੧॥ ਸਤਿ ਸਤਿ ਹਰਿ ਸਤਿ ਸੁਆਮੀ ਸਤਿ ਸਾਧਸੰਗੇਹੁ ॥ ਸਤਿ ਤੇ ਜਨ ਜਿਨ ਪਰਤੀਤਿ ਉਪਜੀ ਨਾਨਕ ਨਹ ਭਰਮੇਹੁ ॥੨॥੯੧॥੧੧੪॥ {ਪੰਨਾ 1226}

ਪਦ ਅਰਥ: ਵੂਠਾ = ਵੱਸ ਪਿਆ, ਵੱਸਦਾ ਹੈ। ਥਾਈ = ਥਾਈਂ, ਥਾਵਾਂ ਵਿਚ। ਮੇਹੁ = ਮੀਂਹ, ਆਤਮਕ ਆਨੰਦ ਦੀ ਵਰਖਾ। ਮੰਗਲ = ਖ਼ੁਸ਼ੀਆਂ। ਗਾਉ = ਗਾਇਆ ਕਰੋ। ਪੂਰਨ ਨੇਹੁ = ਸਰਬ-ਵਿਆਪਕ ਪ੍ਰਭੂ ਦਾ ਪਿਆਰ। ਪ੍ਰਗਟਿਓ = ਪੈਦਾ ਹੋ ਜਾਂਦਾ ਹੈ।1। ਰਹਾਉ।

ਕੁੰਟ = ਕੂਟ, ਪਾਸਾ। ਦਹ ਦਿਸਿ = ਦਸੀਂ ਪਾਸੀਂ। ਜਲ ਨਿਧਿ = (ਜੀਵਨ-) ਜਲ ਦਾ ਖ਼ਜ਼ਾਨਾ ਪ੍ਰਭੂ। ਊਨ = ਖ਼ਾਲੀ। ਕੇਹੁ = ਕੋਈ ਭੀ। ਕ੍ਰਿਪਾ ਨਿਧਿ = ਹੇ ਦਇਆ ਦੇ ਖ਼ਜ਼ਾਨੇ ਪ੍ਰਭੂ! ਪੂਰਨ = ਹੇ ਸਰਬ-ਵਿਆਪਕ! ਜੀਅ ਦਾਨੁ = ਜੀਵਨ-ਦਾਤਿ। ਦੇਹੁ = ਤੂੰ ਦੇਂਦਾ ਹੈਂ।1।

ਸਤਿ = ਸਦਾ ਕਾਇਮ ਰਹਿਣ ਵਾਲਾ। ਸਾਧ ਸੰਗੇਹੁ = ਸਾਧ ਸੰਗਤਿ। ਤੇ ਜਨ = ਉਹ ਮਨੁੱਖ {ਬਹੁ-ਵਚਨ}। ਪਰਤੀਤਿ = ਸਰਧਾ। ਭਰਮੇਹੁ = ਭਟਕਣਾ।2।

ਅਰਥ: ਹੇ ਭਾਈ! ਪਰਮਾਤਮਾ ਦਾ ਜਸ ਗਾਇਆ ਕਰੋ, (ਜਿਵੇਂ,) ਮੀਂਹ (ਟੋਏ ਟਿੱਬੇ) ਸਭਨੀਂ ਹੀ ਥਾਈਂ ਵਰ੍ਹਦਾ ਹੈ (ਤਿਵੇਂ ਜਸ ਗਾਣ ਵਾਲਿਆਂ ਦੇ ਹਿਰਦਿਆਂ ਵਿਚ) ਆਨੰਦ ਤੇ ਖ਼ੁਸ਼ੀਆਂ ਦੀ ਵਰਖਾ ਹੁੰਦੀ ਹੈ, ਸਰਬ-ਵਿਆਪਕ ਪਰਮਾਤਮਾ ਦਾ ਪਿਆਰ (ਹਿਰਦੇ ਵਿਚ) ਪੈਦਾ ਹੋ ਜਾਂਦਾ ਹੈ।1। ਰਹਾਉ।

ਹੇ ਭਾਈ! (ਜੀਵਨ-) ਜਲ ਦਾ ਖ਼ਜ਼ਾਨਾ ਪ੍ਰਭੂ ਚੌਹਾਂ ਕੂਟਾਂ ਵਿਚ ਦਸੀਂ ਪਾਸੀਂ (ਹਰ ਥਾਂ ਮੌਜੂਦ ਹੈ) ਕੋਈ ਭੀ ਥਾਂ (ਉਸ ਦੀ ਹੋਂਦ ਤੋਂ) ਖ਼ਾਲੀ ਨਹੀਂ ਹੈ। (ਉਸ ਦਾ ਇਉਂ ਜਸ ਗਾਇਆ ਕਰੋ-) ਹੇ ਦਇਆ ਦੇ ਖ਼ਜ਼ਾਨੇ! ਹੇ ਗੋਬਿੰਦ! ਹੇ ਸਰਬ-ਵਿਆਪਕ! ਤੂੰ ਸਭ ਜੀਵਾਂ ਨੂੰ ਹੀ ਜੀਵਨ-ਦਾਤਿ ਦੇਂਦਾ ਹੈਂ।1।

ਹੇ ਨਾਨਕ! (ਆਖ– ਹੇ ਭਾਈ!) ਪਰਮਾਤਮਾ ਸਦਾ ਹੀ ਅਟੱਲ ਰਹਿਣ ਵਾਲਾ ਹੈ (ਜਿੱਥੇ ਉਹ ਮਿਲਦਾ ਹੈ, ਉਹ) ਸਾਧ ਸੰਗਤਿ ਭੀ ਧੁਰ ਤੋਂ ਚਲੀ ਆ ਰਹੀ ਹੈ। ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ ਪਰਮਾਤਮਾ ਵਾਸਤੇ ਸਰਧਾ ਪੈਦਾ ਹੋ ਜਾਂਦੀ ਹੈ, ਉਹ ਭੀ ਅਟੱਲ ਆਤਮਕ ਜੀਵਨ ਵਾਲੇ ਹੋ ਜਾਂਦੇ ਹਨ, ਉਹਨਾਂ ਨੂੰ ਕੋਈ ਭਟਕਣਾ ਨਹੀਂ ਰਹਿ ਜਾਂਦੀ।2। 91। 114।

ਸਾਰਗ ਮਹਲਾ ੫ ॥ ਗੋਬਿਦ ਜੀਉ ਤੂ ਮੇਰੇ ਪ੍ਰਾਨ ਅਧਾਰ ॥ ਸਾਜਨ ਮੀਤ ਸਹਾਈ ਤੁਮ ਹੀ ਤੂ ਮੇਰੋ ਪਰਵਾਰ ॥੧॥ ਰਹਾਉ ॥ ਕਰੁ ਮਸਤਕਿ ਧਾਰਿਓ ਮੇਰੈ ਮਾਥੈ ਸਾਧਸੰਗਿ ਗੁਣ ਗਾਏ ॥ ਤੁਮਰੀ ਕ੍ਰਿਪਾ ਤੇ ਸਭ ਫਲ ਪਾਏ ਰਸਕਿ ਰਾਮ ਨਾਮ ਧਿਆਏ ॥੧॥ ਅਬਿਚਲ ਨੀਵ ਧਰਾਈ ਸਤਿਗੁਰਿ ਕਬਹੂ ਡੋਲਤ ਨਾਹੀ ॥ ਗੁਰ ਨਾਨਕ ਜਬ ਭਏ ਦਇਆਰਾ ਸਰਬ ਸੁਖਾ ਨਿਧਿ ਪਾਂਹੀ ॥੨॥੯੨॥੧੧੫॥ {ਪੰਨਾ 1226}

ਪਦ ਅਰਥ: ਗੋਬਿੰਦ ਜੀਉ = ਹੇ ਗੋਬਿੰਦ ਜੀ! ਅਧਾਰ = ਆਸਰਾ।1। ਰਹਾਉ।

ਕਰੁ = ਹੱਥ। ਮਸਤਕਿ = ਮੱਥੇ ਉਤੇ। ਮੇਰੈ ਮਾਥੈ = ਮੇਰੇ ਮੱਥੇ ਉੱਤੇ। ਸਾਧ ਸੰਗਿ = ਸਾਧ ਸੰਗਤਿ ਵਿਚ। ਤੇ = ਤੋਂ, ਨਾਲ। ਰਸਕਿ = ਪਿਆਰ ਨਾਲ।1।

ਅਬਿਚਲ = ਨਾਹ ਹਿੱਸਣ ਵਾਲੀ, ਅਟੱਲ। ਨੀਵ = (ਸਿਮਰਨ ਦੀ) ਨੀਂਹ। ਸਤਿਗੁਰਿ = ਸਤਿਗੁਰੂ ਨੇ। ਕਬਹੂ = ਕਦੇ ਭੀ। ਦਇਆਰਾ = ਦਇਆਵਾਨ। ਨਿਧਿ = ਖ਼ਜ਼ਾਨਾ। ਸਰਬ ਸੁਖਾ ਨਿਧਿ = ਸਾਰੇ ਸੁਖਾਂ ਦਾ ਖ਼ਜ਼ਾਨਾ ਪ੍ਰਭੂ। ਪਾਂਹੀ = ਪਾਹਿ, ਪ੍ਰਾਪਤ ਕਰ ਲੈਂਦੇ ਹਨ {ਬਹੁ-ਵਚਨ}।2।

ਅਰਥ: ਹੇ ਪ੍ਰਭੂ ਜੀ! ਤੂੰ ਮੇਰੇ ਪ੍ਰਾਣਾਂ ਦਾ ਆਸਰਾ ਹੈਂ। ਤੂੰ ਹੀ ਮੇਰਾ ਸੱਜਣ ਹੈਂ, ਤੂੰ ਹੀ ਮੇਰਾ ਮਿੱਤਰ ਹੈਂ, ਤੂੰ ਹੀ ਮੇਰੀ ਮਦਦ ਕਰਨ ਵਾਲਾ ਹੈਂ, ਤੂੰ ਹੀ ਮੇਰਾ ਪਰਵਾਰ ਹੈਂ।1। ਰਹਾਉ।

ਹੇ ਪ੍ਰ੍ਰਭੂ! ਜਦੋਂ ਤੂੰ ਮੇਰੇ ਮੱਥੇ ਉੱਤੇ ਮੇਰੇ ਮਸਤਕ ਉੱਤੇ (ਆਪਣੀ ਮਿਹਰ ਦਾ) ਹੱਥ ਰੱਖਿਆ, ਤਦੋਂ ਮੈਂ ਸਾਧ ਸੰਗਤਿ ਵਿਚ (ਟਿਕ ਕੇ ਤੇਰੀ) ਸਿਫ਼ਤਿ-ਸਾਲਾਹ ਦੇ ਗੀਤ ਗਾਏ ਹਨ। ਹੇ ਪ੍ਰਭੂ! ਤੇਰੀ ਮਿਹਰ ਨਾਲ ਮੈਂ ਸਾਰੇ ਫਲ ਹਾਸਲ ਕੀਤੇ ਹਨ, ਅਤੇ ਪਿਆਰ ਨਾਲ ਤੇਰਾ ਨਾਮ ਸਿਮਰਿਆ ਹੈ।1।

ਹੇ ਭਾਈ! ਸਤਿਗੁਰੂ ਨੇ (ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ ਹਰਿ-ਨਾਮ ਸਿਮਰਨ ਦੀ) ਅਟੱਲ ਨੀਂਹ ਰੱਖ ਦਿੱਤੀ, ਉਹ ਕਦੇ (ਮਾਇਆ ਵਿਚ) ਡੋਲਦੇ ਨਹੀਂ ਹਨ। ਹੇ ਨਾਨਕ! (ਆਖ-) ਜਦੋਂ ਸਤਿਗੁਰੂ ਜੀ ਦਇਆਵਾਨ ਹੁੰਦੇ ਹਨ, ਉਹ ਸਾਰੇ ਸੁਖਾਂ ਦੇ ਖ਼ਜ਼ਾਨੇ ਪਰਮਾਤਮਾ ਦਾ ਮਿਲਾਪ ਹਾਸਲ ਕਰ ਲੈਂਦੇ ਹਨ।2। 92। 115।

ਸਾਰਗ ਮਹਲਾ ੫ ॥ ਨਿਬਹੀ ਨਾਮ ਕੀ ਸਚੁ ਖੇਪ ॥ ਲਾਭੁ ਹਰਿ ਗੁਣ ਗਾਇ ਨਿਧਿ ਧਨੁ ਬਿਖੈ ਮਾਹਿ ਅਲੇਪ ॥੧॥ ਰਹਾਉ ॥ ਜੀਅ ਜੰਤ ਸਗਲ ਸੰਤੋਖੇ ਆਪਨਾ ਪ੍ਰਭੁ ਧਿਆਇ ॥ ਰਤਨ ਜਨਮੁ ਅਪਾਰ ਜੀਤਿਓ ਬਹੁੜਿ ਜੋਨਿ ਨ ਪਾਇ ॥੧॥ ਭਏ ਕ੍ਰਿਪਾਲ ਦਇਆਲ ਗੋਬਿਦ ਭਇਆ ਸਾਧੂ ਸੰਗੁ ॥ ਹਰਿ ਚਰਨ ਰਾਸਿ ਨਾਨਕ ਪਾਈ ਲਗਾ ਪ੍ਰਭ ਸਿਉ ਰੰਗੁ ॥੨॥੯੩॥੧੧੬॥ {ਪੰਨਾ 1226}

ਪਦ ਅਰਥ: ਨਿਬਹੀ = ਸਦਾ ਲਈ ਸਾਥ ਬਣਿਆ ਰਹਿੰਦਾ ਹੈ। ਸਚੁ = ਸਦਾ ਕਾਇਮ ਰਹਿਣ ਵਾਲਾ। ਖੇਪ = ਵਪਾਰ ਵਾਸਤੇ ਲੱਦਿਆ ਹੋਇਆ ਮਾਲ। ਲਾਭੁ = ਖੱਟੀ। ਨਿਧਿ = (ਸਾਰੇ ਸੁਖਾਂ ਦਾ) ਖ਼ਜ਼ਾਨਾ। ਬਿਖੈ ਮਾਹਿ = ਪਦਾਰਥਾਂ ਵਿਚ। ਅਲੇਪ = ਨਿਰਲੇਪ।1। ਰਹਾਉ।

ਸਗਲ = ਸਾਰੇ। ਸੰਤੋਖੇ = ਸੰਤੋਖ ਵਾਲਾ ਜੀਵਨ ਪ੍ਰਾਪਤ ਕਰ ਲੈਂਦੇ ਹਨ। ਧਿਆਇ = ਸਿਮਰ ਕੇ। ਅਪਾਰ ਰਤਨ = ਬੇਅੰਤ ਕੀਮਤੀ। ਜੀਤਿਓ = ਜਿੱਤ ਲਿਆ, ਵਿਕਾਰਾਂ ਦੇ ਟਾਕਰੇ ਤੇ ਬਚਾ ਲਿਆ। ਬਹੁੜਿ = ਮੁੜ ਕੇ। ਨ ਪਾਇ = ਨਹੀਂ ਪੈਂਦਾ।1।

ਸਾਧੂ ਸੰਗੁ = ਗੁਰੂ ਦਾ ਸਾਥ, ਗੁਰੂ ਦਾ ਮਿਲਾਪ। ਰਾਸਿ = ਪੂੰਜੀ, ਸਰਮਾਇਆ। ਸਿਉ ਨਾਲ। ਰੰਗੁ = ਪਿਆਰ।2।

ਅਰਥ: ਹੇ ਭਾਈ! ਪਰਮਾਤਮਾ ਦੇ ਨਾਮ ਦਾ ਸਦਾ ਕਾਇਮ ਰਹਿਣ ਵਾਲਾ ਵਪਾਰ ਦਾ ਲੱਦਿਆ ਮਾਲ ਜਿਸ ਜੀਵ-ਵਣਜਾਰੇ ਦੇ ਨਾਲ ਸਦਾ ਦਾ ਸਾਥ ਬਣਾ ਲੈਂਦਾ ਹੈ, ਉਹ ਜੀਵ-ਵਣਜਾਰਾ (ਸਦਾ) ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ, ਇਹੀ ਅਸਲ ਖੱਟੀ ਹੈ, ਇਹੀ ਅਸਲ ਖ਼ਜ਼ਾਨਾ ਹੈ ਇਹੀ ਅਸਲ ਧਨ ਹੈ, (ਇਸ ਦੀ ਬਰਕਤਿ ਨਾਲ) ਉਹ ਜੀਵ-ਵਣਜਾਰਾ (ਮਾਇਕ) ਪਦਾਰਥਾਂ ਵਿਚ ਨਿਰਲੇਪ ਰਹਿੰਦਾ ਹੈ।1। ਰਹਾਉ।

ਹੇ ਭਾਈ! ਆਪਣੇ ਪ੍ਰਭੂ ਦਾ ਧਿਆਨ ਧਰ ਕੇ ਸਾਰੇ ਜੀਵ ਸੰਤੋਖ ਵਾਲਾ ਜੀਵਨ ਹਾਸਲ ਕਰ ਲੈਂਦੇ ਹਨ। ਜਿਸ ਭੀ ਮਨੁੱਖ ਨੇ ਇਹ ਬੇਅੰਤ ਕੀਮਤੀ ਮਨੁੱਖਾ ਜਨਮ ਵਿਕਾਰਾਂ ਦੇ ਹੱਲਿਆਂ ਤੋਂ ਬਚਾ ਲਿਆ, ਉਹ ਮੁੜ ਮੁੜ ਜੂਨਾਂ ਵਿਚ ਨਹੀਂ ਪੈਂਦਾ।1।

ਹੇ ਨਾਨਕ! (ਆਖ– ਹੇ ਭਾਈ!) ਜਿਸ ਮਨੁੱਖ ਉੱਤੇ ਪ੍ਰਭੂ ਜੀ ਦਇਆਵਾਨ ਹੁੰਦੇ ਹਨ, ਉਸ ਨੂੰ ਗੁਰੂ ਦਾ ਮਿਲਾਪ ਹਾਸਲ ਹੁੰਦਾ ਹੈ। ਉਹ ਮਨੁੱਖ ਪ੍ਰਭੂ ਦੇ ਚਰਨਾਂ ਦੀ ਪ੍ਰੀਤ ਦਾ ਸਰਮਾਇਆ ਪ੍ਰਾਪਤ ਕਰ ਲੈਂਦਾ ਹੈ, ਉਸ ਦਾ ਪ੍ਰਭੂ ਨਾਲ ਪਿਆਰ ਬਣ ਜਾਂਦਾ ਹੈ।2। 93। 116।

ਸਾਰਗ ਮਹਲਾ ੫ ॥ ਮਾਈ ਰੀ ਪੇਖਿ ਰਹੀ ਬਿਸਮਾਦ ॥ ਅਨਹਦ ਧੁਨੀ ਮੇਰਾ ਮਨੁ ਮੋਹਿਓ ਅਚਰਜ ਤਾ ਕੇ ਸ੍ਵਾਦ ॥੧॥ ਰਹਾਉ ॥ ਮਾਤ ਪਿਤਾ ਬੰਧਪ ਹੈ ਸੋਈ ਮਨਿ ਹਰਿ ਕੋ ਅਹਿਲਾਦ ॥ ਸਾਧਸੰਗਿ ਗਾਏ ਗੁਨ ਗੋਬਿੰਦ ਬਿਨਸਿਓ ਸਭੁ ਪਰਮਾਦ ॥੧॥ ਡੋਰੀ ਲਪਟਿ ਰਹੀ ਚਰਨਹ ਸੰਗਿ ਭ੍ਰਮ ਭੈ ਸਗਲੇ ਖਾਦ ॥ ਏਕੁ ਅਧਾਰੁ ਨਾਨਕ ਜਨ ਕੀਆ ਬਹੁਰਿ ਨ ਜੋਨਿ ਭ੍ਰਮਾਦ ॥੨॥੯੪॥੧੧੭॥ {ਪੰਨਾ 1226}

ਪਦ ਅਰਥ: ਰੀ ਮਾਈ = ਹੇ ਮਾਂ! ਪੇਖਿ = ਵੇਖ ਕੇ। ਬਿਸਮਾਦ = ਹੈਰਾਨ। ਅਨਹਦ ਧੁਨੀ = ਜਿਸ ਦੀ ਜੀਵਨ-ਰੌ ਇਕ-ਰਸ ਵਿਆਪ ਰਹੀ ਹੈ।1। ਰਹਾਉ।

ਬੰਧਪ = ਸਨਬੰਧੀ। ਮਨਿ = ਮਨ ਵਿਚ। ਕੋ = ਦਾ। ਅਹਿਲਾਦ = ਖ਼ੁਸ਼ੀ, ਹੁਲਾਰਾ। ਸਾਧ ਸੰਗਿ = ਸਾਧ ਸੰਗਤਿ ਵਿਚ। ਸਭੁ = ਸਾਰਾ। ਪਰਮਾਦ = {pRmwd} ਭੁਲੇਖਾ, ਗ਼ਲਤੀ।1।

ਭੈ = ਡਰ {ਬਹੁ-ਵਚਨ}। ਖਾਦ = ਖਾਧੇ ਜਾਂਦੇ ਹਨ, ਮੁੱਕ ਜਾਂਦੇ ਹਨ। ਅਧਾਰੁ = ਆਸਰਾ। ਭ੍ਰਮਾਦ = ਭਟਕਦੇ।2।

ਅਰਥ: ਹੇ (ਮੇਰੀ) ਮਾਂ! (ਪ੍ਰਭੂ ਦੇ ਕੌਤਕ) ਵੇਖ ਕੇ ਮੈਂ ਹੈਰਾਨ ਹੋ ਰਹੀ ਹਾਂ। ਜਿਸ ਪ੍ਰਭੂ ਦੀ ਜੀਵਨ-ਰੌ ਇਕ-ਰਸ (ਸਾਰੇ ਜਗਤ ਵਿਚ) ਰੁਮਕ ਰਹੀ ਹੈ ਉਸ ਨੇ ਮੇਰਾ ਮਨ ਮੋਹ ਲਿਆ ਹੈ, ਉਸ ਦੇ (ਮਿਲਾਪ ਦੇ) ਆਨੰਦ ਭੀ ਹੈਰਾਨ ਕਰਨ ਵਾਲੇ ਹਨ।1। ਰਹਾਉ।

ਹੇ ਮਾਂ! (ਸਭ ਜੀਵਾਂ ਦਾ) ਮਾਂ ਪਿਉ ਸਨਬੰਧੀ ਉਹ ਪ੍ਰਭੂ ਹੀ ਹੈ। (ਮੇਰੇ) ਮਨ ਵਿਚ ਉਸ ਪ੍ਰਭੂ (ਦੇ ਮਿਲਾਪ) ਦਾ ਹੁਲਾਰਾ ਆ ਰਿਹਾ ਹੈ। ਹੇ ਮਾਂ! ਜਿਸ ਮਨੁੱਖ ਨੇ ਸਾਧ ਸੰਗਤਿ ਵਿਚ (ਟਿਕ ਕੇ) ਉਸ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਏ ਹਨ, ਉਸ ਦਾ ਸਾਰਾ ਭਰਮ-ਭੁਲੇਖਾ ਦੂਰ ਹੋ ਗਿਆ।1।

ਹੇ ਦਾਸ ਨਾਨਕ! ਜਿਸ ਮਨੁੱਖ ਦੇ ਚਿੱਤ ਦੀ ਡੋਰ ਪ੍ਰਭੂ ਦੇ ਚਰਨਾਂ ਨਾਲ ਜੁੜੀ ਰਹਿੰਦੀ ਹੈ, ਉਸ ਦੇ ਸਾਰੇ ਭਰਮ ਸਾਰੇ ਡਰ ਮੁੱਕ ਜਾਂਦੇ ਹਨ। ਜਿਸ ਨੇ ਸਿਰਫ਼ ਹਰਿ-ਨਾਮ ਨੂੰ ਆਪਣੀ ਜ਼ਿੰਦਗੀ ਦਾ ਆਸਰਾ ਬਣਾ ਲਿਆ, ਉਹ ਮੁੜ ਮੁੜ ਜੂਨਾਂ ਵਿਚ ਨਹੀਂ ਭਟਕਦਾ।2। 94। 117।

TOP OF PAGE

Sri Guru Granth Darpan, by Professor Sahib Singh