ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 1227

ਸਾਰਗ ਮਹਲਾ ੫ ॥ ਮਾਈ ਰੀ ਮਾਤੀ ਚਰਣ ਸਮੂਹ ॥ ਏਕਸੁ ਬਿਨੁ ਹਉ ਆਨ ਨ ਜਾਨਉ ਦੁਤੀਆ ਭਾਉ ਸਭ ਲੂਹ ॥੧॥ ਰਹਾਉ ॥ ਤਿਆਗਿ ਗੋੁਪਾਲ ਅਵਰ ਜੋ ਕਰਣਾ ਤੇ ਬਿਖਿਆ ਕੇ ਖੂਹ ॥ ਦਰਸ ਪਿਆਸ ਮੇਰਾ ਮਨੁ ਮੋਹਿਓ ਕਾਢੀ ਨਰਕ ਤੇ ਧੂਹ ॥੧॥ ਸੰਤ ਪ੍ਰਸਾਦਿ ਮਿਲਿਓ ਸੁਖਦਾਤਾ ਬਿਨਸੀ ਹਉਮੈ ਹੂਹ ॥ ਰਾਮ ਰੰਗਿ ਰਾਤੇ ਦਾਸ ਨਾਨਕ ਮਉਲਿਓ ਮਨੁ ਤਨੁ ਜੂਹ ॥੨॥੯੫॥੧੧੮॥ {ਪੰਨਾ 1227}

ਪਦ ਅਰਥ: ਮਾਤੀ = ਮਸਤ ਰਹਿੰਦੀ ਹਾਂ। ਸਮੂਹ = ਪੂਰਨ ਤੌਰ ਤੇ, ਸਾਰੀ ਦੀ ਸਾਰੀ। ਆਨ = {ANX} ਹੋਰ। ਜਾਨਉ = ਜਾਨਉਂ, ਮੈਂ ਜਾਣਦੀ। ਭਾਉ = ਪਿਆਰ। ਦੁਤੀਆ = ਦੂਜਾ, ਕਿਸੇ ਹੋਰ ਦਾ। ਲਹੂ = ਸਾੜ ਦਿੱਤਾ ਹੈ।1। ਰਹਾਉ।

ਤਿਆਗਿ = ਤਿਆਗ ਕੇ। ਗੋੁਪਾਲ = {ਅੱਖਰ 'ਗ' ਦੇ ਨਾਲ ਦੋ ਲਗਾਂ ਹਨ: ੋ ਅਤੇ ੁ। ਅਸਲ ਲਫ਼ਜ਼ ਹੈ 'ਗੋਪਾਲ' ਇਥੇ 'ਗੁਪਾਲ' ਪੜ੍ਹਨਾ ਹੈ}। ਤੇ = ਉਹ {ਬਹੁ-ਵਚਨ}। ਬਿਖਿਆ = ਮਾਇਆ। ਪਿਆਸ = ਤਾਂਘ। ਤੇ = ਤੋਂ। ਧੂਹ = ਖਿੱਚ ਕੇ।1।

ਸੰਤ ਪ੍ਰਸਾਦਿ = ਗੁਰੂ ਦੀ ਕਿਰਪਾ ਨਾਲ। ਹੂਹ = ਰੌਲਾ, ਸ਼ੋਰ। ਰੰਗਿ = ਪ੍ਰੇਮ ਵਿਚ। ਰਾਤੇ = ਰੰਗੇ ਗਏ। ਮਉਲਿਓ = ਹਰਾ-ਭਰਾ ਹੋ ਜਾਂਦਾ ਹੈ, ਖਿੜ ਪੈਂਦਾ ਹੈ। ਜੂਹ = ਖੁਲ੍ਹੀ ਧਰਤੀ ਜਿਸ ਵਿਚ ਪਸ਼ੂ ਆਦਿਕ ਚਰਦੇ ਹਨ।2।

ਅਰਥ: ਹੇ (ਮੇਰੀ) ਮਾਂ! ਮੈਂ ਤਾਂ ਪ੍ਰਭੂ ਦੇ ਚਰਨਾਂ ਵਿਚ ਪੂਰਨ ਤੌਰ ਤੇ ਮਸਤ ਰਹਿੰਦੀ ਹਾਂ। ਉਸ ਇੱਕ ਤੋਂ ਬਿਨਾ ਮੈਂ ਕਿਸੇ ਹੋਰ ਨੂੰ ਜਾਣਦੀ-ਪਛਾਣਦੀ ਹੀ ਨਹੀਂ, (ਆਪਣੇ ਅੰਦਰੋਂ) ਹੋਰ ਦਾ ਪਿਆਰ ਮੈਂ ਸਾਰਾ ਸਾੜ ਚੁਕੀ ਹਾਂ।1। ਰਹਾਉ।

ਹੇ ਮਾਂ! ਪ੍ਰਭੂ ਨੂੰ ਭੁਲਾ ਕੇ ਹੋਰ ਜਿਹੜੇ ਜਿਹੜੇ ਕੰਮ ਕਰੀਦੇ ਹਨ, ਉਹ ਸਾਰੇ ਮਾਇਆ (ਦੇ ਮੋਹ) ਦੇ ਖੂਹ ਵਿਚ ਸੁੱਟਦੇ ਹਨ। ਹੇ ਮਾਂ! ਮੇਰਾ ਮਨ ਤਾਂ ਗੋਪਾਲ ਦੇ ਦਰਸਨ ਦੀ ਤਾਂਘ ਵਿਚ ਮਗਨ ਰਹਿੰਦਾ ਹੈ। ਮੈਨੂੰ ਉਸ ਨੇ ਨਰਕਾਂ ਤੋ ਖਿੱਚ ਕੇ ਕੱਢ ਲਿਆ ਹੈ।1।

ਹੇ ਦਾਸ ਨਾਨਕ! ਜਿਸ ਮਨੁੱਖ ਨੂੰ ਗੁਰੂ ਦੀ ਕਿਰਪਾ ਨਾਲ ਸਾਰੇ ਸੁਖਾਂ ਦਾ ਦੇਣ ਵਾਲਾ ਪ੍ਰਭੂ ਮਿਲ ਪੈਂਦਾ ਹੈ, (ਉਸ ਦੇ ਅੰਦਰੋਂ) ਹਉਮੈ ਦਾ ਰੌਲਾ ਮੁੱਕ ਜਾਂਦਾ ਹੈ। ਜਿਹੜੇ ਮਨੁੱਖ ਪਰਮਾਤਮਾ ਦੇ ਪ੍ਰੇਮ-ਰੰਗ ਵਿਚ ਰੰਗੇ ਰਹਿੰਦੇ ਹਨ, ਉਹਨਾਂ ਦਾ ਮਨ ਉਹਨਾਂ ਦਾ ਤਨ (ਇਉਂ) ਹਰਾ-ਭਰਾ ਹੋ ਜਾਂਦਾ ਹੈ (ਜਿਵੇਂ ਮੀਂਹ ਪੈਣ ਨਾਲ) ਜੂਹ (ਘਾਹ ਨਾਲ ਹਰੀ ਹੋ ਜਾਂਦੀ ਹੈ) ।2। 95। 118।

ਸਾਰਗ ਮਹਲਾ ੫ ॥ ਬਿਨਸੇ ਕਾਚ ਕੇ ਬਿਉਹਾਰ ॥ ਰਾਮ ਭਜੁ ਮਿਲਿ ਸਾਧਸੰਗਤਿ ਇਹੈ ਜਗ ਮਹਿ ਸਾਰ ॥੧॥ ਰਹਾਉ ॥ ਈਤ ਊਤ ਨ ਡੋਲਿ ਕਤਹੂ ਨਾਮੁ ਹਿਰਦੈ ਧਾਰਿ ॥ ਗੁਰ ਚਰਨ ਬੋਹਿਥ ਮਿਲਿਓ ਭਾਗੀ ਉਤਰਿਓ ਸੰਸਾਰ ॥੧॥ ਜਲਿ ਥਲਿ ਮਹੀਅਲਿ ਪੂਰਿ ਰਹਿਓ ਸਰਬ ਨਾਥ ਅਪਾਰ ॥ ਹਰਿ ਨਾਮੁ ਅੰਮ੍ਰਿਤੁ ਪੀਉ ਨਾਨਕ ਆਨ ਰਸ ਸਭਿ ਖਾਰ ॥੨॥੯੬॥੧੧੯॥ {ਪੰਨਾ 1227}

ਪਦ ਅਰਥ: ਕਾਚ ਕੇ = ਕੱਚ ਦੇ, ਤੁੱਛ ਮਾਇਆ ਦੇ (ਜਿਸ ਨੇ ਸਾਥ ਜ਼ਰੂਰ ਛੱਡਣਾ ਹੁੰਦਾ ਹੈ) । ਮਿਲਿ = ਮਿਲ ਕੇ। ਸਾਰ = ਸ੍ਰੇਸ਼ਟ।1। ਰਹਾਉ।

ਈਤ = ਇਸ ਲੋਕ ਵਿਚ। ਊਤ = ਉਸ ਲੋਕ ਵਿਚ। ਕਤਹੂ = ਕਿਤੇ ਭੀ। ਹਿਰਦੈ = ਹਿਰਦੇ ਵਿਚ। ਬੋਹਿਥ = ਜਹਾਜ਼। ਭਾਗੀ = ਕਿਸਮਤ ਨਾਲ।1।

ਜਲਿ = ਜਲ ਵਿਚ। ਥਲਿ = ਧਰਤੀ ਵਿਚ। ਮਹੀਅਲਿ = ਮਹੀ ਤਲਿ, ਧਰਤੀ ਦੇ ਤਲ ਉੱਤੇ, ਪੁਲਾੜ ਵਿਚ, ਆਕਾਸ਼ ਵਿਚ। ਪੂਰਿ ਰਹਿਓ = ਵਿਆਪਕ ਹੈ। ਅੰਮ੍ਰਿਤ = ਆਤਮਕ ਜੀਵਨ ਦੇਣ ਵਾਲਾ ਨਾਮ-ਜਲ। ਆਨ ਰਸ = ਹੋਰ (ਸਾਰੇ) ਰਸ। ਸਭਿ = ਸਾਰੇ। ਖਾਰ = ਖਾਰੇ, ਕੌੜੇ।2।

ਅਰਥ: ਹੇ ਭਾਈ! ਕੱਚ (-ਸਮਾਨ ਮਾਇਆ ਦੀ ਖ਼ਾਤਰ) ਸਾਰੀਆਂ ਦੌੜਾਂ-ਭੱਜਾਂ ਵਿਅਰਥ ਜਾਂਦੀਆਂ ਹਨ। ਸਾਧ ਸੰਗਤਿ ਵਿਚ ਮਿਲ ਕੇ ਪਰਮਾਤਮਾ ਦਾ ਭਜਨ ਕਰਿਆ ਕਰ। ਜਗਤ ਵਿਚ ਇਹੀ ਕੰਮ ਸ੍ਰੇਸ਼ਟ ਹੈ।1। ਰਹਾਉ।

ਹੇ ਭਾਈ! ਪਰਮਾਤਮਾ ਦਾ ਨਾਮ (ਆਪਣੇ) ਹਿਰਦੇ ਵਿਚ ਵਸਾਈ ਰੱਖ (ਇਸ ਦੀ ਬਰਕਤਿ ਨਾਲ) ਨਾਹ ਇਸ ਲੋਕ ਵਿਚ ਨਾਹ ਪਰਲੋਕ ਵਿਚ ਕਿਤੇ ਭੀ ਨਹੀਂ ਡੋਲੇਂਗਾ। ਜਿਸ ਮਨੁੱਖ ਨੂੰ ਕਿਸਮਤ ਨਾਲ ਗੁਰੂ ਦੇ ਚਰਨਾਂ ਦਾ ਜਹਾਜ਼ ਮਿਲ ਜਾਂਦਾ ਹੈ, ਉਹ ਸੰਸਾਰ (ਸਮੁੰਦਰ) ਤੋਂ ਪਾਰ ਲੰਘ ਜਾਂਦਾ ਹੈ।1।

ਹੇ ਨਾਨਕ! ਜਿਹੜਾ ਪ੍ਰਭੂ ਜਲ ਵਿਚ ਥਲ ਵਿਚ ਆਕਾਸ਼ ਵਿਚ ਭਰਪੂਰ ਹੈ, ਜੋ ਸਭ ਜੀਵਾਂ ਦਾ ਖਸਮ ਹੈ, ਜੋ, ਬੇਅੰਤ ਹੈ, ਉਸ ਦਾ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪੀਂਦਾ ਰਿਹਾ ਕਰ, (ਹਰਿ-ਨਾਮ-ਜਲ ਦੇ ਟਾਕਰੇ ਤੇ) ਹੋਰ ਸਾਰੇ ਰਸ ਕੌੜੇ ਹਨ।2। 96। 119।

ਸਾਰਗ ਮਹਲਾ ੫ ॥ ਤਾ ਤੇ ਕਰਣ ਪਲਾਹ ਕਰੇ ॥ ਮਹਾ ਬਿਕਾਰ ਮੋਹ ਮਦ ਮਾਤੌ ਸਿਮਰਤ ਨਾਹਿ ਹਰੇ ॥੧॥ ਰਹਾਉ ॥ ਸਾਧਸੰਗਿ ਜਪਤੇ ਨਾਰਾਇਣ ਤਿਨ ਕੇ ਦੋਖ ਜਰੇ ॥ ਸਫਲ ਦੇਹ ਧੰਨਿ ਓਇ ਜਨਮੇ ਪ੍ਰਭ ਕੈ ਸੰਗਿ ਰਲੇ ॥੧॥ ਚਾਰਿ ਪਦਾਰਥ ਅਸਟ ਦਸਾ ਸਿਧਿ ਸਭ ਊਪਰਿ ਸਾਧ ਭਲੇ ॥ ਨਾਨਕ ਦਾਸ ਧੂਰਿ ਜਨ ਬਾਂਛੈ ਉਧਰਹਿ ਲਾਗਿ ਪਲੇ ॥੨॥੯੭॥੧੨੦॥ {ਪੰਨਾ 1227}

ਪਦ ਅਰਥ: ਤਾ ਤੇ = ਤਾਂ ਤੇ, ਇਸ ਵਾਸਤੇ। ਕਰਣ ਪਲਾਹ = {k{xw pRlwp} ਤਰਸ-ਭਰੇ ਕੀਰਨੇ, ਤਰਲੇ। ਕਰੇ = ਕਰਦਾ ਹੈ। ਮਦ = ਹਉਮੈ। ਮਾਤੌ = ਮਸਤ।1। ਰਹਾਉ।

ਸਾਧ ਸੰਗਿ = ਸਾਧ ਸੰਗਤਿ ਵਿਚ। ਦੋਖ = ਪਾਪ। ਜਰੇ = ਸੜ ਜਾਂਦੇ ਹਨ। ਦੇਹ = ਸਰੀਰ। ਓਇ = {ਲਫ਼ਜ਼ 'ਓਹ' ਤੋਂ ਬਹੁ-ਵਚਨ} ਧੰਨਿ = ਭਾਗਾਂ ਵਾਲੇ। ਕੈ ਸੰਗਿ = ਦੇ ਨਾਲ।1।

ਚਾਰਿ ਪਦਾਰਥ = ਧਰਮ ਅਰਥ ਕਾਮ ਮੋਖ। ਅਸਟ ਦਸਾ = ਅਠਾਰਾਂ। ਸਿਧਿ = ਸਿੱਧੀਆਂ। ਭਲੇ = ਗੁਰਮੁਖ। ਧੂਰਿ = ਚਰਨਾਂ ਦੀ ਧੂੜ। ਬਾਂਛੈ = ਮੰਗਦਾ ਹੈ। ਉਧਰਹਿ = ਪਾਰ ਲੰਘ ਜਾਂਦੇ ਹਨ। ਲਾਗਿ = ਲੱਗ ਕੇ। ਪਲੇ = ਪੱਲੇ।2।

ਅਰਥ: ਹੇ ਭਾਈ! ਮਨੁੱਖ ਮੋਹ ਹਉਮੈ (ਆਦਿਕ) ਵੱਡੇ ਵੱਡੇ ਵਿਕਾਰਾਂ ਵਿਚ ਮਗਨ ਰਹਿੰਦਾ ਹੈ, ਪਰਮਾਤਮਾ ਦਾ ਨਾਮ ਨਹੀਂ ਸਿਮਰਦਾ, ਇਸ ਵਾਸਤੇ (ਸਦਾ) ਤਰਸ-ਭਰੇ ਕੀਰਨੇ ਕਰਦਾ ਰਹਿੰਦਾ ਹੈ।1। ਰਹਾਉ।

ਹੇ ਭਾਈ! ਜਿਹੜੇ ਮਨੁੱਖ ਸਾਧ ਸੰਗਤਿ ਵਿਚ (ਟਿਕ ਕੇ) ਪਰਮਾਤਮਾ ਦਾ ਨਾਮ ਜਪਦੇ ਰਹਿੰਦੇ ਹਨ, ਉਹਨਾਂ ਦੇ (ਅੰਦਰੋਂ ਸਾਰੇ) ਪਾਪ ਸੜ ਜਾਂਦੇ ਹਨ। ਜਿਹੜੇ ਮਨੁੱਖ ਪ੍ਰਭੂ ਦੇ ਨਾਲ (ਦੇ ਚਰਨਾਂ ਵਿਚ) ਜੁੜੇ ਰਹਿੰਦੇ ਹਨ, ਉਹ ਭਾਗਾਂ ਵਾਲੇ ਹਨ, ਉਹਨਾਂ ਦਾ ਜਨਮ ਉਹਨਾਂ ਦਾ ਸਰੀਰ ਸਫਲ ਹੋ ਜਾਂਦਾ ਹੈ।1।

ਹੇ ਭਾਈ! (ਧਰਮ, ਅਰਥ, ਕਾਮ, ਮੋਖ = ਇਹ) ਚਾਰ ਪਦਾਰਥ ਅਤੇ ਅਠਾਰਾਂ ਸਿੱਧੀਆਂ (ਲੋਕ ਇਹਨਾਂ ਦੀ ਖ਼ਾਤਰ ਤਰਲੇ ਲੈਂਦੇ ਹਨ, ਪਰ ਇਹਨਾਂ) ਸਭਨਾਂ ਤੋਂ ਸੰਤ ਜਨ ਸ੍ਰੇਸ਼ਟ ਹਨ। ਦਾਸ ਨਾਨਕ ਤਾਂ ਸੰਤ ਜਨਾਂ ਦੇ ਚਰਨਾਂ ਦੀ ਧੂੜ (ਨਿੱਤ) ਮੰਗਦਾ ਹੈ। (ਸੰਤ ਜਨਾਂ ਦੇ) ਲੜ ਲੱਗ ਕੇ (ਅਨੇਕਾਂ ਜੀਵ ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦੇ ਹਨ।2। 97। 120।

ਸਾਰਗ ਮਹਲਾ ੫ ॥ ਹਰਿ ਕੇ ਨਾਮ ਕੇ ਜਨ ਕਾਂਖੀ ॥ ਮਨਿ ਤਨਿ ਬਚਨਿ ਏਹੀ ਸੁਖੁ ਚਾਹਤ ਪ੍ਰਭ ਦਰਸੁ ਦੇਖਹਿ ਕਬ ਆਖੀ ॥੧॥ ਰਹਾਉ ॥ ਤੂ ਬੇਅੰਤੁ ਪਾਰਬ੍ਰਹਮ ਸੁਆਮੀ ਗਤਿ ਤੇਰੀ ਜਾਇ ਨ ਲਾਖੀ ॥ ਚਰਨ ਕਮਲ ਪ੍ਰੀਤਿ ਮਨੁ ਬੇਧਿਆ ਕਰਿ ਸਰਬਸੁ ਅੰਤਰਿ ਰਾਖੀ ॥੧॥ ਬੇਦ ਪੁਰਾਨ ਸਿਮ੍ਰਿਤਿ ਸਾਧੂ ਜਨ ਇਹ ਬਾਣੀ ਰਸਨਾ ਭਾਖੀ ॥ ਜਪਿ ਰਾਮ ਨਾਮੁ ਨਾਨਕ ਨਿਸਤਰੀਐ ਹੋਰੁ ਦੁਤੀਆ ਬਿਰਥੀ ਸਾਖੀ ॥੨॥੯੮॥੧੨੧॥ {ਪੰਨਾ 1227}

ਪਦ ਅਰਥ: ਜਨ = ਸੰਤ ਜਨ। ਕਾਂਖੀ = ਚਾਹਵਾਨ। ਮਨਿ = ਮਨ ਦੀ ਰਾਹੀਂ। ਤਨਿ = ਤਨ ਦੀ ਰਾਹੀਂ। ਬਚਨਿ = ਬਚਨ ਦੀ ਰਾਹੀਂ। ਦੇਖਹਿ = ਵੇਖ ਸਕੀਏ। ਆਖੀ = ਅੱਖੀਂ, ਅੱਖਾਂ ਨਾਲ।1। ਰਹਾਉ।

ਗਤਿ = ਉੱਚੀ ਆਤਮਕ ਅਵਸਥਾ! ਜਾਇ ਨ ਲਾਖੀ = ਲਖੀ ਨਹੀਂ ਜਾ ਸਕਦੀ। ਬੇਧਿਆ = ਵਿੱਝ ਗਿਆ। ਸਰਬਸੁ = {svLÔv} {Ôv-Dn} ਸਾਰਾ ਧਨ, ਸਭ ਕੁਝ। ਕਰਿ = ਸਮਝ ਕੇ, ਮੰਨ ਕੇ। ਰਾਖੀ = ਰੱਖੀ।1।

ਰਸਨਾ = ਜੀਭ ਨਾਲ। ਭਾਖੀ = ਉਚਾਰੀ। ਜਪਿ = ਜਪ ਕੇ। ਨਿਸਤਰੀਐ = ਪਾਰ ਲੰਘ ਜਾਈਦਾ ਹੈ। ਹੋਰ ਸਾਖੀ = ਹੋਰ ਗੱਲ, ਹੋਰ ਸਿੱਖਿਆ। ਦੁਤੀਆ = ਦੂਜੀ।2।

ਅਰਥ: ਹੇ ਭਾਈ! ਪਰਮਾਤਮਾ ਦੇ ਸੇਵਕ ਪਰਮਾਤਮਾ ਦੇ ਨਾਮ ਦੇ ਚਾਹਵਾਨ ਰਹਿੰਦੇ ਹਨ। ਆਪਣੇ ਮਨ ਦੀ ਰਾਹੀਂ, ਤਨ ਦੀ ਰਾਹੀਂ ਬਚਨ ਦੀ ਰਾਹੀਂ ਉਹ ਸਦਾ ਇਹੀ ਸੁਖ ਲੋੜਦੇ ਹਨ ਕਿ ਕਦੋਂ ਆਪਣੀਆਂ ਅੱਖਾਂ ਨਾਲ ਪਰਮਾਤਮਾ ਦਾ ਦਰਸਨ ਕਰਾਂਗੇ।1। ਰਹਾਉ।

ਹੇ ਪਾਰਬ੍ਰਹਮ! ਹੇ ਮਾਲਕ-ਪ੍ਰਭੂ! ਤੇਰਾ ਅੰਤ ਨਹੀਂ ਪਾਇਆ ਜਾ ਸਕਦਾ, ਤੂੰ ਕਿਹੋ ਜਿਹਾ ਹੈਂ = ਇਹ ਗੱਲ ਬਿਆਨ ਨਹੀਂ ਕੀਤੀ ਜਾ ਸਕਦੀ। (ਪਰ ਤੇਰੇ ਸੰਤ ਜਨਾਂ ਦਾ) ਮਨ ਤੇਰੇ ਸੋਹਣੇ ਚਰਨਾਂ ਦੀ ਪ੍ਰੀਤਿ ਵਿਚ ਪ੍ਰੋਇਆ ਰਹਿੰਦਾ ਹੈ। ਇਸ ਪ੍ਰੀਤ ਨੂੰ ਹੀ ਉਹ (ਜਗਤ ਦਾ) ਸਾਰਾ ਧਨ-ਪਦਾਰਥ ਸਮਝ ਕੇ ਆਪਣੇ ਅੰਦਰ ਟਿਕਾਈ ਰੱਖਦੇ ਹਨ।1।

ਹੇ ਨਾਨਕ! ਵੇਦ ਪੁਰਾਣ ਸਿੰਮ੍ਰਿਤੀਆਂ (ਆਦਿਕ ਧਰਮ-ਪੁਸਤਕਾਂ ਦਾ ਪਾਠ) ਸੰਤ ਜਨ, ਆਪਣੀ ਜੀਭ ਨਾਲ ਇਹੀ ਸਿਫ਼ਤਿ-ਸਾਲਾਹ ਦੀ ਬਾਣੀ ਹੀ ਉਚਾਰਦੇ ਹਨ, ਇਹੀ ਉਹਨਾਂ ਵਾਸਤੇ ਪਰਮਾਤਮਾ ਦਾ ਨਾਮ ਸਿਮਰ ਕੇ (ਹੀ) ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਈਦਾ ਹੈ। ਇਸ ਤੋਂ ਬਿਨਾ ਕੋਈ ਹੋਰ ਦੂਜੀ ਗੱਲ ਵਿਅਰਥ ਹੈ।2। 98। 121।

ਸਾਰਗ ਮਹਲਾ ੫ ॥ ਮਾਖੀ ਰਾਮ ਕੀ ਤੂ ਮਾਖੀ ॥ ਜਹ ਦੁਰਗੰਧ ਤਹਾ ਤੂ ਬੈਸਹਿ ਮਹਾ ਬਿਖਿਆ ਮਦ ਚਾਖੀ ॥੧॥ ਰਹਾਉ ॥ ਕਿਤਹਿ ਅਸਥਾਨਿ ਤੂ ਟਿਕਨੁ ਨ ਪਾਵਹਿ ਇਹ ਬਿਧਿ ਦੇਖੀ ਆਖੀ ॥ ਸੰਤਾ ਬਿਨੁ ਤੈ ਕੋਇ ਨ ਛਾਡਿਆ ਸੰਤ ਪਰੇ ਗੋਬਿਦ ਕੀ ਪਾਖੀ ॥੧॥ ਜੀਅ ਜੰਤ ਸਗਲੇ ਤੈ ਮੋਹੇ ਬਿਨੁ ਸੰਤਾ ਕਿਨੈ ਨ ਲਾਖੀ ॥ ਨਾਨਕ ਦਾਸੁ ਹਰਿ ਕੀਰਤਨਿ ਰਾਤਾ ਸਬਦੁ ਸੁਰਤਿ ਸਚੁ ਸਾਖੀ ॥੨॥੯੯॥੧੨੨॥ {ਪੰਨਾ 1227}

ਪਦ ਅਰਥ: ਮਾਖੀ = ਮੱਖੀ। ਰਾਮ ਕੀ = ਪਰਮਾਤਮਾ ਦੀ (ਪੈਦਾ ਕੀਤੀ ਹੋਈ) । ਜਹ = ਜਿੱਥੇ। ਦੁਰਗੰਧ = ਬੋ, (ਗੰਦ ਦੀ ਬੋ) , (ਵਿਕਾਰਾਂ ਦੀ ਬੋ) । ਬੈਸਹਿ = ਬੈਠਦੀ ਹੈ। ਬਿਖਿਆ = ਹੇ ਮਾਇਆ! ਮਹਾ ਮਦ ਚਾਖੀ = ਤੂ ਵੱਡਾ ਨਸ਼ਾ ਚੱਖਦੀ ਹੈਂ।1। ਰਹਾਉ।

ਤੈ = ਤੂੰ। ਪਾਖੀ = ਪੱਖ ਵਾਲ, ਪਾਸੇ, ਸਰਨ। ਅਸਥਾਨਿ = ਥਾਂ ਵਿਚ। ਇਹ ਬਿਧਿ = ਇਹ ਹਾਲਤ। ਆਖੀ = ਅੱਖੀਂ, ਅੱਖਾਂ ਨਾਲ।1।

ਤੈ ਮੋਹੇ = ਤੂੰ ਆਪਣੇ ਵਸ ਵਿਚ ਕੀਤੇ ਹੋਏ ਹਨ। ਕਿਨੈ = ਕਿਸੇ ਨੇ ਭੀ। ਨ ਲਾਖੀ = ਨ ਲਖੀ, ਨਹੀਂ ਸਮਝੀ। ਕੀਰਤਨਿ = ਕੀਰਤਨ ਵਿਚ। ਰਾਤਾ = ਰੰਗਿਆ ਹੋਇਆ। ਸਚੁ = ਸਦਾ-ਥਿਰ ਪ੍ਰਭੂ ਨੂੰ। ਸਾਖੀ = ਸਾਖਿਆਤ ਕਰਦਾ ਹੈ, ਵੇਖਦਾ ਹੈ।2।

ਅਰਥ: ਹੇ ਮਾਇਆ! ਤੂੰ ਮੱਖੀ ਹੈਂ, ਪਰਮਾਤਮਾ ਦੀ ਪੈਦਾ ਕੀਤੀ ਹੋਈ ਮੱਖੀ (ਦੇ ਸੁਭਾਵ ਵਾਲੀ) । (ਜਿਵੇਂ ਮੱਖੀ ਸਦਾ ਗੰਦ ਉਤੇ ਬੈਠਦੀ ਹੈ, ਤਿਵੇਂ) ਜਿੱਥੇ ਵਿਕਾਰਾਂ ਦੀ ਬੋ ਹੁੰਦੀ ਹੈ ਤੂੰ ਉਥੇ ਬੈਠਦੀ ਹੈਂ, ਤੂੰ ਸਦਾ ਵਿਕਾਰਾਂ ਦਾ ਨਸ਼ਾ ਹੀ ਚੱਖਦੀ ਰਹਿੰਦੀ ਹੈਂ।1। ਰਹਾਉ।

ਹੇ ਮਾਇਆ! ਅਸਾਂ ਆਪਣੀ ਅੱਖੀਂ ਤੇਰਾ ਇਹ ਹਾਲ ਵੇਖਿਆ ਹੈ ਕਿ ਤੂੰ ਕਿਸੇ ਭੀ ਇੱਕ ਥਾਂ ਤੇ ਟਿਕਦੀ ਨਹੀਂ ਹੈਂ। ਸੰਤਾਂ ਤੋਂ ਬਿਨਾ ਤੂੰ ਕਿਸੇ ਨੂੰ (ਖ਼ੁਆਰ ਕਰਨੋਂ) ਛੱਡਿਆ ਨਹੀਂ (ਉਹ ਭੀ ਇਸ ਵਾਸਤੇ ਬਚਦੇ ਹਨ ਕਿ) ਸੰਤ ਪਰਮਾਤਮਾ ਦੀ ਸਰਨ ਪਏ ਰਹਿੰਦੇ ਹਨ।1।

ਹੇ ਮਾਇਆ! (ਜਗਤ ਦੇ ਸਾਰੇ ਹੀ) ਜੀਵ ਤੂੰ ਆਪਣੇ ਵੱਸ ਵਿਚ ਕੀਤੇ ਹੋਏ ਹਨ, ਸੰਤਾਂ ਤੋਂ ਬਿਨਾ ਕਿਸੇ ਭੀ ਹੋਰ ਨੇ ਇਹ ਗੱਲ ਨਹੀਂ ਸਮਝੀ। ਹੇ ਨਾਨਕ! ਪਰਮਾਤਮਾ ਦਾ ਸੰਤ ਪਰਮਾਤਮਾ ਦੀ ਸਿਫ਼ਤਿ-ਸਾਲਾਹ (ਦੇ ਰੰਗ) ਵਿਚ ਰੰਗਿਆ ਰਹਿੰਦਾ ਹੈ, ਸੰਤ (ਗੁਰੂ ਦੇ) ਸ਼ਬਦ ਨੂੰ ਆਪਣੀ ਸੁਰਤਿ ਵਿਚ ਟਿਕਾ ਕੇ ਸਦਾ-ਥਿਰ ਪ੍ਰਭੂ ਦਾ ਦਰਸ਼ਨ ਕਰਦਾ ਰਹਿੰਦਾ ਹੈ।2। 99। 122।

ਸਾਰਗ ਮਹਲਾ ੫ ॥ ਮਾਈ ਰੀ ਕਾਟੀ ਜਮ ਕੀ ਫਾਸ ॥ ਹਰਿ ਹਰਿ ਜਪਤ ਸਰਬ ਸੁਖ ਪਾਏ ਬੀਚੇ ਗ੍ਰਸਤ ਉਦਾਸ ॥੧॥ ਰਹਾਉ ॥ ਕਰਿ ਕਿਰਪਾ ਲੀਨੇ ਕਰਿ ਅਪੁਨੇ ਉਪਜੀ ਦਰਸ ਪਿਆਸ ॥ ਸੰਤਸੰਗਿ ਮਿਲਿ ਹਰਿ ਗੁਣ ਗਾਏ ਬਿਨਸੀ ਦੁਤੀਆ ਆਸ ॥੧॥ ਮਹਾ ਉਦਿਆਨ ਅਟਵੀ ਤੇ ਕਾਢੇ ਮਾਰਗੁ ਸੰਤ ਕਹਿਓ ॥ ਦੇਖਤ ਦਰਸੁ ਪਾਪ ਸਭਿ ਨਾਸੇ ਹਰਿ ਨਾਨਕ ਰਤਨੁ ਲਹਿਓ ॥੨॥੧੦੦॥੧੨੩॥ {ਪੰਨਾ 1227-1228}

ਪਦ ਅਰਥ: ਮਾਈ ਰੀ = ਹੇ ਮਾਂ! ਕਾਟੀ = ਕੱਟੀ ਗਈ। ਫਾਸ = ਫਾਹੀ। ਜਮ ਕੀ ਫਾਸੀ = ਜਮਾਂ ਦੀ ਫਾਹੀ, ਆਤਮਕ ਮੌਤ ਲਿਆਉਣ ਵਾਲੀ ਮਾਇਆ ਦੇ ਮੋਹ ਦੀ ਫਾਹੀ। ਜਪਤ = ਜਪਦਿਆਂ। ਸਰਬ = ਸਾਰੇ। ਬੀਚੇ ਗ੍ਰਸਤ = ਗ੍ਰਿਹਸਤ ਦੇ ਵਿਚ ਹੀ (ਰਹਿੰਦਿਆਂ) ।1। ਰਹਾਉ।

ਕਰਿ = ਕਰ ਕੇ। ਲੀਨੇ ਕਰਿ = ਬਣਾ ਲਏ। ਪਿਆਸ = ਤਾਂਘ। ਸੰਗਿ = ਨਾਲ। ਦੁਤੀਆ = ਦੂਜੀ।1।

ਉਦਿਆਨ = ਜੰਗਲ। ਅਟਵੀ = ਜੰਗਲ। ਤੇ = ਤੋਂ। ਮਾਰਗੁ = ਰਸਤਾ। ਸੰਤ = ਸੰਤਾਂ ਨੇ। ਸਭਿ = ਸਾਰੇ। ਲਹਿਓ = ਲੱਭ ਲਿਆ।2।

ਅਰਥ: ਹੇ ਮਾਂ! ਪਰਮਾਤਮਾ ਦਾ ਨਾਮ ਜਪਦਿਆਂ (ਜਿਨ੍ਹਾਂ ਵਡ-ਭਾਗੀਆਂ ਦੀ) ਆਤਮਕ ਮੌਤ ਲਿਆਉਣ ਵਾਲੀ ਮਾਇਆ ਦੇ ਮੋਹ ਦੀ ਫਾਹੀ ਕੱਟੀ ਗਈ, ਉਹਨਾਂ ਸਾਰੇ ਸੁਖ ਮਾਣ ਲਏ, ਉਹ ਗ੍ਰਿਹਸਤ ਵਿਚ ਰਹਿੰਦਿਆਂ ਹੀ (ਮਾਇਆ ਦੇ ਮੋਹ ਤੋਂ) ਉਪਰਾਮ ਰਹਿੰਦੇ ਹਨ।1। ਰਹਾਉ।

ਹੇ ਮਾਂ! ਮਿਹਰ ਕਰ ਕੇ (ਜਿਨ੍ਹਾਂ ਨੂੰ ਪਰਮਾਤਮਾ ਨੇ) ਆਪਣੇ ਬਣਾ ਲਿਆ, ਉਹਨਾਂ ਦੇ ਅੰਦਰ ਪ੍ਰਭੂ ਦੇ ਦਰਸਨ ਦੀ ਤਾਂਘ ਪੈਦਾ ਹੋ ਜਾਂਦੀ ਹੈ, ਉਹ ਮਨੁੱਖ ਸਾਧ ਸੰਗਤਿ ਵਿਚ ਮਿਲ ਕੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਂਦੇ ਹਨ, (ਉਹਨਾਂ ਦੇ ਅੰਦਰੋਂ ਪਰਮਾਤਮਾ ਤੋਂ ਬਿਨਾ) ਕੋਈ ਹੋਰ ਦੂਜੀ ਟੇਕ ਮੁੱਕ ਜਾਂਦੀ ਹੈ।1।

ਹੇ ਨਾਨਕ! ਜਿਨ੍ਹਾਂ ਨੂੰ ਸੰਤ ਜਨਾਂ ਨੇ (ਸਹੀ ਜੀਵਨ-) ਰਾਹ ਦੱਸ ਦਿੱਤਾ, ਉਹਨਾਂ ਨੂੰ ਉਹਨਾਂ ਨੇ ਵੱਡੇ ਸੰਘਣੇ ਜੰਗਲ (ਵਰਗੇ ਸੰਸਾਰ = ਬਨ) ਤੋਂ ਬਾਹਰ ਕੱਢ ਲਿਆ। (ਪਰਮਾਤਮਾ ਦਾ) ਦਰਸਨ ਕਰ ਕੇ ਉਹਨਾਂ ਮਨੁੱਖਾਂ ਦੇ ਸਾਰੇ ਹੀ ਪਾਪ ਨਾਸ ਹੋ ਗਏ, ਉਹਨਾਂ ਨੇ ਪ੍ਰਭੂ ਦਾ ਨਾਮ-ਰਤਨ ਲੱਭ ਲਿਆ।2। 100। 123।

TOP OF PAGE

Sri Guru Granth Darpan, by Professor Sahib Singh