ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 1228

ਸਾਰਗ ਮਹਲਾ ੫ ॥ ਮਾਈ ਰੀ ਅਰਿਓ ਪ੍ਰੇਮ ਕੀ ਖੋਰਿ ॥ ਦਰਸਨ ਰੁਚਿਤ ਪਿਆਸ ਮਨਿ ਸੁੰਦਰ ਸਕਤ ਨ ਕੋਈ ਤੋਰਿ ॥੧॥ ਰਹਾਉ ॥ ਪ੍ਰਾਨ ਮਾਨ ਪਤਿ ਪਿਤ ਸੁਤ ਬੰਧਪ ਹਰਿ ਸਰਬਸੁ ਧਨ ਮੋਰ ॥ ਧ੍ਰਿਗੁ ਸਰੀਰੁ ਅਸਤ ਬਿਸਟਾ ਕ੍ਰਿਮ ਬਿਨੁ ਹਰਿ ਜਾਨਤ ਹੋਰ ॥੧॥ ਭਇਓ ਕ੍ਰਿਪਾਲ ਦੀਨ ਦੁਖ ਭੰਜਨੁ ਪਰਾ ਪੂਰਬਲਾ ਜੋਰ ॥ ਨਾਨਕ ਸਰਣਿ ਕ੍ਰਿਪਾ ਨਿਧਿ ਸਾਗਰ ਬਿਨਸਿਓ ਆਨ ਨਿਹੋਰ ॥੨॥੧੦੧॥੧੨੪॥ {ਪੰਨਾ 1228}

ਪਦ ਅਰਥ: ਅਰਿਓ = ਅੜ ਗਿਆ ਹੈ, ਮਸਤ ਹੋ ਗਿਆ ਹੈ। ਖੋਰਿ = ਖ਼ੁਮਾਰੀ ਵਿਚ, ਮਸਤੀ ਵਿਚ। ਰੁਚਿਤ = ਲਗਨ ਲੱਗੀ ਹੋਈ ਹੈ। ਪਿਆਸ = ਤਾਂਘ। ਮਨਿ = ਮਨ ਵਿਚ। ਤੋਰਿ = ਤੋੜਿ। ਤੋਰਿ ਨ ਸਕਤ = ਤੋੜ ਨਹੀਂ ਸਕਦਾ।1। ਰਹਾਉ।

ਪ੍ਰਾਨ = ਜਿੰਦ-ਜਾਨ। ਮਾਨ = ਸਹਾਰਾ, ਮਾਣ। ਪਤਿ = ਇੱਜ਼ਤ। ਸੁਤ = ਪੁੱਤਰ। ਪਿਤ = ਪਿਤਾ। ਬੰਧਪ = ਸਨਬੰਧੀ। ਸਰਬਸੁ = {svLÔvÔv-Dn} ਸਾਰਾ ਧਨ, ਸਭ ਕੁਝ। ਮੋਰ = ਮੇਰਾ। ਧ੍ਰਿਗੁ = ਫਿਟਕਾਰ-ਜੋਗ। ਅਸਤ = ਹੱਡੀਆਂ {AiÔQ}। ਕ੍ਰਿਮ = ਕਿਰਮ।1।

ਦੀਨ ਦੁਖ ਭੰਜਨੁ = ਗਰੀਬਾਂ ਦੇ ਦੁੱਖ ਦੂਰ ਕਰਨ ਵਾਲਾ। ਪਰਾ ਪੂਰਬਲਾ = ਮੁੱਢ-ਕਦੀਮਾਂ ਦਾ। ਜੋਰ = ਸਹਾਰਾ। ਕ੍ਰਿਪਾ ਨਿਧਿ = ਕਿਰਪਾ ਦਾ ਖ਼ਜ਼ਾਨਾ। ਕ੍ਰਿਪਾ ਸਾਗਰ = ਕਿਰਪਾ ਦਾ ਸਮੁੰਦਰ। ਆਨ = ਹੋਰ। ਨਿਹੋਰ = ਮੁਥਾਜੀ।2।

ਅਰਥ: ਹੇ ਮਾਂ! (ਮੇਰਾ ਮਨ ਪ੍ਰੀਤਮ ਪ੍ਰਭੂ ਦੇ) ਪਿਆਰ ਦੇ ਨਸ਼ੇ ਵਿਚ ਮਸਤ ਰਹਿੰਦਾ ਹੈ। ਮੇਰੇ ਮਨ ਵਿਚ ਉਸ ਦੇ ਦਰਸਨ ਦੀ ਲਗਨ ਲੱਗੀ ਰਹਿੰਦੀ ਹੈ, ਉਸ ਸੋਹਣੇ (ਦੇ ਦਰਸਨ) ਦੀ ਤਾਂਘ ਬਣੀ ਰਹਿੰਦੀ ਹੈ (ਇਹ ਲਗਨ ਇਹ ਤਾਂਘ ਐਸੀ ਹੈ ਕਿ ਇਸ ਨੂੰ) ਕੋਈ ਤੋੜ ਨਹੀਂ ਸਕਦਾ।1। ਰਹਾਉ।

ਹੇ ਮਾਂ! ਹੁਣ ਮੇਰੇ ਵਾਸਤੇ ਪ੍ਰਭੂ ਪ੍ਰੀਤਮ ਹੀ ਜਿੰਦ ਹੈ, ਆਸਰਾ ਹੈ, ਇੱਜ਼ਤ ਹੈ, ਪਿਤਾ ਹੈ, ਪੁੱਤਰ ਹੈ, ਸਨਬੰਧੀ ਹੈ, ਧਨ ਹੈ, ਮੇਰਾ ਸਭ ਕੁਝ ਉਹੀ ਉਹੀ ਹੈ। ਜਿਹੜਾ ਮਨੁੱਖ ਪਰਮਾਤਮਾ ਤੋਂ ਬਿਨਾ ਹੋਰ ਹੋਰ ਨਾਲ ਸਾਂਝ ਬਣਾਈ ਰੱਖਦਾ ਹੈ, ਉਸ ਦਾ ਸਰੀਰ ਫਿਟਕਾਰ-ਜੋਗ ਹੋ ਜਾਂਦਾ ਹੈ (ਕਿਉਂਕਿ ਫਿਰ ਇਹ ਮਨੁੱਖਾ ਸਰੀਰ ਨਿਰਾ) ਹੱਡੀਆਂ ਗੰਦ ਅਤੇ ਕਿਰਮ ਹੀ ਹੈ।1।

ਹੇ ਨਾਨਕ! (ਆਖ– ਹੇ ਮਾਂ) ਜਿਸ ਨਾਲ ਕੋਈ ਮੁੱਢ-ਕਦੀਮਾਂ ਦਾ ਜੋੜ ਹੁੰਦਾ ਹੈ, ਗਰੀਬਾਂ ਦੇ ਦੁੱਖ ਦੂਰ ਕਰਨ ਵਾਲਾ ਪ੍ਰਭੂ ਉਸ ਉਤੇ ਦਇਆਵਾਨ ਹੁੰਦਾ ਹੈ, ਉਹ ਮਨੁੱਖ ਦਇਆ ਦੇ ਖ਼ਜ਼ਾਨੇ ਮਿਹਰ ਦੇ ਸਮੁੰਦਰ ਪ੍ਰਭੂ ਦੀ ਸਰਨ ਪੈਂਦਾ ਹੈ, ਤੇ, ਉਸ ਦੀ ਹੋਰ (ਸਾਰੀ) ਮੁਥਾਜੀ ਮੁੱਕ ਜਾਂਦੀ ਹੈ।2। 101। 124।

ਸਾਰਗ ਮਹਲਾ ੫ ॥ ਨੀਕੀ ਰਾਮ ਕੀ ਧੁਨਿ ਸੋਇ ॥ ਚਰਨ ਕਮਲ ਅਨੂਪ ਸੁਆਮੀ ਜਪਤ ਸਾਧੂ ਹੋਇ ॥੧॥ ਰਹਾਉ ॥ ਚਿਤਵਤਾ ਗੋਪਾਲ ਦਰਸਨ ਕਲਮਲਾ ਕਢੁ ਧੋਇ ॥ ਜਨਮ ਮਰਨ ਬਿਕਾਰ ਅੰਕੁਰ ਹਰਿ ਕਾਟਿ ਛਾਡੇ ਖੋਇ ॥੧॥ ਪਰਾ ਪੂਰਬਿ ਜਿਸਹਿ ਲਿਖਿਆ ਬਿਰਲਾ ਪਾਏ ਕੋਇ ॥ ਰਵਣ ਗੁਣ ਗੋਪਾਲ ਕਰਤੇ ਨਾਨਕਾ ਸਚੁ ਜੋਇ ॥੨॥੧੦੨॥੧੨੫॥ {ਪੰਨਾ 1228}

ਪਦ ਅਰਥ: ਨੀਕੀ = ਚੰਗੀ (ਕਾਰ) , ਸੋਹਣੀ (ਕਾਰ) । ਧੁਨਿ = (ਹਿਰਦੇ ਵਿਚ) ਲਗਨ। ਸੋਇ = (ਪਰਮਾਤਮਾ ਦੀ) ਸੋਭਾ, ਸਿਫ਼ਤਿ-ਸਾਲਾਹ। ਅਨੂਪ = {ਅਨ-ਊਪ। ਉਪਮਾ-ਰਹਿਤ} ਬਹੁਤ ਸੋਹਣੇ। ਜਪਤ = ਜਪਦਿਆਂ। ਸਾਧੂ = ਗੁਰਮੁਖ, ਭਲਾ। ਹੋਇ = ਹੋ ਜਾਂਦਾ ਹੈ।1। ਰਹਾਉ।

ਚਿਤਵਤਾ = ਚਿਤਵਦਾ ਹੋਇਆ, ਚਿਤਾਰਦਾ ਹੋਇਆ, ਮਨ ਵਿਚ ਵਸਾਂਦਾ ਹੋਇਆ। ਕਲਮਲਾ = ਪਾਪ। ਧੋਇ = ਧੋ ਕੇ। ਕਢੁ = (ਆਪਣੇ ਅੰਦਰੋਂ) ਦੂਰ ਕਰ ਲੈ। ਬਿਕਾਰ ਅੰਕੁਰ = ਵਿਕਾਰਾਂ ਦਾ ਅੰਗੂਰ। ਛਾਡੇ ਖੋਇ = ਨਾਸ ਕਰ ਦੇਂਦਾ ਹੈ।1।

ਪਰਾ ਪੂਰਬਿ = ਪੂਰਬਲੇ ਭਾਗਾਂ ਅਨੁਸਾਰ। ਪੂਰਬਿ = ਪੂਰਬਲੇ ਸਮੇ ਵਿਚ। ਜਿਸਹਿ = ਜਿਸ ਦੇ ਮੱਥੇ ਉੱਤੇ {ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਲਫ਼ਜ਼ 'ਜਿਸੁ' ਦਾ ੁ ਉੱਡ ਗਿਆ ਹੈ}। ਰਵਣੁ = ਯਾਦ ਕਰਨੇ, ਸਿਮਰਨੇ। ਕਰਤੇ = ਕਰਤਾਰ ਦੇ। ਸਚੁ = ਸਦਾ ਕਾਇਮ ਰਹਿਣ ਵਾਲਾ। ਜੋਇ = ਜਿਹੜਾ ਪ੍ਰਭੂ।2।

ਅਰਥ: ਹੇ ਭਾਈ! ਪਰਮਾਤਮਾ ਦੀ ਲਗਨ (ਹਿਰਦੇ ਵਿਚ ਬਣਾ) , ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਨੀ = ਇਹ ਇਕ ਸੋਹਣੀ (ਕਾਰ) ਹੈ। ਹੇ ਭਾਈ! ਸੋਹਣੇ ਮਾਲਕ-ਪ੍ਰਭੂ ਦੇ ਸੋਹਣੇ ਚਰਨ ਜਪਦਿਆਂ ਮਨੁੱਖ ਭਲਾ ਨੇਕ ਬਣ ਜਾਂਦਾ ਹੈ।1। ਰਹਾਉ।

ਹੇ ਭਾਈ! ਜਗਤ ਦੇ ਪਾਲਣਹਾਰ ਪ੍ਰਭੂ ਦੇ ਦਰਸਨ ਦੀ ਤਾਂਘ ਮਨ ਵਿਚ ਵਸਾਂਦਾ ਹੋਇਆ (ਭਾਵ, ਵਸਾ ਕੇ) (ਆਪਣੇ ਅੰਦਰੋਂ ਸਾਰੇ) ਪਾਪ ਧੋ ਕੇ ਦੂਰ ਕਰ ਲੈ। (ਜੇ ਤੂੰ ਹਰਿ-ਦਰਸਨ ਦੀ ਤਾਂਘ ਆਪਣੇ ਅੰਦਰ ਪੈਦਾ ਕਰੇਂਗਾ ਤਾਂ) ਪਰਮਾਤਮਾ (ਤੇਰੇ ਅੰਦਰੋਂ) ਜਨਮ ਮਰਨ ਦੇ (ਸਾਰੀ ਉਮਰ ਦੇ) ਵਿਕਾਰਾਂ ਦੇ ਫੁੱਟ ਰਹੇ ਬੀਜ ਕੱਟ ਕੇ ਨਾਸ ਕਰ ਦੇਵੇਗਾ।1।

ਹੇ ਨਾਨਕ! ਜਿਹੜਾ ਪਰਮਾਤਮਾ ਸਦਾ ਕਾਇਮ ਰਹਿਣ ਵਾਲਾ ਹੈ ਉਸ ਕਰਤਾਰ ਗੋਪਾਲ ਦੇ ਗੁਣ ਗਾਣੇ = ਇਹ ਦਾਤਿ ਕੋਈ ਉਹ ਵਿਰਲਾ ਮਨੁੱਖ ਹਾਸਲ ਕਰਦਾ ਹੈ ਜਿਸ ਦੇ ਮੱਥੇ ਉੱਤੇ ਪੂਰਬਲੇ ਸਮੇ ਤੋਂ (ਇਹ ਲੇਖ) ਲਿਖਿਆ ਹੁੰਦਾ ਹੈ।2। 102। 125।

ਸਾਰਗ ਮਹਲਾ ੫ ॥ ਹਰਿ ਕੇ ਨਾਮ ਕੀ ਮਤਿ ਸਾਰ ॥ ਹਰਿ ਬਿਸਾਰਿ ਜੁ ਆਨ ਰਾਚਹਿ ਮਿਥਨ ਸਭ ਬਿਸਥਾਰ ॥੧॥ ਰਹਾਉ ॥ ਸਾਧਸੰਗਮਿ ਭਜੁ ਸੁਆਮੀ ਪਾਪ ਹੋਵਤ ਖਾਰ ॥ ਚਰਨਾਰਬਿੰਦ ਬਸਾਇ ਹਿਰਦੈ ਬਹੁਰਿ ਜਨਮ ਨ ਮਾਰ ॥੧॥ ਕਰਿ ਅਨੁਗ੍ਰਹ ਰਾਖਿ ਲੀਨੇ ਏਕ ਨਾਮ ਅਧਾਰ ॥ ਦਿਨ ਰੈਨਿ ਸਿਮਰਤ ਸਦਾ ਨਾਨਕ ਮੁਖ ਊਜਲ ਦਰਬਾਰਿ ॥੨॥੧੦੩॥੧੨੬॥ {ਪੰਨਾ 1228}

ਪਦ ਅਰਥ: ਨਾਮ ਕੀ ਮਤਿ = ਨਾਮ ਸਿਮਰਨ ਵਾਲੀ ਅਕਲ। ਸਾਰ = ਸ੍ਰੇਸ਼ਟ। ਬਿਸਾਰਿ = ਭੁਲਾ ਕੇ। ਜੁ = ਜਿਹੜੇ ਮਨੁੱਖ। ਆਨ = ਹੋਰ ਹੋਰ (ਕੰਮਾਂ) ਵਿਚ। ਰਾਚਹਿ = ਮਸਤ ਰਹਿੰਦੇ ਹਨ। ਮਿਥਨ = ਨਾਸਵੰਤ, ਵਿਅਰਥ। ਬਿਸਥਾਰ = ਖਿਲਾਰੇ, ਖਲਜਗਨ।1। ਰਹਾਉ।

ਸਾਧ ਸੰਗਮਿ = ਸਾਧ ਸੰਗਤਿ ਵਿਚ। ਭਜੁ = ਭਜਨ ਕਰਿਆ ਕਰ। ਖਾਰ = ਖ਼ੁਆਰ, ਨਾਸ। ਚਰਨਾਰਬਿੰਦ = {ਚਰਨ-ਅਰਬਿੰਦ। ਅਰਬਿੰਦ = ਕੌਲ ਫੁੱਲ} ਕੌਲ ਫੁੱਲਾਂ ਵਰਗੇ ਸੋਹਣੇ ਚਰਨ। ਬਸਾਇ = ਵਸਾਈ ਰੱਖ। ਹਿਰਦੈ = ਹਿਰਦੇ ਵਿਚ। ਬਹੁਰਿ = ਮੁੜ। ਜਨਮ ਨ ਮਾਰ = ਨਾਹ ਜਨਮ ਨਾਹ ਮਰਨ।1।

ਕਰਿ = ਕਰ ਕੇ। ਅਨੁਗ੍ਰਹ = ਕਿਰਪਾ। ਅਧਾਰ = ਆਸਰਾ। ਰੈਨਿ = ਰਾਤ। ਸਿਮਰਤ = ਸਿਮਰਦਿਆਂ। ਦਰਬਾਰਿ = ਪ੍ਰਭੂ ਦੀ ਹਜ਼ੂਰੀ ਵਿਚ।2।

ਅਰਥ: ਹੇ ਭਾਈ! ਪਰਮਾਤਮਾ ਦਾ ਨਾਮ ਸਿਮਰਨ (ਵਲ ਪ੍ਰੇਰਨ) ਵਾਲੀ ਅਕਲ (ਹੋਰ ਹੋਰ ਕੰਮਾਂ ਵਲ ਪ੍ਰੇਰਨ ਵਾਲੀਆਂ ਅਕਲਾਂ ਨਾਲੋਂ) ਸ੍ਰੇਸ਼ਟ ਹੈ। ਜਿਹੜੇ ਮਨੁੱਖ ਪਰਮਾਤਮਾ ਨੂੰ ਭੁਲਾ ਕੇ ਹੋਰ ਹੋਰ ਆਹਰਾਂ ਵਿਚ ਸਦਾ ਰੁੱਝੇ ਰਹਿੰਦੇ ਹਨ ਉਹਨਾਂ ਦੇ ਸਾਰੇ ਖਿਲਾਰੇ (ਆਖ਼ਿਰ) ਵਿਅਰਥ ਜਾਂਦੇ ਹਨ।1। ਰਹਾਉ।

ਹੇ ਭਾਈ! ਸਾਧ ਸੰਗਤਿ ਵਿਚ (ਟਿਕ ਕੇ) ਮਾਲਕ-ਪ੍ਰਭੂ ਦਾ ਭਜਨ ਕਰਿਆ ਕਰ (ਸਿਮਰਨ ਦੀ ਬਰਕਤਿ ਨਾਲ) ਸਾਰੇ ਪਾਪ ਨਾਸ ਹੋ ਜਾਂਦੇ ਹਨ। ਹੇ ਭਾਈ! ਪਰਮਾਤਮਾ ਦੇ ਸੋਹਣੇ ਚਰਨ ਆਪਣੇ ਹਿਰਦੇ ਵਿਚ ਵਸਾਈ ਰੱਖ, ਮੁੜ ਜਨਮ ਮਰਨ ਦਾ ਗੇੜ ਨਹੀਂ ਹੋਵੇਗਾ।1।

ਹੇ ਨਾਨਕ! ਮਿਹਰ ਕਰ ਕੇ ਜਿਨ੍ਹਾਂ ਮਨੁੱਖਾਂ ਦੀ ਪ੍ਰਭੂ ਰੱਖਿਆ ਕਰਦਾ ਹੈ, ਉਹਨਾਂ ਨੂੰ ਆਪਣੇ ਨਾਮ ਦਾ ਹੀ ਸਹਾਰਾ ਦੇਂਦਾ ਹੈ। ਦਿਨ ਰਾਤ ਸਦਾ ਸਿਮਰਨ ਕਰਦਿਆਂ ਉਹਨਾਂ ਦੇ ਮੂੰਹ ਪ੍ਰਭੂ ਦੇ ਦਰਬਾਰ ਵਿਚ ਉਜਲੇ ਹੋ ਜਾਂਦੇ ਹਨ।2। 103। 126।

ਸਾਰਗ ਮਹਲਾ ੫ ॥ ਮਾਨੀ ਤੂੰ ਰਾਮ ਕੈ ਦਰਿ ਮਾਨੀ ॥ ਸਾਧਸੰਗਿ ਮਿਲਿ ਹਰਿ ਗੁਨ ਗਾਏ ਬਿਨਸੀ ਸਭ ਅਭਿਮਾਨੀ ॥੧॥ ਰਹਾਉ ॥ ਧਾਰਿ ਅਨੁਗ੍ਰਹੁ ਅਪੁਨੀ ਕਰਿ ਲੀਨੀ ਗੁਰਮੁਖਿ ਪੂਰ ਗਿਆਨੀ ॥ ਸਰਬ ਸੂਖ ਆਨੰਦ ਘਨੇਰੇ ਠਾਕੁਰ ਦਰਸ ਧਿਆਨੀ ॥੧॥ ਨਿਕਟਿ ਵਰਤਨਿ ਸਾ ਸਦਾ ਸੁਹਾਗਨਿ ਦਹ ਦਿਸ ਸਾਈ ਜਾਨੀ ॥ ਪ੍ਰਿਅ ਰੰਗ ਰੰਗਿ ਰਤੀ ਨਾਰਾਇਨ ਨਾਨਕ ਤਿਸੁ ਕੁਰਬਾਨੀ ॥੨॥੧੦੪॥੧੨੭॥ {ਪੰਨਾ 1228}

ਪਦ ਅਰਥ: ਮਾਨ = ਆਦਰ, ਸਤਕਾਰ। ਮਾਨੀ = ਸਤਕਾਰ ਵਾਲੀ, ਆਦਰ ਵਾਲੀ। ਕੈ ਦਰਿ = ਦੇ ਦਰ ਤੇ। ਸਾਧ ਸੰਗਿ = ਸਾਧ ਸੰਗਤਿ ਵਿਚ। ਮਿਲਿ = ਮਿਲ ਕੇ। ਗਾਏ = (ਜਿਸ ਨੇ) ਗਾਏ। ਅਭਿਮਾਨੀ = ਹਉਮੈ ਵਾਲੀ ਮਤਿ।1। ਰਹਾਉ।

ਧਾਰਿ = ਧਾਰ ਕੇ; ਕਰ ਕੇ। ਅਨੁਗ੍ਰਹੁ = ਕਿਰਪਾ। ਕਰਿ ਲੀਨੀ = ਬਣਾ ਲਈ। ਗੁਰਮੁਖਿ = ਗੁਰੂ ਦੇ ਸਨਮੁਖ ਰਹਿ ਕੇ। ਗਿਆਨੀ = ਗਿਆਨ ਵਾਲੀ। ਘਨੇਰੇ = ਬਹੁਤ। ਧਿਆਨੀ = ਸੁਰਤਿ ਜੋੜਨ ਵਾਲੀ।1।

ਨਿਕਟਿ = ਨੇੜੇ। ਨਿਕਟਿ ਵਰਤਨਿ = ਨੇੜੇ ਟਿਕੀ ਰਹਿਣ ਵਾਲੀ। ਸਾ = ਉਹੀ ਜੀਵ-ਇਸਤ੍ਰੀ। ਸੁਹਾਗਨਿ = ਸੁਹਾਗ-ਭਾਗ ਵਾਲੀ। ਦਹ ਦਿਸ = ਦਸੀਂ ਪਾਸੀਂ। ਜਾਨੀ = ਪਰਗਟ ਹੋ ਜਾਂਦੀ ਹੈ। ਸਾਈ = ਉਹੀ। ਰੰਗ ਰੰਗਿ = ਕੌਤਕਾਂ ਦੇ ਰੰਗ ਵਿਚ। ਪ੍ਰਿਅ ਰੰਗ ਰੰਗਿ = ਪਿਆਰੇ ਦੇ ਕੌਤਕਾਂ ਦੇ ਰੰਗ ਵਿਚ। ਰਤੀ = ਰੰਗੀ ਹੋਈ।2।

ਅਰਥ: (ਹੇ ਜਿੰਦੇ! ਜਿਸ ਜੀਵ-ਇਸਤ੍ਰੀ ਨੇ) ਸਾਧ ਸੰਗਤਿ ਵਿਚ ਮਿਲ ਕੇ ਪਰਮਾਤਮਾ ਦੇ ਗੁਣ ਗਾਣੇ ਸ਼ੁਰੂ ਕਰ ਦਿੱਤੇ, ਉਸ ਦੇ ਅੰਦਰੋਂ ਹਉਮੈ ਵਾਲੀ ਮਤਿ ਸਾਰੀ ਮੁੱਕ ਗਈ। (ਹੇ ਜਿੰਦੇ! ਜੇ ਤੂੰ ਭੀ ਇਹ ਉੱਦਮ ਕਰੇਂ, ਤਾਂ) ਤੂੰ ਪਰਮਾਤਮਾ ਦੇ ਦਰ ਤੇ ਜ਼ਰੂਰ ਸਤਕਾਰ ਹਾਸਲ ਕਰੇਂਗੀ।1। ਰਹਾਉ।

ਹੇ ਜਿੰਦੇ! ਪ੍ਰਭੂ ਨੇ ਮਿਹਰ ਕਰ ਕੇ (ਜਿਸ ਜੀਵ-ਇਸਤ੍ਰੀ ਨੂੰ) ਆਪਣੀ ਬਣਾ ਲਿਆ, ਉਹ ਗੁਰੂ ਦੇ ਸਨਮੁਖ ਰਹਿ ਕੇ ਆਤਮਕ ਜੀਵਨ ਦੀ ਪੂਰੀ ਸੂਝ ਵਾਲੀ ਹੋ ਗਈ। ਉਸ ਦੇ ਹਿਰਦੇ ਵਿਚ ਸਾਰੇ ਸੁਖ ਅਨੇਕਾਂ ਆਨੰਦ ਪੈਦਾ ਹੋ ਗਏ, ਉਸ ਦੀ ਸੁਰਤਿ ਮਾਲਕ-ਪ੍ਰਭੂ ਦੇ ਦਰਸਨ ਵਿਚ ਜੁੜਨ ਲੱਗ ਪਈ।1।

ਹੇ ਜਿੰਦੇ! ਜਿਹੜੀ ਜੀਵ-ਇਸਤ੍ਰੀ ਸਦਾ ਪ੍ਰਭੂ-ਚਰਨਾਂ ਵਿਚ ਟਿਕਣ ਲੱਗ ਪਈ, ਉਹ ਸਦਾ ਲਈ ਸੁਹਾਗ-ਭਾਗ ਵਾਲੀ ਹੋ ਗਈ, ਉਹੀ ਸਾਰੇ ਜਗਤ ਵਿਚ ਪਰਗਟ ਹੋ ਗਈ। ਹੇ ਨਾਨਕ! (ਆਖ-) ਮੈਂ ਉਸ ਜੀਵ-ਇਸਤ੍ਰੀ ਤੋਂ ਸਦਕੇ ਹਾਂ ਜਿਹੜੀ ਪਿਆਰੇ ਪ੍ਰਭੂ ਦੇ ਕੌਤਕਾਂ ਦੇ ਰੰਗ ਵਿਚ ਰੰਗੀ ਰਹਿੰਦੀ ਹੈ।2। 104। 127।

ਸਾਰਗ ਮਹਲਾ ੫ ॥ ਤੁਅ ਚਰਨ ਆਸਰੋ ਈਸ ॥ ਤੁਮਹਿ ਪਛਾਨੂ ਸਾਕੁ ਤੁਮਹਿ ਸੰਗਿ ਰਾਖਨਹਾਰ ਤੁਮੈ ਜਗਦੀਸ ॥ ਰਹਾਉ ॥ ਤੂ ਹਮਰੋ ਹਮ ਤੁਮਰੇ ਕਹੀਐ ਇਤ ਉਤ ਤੁਮ ਹੀ ਰਾਖੇ ॥ ਤੂ ਬੇਅੰਤੁ ਅਪਰੰਪਰੁ ਸੁਆਮੀ ਗੁਰ ਕਿਰਪਾ ਕੋਈ ਲਾਖੈ ॥੧॥ ਬਿਨੁ ਬਕਨੇ ਬਿਨੁ ਕਹਨ ਕਹਾਵਨ ਅੰਤਰਜਾਮੀ ਜਾਨੈ ॥ ਜਾ ਕਉ ਮੇਲਿ ਲਏ ਪ੍ਰਭੁ ਨਾਨਕੁ ਸੇ ਜਨ ਦਰਗਹ ਮਾਨੇ ॥੨॥੧੦੫॥੧੨੮॥ {ਪੰਨਾ 1228}

ਪਦ ਅਰਥ: ਤੁਅ ਚਰਨ ਆਸਰੋ = ਤੇਰੇ ਚਰਨਾਂ ਦਾ ਆਸਰਾ। ਈਸ = ਈਸ਼, ਹੇ ਈਸ਼੍ਵਰ! ਤੁਮਹਿ = ਤੂੰ ਹੀ। ਪਛਾਨੂ = ਜਾਣੂ-ਪਛਾਣੂ। ਸਾਕੁ = ਰਿਸ਼ਤਾ, ਸੰਬੰਧ। ਸੰਗਿ = ਨਾਲ। ਜਗਦੀਸ = ਹੇ ਜਗਤ ਦੇ ਈਸ਼ਵਰ! ਤੁਮੈ = ਤੂੰ ਹੀ।1। ਰਹਾਉ।

ਕਹੀਐ = (ਇਹ) ਆਖਿਆ ਜਾਂਦਾ ਹੈ, ਹਰ ਕੋਈ ਇਹੀ ਆਖਦਾ ਹੈ। ਇਤ ਉਤ = ਲੋਕ ਪਰਲੋਕ ਵਿਚ। ਅਪਰੰਪਰੁ = ਪਰੇ ਤੋਂ ਪਰੇ। ਸੁਆਮੀ = ਹੇ ਮਾਲਕ-ਪ੍ਰਭੂ! ਕੋਈ = ਕੋਈ ਵਿਰਲਾ। ਲਾਖੈ = ਲਖਦਾ ਹੈ, ਸਮਝਦਾ ਹੈ।1।

ਬਿਨੁ ਬਕਨੇ = ਬੋਲਣ ਤੋਂ ਬਿਨਾ। ਅੰਤਰਜਾਮੀ = ਹਰੇਕ ਦੇ ਦਿਲ ਦੀ ਜਾਣਨ ਵਾਲਾ। ਜਾਨੈ = ਜਾਣਦਾ ਹੈ। ਜਾ ਕਉ = ਜਿਨ੍ਹਾਂ (ਮਨੁੱਖਾਂ) ਨੂੰ। ਨਾਨਕੁ = ਨਾਨਕ (ਆਖਦਾ ਹੈ) । ਸੇ = ਉਹ {ਬਹੁ-ਵਚਨ}। ਮਾਨੇ = ਆਦਰ ਪਾਂਦੇ ਹਨ।2।

ਅਰਥ: ਹੇ ਈਸ਼੍ਵਰ! (ਅਸਾਂ ਜੀਵਾਂ ਨੂੰ) ਤੇਰੇ ਚਰਨਾਂ ਦਾ (ਹੀ) ਆਸਰਾ ਹੈ। ਤੂੰ ਹੀ (ਸਾਡਾ) ਜਾਣੂ-ਪਛਾਣੂ ਹੈਂ, ਤੇਰੇ ਨਾਲ ਹੀ ਸਾਡਾ ਮੇਲ-ਮਿਲਾਪ ਹੈ। ਹੇ ਜਗਤ ਦੇ ਈਸ਼੍ਵਰ! ਤੂੰ ਹੀ (ਸਾਡੀ) ਰੱਖਿਆ ਕਰ ਸਕਣ ਵਾਲਾ ਹੈਂ।1। ਰਹਾਉ।

ਹੇ ਪ੍ਰਭੂ! ਹਰੇਕ ਜੀਵ ਇਹੀ ਆਖਦਾ ਹੈ ਕਿ ਤੂੰ ਸਾਡਾ ਹੈਂ ਅਸੀਂ ਤੇਰੇ ਹਾਂ, ਤੂੰ ਹੀ ਇਸ ਲੋਕ ਤੇ ਪਰਲੋਕ ਵਿਚ ਸਾਡਾ ਰਾਖਾ ਹੈਂ। ਹੇ ਮਾਲਕ-ਪ੍ਰਭੂ! ਤੂੰ ਹੀ ਬੇਅੰਤ ਹੈਂ, ਪਰੇ ਤੋਂ ਪਰੇ ਹੈਂ। ਕਿਸੇ ਵਿਰਲੇ ਮਨੁੱਖ ਨੇ ਗੁਰੂ ਦੀ ਮਿਹਰ ਨਾਲ ਇਹ ਗੱਲ ਸਮਝੀ ਹੈ।1।

ਨਾਨਕ (ਆਖਦਾ ਹੈ– ਹੇ ਭਾਈ!) ਪ੍ਰਭੂ ਹਰੇਕ ਦੇ ਦਿਲ ਦੀ ਜਾਣਨ ਵਾਲਾ ਹੈ, ਸਾਡੇ ਬੋਲਣ ਤੋਂ ਬਿਨਾ, ਸਾਡੇ ਆਖਣ-ਅਖਾਣ ਤੋਂ ਬਿਨਾ (ਸਾਡੀ ਲੋੜ) ਜਾਣ ਲੈਂਦਾ ਹੈ। ਉਹ ਪ੍ਰਭੂ! ਜਿਨ੍ਹਾਂ ਨੂੰ (ਆਪਣੇ ਚਰਨਾਂ ਵਿਚ) ਜੋੜ ਲੈਂਦਾ ਹੈ, ਉਹ ਮਨੁੱਖ ਉਸ ਦੀ ਹਜ਼ੂਰੀ ਵਿਚ ਆਦਰ-ਸਤਕਾਰ ਪ੍ਰਾਪਤ ਕਰਦੇ ਹਨ।2। 105। 128।

TOP OF PAGE

Sri Guru Granth Darpan, by Professor Sahib Singh