ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 1229

ਸਾਰੰਗ ਮਹਲਾ ੫ ਚਉਪਦੇ ਘਰੁ ੫    ੴ ਸਤਿਗੁਰ ਪ੍ਰਸਾਦਿ ॥ ਹਰਿ ਭਜਿ ਆਨ ਕਰਮ ਬਿਕਾਰ ॥ ਮਾਨ ਮੋਹੁ ਨ ਬੁਝਤ ਤ੍ਰਿਸਨਾ ਕਾਲ ਗ੍ਰਸ ਸੰਸਾਰ ॥੧॥ ਰਹਾਉ ॥ ਖਾਤ ਪੀਵਤ ਹਸਤ ਸੋਵਤ ਅਉਧ ਬਿਤੀ ਅਸਾਰ ॥ ਨਰਕ ਉਦਰਿ ਭ੍ਰਮੰਤ ਜਲਤੋ ਜਮਹਿ ਕੀਨੀ ਸਾਰ ॥੧॥ ਪਰ ਦ੍ਰੋਹ ਕਰਤ ਬਿਕਾਰ ਨਿੰਦਾ ਪਾਪ ਰਤ ਕਰ ਝਾਰ ॥ ਬਿਨਾ ਸਤਿਗੁਰ ਬੂਝ ਨਾਹੀ ਤਮ ਮੋਹ ਮਹਾਂ ਅੰਧਾਰ ॥੨॥ ਬਿਖੁ ਠਗਉਰੀ ਖਾਇ ਮੂਠੋ ਚਿਤਿ ਨ ਸਿਰਜਨਹਾਰ ॥ ਗੋਬਿੰਦ ਗੁਪਤ ਹੋਇ ਰਹਿਓ ਨਿਆਰੋ ਮਾਤੰਗ ਮਤਿ ਅਹੰਕਾਰ ॥੩॥ ਕਰਿ ਕ੍ਰਿਪਾ ਪ੍ਰਭ ਸੰਤ ਰਾਖੇ ਚਰਨ ਕਮਲ ਅਧਾਰ ॥ ਕਰ ਜੋਰਿ ਨਾਨਕੁ ਸਰਨਿ ਆਇਓ ਗੋੁਪਾਲ ਪੁਰਖ ਅਪਾਰ ॥੪॥੧॥੧੨੯॥ {ਪੰਨਾ 1229}

ਪਦ ਅਰਥ: ਭਜਿ = ਭਜਨ ਕਰਿਆ ਕਰ। ਆਨ ਕਰਮ = ਹੋਰ ਹੋਰ ਕੰਮ। ਬਿਕਾਰ = ਬੇ-ਕਾਰ, ਵਿਅਰਥ। ਕਾਲ = ਆਤਮਕ ਮੌਤ। ਕਾਲ ਗ੍ਰਸਤ = ਆਤਮਕ ਮੌਤ ਦਾ ਗ੍ਰਸਿਆ ਹੋਇਆ।1। ਰਹਾਉ।

ਸੋਵਤ = ਸੁੱਤਿਆਂ। ਅਉਧ = ਉਮਰ। ਬਿਤੀ = ਬੀਤ ਜਾਂਦੀ ਹੈ। ਅਸਾਰ = ਬੇ-ਸਮਝੀ ਵਿਚ। ਉਦਰਿ = ਪੇਟ ਵਿਚ। ਜਲਤੋ = ਸੜਦਾ, ਦੁਖੀ ਹੁੰਦਾ। ਜਮਹਿ = ਜਮਾਂ ਨੇ। ਸਾਰ = ਸੰਭਾਲ।1।

ਪਰ ਦ੍ਰੋਹ = ਦੂਜਿਆਂ ਨਾਲ ਠੱਗੀ। ਪਾਪ ਰਤ = ਪਾਪਾਂ ਵਿਚ ਮਸਤ। ਕਰ ਝਾਰ = ਹੱਥ ਝਾੜ ਕੇ, ਹੱਥ ਧੋ ਕੇ। ਬੂਝ = ਆਤਮਕ ਜੀਵਨ ਦੀ ਸਮਝ। ਤਮ ਮੋਹ = ਮੋਹ ਦਾ ਹਨੇਰਾ। ਅੰਧਾਰ = ਹਨੇਰਾ।1।

ਬਿਖੁ = ਆਤਮਕ ਮੌਤ ਲਿਆਉਣ ਵਾਲੀ ਜ਼ਹਰ। ਠਗਉਰੀ = ਠਗ-ਬੂਟੀ ਮਾਇਆ। ਮੂਠੋ = ਲੁੱਟਿਆ ਜਾਂਦਾ ਹੈ। ਚਿਤਿ = ਚਿੱਤ ਵਿਚ। ਗੁਪਤ = ਲੁਕਿਆ ਹੋਇਆ। ਨਿਆਰੋ = ਵੱਖਰਾ। ਮਾਤੰਗ = ਹਾਥੀ।3।

ਕਰਿ = ਕਰ ਕੇ। ਅਧਾਰ = ਆਸਰਾ। ਕਰ = ਹੱਥ {ਬਹੁ-ਵਚਨ}। ਜੋਰਿ = ਜੋੜ ਕੇ। ਗੋੁਪਾਲ = {ਇਥੇ ਪਾਠ 'ਗੁਪਾਲ' ਕਰਨਾ ਹੈ। ਅਸਲ ਲਫ਼ਜ਼ ਹੈ 'ਗੋਪਾਲ'}। ਅਪਾਰ = ਹੇ ਬੇਅੰਤ।4।

ਅਰਥ: ਹੇ ਭਾਈ! ਪਰਮਾਤਮਾ ਦਾ ਭਜਨ ਕਰਿਆ ਕਰ, (ਭਜਨ ਤੋਂ ਬਿਨਾ) ਹੋਰ ਹੋਰ ਕੰਮ (ਜਿੰਦ ਲਈ) ਵਿਅਰਥ ਹਨ। (ਹੋਰ ਹੋਰ ਕੰਮਾਂ ਨਾਲ) ਅਹੰਕਾਰ ਤੇ ਮੋਹ (ਪੈਦਾ ਹੁੰਦਾ ਹੈ) , ਤ੍ਰਿਸ਼ਨਾ ਨਹੀਂ ਮਿਟਦੀ, ਦੁਨੀਆ ਆਤਮਕ ਮੌਤ ਵਿਚ ਫਸੀ ਰਹਿੰਦੀ ਹੈ।1। ਰਹਾਉ।

ਹੇ ਭਾਈ! ਖਾਂਦਿਆਂ ਪੀਂਦਿਆਂ ਹੱਸਦਿਆਂ ਸੁੱਤਿਆਂ (ਇਸੇ ਤਰ੍ਹਾਂ ਮਨੁੱਖ ਦੀ) ਉਮਰ ਬੇ-ਸਮਝੀ ਵਿਚ ਬੀਤਦੀ ਜਾਂਦੀ ਹੈ। ਨਰਕ ਸਮਾਨ ਹਰੇਕ ਜੂਨ ਵਿਚ (ਜੀਵ) ਭਟਕਦਾ ਹੈ ਦੁਖੀ ਹੁੰਦਾ ਹੈ, ਜਮਾਂ ਦੇ ਵੱਸ ਪਿਆ ਰਹਿੰਦਾ ਹੈ।1।

ਹੇ ਭਾਈ! (ਭਜਨ ਤੋਂ ਖੁੰਝ ਕੇ) ਮਨੁੱਖ ਦੂਜਿਆਂ ਨਾਲ ਠੱਗੀ ਕਰਦਾ ਹੈ, ਨਿੰਦਾ ਆਦਿਕ ਕੁਕਰਮ ਕਰਦਾ ਹੈ, ਬੇ-ਪਰਵਾਹ ਹੋ ਕੇ ਪਾਪਾਂ ਵਿਚ ਮਸਤ ਰਹਿੰਦਾ ਹੈ। ਗੁਰੂ ਦੀ ਸਰਨ ਤੋਂ ਬਿਨਾ (ਮਨੁੱਖ ਨੂੰ) ਆਤਮਕ ਜੀਵਨ ਦੀ ਸਮਝ ਨਹੀਂ ਪੈਂਦੀ, ਮੋਹ ਦੇ ਬੜੇ ਘੁੱਪ ਹਨੇਰੇ ਵਿਚ ਪਿਆ ਰਹਿੰਦਾ ਹੈ।2।

ਹੇ ਭਾਈ! ਆਤਮਕ ਮੌਤ ਲਿਆਉਣ ਵਾਲੀ ਮਾਇਆ-ਠਗ-ਬੂਟੀ ਖਾ ਕੇ ਮਨੁੱਖ (ਆਤਮਕ ਸਰਮਾਏ ਵਲੋਂ) ਲੁੱਟਿਆ ਜਾਂਦਾ ਹੈ, ਇਸ ਦੇ ਮਨ ਵਿਚ ਪਰਮਾਤਮਾ ਦੀ ਯਾਦ ਨਹੀਂ ਹੁੰਦੀ, ਹਉਮੈ ਦੀ ਮਤਿ ਦੇ ਕਾਰਨ ਹਾਥੀ ਵਾਂਗ (ਫੁੱਲਿਆ ਰਹਿੰਦਾ ਹੈ, ਇਸ ਦੇ ਅੰਦਰ ਹੀ) ਪਰਮਾਤਮਾ ਛੁਪਿਆ ਬੈਠਾ ਹੈ, ਪਰ ਉਸ ਤੋਂ ਵੱਖਰਾ ਹੀ ਰਹਿੰਦਾ ਹੈ।3।

ਹੇ ਭਾਈ! ਪ੍ਰਭੂ ਜੀ ਨੇ ਮਿਹਰ ਕਰ ਕੇ ਆਪਣੇ ਸੰਤਾਂ ਨੂੰ ਆਪਣੇ ਸੋਹਣੇ ਚਰਨਾਂ ਦੇ ਆਸਰੇ (ਇਸ 'ਬਿਖੁ ਠਗਉਰੀ' ਤੋਂ) ਬਚਾਈ ਰੱਖਿਆ ਹੈ।

ਹੇ ਗੋਪਾਲ! ਹੇ ਅਕਾਲ ਪੁਰਖ! ਹੇ ਬੇਅੰਤ! ਦੋਵੇਂ ਹੱਥ ਜੋੜ ਕੇ ਨਾਨਕ (ਤੇਰੀ) ਸਰਨ ਆਇਆ ਹੈ (ਇਸ ਦੀ ਭੀ ਰੱਖਿਆ ਕਰ) ।4।1। 129।

ਸਾਰਗ ਮਹਲਾ ੫ ਘਰੁ ੬ ਪੜਤਾਲ    ੴ ਸਤਿਗੁਰ ਪ੍ਰਸਾਦਿ ॥ ਸੁਭ ਬਚਨ ਬੋਲਿ ਗੁਨ ਅਮੋਲ ॥ ਕਿੰਕਰੀ ਬਿਕਾਰ ॥ ਦੇਖੁ ਰੀ ਬੀਚਾਰ ॥ ਗੁਰ ਸਬਦੁ ਧਿਆਇ ਮਹਲੁ ਪਾਇ ॥ ਹਰਿ ਸੰਗਿ ਰੰਗ ਕਰਤੀ ਮਹਾ ਕੇਲ ॥੧॥ ਰਹਾਉ ॥ ਸੁਪਨ ਰੀ ਸੰਸਾਰੁ ॥ ਮਿਥਨੀ ਬਿਸਥਾਰੁ ॥ ਸਖੀ ਕਾਇ ਮੋਹਿ ਮੋਹਿਲੀ ਪ੍ਰਿਅ ਪ੍ਰੀਤਿ ਰਿਦੈ ਮੇਲ ॥੧॥ ਸਰਬ ਰੀ ਪ੍ਰੀਤਿ ਪਿਆਰੁ ॥ ਪ੍ਰਭੁ ਸਦਾ ਰੀ ਦਇਆਰੁ ॥ ਕਾਂਏਂ ਆਨ ਆਨ ਰੁਚੀਐ ॥ ਹਰਿ ਸੰਗਿ ਸੰਗਿ ਖਚੀਐ ॥ ਜਉ ਸਾਧਸੰਗ ਪਾਏ ॥ ਕਹੁ ਨਾਨਕ ਹਰਿ ਧਿਆਏ ॥ ਅਬ ਰਹੇ ਜਮਹਿ ਮੇਲ ॥੨॥੧॥੧੩੦॥ {ਪੰਨਾ 1229}

ਪਦ ਅਰਥ: ਬੋਲਿ = ਉਚਾਰਿਆ ਕਰ। ਕਿੰਕਰੀ = ਦਾਸੀ {ਕਿੰਕਰ = ਦਾਸ}। ਕਿੰਕਰੀ ਬਿਕਾਰ = ਹੇ ਵਿਕਾਰਾਂ ਦੀ ਦਾਸੀ! ਰੀ = ਹੇ ਜੀਵ-ਇਸਤ੍ਰੀ! ਮਹਲੁ = ਪ੍ਰਭੂ-ਚਰਨਾਂ ਵਿਚ ਥਾਂ। ਸੰਗਿ = ਨਾਲ। ਰੰਗ ਕਰਤੀ = ਆਨੰਦ ਮਾਣਦੀ। ਕੇਲ = ਆਨੰਦ।1। ਰਹਾਉ।

ਮਿਥਨੀ = ਨਾਸਵੰਤ। ਸਖੀ = ਹੇ ਸਖੀ! ਕਾਇ = ਕਿਉਂ? ਮੋਹਿ = ਮੋਹ ਵਿਚ। ਮੋਹਿਲੀ = ਮੋਹ ਵਿਚ ਫਸੀ ਹੈਂ। ਪ੍ਰਿਅ ਪ੍ਰੀਤਿ = ਪਿਆਰੇ ਦੀ ਪ੍ਰੀਤ। ਰਿਦੈ = ਹਿਰਦੇ ਵਿਚ।1।

ਦਇਆਰੁ = ਦਇਆਲ। ਕਾਂਏਂ = ਕਿਉਂ? ਆਨ ਆਨ = ਹੋਰ ਹੋਰ (ਪਦਾਰਥਾਂ ਵਿਚ) । ਰੁਚੀਐ = ਪ੍ਰੀਤ ਬਣਾਈ ਹੋਈ ਹੈ। ਸੰਗਿ = ਨਾਲ। ਖਚੀਐ = ਮਸਤ ਰਹਿਣਾ ਚਾਹੀਦਾ ਹੈ। ਜਉ = ਜਦੋਂ। ਰਹੇ = ਮੁੱਕ ਜਾਂਦਾ ਹੈ। ਜਮਹਿ ਮੇਲ = ਜਮਾਂ ਨਾਲ ਵਾਹ।2।

ਅਰਥ: ਹੇ ਵਿਕਾਰਾਂ ਦੀ ਦਾਸੀ (ਹੋ ਚੁਕੀ ਜੀਵ-ਇਸਤ੍ਰੀ) ! ਹੋਸ਼ ਕਰ (ਵਿਚਾਰ ਕੇ ਵੇਖ) । ਪਰਮਾਤਮਾ ਦੇ ਅਮੋਲਕ ਗੁਣ (ਸਭ ਬਚਨਾਂ ਨਾਲੋਂ) ਸੁਭ ਬਚਨ ਹਨ– ਇਹਨਾਂ ਦਾ ਉਚਾਰਨ ਕਰਿਆ ਕਰ। (ਹੇ ਜੀਵ-ਇਸਤ੍ਰੀ!) ਗੁਰੂ ਦਾ ਸ਼ਬਦ ਆਪਣੇ ਮਨ ਵਿਚ ਟਿਕਾਈ ਰੱਖ (ਤੇ, ਸ਼ਬਦ ਦੀ ਬਰਕਤਿ ਨਾਲ) ਪ੍ਰਭੂ-ਚਰਨਾਂ ਵਿਚ ਟਿਕਾਣਾ ਪ੍ਰਾਪਤ ਕਰ। (ਜਿਹੜੀ ਜੀਵ-ਇਸਤ੍ਰੀ ਪ੍ਰਭੂ-ਚਰਨਾਂ ਵਿਚ ਟਿਕਦੀ ਹੈ, ਉਹ) ਪਰਮਾਤਮਾ ਵਿਚ ਜੁੜ ਕੇ ਬੜੇ ਆਤਮਕ ਆਨੰਦ ਮਾਣਦੀ ਹੈ।1। ਰਹਾਉ।

ਹੇ ਸਖੀ! ਇਹ ਜਗਤ ਸੁਪਨੇ ਵਰਗਾ ਹੈ, (ਇਸ ਦਾ ਸਾਰਾ) ਖਿਲਾਰਾ ਨਾਸਵੰਤ ਹੈ। ਤੂੰ ਇਸ ਦੇ ਮੋਹ ਵਿਚ ਕਿਉਂ ਫਸੀ ਹੋਈ ਹੈਂ? ਪ੍ਰੀਤਮ ਪ੍ਰਭੂ ਦੀ ਪ੍ਰੀਤ ਆਪਣੇ ਹਿਰਦੇ ਵਿਚ ਵਸਾਈ ਰੱਖ।1।

ਹੇ ਸਖੀ! ਪ੍ਰਭੂ ਸਦਾ ਹੀ ਦਇਆ ਦਾ ਘਰ ਹੈ, ਉਹ ਸਭ ਜੀਵਾਂ ਨਾਲ ਪ੍ਰੀਤ ਕਰਦਾ ਹੈ ਪਿਆਰ ਕਰਦਾ ਹੈ। ਹੇ ਸਖੀ! (ਉਸ ਨੂੰ ਭੁਲਾ ਕੇ) ਹੋਰ ਹੋਰ ਪਦਾਰਥਾਂ ਵਿਚ ਪਿਆਰ ਨਹੀਂ ਪਾਣਾ ਚਾਹੀਦਾ। ਸਦਾ ਪਰਮਾਤਮਾ ਦੇ ਪਿਆਰ ਵਿਚ ਹੀ ਮਸਤ ਰਹਿਣਾ ਚਾਹੀਦਾ ਹੈ। ਹੇ ਨਾਨਕ! ਆਖ– ਜਦੋਂ (ਕੋਈ ਵਡ-ਭਾਗੀ ਮਨੁੱਖ) ਸਾਧ ਸੰਗਤਿ ਦਾ ਮਿਲਾਪ ਹਾਸਲ ਕਰਦਾ ਹੈ ਅਤੇ ਪਰਮਾਤਮਾ ਦਾ ਧਿਆਨ ਧਰਦਾ ਹੈ, ਤਦੋਂ ਜਮਾਂ ਨਾਲ ਉਸ ਦਾ ਵਾਹ ਨਹੀਂ ਪੈਂਦਾ।2।1। 130।

ਸਾਰਗ ਮਹਲਾ ੫ ॥ ਕੰਚਨਾ ਬਹੁ ਦਤ ਕਰਾ ॥ ਭੂਮਿ ਦਾਨੁ ਅਰਪਿ ਧਰਾ ॥ ਮਨ ਅਨਿਕ ਸੋਚ ਪਵਿਤ੍ਰ ਕਰਤ ॥ ਨਾਹੀ ਰੇ ਨਾਮ ਤੁਲਿ ਮਨ ਚਰਨ ਕਮਲ ਲਾਗੇ ॥੧॥ ਰਹਾਉ ॥ ਚਾਰਿ ਬੇਦ ਜਿਹਵ ਭਨੇ ॥ ਦਸ ਅਸਟ ਖਸਟ ਸ੍ਰਵਨ ਸੁਨੇ ॥ ਨਹੀ ਤੁਲਿ ਗੋਬਿਦ ਨਾਮ ਧੁਨੇ ॥ ਮਨ ਚਰਨ ਕਮਲ ਲਾਗੇ ॥੧॥ ਬਰਤ ਸੰਧਿ ਸੋਚ ਚਾਰ ॥ ਕ੍ਰਿਆ ਕੁੰਟਿ ਨਿਰਾਹਾਰ ॥ ਅਪਰਸ ਕਰਤ ਪਾਕਸਾਰ ॥ ਨਿਵਲੀ ਕਰਮ ਬਹੁ ਬਿਸਥਾਰ ॥ ਧੂਪ ਦੀਪ ਕਰਤੇ ਹਰਿ ਨਾਮ ਤੁਲਿ ਨ ਲਾਗੇ ॥ ਰਾਮ ਦਇਆਰ ਸੁਨਿ ਦੀਨ ਬੇਨਤੀ ॥ ਦੇਹੁ ਦਰਸੁ ਨੈਨ ਪੇਖਉ ਜਨ ਨਾਨਕ ਨਾਮ ਮਿਸਟ ਲਾਗੇ ॥੨॥੨॥੧੩੧॥ {ਪੰਨਾ 1229}

ਪਦ ਅਰਥ: ਕੰਚਨਾ = ਸੋਨਾ। ਦਤ ਕਰਾ = ਦਾਨ ਕੀਤਾ। ਭੂਮਿ = ਜ਼ਮੀਨ, ਭੁਇਂ। ਅਰਪਿ = ਅਰਪ ਕੇ, ਮਣਸ ਕੇ। ਧਰਾ = ਧਰ ਦਿੱਤੀ, ਦੇ ਦਿੱਤੀ। ਸੋਚ = ਸੁੱਚ। ਕਰਤ = ਕਰਦਾ। ਰੇ ਮਨ = ਹੇ ਮਨ! ਤੁਲਿ = ਬਰਾਬਰ। ਲਾਗੇ = ਲਾਗਿ, ਲੱਗਾ ਰਹੁ।1। ਰਹਾਉ।

ਜਿਹਵ ਭਨੇ = ਜੀਭ ਨਾਲ ਉਚਾਰਦਾ ਹੈ। ਦਸ ਅਸਟ = ਅਠਾਰਾਂ ਪੁਰਾਣ। ਖਸਟ = ਛੇ ਸਾਸਤ੍ਰ। ਸ੍ਰਵਨ = ਕੰਨਾਂ ਨਾਲ। ਨਾਮ ਧੁਨੇ = ਨਾਮ ਦੀ ਧੁਨਿ। ਮਨ = ਹੇ ਮਨ!।1।

ਸੰਧਿ = ਸੰਧਿਆ। ਸੋਚ ਚਾਰ = ਪਵਿਤ੍ਰਤਾ (ਸਰੀਰਕ) । ਕ੍ਰਿਆ ਕੁੰਟਿ = ਚਾਰ ਕੁੰਟਾਂ ਵਿਚ ਭੌਣਾ। ਨਿਰਾਹਾਰ = ਨਿਰ ਆਹਾਰ, ਭੁੱਖੇ ਰਹਿ ਕੇ। ਪਾਕਸਾਰ = ਪਾਕਸਾਲ, ਰਸੋਈ। ਅਪਰਸ = ਅ-ਪਰਸ, ਕਿਸੇ ਨਾਲ ਨਾਹ ਛੁਹਣਾ। ਨਿਵਲੀ ਕਰਮ = (ਕਬਜ਼ ਤੋਂ ਬਚਣ ਲਈ) ਪੇਟ ਦੀਆਂ ਆਂਦਰਾਂ ਨੂੰ ਚੱਕਰ ਦੇਣਾ। ਨ ਲਾਗੇ = ਨਹੀਂ ਅੱਪੜਦੇ। ਰਾਮ ਦਇਆਰ = ਹੇ ਦਇਆਲ ਹਰੀ! ਦੀਨ ਬੇਨਤੀ = ਗਰੀਬ ਦੀ ਬੇਨਤੀ। ਪੇਖਉ = ਪੇਖਉਂ, ਮੈਂ ਵੇਖਾਂ। ਮਿਸਟ = ਮਿੱਠਾ।2।

ਅਰਥ: ਹੇ ਮਨ! ਜੇ ਕੋਈ ਮਨੁੱਖ ਬਹੁਤ ਸੋਨਾ ਦਾਨ ਕਰਦਾ ਹੈ, ਭੁਇਂ ਮਣਸ ਕੇ ਦਾਨ ਕਰਦਾ ਹੈ, ਕਈ ਸੁੱਚਾਂ ਨਾਲ (ਸਰੀਰ ਨੂੰ) ਪਵਿੱਤਰ ਕਰਦਾ ਹੈ, (ਇਹ ਉੱਦਮ) ਪਰਮਾਤਮਾ ਦੇ ਨਾਮ ਦੇ ਬਰਾਬਰ ਨਹੀਂ ਹਨ। ਹੇ ਮਨ! ਪਰਮਾਤਮਾ ਦੇ ਸੋਹਣੇ ਚਰਨਾਂ ਵਿਚ ਜੁੜਿਆ ਰਹੁ।1। ਰਹਾਉ।

ਹੇ ਮਨ! ਜੇ ਕੋਈ ਮਨੁੱਖ ਚਾਰੇ ਵੇਦ ਆਪਣੀ ਜੀਭ ਨਾਲ ਉਚਾਰਦਾ ਰਹਿੰਦਾ ਹੈ, ਅਠਾਰਾਂ ਪੁਰਾਣ ਅਤੇ ਛੇ ਸਾਸਤ੍ਰ ਕੰਨਾਂ ਨਾਲ ਸੁਣਦਾ ਰਹਿੰਦਾ ਹੈ (ਇਹ ਕੰਮ) ਪਰਮਾਤਮਾ ਦੇ ਨਾਮ ਦੀ ਲਗਨ ਦੇ ਬਰਾਬਰ ਨਹੀਂ ਹਨ। ਹੇ ਮਨ! ਪ੍ਰਭੂ ਦੇ ਸੋਹਣੇ ਚਰਨਾਂ ਵਿਚ ਪ੍ਰੀਤ ਬਣਾਈ ਰੱਖ।1।

ਹੇ ਮਨ! ਵਰਤ, ਸੰਧਿਆ, ਸਰੀਰਕ ਪਵਿੱਤ੍ਰਤਾ, (ਤੀਰਥ-ਜਾਤ੍ਰਾ ਆਦਿਕ ਲਈ) ਚਾਰ ਕੂਟਾਂ ਵਿਚ ਭੁੱਖੇ ਰਹਿ ਕੇ ਭੌਂਦੇ ਫਿਰਨਾ, ਕਿਸੇ ਨਾਲ ਛੁਹਣ ਤੋਂ ਬਿਨਾ ਆਪਣੀ ਰਸੋਈ ਤਿਆਰ ਕਰਨੀ, (ਆਂਦਰਾਂ ਦਾ ਅੱਭਿਆਸ) ਨਿਵਲੀ ਕਰਮ ਕਰਨਾ, ਹੋਰ ਅਜਿਹੇ ਕਈ ਖਿਲਾਰੇ ਖਿਲਾਰਨੇ, (ਦੇਵ-ਪੂਜਾ ਲਈ) ਧੂਪ ਧੁਖਾਣੇ ਦੀਵੇ ਜਗਾਣੇ = ਇਹ ਸਾਰੇ ਹੀ ਉੱਦਮ ਪਰਮਾਤਮਾ ਦੇ ਨਾਮ ਦੀ ਬਰਾਬਰੀ ਨਹੀਂ ਕਰਦੇ।

ਹੇ ਦਾਸ ਨਾਨਕ! (ਆਖ-) ਹੇ ਦਇਆ ਦੇ ਸੋਮੇ ਪ੍ਰਭੂ! ਮੇਰੀ ਗਰੀਬ ਦੀ ਬੇਨਤੀ ਸੁਣ। ਆਪਣਾ ਦਰਸਨ ਦੇਹ, ਮੈਂ ਤੈਨੂੰ ਆਪਣੀਆਂ ਅੱਖਾਂ ਨਾਲ (ਸਦਾ) ਵੇਖਦਾ ਰਹਾਂ, ਤੇਰਾ ਨਾਮ ਮੈਨੂੰ ਮਿੱਠਾ ਲੱਗਦਾ ਰਹੇ।2। 2। 131।

ਸਾਰਗ ਮਹਲਾ ੫ ॥ ਰਾਮ ਰਾਮ ਰਾਮ ਜਾਪਿ ਰਮਤ ਰਾਮ ਸਹਾਈ ॥੧॥ ਰਹਾਉ ॥ ਸੰਤਨ ਕੈ ਚਰਨ ਲਾਗੇ ਕਾਮ ਕ੍ਰੋਧ ਲੋਭ ਤਿਆਗੇ ਗੁਰ ਗੋਪਾਲ ਭਏ ਕ੍ਰਿਪਾਲ ਲਬਧਿ ਅਪਨੀ ਪਾਈ ॥੧॥ ਬਿਨਸੇ ਭ੍ਰਮ ਮੋਹ ਅੰਧ ਟੂਟੇ ਮਾਇਆ ਕੇ ਬੰਧ ਪੂਰਨ ਸਰਬਤ੍ਰ ਠਾਕੁਰ ਨਹ ਕੋਊ ਬੈਰਾਈ ॥ ਸੁਆਮੀ ਸੁਪ੍ਰਸੰਨ ਭਏ ਜਨਮ ਮਰਨ ਦੋਖ ਗਏ ਸੰਤਨ ਕੈ ਚਰਨ ਲਾਗਿ ਨਾਨਕ ਗੁਨ ਗਾਈ ॥੨॥੩॥੧੩੨॥ {ਪੰਨਾ 1229-1230}

ਪਦ ਅਰਥ: ਜਾਪਿ = ਜਪਿਆ ਕਰ। ਰਮਤ = ਜਪਦਿਆਂ। ਸਹਾਈ = ਮਦਦਗਾਰ।1। ਰਹਾਉ।

ਕੈ ਚਰਨ = ਦੇ ਚਰਨਾਂ ਵਿਚ। ਤਿਆਗੇ = ਤਿਆਗਿ, ਤਿਆਗ ਕੇ। ਲਬਧਿ = ਜਿਸ ਵਸਤੂ ਨੂੰ ਲੱਭਦੇ ਸਾਂ।1।

ਅੰਧ = ਅੰਨ੍ਹੇ (ਕਰਨ ਵਾਲੇ) । ਬੰਧ = ਬੰਧਨ, ਫਾਹੀਆਂ। ਪੂਰਨ = ਵਿਆਪਕ। ਸਰਬਤ੍ਰ = ਸਭਨੀਂ ਥਾਈਂ। ਬੈਰਾਈ = ਵੈਰੀ। ਸੁਪ੍ਰਸੰਨ = ਦਇਆਵਾਨ। ਦੋਖ = ਪਾਪ। ਲਾਗਿ = ਲੱਗ ਕੇ। ਗਾਈ = ਗਾਂਦੀ ਹੈ।2।

ਅਰਥ: ਹੇ ਭਾਈ! ਸਦਾ ਸਦਾ ਪਰਮਾਤਮਾ (ਦੇ ਨਾਮ ਦਾ ਜਾਪ) ਜਪਿਆ ਕਰ, (ਨਾਮ) ਜਪਦਿਆਂ (ਉਹ) ਪਰਮਾਤਮਾ (ਹਰ ਥਾਂ) ਸਹਾਇਤਾ ਕਰਨ ਵਾਲਾ ਹੈ।1।

ਹੇ ਭਾਈ! ਜਿਹੜੇ ਮਨੁੱਖ ਸੰਤ ਜਨਾਂ ਦੀ ਚਰਨੀਂ ਲੱਗਦੇ ਹਨ, ਕਾਮ ਕ੍ਰੋਧ ਲੋਭ (ਆਦਿਕ ਵਿਕਾਰ) ਛੱਡਦੇ ਹਨ, ਉਹਨਾਂ ਉੱਤੇ ਗੁਰੂ-ਗੋਪਾਲ ਮਿਹਰਵਾਨ ਹੁੰਦਾ ਹੈ, ਉਹਨਾਂ ਨੂੰ ਆਪਣੀ ਉਹ ਨਾਮ-ਵਸਤੂ ਮਿਲ ਜਾਂਦੀ ਹੈ ਜਿਸ ਦੀ (ਅਨੇਕਾਂ ਜਨਮਾਂ ਤੋਂ) ਭਾਲ ਕਰਦੇ ਆ ਰਹੇ ਸਨ।1।

ਹੇ ਨਾਨਕ! ਜਿਹੜੇ ਮਨੁੱਖ ਸੰਤ ਜਨਾਂ ਦੀ ਚਰਨੀਂ ਲੱਗ ਕੇ ਪਰਮਾਤਮਾ ਦੇ ਗੁਣ ਗਾਂਦੇ ਰਹਿੰਦੇ ਹਨ, ਉਹਨਾਂ ਉੱਤੇ ਮਾਲਕ-ਪ੍ਰਭੂ ਜੀ ਤ੍ਰੁੱਠ ਪੈਂਦੇ ਹਨ, ਉਹਨਾਂ ਦੇ ਜਨਮ ਮਰਨ ਦੇ ਗੇੜ ਅਤੇ ਪਾਪ ਸਭ ਮੁੱਕ ਜਾਂਦੇ ਹਨ। ਉਹਨਾਂ ਦੇ ਅੰਦਰੋਂ ਭਰਮ ਅਤੇ ਮੋਹ ਦੇ ਹਨੇਰੇ ਨਾਸ ਹੋ ਜਾਂਦੇ ਹਨ, ਮਾਇਆ ਦੇ ਮੋਹ ਦੀਆਂ ਫਾਹੀਆਂ ਟੁੱਟ ਜਾਂਦੀਆਂ ਹਨ, ਮਾਲਕ-ਪ੍ਰਭੂ ਉਹਨਾਂ ਨੂੰ ਸਭਨੀਂ ਥਾਈਂ ਵਿਆਪਕ ਦਿੱਸਦਾ ਹੈ, ਕੋਈ ਭੀ ਉਹਨਾਂ ਨੂੰ ਵੈਰੀ ਨਹੀਂ ਜਾਪਦਾ।2।3। 132।

TOP OF PAGE

Sri Guru Granth Darpan, by Professor Sahib Singh