ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 1230 ਸਾਰਗ ਮਹਲਾ ੫ ॥ ਹਰਿ ਹਰੇ ਹਰਿ ਮੁਖਹੁ ਬੋਲਿ ਹਰਿ ਹਰੇ ਮਨਿ ਧਾਰੇ ॥੧॥ ਰਹਾਉ ॥ ਸ੍ਰਵਨ ਸੁਨਨ ਭਗਤਿ ਕਰਨ ਅਨਿਕ ਪਾਤਿਕ ਪੁਨਹਚਰਨ ॥ ਸਰਨ ਪਰਨ ਸਾਧੂ ਆਨ ਬਾਨਿ ਬਿਸਾਰੇ ॥੧॥ ਹਰਿ ਚਰਨ ਪ੍ਰੀਤਿ ਨੀਤ ਨੀਤਿ ਪਾਵਨਾ ਮਹਿ ਮਹਾ ਪੁਨੀਤ ॥ ਸੇਵਕ ਭੈ ਦੂਰਿ ਕਰਨ ਕਲਿਮਲ ਦੋਖ ਜਾਰੇ ॥ ਕਹਤ ਮੁਕਤ ਸੁਨਤ ਮੁਕਤ ਰਹਤ ਜਨਮ ਰਹਤੇ ॥ ਰਾਮ ਰਾਮ ਸਾਰ ਭੂਤ ਨਾਨਕ ਤਤੁ ਬੀਚਾਰੇ ॥੨॥੪॥੧੩੩॥ {ਪੰਨਾ 1230} ਪਦ ਅਰਥ: ਮੁਖਹੁ = ਮੂੰਹ ਤੋਂ। ਬੋਲਿ = ਉਚਾਰਿਆ ਕਰ। ਮਨਿ = ਮਨ ਵਿਚ। ਧਾਰੇ = ਧਾਰਿ, ਵਸਾਈ ਰੱਖ।1। ਰਹਾਉ। ਸ੍ਰਵਨ = ਕੰਨਾਂ ਨਾਲ। ਪਾਤਿਕ = ਪਾਪ। ਪੁਨਹਚਰਨ = (ਪਾਪਾਂ ਦੀ ਨਿਵਿਰਤੀ ਵਾਸਤੇ ਕੀਤੇ ਹੋਏ) ਪਛਤਾਵੇ ਦੇ ਕਰਮ। ਸਾਧੂ = ਗੁਰੂ। ਆਨ = ਹੋਰ ਹੋਰ। ਬਾਨਿ = ਆਦਤ।1। ਨੀਤਿ ਨੀਤਿ = ਸਦਾ ਸਦਾ। ਪਾਵਨ = ਪਵਿੱਤਰ। ਭੈ = ਡਰ {ਲਫ਼ਜ਼ 'ਭਉ' ਤੋਂ ਬਹੁ-ਵਚਨ}। ਕਲਿਮਲ = ਪਾਪ। ਦੋਖ = ਪਾਪ। ਜਾਰੇ = ਸਾੜ ਦੇਂਦਾ ਹੈ। ਮੁਕਤ = ਵਿਕਾਰਾਂ ਤੋਂ ਬਚਿਆ ਹੋਇਆ। ਰਹਤ = ਸੁਚੱਜੀ ਜੀਵਨ-ਮਰਯਾਦਾ ਰੱਖਦਿਆਂ। ਰਹਤੇ = ਬਚ ਜਾਂਦੇ ਹਨ। ਸਾਰ ਭੂਤ = ਸਭ ਤੋਂ ਸ੍ਰੇਸ਼ਟ ਪਦਾਰਥ। ਤਤੁ = ਅਸਲੀਅਤ।2। ਅਰਥ: ਹੇ ਭਾਈ! ਸਦਾ ਸਦਾ ਹੀ ਪਰਮਾਤਮਾ ਦਾ ਨਾਮ ਆਪਣੇ ਮੂੰਹੋਂ ਉਚਾਰਿਆ ਕਰ ਅਤੇ ਆਪਣੇ ਮਨ ਵਿਚ ਵਸਾਈ ਰੱਖ।1। ਰਹਾਉ। ਹੇ ਭਾਈ! ਪਰਮਾਤਮਾ ਦਾ ਨਾਮ ਕੰਨੀਂ ਸੁਣਨਾ ਪ੍ਰਭੂ ਦੀ ਭਗਤੀ ਕਰਨੀ = ਇਹੀ ਹੈ ਅਨੇਕਾਂ ਪਾਪਾਂ ਨੂੰ ਦੂਰ ਕਰਨ ਲਈ ਕੀਤੇ ਹੋਏ ਪਛੁਤਾਵੇ-ਮਾਤ੍ਰ ਧਾਰਮਿਕ ਕਰਮ। ਹੇ ਭਾਈ! ਗੁਰੂ ਦੀ ਸਰਨੀ ਪਏ ਰਹਿਣਾ = ਇਹ ਉੱਦਮ ਹੋਰ ਹੋਰ (ਭੈੜੀਆਂ) ਆਦਤਾਂ (ਮਨ ਵਿਚੋਂ) ਦੂਰ ਕਰ ਦੇਂਦਾ ਹੈ।1। ਹੇ ਭਾਈ! ਸਦਾ ਸਦਾ ਪ੍ਰਭੂ-ਚਰਨਾਂ ਨਾਲ ਪਿਆਰ ਪਾਈ ਰੱਖਣਾ = ਇਹ ਜੀਵਨ ਨੂੰ ਬਹੁਤ ਹੀ ਪਵਿੱਤਰ ਬਣਾ ਦੇਂਦਾ ਹੈ। ਪ੍ਰਭੂ-ਚਰਨਾਂ ਦੀ ਪ੍ਰੀਤ ਸੇਵਕ ਦੇ ਸਾਰੇ ਡਰ ਦੂਰ ਕਰਨ ਵਾਲੀ ਹੈ, ਸੇਵਕ ਦੇ ਸਾਰੇ ਪਾਪ ਵਿਕਾਰ ਸਾੜ ਦੇਂਦੀ ਹੈ। ਹੇ ਭਾਈ! ਪ੍ਰਭੂ ਦਾ ਨਾਮ ਸਿਮਰਨ ਵਾਲੇ ਅਤੇ ਸੁਣਨ ਵਾਲੇ ਵਿਕਾਰਾਂ ਤੋਂ ਬਚੇ ਰਹਿੰਦੇ ਹਨ, ਸੁਚੱਜੀ ਰਹਿਣੀ ਰੱਖਣ ਵਾਲੇ ਜੂਨਾਂ ਤੋਂ ਬਚ ਜਾਂਦੇ ਹਨ। ਹੇ ਭਾਈ! ਨਾਨਕ (ਸਾਰੀਆਂ ਵਿਚਾਰਾਂ ਦਾ ਇਹ) ਨਿਚੋੜ ਦੱਸਦਾ ਹੈ ਕਿ ਪਰਮਾਤਮਾ ਦਾ ਨਾਮ ਸਭ ਤੋਂ ਸ੍ਰੇਸ਼ਟ ਪਦਾਰਥ ਹੈ।2।4। 133। ਸਾਰਗ ਮਹਲਾ ੫ ॥ ਨਾਮ ਭਗਤਿ ਮਾਗੁ ਸੰਤ ਤਿਆਗਿ ਸਗਲ ਕਾਮੀ ॥੧॥ ਰਹਾਉ ॥ ਪ੍ਰੀਤਿ ਲਾਇ ਹਰਿ ਧਿਆਇ ਗੁਨ ਗੋੁਬਿੰਦ ਸਦਾ ਗਾਇ ॥ ਹਰਿ ਜਨ ਕੀ ਰੇਨ ਬਾਂਛੁ ਦੈਨਹਾਰ ਸੁਆਮੀ ॥੧॥ ਸਰਬ ਕੁਸਲ ਸੁਖ ਬਿਸ੍ਰਾਮ ਆਨਦਾ ਆਨੰਦ ਨਾਮ ਜਮ ਕੀ ਕਛੁ ਨਾਹਿ ਤ੍ਰਾਸ ਸਿਮਰਿ ਅੰਤਰਜਾਮੀ ॥ ਏਕ ਸਰਨ ਗੋਬਿੰਦ ਚਰਨ ਸੰਸਾਰ ਸਗਲ ਤਾਪ ਹਰਨ ॥ ਨਾਵ ਰੂਪ ਸਾਧਸੰਗ ਨਾਨਕ ਪਾਰਗਰਾਮੀ ॥੨॥੫॥੧੩੪॥ {ਪੰਨਾ 1230} ਪਦ ਅਰਥ: ਮਾਗੁ = ਮੰਗਦਾ ਰਹੁ। ਕਾਮੀ = ਕੰਮ।1। ਰਹਾਉ। ਲਾਇ = ਲਾ ਕੇ। ਗੋੁਬਿੰਦ = {ਅੱਖਰ 'ਗ' ਦੇ ਨਾਲ ਦੋ ਲਗਾਂ ਹਨ: ੋ ਅਤੇ ੁ। ਅਸਲ ਲਫ਼ਜ਼ ਹੈ 'ਗੋਬਿੰਦ'। ਇਥੇ 'ਗੁਬਿੰਦ' ਪੜ੍ਹਨਾ ਹੈ}। ਗਾਇ = ਗਾਇਆ ਕਰ। ਰੇਨ = ਚਰਨ-ਧੂੜ। ਬਾਂਛੁ = ਲੋੜਦਾ ਰਹੁ। ਦੈਨਹਾਰ = ਦੇਣ ਦੀ ਸਮਰਥਾ ਵਾਲੇ ਤੋਂ।1। ਸਰਬ = ਸਾਰੇ। ਕੁਸਲ = ਸੁਖ। ਬਿਸ੍ਰਾਮ = ਟਿਕਾਣਾ, ਸੋਮਾ। ਤ੍ਰਾਸ = ਡਰ। ਅੰਤਰਜਾਮੀ = ਹਰੇਕ ਦੇ ਦਿਲ ਦੀ ਜਾਣਨ ਵਾਲਾ। ਤਾਪ ਹਰਨ = ਦੁੱਖ ਦੂਰ ਕਰਨ ਵਾਲਾ। ਨਾਵ = ਬੇੜੀ। ਨਾਵ ਰੂਪ = ਬੇੜੀ ਵਰਗਾ ਹੈ। ਪਾਰਗਰਾਮੀ = (ਸੰਸਾਰ-ਸਮੁੰਦਰ ਤੋਂ) ਪਾਰ ਲੰਘਾਣ ਵਾਲਾ।2। ਅਰਥ: ਹੇ ਭਾਈ! ਹੋਰ ਸਾਰੇ ਆਹਰ ਛੱਡ ਕੇ (ਭੀ) ਸੰਤ ਜਨਾਂ ਪਾਸੋਂ ਪਰਮਾਤਮਾ ਦਾ ਨਾਮ ਪਰਮਾਤਮਾ ਦੀ ਭਗਤੀ ਮੰਗਦਾ ਰਿਹਾ ਕਰ।1। ਰਹਾਉ। ਹੇ ਭਾਈ! ਪਿਆਰ ਨਾਲ ਪਰਮਾਤਮਾ ਦਾ ਧਿਆਨ ਧਰਿਆ ਕਰ, ਸਦਾ ਗੋਬਿੰਦ ਦੇ ਗੁਣ ਗਾਂਦਾ ਰਿਹਾ ਕਰ। ਉਸ ਸਭ ਕੁਝ ਦੇ ਸਕਣ ਵਾਲੇ ਮਾਲਕ-ਪ੍ਰਭੂ ਤੋਂ ਸੰਤ ਜਨਾਂ ਦੇ ਚਰਨਾਂ ਦੀ ਧੂੜ ਮੰਗਦਾ ਰਿਹਾ ਕਰ।1। ਹੇ ਭਾਈ! ਪਰਮਾਤਮਾ ਦਾ ਨਾਮ ਸਾਰੇ ਸੁਖਾਂ ਦਾ ਸਾਰੀਆਂ ਖ਼ੁਸ਼ੀਆਂ ਦਾ, ਸਾਰੇ ਆਨੰਦਾਂ ਦਾ ਸੋਮਾ ਹੈ। ਹਰੇਕ ਦੇ ਦਿਲ ਦੀ ਜਾਣਨ ਵਾਲੇ ਪ੍ਰਭੂ ਦਾ ਨਾਮ ਸਿਮਰਿਆ ਕਰ, ਜਮਾਂ ਦਾ (ਭੀ) ਕੋਈ ਡਰ ਨਹੀਂ ਰਹਿ ਜਾਂਦਾ। ਹੇ ਨਾਨਕ! ਇਕ ਪਰਮਾਤਮਾ ਦੇ ਚਰਨਾਂ ਦੀ ਸਰਨ ਜਗਤ ਦੇ ਸਾਰੇ ਦੁੱਖ-ਕਲੇਸ਼ ਦੂਰ ਕਰਨ ਜੋਗੀ ਹੈ। (ਇਹ ਸਰਨ ਸਾਧ ਸੰਗਤਿ ਵਿਚ ਹੀ ਮਿਲਦੀ ਹੈ, ਤੇ) ਸਾਧ ਸੰਗਤਿ ਬੇੜੀ ਵਾਂਗ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾਣ ਵਾਲੀ ਹੈ।2।5। 134। ਸਾਰਗ ਮਹਲਾ ੫ ॥ ਗੁਨ ਲਾਲ ਗਾਵਉ ਗੁਰ ਦੇਖੇ ॥ ਪੰਚਾ ਤੇ ਏਕੁ ਛੂਟਾ ਜਉ ਸਾਧਸੰਗਿ ਪਗ ਰਉ ॥੧॥ ਰਹਾਉ ॥ ਦ੍ਰਿਸਟਉ ਕਛੁ ਸੰਗਿ ਨ ਜਾਇ ਮਾਨੁ ਤਿਆਗਿ ਮੋਹਾ ॥ ਏਕੈ ਹਰਿ ਪ੍ਰੀਤਿ ਲਾਇ ਮਿਲਿ ਸਾਧਸੰਗਿ ਸੋਹਾ ॥੧॥ ਪਾਇਓ ਹੈ ਗੁਣ ਨਿਧਾਨੁ ਸਗਲ ਆਸ ਪੂਰੀ ॥ ਨਾਨਕ ਮਨਿ ਅਨੰਦ ਭਏ ਗੁਰਿ ਬਿਖਮ ਗਾਰ੍ਹ ਤੋਰੀ ॥੨॥੬॥੧੩੫॥ {ਪੰਨਾ 1230} ਪਦ ਅਰਥ: ਗੁਨ ਲਾਲ = ਸੋਹਣੇ ਪ੍ਰਭੂ ਦੇ ਗੁਣ। ਗਾਵਉ = ਗਾਵਉਂ, ਮੈਂ ਗਾਂਦਾ ਹਾਂ। ਗੁਰ ਦੇਖੇ = ਗੁਰ ਦੇਖਿ, ਗੁਰੂ ਦਾ ਦਰਸਨ ਕਰਕੇ। ਪੰਚਾ ਤੇ = (ਕਾਮਾਦਿਕ) ਪੰਜਾਂ ਤੋਂ। ਏਕੁ = ਮਨ। ਜਉ = ਜਦੋਂ। ਸਾਧ ਸੰਗਿ = ਸਾਧ ਸੰਗਤਿ ਵਿਚ। ਪਗ ਰਉ = ਮੈਂ ਫੜਾਂ (ਹਰੀ ਦੇ ਚਰਨ) ।1। ਰਹਾਉ। ਦ੍ਰਿਸਟਉ = ਦ੍ਰਿਸ਼ਟਮਾਨ, ਦਿੱਸਦਾ ਜਗਤ। ਸੰਗਿ = ਨਾਲ। ਜਾਇ = ਜਾਂਦਾ। ਮਾਨੁ = ਅਹੰਕਾਰ। ਮਿਲਿ = ਮਿਲ ਕੇ। ਸੋਹਾ = ਜੀਵਨ ਸੋਹਣਾ ਬਣ ਜਾਂਦਾ ਹੈ।1। ਗੁਣ ਨਿਧਾਨ = ਗੁਣਾਂ ਦਾ ਖ਼ਜ਼ਾਨਾ ਹਰੀ। ਮਨਿ = ਮਨ ਵਿਚ। ਗੁਰਿ = ਗੁਰੂ ਨੇ। ਬਿਖਮ = ਔਖੀ। ਗਾਰ੍ਹ = ਗੰਢ। ਤੋਰੀ = ਤੋੜ ਦਿੱਤੀ ਹੈ।2। ਅਰਥ: ਹੇ ਭਾਈ! ਜਦੋਂ ਗੁਰੂ ਦਾ ਦਰਸਨ ਕਰ ਕੇ ਮੈਂ ਸੋਹਣੇ ਹਰੀ ਦੇ ਗੁਣ ਗਾਂਦਾ ਹਾਂ, ਜਦੋਂ ਗੁਰੂ ਦੀ ਸੰਗਤਿ ਵਿਚ ਟਿਕ ਕੇ ਮੈਂ (ਪ੍ਰਭੂ ਦੇ ਚਰਨ) ਫੜਦਾ ਹਾਂ, ਤਾਂ (ਮੇਰਾ ਇਹ) ਮਨ (ਕਾਮਾਦਿਕ) ਪੰਜਾਂ (ਦੇ ਪੰਜੇ) ਤੋਂ ਨਿਕਲ ਜਾਂਦਾ ਹੈ।1। ਰਹਾਉ। ਹੇ ਭਾਈ! (ਇਹ ਜੋ) ਦਿੱਸਦਾ ਜਗਤ (ਹੈ, ਇਸ ਵਿਚੋਂ) ਕੁਝ ਭੀ (ਕਿਸੇ ਦੇ) ਨਾਲ ਨਹੀਂ ਜਾਂਦਾ (ਇਸ ਵਾਸਤੇ ਇਸ ਦਾ) ਮਾਣ ਤੇ ਮੋਹ ਛੱਡ ਦੇਹ। ਸਾਧ ਸੰਗਤਿ ਵਿਚ ਮਿਲ ਕੇ ਇਕ ਪਰਮਾਤਮਾ ਦੇ ਚਰਨਾਂ ਨਾਲ ਪ੍ਰੀਤ ਜੋੜ (ਇਸ ਤਰ੍ਹਾਂ ਜੀਵਨ) ਸੋਹਣਾ ਬਣ ਜਾਂਦਾ ਹੈ।1। ਹੇ ਨਾਨਕ! (ਆਖ– ਹੇ ਭਾਈ!) ਮੈਂ ਗੁਣਾਂ ਦਾ ਖ਼ਜ਼ਾਨਾ ਪ੍ਰਭੂ ਲੱਭ ਲਿਆ ਹੈ, ਮੇਰੀ ਸਾਰੀ ਆਸ ਪੂਰੀ ਹੋ ਗਈ ਹੈ। ਗੁਰੂ ਨੇ (ਮੇਰੇ ਅੰਦਰੋਂ ਮਾਇਆ ਦੇ ਮੋਹ ਦੀ) ਕਰੜੀ ਗੰਢ ਖੋਹਲ ਦਿੱਤੀ ਹੈ, ਹੁਣ ਮੇਰੇ ਮਨ ਵਿਚ ਆਨੰਦ ਹੀ ਆਨੰਦ ਬਣ ਗਏ ਹਨ।2।6। 135। ਸਾਰਗ ਮਹਲਾ ੫ ॥ ਮਨਿ ਬਿਰਾਗੈਗੀ ॥ ਖੋਜਤੀ ਦਰਸਾਰ ॥੧॥ ਰਹਾਉ ॥ ਸਾਧੂ ਸੰਤਨ ਸੇਵਿ ਕੈ ਪ੍ਰਿਉ ਹੀਅਰੈ ਧਿਆਇਓ ॥ ਆਨੰਦ ਰੂਪੀ ਪੇਖਿ ਕੈ ਹਉ ਮਹਲੁ ਪਾਵਉਗੀ ॥੧॥ ਕਾਮ ਕਰੀ ਸਭ ਤਿਆਗਿ ਕੈ ਹਉ ਸਰਣਿ ਪਰਉਗੀ ॥ ਨਾਨਕ ਸੁਆਮੀ ਗਰਿ ਮਿਲੇ ਹਉ ਗੁਰ ਮਨਾਵਉਗੀ ॥੨॥੭॥੧੩੬॥ {ਪੰਨਾ 1230} ਪਦ ਅਰਥ: ਮਨਿ = ਮਨ ਵਿਚ। ਬਿਰਾਗੈਗੀ = ਵੈਰਾਗਵਾਨ ਹੋਵੇਗੀ (ਮੇਰੀ ਜਿੰਦ) , (ਮੇਰੀ ਜਿੰਦ) ਵੈਰਾਗਵਾਨ ਹੁੰਦੀ ਹੈ। ਖੋਜਤੀ = ਖੋਜ ਕਰਦੀ ਕਰਦੀ। ਦਰਸਾਰ = ਦਰਸਨ।1। ਰਹਾਉ। ਸੇਵਿ ਕੈ = ਸੇਵਾ ਕਰ ਕੇ। ਪ੍ਰਿਉ = ਪਿਆਰਾ ਪ੍ਰਭੂ। ਹੀਅਰੈ = ਹਿਰਦੇ ਵਿਚ। ਪੇਖਿ ਕੈ = ਵੇਖ ਕੇ, ਦਰਸਨ ਕਰ ਕੇ। ਹਉ = ਹਉਂ, ਮੈਂ। ਮਹਲੁ = (ਪ੍ਰਭੂ-ਚਰਨਾਂ ਵਿਚ) ਟਿਕਾਣਾ। ਪਾਵਉਗੀ = ਮੈਂ ਪ੍ਰਾਪਤ ਕਰਾਂਗੀ।1। ਕਾਮ ਕਰੀ = ਕੰਮ-ਕਾਰ, ਕੰਮ-ਧੰਧੇ। ਗਰਿ = ਗਲ ਨਾਲ। ਗੁਰ ਮਨਾਵਉਗੀ = ਮੈਂ ਗੁਰੂ ਦੀ ਪ੍ਰਸੰਨਤਾ ਹਾਸਲ ਕਰਾਂਗੀ।2। ਅਰਥ: ਹੇ ਸਖੀ! (ਪ੍ਰਭੂ ਦਾ) ਦਰਸਨ ਕਰਨ ਦਾ ਜਤਨ ਕਰਦੀ ਕਰਦੀ ਮੇਰੀ ਜਿੰਦ ਮਨ ਵਿਚ ਵੈਰਾਗ ਵਾਲੀ ਹੁੰਦੀ ਜਾਂਦੀ ਹੈ।1। ਰਹਾਉ। ਹੇ ਸਖੀ! ਸੰਤ ਜਨਾਂ ਦੀ ਸੇਵਾ ਕਰ ਕੇ (ਸਾਧ ਸੰਗਤਿ ਦੀ ਬਰਕਤਿ ਨਾਲ) ਮੈਂ ਪਿਆਰੇ ਪ੍ਰਭੂ ਨੂੰ ਆਪਣੇ ਹਿਰਦੇ ਵਿਚ ਵਸਾ ਲਿਆ ਹੈ, ਤੇ, ਉਸ ਆਨੰਦ-ਸਰੂਪ ਦਾ ਦਰਸਨ ਕਰ ਕੇ ਮੈਂ ਉਸ ਦੇ ਚਰਨਾਂ ਵਿਚ ਟਿਕਾਣਾ ਪ੍ਰਾਪਤ ਕਰ ਲਿਆ ਹੈ।1। ਹੇ ਸਖੀ! (ਜਗਤ ਦੇ) ਕੰਮ-ਧੰਧਿਆਂ ਦਾ ਸਾਰਾ ਮੋਹ ਛੱਡ ਕੇ ਮੈਂ ਪ੍ਰਭੂ ਦੀ ਸਰਨ ਪਈ ਰਹਿੰਦੀ ਹਾਂ। ਹੇ ਨਾਨਕ! (ਆਖ– ਹੇ ਸਖੀ! ਜਿਸ ਗੁਰੂ ਦੀ ਕਿਰਪਾ ਨਾਲ) ਮਾਲਕ-ਪ੍ਰਭੂ ਜੀ (ਮੇਰੇ) ਗਲ ਨਾਲ ਆ ਲੱਗੇ ਹਨ, ਮੈਂ (ਉਸ) ਗੁਰੂ ਦੀ ਪ੍ਰਸੰਨਤਾ ਪ੍ਰਾਪਤ ਕਰਦੀ ਰਹਿੰਦੀ ਹਾਂ।2।7। 136। ਸਾਰਗ ਮਹਲਾ ੫ ॥ ਐਸੀ ਹੋਇ ਪਰੀ ॥ ਜਾਨਤੇ ਦਇਆਰ ॥੧॥ ਰਹਾਉ ॥ ਮਾਤਰ ਪਿਤਰ ਤਿਆਗਿ ਕੈ ਮਨੁ ਸੰਤਨ ਪਾਹਿ ਬੇਚਾਇਓ ॥ ਜਾਤਿ ਜਨਮ ਕੁਲ ਖੋਈਐ ਹਉ ਗਾਵਉ ਹਰਿ ਹਰੀ ॥੧॥ ਲੋਕ ਕੁਟੰਬ ਤੇ ਟੂਟੀਐ ਪ੍ਰਭ ਕਿਰਤਿ ਕਿਰਤਿ ਕਰੀ ॥ ਗੁਰਿ ਮੋ ਕਉ ਉਪਦੇਸਿਆ ਨਾਨਕ ਸੇਵਿ ਏਕ ਹਰੀ ॥੨॥੮॥੧੩੭॥ {ਪੰਨਾ 1230} ਪਦ ਅਰਥ: ਐਸੀ = ਇਹੋ ਜਿਹੀ ਹਾਲਤ। ਹੋਇ ਪਰੀ = ਹੋ ਗਈ ਹੈ। ਜਾਨਤੇ = ਜਾਣਦਾ ਹੈ। ਦਇਆਰ = ਦਇਆਲ ਪ੍ਰਭੂ।1। ਰਹਾਉ। ਮਾਤਰ = ਮਾਂ। ਪਿਤਰ = ਪਿਤਾ। ਤਿਆਗਿ ਕੈ = (ਮੋਹ) ਛੱਡ ਕੇ। ਪਾਹਿ = ਪਾਸ, ਕੋਲ। ਬੇਚਾਇਓ = ਵੇਚ ਦਿੱਤਾ ਹੈ। ਖੋਈਐ = ਗਵਾ ਦਿੱਤੀ ਹੈ। ਹਉ = ਹਉਂ, ਮੈਂ। ਗਾਵਉ = ਗਾਵਉਂ, ਗਾਂਦਾ ਰਹਿੰਦਾ ਹਾਂ।1। ਤੇ = ਤੋਂ। ਟੂਟੀਐ = ਟੁੱਟ ਗਈ ਹੈ। ਕਿਰਤਿ = ਕ੍ਰਿਤ੍ਯ, ਨਿਹਾਲ। ਕਰੀ = ਕਰ ਦਿੱਤਾ ਹੈ। ਗੁਰਿ = ਗੁਰੂ ਨੇ। ਮੋ ਕਉ = ਮੈਨੂੰ। ਨਾਨਕ = ਹੇ ਨਾਨਕ! ਸੇਵਿ = ਸੇਵਾ ਕਰ, ਸਰਨ ਪਿਆ ਰਹੁ।2। ਅਰਥ: ਹੇ ਭਾਈ! (ਮੇਰੇ ਮਨ ਦੀ ਹਾਲਤ) ਇਹੋ ਜਿਹੀ ਹੋ ਗਈ ਹੈ (ਤੇ, ਇਸ ਹਾਲਤ ਨੂੰ) ਦਇਆਲ ਪ੍ਰਭੂ (ਆਪ) ਜਾਣਦਾ ਹੈ।1। ਰਹਾਉ। ਹੇ ਭਾਈ! (ਗੁਰੂ ਦੇ ਉਪਦੇਸ ਦੀ ਬਰਕਤਿ ਨਾਲ) ਮਾਤਾ ਪਿਤਾ (ਆਦਿਕ ਸੰਬੰਧੀਆਂ ਦਾ ਮੋਹ) ਛੱਡ ਕੇ ਮੈਂ ਆਪਣਾ ਮਨ ਸੰਤ ਜਨਾਂ ਦੇ ਹਵਾਲੇ ਕਰ ਦਿੱਤਾ ਹੈ, ਮੈਂ (ਉੱਚੀ) ਜਾਤਿ ਕੁਲ ਜਨਮ (ਦਾ ਮਾਣ) ਛੱਡ ਦਿੱਤਾ ਹੈ, ਅਤੇ ਮੈਂ (ਹਰ ਵੇਲੇ) ਪਰਮਾਤਮਾ ਦੀ ਸਿਫ਼ਤਿ-ਸਾਲਾਹ ਹੀ ਕਰਦਾ ਹਾਂ (ਆਪਣੀ ਕੁਲ ਆਦਿਕ ਨੂੰ ਸਾਲਾਹਣ ਦੇ ਥਾਂ) ।1। ਹੇ ਨਾਨਕ! (ਆਖ– ਹੇ ਭਾਈ! ਗੁਰੂ ਦੇ ਉਪਦੇਸ਼ ਦੀ ਬਰਕਤਿ ਨਾਲ ਮੇਰੀ ਪ੍ਰੀਤ) ਲੋਕਾਂ ਨਾਲੋਂ ਕੁਟੰਬ ਨਾਲੋਂ ਟੁੱਟ ਗਈ ਹੈ, ਪ੍ਰਭੂ ਨੇ ਮੈਨੂੰ ਨਿਹਾਲ ਨਿਹਾਲ ਕਰ ਦਿੱਤਾ ਹੈ। ਗੁਰੂ ਨੇ ਮੈਨੂੰ ਸਿੱਖਿਆ ਦਿੱਤੀ ਹੈ ਕਿ ਸਦਾ ਇਕ ਪਰਮਾਤਮਾ ਦੀ ਸਰਨ ਪਿਆ ਰਹੁ।2।8। 137। |
Sri Guru Granth Darpan, by Professor Sahib Singh |