ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 1231 ਸਾਰਗ ਮਹਲਾ ੫ ॥ ਲਾਲ ਲਾਲ ਮੋਹਨ ਗੋਪਾਲ ਤੂ ॥ ਕੀਟ ਹਸਤਿ ਪਾਖਾਣ ਜੰਤ ਸਰਬ ਮੈ ਪ੍ਰਤਿਪਾਲ ਤੂ ॥੧॥ ਰਹਾਉ ॥ ਨਹ ਦੂਰਿ ਪੂਰਿ ਹਜੂਰਿ ਸੰਗੇ ॥ ਸੁੰਦਰ ਰਸਾਲ ਤੂ ॥੧॥ ਨਹ ਬਰਨ ਬਰਨ ਨਹ ਕੁਲਹ ਕੁਲ ॥ ਨਾਨਕ ਪ੍ਰਭ ਕਿਰਪਾਲ ਤੂ ॥੨॥੯॥੧੩੮॥ {ਪੰਨਾ 1231} ਪਦ ਅਰਥ: ਲਾਲ = ਸੋਹਣਾ। ਮੋਹਨ– ਮੋਹ ਲੈਣ ਵਾਲਾ। ਗੋਪਾਲ = ਹੇ ਜਗਤ-ਰੱਖਿਅਕ! ਕੀਟ = ਕੀੜੇ। ਹਸਤਿ = ਹਾਥੀ। ਪਾਖਾਣ = ਪੱਥਰ। ਸਰਬ ਮੈ = ਸਭਨਾਂ ਵਿਚ ਵਿਆਪਕ। ਪ੍ਰਤਿਪਾਲ = ਪਾਲਣ ਵਾਲਾ।1। ਰਹਾਉ। ਪੂਰਿ = ਵਿਆਪਕ। ਹਜੂਰਿ = ਹਾਜ਼ਰ-ਨਾਜ਼ਰ, ਪ੍ਰਤੱਖ। ਸੰਗੇ = ਨਾਲ। ਰਸਾਲ = ਸਭ ਰਸਾਂ ਦਾ ਘਰ {ਆਲਯ}।1। ਪ੍ਰਭ = ਹੇ ਪ੍ਰਭੂ! ਕਿਰਪਾਲ = ਦਇਆਵਾਨ।2। ਅਰਥ: ਹੇ ਜਗਤ-ਰੱਖਿਅਕ ਪ੍ਰਭੂ! ਤੂੰ ਸੋਹਣਾ ਹੈਂ, ਤੂੰ ਸੋਹਣਾ ਹੈਂ, ਤੂੰ ਮਨ ਨੂੰ ਮੋਹ ਲੈਣ ਵਾਲਾ ਹੈਂ। ਹੇ ਸਭ ਦੇ ਪਾਲਣਹਾਰ! ਕੀੜੇ, ਹਾਥੀ, ਪੱਥਰਾਂ ਦੇ (ਵਿਚ ਵੱਸਦੇ) ਜੰਤ = ਇਹਨਾਂ ਸਭਨਾਂ ਵਿਚ ਹੀ ਤੂੰ ਮੌਜੂਦ ਹੈਂ।1। ਰਹਾਉ। ਹੇ ਪ੍ਰਭੂ! ਤੂੰ (ਕਿਸੇ ਜੀਵ ਤੋਂ) ਦੂਰ ਨਹੀਂ ਹੈਂ, ਤੂੰ ਸਭ ਵਿਚ ਵਿਆਪਕ ਹੈਂ, ਤੂੰ ਪ੍ਰਤੱਖ ਦਿੱਸਦਾ ਹੈਂ, ਤੂੰ (ਸਭ ਜੀਵਾਂ ਦੇ) ਨਾਲ ਹੈਂ। ਤੂੰ ਸੋਹਣਾ ਹੈਂ, ਤੂੰ ਸਭ ਰਸਾਂ ਦਾ ਸੋਮਾ ਹੈਂ।1। ਹੇ ਨਾਨਕ! (ਆਖ– ਹੇ ਪ੍ਰਭੂ! ਲੋਕਾਂ ਦੇ ਮਿਥੇ ਹੋਏ) ਵਰਣਾਂ ਵਿਚੋਂ ਤੇਰਾ ਕੋਈ ਵਰਣ ਨਹੀਂ ਹੈ (ਲੋਕਾਂ ਦੀਆਂ ਮਿਥੀਆਂ) ਕੁਲਾਂ ਵਿਚੋਂ ਤੇਰੀ ਕੋਈ ਕੁਲ ਨਹੀਂ (ਤੂੰ ਕਿਸੇ ਖ਼ਾਸ ਕੁਲ ਖ਼ਾਸ ਵਰਣ ਦਾ ਪੱਖ ਨਹੀਂ ਕਰਦਾ) ਤੂੰ (ਸਭਨਾਂ ਉਤੇ ਸਦਾ) ਦਇਆਵਾਨ ਰਹਿੰਦਾ ਹੈਂ।2।9। 138। ਸਾਰਗ ਮਃ ੫ ॥ ਕਰਤ ਕੇਲ ਬਿਖੈ ਮੇਲ ਚੰਦ੍ਰ ਸੂਰ ਮੋਹੇ ॥ ਉਪਜਤਾ ਬਿਕਾਰ ਦੁੰਦਰ ਨਉਪਰੀ ਝੁਨੰਤਕਾਰ ਸੁੰਦਰ ਅਨਿਗ ਭਾਉ ਕਰਤ ਫਿਰਤ ਬਿਨੁ ਗੋਪਾਲ ਧੋਹੇ ॥ ਰਹਾਉ ॥ ਤੀਨਿ ਭਉਨੇ ਲਪਟਾਇ ਰਹੀ ਕਾਚ ਕਰਮਿ ਨ ਜਾਤ ਸਹੀ ਉਨਮਤ ਅੰਧ ਧੰਧ ਰਚਿਤ ਜੈਸੇ ਮਹਾ ਸਾਗਰ ਹੋਹੇ ॥੧॥ ਉਧਰੇ ਹਰਿ ਸੰਤ ਦਾਸ ਕਾਟਿ ਦੀਨੀ ਜਮ ਕੀ ਫਾਸ ਪਤਿਤ ਪਾਵਨ ਨਾਮੁ ਜਾ ਕੋ ਸਿਮਰਿ ਨਾਨਕ ਓਹੇ ॥੨॥੧੦॥੧੩੯॥੩॥੧੩॥੧੫੫॥ {ਪੰਨਾ 1231} ਪਦ ਅਰਥ: ਕੇਲ = ਚੋਜ-ਤਮਾਸ਼ੇ। ਬਿਖੈ = ਵਿਸ਼ੇ-ਵਿਕਾਰ। ਸੂਰ = ਸੂਰਜ (ਦੇਵਤਾ) । ਦੁੰਦਰ = ਝਗੜਾਲੂ, ਖਰੂਦੀ। ਨਉਪਰੀ = {nupur} ਝਾਂਜਰਾਂ। ਝੁਨੰਤਕਾਰ = ਛਣਕਾਰ। ਅਨਿਗ = ਅਨੇਕਾਂ। ਭਾਉ = ਹਾਵ-ਭਾਵ। ਧੋਹੇ = ਠੱਗ ਲੈਂਦੀ ਹੈ।1। ਰਹਾਉ। ਭਉਨੇ = ਭਵਨਾਂ ਵਿਰ। ਲਪਟਾਇ ਰਹੀ = ਚੰਬੜੀ ਰਹਿੰਦੀ ਹੈ। ਕਾਚ ਕਰਮਿ = ਕੱਚੇ ਕਰਮ ਨਾਲ। ਨ ਜਾਤ ਸਹੀ = ਸਹਾਰੀ ਨਹੀਂ ਜਾਂਦੀ। ਉਨਮਤ = ਮਸਤ। ਅੰਧ = ਅੰਨ੍ਹੇ। ਧੰਧ ਰਚਿਤ = ਧੰਧਿਆਂ ਵਿਚ ਰੁੱਝੇ ਹੋਇ। ਹੋਹੇ = ਧੱਕੇ।1। ਉਧਰੇ = ਬਚ ਗਏ। ਫਾਸ = ਫਾਹੀ। ਪਤਿਤ ਪਾਵਨ = ਵਿਕਾਰੀਆਂ ਨੂੰ ਪਵਿੱਤਰ ਕਰਨ ਵਾਲਾ। ਜਾ ਕੋ = ਜਿਸ (ਪ੍ਰਭੂ) ਦਾ। ਓਹੇ = ਉਸੇ ਪ੍ਰਭੂ ਨੂੰ।2। ਅਰਥ: ਹੇ ਭਾਈ! (ਮਾਇਆ ਅਨੇਕਾਂ) ਕਲੋਲ ਕਰਦੀ ਹੈ, (ਜੀਵਾਂ ਨੂੰ) ਵਿਸ਼ੇ-ਵਿਕਾਰਾਂ ਨਾਲ ਜੋੜਦੀ ਹੈ, ਚੰਦ੍ਰਮਾ ਸੂਰਜ ਆਦਿਕ ਸਭ ਦੇਵਤੇ ਇਸ ਨੇ ਆਪਣੇ ਜਾਲ ਵਿਚ ਫਸਾ ਰੱਖੇ ਹਨ। ਹੇ ਭਾਈ! (ਮਾਇਆ ਦੇ ਪ੍ਰਭਾਵ ਹੇਠ ਜੀਵਾਂ ਦੇ ਅੰਦਰ) ਖਰੂਦੀ ਵਿਕਾਰ ਪੈਦਾ ਹੋ ਜਾਂਦੇ ਹਨ, ਝਾਂਜਰਾਂ ਦੀ ਛਣਕਾਰ ਵਾਂਗ ਮਾਇਆ ਜੀਵਾਂ ਨੂੰ ਪਿਆਰੀ ਲੱਗਦੀ ਹੈ, ਇਹ ਮਾਇਆ ਅਨੇਕਾਂ ਹਾਵ-ਭਾਵ ਕਰਦੀ ਫਿਰਦੀ ਹੈ। ਜਗਤ-ਰੱਖਿਅਕ ਪ੍ਰਭੂ ਤੋਂ ਬਿਨਾ ਮਾਇਆ ਨੇ ਸਭ ਜੀਵਾਂ ਨੂੰ ਠੱਗ ਲਿਆ ਹੈ।1। ਰਹਾਉ। ਹੇ ਭਾਈ! ਮਾਇਆ ਤਿੰਨਾਂ ਭਵਨਾਂ (ਦੇ ਜੀਵਾਂ) ਨੂੰ ਚੰਬੜੀ ਰਹਿੰਦੀ ਹੈ, (ਪੁੰਨ ਦਾਨ ਤੀਰਥ ਆਦਿਕ) ਕੱਚੇ ਕਰਮ ਦੀ (ਇਸ ਮਾਇਆ ਦੀ ਸੱਟ) ਸਹਾਰੀ ਨਹੀਂ ਜਾ ਸਕਦੀ। ਜੀਵ ਮਾਇਆ ਦੇ ਮੋਹ ਵਿਚ ਮਸਤ ਤੇ ਅੰਨ੍ਹੇ ਹੋਏ ਰਹਿੰਦੇ ਹਨ, ਜਗਤ ਦੇ ਧੰਧਿਆਂ ਵਿਚ ਰੁੱਝੇ ਰਹਿੰਦੇ ਹਨ (ਇਉਂ ਧੱਕੇ ਖਾਂਦੇ ਹਨ) ਜਿਵੇਂ ਵੱਡੇ ਸਮੁੰਦਰ ਵਿਚ ਧੱਕੇ ਲੱਗਦੇ ਹਨ।1। ਹੇ ਭਾਈ! (ਮਾਇਆ ਦੇ ਅਸਰ ਤੋਂ) ਪਰਮਾਤਮਾ ਦੇ ਸੰਤ ਪ੍ਰਭੂ ਦੇ ਦਾਸ (ਹੀ) ਬਚਦੇ ਹਨ, ਪ੍ਰਭੂ ਨੇ ਉਹਨਾਂ ਦੀ ਜਮਾਂ ਵਾਲੀ (ਆਤਮਕ ਮੌਤ ਦੀ) ਫਾਹੀ ਕੱਟ ਦਿੱਤੀ ਹੁੰਦੀ ਹੈ। ਹੇ ਨਾਨਕ! ਜਿਸ ਪ੍ਰਭੂ ਦਾ ਨਾਮ 'ਪਤਿਤ ਪਾਵਨ' (-ਪਾਪੀਆਂ ਨੂੰ ਪਵਿੱਤਰ ਕਰਨ ਵਾਲਾ) ਹੈ, ਉਸੇ ਦਾ ਨਾਮ ਸਿਮਰਿਆ ਕਰ।2।10। 139। 155। ੴ ਸਤਿਗੁਰ ਪ੍ਰਸਾਦਿ ॥ ਰਾਗੁ ਸਾਰੰਗ ਮਹਲਾ ੯ ॥ ਹਰਿ ਬਿਨੁ ਤੇਰੋ ਕੋ ਨ ਸਹਾਈ ॥ ਕਾਂ ਕੀ ਮਾਤ ਪਿਤਾ ਸੁਤ ਬਨਿਤਾ ਕੋ ਕਾਹੂ ਕੋ ਭਾਈ ॥੧॥ ਰਹਾਉ ॥ ਧਨੁ ਧਰਨੀ ਅਰੁ ਸੰਪਤਿ ਸਗਰੀ ਜੋ ਮਾਨਿਓ ਅਪਨਾਈ ॥ ਤਨ ਛੂਟੈ ਕਛੁ ਸੰਗਿ ਨ ਚਾਲੈ ਕਹਾ ਤਾਹਿ ਲਪਟਾਈ ॥੧॥ ਦੀਨ ਦਇਆਲ ਸਦਾ ਦੁਖ ਭੰਜਨ ਤਾ ਸਿਉ ਰੁਚਿ ਨ ਬਢਾਈ ॥ ਨਾਨਕ ਕਹਤ ਜਗਤ ਸਭ ਮਿਥਿਆ ਜਿਉ ਸੁਪਨਾ ਰੈਨਾਈ ॥੨॥੧॥ {ਪੰਨਾ 1231} ਪਦ ਅਰਥ: ਤੇਰੋ = ਤੇਰਾ। ਕੋ = ਕੋਈ (ਵਿਅਕਤੀ) । ਸਹਾਈ = ਮਦਦ ਕਰਨ ਵਾਲਾ। ਕਾਂ ਕੀ = ਕਿਸ ਦੀ? ਮਾਤ = ਮਾਂ। ਸੁਤ = ਪੁੱਤਰ। ਬਨਿਤਾ = ਇਸਤ੍ਰੀ। ਕੌ = ਕੌਣ? ਕਾਹੂ ਕੋ = ਕਿਸੇ ਦਾ। ਭਾਈ = ਭਰਾ।1। ਰਹਾਉ। ਧਰਨੀ = ਧਰਤੀ। ਅਰੁ = ਅਤੇ {ਅਰਿ = ਵੈਰੀ}। ਸੰਪਤਿ = ਪਦਾਰਥ। ਸਗਰੀ = ਸਾਰੀ। ਅਪਨਾਈ = ਆਪਣਾ। ਛੂਟੈ = ਖੁੱਸ ਜਾਂਦਾ ਹੈ, ਸਾਥ ਛੁੱਟ ਜਾਂਦਾ ਹੈ। ਸੰਗਿ = (ਜੀਵ ਦੇ) ਨਾਲ। ਕਹਾ = ਕਿਉਂ? ਲਪਟਾਈ = ਚੰਬੜਿਆ ਰਹਿੰਦਾ ਹੈ।1। ਦੀਨ = ਗਰੀਬ। ਦੁਖ ਭੰਜਨ = ਦੁੱਖਾਂ ਦਾ ਨਾਸ ਕਰਨ ਵਾਲਾ। ਤਾ ਸਿਉ = ਉਸ (ਪ੍ਰਭੂ) ਨਾਲ। ਰੁਚਿ = ਪਿਆਰ। ਨ ਬਢਾਈ = ਨਹੀਂ ਵਧਾਂਦਾ। ਮਿਥਿਆ = ਨਾਸਵੰਤ। ਰੈਨਾਈ = ਰਾਤ ਦਾ।2। ਅਰਥ: ਹੇ ਭਾਈ! ਪਰਮਾਤਮਾ ਤੋਂ ਬਿਨਾ ਤੇਰਾ (ਹੋਰ) ਕੋਈ ਭੀ ਸਹਾਇਤਾ ਕਰਨ ਵਾਲਾ ਨਹੀਂ ਹੈ। ਹੇ ਭਾਈ! ਕੌਣ ਕਿਸੇ ਦੀ ਮਾਂ? ਕੌਣ ਕਿਸੇ ਦਾ ਪਿਉ? ਕੌਣ ਕਿਸੇ ਦਾ ਪੁੱਤਰ? ਕੌਣ ਕਿਸੇ ਦੀ ਵਹੁਟੀ? (ਜਦੋਂ ਸਰੀਰ ਨਾਲੋਂ ਸਾਥ ਮੁੱਕ ਜਾਂਦਾ ਹੈ ਤਦੋਂ) ਕੌਣ ਕਿਸੇ ਦਾ ਭਰਾ ਬਣਦਾ ਹੈ? (ਕੋਈ ਨਹੀਂ) ।1। ਰਹਾਉ। ਹੇ ਭਾਈ! ਇਹ ਧਨ ਧਰਤੀ ਸਾਰੀ ਮਾਇਆ ਜਿਨ੍ਹਾਂ ਨੂੰ ਆਪਣੇ ਸਮਝੀ ਬੈਠਾ ਹੈ, ਜਦੋਂ ਸਰੀਰ ਨਾਲੋਂ ਸਾਥ ਮੁੱਕਦਾ ਹੈ, ਕੋਈ ਚੀਜ਼ ਭੀ (ਜੀਵ ਦੇ) ਨਾਲ ਨਹੀਂ ਤੁਰਦੀ। ਫਿਰ ਜੀਵ ਕਿਉਂ ਇਹਨਾਂ ਨਾਲ ਚੰਬੜਿਆ ਰਹਿੰਦਾ ਹੈ?।1। ਹੇ ਭਾਈ! ਜਿਹੜਾ ਪ੍ਰਭੂ ਗਰੀਬਾਂ ਉਤੇ ਦਇਆ ਕਰਨ ਵਾਲਾ ਹੈ, ਜੋ ਸਦਾ (ਜੀਵਾਂ ਦੇ) ਦੁੱਖਾਂ ਦਾ ਨਾਸ ਕਰਨ ਵਾਲਾ ਹੈ, ਤੂੰ ਉਸ ਨਾਲ ਪਿਆਰ ਨਹੀਂ ਵਧਾਂਦਾ। ਨਾਨਕ ਆਖਦਾ ਹੈ– ਹੇ ਭਾਈ! ਜਿਵੇਂ ਰਾਤ ਦਾ ਸੁਪਨਾ ਹੁੰਦਾ ਹੈ ਤਿਵੇਂ ਸਾਰਾ ਜਗਤ ਨਾਸਵੰਤ ਹੈ।2।1। ਸਾਰੰਗ ਮਹਲਾ ੯ ॥ ਕਹਾ ਮਨ ਬਿਖਿਆ ਸਿਉ ਲਪਟਾਹੀ ॥ ਯਾ ਜਗ ਮਹਿ ਕੋਊ ਰਹਨੁ ਨ ਪਾਵੈ ਇਕਿ ਆਵਹਿ ਇਕਿ ਜਾਹੀ ॥੧॥ ਰਹਾਉ ॥ ਕਾਂ ਕੋ ਤਨੁ ਧਨੁ ਸੰਪਤਿ ਕਾਂ ਕੀ ਕਾ ਸਿਉ ਨੇਹੁ ਲਗਾਹੀ ॥ ਜੋ ਦੀਸੈ ਸੋ ਸਗਲ ਬਿਨਾਸੈ ਜਿਉ ਬਾਦਰ ਕੀ ਛਾਹੀ ॥੧॥ ਤਜਿ ਅਭਿਮਾਨੁ ਸਰਣਿ ਸੰਤਨ ਗਹੁ ਮੁਕਤਿ ਹੋਹਿ ਛਿਨ ਮਾਹੀ ॥ ਜਨ ਨਾਨਕ ਭਗਵੰਤ ਭਜਨ ਬਿਨੁ ਸੁਖੁ ਸੁਪਨੈ ਭੀ ਨਾਹੀ ॥੨॥੨॥ {ਪੰਨਾ 1231} ਪਦ ਅਰਥ: ਕਹਾ = ਕਿਉਂ? ਮਨ = ਹੇ ਮਨ! ਬਿਖਿਆ = ਮਾਇਆ। ਸਿਉ = ਨਾਲ। ਲਪਟਾਹੀ = ਚੰਬੜਿਆ ਹੋਇਆ ਹੈਂ। ਯਾ ਜਗ ਮਹਿ = ਇਸ ਜਗਤ ਵਿਚ। ਇਕਿ = {ਲਫ਼ਜ਼ 'ਇਕ' ਤੋਂ ਬਹੁ-ਵਚਨ}। ਆਵਹਿ = ਆਉਂਦੇ ਹਨ, ਜੰਮਦੇ ਹਨ। ਜਾਹੀ = ਜਾਂਦੇ ਹਨ, ਮਰਦੇ ਹਨ।1। ਰਹਾਉ। ਕਾਂ ਕੋ = ਕਿਸ ਦਾ? ਸੰਪਤਿ = ਮਾਇਆ। ਕਾ ਸਿਉ = ਕਿਸ ਨਾਲ? ਨੇਹੁ = ਪਿਆਰ। ਲਗਾਹੀ = ਤੂੰ ਲਾ ਰਿਹਾ ਹੈਂ। ਸਗਲ = ਸਾਰਾ। ਬਿਨਾਸੈ = ਨਾਸ ਹੋ ਜਾਣ ਵਾਲਾ ਹੈ। ਬਦਰ = ਬੱਦਲ। ਛਾਹੀ = ਛਾਂ।1। ਤਜਿ = ਛੱਡ। ਗਹੁ = ਫੜ। ਹੋਹਿ = ਤੂੰ ਹੋ ਜਾਹਿਂਗਾ। ਸੁਪਨੈ = ਸੁਪਨੇ ਵਿਚ।2। ਅਰਥ: ਹੇ ਮਨ! ਤੂੰ ਕਿਉਂ ਮਾਇਆ ਨਾਲ (ਹੀ) ਚੰਬੜਿਆ ਰਹਿੰਦਾ ਹੈ? (ਵੇਖ) ਇਸ ਦੁਨੀਆ ਵਿਚ (ਸਦਾ ਲਈ) ਕੋਈ ਭੀ ਟਿਕਿਆ ਨਹੀਂ ਰਹਿ ਸਕਦਾ। ਅਨੇਕਾਂ ਜੰਮਦੇ ਰਹਿੰਦੇ ਹਨ, ਅਨੇਕਾਂ ਹੀ ਮਰਦੇ ਰਹਿੰਦੇ ਹਨ।1। ਰਹਾਉ। ਹੇ ਮਨ! (ਵੇਖ) ਸਦਾ ਲਈ ਨਾਹ ਕਿਸੇ ਦਾ ਸਰੀਰ ਰਹਿੰਦਾ ਹੈ, ਨਾਹ ਧਨ ਰਹਿੰਦਾ ਹੈ, ਨਾਹ ਮਾਇਆ ਰਹਿੰਦੀ ਹੈ। ਤੂੰ ਕਿਸ ਨਾਲ ਪਿਆਰ ਬਣਾਈ ਬੈਠਾ ਹੈਂ? ਜਿਵੇਂ ਬੱਦਲਾਂ ਦੀ ਛਾਂ ਹੈ, ਤਿਵੇਂ ਜੋ ਕੁਝ ਦਿੱਸ ਰਿਹਾ ਹੈ ਸਭ ਨਾਸਵੰਤ ਹੈ।1। ਹੇ ਮਨ! ਅਹੰਕਾਰ ਛੱਡ, ਤੇ, ਸੰਤ ਜਨਾ ਦੀ ਸਰਨ ਫੜ। (ਇਸ ਤਰ੍ਹਾਂ) ਇਕ ਛਿਨ ਵਿਚ ਤੂੰ (ਮਾਇਆ ਦੇ ਬੰਧਨਾਂ ਤੋਂ) ਸੁਤੰਤਰ ਹੋ ਜਾਹਿਂਗਾ। ਹੇ ਦਾਸ ਨਾਨਕ! (ਆਖ– ਹੇ ਮਨ!) ਪਰਮਾਤਮਾ ਦੇ ਭਜਨ ਤੋਂ ਬਿਨਾ ਕਦੇ ਸੁਪਨੇ ਵਿਚ ਭੀ ਸੁਖ ਨਹੀਂ ਮਿਲਦਾ।2। 2। ਸਾਰੰਗ ਮਹਲਾ ੯ ॥ ਕਹਾ ਨਰ ਅਪਨੋ ਜਨਮੁ ਗਵਾਵੈ ॥ ਮਾਇਆ ਮਦਿ ਬਿਖਿਆ ਰਸਿ ਰਚਿਓ ਰਾਮ ਸਰਨਿ ਨਹੀ ਆਵੈ ॥੧॥ ਰਹਾਉ ॥ ਇਹੁ ਸੰਸਾਰੁ ਸਗਲ ਹੈ ਸੁਪਨੋ ਦੇਖਿ ਕਹਾ ਲੋਭਾਵੈ ॥ ਜੋ ਉਪਜੈ ਸੋ ਸਗਲ ਬਿਨਾਸੈ ਰਹਨੁ ਨ ਕੋਊ ਪਾਵੈ ॥੧॥ ਮਿਥਿਆ ਤਨੁ ਸਾਚੋ ਕਰਿ ਮਾਨਿਓ ਇਹ ਬਿਧਿ ਆਪੁ ਬੰਧਾਵੈ ॥ ਜਨ ਨਾਨਕ ਸੋਊ ਜਨੁ ਮੁਕਤਾ ਰਾਮ ਭਜਨ ਚਿਤੁ ਲਾਵੈ ॥੨॥੩॥ {ਪੰਨਾ 1231} ਪਦ ਅਰਥ: ਕਹਾ = ਕਿਉਂ? ਗਵਾਵੈ = ਗਵਾਂਦਾ ਹੈ। ਮਦਿ = ਨਸ਼ੇ ਵਿਚ। ਬਿਖਿਆ ਰਸਿ = ਮਾਇਆ ਦੇ ਰਸ ਵਿਚ। ਰਚਿਓ = ਰੁੱਝਾ ਰਹਿੰਦਾ ਹੈ।1। ਰਹਾਉ। ਸਗਲ = ਸਾਰਾ। ਦੇਖਿ = ਵੇਖ ਕੇ। ਕਹਾ = ਕਿਉਂ? ਲੋਭਾਵੈ = ਲੋਭ ਵਿਚ ਫਸਦਾ ਹੈ। ਉਪਜੈ = ਜੰਮਦਾ ਹੈ। ਬਿਨਾਸੈ = ਨਾਸ ਹੋ ਜਾਂਦਾ ਹੈ। ਕੋਊ = ਕੋਈ ਭੀ ਜੀਵ। ਰਹਨੁ ਨ ਪਾਵੈ = ਸਦਾ ਲਈ ਟਿਕ ਨਹੀਂ ਸਕਦਾ।1। ਮਿਥਿਆ = ਨਾਸਵੰਤ। ਸਾਚੋ = ਸਦਾ ਕਾਇਮ ਰਹਿਣ ਵਾਲਾ। ਕਰਿ = ਕਰ ਕੇ, ਖ਼ਿਆਲ ਕਰ ਕੇ। ਇਹ ਬਿਧਿ = ਇਸ ਤਰ੍ਹਾਂ। ਆਪੁ = ਆਪਣੇ ਆਪ ਨੂੰ। ਬੰਧਾਵੈ = ਫਸਾਂਦਾ ਹੈ। ਸੋਊ ਜਨੁ = ਉਹੀ ਮਨੁੱਖ। ਮੁਕਤਾ = ਮੋਹ ਦੇ ਬੰਧਨਾਂ ਤੋਂ ਸੁਤੰਤਰ। ਚਿਤੁ ਲਾਵੈ = ਚਿੱਤ ਜੋੜਦਾ ਹੈ।2। ਅਰਥ: ਹੇ ਭਾਈ! ਪਤਾ ਨਹੀਂ ਮਨੁੱਖ ਕਿਉਂ ਆਪਣਾ ਜੀਵਨ ਅਜਾਈਂ ਬਰਬਾਦ ਕਰਦਾ ਹੈ। ਮਾਇਆ ਦੀ ਮਸਤੀ ਵਿਚ ਮਾਇਆ ਦੇ ਸੁਆਦ ਵਿਚ ਰੁੱਝਾ ਰਹਿੰਦਾ ਹੈ, ਤੇ, ਪਰਮਾਤਮਾ ਦੀ ਸਰਨ ਨਹੀਂ ਪੈਂਦਾ।1। ਰਹਾਉ। ਹੇ ਭਾਈ! ਇਹ ਸਾਰਾ ਜਗਤ ਸੁਪਨੇ ਵਾਂਗ ਹੈ, ਇਸ ਨੂੰ ਵੇਖ ਕੇ, ਪਤਾ ਨਹੀਂ, ਮਨੁੱਖ ਕਿਉਂ ਲੋਭ ਵਿਚ ਫਸਦਾ ਹੈ। ਇੱਥੇ ਤਾਂ ਜੋ ਕੋਈ ਜੰਮਦਾ ਹੈ ਉਹ ਹਰੇਕ ਹੀ ਨਾਸ ਹੋ ਜਾਂਦਾ ਹੈ। ਇਥੇ ਸਦਾ ਲਈ ਕੋਈ ਨਹੀਂ ਟਿਕ ਸਕਦਾ।1। ਹੇ ਭਾਈ! ਇਹ ਸਰੀਰ ਨਾਸਵੰਤ ਹੈ, ਪਰ ਜੀਵ ਇਸ ਨੂੰ ਸਦਾ ਕਾਇਮ ਰਹਿਣ ਵਾਲਾ ਸਮਝੀ ਰੱਖਦਾ ਹੈ, ਇਸ ਤਰ੍ਹਾਂ ਆਪਣੇ ਆਪ ਨੂੰ (ਮੋਹ ਦੀਆਂ ਫਾਹੀਆਂ ਵਿਚ) ਫਸਾਈ ਰੱਖਦਾ ਹੈ। ਹੇ ਦਾਸ ਨਾਨਕ! ਉਹੀ ਮਨੁੱਖ ਮੋਹ ਦੇ ਬੰਧਨਾਂ ਤੋਂ ਸੁਤੰਤਰ ਰਹਿੰਦਾ ਹੈ, ਜਿਹੜਾ ਪਰਮਾਤਮਾ ਦੇ ਭਜਨ ਵਿਚ ਆਪਣਾ ਚਿੱਤ ਜੋੜੀ ਰੱਖਦਾ ਹੈ।2।3। |
Sri Guru Granth Darpan, by Professor Sahib Singh |