ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 1232

ਸਾਰੰਗ ਮਹਲਾ ੯ ॥ ਮਨ ਕਰਿ ਕਬਹੂ ਨ ਹਰਿ ਗੁਨ ਗਾਇਓ ॥ ਬਿਖਿਆਸਕਤ ਰਹਿਓ ਨਿਸਿ ਬਾਸੁਰ ਕੀਨੋ ਅਪਨੋ ਭਾਇਓ ॥੧॥ ਰਹਾਉ ॥ ਗੁਰ ਉਪਦੇਸੁ ਸੁਨਿਓ ਨਹਿ ਕਾਨਨਿ ਪਰ ਦਾਰਾ ਲਪਟਾਇਓ ॥ ਪਰ ਨਿੰਦਾ ਕਾਰਨਿ ਬਹੁ ਧਾਵਤ ਸਮਝਿਓ ਨਹ ਸਮਝਾਇਓ ॥੧॥ ਕਹਾ ਕਹਉ ਮੈ ਅਪੁਨੀ ਕਰਨੀ ਜਿਹ ਬਿਧਿ ਜਨਮੁ ਗਵਾਇਓ ॥ ਕਹਿ ਨਾਨਕ ਸਭ ਅਉਗਨ ਮੋ ਮਹਿ ਰਾਖਿ ਲੇਹੁ ਸਰਨਾਇਓ ॥੨॥੪॥੩॥੧੩॥੧੩੯॥੪॥੧੫੯॥ {ਪੰਨਾ 1232}

ਪਦ ਅਰਥ: ਮਨ ਕਰਿ = ਮਨ ਦੀ ਰਾਹੀਂ, ਮਨ ਲਾ ਕੇ। ਕਬਹੂ = ਕਦੇ ਭੀ। ਬਿਖਿਆਸਕਤ = {ਬਿਖਿਆ-ਆਸਕਤ। ਬਿਖਿਆ = ਮਾਇਆ। ਆਸਕਤ = (AwsÙØ) ਲੰਪਟ} ਮਾਇਆ ਨਾਲ ਚੰਬੜਿਆ ਹੋਇਆ। ਨਿਸ = ਰਾਤ। ਬਾਸੁਰ = ਦਿਨ। ਅਪਨੋ ਭਾਇਓ = ਜੋ ਆਪ ਨੂੰ ਚੰਗਾ ਲੱਗਦਾ ਸੀ।1। ਰਹਾਉ।

ਕਾਨਨਿ = ਕੰਨਾਂ ਨਾਲ। ਦਾਰਾ = ਇਸਤ੍ਰੀ। ਕਾਰਨਿ = ਵਾਸਤੇ। ਧਾਵਤ = ਦੌੜ-ਭੱਜ ਕਰਦਾ।1।

ਕਹਾ = ਕੀਹ? ਕਹਾਉ = ਕਹਾਉਂ, ਮੈਂ ਕਹਾਂ। ਕਰਨੀ = ਆਚਰਨ। ਜਿਹ ਬਿਧਿ = ਜਿਸ ਤਰੀਕੇ ਨਾਲ। ਕਹਿ = ਕਹੇ, ਆਖਦਾ ਹੈ। ਮੋ ਮਹਿ = ਮੇਰੇ ਅੰਦਰ।2।

ਅਰਥ: ਹੇ ਪ੍ਰਭੂ! ਮੈਂ ਮਨ ਲਾ ਕੇ ਕਦੇ ਭੀ ਤੇਰੇ ਗੁਣ ਨਹੀਂ ਗਾਂਦਾ ਰਿਹਾ। ਮੈਂ ਦਿਨ ਰਾਤ ਮਾਇਆ ਵਿਚ ਹੀ ਮਗਨ ਰਿਹਾ, ਉਹੀ ਕੁਝ ਕਰਦਾ ਰਿਹਾ, ਜੋ ਮੈਨੂੰ ਆਪ ਨੂੰ ਚੰਗਾ ਲੱਗਦਾ ਸੀ।1। ਰਹਾਉ।

ਹੇ ਹਰੀ! ਮੈਂ ਕੰਨਾਂ ਨਾਲ ਗੁਰੂ ਦੀ ਸਿੱਖਿਆ (ਕਦੇ) ਨਾਹ ਸੁਣੀ, ਪਰਾਈ ਇਸਤ੍ਰੀ ਵਾਸਤੇ ਕਾਮ-ਵਾਸਨਾ ਰੱਖਦਾ ਰਿਹਾ। ਦੂਜਿਆਂ ਦੀ ਨਿੰਦਾ ਕਰਨ ਵਾਸਤੇ ਬਹੁਤ ਦੌੜ-ਭੱਜ ਕਰਦਾ ਰਿਹਾ। ਸਮਝਾਦਿਆਂ ਭੀ ਮੈਂ (ਕਦੇ) ਨਾਹ ਸਮਝਿਆ (ਕਿ ਇਹ ਕੰਮ ਮਾੜਾ ਹੈ) ।1।

ਹੇ ਹਰੀ! ਜਿਸ ਤਰ੍ਹਾਂ ਮੈਂ ਆਪਣਾ ਜੀਵਨ ਅਜਾਈਂ ਗਵਾ ਲਿਆ, ਉਹ ਮੈਂ ਕਿੱਥੋਂ ਤਕ ਆਪਣੀ ਕਰਤੂਤ ਦੱਸਾਂ? ਨਾਨਕ ਆਖਦਾ ਹੈ– ਹੇ ਪ੍ਰਭੂ! ਮੇਰੇ ਅੰਦਰ ਸਾਰੇ ਔਗੁਣ ਹੀ ਹਨ। ਮੈਨੂੰ ਆਪਣੀ ਸਰਨ ਵਿਚ ਰੱਖ।2।4।3।13। 139।4। 159।

ਸ਼ਬਦ ਦਾ ਵੇਰਵਾ:
ਗੁਰੂ ਨਾਨਕ ਦੇਵ ਜੀ . . . . . . 3
ਗੁਰੂ ਰਾਮਦਾਸ ਜੀ . . . . . . . 13
ਗੁਰੂ ਅਰਜਨ ਸਾਹਿਬ . . . . . .139
ਗੁਰੂ ਤੇਗ਼ ਬਹਾਦਰ ਜੀ . . . . . .4
. . . . ਜੋੜ . . . . . . . . . . . .159

ਰਾਗੁ ਸਾਰਗ ਅਸਟਪਦੀਆ ਮਹਲਾ ੧ ਘਰੁ ੧    ੴ ਸਤਿਗੁਰ ਪ੍ਰਸਾਦਿ ॥ ਹਰਿ ਬਿਨੁ ਕਿਉ ਜੀਵਾ ਮੇਰੀ ਮਾਈ ॥ ਜੈ ਜਗਦੀਸ ਤੇਰਾ ਜਸੁ ਜਾਚਉ ਮੈ ਹਰਿ ਬਿਨੁ ਰਹਨੁ ਨ ਜਾਈ ॥੧॥ ਰਹਾਉ ॥ ਹਰਿ ਕੀ ਪਿਆਸ ਪਿਆਸੀ ਕਾਮਨਿ ਦੇਖਉ ਰੈਨਿ ਸਬਾਈ ॥ ਸ੍ਰੀਧਰ ਨਾਥ ਮੇਰਾ ਮਨੁ ਲੀਨਾ ਪ੍ਰਭੁ ਜਾਨੈ ਪੀਰ ਪਰਾਈ ॥੧॥ ਗਣਤ ਸਰੀਰਿ ਪੀਰ ਹੈ ਹਰਿ ਬਿਨੁ ਗੁਰ ਸਬਦੀ ਹਰਿ ਪਾਂਈ ॥ ਹੋਹੁ ਦਇਆਲ ਕ੍ਰਿਪਾ ਕਰਿ ਹਰਿ ਜੀਉ ਹਰਿ ਸਿਉ ਰਹਾਂ ਸਮਾਈ ॥੨॥ ਐਸੀ ਰਵਤ ਰਵਹੁ ਮਨ ਮੇਰੇ ਹਰਿ ਚਰਣੀ ਚਿਤੁ ਲਾਈ ॥ ਬਿਸਮ ਭਏ ਗੁਣ ਗਾਇ ਮਨੋਹਰ ਨਿਰਭਉ ਸਹਜਿ ਸਮਾਈ ॥੩॥ ਹਿਰਦੈ ਨਾਮੁ ਸਦਾ ਧੁਨਿ ਨਿਹਚਲ ਘਟੈ ਨ ਕੀਮਤਿ ਪਾਈ ॥ ਬਿਨੁ ਨਾਵੈ ਸਭੁ ਕੋਈ ਨਿਰਧਨੁ ਸਤਿਗੁਰਿ ਬੂਝ ਬੁਝਾਈ ॥੪॥ ਪ੍ਰੀਤਮ ਪ੍ਰਾਨ ਭਏ ਸੁਨਿ ਸਜਨੀ ਦੂਤ ਮੁਏ ਬਿਖੁ ਖਾਈ ॥ ਜਬ ਕੀ ਉਪਜੀ ਤਬ ਕੀ ਤੈਸੀ ਰੰਗੁਲ ਭਈ ਮਨਿ ਭਾਈ ॥੫॥ ਸਹਜ ਸਮਾਧਿ ਸਦਾ ਲਿਵ ਹਰਿ ਸਿਉ ਜੀਵਾਂ ਹਰਿ ਗੁਨ ਗਾਈ ॥ ਗੁਰ ਕੈ ਸਬਦਿ ਰਤਾ ਬੈਰਾਗੀ ਨਿਜ ਘਰਿ ਤਾੜੀ ਲਾਈ ॥੬॥ ਸੁਧ ਰਸ ਨਾਮੁ ਮਹਾ ਰਸੁ ਮੀਠਾ ਨਿਜ ਘਰਿ ਤਤੁ ਗੁਸਾਂਈਂ ॥ ਤਹ ਹੀ ਮਨੁ ਜਹ ਹੀ ਤੈ ਰਾਖਿਆ ਐਸੀ ਗੁਰਮਤਿ ਪਾਈ ॥੭॥ ਸਨਕ ਸਨਾਦਿ ਬ੍ਰਹਮਾਦਿ ਇੰਦ੍ਰਾਦਿਕ ਭਗਤਿ ਰਤੇ ਬਨਿ ਆਈ ॥ ਨਾਨਕ ਹਰਿ ਬਿਨੁ ਘਰੀ ਨ ਜੀਵਾਂ ਹਰਿ ਕਾ ਨਾਮੁ ਵਡਾਈ ॥੮॥੧॥ {ਪੰਨਾ 1232}

ਪਦ ਅਰਥ: ਮਾਈ = ਹੇ ਮਾਂ! ਕਿਉ ਜੀਵਾ = ਮੈਂ ਕਿਵੇਂ ਜੀ ਸਕਾਂ? ਮੇਰੀ ਜਿੰਦ ਵਿਆਕੁਲ ਹੁੰਦੀ ਹੈ। ਜਗਦੀਸ = ਹੇ ਜਗਤ ਦੇ ਈਸ਼! (ਜਗਦੀਸ = ਜਗਤ-ਈਸ। ਈਸ = ਮਾਲਕ) । ਜਸੁ = ਸਿਫ਼ਤਿ-ਸਾਲਾਹ। ਜਾਚਉ = ਮੈਂ ਮੰਗਦਾ ਹਾਂ। ਰਹਨੁ ਨ ਜਾਈ = ਰਿਹਾ ਨਹੀਂ ਜਾ ਸਕਦਾ, ਮਨ ਡੋਲਦਾ ਹੈ।1। ਰਹਾਉ।

ਪਿਆਸੀ = ਮਿਲਾਪ ਵਾਸਤੇ ਉਤਾਵਲੀ। ਕਾਮਨਿ = ਇਸਤ੍ਰੀ। ਰੈਨਿ = ਰਾਤ। ਸਬਾਈ = ਸਾਰੀ। ਸ੍ਰ੍ਰੀਧਰ = (ਸ੍ਰੀ = ਲੱਛਮੀ। ਧਰ = ਆਸਰਾ) ਹੇ ਲੱਛਮੀ ਦੇ ਆਸਰੇ! ਹੇ ਪ੍ਰਭੂ! ਨਾਥ = ਹੇ ਖਸਮ-ਪ੍ਰਭੂ! ਪੀਰ = ਪੀੜ।1।

ਗਣਤ = ਚਿੰਤਾ, ਗਿਣਤੀ, ਫ਼ਿਕਰ। ਸਰੀਰਿ = ਸਰੀਰ ਵਿਚ, ਹਿਰਦੇ ਵਿਚ। ਪਾਂਈ = ਪਾਈਂ, ਮੈਂ ਲੱਭ ਸਕਦੀ ਹਾਂ। ਰਹਾਂ ਸਮਾਈ = ਸਮਾਇ ਰਹਾਂ, ਲੀਨ ਰਹਾਂ।2।

ਰਹਤ ਰਵਹੁ = ਰਹਤ ਰਹੋ, ਚਾਲ ਚੱਲੋ। ਬਿਸਮ = ਹੈਰਾਨ, ਅਸਚਰਜ, ਮਗਨ। ਮਨੋਹਰ = ਮਨ ਨੂੰ ਮੋਹ ਲੈਣ ਵਾਲਾ। ਸਹਜਿ = ਆਤਮਕ ਅਡੋਲਤਾ ਵਿਚ।3।

ਧੁਨਿ = ਲਗਨ। ਨਿਹਚਲ = ਅਡੋਲ। ਨਿਰਧਨੁ = ਕੰਗਾਲ। ਸਤਿਗੁਰਿ = ਗੁਰੂ ਨੇ। ਬੂਝ = ਸਮਝ।4।

ਸੁਨਿ = ਸੁਣ। ਸਜਨੀ = ਹੇ ਸਖੀ! ਪ੍ਰਾਨ = ਜਿੰਦ। ਦੂਤ = ਕਾਮਾਦਿਕ ਵਿਕਾਰ। ਖਾਈ = ਖਾਇ, ਖਾ ਕੇ। ਰੰਗੁਲ = ਰੰਗੁਲੀ। ਮਨਿ = ਮਨ ਵਿਚ। ਭਾਈ = ਪਿਆਰੀ ਲੱਗੀ ਹੈ।5।

ਸਮਾਧਿ = ਟਿਕਾਉ, ਇਕਾਗ੍ਰਤਾ। ਜੀਵਾਂ = ਮੈਂ ਜੀਊਂਦੀ ਹਾਂ, ਮੇਰੇ ਅੰਦਰ ਧੀਰਜ ਪੈਦਾ ਹੁੰਦੀ ਹੈ। ਬੈਰਾਗੀ = ਵੈਰਾਗਵਾਨ, ਪ੍ਰੇਮੀ। ਤਾੜੀ ਲਾਈ = ਟਿਕ ਜਾਂਦਾ ਹੈ।6।

ਸੁਧ = ਪਵਿੱਤ੍ਰ। ਗੁਸਾਂਈ = ਹੇ ਧਰਤੀ ਦੇ ਖਸਮ!।7।

ਸਨਕ ਸਨਾਦਿ = ਸਨਕ, ਸਨੰਦਨ, ਸਨਤਕੁਮਾਰ, ਸਨਾਤਨ (ਇਹ ਚਾਰੇ ਬ੍ਰਹਮਾ ਦੇ ਪੁੱਤ੍ਰ ਹਨ) । ਰਤੇ = ਰੰਗੇ ਗਏ। ਬਨਿ ਆਈ = ਪ੍ਰੀਤ ਬਣ ਗਈ।8।

ਅਰਥ: ਹੇ ਮੇਰੀ ਮਾਂ! ਪਰਮਾਤਮਾ ਦੇ ਨਾਮ ਤੋਂ ਬਿਨਾ ਮੇਰੀ ਜਿੰਦ ਵਿਆਕੁਲ ਹੁੰਦੀ ਹੈ। ਹੇ ਜਗਤ ਦੇ ਮਾਲਕ! ਤੇਰੀ ਹੀ ਸਦਾ ਜੈ (ਜਿੱਤ) ਹੈ। ਮੈਂ (ਤੇਰੇ ਪਾਸੋਂ) ਤੇਰੀ ਸਿਫ਼ਤਿ-ਸਾਲਾਹ (ਦੀ ਦਾਤਿ) ਮੰਗਦਾ ਹਾਂ।

ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ ਮੇਰਾ ਮਨ ਘਾਬਰਦਾ ਹੈ।1। ਰਹਾਉ।

ਜਿਵੇਂ ਇਸਤ੍ਰੀ ਨੂੰ ਆਪਣੇ ਪਤੀ ਦੇ ਮਿਲਣ ਦੀ ਤਾਂਘ ਹੁੰਦੀ ਹੈ ਉਹ ਸਾਰੀ ਰਾਤ ਉਸ ਦੀ ਉਡੀਕ ਕਰਦੀ ਹੈ, ਤਿਵੇਂ ਮੈਨੂੰ ਹਰੀ ਦੇ ਦੀਦਾਰ ਦੀ ਹੈ, ਮੈਂ ਸਾਰੀ ਉਮਰ ਹੀ ਉਸ ਦੀ ਉਡੀਕ ਕਰਦੀ ਚਲੀ ਆ ਰਹੀ ਹਾਂ। ਹੇ ਲੱਛਮੀ-ਪਤੀ! ਹੇ (ਜਗਤ ਦੇ) ਨਾਥ! ਮੇਰਾ ਮਨ ਤੇਰੀ ਯਾਦ ਵਿਚ ਮਸਤ ਹੈ।

(ਹੇ ਮਾਂ!) ਪਰਮਾਤਮਾ ਹੀ ਪਰਾਈ ਪੀੜ ਸਮਝ ਸਕਦਾ ਹੈ।1।

(ਹੇ ਮਾਂ!) ਪਰਮਾਤਮਾ ਦੀ ਯਾਦ ਤੋਂ ਬਿਨਾ ਮੇਰੇ ਹਿਰਦੇ ਵਿਚ (ਹੋਰ ਹੋਰ) ਚਿੰਤਾ-ਫ਼ਿਕਰਾਂ ਦੀ ਤਕਲਫ਼ਿ ਟਿਕੀ ਰਹਿੰਦੀ ਹੈ। ਉਹ ਪਰਮਾਤਮਾ ਗੁਰੂ ਦੇ ਸ਼ਬਦ ਦੀ ਰਾਹੀਂ ਹੀ ਮਿਲ ਸਕਦਾ ਹੈ।

ਹੇ ਪਿਆਰੇ ਹਰੀ! ਮੇਰੇ ਉਤੇ ਦਇਆਲ ਹੋ, ਮੇਰੇ ਉਤੇ ਕਿਰਪਾ ਕਰ, ਮੈਂ ਤੇਰੀ ਯਾਦ ਵਿਚ ਲੀਨ ਰਹਾਂ।2।

ਹੇ ਮੇਰੇ ਮਨ! ਅਜੇਹਾ ਰਸਤਾ ਫੜ ਕਿ ਪਰਮਾਤਮਾ ਦੇ ਚਰਨਾਂ ਵਿਚ ਜੁੜਿਆ ਰਹੇਂ। ਮਨ ਨੂੰ ਮੋਹਣ ਵਾਲੇ ਪਰਮਾਤਮਾ ਦੇ ਗੁਣ ਗਾ ਕੇ (ਭਾਗਾਂ ਵਾਲੇ ਬੰਦੇ ਆਨੰਦ ਵਿਚ) ਮਸਤ ਰਹਿੰਦੇ ਹਨ, ਦੁਨੀਆ ਵਾਲੇ ਡਰਾਂ-ਸਹਿਮਾਂ ਤੋਂ ਨਿਡਰ ਹੋ ਕੇ ਉਹ ਆਤਮਕ ਅਡੋਲਤਾ ਵਿਚ ਟਿਕੇ ਰਹਿੰਦੇ ਹਨ।3।

(ਹੇ ਮੇਰੇ ਮਨ!) ਜੇ ਹਿਰਦੇ ਵਿਚ ਪ੍ਰਭੂ ਦਾ ਨਾਮ ਵੱਸ ਪਏ, ਜੇ (ਪ੍ਰਭੂ-ਪਿਆਰ ਦੀ) ਸਦੀਵੀ ਅਟੱਲ ਰੌ ਚੱਲ ਪਏ, ਤਾਂ ਉਹ ਫਿਰ ਕਦੇ ਘਟਦੀ ਨਹੀਂ, ਦੁਨੀਆ ਦਾ ਕੋਈ ਸੁਖ ਦੁਨੀਆ ਦਾ ਕੋਈ ਪਦਾਰਥ ਉਸ ਦੀ ਬਰਾਬਰੀ ਨਹੀਂ ਕਰ ਸਕਦਾ। ਸਤਿਗੁਰੂ ਨੇ ਮੈਨੂੰ ਸਮਝ ਬਖ਼ਸ਼ ਦਿੱਤੀ ਹੈ ਕਿ ਪਰਮਾਤਮਾ ਦੇ ਨਾਮ ਤੋਂ ਬਿਨਾ ਹਰੇਕ ਜੀਵ ਕੰਗਾਲ (ਹੀ) ਹੈ (ਭਾਵੇਂ ਉਸ ਦੇ ਪਾਸ ਕਿਤਨਾ ਹੀ ਧਨ-ਪਦਾਰਥ ਹੋਵੇ) ।4।

ਹੇ ਸਹੇਲੀਏ! (ਹੇ ਸਤਸੰਗੀ ਸੱਜਣ!) ਸੁਣ! (ਗੁਰੂ ਦੀ ਕਿਰਪਾ ਨਾਲ) ਮੇਰੇ ਮਨ ਵਿਚ ਪ੍ਰੀਤਮ ਪਿਆਰਾ ਲੱਗ ਰਿਹਾ ਹੈ, ਮੈਂ ਉਸ ਦੇ ਪ੍ਰੇਮ ਵਿਚ ਰੰਗੀ ਗਈ ਹਾਂ, ਜਦੋਂ ਦੀ (ਪ੍ਰਭੂ-ਚਰਨਾਂ ਵਿਚ ਪ੍ਰੀਤ) ਪੈਦਾ ਹੋਈ ਹੈ, ਤਦੋਂ ਦੀ ਉਹੋ ਜਿਹੀ ਕਾਇਮ ਹੈ (ਘਟੀ ਨਹੀਂ) , ਮੇਰੀ ਜਿੰਦ ਪ੍ਰੀਤਮ-ਪ੍ਰਭੂ ਨਾਲ ਇਕ-ਮਿਕ ਹੋ ਗਈ ਹੈ, ਕਾਮਾਦਿਕ ਵੈਰੀ (ਮੇਰੇ ਭਾ ਦੇ) ਮਰ ਗਏ ਹਨ, ਉਹਨਾਂ (ਮਾਨੋ) ਜ਼ਹਰ ਖਾ ਲਈ ਹੈ।5।

ਗੁਰੂ ਦੇ ਸ਼ਬਦ ਵਿਚ ਰੰਗੀਜ ਕੇ ਮੈਂ (ਪ੍ਰਭੂ-ਚਰਨਾਂ ਦਾ) ਪ੍ਰੇਮੀ ਬਣ ਗਿਆ ਹਾਂ, ਹੁਣ ਮੈਂ ਆਪਣੇ ਅੰਦਰ ਹੀ ਪ੍ਰਭੂ ਦੀ ਯਾਦ ਵਿਚ ਜੁੜਿਆ ਰਹਿੰਦਾ ਹਾਂ, ਮੈਂ ਸਦਾ ਪ੍ਰਭੂ ਵਿਚ ਲਿਵ ਲਾਈ ਰੱਖਦਾ ਹਾਂ, ਤੇ ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹਾਂ, ਜਿਉਂ ਜਿਉਂ ਮੈਂ ਹਰੀ ਦੇ ਗੁਣ ਗਾਂਦਾ ਹਾਂ ਮੇਰੇ ਅੰਦਰ ਆਤਮਕ ਜੀਵਨ ਪਲਰਦਾ ਹੈ।6।

ਹੇ ਧਰਤੀ ਦੇ ਮਾਲਕ ਪ੍ਰਭੂ! ਮੈਨੂੰ ਸਤਿਗੁਰੂ ਦੀ ਅਜੇਹੀ ਮਤਿ ਪ੍ਰਾਪਤ ਹੋ ਗਈ ਹੈ ਕਿ ਜਿੱਥੇ (ਆਪਣੇ ਚਰਨਾਂ ਵਿਚ) ਤੂੰ ਮੇਰਾ ਮਨ ਜੋੜਿਆ ਹੈ ਉਥੇ ਹੀ ਜੁੜਿਆ ਪਿਆ ਹੈ। ਹੇ ਪ੍ਰਭੂ! ਪਵਿਤ੍ਰਤਾ ਦਾ ਰਸ ਦੇਣ ਵਾਲਾ ਤੇਰਾ ਨਾਮ ਮੈਨੂੰ ਬੜੇ ਹੀ ਸੁਆਦਲੇ ਰਸ ਵਾਲਾ ਜਾਪ ਰਿਹਾ ਹੈ ਮੈਨੂੰ ਮਿੱਠਾ ਲੱਗ ਰਿਹਾ ਹੈ, ਤੂੰ ਜਗਤ-ਦਾ-ਮੂਲ ਮੈਨੂੰ ਮੇਰੇ ਹਿਰਦੇ ਵਿਚ ਹੀ ਲੱਭ ਪਿਆ ਹੈਂ।7।

ਇੰਦ੍ਰ ਵਰਗੇ ਦੇਵਤੇ, ਬ੍ਰਹਮਾ ਤੇ ਉਸ ਦੇ ਪੁਤ੍ਰ ਸਨਕ ਵਰਗੇ ਮਹਾ ਪੁਰਖ ਜਦੋਂ ਪਰਮਾਤਮਾ ਦੀ ਭਗਤੀ (ਦੇ ਰੰਗ) ਵਿਚ ਰੰਗੇ ਗਏ, ਤਾਂ ਉਹਨਾਂ ਦੀ ਪ੍ਰੀਤਿ ਪ੍ਰਭੂ-ਚਰਨਾਂ ਨਾਲ ਬਣ ਗਈ।

ਹੇ ਨਾਨਕ! (ਆਖ-) ਪਰਮਾਤਮਾ ਦੇ ਨਾਮ ਤੋਂ ਇਕ ਘੜੀ-ਮਾਤ੍ਰ ਵਿਛੁੜਿਆਂ ਭੀ ਮੇਰੀ ਜਿੰਦ ਵਿਆਕੁਲ ਹੋ ਜਾਂਦੀ ਹੈ। ਪਰਮਾਤਮਾ ਦਾ ਨਾਮ ਹੀ ਮੇਰੇ ਵਾਸਤੇ (ਸਭ ਤੋਂ ਸ੍ਰੇਸ਼ਟ) ਵਡਿਆਈ-ਮਾਣ ਹੈ।8।1।

ਸਾਰਗ ਮਹਲਾ ੧ ॥ ਹਰਿ ਬਿਨੁ ਕਿਉ ਧੀਰੈ ਮਨੁ ਮੇਰਾ ॥ ਕੋਟਿ ਕਲਪ ਕੇ ਦੂਖ ਬਿਨਾਸਨ ਸਾਚੁ ਦ੍ਰਿੜਾਇ ਨਿਬੇਰਾ ॥੧॥ ਰਹਾਉ ॥ ਕ੍ਰੋਧੁ ਨਿਵਾਰਿ ਜਲੇ ਹਉ ਮਮਤਾ ਪ੍ਰੇਮੁ ਸਦਾ ਨਉ ਰੰਗੀ ॥ ਅਨਭਉ ਬਿਸਰਿ ਗਏ ਪ੍ਰਭੁ ਜਾਚਿਆ ਹਰਿ ਨਿਰਮਾਇਲੁ ਸੰਗੀ ॥੧॥ ਚੰਚਲ ਮਤਿ ਤਿਆਗਿ ਭਉ ਭੰਜਨੁ ਪਾਇਆ ਏਕ ਸਬਦਿ ਲਿਵ ਲਾਗੀ ॥ ਹਰਿ ਰਸੁ ਚਾਖਿ ਤ੍ਰਿਖਾ ਨਿਵਾਰੀ ਹਰਿ ਮੇਲਿ ਲਏ ਬਡਭਾਗੀ ॥੨॥ ਅਭਰਤ ਸਿੰਚਿ ਭਏ ਸੁਭਰ ਸਰ ਗੁਰਮਤਿ ਸਾਚੁ ਨਿਹਾਲਾ ॥ ਮਨ ਰਤਿ ਨਾਮਿ ਰਤੇ ਨਿਹਕੇਵਲ ਆਦਿ ਜੁਗਾਦਿ ਦਇਆਲਾ ॥੩॥ ਮੋਹਨਿ ਮੋਹਿ ਲੀਆ ਮਨੁ ਮੋਰਾ ਬਡੈ ਭਾਗ ਲਿਵ ਲਾਗੀ ॥ ਸਾਚੁ ਬੀਚਾਰਿ ਕਿਲਵਿਖ ਦੁਖ ਕਾਟੇ ਮਨੁ ਨਿਰਮਲੁ ਅਨਰਾਗੀ ॥੪॥ ਗਹਿਰ ਗੰਭੀਰ ਸਾਗਰ ਰਤਨਾਗਰ ਅਵਰ ਨਹੀ ਅਨ ਪੂਜਾ ॥ ਸਬਦੁ ਬੀਚਾਰਿ ਭਰਮ ਭਉ ਭੰਜਨੁ ਅਵਰੁ ਨ ਜਾਨਿਆ ਦੂਜਾ ॥੫॥ ਮਨੂਆ ਮਾਰਿ ਨਿਰਮਲ ਪਦੁ ਚੀਨਿਆ ਹਰਿ ਰਸ ਰਤੇ ਅਧਿਕਾਈ ॥ ਏਕਸ ਬਿਨੁ ਮੈ ਅਵਰੁ ਨ ਜਾਨਾਂ ਸਤਿਗੁਰਿ ਬੂਝ ਬੁਝਾਈ ॥੬॥ ਅਗਮ ਅਗੋਚਰੁ ਅਨਾਥੁ ਅਜੋਨੀ ਗੁਰਮਤਿ ਏਕੋ ਜਾਨਿਆ ॥ ਸੁਭਰ ਭਰੇ ਨਾਹੀ ਚਿਤੁ ਡੋਲੈ ਮਨ ਹੀ ਤੇ ਮਨੁ ਮਾਨਿਆ ॥੭॥ ਗੁਰ ਪਰਸਾਦੀ ਅਕਥਉ ਕਥੀਐ ਕਹਉ ਕਹਾਵੈ ਸੋਈ ॥ ਨਾਨਕ ਦੀਨ ਦਇਆਲ ਹਮਾਰੇ ਅਵਰੁ ਨ ਜਾਨਿਆ ਕੋਈ ॥੮॥੨॥ {ਪੰਨਾ 1232-1233}

ਪਦ ਅਰਥ: ਕਿਉ ਧੀਰੈ = ਕਿਵੇਂ ਧੀਰਜ ਫੜ ਸਕਦਾ ਹੈ? ਕੋਟਿ = ਕ੍ਰੋੜ। ਕਲਪ = ਚਾਰ ਜੁਗਾਂ ਦਾ ਸਮੁਦਾਇ। ਸਾਚੁ = ਸਦਾ-ਥਿਰ ਰਹਿਣ ਵਾਲਾ ਪ੍ਰਭੂ। ਦ੍ਰਿੜਾਇ = ਮਨ ਵਿਚ ਟਿਕਾਣ ਨਾਲ। ਨਿਬੇਰਾ = ਦੁੱਖਾਂ ਦਾ ਨਿਬੇੜਾ, ਦੁੱਖ ਮੁੱਕ ਜਾਂਦੇ ਹਨ।1। ਰਹਾਉ।

ਨਿਵਾਰਿ = ਦੂਰ ਕਰ ਕੇ। ਹਉ = ਮੈਂ, ਹਉਮੈ। ਮਮਤਾ = ਅਪਣੱਤ। ਨਉ ਰੰਗੀ = ਨਵੇਂ ਰੰਗ ਵਾਲਾ, ਸਦਾ ਨਵਾਂ ਰਹਿਣ ਵਾਲਾ। ਅਨ ਭਉ = ਹੋਰਨਾਂ ਦਾ ਡਰ-ਸਹਿਮ। ਬਿਸਰਿ ਗਏ = ਬਿਸਰਿ ਗਇਆ, ਭੁੱਲ ਜਾਂਦਾ ਹੈ। ਜਾਚਿਆ = ਮੰਗਿਆ। ਨਿਰਮਾਇਲੁ = ਪਵਿਤ੍ਰ। ਸੰਗੀ = ਸਾਥੀ।1।

ਚੰਚਲ = ਸਦਾ ਭਟਕਦੇ ਰਹਿਣ ਵਾਲੀ। ਤਿਆਗਿ = ਤਿਆਗ ਕੇ। ਭਉ ਭੰਜਨੁ = ਡਰ-ਸਹਿਮ ਨਾਸ ਕਰਨ ਵਾਲਾ। ਲਿਵ = ਲਗਨ। ਚਾਖਿ = ਚੱਖ ਕੇ। ਤ੍ਰਿਖਾ = (ਮਾਇਆ ਦੀ) ਤ੍ਰਿਸ਼ਨਾ।2।

ਅਭਰਤ = ਨਾਹ ਭਰੇ ਜਾ ਸਕਣ ਵਾਲੇ, ਜਿਨ੍ਹਾਂ ਦੀ ਤ੍ਰਿਸ਼ਨਾ ਕਦੇ ਨਹੀਂ ਸੀ ਮੁੱਕਦੀ। ਸਿੰਚਿ = (ਪਰਮਾਤਮਾ ਦਾ ਨਾਮ-ਜਲ) ਸਿੰਜ ਕੇ। ਸੁਭਰ = ਨਕਾ-ਨਕ ਭਰੇ ਹੋਏ। ਸਰ = ਤਲਾਬ, ਗਿਆਨ-ਇੰਦ੍ਰੇ। ਨਿਹਾਲਾ = ਨਿਹਾਲਿਆ, ਦਰਸਨ ਕਰ ਲਿਆ। ਰਤਿ = ਪ੍ਰੀਤਿ। ਨਾਮਿ = ਨਾਮ ਵਿਚ। ਨਿਹਕੇਵਲ ਨਾਮਿ = ਪਵਿਤ੍ਰ ਪ੍ਰਭੂ ਦੇ ਨਾਮ ਵਿਚ। ਜੁਗਾਦਿ = ਜੁਗਾਂ ਦੇ ਆਦਿ ਤੋਂ।3।

ਮੋਹਨਿ = ਮੋਹਨ (ਪ੍ਰਭੂ) ਨੇ। ਮੋਰਾ = ਮੇਰਾ। ਬੀਚਾਰਿ = ਵਿਚਾਰ ਕੇ। ਕਿਲਵਿਖ = ਪਾਪ। ਅਨਰਾਗੀ = ਪ੍ਰੇਮੀ।4।

ਗਹਿਰ = ਗਹਿਰਾ, ਡੂੰਘਾ। ਗੰਭੀਰ = ਵੱਡੇ ਜਿਗਰੇ ਵਾਲਾ। ਰਤਨਾਗਰ = (rÄnAwkr) ਰਤਨਾਂ ਦੀ ਖਾਣ। ਅਨ ਪੂਜਾ = ਕਿਸੇ ਹੋਰ ਦੀ ਪੂਜਾ।5।

ਮਨੂਆ = ਕੋਝਾ ਮਨ, ਕੁਰਾਹੇ ਪਿਆ ਹੋਇਆ ਮਨ। ਮਾਰਿ = (ਵਿਕਾਰਾਂ ਦੀ ਅੰਸ) ਮਾਰ ਕੇ। ਪਦੁ = ਆਤਮਕ ਦਰਜਾ। ਚੀਨ੍ਹ੍ਹਿਆ = ਪਛਾਣ ਲਿਆ। ਅਧਿਕਾਈ = ਬਹੁਤ। ਸਤਿਗੁਰਿ = ਗੁਰੂ ਨੇ। ਬੂਝ = ਸਮਝ।6।

ਅਗਮ = (AÀwMX) ਅਪਹੁੰਚ। ਅਗੋਚਰੁ = ਅ-ਗੋ-ਚਰੁ, ਜਿਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨ ਹੋ ਸਕੇ। ਅਨਾਥੁ = ਜਿਸ ਦੇ ਉਪਰ ਕੋਈ ਹੋਰ ਖਸਮ ਨਹੀਂ, ਆਪਣੇ ਆਪ ਦਾ ਆਪ ਹੀ ਮਾਲਕ। ਮਨ ਹੀ ਤੇ = ਮਨ ਤੋਂ ਹੀ ਆਪਣੇ ਅੰਦਰੋਂ ਹੀ। ਮਾਨਿਆ = ਪਤੀਜ ਗਿਆ, ਟਿਕ ਗਿਆ।7।

ਪਰਸਾਦੀ = ਪਰਸਾਦਿ, ਕਿਰਪਾ ਨਾਲ। ਅਕਥਉ = ਜਿਸ ਦਾ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ। ਕਥੀਐ = ਕਥਿਆ ਜਾ ਸਕਦਾ ਹੈ, ਸਿਮਰਿਆ ਜਾ ਸਕਦਾ ਹੈ। ਕਹਉ = ਮੈਂ ਕਹਿੰਦਾ ਹਾਂ, ਮੈਂ ਸਿਫ਼ਤਿ-ਸਾਲਾਹ ਕਰਦਾ ਹਾਂ। ਸੋਈ = ਉਹ ਪ੍ਰਭੂ ਆਪ ਹੀ। ਕਹਾਵੈ = ਸਿਫ਼ਤਿ-ਸਾਲਾਹ ਕਰਾਂਦਾ ਹੈ। ਦਇਆਲ = ਹੇ ਦਇਆਲ!।8।

ਅਰਥ: ਪਰਮਾਤਮਾ ਦੇ ਨਾਮ ਤੋਂ ਵਿਛੁੜ ਕੇ ਮੇਰਾ ਮਨ (ਹੁਣ) ਕਿਸੇ ਤਰ੍ਹਾਂ ਭੀ ਧੀਰਜ ਨਹੀਂ ਫੜਦਾ (ਟਿਕਦਾ ਨਹੀਂ) ਕਿਉਂਕਿ ਇਸ ਨੂੰ ਅਨੇਕਾਂ ਦੁੱਖ ਰੋਗ ਆ ਵਾਪਰਦੇ ਹਨ। ਪਰ ਜੇ ਕ੍ਰੋੜਾਂ ਜੁਗਾਂ ਦੇ ਦੁੱਖ ਨਾਸ ਕਰਨ ਵਾਲੇ ਤੇ ਸਦਾ ਹੀ ਥਿਰ ਰਹਿਣ ਵਾਲੇ ਪਰਮਾਤਮਾ ਨੂੰ (ਮਨ ਵਿਚ) ਟਿਕਾ ਲਈਏ ਤਾਂ ਸਾਰੇ ਦੁੱਖਾਂ ਰੋਗਾਂ ਦਾ ਨਾਸ ਹੋ ਜਾਂਦਾ ਹੈ (ਤੇ ਮਨ ਟਿਕਾਣੇ ਆ ਜਾਂਦਾ ਹੈ) ।1। ਰਹਾਉ।

ਜਿਸ ਮਨੁੱਖ ਨੇ ਪ੍ਰਭੂ (ਦੇ ਦਰ ਤੋਂ ਨਾਮ ਦਾ ਦਾਨ) ਮੰਗਿਆ ਹੈ, ਪਵਿੱਤ-ਸਰੂਪ ਪ੍ਰਭੂ ਉਸ ਦਾ (ਸਦਾ ਲਈ) ਸਾਥੀ ਬਣ ਗਿਆ ਹੈ, ਉਸ ਦੇ ਕ੍ਰੋਧ ਨੂੰ (ਆਪਣੇ ਅੰਦਰੋਂ) ਕੱਢ ਦਿੱਤਾ ਹੈ, ਉਸ ਦੀ ਹਉਮੈ ਤੇ ਅਪਣੱਤ ਸੜ ਜਾਂਦੀ ਹੈ, ਨਿੱਤ ਨਵਾਂ ਰਹਿਣ ਵਾਲਾ ਪ੍ਰੇਮ (ਉਸ ਦੇ ਹਿਰਦੇ ਵਿਚ ਜਾਗ ਪੈਂਦਾ ਹੈ) ।1।

ਜਿਸ ਮਨੁੱਖ ਨੇ ਇਕ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਸ਼ਬਦ ਵਿਚ ਸੁਰਤਿ ਜੋੜੀ ਹੈ ਉਸ ਨੇ (ਮਾਇਕ ਪਦਾਰਥਾਂ ਦੇ ਪਿੱਛੇ) ਭਟਕਣ ਵਾਲੀ ਮਤਿ (ਦੀ ਅਗਵਾਈ) ਤਿਆਗ ਕੇ ਡਰ ਨਾਸ ਕਰਨ ਵਾਲਾ ਪਰਮਾਤਮਾ ਲੱਭ ਲਿਆ ਹੈ। ਪਰਮਾਤਮਾ ਦੇ ਨਾਮ ਦਾ ਸੁਆਦ ਚੱਖ ਕੇ ਉਸ ਨੇ (ਆਪਣੇ ਅੰਦਰੋਂ ਮਾਇਆ ਦੀ) ਤ੍ਰਿਹ ਦੂਰ ਕਰ ਲਈ ਹੈ, ਉਸ ਵਡ-ਭਾਗੀ ਮਨੁੱਖ ਨੂੰ ਪ੍ਰਭੂ ਨੇ ਆਪਣੇ ਚਰਨਾਂ ਵਿਚ ਮਿਲਾ ਲਿਆ ਹੈ।2।

ਜਿਸ ਮਨੁੱਖ ਨੇ ਗੁਰੂ ਦੀ ਮਤਿ ਲੈ ਕੇ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦਾ ਦਰਸਨ ਕਰ ਲਿਆ, ਪ੍ਰਭੂ ਦਾ ਨਾਮ-ਜਲ ਸਿੰਜ ਕੇ ਉਸ ਦੇ ਉਹ ਗਿਆਨ-ਇੰਦ੍ਰੇ ਨਕਾਨਕ ਭਰ ਗਏ ਜਿਨ੍ਹਾਂ ਦੀ ਤ੍ਰਿਸ਼ਨਾ ਪਹਿਲਾਂ ਕਦੇ ਭੀ ਮੁੱਕਦੀ ਨਹੀਂ ਸੀ। ਜਿਨ੍ਹਾਂ ਦੇ ਮਨ ਦੀ ਪ੍ਰੀਤਿ ਪ੍ਰਭੂ ਦੇ ਨਾਮ ਵਿਚ ਬਣ ਜਾਂਦੀ ਹੈ ਉਹ ਉਸ ਪਰਮਾਤਮਾ ਦੇ ਪਿਆਰ ਵਿਚ (ਸਦਾ ਲਈ) ਰੰਗੇ ਜਾਂਦੇ ਹਨ ਜੋ ਸੁੱਧ-ਸਰੂਪ ਹੈ ਤੇ ਜੋ ਸਦਾ ਤੋਂ ਹੀ ਦਇਆ ਦਾ ਸੋਮਾ ਹੈ।3।

ਮੇਰੇ ਚੰਗੇ ਭਾਗਾਂ (ਗੁਰੂ ਦੀ ਕਿਰਪਾ ਨਾਲ) ਮੇਰੀ ਲਿਵ (ਪ੍ਰਭੂ-ਚਰਨਾਂ ਵਿਚ) ਲੱਗ ਗਈ ਹੈ, ਮਨ ਨੂੰ ਮੋਹ ਲੈਣ ਵਾਲੇ ਪ੍ਰਭੂ ਨੇ ਮੇਰਾ ਮਨ (ਆਪਣੇ ਪ੍ਰੇਮ ਵਿਚ) ਮੋਹ ਲਿਆ ਹੈ। ਸਦਾ-ਥਿਰ ਪ੍ਰਭੂ (ਦੇ ਗੁਣਾਂ) ਨੂੰ ਸੋਚ-ਮੰਡਲ ਵਿਚ ਲਿਆਉਣ ਕਰ ਕੇ ਮੇਰੇ ਸਾਰੇ ਪਾਪ-ਦੁੱਖ ਕੱਟੇ ਗਏ ਹਨ, ਮੇਰਾ ਮਨ ਪਵਿਤ੍ਰ ਹੋ ਗਿਆ ਹੈ, (ਪ੍ਰਭੂ-ਚਰਨਾਂ ਦਾ) ਪ੍ਰੇਮੀ ਹੋ ਗਿਆ ਹੈ।4।

ਗੁਰੂ ਦੇ ਸ਼ਬਦ ਨੂੰ ਵਿਚਾਰ ਕੇ ਮੈਂ ਸਮਝ ਲਿਆ ਹੈ ਕਿ ਸਿਰਫ਼ ਪਰਮਾਤਮਾ ਹੀ ਡਰ-ਸਹਿਮ ਦਾ ਨਾਸ ਕਰਨ ਵਾਲਾ ਹੈ, ਕੋਈ ਹੋਰ (ਦੇਵੀ ਦੇਵਤਾ ਆਦਿਕ) ਦੂਜਾ ਨਹੀਂ ਹੈ। ਮੈਂ ਕਿਸੇ ਹੋਰ ਦੀ ਪੂਜਾ ਨਹੀਂ ਕਰਦਾ, ਸਿਰਫ਼ ਉਸ ਨੂੰ ਪੂਜਦਾ ਹਾਂ ਜੋ ਬੜੇ ਡੂੰਘੇ ਤੇ ਵੱਡੇ ਜਿਗਰੇ ਵਾਲਾ ਹੈ, ਜੋ ਬੇਅੰਤ ਰਤਨਾਂ ਦੀ ਖਾਣ ਸਮੁੰਦਰ ਹੈ।5।

ਗੁਰੂ ਨੇ ਮੈਨੂੰ ਸਮਝ ਬਖ਼ਸ਼ ਦਿੱਤੀ ਹੈ, (ਹੁਣ) ਇਕ ਪਰਮਾਤਮਾ ਤੋਂ ਬਿਨਾ ਮੈਂ ਕਿਸੇ ਹੋਰ ਨੂੰ (ਉਸ ਵਰਗਾ) ਨਹੀਂ ਜਾਣਦਾ, ਹੁਣ ਮੈਂ ਪ੍ਰਭੂ ਦੇ ਨਾਮ-ਰਸ ਵਿਚ ਬਹੁਤ ਰੰਗਿਆ ਗਿਆ ਹਾਂ, ਮਨ (ਵਿਚੋਂ ਵਿਕਾਰਾਂ ਦੀ ਅੰਸ) ਮਾਰ ਕੇ ਮੈਂ ਪਵਿਤ੍ਰ ਆਤਮਕ ਦਰਜੇ ਨਾਲ ਡੂੰਘੀ ਸਾਂਝ ਪਾ ਲਈ ਹੈ।6।

ਗੁਰੂ ਦੀ ਮਤਿ ਲੈ ਕੇ ਸਿਰਫ਼ ਉਸ ਪ੍ਰਭੂ ਨਾਲ ਹੀ ਡੂੰਘੀ ਸਾਂਝ ਪਾਈ ਹੈ ਜੋ ਅਪਹੁੰਚ ਹੈ, ਜਿਸ ਤਕ ਗਿਆਨ ਇੰਦ੍ਰਿਆਂ ਦੀ ਪਹੁੰਚ ਨਹੀਂ, ਜੋ ਆਪ ਹੀ ਆਪਣਾ ਖਸਮ-ਮਾਲਕ ਹੈ, ਅਤੇ ਜੋ ਜੂਨਾਂ ਵਿਚ ਨਹੀਂ ਆਉਂਦਾ। (ਇਸ ਸਾਂਝ ਦੀ ਬਰਕਤਿ ਨਾਲ) ਮੇਰੇ ਗਿਆਨ-ਇੰਦ੍ਰੇ (ਨਾਮ-ਰਸ ਨਾਲ) ਨਕਾ-ਨਕ ਭਰ ਗਏ ਹਨ, ਹੁਣ ਮੇਰਾ ਮਨ (ਮਾਇਆ ਵਾਲੇ ਪਾਸੇ) ਡੋਲਦਾ ਨਹੀਂ ਹੈ, ਆਪਣੇ ਅੰਦਰ ਹੀ ਟਿਕ ਗਿਆ ਹੈ।7।

ਪਰਮਾਤਮਾ ਦਾ ਸਰੂਪ ਬਿਆਨ ਤੋਂ ਪਰੇ ਹੈ। ਗੁਰੂ ਦੀ ਕਿਰਪਾ ਨਾਲ ਹੀ ਉਸ ਦਾ ਸਿਮਰਨ ਕੀਤਾ ਜਾ ਸਕਦਾ ਹੈ। ਮੈਂ ਤਦੋਂ ਹੀ ਉਸ ਦੀ ਸਿਫ਼ਤਿ-ਸਾਲਾਹ ਕਰ ਸਕਦਾ ਹਾਂ ਜਦੋਂ ਉਹ ਆਪ ਹੀ ਸਿਫ਼ਤਿ-ਸਾਲਾਹ ਕਰਾਂਦਾ ਹੈ।

ਹੇ ਨਾਨਕ! (ਆਖ-) ਹੇ ਮੇਰੇ ਦੀਨ ਦਇਆਲ ਪ੍ਰਭੂ! ਮੈਨੂੰ ਤੇਰੇ ਵਰਗਾ ਹੋਰ ਕੋਈ ਨਹੀਂ ਦਿੱਸਦਾ, ਮੈਂ ਤੇਰੇ ਨਾਲ ਹੀ ਸਾਂਝ ਪਾਈ ਹੈ।8।2।

TOP OF PAGE

Sri Guru Granth Darpan, by Professor Sahib Singh