ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 1233 ਸਾਰਗ ਮਹਲਾ ੩ ਅਸਟਪਦੀਆ ਘਰੁ ੧ ੴ ਸਤਿਗੁਰ ਪ੍ਰਸਾਦਿ ॥ ਮਨ ਮੇਰੇ ਹਰਿ ਕੈ ਨਾਮਿ ਵਡਾਈ ॥ ਹਰਿ ਬਿਨੁ ਅਵਰੁ ਨ ਜਾਣਾ ਕੋਈ ਹਰਿ ਕੈ ਨਾਮਿ ਮੁਕਤਿ ਗਤਿ ਪਾਈ ॥੧॥ ਰਹਾਉ ॥ ਸਬਦਿ ਭਉ ਭੰਜਨੁ ਜਮਕਾਲ ਨਿਖੰਜਨੁ ਹਰਿ ਸੇਤੀ ਲਿਵ ਲਾਈ ॥ ਹਰਿ ਸੁਖਦਾਤਾ ਗੁਰਮੁਖਿ ਜਾਤਾ ਸਹਜੇ ਰਹਿਆ ਸਮਾਈ ॥੧॥ ਭਗਤਾਂ ਕਾ ਭੋਜਨੁ ਹਰਿ ਨਾਮ ਨਿਰੰਜਨੁ ਪੈਨ੍ਹ੍ਹਣੁ ਭਗਤਿ ਬਡਾਈ ॥ ਨਿਜ ਘਰਿ ਵਾਸਾ ਸਦਾ ਹਰਿ ਸੇਵਨਿ ਹਰਿ ਦਰਿ ਸੋਭਾ ਪਾਈ ॥੨॥ ਮਨਮੁਖ ਬੁਧਿ ਕਾਚੀ ਮਨੂਆ ਡੋਲੈ ਅਕਥੁ ਨ ਕਥੈ ਕਹਾਨੀ ॥ ਗੁਰਮਤਿ ਨਿਹਚਲੁ ਹਰਿ ਮਨਿ ਵਸਿਆ ਅੰਮ੍ਰਿਤ ਸਾਚੀ ਬਾਨੀ ॥੩॥ ਮਨ ਕੇ ਤਰੰਗ ਸਬਦਿ ਨਿਵਾਰੇ ਰਸਨਾ ਸਹਜਿ ਸੁਭਾਈ ॥ ਸਤਿਗੁਰ ਮਿਲਿ ਰਹੀਐ ਸਦ ਅਪੁਨੇ ਜਿਨਿ ਹਰਿ ਸੇਤੀ ਲਿਵ ਲਾਈ ॥੪॥ {ਪੰਨਾ 1233} ਪਦ ਅਰਥ: ਮਨ = ਹੇ ਮਨ! ਹਰਿ ਕੈ ਨਾਮਿ = ਹਰੀ ਦੇ ਨਾਮ ਵਿਚ (ਜੁੜਿਆਂ) । ਵਡਾਈ = ਇੱਜ਼ਤ। ਨ ਜਾਣਾ = ਨਾ ਜਾਣਾਂ, ਮੈਂ ਨਹੀਂ ਜਾਣਦਾ। ਮੁਕਤਿ = ਵਿਕਾਰਾਂ ਤੋਂ ਖ਼ਲਾਸੀ। ਗਤਿ = ਉੱਚੀ ਆਤਮਕ ਅਵਸਥਾ।1। ਰਹਾਉ। ਸਬਦਿ = (ਗੁਰੂ ਦੇ) ਸ਼ਬਦ ਦੀ ਰਾਹੀਂ। ਭਉ ਭੰਜਨੁ = ਡਰ ਨਾਸ ਕਰਨ ਵਾਲਾ ਹਰੀ। ਜਮਕਾਲ ਨਿਖੰਜਨੁ = ਮੌਤ (ਆਤਮਕ ਮੌਤ) ਨਾਸ ਕਰਨ ਵਾਲਾ ਪ੍ਰਭੂ। ਸੇਤੀ = ਨਾਲ। ਲਿਵ = ਲਗਨ। ਗੁਰਮਖਿ = ਗੁਰੂ ਦੀ ਸਰਨ ਪਿਆਂ। ਜਾਤਾ = ਜਾਣਿਆ ਜਾਂਦਾ ਹੈ, ਡੂੰਘੀ ਸਾਂਝ ਪਾਈ ਜਾ ਸਕਦੀ ਹੈ। ਸਹਜੇ = ਆਤਮਕ ਅਡੋਲਤਾ ਵਿਚ।1। ਨਿਰੰਜਨੁ = (ਨਿਰ-ਅੰਜਨੁ। ਅੰਜਨ = ਮਾਇਆ ਦੇ ਮੋਹ ਦੀ ਕਾਲਖ) ਨਿਰਲੇਪ। ਪੈਨ੍ਹ੍ਹਣੁ = ਪੁਸ਼ਾਕ। ਨਿਜ ਘਰਿ = ਆਪਣੇ (ਅਸਲ) ਘਰ ਵਿਚ, ਪ੍ਰਭੂ-ਚਰਨਾਂ ਵਿਚ। ਸੇਵਨਿ = ਸੇਂਵਦੇ ਹਨ, ਸਿਮਰਦੇ ਹਨ। ਦਰਿ = ਦਰ ਤੇ।2। ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ। ਅਕਥੁ = ਉਹ ਪ੍ਰਭੂ ਜਿਸ ਦਾ ਸਹੀ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ। ਕਹਾਨੀ = ਸਿਫ਼ਤਿ-ਸਾਲਾਹ। ਨਿਹਚਲੁ = ਅਟੱਲ, ਅਡੋਲ। ਮਨਿ = ਮਨ ਵਿਚ। ਅੰਮ੍ਰਿਤ = ਆਤਮਕ ਜੀਵਨ ਦੇਣ ਵਾਲਾ ਨਾਮ-ਜਲ। ਸਾਚੀ ਬਾਨੀ = ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਾਣੀ।3। ਤਰੰਗ = ਲੋਹਿਰਾਂ, ਦੌੜ-ਭੱਜ। ਸਬਦਿ = ਸ਼ਬਦ ਦੀ ਰਾਹੀਂ। ਨਿਵਾਰੇ = ਦੂਰ ਹੁੰਦੇ ਹਨ। ਰਸਨਾ = ਜੀਭ। ਸਹਜਿ = ਆਤਮਕ ਅਡੋਲਤਾ ਵਿਚ। ਮਿਲਿ = ਮਿਲ ਕੇ। ਸਦ = ਸਦਾ। ਜਿਨਿ = ਜਿਸ (ਗੁਰੂ) ਨੇ।4। ਅਰਥ: ਹੇ ਮੇਰੇ ਮਨ! ਪਰਮਾਤਮਾ ਦੇ ਨਾਮ ਵਿਚ (ਜੁੜਿਆਂ ਲੋਕ ਪਰਲੋਕ ਦੀ) ਇੱਜ਼ਤ ਮਿਲਦੀ ਹੈ। ਹੇ ਭਾਈ! ਪਰਮਾਤਮਾ ਦੇ ਨਾਮ ਤੋਂ ਬਿਨਾ ਮੈਂ ਕਿਸੇ ਹੋਰ ਨਾਲ ਡੂੰਘੀ ਸਾਂਝ ਨਹੀਂ ਪਾਂਦਾ। ਪ੍ਰਭੂ ਦੇ ਨਾਮ ਦੀ ਰਾਹੀਂ ਵਿਕਾਰਾਂ ਤੋਂ ਖ਼ਲਾਸੀ ਅਤੇ ਉੱਚੀ ਆਤਮਕ ਅਵਸਥਾ ਪ੍ਰਾਪਤ ਹੁੰਦੀ ਹੈ।1। ਰਹਾਉ। ਹੇ ਭਾਈ! ਗੁਰੂ ਦੇ ਸ਼ਬਦ ਦੀ ਰਾਹੀਂ ਡਰ ਦੂਰ ਕਰਨ ਵਾਲਾ ਅਤੇ ਆਤਮਕ ਮੌਤ ਨਾਸ ਕਰਨ ਵਾਲਾ ਹਰੀ ਮਿਲ ਪੈਂਦਾ ਹੈ, ਪਰਮਾਤਮਾ ਨਾਲ ਲਗਨ ਲੱਗ ਜਾਂਦੀ ਹੈ। ਹੇ ਭਾਈ! ਗੁਰੂ ਦੀ ਸਰਨ ਪਿਆਂ ਸਾਰੇ ਸੁਖ ਦੇਣ ਵਾਲੇ ਹਰੀ ਨਾਲ ਸਾਂਝ ਬਣ ਜਾਂਦੀ ਹੈ, (ਗੁਰੂ ਦੀ ਸਰਨ ਪੈ ਕੇ ਮਨੁੱਖ) ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹੈ।1। ਹੇ ਭਾਈ! ਨਿਰਲੇਪ ਹਰਿ-ਨਾਮ (ਹੀ) ਭਗਤ ਜਨਾਂ (ਦੇ ਆਤਮਾ) ਦੀ ਖ਼ੁਰਾਕ ਹੈ, ਪ੍ਰਭੂ ਦੀ ਭਗਤੀ ਉਹਨਾਂ ਵਾਸਤੇ ਪੁਸ਼ਾਕ ਹੈ ਤੇ ਇੱਜ਼ਤ ਹੈ। ਜਿਹੜੇ ਮਨੁੱਖ ਸਦਾ ਪ੍ਰਭੂ ਦਾ ਸਿਮਰਨ ਕਰਦੇ ਹਨ, ਉਹ ਪ੍ਰਭੂ-ਚਰਨਾਂ ਵਿਚ ਟਿਕੇ ਰਹਿੰਦੇ ਹਨ, ਪਰਮਾਤਮਾ ਦੇ ਦਰ ਤੇ ਉਹਨਾਂ ਨੂੰ ਇੱਜ਼ਤ ਮਿਲਦੀ ਹੈ।2। ਹੇ ਭਾਈ! ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਦੀ ਅਕਲ ਹੋਛੀ ਹੁੰਦੀ ਹੈ, ਉਸ ਦਾ ਮਨ (ਮਾਇਆ ਵਿਚ) ਡੋਲਦਾ ਰਹਿੰਦਾ ਹੈ, ਉਹ ਕਦੇ ਅਕੱਥ ਪ੍ਰਭੂ ਦੀ ਸਿਫ਼ਤਿ-ਸਾਲਾਹ ਨਹੀਂ ਕਰਦਾ। ਹੇ ਭਾਈ! ਗੁਰੂ ਦੀ ਮਤਿ ਉੱਤੇ ਤੁਰਿਆਂ ਮਨੁੱਖ ਅਡੋਲ-ਚਿੱਤ ਹੋ ਜਾਂਦਾ ਹੈ, ਉਸ ਦੇ ਮਨ ਵਿਚ ਪਰਮਾਤਮਾ ਆ ਵੱਸਦਾ ਹੈ, ਉਸ ਦੇ ਮਨ ਵਿਚ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਵੱਸਦਾ ਹੈ, ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਵੱਸਦੀ ਹੈ।3। ਹੇ ਭਾਈ! ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਮਨ ਦੀਆਂ ਦੌੜਾਂ-ਭੱਜਾਂ ਦੂਰ ਕਰ ਲਈਦੀਆਂ ਹਨ, ਗੁਰ-ਸ਼ਬਦ ਦੀ ਰਾਹੀਂ ਮਨੁੱਖ ਦੀ ਜੀਭ ਆਤਮਕ ਅਡੋਲਤਾ ਵਿਚ ਟਿੱਕ ਜਾਂਦੀ ਹੈ (ਰਸਾਂ ਕਸਾਂ ਦੇ ਪਿੱਛੇ ਨਹੀਂ ਦੌੜਦੀ) । ਹੇ ਭਾਈ! ਆਪਣੇ ਗੁਰੂ (ਦੇ ਚਰਨਾਂ) ਵਿਚ ਜੁੜੇ ਰਹਿਣਾ ਚਾਹੀਦਾ ਹੈ, ਕਿਉਂਕਿ (ਉਸ) ਗੁਰੂ ਨੇ ਆਪਣੀ ਸੁਰਤਿ ਸਦਾ ਪਰਮਾਤਮਾ ਵਿਚ ਜੋੜ ਰੱਖੀ ਹੈ।4। ਮਨੁ ਸਬਦਿ ਮਰੈ ਤਾ ਮੁਕਤੋ ਹੋਵੈ ਹਰਿ ਚਰਣੀ ਚਿਤੁ ਲਾਈ ॥ ਹਰਿ ਸਰੁ ਸਾਗਰੁ ਸਦਾ ਜਲੁ ਨਿਰਮਲੁ ਨਾਵੈ ਸਹਜਿ ਸੁਭਾਈ ॥੫॥ ਸਬਦੁ ਵੀਚਾਰਿ ਸਦਾ ਰੰਗਿ ਰਾਤੇ ਹਉਮੈ ਤ੍ਰਿਸਨਾ ਮਾਰੀ ॥ ਅੰਤਰਿ ਨਿਹਕੇਵਲੁ ਹਰਿ ਰਵਿਆ ਸਭੁ ਆਤਮ ਰਾਮੁ ਮੁਰਾਰੀ ॥੬॥ ਸੇਵਕ ਸੇਵਿ ਰਹੇ ਸਚਿ ਰਾਤੇ ਜੋ ਤੇਰੈ ਮਨਿ ਭਾਣੇ ॥ ਦੁਬਿਧਾ ਮਹਲੁ ਨ ਪਾਵੈ ਜਗਿ ਝੂਠੀ ਗੁਣ ਅਵਗਣ ਨ ਪਛਾਣੇ ॥੭॥ ਆਪੇ ਮੇਲਿ ਲਏ ਅਕਥੁ ਕਥੀਐ ਸਚੁ ਸਬਦੁ ਸਚੁ ਬਾਣੀ ॥ ਨਾਨਕ ਸਾਚੇ ਸਚਿ ਸਮਾਣੇ ਹਰਿ ਕਾ ਨਾਮੁ ਵਖਾਣੀ ॥੮॥੧॥ {ਪੰਨਾ 1233} ਪਦ ਅਰਥ: ਸਬਦਿ = ਗੁਰੂ ਦੇ ਸ਼ਬਦ ਦੀ ਰਾਹੀਂ। ਮਰੈ = ਆਪਾ-ਭਾਵ ਦੂਰ ਕਰਦਾ ਹੈ। ਤਾ = ਤਦੋਂ। ਮੁਕਤੋ = ਮੁਕਤੁ, ਵਿਕਾਰਾਂ ਤੋਂ ਸੁਤੰਤਰ। ਲਾਈ = ਲਾਇ, ਲਾ ਕੇ। ਸਰੁ = ਤਾਲਾਬ। ਸਾਗਰੁ = ਸਮੁੰਦਰ। ਨਿਰਮਲੁ = ਪਵਿੱਤਰ। ਨਾਵੈ = ਇਸ਼ਨਾਨ ਕਰਦਾ ਹੈ। ਸਹਜਿ = ਆਤਮਕ ਅਡੋਲਤਾ ਵਿਚ। ਸੁਭਾਈ = ਸੁਭਾਇ, ਪ੍ਰੇਮ ਵਿਚ।5। ਵੀਚਾਰਿ = ਮਨ ਵਿਚ ਵਸਾ ਕੇ। ਰੰਗਿ = ਪ੍ਰੇਮ ਵਿਚ। ਰਾਤੇ = ਰੰਗੇ ਹੋਏ। ਮਾਰੀ = ਮਾਰਿ, ਮਾਰ ਕੇ। ਨਿਹਕੇਵਲੁ = ਸੁੱਧ-ਸਰੂਪ ਪਰਮਾਤਮਾ। ਰਵਿਆ = ਵਿਆਪਕ। ਸਭੁ = ਹਰ ਥਾਂ। ਆਤਮਰਾਮੁ = ਪਰਮਾਤਮਾ। ਮੁਰਾਰੀ = (ਮੁਰ-ਅਰਿ) ਵਾਹਿਗੁਰੂ।6। ਸੇਵਿ ਰਹੇ = ਸੇਵਾ-ਭਗਤੀ ਕਰਦੇ ਰਹਿੰਦੇ ਹਨ। ਸਚਿ = ਸਦਾ-ਥਿਰ ਨਾਮ ਵਿਚ। ਤੇਰੈ ਮਨਿ = ਤੇਰੇ ਮਨ ਵਿਚ। ਭਾਣੇ = ਚੰਗੇ ਲੱਗਦੇ ਹਨ। ਦੁਬਿਧਾ = ਦੁ-ਚਿੱਤਾ-ਪਨ, ਮੇਰ-ਤੇਰ। ਮਹਲੁ = ਪ੍ਰਭੂ-ਚਰਨਾਂ ਵਿਚ ਥਾਂ। ਜਗਿ = ਜਗਤ ਵਿਚ।7। ਆਪੇ = ਆਪ ਹੀ। ਅਕਥੁ = ਉਹ ਪ੍ਰਭੂ ਜਿਸ ਦਾ ਸਹੀ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ। ਕਥੀਐ = ਸਿਫ਼ਤਿ-ਸਾਲਾਹ ਕੀਤੀ ਜਾ ਸਕਦੀ ਹੈ। ਸਚੁ ਸਬਦੁ ਸਚੁ ਬਾਣੀ = ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਾਣੀ। ਸਾਚੇ ਸਾਚਿ = ਸਾਚਿ ਹੀ ਸਾਚਿ, ਸਦਾ ਕਾਇਮ ਰਹਿਣ ਵਾਲੇ ਪ੍ਰਭੂ ਵਿਚ ਸਦਾ ਹੀ। ਵਖਾਣੀ = ਵਖਾਣਿ, ਉਚਾਰ ਕੇ।8। ਅਰਥ: ਹੇ ਭਾਈ! (ਜਦੋਂ ਕਿਸੇ ਮਨੁੱਖ ਦਾ) ਮਨ ਗੁਰੂ ਦੇ ਸ਼ਬਦ ਦੀ ਰਾਹੀਂ ਆਪਾ-ਭਾਵ ਦੂਰ ਕਰਦਾ ਹੈ, ਤਦੋਂ (ਉਹ ਮਨੁੱਖ) ਪ੍ਰਭੂ ਦੇ ਚਰਨਾਂ ਵਿਚ ਚਿੱਤ ਜੋੜ ਕੇ ਵਿਕਾਰਾਂ ਦੇ ਪੰਜੇ ਵਿਚੋਂ ਨਿਕਲ ਜਾਂਦਾ ਹੈ। ਹੇ ਭਾਈ! ਪਰਮਾਤਮਾ (ਮਾਨੋ, ਐਸਾ) ਸਰੋਵਰ ਹੈ ਸਮੁੰਦਰ ਹੈ (ਜਿਸ ਦਾ) ਜਲ ਪਵਿੱਤਰ ਰਹਿੰਦਾ ਹੈ, (ਜਿਹੜਾ ਮਨੁੱਖ ਇਸ ਵਿਚ) ਇਸ਼ਨਾਨ ਕਰਦਾ ਹੈ, ਉਹ ਆਤਮਕ ਅਡੋਲਤਾ ਵਿਚ ਪ੍ਰੇਮ ਵਿਚ ਲੀਨ ਰਹਿੰਦਾ ਹੈ।5। ਹੇ ਭਾਈ! ਜਿਹੜੇ ਮਨੁੱਖ ਗੁਰੂ ਦੇ ਸ਼ਬਦ ਨੂੰ ਆਪਣੇ ਮਨ ਵਿਚ ਵਸਾ ਕੇ (ਤੇ, ਸ਼ਬਦ ਦੀ ਬਰਕਤਿ ਨਾਲ ਆਪਣੇ ਅੰਦਰੋਂ) ਹਉਮੈ ਅਤੇ ਤ੍ਰਿਸ਼ਨਾ ਨੂੰ ਮੁਕਾ ਕੇ ਸਦਾ (ਪ੍ਰਭੂ ਦੇ) ਪਿਆਰ-ਰੰਗ ਵਿਚ ਰੰਗੇ ਰਹਿੰਦੇ ਹਨ, ਉਹਨਾਂ ਦੇ ਅੰਦਰ ਸੁੱਧ-ਸਰੂਪ ਹਰੀ ਆ ਵੱਸਦਾ ਹੈ, (ਉਹਨਾਂ ਨੂੰ) ਹਰ ਥਾਂ ਪਰਮਾਤਮਾ ਹੀ ਦਿੱਸਦਾ ਹੈ।6। ਪਰ, ਹੇ ਪ੍ਰਭੂ! ਉਹੀ ਸੇਵਕ ਤੇਰੀ ਸੇਵਾ-ਭਗਤੀ ਕਰਦੇ ਹਨ ਅਤੇ ਤੇਰੇ ਸਦਾ-ਥਿਰ ਨਾਮ ਵਿਚ ਰੰਗੇ ਰਹਿੰਦੇ ਹਨ, ਜਿਹੜੇ ਤੇਰੇ ਮਨ ਵਿਚ ਪਿਆਰੇ ਲੱਗਦੇ ਹਨ। ਹੇ ਭਾਈ! ਮੇਰ-ਤੇਰ ਵਿਚ ਫਸੀ ਹੋਈ ਜੀਵ-ਇਸਤ੍ਰੀ ਪਰਮਾਤਮਾ ਦੇ ਚਰਨਾਂ ਵਿਚ ਥਾਂ ਨਹੀਂ ਲੈ ਸਕਦੀ, ਉਹ ਦੁਨੀਆ ਵਿਚ ਭੀ ਆਪਣਾ ਇਤਬਾਰ ਗਵਾਈ ਰੱਖਦੀ ਹੈ, ਉਹ ਇਹ ਨਹੀਂ ਪਛਾਣ ਸਕਦੀ ਕਿ ਜੋ ਕੁਝ ਮੈਂ ਕਰ ਰਹੀ ਹਾਂ ਇਹ ਚੰਗਾ ਹੈ ਜਾਂ ਮਾੜਾ।7। ਹੇ ਭਾਈ! ਜਦੋਂ ਪ੍ਰਭੂ ਆਪ ਹੀ ਆਪਣੇ ਚਰਨਾਂ ਵਿਚ ਜੋੜੇ, ਤਦੋਂ ਹੀ ਉਸ ਅਕੱਥ ਪ੍ਰਭੂ ਦੀ ਸਿਫ਼ਤਿ-ਸਾਲਾਹ ਕੀਤੀ ਜਾ ਸਕਦੀ ਹੈ, ਤਦੋਂ ਹੀ ਉਸ ਦਾ ਸਦਾ-ਥਿਰ ਸ਼ਬਦ ਉਸ ਦੀ ਸਦਾ-ਥਿਰ ਬਾਣੀ ਦਾ ਉਚਾਰਨ ਕੀਤਾ ਜਾ ਸਕਦਾ ਹੈ। ਹੇ ਨਾਨਕ! (ਜਿਨ੍ਹਾਂ ਨੂੰ ਪ੍ਰਭੂ ਆਪ ਆਪਣੇ ਚਰਨਾਂ ਵਿਚ ਜੋੜਦਾ ਹੈ; ਉਹ ਮਨੁੱਖ) ਪਰਮਾਤਮਾ ਦਾ ਨਾਮ ਸਿਮਰ ਸਿਮਰ ਕੇ ਸਦਾ ਹੀ ਉਸ ਸਦਾ-ਥਿਰ ਪ੍ਰਭੂ ਵਿਚ ਲੀਨ ਰਹਿੰਦੇ ਹਨ।8।1। |
Sri Guru Granth Darpan, by Professor Sahib Singh |