ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 1234 ਸਾਰਗ ਮਹਲਾ ੩ ॥ ਮਨ ਮੇਰੇ ਹਰਿ ਕਾ ਨਾਮੁ ਅਤਿ ਮੀਠਾ ॥ ਜਨਮ ਜਨਮ ਕੇ ਕਿਲਵਿਖ ਭਉ ਭੰਜਨ ਗੁਰਮੁਖਿ ਏਕੋ ਡੀਠਾ ॥੧॥ ਰਹਾਉ ॥ ਕੋਟਿ ਕੋਟੰਤਰ ਕੇ ਪਾਪ ਬਿਨਾਸਨ ਹਰਿ ਸਾਚਾ ਮਨਿ ਭਾਇਆ ॥ ਹਰਿ ਬਿਨੁ ਅਵਰੁ ਨ ਸੂਝੈ ਦੂਜਾ ਸਤਿਗੁਰਿ ਏਕੁ ਬੁਝਾਇਆ ॥੧॥ ਪ੍ਰੇਮ ਪਦਾਰਥੁ ਜਿਨ ਘਟਿ ਵਸਿਆ ਸਹਜੇ ਰਹੇ ਸਮਾਈ ॥ ਸਬਦਿ ਰਤੇ ਸੇ ਰੰਗਿ ਚਲੂਲੇ ਰਾਤੇ ਸਹਜਿ ਸੁਭਾਈ ॥੨॥ ਰਸਨਾ ਸਬਦੁ ਵੀਚਾਰਿ ਰਸਿ ਰਾਤੀ ਲਾਲ ਭਈ ਰੰਗੁ ਲਾਈ ॥ ਰਾਮ ਨਾਮੁ ਨਿਹਕੇਵਲੁ ਜਾਣਿਆ ਮਨੁ ਤ੍ਰਿਪਤਿਆ ਸਾਂਤਿ ਆਈ ॥੩॥ ਪੰਡਿਤ ਪੜ੍ਹ੍ਹਿ ਪੜ੍ਹ੍ਹਿ ਮੋਨੀ ਸਭਿ ਥਾਕੇ ਭ੍ਰਮਿ ਭੇਖ ਥਕੇ ਭੇਖਧਾਰੀ ॥ ਗੁਰ ਪਰਸਾਦਿ ਨਿਰੰਜਨੁ ਪਾਇਆ ਸਾਚੈ ਸਬਦਿ ਵੀਚਾਰੀ ॥੪॥ {ਪੰਨਾ 1234} ਪਦ ਅਰਥ: ਮਨ = ਹੇ ਮਨ! ਅਤਿ = ਬਹੁਤ। ਕਿਲਵਿਖ = ਪਾਪ। ਭਉ = ਡਰ। ਕਿਲਵਿਖ ਭੰਜਨ = ਪਾਪਾਂ ਦਾ ਨਾਸ ਕਰਨ ਵਾਲਾ। ਭਉ ਭੰਜਨ = ਡਰ ਦੂਰ ਕਰਨ ਵਾਲਾ ਪ੍ਰਭੂ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ।1। ਰਹਾਉ। ਕੋਟਿ = ਕਿਲ੍ਹੇ। ਕੋਟਿ = ਕ੍ਰੋੜਾਂ। ਕੋਟਿ ਕੋਟੰਤਰੁ ਕੇ = ਕ੍ਰੋੜਾਂ ਸਰੀਰ-ਕਿਲ੍ਹਿਆਂ ਦੇ, ਕ੍ਰੋੜਾਂ ਜਨਮਾਂ ਦੇ। ਸਾਚਾ = ਸਦਾ ਕਾਇਮ ਰਹਿਣ ਵਾਲਾ। ਮਨਿ = ਮਨ ਵਿਚ। ਸਤਿਗੁਰਿ = ਗੁਰੂ ਨੇ। ਬੁਝਾਇਆ = ਸਮਝ ਬਖ਼ਸ਼ੀ।1। ਜਿਨ ਘਟਿ = ਜਿਨ੍ਹਾਂ ਦੇ ਹਿਰਦੇ ਵਿਚ। ਸਹਜੇ = ਆਤਮਕ ਅਡੋਲਤਾ ਵਿਚ ਹੀ। ਸਬਦਿ = ਸ਼ਬਦ ਵਿਚ। ਸੇ = ਉਹ (ਬਹੁ-ਵਚਨ) । ਰੰਗਿ ਚਲੂਲੇ = ਰੰਗ ਵਿਚ ਗੂੜ੍ਹੇ ਰੰਗੇ ਹੋਏ। ਸੁਭਾਈ = ਸੁਭਾਇ, ਪ੍ਰੇਮ ਵਿਚ।2। ਰਸਨਾ = ਜੀਭ। ਸਬਦੁ ਵੀਚਾਰਿ = ਸ਼ਬਦ ਨੂੰ ਮਨ ਵਿਚ ਵਸਾ ਕੇ। ਰਸਿ = ਰਸ ਵਿਚ। ਰੰਗੁ = ਪ੍ਰੇਮ। ਨਿਹਕੇਵਲੁ = ਸੁੱਧ-ਸਰੂਪ ਪ੍ਰਭੂ। ਜਾਣਿਆ = ਸਾਂਝ ਪਾ ਲਈ। ਤ੍ਰਿਪਤਿਆ = ਰੱਜ ਗਿਆ।3। ਪੜ੍ਹ੍ਹਿ = ਪੜ੍ਹ ਕੇ। ਸਭਿ = ਸਾਰੇ। ਭ੍ਰਮਿ = ਭਟਕਣਾ ਵਿਚ ਪੈ ਕੇ। ਪਰਸਾਦਿ = ਕਿਰਪਾ ਨਾਲ। ਨਿਰੰਜਨੁ = ਨਿਰਲੇਪ ਪ੍ਰਭੂ। ਸਾਚੈ ਸਬਦਿ = ਸੱਚੇ ਸ਼ਬਦ ਵਿਚ, ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ ਸ਼ਬਦ ਵਿਚ। ਵੀਚਾਰੀ = ਵਿਚਾਰਦਾ ਹੈ, ਮਨ ਵਿਚ ਵਸਾਂਦਾ ਹੈ।4। ਅਰਥ: ਹੇ ਮੇਰੇ ਮਨ! (ਜਿਸ ਮਨੁੱਖ ਨੂੰ) ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਨਾਮ ਬਹੁਤ ਪਿਆਰਾ ਲੱਗਣ ਲੱਗ ਪੈਂਦਾ ਹੈ, ਉਹ ਮਨੁੱਖ ਅਨੇਕਾਂ ਜਨਮਾਂ ਦੇ ਪਾਪ ਅਤੇ ਡਰ ਨਾਸ ਕਰਨ ਵਾਲੇ ਪ੍ਰਭੂ ਨੂੰ ਹੀ (ਹਰ ਥਾਂ) ਵੇਖਦਾ ਹੈ।1। ਰਹਾਉ। ਹੇ ਭਾਈ! (ਜਿਸ ਮਨੁੱਖ ਨੂੰ) ਸਤਿਗੁਰੂ ਨੇ ਇਕ ਪਰਮਾਤਮਾ ਦੀ ਸਮਝ ਬਖ਼ਸ਼ ਦਿੱਤੀ, ਉਸ ਨੂੰ ਪਰਮਾਤਮਾ ਤੋਂ ਬਿਨਾ ਕੋਈ ਹੋਰ ਦੂਜਾ (ਕਿਤੇ ਵੱਸਦਾ) ਨਹੀਂ ਸੁੱਝਦਾ, ਕ੍ਰੋੜਾਂ ਜਨਮਾਂ ਦੇ ਪਾਪ ਨਾਸ ਕਰਨ ਵਾਲਾ ਸਦਾ-ਥਿਰ ਪ੍ਰਭੂ ਹੀ ਉਸ ਨੂੰ (ਆਪਣੇ) ਮਨ ਵਿਚ ਪਿਆਰਾ ਲੱਗਦਾ ਹੈ।1। ਹੇ ਭਾਈ! ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ (ਪ੍ਰਭੂ ਦਾ) ਅਮੋਲਕ ਪ੍ਰੇਮ ਆ ਵੱਸਦਾ ਹੈ, ਉਹ ਸਦਾ ਆਤਮਕ ਅਡੋਲਤਾ ਵਿਚ ਟਿੱਕੇ ਰਹਿੰਦੇ ਹਨ। ਗੁਰੂ ਦੇ ਸ਼ਬਦ-ਰੰਗ ਵਿਚ ਗੂੜ੍ਹੇ ਰੰਗੇ ਹੋਏ ਉਹ ਮਨੁੱਖ ਆਤਮਕ ਅਡੋਲਤਾ ਅਤੇ ਪ੍ਰੇਮ ਵਿਚ ਰੰਗੇ ਰਹਿੰਦੇ ਹਨ।2। ਹੇ ਭਾਈ! ਗੁਰੂ ਦਾ ਸ਼ਬਦ ਮਨ ਵਿਚ ਵਸਾ ਕੇ ਜਿਸ ਮਨੁੱਖ ਦੀ ਜੀਭ ਨਾਮ ਦੇ ਸੁਆਦ ਵਿਚ ਗਿੱਝ ਜਾਂਦੀ ਹੈ, ਨਾਮ-ਰੰਗ ਲਾ ਕੇ ਗੂੜ੍ਹੀ ਰੰਗੀ ਜਾਂਦੀ ਹੈ, ਉਹ ਮਨੁੱਖ ਸੁੱਧ-ਸਰੂਪ ਹਰੀ ਦੇ ਨਾਮ ਨਾਲ ਡੂੰਘੀ ਸਾਂਝ ਪਾ ਲੈਂਦਾ ਹੈ, ਉਸ ਦਾ ਮਨ (ਮਾਇਆ ਵੱਲੋਂ) ਰੱਜ ਜਾਂਦਾ ਹੈ, ਉਸ ਦੇ ਅੰਦਰ ਸ਼ਾਂਤੀ ਪੈਦਾ ਹੋ ਜਾਂਦੀ ਹੈ।3। ਪਰ, ਹੇ ਭਾਈ! ਪੰਡਿਤ ਲੋਕ (ਵੇਦ ਆਦਿਕ ਧਰਮ-ਪੁਸਤਕਾਂ) ਪੜ੍ਹ ਪੜ੍ਹ ਕੇ ਥੱਕ ਜਾਂਦੇ ਹਨ, ਸਮਾਧੀਆਂ ਲਾਣ ਵਾਲੇ (ਸਮਾਧੀਆਂ ਲਾ ਲਾ ਕੇ) ਥੱਕ ਜਾਂਦੇ ਹਨ, ਭੇਖਧਾਰੀ ਮਨੁੱਖ ਧਾਰਮਿਕ ਭੇਖਾਂ ਵਿਚ ਹੀ ਭਟਕ ਭਟਕ ਕੇ ਥੱਕ ਜਾਂਦੇ ਹਨ (ਉਹਨਾਂ ਨੂੰ ਹਰਿ-ਨਾਮ ਦੀ ਦਾਤਿ ਪ੍ਰਾਪਤੀ ਨਹੀਂ ਹੁੰਦੀ) । ਜਿਹੜਾ ਮਨੁੱਖ ਗੁਰੂ ਦੀ ਕਿਰਪਾ ਨਾਲ ਸਦਾ-ਥਿਰ ਪ੍ਰਭੂ ਦੇ ਸ਼ਬਦ ਵਿਚ ਸੁਰਤਿ ਜੋੜਦਾ ਹੈ ਉਹ ਮਨੁੱਖ ਨਿਰਲੇਪ ਪ੍ਰਭੂ ਦਾ ਮਿਲਾਪ ਹਾਸਲ ਕਰ ਲੈਂਦਾ ਹੈ।4। ਆਵਾ ਗਉਣੁ ਨਿਵਾਰਿ ਸਚਿ ਰਾਤੇ ਸਾਚ ਸਬਦੁ ਮਨਿ ਭਾਇਆ ॥ ਸਤਿਗੁਰੁ ਸੇਵਿ ਸਦਾ ਸੁਖੁ ਪਾਈਐ ਜਿਨਿ ਵਿਚਹੁ ਆਪੁ ਗਵਾਇਆ ॥੫॥ ਸਾਚੈ ਸਬਦਿ ਸਹਜ ਧੁਨਿ ਉਪਜੈ ਮਨਿ ਸਾਚੈ ਲਿਵ ਲਾਈ ॥ ਅਗਮ ਅਗੋਚਰੁ ਨਾਮੁ ਨਿਰੰਜਨੁ ਗੁਰਮੁਖਿ ਮੰਨਿ ਵਸਾਈ ॥੬॥ ਏਕਸ ਮਹਿ ਸਭੁ ਜਗਤੋ ਵਰਤੈ ਵਿਰਲਾ ਏਕੁ ਪਛਾਣੈ ॥ ਸਬਦਿ ਮਰੈ ਤਾ ਸਭੁ ਕਿਛੁ ਸੂਝੈ ਅਨਦਿਨੁ ਏਕੋ ਜਾਣੈ ॥੭॥ ਜਿਸ ਨੋ ਨਦਰਿ ਕਰੇ ਸੋਈ ਜਨੁ ਬੂਝੈ ਹੋਰੁ ਕਹਣਾ ਕਥਨੁ ਨ ਜਾਈ ॥ ਨਾਨਕ ਨਾਮਿ ਰਤੇ ਸਦਾ ਬੈਰਾਗੀ ਏਕ ਸਬਦਿ ਲਿਵ ਲਾਈ ॥੮॥੨॥ {ਪੰਨਾ 1234} ਪਦ ਅਰਥ: ਆਵਾਗਉਣੁ = ਜੰਮਣ ਮਰਨ ਦਾ ਗੇੜ (ਆਵਾ = ਆਉਣਾ, ਜੰਮਣਾ। ਗਉਣੁ = ਜਾਣਾ, ਮਰਨਾ) । ਨਿਵਾਰਿ = ਦੂਰ ਕਰ ਕੇ। ਸਚਿ = ਸਦਾ-ਥਿਰ ਪ੍ਰਭੂ ਵਿਚ। ਸਾਚ ਸਬਦੁ = ਸਦਾ-ਥਿਰ ਪ੍ਰਭੂ ਦਾ ਸ਼ਬਦ, ਸਦਾ-ਥਿਰ ਹਰੀ ਦੀ ਸਿਫ਼ਤਿ-ਸਾਲਾਹ। ਮਨਿ = ਮਨ ਵਿਚ। ਭਇਆ = ਪਿਆਰਾ ਲੱਗਾ। ਪਾਈਐ = ਪ੍ਰਾਪਤ ਕਰੀਦਾ ਹੈ। ਜਿਨਿ = ਜਿਸ (ਗੁਰੂ) ਨੇ। ਆਪੁ = ਆਪਾ-ਭਾਵ।5। ਸਾਚੈ ਸਬਦਿ = ਸਦਾ-ਥਿਰ ਪ੍ਰਭੂ ਦੇ ਸ਼ਬਦ ਦੀ ਰਾਹੀਂ। ਸਹਜ ਧੁਨਿ = ਆਤਮਕ ਅਡੋਲਤਾ ਦੀ ਰੌ। ਮਨਿ = ਮਨ ਵਿਚ। ਸਾਚੈ = ਸਦਾ ਕਾਇਮ ਰਹਿਣ ਵਾਲੇ ਹਰੀ ਵਿਚ। ਲਿਵ = ਲਗਨ। ਅਗਮ = ਅਪਹੁੰਚ। ਅਗੋਚਰੁ = (ਅ-ਗੋ-ਚਰੁ। ਗੋ = ਗਿਆਨ-ਇੰਦ੍ਰੇ। ਚਰੁ = ਪਹੁੰਚ) ਜਿਸ ਤਕ ਗਿਆਨ ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ। ਨਿਰੰਜਨੁ = (ਨਿਰ-ਅੰਜਨ) ਮਾਇਆ ਦੇ ਮੋਹ ਦੀ ਕਾਲਖ ਤੋਂ ਰਹਿਤ, ਨਿਰਲੇਪ। ਗੁਰਮੁਖਿ = ਗੁਰੂ ਦੀ ਰਾਹੀਂ। ਮੰਨਿ = ਮਨਿ, ਮਨ ਵਿਚ।6। ਏਕਸ ਮਹਿ = ਇਕ (ਪ੍ਰਭੂ) ਵਿਚ ਹੀ। ਪਛਾਣੇ = ਸਾਂਝ ਪਾਂਦਾ ਹੈ। ਸਬਦਿ = ਸ਼ਬਦ ਦੀ ਰਾਹੀਂ। ਮਰੈ = ਆਪਾ-ਭਾਵ ਦੂਰ ਕਰੇ। ਅਨਦਿਨੁ = ਹਰ ਰੋਜ਼, ਹਰ ਵੇਲੇ।7। ਜਿਸ ਨੋ = (ਸੰਬੰਧਕ 'ਨੋ' ਦੇ ਕਾਰਨ ਲਫ਼ਜ਼ 'ਜਿਸੁ' ਦਾ ੁ ਉੱਡ ਗਿਆ ਹੈ) । ਸੋਈ = ਉਹੀ। ਹੋਰੁ = ਕੋਈ ਹੋਰ ਤਰੀਕਾ (ਸਮਝਣ ਦਾ) । ਨਾਮਿ = ਨਾਮ ਵਿਚ। ਬੈਰਾਗੀ = ਵੈਰਾਗਵਾਨ। ਸਬਦਿ = ਸ਼ਬਦ ਵਿਚ। ਲਿਵ = ਲਗਨ। ਲਾਈ = ਲਾ ਕੇ।8। ਅਰਥ: ਹੇ ਭਾਈ! ਜਿਸ (ਗੁਰੂ) ਨੇ (ਆਪਣੇ ਅੰਦਰੋਂ) ਆਪਾ-ਭਾਵ ਦੂਰ ਕੀਤਾ ਹੋਇਆ ਹੈ, ਉਸ ਗੁਰੂ ਦੀ ਸਰਨ ਪੈ ਕੇ (ਹੀ) ਸਦਾ ਆਤਮਕ ਆਨੰਦ ਮਾਣੀਦਾ ਹੈ। ਜਿਨ੍ਹਾਂ ਮਨੁੱਖਾਂ ਨੂੰ ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਵਾਲਾ ਗੁਰ-ਸ਼ਬਦ ਮਨ ਵਿਚ ਪਿਆਰਾ ਲਗਦਾ ਹੈ, ਉਹ (ਗੁਰ-ਸ਼ਬਦ ਦੀ ਬਰਕਤਿ ਨਾਲ) ਜਨਮ ਮਰਨ ਦਾ ਗੇੜ ਮਿਟਾ ਕੇ ਸਦਾ-ਥਿਰ ਪ੍ਰਭੂ (ਦੇ ਨਾਮ-ਰੰਗ) ਵਿਚ ਰੰਗੇ ਰਹਿੰਦੇ ਹਨ।5। ਹੇ ਭਾਈ! ਜਿਹੜਾ ਮਨੁੱਖ ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ ਸ਼ਬਦ ਵਿਚ (ਜੁੜ ਕੇ) ਆਪਣੇ ਮਨ ਦੀ ਰਾਹੀਂ ਸਦਾ-ਥਿਰ ਪ੍ਰਭੂ ਵਿਚ ਸੁਰਤਿ ਜੋੜੀ ਰਖਦਾ ਹੈ, (ਉਸ ਦੇ ਅੰਦਰ) ਆਤਮਕ ਅਡੋਲਤਾ ਦੀ ਰੌ ਪੈਦਾ ਹੋ ਜਾਂਦੀ ਹੈ। ਹੇ ਭਾਈ! ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ (ਹੀ) ਅਪਹੁੰਚ ਅਗੋਚਰ ਅਤੇ ਨਿਰਲੇਪ ਪ੍ਰਭੂ ਦਾ ਨਾਮ ਆਪਣੇ ਮਨ ਵਿਚ ਵਸਾਂਦਾ ਹੈ।6। ਹੇ ਭਾਈ! (ਗੁਰੂ ਦੇ ਸਨਮੁਖ ਰਹਿਣ ਵਾਲਾ ਹੀ) ਕੋਈ ਵਿਰਲਾ ਮਨੁੱਖ ਇਕ ਪਰਮਾਤਮਾ ਨਾਲ ਸਾਂਝ ਪਾਂਦਾ ਹੈ (ਤੇ, ਇਹ ਸਮਝਦਾ ਹੈ ਕਿ) ਸਾਰਾ ਸੰਸਾਰ ਇਕ ਪਰਮਾਤਮਾ (ਦੇ ਹੁਕਮ) ਵਿਚ ਹੀ ਕਾਰ ਚਲਾ ਰਿਹਾ ਹੈ। ਜਦੋਂ ਕੋਈ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ (ਆਪਣੇ ਅੰਦਰੋਂ) ਆਪਾ-ਭਾਵ ਦੂਰ ਕਰਦਾ ਹੈ, ਤਦੋਂ ਉਸ ਨੂੰ (ਇਹ) ਸਾਰੀ ਸੂਝ ਆ ਜਾਂਦੀ ਹੈ, ਤਦੋਂ ਉਹ ਹਰ ਵੇਲੇ ਸਿਰਫ਼ ਪਰਮਾਤਮਾ ਨਾਲ ਡੂੰਘੀ ਸਾਂਝ ਪਾਈ ਰੱਖਦਾ ਹੈ।7। ਹੇ ਭਾਈ! ਜਿਸ ਮਨੁੱਖ ਉਤੇ ਪਰਮਾਤਮਾ ਮਿਹਰ ਦੀ ਨਿਗਾਹ ਕਰਦਾ ਹੈ, ਉਹੀ (ਜੀਵਨ ਦਾ ਸਹੀ ਰਸਤਾ) ਸਮਝਦਾ ਹੈ (ਪ੍ਰਭੂ ਦੀ ਮਿਹਰ ਤੋਂ ਬਿਨਾ ਕੋਈ) ਹੋਰ (ਰਸਤਾ) ਦੱਸਿਆ ਨਹੀਂ ਜਾ ਸਕਦਾ। ਹੇ ਨਾਨਕ! (ਹਰੀ ਦੀ ਕਿਰਪਾ ਨਾਲ ਹੀ) ਪ੍ਰਭੂ ਦੀ ਸਿਫ਼ਤਿ-ਸਾਲਾਹ ਵਾਲੇ ਗੁਰ-ਸ਼ਬਦ ਵਿਚ ਸੁਰਤਿ ਜੋੜ ਕੇ ਹਰਿ-ਨਾਮ ਵਿਚ ਮਗਨ ਰਹਿਣ ਵਾਲੇ ਮਨੁੱਖ (ਦੁਨੀਆ ਦੇ ਮੋਹ ਵਲੋਂ) ਸਦਾ ਨਿਰਲੇਪ ਰਹਿੰਦੇ ਹਨ।8।2। ਸਾਰਗ ਮਹਲਾ ੩ ॥ ਮਨ ਮੇਰੇ ਹਰਿ ਕੀ ਅਕਥ ਕਹਾਣੀ ॥ ਹਰਿ ਨਦਰਿ ਕਰੇ ਸੋਈ ਜਨੁ ਪਾਏ ਗੁਰਮੁਖਿ ਵਿਰਲੈ ਜਾਣੀ ॥੧॥ ਰਹਾਉ ॥ ਹਰਿ ਗਹਿਰ ਗੰਭੀਰੁ ਗੁਣੀ ਗਹੀਰੁ ਗੁਰ ਕੈ ਸਬਦਿ ਪਛਾਨਿਆ ॥ ਬਹੁ ਬਿਧਿ ਕਰਮ ਕਰਹਿ ਭਾਇ ਦੂਜੈ ਬਿਨੁ ਸਬਦੈ ਬਉਰਾਨਿਆ ॥੧॥ ਹਰਿ ਨਾਮਿ ਨਾਵੈ ਸੋਈ ਜਨੁ ਨਿਰਮਲੁ ਫਿਰਿ ਮੈਲਾ ਮੂਲਿ ਨ ਹੋਈ ॥ ਨਾਮ ਬਿਨਾ ਸਭੁ ਜਗੁ ਹੈ ਮੈਲਾ ਦੂਜੈ ਭਰਮਿ ਪਤਿ ਖੋਈ ॥੨॥ ਕਿਆ ਦ੍ਰਿੜਾਂ ਕਿਆ ਸੰਗ੍ਰਹਿ ਤਿਆਗੀ ਮੈ ਤਾ ਬੂਝ ਨ ਪਾਈ ॥ ਹੋਹਿ ਦਇਆਲੁ ਕ੍ਰਿਪਾ ਕਰਿ ਹਰਿ ਜੀਉ ਨਾਮੋ ਹੋਇ ਸਖਾਈ ॥੩॥ ਸਚਾ ਸਚੁ ਦਾਤਾ ਕਰਮ ਬਿਧਾਤਾ ਜਿਸੁ ਭਾਵੈ ਤਿਸੁ ਨਾਇ ਲਾਏ ॥ ਗੁਰੂ ਦੁਆਰੈ ਸੋਈ ਬੂਝੈ ਜਿਸ ਨੋ ਆਪਿ ਬੁਝਾਏ ॥੪॥ {ਪੰਨਾ 1234} ਪਦ ਅਰਥ: ਮਨ = ਹੇ ਮਨ! ਅਕਥ = ਬਿਆਨ ਕੀਤਿਆਂ ਕਦੇ ਨਾਹ ਮੁੱਕਣ ਵਾਲੀ। ਕਹਾਣੀ = ਗੁਣਾਂ ਦਾ ਵਰਣਨ, ਸਿਫ਼ਤਿ-ਸਾਲਾਹ। ਨਦਰਿ = ਮਿਹਰ ਦੀ ਨਿਗਾਹ। ਸੋਈ = ਉਹੀ। ਗੁਰਮੁਖਿ ਵਿਰਲੈ = ਗੁਰੂ ਦੇ ਸਨਮੁਖ ਰਹਿਣ ਵਾਲੇ ਕਿਸੇ ਵਿਰਲੇ ਮਨੁੱਖ ਨੇ। ਜਾਣੀ = ਕਦਰ ਸਮਝੀ ਹੈ।1। ਰਹਾਉ। ਗਹਿਰ = ਡੂੰਘਾ। ਗੰਭੀਰੁ = ਵੱਡੇ ਜਿਗਰੇ ਵਾਲਾ। ਗੁਣੀ ਗਹੀਰੁ = ਸਾਰੇ ਗੁਣਾਂ ਦਾ ਖ਼ਜ਼ਾਨਾ। ਕੈ ਸਬਦਿ = ਦੇ ਸ਼ਬਦ ਦੀ ਰਾਹੀਂ। ਬਹੁ ਬਿਧਿ = ਕਈ ਤਰੀਕਿਆਂ ਨਾਲ। ਕਰਹਿ = ਕਰਦੇ ਹਨ। ਭਾਇ ਦੂਜੈ = (ਪ੍ਰਭੂ ਤੋਂ ਬਿਨਾ) ਕਿਸੇ ਹੋਰ ਪਿਆਰ ਵਿਚ (ਟਿਕੇ ਰਹਿ ਕੇ) । ਬਉਰਾਨਿਆ = ਝੱਲੇ, ਕਮਲੇ।1। ਨਾਮਿ = ਨਾਮ (-ਜਲ) ਵਿਚ। ਨਾਵੈ = ਇਸ਼ਨਾਨ ਕਰਦਾ ਹੈ। ਨਿਰਮਲੁ = ਸੁੱਚੇ ਜੀਵਨ ਵਾਲਾ। ਮੂਲਿ ਨ = ਬਿਲਕੁਲ ਨਹੀਂ। ਸਭੁ ਜਗੁ = ਸਾਰਾ ਜਗਤ। ਦੂਜੈ ਭਰਮਿ = ਹੋਰ ਹੋਰ ਭਟਕਣਾ ਵਿਚ। ਪਤਿ = ਇੱਜ਼ਤ। ਖੋਈ = ਗਵਾ ਲੈਂਦਾ ਹੈ।2। ਦ੍ਰਿੜਾਂ = ਮੈਂ (ਆਪਣੇ ਮਨ ਵਿਚ) ਪੱਕੀ ਕਰਾਂ। ਸੰਗ੍ਰਹਿ = ਇਕੱਠੀ ਕਰ ਕੇ। ਤਿਆਗੀ = ਤਿਆਗੀਂ, ਮੈਂ ਤਿਆਗ ਦਿਆਂ, ਮੈਂ ਛੱਡ ਦਿਆਂ। ਬੂਝ = ਸਮਝ। ਹੋਹਿ = ਜੇ ਤੂੰ ਹੋ ਜਾਏਂ। ਕਰਿ = ਕਰ ਕੇ। ਹਰਿ ਜੀਉ = ਹੇ ਪ੍ਰਭੂ ਜੀ! ਨਾਮੋ = ਨਾਮ ਹੀ। ਸਖਾਈ = ਮਿੱਤਰ।3। ਸਚਾ ਸਚੁ = ਸਦਾ ਹੀ ਕਾਇਮ ਰਹਿਣ ਵਾਲਾ। ਕਰਮ ਬਿਧਾਤਾ = (ਜੀਵਾਂ ਦੇ ਕੀਤੇ) ਕਰਮਾਂ ਅਨੁਸਾਰ, (ਜੀਵਾਂ ਨੂੰ) ਜਨਮ ਦੇਣ ਵਾਲਾ। ਨਾਇ = ਨਾਮ ਵਿਚ। ਗੁਰੂ ਦੁਆਰੈ = ਗੁਰੂ ਦੇ ਦਰ ਤੇ ਆ ਕੇ, ਗੁਰੂ ਦੀ ਰਾਹੀਂ। ਜਿਸ ਨੇ = (ਸੰਬੰਧਕ 'ਨੋ' ਦੇ ਕਾਰਨ ਲਫ਼ਜ਼ 'ਜਿਸੁ' ਦਾ ੁ ਉੱਡ ਗਿਆ ਹੈ) ।4। ਅਰਥ: ਹੇ ਮੇਰੇ ਮਨ! ਜਿਸ ਮਨੁੱਖ ਉੱਤੇ ਪਰਮਾਤਮਾ ਮਿਹਰ ਦੀ ਕਿਰਪਾ ਕਰਦਾ ਹੈ ਉਹੀ ਮਨੁੱਖ ਪ੍ਰਭੂ ਦੀ ਕਦੇ ਨਾਹ ਮੁੱਕ ਸਕਣ ਵਾਲੀ ਸਿਫ਼ਤਿ-ਸਾਲਾਹ (ਦੀ ਦਾਤਿ) ਹਾਸਲ ਕਰਦਾ ਹੈ। ਗੁਰੂ ਦੇ ਸਨਮੁਖ ਰਹਿਣ ਵਾਲੇ ਕਿਸੇ ਵਿਰਲੇ ਮਨੁੱਖ ਨੇ (ਇਸ ਦੀ) ਕਦਰ ਸਮਝੀ ਹੈ।1। ਰਹਾਉ। ਹੇ ਭਾਈ! ਗੁਰੂ ਦੇ ਸ਼ਬਦ ਦੀ ਰਾਹੀਂ ਇਹ ਪਛਾਣ ਆਉਂਦੀ ਹੈ ਕਿ ਪਰਮਾਤਮਾ ਬੜੇ ਹੀ ਡੂੰਘੇ ਜਿਗਰੇ ਵਾਲਾ ਹੈ ਤੇ ਸਾਰੇ ਗੁਣਾਂ ਦਾ ਖ਼ਜ਼ਾਨਾ ਹੈ। ਜਿਹੜੇ ਮਨੁੱਖ (ਪ੍ਰਭੂ ਤੋਂ ਬਿਨਾ) ਹੋਰ ਹੋਰ ਪਿਆਰ ਵਿਚ (ਟਿਕੇ ਰਹਿ ਕੇ) ਕਈ ਤਰੀਕਿਆਂ ਦੇ (ਮਿਥੇ ਹੋਏ ਧਾਰਮਿਕ) ਕਰਮ (ਭੀ) ਕਰਦੇ ਹਨ, ਉਹ ਮਨੁੱਖ ਗੁਰੂ ਦੇ ਸ਼ਬਦ ਤੋਂ ਬਿਨਾ ਝੱਲੇ ਹੀ ਰਹਿੰਦੇ ਹਨ।1। ਹੇ ਭਾਈ! ਜਿਹੜਾ ਮਨੁੱਖ ਪਰਮਾਤਮਾ ਦੇ ਨਾਮ (-ਜਲ) ਵਿਚ (ਆਤਮਕ) ਇਸ਼ਨਾਨ ਕਰਦਾ ਰਹਿੰਦਾ ਹੈ, ਉਹੀ ਮਨੁੱਖ ਪਵਿੱਤਰ (ਜੀਵਨ ਵਾਲਾ) ਹੁੰਦਾ ਹੈ, ਉਹ ਮੁੜ ਕਦੇ ਭੀ (ਵਿਕਾਰਾਂ ਦੀ ਮੈਲ ਨਾਲ) ਮੈਲਾ ਨਹੀਂ ਹੁੰਦਾ। ਹੇ ਭਾਈ! ਪਰਮਾਤਮਾ ਦੇ ਨਾਮ ਤੋਂ ਬਿਨਾ ਸਾਰਾ ਜਗਤ (ਪਾਪਾਂ ਦੀ ਮੈਲ ਨਾਲ) ਲਿਬੜਿਆ ਰਹਿੰਦਾ ਹੈ, ਹੋਰ ਹੋਰ ਭਟਕਣਾ ਵਿਚ ਪੈ ਕੇ ਆਪਣੀ ਇੱਜ਼ਤ ਗੰਵਾ ਲੈਂਦਾ ਹੈ।2। ਹੇ ਪ੍ਰਭੂ! ਮੈਂ ਕਿਹੜੀ ਗੱਲ ਆਪਣੇ ਮਨ ਵਿਚ ਪੱਕੀ ਕਰ ਲਵਾਂ; ਕਿਹੜੇ ਗੁਣ (ਹਿਰਦੇ ਵਿਚ) ਇਕੱਠੇ ਕਰ ਕੇ ਕਿਹੜੇ ਔਗੁਣ ਛੱਡ ਦਿਆਂ? = ਮੈਨੂੰ ਆਪਣੇ ਆਪ ਤਾਂ ਇਹ ਸਮਝ ਨਹੀਂ ਆ ਸਕਦੀ। ਹੇ ਪ੍ਰਭੂ ਜੀ! ਮਿਹਰ ਕਰ ਕੇ ਜੇ ਤੂੰ (ਆਪ ਮੇਰੇ ਉੱਤੇ) ਦਇਆਵਾਨ ਹੋ ਜਾਏਂ (ਤਾਂ ਹੀ ਮੈਨੂੰ ਸਮਝ ਆਉਂਦੀ ਹੈ ਕਿ ਤੇਰਾ) ਨਾਮ ਹੀ ਅਸਲ ਸਾਥੀ ਬਣਦਾ ਹੈ।3। ਹੇ ਭਾਈ! ਜਿਹੜਾ ਪਰਮਾਤਮਾ ਸਦਾ ਹੀ ਕਾਇਮ ਰਹਿਣ ਵਾਲਾ ਹੈ, ਜੋ ਸਭ ਦਾਤਾਂ ਦੇਣ ਵਾਲਾ ਹੈ, ਜੋ (ਜੀਵਾਂ ਦੇ) ਕੀਤੇ ਕਰਮਾਂ ਅਨੁਸਾਰ (ਜੀਵਾਂ) ਨੂੰ ਜਨਮ ਦੇਣ ਵਾਲਾ ਹੈ, ਉਸ ਨੂੰ ਕਿਹੜਾ ਜੀਵ ਪਿਆਰਾ ਲੱਗਦਾ ਹੈ ਉਸ ਨੂੰ ਆਪਣੇ ਨਾਮ ਵਿਚ ਜੋੜਦਾ ਹੈ। ਗੁਰੂ ਦੇ ਦਰ ਤੇ ਆ ਕੇ ਉਹੀ ਮਨੁੱਖ (ਜੀਵਨ ਦਾ ਸਹੀ ਰਸਤਾ) ਸਮਝਦਾ ਹੈ ਜਿਸ ਨੂੰ ਪ੍ਰਭੂ ਆਪ ਸਮਝ ਬਖ਼ਸ਼ਦਾ ਹੈ।4। ਦੇਖਿ ਬਿਸਮਾਦੁ ਇਹੁ ਮਨੁ ਨਹੀ ਚੇਤੇ ਆਵਾ ਗਉਣੁ ਸੰਸਾਰਾ ॥ ਸਤਿਗੁਰੁ ਸੇਵੇ ਸੋਈ ਬੂਝੈ ਪਾਏ ਮੋਖ ਦੁਆਰਾ ॥੫॥ ਜਿਨ੍ਹ੍ਹ ਦਰੁ ਸੂਝੈ ਸੇ ਕਦੇ ਨ ਵਿਗਾੜਹਿ ਸਤਿਗੁਰਿ ਬੂਝ ਬੁਝਾਈ ॥ ਸਚੁ ਸੰਜਮੁ ਕਰਣੀ ਕਿਰਤਿ ਕਮਾਵਹਿ ਆਵਣ ਜਾਣੁ ਰਹਾਈ ॥੬॥ ਸੇ ਦਰਿ ਸਾਚੈ ਸਾਚੁ ਕਮਾਵਹਿ ਜਿਨ ਗੁਰਮੁਖਿ ਸਾਚੁ ਅਧਾਰਾ ॥ ਮਨਮੁਖ ਦੂਜੈ ਭਰਮਿ ਭੁਲਾਏ ਨਾ ਬੂਝਹਿ ਵੀਚਾਰਾ ॥੭॥ ਆਪੇ ਗੁਰਮੁਖਿ ਆਪੇ ਦੇਵੈ ਆਪੇ ਕਰਿ ਕਰਿ ਵੇਖੈ ॥ ਨਾਨਕ ਸੇ ਜਨ ਥਾਇ ਪਏ ਹੈ ਜਿਨ ਕੀ ਪਤਿ ਪਾਵੈ ਲੇਖੈ ॥੮॥੩॥ {ਪੰਨਾ 1234} ਪਦ ਅਰਥ: ਦੇਖਿ = ਵੇਖ ਕੇ। ਬਿਸਮਾਦੁ = ਹੈਰਾਨ ਕਰਨ ਵਾਲਾ ਜਗਤ-ਤਮਾਸ਼ਾ। ਨਹੀ ਚੇਤੇ = ਪ੍ਰਭੂ ਨੂੰ ਯਾਦ ਨਹੀਂ ਕਰਦਾ। ਆਵਾਗਉਣੁ = ਜਨਮ ਮਰਨ (ਦਾ ਗੇੜ) । ਸੰਸਾਰਾ = ਸੰਸਾਰ-ਚੱਕਰ। ਸੋਈ = ਉਹੀ ਮਨੁੱਖ। ਮੋਖ ਦੁਆਰਾ = ਵਿਕਾਰਾਂ ਵਲੋਂ ਖ਼ਲਾਸੀ ਦਾ ਰਾਹ।5। ਜਿਨ = ਜਿਨ੍ਹਾਂ ਨੂੰ। ਦਰੁ = ਪ੍ਰਭੂ ਦਾ ਦਰਵਾਜ਼ਾ। ਸੋ = ਉਹ (ਬਹੁ-ਵਚਨ) । ਵਿਗਾੜਹਿ = (ਆਪਣਾ ਜੀਵਨ) ਵਿਗਾੜਦੇ। ਸਤਿਗੁਰਿ = ਗੁਰੂ ਨੇ। ਬੂਝ = ਸਮਝ, ਸੂਝ। ਸੰਜਮੁ = ਇੰਦ੍ਰਿਆਂ ਨੂੰ ਵਿਕਾਰਾਂ ਵਲੋਂ ਰੋਕਣ ਦਾ ਜਤਨ। ਕਰਣੀ ਕਿਰਤਿ = ਕਰਨ-ਜੋਗ ਕੰਮ। ਰਹਾਈ = ਮੁੱਕ ਜਾਂਦਾ ਹੈ।6। ਸੇ = ਉਹ ਬੰਦੇ। ਦਰਿ ਸਾਚੈ = ਸਦਾ-ਥਿਰ ਪ੍ਰਭੂ ਦੇ ਦਰ ਤੇ। ਸਾਚੁ ਕਮਾਵਹਿ = ਸਦਾ-ਥਿਰ ਹਰਿ-ਨਾਮ ਸਿਮਰਨ ਦੀ ਕਮਾਈ ਕਰਦੇ ਹਨ। ਅਧਾਰਾ = ਆਸਰਾ। ਸਾਚੁ = ਸਦਾ-ਥਿਰ ਹਰਿ-ਨਾਮ। ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ। ਭੁਲਾਏ = ਕੁਰਾਹੇ ਪਏ ਹੋਏ।7। ਗੁਰਮੁਖਿ = ਗੁਰੂ ਦੇ ਸਨਮੁਖ। ਕਰਿ = ਕਰ ਕੇ। ਆਪੇ = ਆਪ ਹੀ। ਥਾਇ ਪਏ = ਪਰਵਾਨ ਹੋ ਗਏ। ਪਤਿ = ਇੱਜ਼ਤ। ਪਾਵੈ ਲੇਖੈ = ਲੇਖੇ ਵਿਚ ਪਾਂਦਾ ਹੈ, ਕਬੂਲ ਕਰਦਾ ਹੈ।8। ਅਰਥ: ਹੇ ਭਾਈ! ਜਿਸ ਮਨੁੱਖ ਦਾ ਮਨ ਇਹ ਹੈਰਾਨ ਕਰਨ ਵਾਲਾ ਜਗਤ-ਤਮਾਸ਼ਾ ਵੇਖ ਕੇ ਪਰਮਾਤਮਾ ਨੂੰ ਯਾਦ ਨਹੀਂ ਕਰਦਾ, ਉਸ ਦੇ ਵਾਸਤੇ ਜਨਮ ਮਰਨ ਦਾ ਗੇੜ ਸੰਸਾਰ-ਚੱਕਰ ਬਣਿਆ ਰਹਿੰਦਾ ਹੈ। ਜਿਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਹੀ (ਜੀਵਨ ਦਾ ਸਹੀ ਰਸਤਾ) ਸਮਝਦਾ ਹੈ, ਉਹੀ ਵਿਕਾਰਾਂ ਤੋਂ ਖ਼ਲਾਸੀ ਦਾ ਰਸਤਾ ਲੱਭਦਾ ਹੈ।5। ਹੇ ਭਾਈ! ਜਿਨ੍ਹਾਂ ਮਨੁੱਖਾਂ ਨੂੰ ਗੁਰੂ ਨੇ (ਆਤਮਕ ਜੀਵਨ ਦੀ) ਸੂਝ ਬਖ਼ਸ਼ ਦਿੱਤੀ, ਤੇ, ਜਿਨ੍ਹਾਂ ਨੂੰ ਪਰਮਾਤਮਾ ਦਾ ਦਰਵਾਜ਼ਾ ਦਿੱਸ ਪਿਆ, ਉਹ ਕਦੇ ਭੀ (ਵਿਕਾਰਾਂ ਵਿਚ ਆਪਣਾ ਜੀਵਨ) ਖ਼ਰਾਬ ਨਹੀਂ ਕਰਦੇ। ਉਹ ਮਨੁੱਖ ਹਰਿ-ਨਾਮ ਸਿਮਰਨ ਅਤੇ ਵਿਕਾਰਾਂ ਤੋਂ ਬਚੇ ਰਹਿਣ ਦਾ ਜਤਨ ਆਦਿਕ ਕਰਤੱਬ ਕਰਦੇ ਰਹਿੰਦੇ ਹਨ, (ਇਸ ਤਰ੍ਹਾਂ ਉਹਨਾਂ ਦਾ) ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ।6। ਹੇ ਭਾਈ! ਜਿਨ੍ਹਾਂ ਮਨੁੱਖਾਂ ਨੂੰ ਗੁਰੂ ਦੀ ਰਾਹੀਂ ਸਦਾ-ਥਿਰ ਹਰਿ-ਨਾਮ ਆਸਰਾ ਮਿਲ ਜਾਂਦਾ ਹੈ, ਉਹ ਮਨੁੱਖ ਸਦਾ-ਥਿਰ ਪ੍ਰਭੂ ਦੇ ਦਰ ਤੇ (ਚਰਨਾਂ ਵਿਚ) ਟਿੱਕ ਕੇ ਸਦਾ-ਥਿਰ ਹਰਿ-ਨਾਮ ਸਿਮਰਨ ਦੀ ਕਮਾਈ ਕਰਦੇ ਹਨ। ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਮਾਇਆ ਦੀ ਭਟਕਣਾ ਦੇ ਕਾਰਨ ਕੁਰਾਹੇ ਪਏ ਰਹਿੰਦੇ ਹਨ, ਉਹਨਾਂ ਨੂੰ (ਆਤਮਕ ਜੀਵਨ ਵਾਲੀ ਸਹੀ) ਵਿਚਾਰ ਨਹੀਂ ਸੁੱਝਦੀ।7। ਹੇ ਭਾਈ! ਪ੍ਰਭੂ ਆਪ ਹੀ (ਜੀਵ ਨੂੰ) ਗੁਰੂ ਦੀ ਸਰਨ ਪਾ ਕੇ ਆਪ ਹੀ (ਆਪਣੇ ਨਾਮ ਦੀ ਦਾਤਿ) ਦੇਂਦਾ ਹੈ, ਆਪ ਹੀ (ਇਹ ਸਾਰਾ ਤਮਾਸ਼ਾ) ਕਰ ਕਰ ਕੇ ਵੇਖਦਾ ਹੈ। ਹੇ ਨਾਨਕ! ਉਹ ਬੰਦੇ ਕਬੂਲ ਪੈਂਦੇ ਹਨ, ਜਿਨ੍ਹਾਂ ਦੀ ਇੱਜ਼ਤ ਆਪ ਹੀ ਰੱਖਦਾ ਹੈ।8।3। |
Sri Guru Granth Darpan, by Professor Sahib Singh |