ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 1235

ਸਾਰਗ ਮਹਲਾ ੫ ਅਸਟਪਦੀਆ ਘਰੁ ੧    ੴ ਸਤਿਗੁਰ ਪ੍ਰਸਾਦਿ ॥ ਗੁਸਾਈ ਪਰਤਾਪੁ ਤੁਹਾਰੋ ਡੀਠਾ ॥ ਕਰਨ ਕਰਾਵਨ ਉਪਾਇ ਸਮਾਵਨ ਸਗਲ ਛਤ੍ਰਪਤਿ ਬੀਠਾ ॥੧॥ ਰਹਾਉ ॥ ਰਾਣਾ ਰਾਉ ਰਾਜ ਭਏ ਰੰਕਾ ਉਨਿ ਝੂਠੇ ਕਹਣੁ ਕਹਾਇਓ ॥ ਹਮਰਾ ਰਾਜਨੁ ਸਦਾ ਸਲਾਮਤਿ ਤਾ ਕੋ ਸਗਲ ਘਟਾ ਜਸੁ ਗਾਇਓ ॥੧॥ ਉਪਮਾ ਸੁਨਹੁ ਰਾਜਨ ਕੀ ਸੰਤਹੁ ਕਹਤ ਜੇਤ ਪਾਹੂਚਾ ॥ ਬੇਸੁਮਾਰ ਵਡ ਸਾਹ ਦਾਤਾਰਾ ਊਚੇ ਹੀ ਤੇ ਊਚਾ ॥੨॥ ਪਵਨਿ ਪਰੋਇਓ ਸਗਲ ਅਕਾਰਾ ਪਾਵਕ ਕਾਸਟ ਸੰਗੇ ॥ ਨੀਰੁ ਧਰਣਿ ਕਰਿ ਰਾਖੇ ਏਕਤ ਕੋਇ ਨ ਕਿਸ ਹੀ ਸੰਗੇ ॥੩॥ ਘਟਿ ਘਟਿ ਕਥਾ ਰਾਜਨ ਕੀ ਚਾਲੈ ਘਰਿ ਘਰਿ ਤੁਝਹਿ ਉਮਾਹਾ ॥ ਜੀਅ ਜੰਤ ਸਭਿ ਪਾਛੈ ਕਰਿਆ ਪ੍ਰਥਮੇ ਰਿਜਕੁ ਸਮਾਹਾ ॥੪॥ {ਪੰਨਾ 1235}

ਪਦ ਅਰਥ: ਗੁਸਾਈ = ਹੇ ਗੋ-ਸਾਈਂ, ਹੇ ਧਰਤੀ ਦੇ ਮਾਲਕ! ਪਰਤਾਪੁ = ਸਮਰੱਥਾ। ਕਰਨ ਕਰਾਵਨ = ਤੂੰ ਸਭ ਕੁਝ ਕਰਨ ਜੋਗਾ ਅਤੇ ਜੀਵਾਂ ਤੋਂ ਕਰਾਣ ਦੀ ਸਮਰਥਾ ਵਾਲਾ ਹੈਂ। ਉਪਾਇ = ਪੈਦਾ ਕਰ ਕੇ। ਸਮਾਵਨ = ਸਮਾ ਲੈਣ ਵਾਲਾ। ਸਗਲ = ਸਭ ਜੀਵਾਂ ਦਾ। ਛਤ੍ਰਪਤਿ = ਰਾਜਾ। ਬੀਠਾ = ਬੈਠਾ ਹੋਇਆ ਹੈਂ, ਵਿਆਪਕ ਹੈਂ।1। ਰਹਾਉ।

ਰਾਉ = ਰਾਜਾ। ਰੰਕਾ = ਕੰਗਾਲ। ਉਨਿ = ਉਹਨਾਂ ਨੇ। ਸਲਾਮਤਿ = ਕਾਇਮ ਰਹਿਣ ਵਾਲਾ। ਤਾ ਕੋ ਜਸੁ = ਉਸ ਦਾ ਜਸੁ। ਸਗਲ ਘਟਾ = ਸਾਰੇ ਸਰੀਰਾਂ ਨੇ।1।

ਉਪਮਾ = ਵਡਿਆਈ। ਸੰਤਹੁ = ਹੇ ਸੰਤ ਜਨੋ! ਜੇਤ ਕਹਤ = ਜਿਹੜੇ ਉਪਮਾ ਆਖਦੇ ਹਨ। ਪਾਹੂਚਾ = (ਉਸ ਦੇ ਚਰਨਾਂ ਵਿਚ) ਪਹੁੰਚ ਜਾਂਦੇ ਹਨ।2।

ਪਵਨਿ = ਪਵਨ ਦੀ ਰਾਹੀਂ, ਪ੍ਰਾਣਾਂ ਦੀ ਰਾਹੀਂ, ਸੁਆਸਾਂ ਦੀ ਰਾਹੀਂ। ਅਕਾਰਾ = ਜਗਤ, ਸਰੀਰ। ਪਾਵਕ = ਅੱਗ। ਕਾਸਟ = ਕਾਠ, ਲੱਕੜ। ਸੰਗੇ = ਨਾਲ। ਨੀਰੁ = ਪਾਣੀ। ਧਰਣਿ = ਧਰਤੀ। ਏਕਤ = ਇਕ ਥਾਂ, ਇਕੱਠੇ। ਕਿਸ ਹੀ = (ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਲਫ਼ਜ਼ 'ਕਿਸੁ' ਦਾ ੁ ਉੱਡ ਗਿਆ ਹੈ) । ਸੰਗੇ = ਨਾਲ।3।

ਘਟਿ ਘਟਿ = ਹਰੇਕ ਸਰੀਰ ਵਿਚ। ਰਾਜਨ ਕੀ = ਪ੍ਰਭੂ-ਪਾਤਿਸ਼ਾਹ ਦੀ। ਤੁਝਹਿ = ਤੇਰੇ ਹੀ (ਦਰਸਨ ਲਈ) । ਉਮਾਹਾ = ਚਾਉ, ਉਤਸ਼ਾਹ। ਸਭਿ = ਸਾਰੇ। ਪਾਛੈ = ਪਿੱਛੋਂ। ਪ੍ਰਥਮੇ = ਪਹਿਲਾਂ। ਸਮਾਹਾ = ਅਪੜਾਇਆ।4।

ਅਰਥ: ਹੇ ਜਗਤ ਦੇ ਖਸਮ! (ਮੈਂ) ਤੇਰੀ (ਅਜਬ) ਤਾਕਤ-ਸਮਰੱਥਾ ਵੇਖੀ ਹੈ। ਤੂੰ ਸਭ ਕੁਝ ਕਰਨ-ਜੋਗਾ ਹੈਂ, (ਜੀਵਾਂ ਪਾਸੋਂ) ਕਰਾ ਸਕਣ ਵਾਲਾ ਹੈਂ, ਤੂੰ (ਜਗਤ) ਪੈਦਾ ਕਰ ਕੇ ਫਿਰ ਇਸ ਨੂੰ ਆਪਣੇ ਆਪ ਵਿਚ ਲੀਨ ਕਰ ਲੈਣ ਵਾਲਾ ਹੈਂ। ਤੂੰ ਸਭ ਜੀਵਾਂ ਉਤੇ ਪਾਤਿਸ਼ਾਹ (ਬਣ ਕੇ) ਬੈਠਾ ਹੋਇਆ ਹੈਂ।1। ਰਹਾਉ।

ਹੇ ਭਾਈ! (ਪ੍ਰਭੂ ਦੀ ਰਜ਼ਾ ਅਨੁਸਾਰ) ਰਾਜੇ ਪਾਤਿਸ਼ਾਹ ਕੰਗਾਲ ਹੋ ਜਾਂਦੇ ਹਨ। ਉਹਨਾਂ ਰਾਜਿਆਂ ਨੇ ਤਾਂ ਆਪਣੇ ਆਪ ਨੂੰ ਝੂਠ ਹੀ ਰਾਜੇ ਅਖਵਾਇਆ। ਹੇ ਭਾਈ! ਸਾਡਾ ਪ੍ਰਭੂ-ਪਾਤਿਸ਼ਾਹ ਸਦਾ ਕਾਇਮ ਰਹਿਣ ਵਾਲਾ ਹੈ। ਸਾਰੇ ਹੀ ਜੀਵਾਂ ਨੇ ਉਸ ਦਾ (ਸਦਾ) ਜਸ ਗਾਇਆ ਹੈ।1।

ਹੇ ਸੰਤ ਜਨੋ! ਉਸ ਪ੍ਰਭੂ-ਪਾਤਿਸ਼ਾਹ ਦੀ ਵਡਿਆਈ ਸੁਣੋ। ਜਿਤਨੇ ਭੀ ਜੀਵ ਉਸ ਦੀ ਵਡਿਆਈ ਆਖਦੇ ਹਨ ਉਹ ਉਸ ਦੇ ਚਰਨਾਂ ਵਿਚ ਪਹੁੰਚਦੇ ਹਨ। ਉਸ ਦੀ ਤਾਕਤ ਦਾ ਅੰਦਾਜ਼ਾ ਨਹੀਂ ਲੱਗ ਸਕਦਾ, ਸਭ ਜੀਵਾਂ ਨੂੰ ਦਾਤਾਂ ਦੇਣ ਵਾਲਾ ਵੱਡਾ ਸ਼ਾਹ ਹੈ, ਉਹ ਉੱਚਿਆਂ ਤੋਂ ਉੱਚਾ ਹੈ।2।

ਹੇ ਭਾਈ! ਸਾਰੇ ਸਰੀਰਾਂ ਨੂੰ ਸੁਆਸਾਂ ਦੀ ਹਵਾ ਨਾਲ ਪ੍ਰੋ ਕੇ ਰੱਖਿਆ ਹੋਇਆ ਹੈ, ਉਸ ਨੇ ਅੱਗ ਨੂੰ ਲੱਕੜ ਨਾਲ ਬੰਨ੍ਹ ਰੱਖਿਆ ਹੈ। ਉਸ ਨੇ ਪਾਣੀ ਤੇ ਧਰਤੀ ਇਕੱਠੇ ਰੱਖੇ ਹੋਏ ਹਨ। (ਇਹਨਾਂ ਵਿਚੋਂ) ਕੋਈ ਕਿਸੇ ਨਾਲ (ਵੈਰ ਨਹੀਂ ਕਰ ਸਕਦਾ। ਪਾਣੀ ਧਰਤੀ ਨੂੰ ਡੋਬਦਾ ਨਹੀਂ, ਅੱਗ ਕਾਠ ਨੂੰ ਸਾੜਦੀ ਨਹੀਂ) ।3।

ਹੇ ਭਾਈ! ਉਸ ਪ੍ਰਭੂ-ਪਾਤਿਸ਼ਾਹ ਦੀ ਸਿਫ਼ਤਿ-ਸਾਲਾਹ ਦੀ ਕਹਾਣੀ ਹਰੇਕ ਸਰੀਰ ਵਿਚ ਹੋ ਰਹੀ ਹੈ। ਹੇ ਪ੍ਰਭੂ! ਹਰੇਕ ਹਿਰਦੇ ਵਿਚ ਤੇਰੇ ਮਿਲਾਪ ਲਈ ਹੀ ਉਤਸ਼ਾਹ ਹੈ। ਤੂੰ ਸਾਰੇ ਜੀਵਾਂ ਨੂੰ ਪਿੱਛੋਂ ਪੈਦਾ ਕਰਦਾ ਹੈਂ, ਪਹਿਲਾਂ ਉਹਨਾਂ ਲਈ ਰਿਜ਼ਕ ਅਪੜਾਂਦਾ ਹੈਂ।4।

ਜੋ ਕਿਛੁ ਕਰਣਾ ਸੁ ਆਪੇ ਕਰਣਾ ਮਸਲਤਿ ਕਾਹੂ ਦੀਨ੍ਹ੍ਹੀ ॥ ਅਨਿਕ ਜਤਨ ਕਰਿ ਕਰਹ ਦਿਖਾਏ ਸਾਚੀ ਸਾਖੀ ਚੀਨ੍ਹ੍ਹੀ ॥੫॥ ਹਰਿ ਭਗਤਾ ਕਰਿ ਰਾਖੇ ਅਪਨੇ ਦੀਨੀ ਨਾਮੁ ਵਡਾਈ ॥ ਜਿਨਿ ਜਿਨਿ ਕਰੀ ਅਵਗਿਆ ਜਨ ਕੀ ਤੇ ਤੈਂ ਦੀਏ ਰੁੜ੍ਹ੍ਹਾਈ ॥੬॥ ਮੁਕਤਿ ਭਏ ਸਾਧਸੰਗਤਿ ਕਰਿ ਤਿਨ ਕੇ ਅਵਗਨ ਸਭਿ ਪਰਹਰਿਆ ॥ ਤਿਨ ਕਉ ਦੇਖਿ ਭਏ ਕਿਰਪਾਲਾ ਤਿਨ ਭਵ ਸਾਗਰੁ ਤਰਿਆ ॥੭॥ ਹਮ ਨਾਨ੍ਹ੍ਹੇ ਨੀਚ ਤੁਮ੍ਹ੍ਹੇ ਬਡ ਸਾਹਿਬ ਕੁਦਰਤਿ ਕਉਣ ਬੀਚਾਰਾ ॥ ਮਨੁ ਤਨੁ ਸੀਤਲੁ ਗੁਰ ਦਰਸ ਦੇਖੇ ਨਾਨਕ ਨਾਮੁ ਅਧਾਰਾ ॥੮॥੧॥ {ਪੰਨਾ 1235}

ਪਦ ਅਰਥ: ਆਪੇ = (ਪ੍ਰਭੂ ਨੇ) ਆਪ ਹੀ। ਮਸਲਤਿ = ਸਲਾਹ, ਮਸ਼ਵਰਾ। ਕਾਹੂ = ਕਿਸ ਨੇ? ਦੀਨ੍ਹ੍ਹੀ = ਦਿੱਤੀ। ਕਰਿ = ਕਰ ਕੇ। ਕਰਹ = ਅਸੀਂ ਕਰਦੇ ਹਾਂ (ਵਰਤਮਾਨ ਕਾਲ, ਉੱਤਮ ਪੁਰਖ, ਬਹੁ-ਵਚਨ) । ਦਿਖਾਏ = ਦਿਖਾਵੇ। ਸਾਖੀ = ਸਿੱਖਿਆ, ਸਬਕ। ਚੀਨ੍ਹ੍ਹੀ = ਪਛਾਣੀ, ਸਮਝੀ।5।

ਕਰਿ ਰਾਖੇ ਅਪਨੇ = ਆਪਣੇ ਬਣਾ ਕੇ ਰੱਖਿਆ ਕੀਤੀ। ਜਿਨਿ = ਜਿਸ (ਮਨੁੱਖ) ਨੇ। ਅਵਗਿਆ = ਨਿਰਾਦਰੀ। ਤੇ = ਉਹ (ਬਹੁ-ਵਚਨ) । ਤੈਂ = ਤੂੰ। ਦੀਏ ਰੁੜ੍ਹ੍ਹਾਈ = ਰੋੜ੍ਹ ਦਿੱਤੇ, ਮੋਹ ਦੇ ਸਮੁੰਦਰ ਵਿਚ ਡੋਬ ਦਿੱਤੇ।6।

ਮੁਕਤਿ ਭਏ = ਵਿਕਾਰਾਂ ਤੋਂ ਬਚ ਨਿਕਲੇ। ਕਰਿ = ਕਰ ਕੇ। ਸਭਿ = ਸਾਰੇ। ਪਰਹਰਿਆ = ਦੂਰ ਕੀਤੇ। ਕਉ = ਨੂੰ। ਦੇਖਿ = ਵੇਖ ਕੇ। ਕਿਰਪਾਲਾ = ਦਇਆਵਾਨ। ਭਵ ਸਾਗਰੁ = ਸੰਸਾਰ-ਸਮੁੰਦਰ।7।

ਨਾਨ੍ਹ੍ਹੇ = ਬਹੁਤ ਨਿੱਕੇ। ਸਾਹਿਬ = ਮਾਲਕ। ਕੁਦਰਤਿ = ਤਾਕਤ, ਸਮਰਥਾ। ਕੁਦਰਤਿ ਕਉਣ = ਕੀਹ ਤਾਕਤ ਹੈ? ਬੀਚਾਰਾ = ਮੈਂ ਵਿਚਾਰ ਸਕਾਂ (ਤੇਰਾ ਪਰਤਾਪ) । ਗੁਰ ਦਰਸ = ਗੁਰੂ ਦਾ ਦਰਸਨ। ਅਧਾਰਾ = ਆਸਰਾ।8।

ਅਰਥ: ਹੇ ਭਾਈ! ਮੈਂ ਇਹ ਅਟੱਲ ਸਬਕ ਸਿੱਖ ਲਿਆ ਹੈ (ਕਿ ਪਰਮਾਤਮਾ ਦਾ ਪਰਤਾਪ ਬੇਅੰਤ ਹੈ) ਜੋ ਕੁਝ ਉਹ ਕਰਦਾ ਹੈ ਉਹ ਆਪ ਹੀ ਕਰਦਾ ਹੈ, ਕਿਸੇ ਨੇ ਉਸ ਨੂੰ ਕਦੇ ਕੋਈ ਸਲਾਹ ਨਹੀਂ ਦਿੱਤੀ। ਅਸੀਂ ਜੀਵ ਭਾਵੇਂ (ਆਪਣੀ ਅਕਲ ਪਰਗਟ ਕਰਨ ਲਈ) ਵਿਖਾਵੇ ਦੇ ਅਨੇਕਾਂ ਜਤਨ ਕਰਦੇ ਹਾਂ।5।

ਹੇ ਭਾਈ! (ਇਹ ਪਰਮਾਤਮਾ ਦਾ ਪਰਤਾਪ ਹੈ ਕਿ) ਪਰਮਾਤਮਾ ਆਪਣੇ ਭਗਤਾਂ ਨੂੰ ਆਪਣੇ ਬਣਾ ਕੇ ਰੱਖਿਆ ਕਰਦਾ ਹੈ, ਭਗਤਾਂ ਨੂੰ ਆਪਣਾ ਨਾਮ ਬਖ਼ਸ਼ਦਾ ਹੈ, ਵਡਿਆਈ ਦੇਂਦਾ ਹੈ। ਹੇ ਪ੍ਰਭੂ! ਜਿਸ ਜਿਸ ਨੇ ਕਦੇ ਤੇਰੇ ਭਗਤਾਂ ਦੀ ਨਿਰਾਦਰੀ ਕੀਤੀ, ਤੂੰ ਉਹਨਾਂ ਨੂੰ (ਵਿਕਾਰਾਂ ਦੇ ਸਮੁੰਦਰ ਵਿਚ) ਰੋੜ੍ਹ ਦਿੱਤਾ।6।

ਹੇ ਭਾਈ! ਸਾਧ ਸੰਗਤਿ ਕਰ ਕੇ (ਵਿਕਾਰੀ ਭੀ) ਵਿਕਾਰਾਂ ਤੋਂ ਬਚ ਨਿਕਲੇ, ਪ੍ਰਭੂ ਨੇ ਉਹਨਾਂ ਦੇ ਸਾਰੇ ਔਗੁਣ ਨਾਸ ਕਰ ਦਿੱਤੇ। ਗੁਰੂ ਦੀ ਸੰਗਤਿ ਵਿਚ ਆਉਣ ਵਾਲਿਆਂ ਨੂੰ ਵੇਖ ਕੇ ਪ੍ਰਭੂ ਜੀ ਸਦਾ ਮਿਹਰਵਾਨ ਹੁੰਦੇ ਹਨ, ਤੇ, ਉਹ ਬੰਦੇ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦੇ ਹਨ।7।

ਹੇ ਮਾਲਕ-ਪ੍ਰਭੂ! ਤੂੰ ਬਹੁਤ ਵੱਡਾ ਹੈਂ, ਅਸੀਂ ਜੀਵ (ਤੇਰੇ ਸਾਹਮਣੇ) ਬਹੁਤ ਹੀ ਨਿੱਕੇ ਤੇ ਨੀਵੇਂ (ਕੀੜੇ ਜਿਹੇ) ਹਾਂ। ਮੇਰੀ ਕੀਹ ਤਾਕਤ ਹੈ ਕਿ ਤੇਰੇ ਪਰਤਾਪ ਦਾ ਅੰਦਾਜ਼ਾ ਲਾ ਸਕਾਂ? ਹੇ ਨਾਨਕ! ਆਖ– ਗੁਰੂ ਦਾ ਦਰਸਨ ਕਰ ਕੇ ਮਨੁੱਖ ਦਾ ਮਨ ਤਨ ਠੰਢਾ ਠਾਰ ਹੋ ਜਾਂਦਾ ਹੈ, ਤੇ, ਮਨੁੱਖ ਨੂੰ ਪ੍ਰਭੂ ਦਾ ਨਾਮ-ਆਸਰਾ ਮਿਲ ਜਾਂਦਾ ਹੈ।8।1।

ਸਾਰਗ ਮਹਲਾ ੫ ਅਸਟਪਦੀ ਘਰੁ ੬    ੴ ਸਤਿਗੁਰ ਪ੍ਰਸਾਦਿ ॥ ਅਗਮ ਅਗਾਧਿ ਸੁਨਹੁ ਜਨ ਕਥਾ ॥ ਪਾਰਬ੍ਰਹਮ ਕੀ ਅਚਰਜ ਸਭਾ ॥੧॥ ਰਹਾਉ ॥ ਸਦਾ ਸਦਾ ਸਤਿਗੁਰ ਨਮਸਕਾਰ ॥ ਗੁਰ ਕਿਰਪਾ ਤੇ ਗੁਨ ਗਾਇ ਅਪਾਰ ॥ ਮਨ ਭੀਤਰਿ ਹੋਵੈ ਪਰਗਾਸੁ ॥ ਗਿਆਨ ਅੰਜਨੁ ਅਗਿਆਨ ਬਿਨਾਸੁ ॥੧॥ ਮਿਤਿ ਨਾਹੀ ਜਾ ਕਾ ਬਿਸਥਾਰੁ ॥ ਸੋਭਾ ਤਾ ਕੀ ਅਪਰ ਅਪਾਰ ॥ ਅਨਿਕ ਰੰਗ ਜਾ ਕੇ ਗਨੇ ਨ ਜਾਹਿ ॥ ਸੋਗ ਹਰਖ ਦੁਹਹੂ ਮਹਿ ਨਾਹਿ ॥੨॥ ਅਨਿਕ ਬ੍ਰਹਮੇ ਜਾ ਕੇ ਬੇਦ ਧੁਨਿ ਕਰਹਿ ॥ ਅਨਿਕ ਮਹੇਸ ਬੈਸਿ ਧਿਆਨੁ ਧਰਹਿ ॥ ਅਨਿਕ ਪੁਰਖ ਅੰਸਾ ਅਵਤਾਰ ॥ ਅਨਿਕ ਇੰਦ੍ਰ ਊਭੇ ਦਰਬਾਰ ॥੩॥ {ਪੰਨਾ 1235}

ਪਦ ਅਰਥ: ਅਗਮ ਕਥਾ = ਅਪਹੁੰਚ ਪ੍ਰਭੂ ਦੀ ਸਿਫ਼ਤਿ-ਸਾਲਾਹ। ਅਗਾਧਿ = ਅਥਾਹ। ਜਨ = ਹੇ ਜਨੋ! ਅਚਰਜ = ਹੈਰਾਨ ਕਰ ਦੇਣ ਵਾਲੀ। ਸਭਾ = ਕਚਹਿਰੀ, ਦਰਬਾਰ।1। ਰਹਾਉ।

ਸਤਿਗੁਰ ਨਮਸਕਾਰ = ਗੁਰੂ ਨੂੰ ਸਿਰ ਨਿਵਾਓ। ਤੇ = ਤੋਂ, ਦੀ ਰਾਹੀਂ। ਗੁਨ ਅਪਾਰ ਗਾਇ = ਬੇਅੰਤ ਪ੍ਰਭੂ ਦੇ ਗੁਣ ਗਾ ਕੇ। ਪਰਗਾਸੁ = ਚਾਨਣ। ਗਿਆਨ ਅੰਜਨੁ = ਆਤਮਕ ਜੀਵਨ ਦੀ ਸੂਝ ਦਾ ਸੁਰਮਾ। ਅਗਿਆਨ = ਆਤਮਕ ਜੀਵਨ ਵਲੋਂ ਬੇ-ਸਮਝੀ।1।

ਮਿਤਿ = ਹੱਦ-ਬੰਨਾ, ਅੰਦਾਜ਼ਾ, ਮਾਪ। ਜਾ ਕਾ = ਜਿਸ (ਪਰਮਾਤਮਾ) ਦਾ। ਬਿਸਥਾਰੁ = ਜਗਤ-ਪਸਾਰਾ। ਅਪਰ = ਪਰੇ ਤੋਂ ਪਰੇ (ਅ-ਪਰ) । ਰੰਗ = ਕੌਤਕ, ਚੋਜ-ਤਮਾਸ਼ੇ। ਸੋਗ = ਗ਼ਮ। ਹਰਖ = ਖ਼ੁਸ਼ੀ।2।

ਬ੍ਰਹਮੇ = ('ਬ੍ਰਹਮਾ' ਤੋਂ ਬਹੁ-ਵਚਨ) । ਜਾ ਕੇ = ਜਿਸ (ਪ੍ਰਭੂ) ਦੇ ਪੈਦਾ ਕੀਤੇ ਹੋਏ। ਕਰਹਿ = ਕਰਦੇ ਹਨ। ਧੁਨਿ ਕਰਹਿ = ਉਚਾਰਦੇ ਹਨ (Ævin = ਆਵਾਜ਼) । ਮਹੇਸ = ਮਹੇਸ਼, ਸ਼ਿਵ। ਬੈਸਿ = ਬੈਠ ਕੇ। ਅੰਸਾ = ਅੰਸ਼, ਕੁਝ ਹਿੱਸਾ। ਅੰਸਾ ਅਵਤਾਰ = ਉਹ ਅਵਤਾਰ ਜਿਨ੍ਹਾਂ ਵਿਚ ਪਰਮਾਤਮਾ ਦੀ ਥੋੜ੍ਹੀ ਕੁ ਆਤਮਕ ਤਾਕਤ ਉਤਰੀ ਹੋਵੇ। ਅਵਤਾਰ = ਉਤਰੇ ਹੋਏ। ਊਭੇ = ਖਲੋਤੇ ਹੋਏ।3।

ਅਰਥ: ਹੇ ਸੰਤ ਜਨੋ! ਅਪਹੁੰਚ ਅਤੇ ਅਥਾਹ ਪਰਮਾਤਮਾ ਦੀ ਸਿਫ਼ਤਿ-ਸਾਲਾਹ ਸੁਣਿਆ ਕਰੋ। ਉਸ ਪਰਮਾਤਮਾ ਦਾ ਦਰਬਾਰ ਹੈਰਾਨ ਕਰਨ ਵਾਲਾ ਹੈ।1। ਰਹਾਉ।

ਹੇ ਸੰਤ ਜਨੋ! ਸਦਾ ਹੀ ਗੁਰੂ ਦੇ ਦਰ ਤੇ ਸਿਰ ਨਿਵਾਇਆ ਕਰੋ। ਗੁਰੂ ਦੀ ਮਿਹਰ ਨਾਲ ਬੇਅੰਤ ਪ੍ਰਭੂ ਦੇ ਗੁਣ ਗਾ ਕੇ ਮਨ ਵਿਚ ਆਤਮਕ ਜੀਵਨ ਦਾ ਚਾਨਣ ਪੈਦਾ ਹੋ ਜਾਂਦਾ ਹੈ, (ਗੁਰੂ ਪਾਸੋਂ ਮਿਲਿਆ ਹੋਇਆ) ਆਤਮਕ ਜੀਵਨ ਦੀ ਸੂਝ ਦਾ ਸੁਰਮਾ ਆਤਮਕ ਜੀਵਨ ਵਲੋਂ ਬੇ-ਸਮਝੀ ਦਾ ਨਾਸ ਕਰ ਦੇਂਦਾ ਹੈ।1।

ਹੇ ਸੰਤ ਜਨੋ! ਜਿਸ ਪਰਮਾਤਮਾ ਦਾ (ਇਹ ਸਾਰਾ) ਜਗਤ-ਖਿਲਾਰਾ (ਬਣਾਇਆ ਹੋਇਆ) ਹੈ ਉਸ (ਦੀ ਸਮਰਥਾ) ਦਾ ਹੱਦ-ਬੰਨਾ ਨਹੀਂ ਲੱਭ ਸਕਦਾ ਉਸ ਪ੍ਰਭੂ ਦੀ ਵਡਿਆਈ ਬੇਅੰਤ ਹੈ ਬੇਅੰਤ ਹੈ। ਹੇ ਸੰਤ ਜਨੋ! ਜਿਸ ਪਰਮਾਤਮਾ ਦੇ ਅਨੇਕਾਂ ਹੀ ਚੋਜ-ਤਮਾਸ਼ੇ ਹਨ ਗਿਣੇ ਨਹੀਂ ਜਾ ਸਕਦੇ, ਉਹ ਪਰਮਾਤਮਾ ਖ਼ੁਸ਼ੀ ਗ਼ਮੀ ਦੋਹਾਂ ਤੋਂ ਪਰੇ ਰਹਿੰਦਾ ਹੈ।2।

ਹੇ ਸੰਤ ਜਨੋ! (ਉਸ ਪ੍ਰਭੂ ਦਾ ਦਰਬਾਰ ਹੈਰਾਨ ਕਰ ਦੇਣ ਵਾਲਾ ਹੈ) ਜਿਸ ਦੇ ਪੈਦਾ ਕੀਤੇ ਹੋਏ ਅਨੇਕਾਂ ਹੀ ਬ੍ਰਹਮੇ (ਉਸ ਦੇ ਦਰ ਤੇ) ਵੇਦਾਂ ਦਾ ਉਚਾਰਨ ਕਰ ਰਹੇ ਹਨ, ਅਨੇਕਾਂ ਹੀ ਸ਼ਿਵ ਬੈਠ ਕੇ ਉਸ ਦਾ ਧਿਆਨ ਧਰ ਰਹੇ ਹਨ, ਹੋਰ ਅਨੇਕਾਂ ਹੀ ਛੋਟੇ ਛੋਟੇ ਉਸ ਦੇ ਅਵਤਾਰ ਹਨ, ਅਨੇਕਾਂ ਹੀ ਇੰਦਰ ਦੇਵਤੇ ਉਸ ਦੇ ਦਰ ਤੇ ਖਲੋਤੇ ਰਹਿੰਦੇ ਹਨ।3।

TOP OF PAGE

Sri Guru Granth Darpan, by Professor Sahib Singh