ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 1236 ਅਨਿਕ ਪਵਨ ਪਾਵਕ ਅਰੁ ਨੀਰ ॥ ਅਨਿਕ ਰਤਨ ਸਾਗਰ ਦਧਿ ਖੀਰ ॥ ਅਨਿਕ ਸੂਰ ਸਸੀਅਰ ਨਖਿਆਤਿ ॥ ਅਨਿਕ ਦੇਵੀ ਦੇਵਾ ਬਹੁ ਭਾਂਤਿ ॥੪॥ ਅਨਿਕ ਬਸੁਧਾ ਅਨਿਕ ਕਾਮਧੇਨ ॥ ਅਨਿਕ ਪਾਰਜਾਤ ਅਨਿਕ ਮੁਖਿ ਬੇਨ ॥ ਅਨਿਕ ਅਕਾਸ ਅਨਿਕ ਪਾਤਾਲ ॥ ਅਨਿਕ ਮੁਖੀ ਜਪੀਐ ਗੋਪਾਲ ॥੫॥ ਅਨਿਕ ਸਾਸਤ੍ਰ ਸਿਮ੍ਰਿਤਿ ਪੁਰਾਨ ॥ ਅਨਿਕ ਜੁਗਤਿ ਹੋਵਤ ਬਖਿਆਨ ॥ ਅਨਿਕ ਸਰੋਤੇ ਸੁਨਹਿ ਨਿਧਾਨ ॥ ਸਰਬ ਜੀਅ ਪੂਰਨ ਭਗਵਾਨ ॥੬॥ {ਪੰਨਾ 1236} ਪਦ ਅਰਥ: ਪਵਨ = ਹਵਾ। ਪਾਵਕ = ਅੱਗ। ਅਰੁ = ਅਤੇ (ਅਰਿ = ਵੈਰੀ) । ਨੀਰ = ਪਾਣੀ। ਸਾਗਰ = ਸਮੁੰਦਰ। ਦਧਿ = ਦਹੀਂ। ਖੀਰ = ਦੁੱਧ। ਸੂਰ = ਸੂਰਜ। ਸਸੀਅਰ = (__Dr) ਚੰਦ੍ਰਮਾ। ਨਖਿਆਤਿ = ਤਾਰੇ। ਬਹੁ ਭਾਂਤਿ = ਕਈ ਕਿਸਮਾਂ ਦੇ।4। ਬਸੁਧਾ = ਧਰਤੀ। ਕਾਮਧੇਨ = (ਧੇਨ = ਗਾਂ) ਮਨੋ-ਕਾਮਨਾ ਪੂਰੀਆਂ ਕਰਨ ਵਾਲੀਆਂ ਗਾਂਈਆਂ। ਪਾਰਜਾਤ = ਸੁਵਰਗ ਦਾ ਇਕ ਰੁੱਖ ਜੋ ਮਨ-ਮੰਗੀਆਂ ਮੁਰਾਦਾਂ ਦੇਂਦਾ ਮੰਨਿਆ ਜਾਂਦਾ ਹੈ। ਮੁਖਿ = ਮੂੰਹ ਵਿਚ। ਬੇਨ = ਬੰਸਰੀ। ਮੁਖਿ ਬੇਨ = ਮੂੰਹ ਵਿਚ ਬੰਸਰੀ ਰੱਖਣ ਵਾਲਾ, ਕ੍ਰਿਸ਼ਨ। ਮੁਖੀ = ਮੁਖੀਂ, ਮੂੰਹਾਂ ਨਾਲ। ਜਪੀਐ = ਜਪਿਆ ਜਾ ਰਿਹਾ ਹੈ।5। ਜੁਗਤਿ = ਤਰੀਕਾ, ਢੰਗ। ਬਖਿਆਨ = ਉਪਦੇਸ਼। ਸਰੋਤੇ = ਸੁਣਨ ਵਾਲੇ। ਸੁਨਹਿ = ਸੁਣਦੇ ਹਨ (ਬਹੁ-ਵਚਨ) । ਨਿਧਾਨ = ਖ਼ਜ਼ਾਨਾ ਹਰੀ। ਸਰਬ ਜੀਅ = ਸਭ ਜੀਵਾਂ ਵਿਚ। ਪੂਰਨ = ਵਿਆਪਕ।6। ਅਰਥ: (ਹੇ ਸੰਤ ਜਨੋ! ਪਰਮਾਤਮਾ ਦਾ ਦਰਬਾਰ ਹੈਰਾਨ ਕਰਨ ਵਾਲਾ ਹੈ, ਉਸ ਦੇ ਪੈਦਾ ਕੀਤੇ ਹੋਏ) ਅਨੇਕਾਂ ਹੀ ਹਵਾ ਪਾਣੀ ਅਤੇ ਅੱਗ (ਆਦਿਕ) ਹਨ, (ਉਸ ਦੇ ਪੈਦਾ ਕੀਤੇ ਹੋਏ) ਅਨੇਕਾਂ ਹੀ ਰਤਨਾਂ ਦੇ, ਦਹੀਂ ਦੇ, ਦੁੱਧ ਦੇ ਸਮੁੰਦਰ ਹਨ। (ਉਸ ਦੇ ਬਣਾਏ ਹੋਏ) ਅਨੇਕਾਂ ਹੀ ਸੂਰਜ ਚੰਦ੍ਰਮਾ ਅਤੇ ਤਾਰੇ ਹਨ, ਅਤੇ ਕਈ ਕਿਸਮਾਂ ਦੇ ਅਨੇਕਾਂ ਹੀ ਦੇਵੀਆਂ ਦੇਵਤੇ ਹਨ।4। (ਹੇ ਸੰਤ ਜਨੋ! ਪਰਮਾਤਮਾ ਦਾ ਦਰਬਾਰ ਅਸਚਰਜ ਹੈ, ਉਸ ਦੀਆਂ ਪੈਦਾ ਕੀਤੀਆਂ) ਅਨੇਕਾਂ ਧਰਤੀਆਂ ਅਤੇ ਅਨੇਕਾਂ ਹੀ ਮਨੋ-ਕਾਮਨਾ ਪੂਰੀਆਂ ਕਰਨ ਵਾਲੀਆਂ ਸੁਵਰਗ ਦੀਆਂ ਗਾਂਈਆਂ ਹਨ, ਅਨੇਕਾਂ ਹੀ ਪਾਰਜਾਤ ਰੁੱਖ ਅਤੇ ਅਨੇਕਾਂ ਹੀ ਕ੍ਰਿਸ਼ਨ ਹਨ, ਅਨੇਕਾਂ ਹੀ ਆਕਾਸ਼ ਅਤੇ ਅਨੇਕਾਂ ਹੀ ਪਾਤਾਲ ਹਨ। ਹੇ ਸੰਤ ਜਨੋ! ਉਸ ਗੋਪਾਲ ਨੂੰ ਅਨੇਕਾਂ ਮੂੰਹਾਂ ਦੀ ਰਾਹੀਂ ਜਪਿਆ ਜਾ ਰਿਹਾ ਹੈ। (ਅਨੇਕਾਂ ਜੀਵ ਉਸ ਦਾ ਨਾਮ ਜਪਦੇ ਹਨ) ।5। (ਹੇ ਸੰਤ ਜਨੋ! ਪਰਮਾਤਮਾ ਦਾ ਦਰਬਾਰ ਹੈਰਾਨ ਕਰਨ ਵਾਲਾ ਹੈ) ਅਨੇਕਾਂ ਸ਼ਾਸਤ੍ਰਾਂ ਸਿਮ੍ਰਿਤੀਆਂ ਅਤੇ ਪੁਰਾਣਾਂ ਦੀ ਰਾਹੀਂ ਅਨੇਕਾਂ ਤਰੀਕਿਆਂ ਨਾਲ (ਉਸ ਦੇ ਗੁਣਾਂ ਦਾ) ਉਪਦੇਸ਼ ਹੋ ਰਿਹਾ ਹੈ। ਹੇ ਸੰਤ ਜਨੋ! ਅਨੇਕਾਂ ਹੀ ਸੁਣਨ ਵਾਲੇ ਉਸ ਗੁਣਾਂ ਦੇ ਖ਼ਜ਼ਾਨੇ ਪ੍ਰਭੂ ਦੀਆਂ ਸਿਫ਼ਤਾਂ ਸੁਣ ਰਹੇ ਹਨ। ਹੇ ਸੰਤ ਜਨੋ! ਉਹ ਭਗਵਾਨ ਸਾਰੇ ਹੀ ਜੀਵਾਂ ਵਿਚ ਵਿਆਪਕ ਹੈ।6। ਅਨਿਕ ਧਰਮ ਅਨਿਕ ਕੁਮੇਰ ॥ ਅਨਿਕ ਬਰਨ ਅਨਿਕ ਕਨਿਕ ਸੁਮੇਰ ॥ ਅਨਿਕ ਸੇਖ ਨਵਤਨ ਨਾਮੁ ਲੇਹਿ ॥ ਪਾਰਬ੍ਰਹਮ ਕਾ ਅੰਤੁ ਨ ਤੇਹਿ ॥੭॥ ਅਨਿਕ ਪੁਰੀਆ ਅਨਿਕ ਤਹ ਖੰਡ ॥ ਅਨਿਕ ਰੂਪ ਰੰਗ ਬ੍ਰਹਮੰਡ ॥ ਅਨਿਕ ਬਨਾ ਅਨਿਕ ਫਲ ਮੂਲ ॥ ਆਪਹਿ ਸੂਖਮ ਆਪਹਿ ਅਸਥੂਲ ॥੮॥ ਅਨਿਕ ਜੁਗਾਦਿ ਦਿਨਸ ਅਰੁ ਰਾਤਿ ॥ ਅਨਿਕ ਪਰਲਉ ਅਨਿਕ ਉਤਪਾਤਿ ॥ ਅਨਿਕ ਜੀਅ ਜਾ ਕੇ ਗ੍ਰਿਹ ਮਾਹਿ ॥ ਰਮਤ ਰਾਮ ਪੂਰਨ ਸ੍ਰਬ ਠਾਂਇ ॥੯॥ {ਪੰਨਾ 1236} ਪਦ ਅਰਥ: ਧਰਮ = ਧਰਮਰਾਜ। ਕੁਮੇਰ = ਕੁਬੇਰ, ਧਨ ਦਾ ਦੇਵਤਾ। ਬਰਨ = ਵਰਣ, ਸਮੁੰਦਰ ਦਾ ਦੇਵਤਾ। ਕਨਿਕ = ਸੋਨਾ। ਸੇਖ = ਸ਼ੇਸ਼ਨਾਗ। ਨਵਤਨ = ਨਵਾਂ। ਲੇਹਿ = ਲੈਂਦੇ ਹਨ। ਤੇਹਿ = ਉਹਨਾਂ ਨੇ।7। ਤਹ = ਉਥੇ। ਖੰਡ = ਧਰਤੀਆਂ ਦੇ ਟੋਟੇ। ਬਨਾ = ਜੰਗਲ। ਆਪਹਿ = ਆਪ ਹੀ। ਸੂਖਮ = ਅਦ੍ਰਿਸ਼ਟ। ਅਸਥੂਲ = ਦ੍ਰਿਸ਼ਟਮਾਨ।8। ਜੁਗਾਦਿ = ਜੁਗ ਆਦਿਕ। ਪਰਲਉ = ਜਗਤ ਦਾ ਨਾਸ। ਉਤਪਾਤਿ = ਉਤਪੱਤੀ, ਪੈਦਾਇਸ਼। ਜੀਅ = (ਲਫ਼ਜ਼ 'ਜੀਉ' ਤੋਂ ਬਹੁ-ਵਚਨ) । ਰਮਤ = ਵਿਆਪਕ। ਸ੍ਰਬ ਠਾਂਇ = ਸਭ ਥਾਵਾਂ ਵਿਚ।9। ਅਰਥ: ਹੇ ਸੰਤ ਜਨੋ! (ਉਸ ਪਰਮਾਤਮਾ ਦੇ ਪੈਦਾ ਕੀਤੇ ਹੋਏ) ਅਨੇਕਾਂ ਧਰਮਰਾਜ ਹਨ ਅਨੇਕਾਂ ਹੀ ਧਨ ਦੇ ਦੇਵਤੇ ਕੁਬੇਰ ਹਨ, ਅਨੇਕਾਂ ਸਮੁੰਦਰ ਦੇ ਦੇਵਤੇ ਵਰਣ ਹਨ ਅਤੇ ਅਨੇਕਾਂ ਹੀ ਸੋਨੇ ਦੇ ਸੁਮੇਰ ਪਰਬਤ ਹਨ, ਅਨੇਕਾਂ ਹੀ ਉਸ ਦੇ ਬਣਾਏ ਹੋਏ ਸ਼ੇਸ਼ਨਾਗ ਹਨ ਜੋ (ਹਰ ਰੋਜ਼ ਸਦਾ ਉਸ ਦਾ) ਨਵਾਂ ਹੀ ਨਾਮ ਲੈਂਦੇ ਹਨ। ਹੇ ਸੰਤ ਜਨੋ! ਉਹਨਾਂ ਵਿਚੋਂ ਕਿਸੇ ਨੇ ਉਸ (ਦੇ ਗੁਣਾਂ) ਦਾ ਅੰਤ ਨਹੀਂ ਲੱਭਾ।7। (ਹੇ ਸੰਤ ਜਨੋ! ਪਰਮਾਤਮਾ ਦਾ ਦਰਬਾਰ ਹੈਰਾਨ ਕਰਨ ਵਾਲਾ ਹੈ, ਉਸ ਦੇ ਪੈਦਾ ਕੀਤੇ ਹੋਏ) ਅਨੇਕਾਂ ਰੂਪਾਂ ਰੰਗਾਂ ਦੇ ਖੰਡ ਬ੍ਰਹਮੰਡ ਹਨ ਅਨੇਕਾਂ ਪੁਰੀਆਂ ਹਨ। ਉਸਦੇ ਪੈਦਾ ਕੀਤੇ ਹੋਏ ਅਨੇਕਾਂ ਜੰਗਲ ਤੇ ਉਹਨਾਂ ਵਿਚ ਉੱਗਣ ਵਾਲੇ ਅਨੇਕਾਂ ਕਿਸਮਾਂ ਦੇ ਫਲ ਅਤੇ ਕੰਦ ਮੂਲ ਹਨ। ਉਹ ਪਰਮਾਤਮਾ ਆਪ ਹੀ ਅਦ੍ਰਿਸ਼ਟ ਰੂਪ ਵਾਲਾ ਹੈ, ਉਹ ਆਪ ਹੀ ਇਹ ਦਿੱਸਦਾ ਜਗਤ-ਤਮਾਸ਼ਾ ਹੈ।8। ਹੇ ਸੰਤ ਜਨੋ! ਉਸ ਪਰਮਾਤਮਾ ਦੇ ਬਣਾਏ ਹੋਏ ਅਨੇਕਾਂ ਹੀ ਜੁਗ ਆਦਿਕ ਹਨ, ਅਨੇਕਾਂ ਹੀ ਦਿਨ ਹਨ ਅਤੇ ਅਨੇਕਾਂ ਹੀ ਰਾਤਾਂ ਹਨ। ਉਹ ਅਨੇਕਾਂ ਵਾਰੀ ਜਗਤ ਦਾ ਨਾਸ ਕਰਦਾ ਹੈ ਅਨੇਕਾਂ ਵਾਰੀ ਜਗਤ-ਉਤਪੱਤੀ ਕਰਦਾ ਹੈ। ਹੇ ਸੰਤ ਜਨੋ! (ਉਹ ਪਰਮਾਤਮਾ ਐਸਾ ਗ੍ਰਿਹਸਤੀ ਹੈ) ਕਿ ਉਸ ਦੇ ਘਰ ਵਿਚ ਅਨੇਕਾਂ ਹੀ ਜੀਵ ਹਨ, ਉਹ ਸਭ ਥਾਵਾਂ ਵਿਚ ਵਿਆਪਕ ਹੈ ਸਭ ਥਾਵਾਂ ਵਿਚ ਮੌਜੂਦ ਹੈ।9। ਅਨਿਕ ਮਾਇਆ ਜਾ ਕੀ ਲਖੀ ਨ ਜਾਇ ॥ ਅਨਿਕ ਕਲਾ ਖੇਲੈ ਹਰਿ ਰਾਇ ॥ ਅਨਿਕ ਧੁਨਿਤ ਲਲਿਤ ਸੰਗੀਤ ॥ ਅਨਿਕ ਗੁਪਤ ਪ੍ਰਗਟੇ ਤਹ ਚੀਤ ॥੧੦॥ ਸਭ ਤੇ ਊਚ ਭਗਤ ਜਾ ਕੈ ਸੰਗਿ ॥ ਆਠ ਪਹਰ ਗੁਨ ਗਾਵਹਿ ਰੰਗਿ ॥ ਅਨਿਕ ਅਨਾਹਦ ਆਨੰਦ ਝੁਨਕਾਰ ॥ ਉਆ ਰਸ ਕਾ ਕਛੁ ਅੰਤੁ ਨ ਪਾਰ ॥੧੧॥ ਸਤਿ ਪੁਰਖੁ ਸਤਿ ਅਸਥਾਨੁ ॥ ਊਚ ਤੇ ਊਚ ਨਿਰਮਲ ਨਿਰਬਾਨੁ ॥ ਅਪੁਨਾ ਕੀਆ ਜਾਨਹਿ ਆਪਿ ॥ ਆਪੇ ਘਟਿ ਘਟਿ ਰਹਿਓ ਬਿਆਪਿ ॥ ਕ੍ਰਿਪਾ ਨਿਧਾਨ ਨਾਨਕ ਦਇਆਲ ॥ ਜਿਨਿ ਜਪਿਆ ਨਾਨਕ ਤੇ ਭਏ ਨਿਹਾਲ ॥੧੨॥੧॥੨॥੨॥੩॥੭॥ {ਪੰਨਾ 1236} ਪਦ ਅਰਥ: ਜਾ ਕੀ = ਜਿਸ (ਪਰਮਾਤਮਾ) ਦੀ (ਰਚੀ ਹੋਈ) । ਲਖੀ ਨ ਜਾਇ = ਸਮਝੀ ਨਹੀਂ ਜਾ ਸਕਦੀ। ਕਲਾ = ਤਾਕਤ। ਹਰਿ ਰਾਇ = ਪ੍ਰਭੂ-ਪਾਤਿਸ਼ਾਹ। ਲਲਿਤ = ਸੁੰਦਰ। ਧੁਨਿਤ = ਧੁਨੀਆਂ ਹੋ ਰਹੀਆਂ ਹਨ। ਗੁਪਤ ਚੀਤ = ਚਿੱਤਰ ਗੁਪਤ। ਤਹ = ਉਥੇ, ਉਸ ਦੇ ਦਰਬਾਰ ਵਿਚ।10। ਜਾ ਕੈ ਸੰਗਿ = ਜਿਸ ਦੇ ਨਾਲ, ਜਿਸ ਦੇ ਦਰ ਤੇ। ਗਾਵਹਿ = ਗਾਂਦੇ ਹਨ। ਰੰਗਿ = ਪ੍ਰੇਮ ਨਾਲ। ਅਨਾਹਦ = ਬਿਨਾ ਵਜਾਏ ਵੱਜ ਰਹੇ। ਝੁਨਕਾਰ = ਮਿੱਠੀ ਆਵਾਜ਼। ਉਆ ਕਾ = ਉਸ ਦਾ।11। ਸਤਿ = ਸਦਾ-ਕਾਇਮ। ਨਿਰਬਾਨੁ = ਵਾਸ਼ਨਾ-ਰਹਿਤ। ਜਾਨਹਿ = ਤੂੰ ਜਾਣਦਾ ਹੈਂ। ਆਪੇ = ਆਪ ਹੀ। ਘਟਿ ਘਟਿ = ਹਰੇਕ ਘਟ ਵਿਚ। ਕ੍ਰਿਪਾ ਨਿਧਾਨ = ਹੇ ਕਿਰਪਾ ਦੇ ਖ਼ਜ਼ਾਨੇ! ਦਇਆਲ = ਹੇ ਦਇਆ ਦੇ ਘਰ! ਜਿਨਿ = ਜਿਨਿ ਜਿਨਿ, ਜਿਸ ਜਿਸ ਨੇ। ਤੇ = ਉਹ ਸਾਰੇ। ਨਿਹਾਲ = ਪ੍ਰਸੰਨ-ਚਿੱਤ।12। ਅਰਥ: ਹੇ ਸੰਤ ਜਨੋ! (ਪਰਮਾਤਮਾ ਦਾ ਦਰਬਾਰ ਹੈਰਾਨ ਕਰਨ ਵਾਲਾ ਹੈ) ਜਿਸ ਦੀ (ਰਚੀ ਹੋਈ) ਅਨੇਕਾਂ ਰੰਗਾਂ ਦੀ ਮਾਇਆ ਸਮਝੀ ਨਹੀਂ ਜਾ ਸਕਦੀ, ਉਹ ਪ੍ਰਭੂ-ਪਾਤਿਸ਼ਾਹ ਅਨੇਕਾਂ ਕੌਤਕ ਰਚਾ ਰਿਹਾ ਹੈ। (ਉਸ ਦੇ ਦਰ ਤੇ) ਅਨੇਕਾਂ ਸੁਰੀਲੇ ਰਾਗਾਂ ਦੀ ਧੁਨੀ ਹੋ ਰਹੀ ਹੈ। ਉਥੇ ਅਨੇਕਾਂ ਹੀ ਚਿੱਤਰ ਗੁਪਤ ਪ੍ਰਤੱਖ ਦਿੱਸਦੇ ਹਨ।10। ਹੇ ਸੰਤ ਜਨੋ! ਉਹ ਪਰਮਾਤਮਾ ਸਭ ਤੋਂ ਉੱਚਾ ਹੈ ਜਿਸ ਦੇ ਦਰ ਤੇ ਅਨੇਕਾਂ ਭਗਤ ਪ੍ਰੇਮ ਨਾਲ ਅੱਠੇ ਪਹਰ ਉਸ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਂਦੇ ਰਹਿੰਦੇ ਹਨ। ਉਸ ਦੇ ਦਰ ਤੇ ਬਿਨਾ ਵਜਾਏ ਵੱਜ ਰਹੇ ਸਾਜਾਂ ਦੀ ਮਿੱਠੀ ਸੁਰ ਦਾ ਆਨੰਦ ਬਣਿਆ ਰਹਿੰਦਾ ਹੈ, ਉਸ ਆਨੰਦ ਦਾ ਅੰਤ ਜਾਂ ਪਾਰਲਾ ਬੰਨਾ ਨਹੀਂ ਲੱਭ ਸਕਦਾ (ਉਹ ਆਨੰਦ ਅਮੁੱਕ ਹੈ) ।11। ਹੇ ਸੰਤ ਜਨੋ! ਉਹ ਪਰਮਾਤਮਾ ਸਦਾ ਕਾਇਮ ਰਹਿਣ ਵਾਲਾ ਹੈ, ਉਸ ਦਾ ਅਸਥਾਨ ਭੀ ਅਟੱਲ ਹੈ। ਉਹ ਉੱਚਿਆਂ ਤੋਂ ਉੱਚਾ ਹੈ, ਪਵਿੱਤਰ-ਸਰੂਪ ਹੈ, ਵਾਸਨਾ-ਰਹਿਤ ਹੈ। ਹੇ ਨਾਨਕ! (ਆਖ-) ਹੇ ਪ੍ਰਭੂ! ਆਪਣੇ ਰਚੇ (ਜਗਤ) ਨੂੰ ਤੂੰ ਆਪ ਹੀ ਜਾਣਦਾ ਹੈਂ, ਤੂੰ ਆਪ ਹੀ ਹਰੇਕ ਸਰੀਰ ਵਿਚ ਮੌਜੂਦ ਹੈਂ। ਹੇ ਦਇਆ ਦੇ ਖ਼ਜ਼ਾਨੇ! ਹੇ ਦਇਆ ਦੇ ਸੋਮੇ! ਜਿਸ ਜਿਸ ਨੇ (ਤੇਰਾ ਨਾਮ) ਜਪਿਆ ਹੈ, ਉਹ ਸਭ ਪ੍ਰਸੰਨ-ਚਿੱਤ ਰਹਿੰਦੇ ਹਨ।12।1।2। 2।3।7। ਵੇਰਵਾ:
ਗੁਰੂ ਨਾਨਕ ਦੇਵ ਜੀ . . . . . .2 ਨੋਟ: ਗੁਰੂ ਅਰਜਨ ਸਾਹਿਬ ਦੀ 1 ਅਸਟਪਦੀ 'ਘਰੁ 1' ਦੀ, ਦੂਜੀ 'ਘਰੁ 6' ਦੀ ਹੈ। ਸਾਰਗ ਛੰਤ ਮਹਲਾ ੫ ੴ ਸਤਿਗੁਰ ਪ੍ਰਸਾਦਿ ॥ ਸਭ ਦੇਖੀਐ ਅਨਭੈ ਕਾ ਦਾਤਾ ॥ ਘਟਿ ਘਟਿ ਪੂਰਨ ਹੈ ਅਲਿਪਾਤਾ ॥ ਘਟਿ ਘਟਿ ਪੂਰਨੁ ਕਰਿ ਬਿਸਥੀਰਨੁ ਜਲ ਤਰੰਗ ਜਿਉ ਰਚਨੁ ਕੀਆ ॥ ਹਭਿ ਰਸ ਮਾਣੇ ਭੋਗ ਘਟਾਣੇ ਆਨ ਨ ਬੀਆ ਕੋ ਥੀਆ ॥ ਹਰਿ ਰੰਗੀ ਇਕ ਰੰਗੀ ਠਾਕੁਰੁ ਸੰਤਸੰਗਿ ਪ੍ਰਭੁ ਜਾਤਾ ॥ ਨਾਨਕ ਦਰਸਿ ਲੀਨਾ ਜਿਉ ਜਲ ਮੀਨਾ ਸਭ ਦੇਖੀਐ ਅਨਭੈ ਕਾ ਦਾਤਾ ॥੧॥ {ਪੰਨਾ 1236} ਪਦ ਅਰਥ: ਸਭ = ਸਾਰੀ ਸ੍ਰਿਸ਼ਟੀ ਵਿਚ। ਦੇਖੀਐ = ਦਿੱਸਦਾ ਹੈ। ਅਨਭੈ = ਅਨਭੈ ਪਦ, ਉਹ ਅਵਸਥਾ ਜਿੱਥੇ ਕੋਈ ਡਰ ਪੋਹ ਨਹੀਂ ਸਕਦਾ। ਘਟਿ ਘਟਿ = ਹਰੇਕ ਸਰੀਰ ਵਿਚ। ਅਲਿਪਾਤਾ = ਨਿਰਲੇਪ। ਪੂਰਨੁ = ਵਿਆਪਕ। ਕਰਿ = ਕਰ ਕੇ। ਬਿਸਥੀਰਨੁ = ਜਗਤ-ਖਿਲਾਰਾ। ਤਰੰਗ = ਲਹਿਰਾਂ। ਰਚਨੁ ਕੀਆ = ਰਚਨਾ ਰਚੀ ਹੈ। ਹਭਿ = ਸਾਰੇ। ਘਟਾਣੇ = ਹਰੇਕ ਘਟ ਵਿਚ। ਆਨ = ਹੋਰ (ANX) । ਬੀਆ = ਦੂਜਾ। ਕੋ = ਕੋਈ ਭੀ। ਰੰਗੀ = ਸਭ ਰੰਗਾਂ ਦਾ ਰਚਨ ਵਾਲਾ। ਇਕ ਰੰਗੀ = ਇਕ-ਰਸ ਵਿਆਪਕ। ਸੰਗਿ = ਸੰਗਤਿ ਵਿਚ। ਜਾਤਾ = ਜਾਣਿਆ ਜਾਂਦਾ ਹੈ। ਦਰਸਿ = ਦਰਸਨ ਵਿਚ। ਮੀਨਾ = ਮੱਛੀ।1। ਅਰਥ: ਹੇ ਭਾਈ! ਨਿਰਭੈਤਾ ਦੀ ਅਵਸਥਾ ਦੇਣ ਵਾਲਾ ਪ੍ਰਭੂ ਸਾਰੀ ਸ੍ਰਿਸ਼ਟੀ ਵਿਚ ਵੱਸਦਾ ਦਿੱਸ ਰਿਹਾ ਹੈ। ਉਹ ਪ੍ਰਭੂ ਹਰੇਕ ਸਰੀਰ ਵਿਚ ਵਿਆਪਕ ਹੈ, ਫਿਰ ਭੀ ਨਿਰਲੇਪ ਰਹਿੰਦਾ ਹੈ। ਜਿਵੇਂ ਪਾਣੀ ਦੀਆਂ ਲਹਿਰਾਂ (ਵਿਚ ਪਾਣੀ ਮੌਜੂਦ ਹੈ) ਪਰਮਾਤਮਾ ਜਗਤ-ਰਚਨਾ ਦਾ ਖਿਲਾਰਾ ਰਚ ਕੇ ਆਪ ਹਰੇਕ ਸਰੀਰ ਵਿਚ ਵਿਆਪਕ ਹੈ। ਹਰੇਕ ਸਰੀਰ ਵਿਚ ਵਿਆਪਕ ਹੋ ਕੇ ਉਹ ਸਾਰੇ ਰਸ ਮਾਣਦਾ ਹੈ ਸਾਰੇ ਭੋਗ ਭੋਗਦਾ ਹੈ, (ਉਸ ਤੋਂ ਬਿਨਾ ਕਿਤੇ ਭੀ) ਕੋਈ ਦੂਜਾ ਨਹੀਂ ਹੈ। ਹੇ ਭਾਈ! ਸਭ ਰੰਗਾਂ ਦਾ ਰਚਣ ਵਾਲਾ ਉਹ ਮਾਲਕ-ਹਰੀ ਇਕ-ਰਸ ਸਭ ਵਿਚ ਵਿਆਪਕ ਹੈ। ਸੰਤ ਜਨਾਂ ਦੀ ਸੰਗਤਿ ਵਿਚ ਟਿੱਕ ਕੇ ਉਸ ਪ੍ਰਭੂ ਨਾਲ ਸਾਂਝ ਪੈ ਸਕਦੀ ਹੈ। ਹੇ ਨਾਨਕ! ਮੈਂ ਉਸ ਦੇ ਦਰਸਨ ਵਿਚ ਇਉਂ ਲੀਨ ਰਹਿੰਦਾ ਹਾਂ ਜਿਵੇਂ ਮੱਛੀ ਪਾਣੀ ਵਿਚ। ਨਿਰਭੈਤਾ ਦਾ ਦੇਣ ਵਾਲਾ ਉਹ ਪ੍ਰਭੂ ਸਾਰੀ ਸ੍ਰਿਸ਼ਟੀ ਵਿਚ ਦਿੱਸ ਰਿਹਾ ਹੈ।1। ਕਉਨ ਉਪਮਾ ਦੇਉ ਕਵਨ ਬਡਾਈ ॥ ਪੂਰਨ ਪੂਰਿ ਰਹਿਓ ਸ੍ਰਬ ਠਾਈ ॥ ਪੂਰਨ ਮਨਮੋਹਨ ਘਟ ਘਟ ਸੋਹਨ ਜਬ ਖਿੰਚੈ ਤਬ ਛਾਈ ॥ ਕਿਉ ਨ ਅਰਾਧਹੁ ਮਿਲਿ ਕਰਿ ਸਾਧਹੁ ਘਰੀ ਮੁਹਤਕ ਬੇਲਾ ਆਈ ॥ ਅਰਥੁ ਦਰਬੁ ਸਭੁ ਜੋ ਕਿਛੁ ਦੀਸੈ ਸੰਗਿ ਨ ਕਛਹੂ ਜਾਈ ॥ ਕਹੁ ਨਾਨਕ ਹਰਿ ਹਰਿ ਆਰਾਧਹੁ ਕਵਨ ਉਪਮਾ ਦੇਉ ਕਵਨ ਬਡਾਈ ॥੨॥ {ਪੰਨਾ 1236-1237} ਪਦ ਅਰਥ: ਉਪਮਾ = (ਮਾ = ਮਿਣਨਾ। ਉਪਮਾ = ਕਿਸੇ ਦੇ ਬਰਾਬਰ ਦਾ ਕੋਈ ਦੱਸਣਾ) ਬਰਾਬਰ ਦਾ ਦੱਸਣ ਦਾ ਉੱਦਮ। ਦੇਉ = ਦੇਉਂ, ਮੈਂ ਦਿਆਂ। ਕਉਨ ਉਪਮਾ ਦੇਉ = ਮੈਂ ਕੀਹ ਦੱਸਾਂ ਕਿ ਉਸ ਵਰਗਾ ਹੋਰ ਕੌਣ ਹੈ? ਮੈਂ ਕੋਈ ਉਸ ਦੀ ਬਰਾਬਰੀ ਦਾ ਦੱਸ ਨਹੀਂ ਸਕਦਾ। ਪੂਰਨ = ਵਿਆਪਕ। ਸ੍ਰਬ ਠਾਈ = ਸਭਨੀਂ ਥਾਈਂ। ਮਨ ਮੋਹਨ– ਮਨ ਨੂੰ ਖਿੱਚ ਪਾਉਣ ਵਾਲਾ। ਘਟ ਘਟ ਸੋਹਣ = ਹਰੇਕ ਸਰੀਰ ਨੂੰ ਸੋਹਣਾ ਬਣਾਣ ਵਾਲਾ। ਖਿੰਚੇ = ਖਿਚ ਲੈਂਦਾ ਹੈ। ਛਾਈ = ਸੁਆਹ, ਕੁਝ ਭੀ ਨਹੀਂ ਰਹਿ ਜਾਂਦਾ। ਮਿਲਿ ਕਰਿ = ਮਿਲ ਕੇ। ਸਾਧਹੁ = ਹੇ ਸੰਤ ਜਨੋ! ਘਰੀ ਮੁਹਤਕ = ਘੜੀ ਅੱਧੀ ਘੜੀ ਤਕ। ਬੇਲਾ = (ਇਥੋਂ ਕੂਚ ਕਰਨ ਦਾ) ਸਮਾ। ਦਰਬੁ = (dàÒX) ਧਨ। ਅਰਥੁ ਦਰਬੁ = ਧਨ-ਪਦਾਰਥ। ਸੰਗਿ = ਨਾਲ। ਜਾਈ = ਜਾਂਦਾ।2। ਅਰਥ: ਹੇ ਸੰਤ ਜਨੋ! ਮੈਂ ਉਸ ਪਰਮਾਤਮਾ ਦੀ ਬਰਾਬਰੀ ਦਾ ਕੋਈ ਭੀ ਦੱਸ ਨਹੀਂ ਸਕਦਾ। ਉਹ ਕੇਡਾ ਵੱਡਾ ਹੈ– ਇਹ ਭੀ ਨਹੀਂ ਦੱਸ ਸਕਦਾ। ਉਹ ਸਰਬ-ਵਿਆਪਕ ਹੈ, ਉਹ ਸਭਨੀਂ ਥਾਈਂ ਮੌਜੂਦ ਹੈ। ਉਹ ਪ੍ਰਭੂ ਸਰਬ-ਵਿਆਪਕ ਹੈ, ਸਭ ਦੇ ਮਨਾਂ ਨੂੰ ਖਿੱਚ ਪਾਣ ਵਾਲਾ ਹੈ, ਸਭ ਸਰੀਰਾਂ ਨੂੰ (ਆਪਣੀ ਜੋਤਿ ਨਾਲ) ਸੋਹਣਾ ਬਣਾਣ ਵਾਲਾ ਹੈ। ਜਦੋਂ ਉਹ ਆਪਣੀ ਜੋਤਿ ਖਿੱਚ ਲੈਂਦਾ ਹੈ, ਤਦੋਂ ਕੁਝ ਭੀ ਨਹੀਂ ਰਹਿ ਜਾਂਦਾ। ਹੇ ਸੰਤ ਜਨੋ! ਘੜੀ ਅੱਧੀ ਘੜੀ ਨੂੰ (ਹਰੇਕ ਜੀਵ ਵਾਸਤੇ ਇਥੋਂ ਕੂਚ ਕਰਨ ਦਾ) ਵੇਲਾ ਆ ਹੀ ਜਾਂਦਾ ਹੈ, ਫਿਰ ਕਿਉਂ ਨਾ ਮਿਲ ਕੇ ਉਸ ਦੇ ਨਾਮ ਦਾ ਆਰਾਧਨ ਕਰੋ? ਹੇ ਸੰਤ ਜਨੋ! ਧਨ-ਪਦਾਰਥ ਇਹ ਸਭ ਕੁਝ ਜੋ ਦਿੱਸ ਰਿਹਾ ਹੈ, ਕੋਈ ਭੀ ਚੀਜ਼ (ਕਿਸੇ ਦੇ) ਨਾਲ ਨਹੀਂ ਜਾਂਦੀ। ਹੇ ਨਾਨਕ! ਆਖ– ਹੇ ਭਾਈ! ਸਦਾ ਪਰਮਾਤਮਾ ਦਾ ਨਾਮ ਸਿਮਰਿਆ ਕਰੋ। ਮੈਂ ਉਸ ਦੀ ਬਰਾਬਰੀ ਦਾ ਕੋਈ ਭੀ ਨਹੀਂ ਦੱਸ ਸਕਦਾ। ਉਹ ਕੇਡਾ ਵੱਡਾ ਹੈ– ਇਹ ਭੀ ਨਹੀਂ ਦੱਸ ਸਕਦਾ।2। |
Sri Guru Granth Darpan, by Professor Sahib Singh |