ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 1237 ਪੂਛਉ ਸੰਤ ਮੇਰੋ ਠਾਕੁਰੁ ਕੈਸਾ ॥ ਹੀਉ ਅਰਾਪਉਂ ਦੇਹੁ ਸਦੇਸਾ ॥ ਦੇਹੁ ਸਦੇਸਾ ਪ੍ਰਭ ਜੀਉ ਕੈਸਾ ਕਹ ਮੋਹਨ ਪਰਵੇਸਾ ॥ ਅੰਗ ਅੰਗ ਸੁਖਦਾਈ ਪੂਰਨ ਬ੍ਰਹਮਾਈ ਥਾਨ ਥਾਨੰਤਰ ਦੇਸਾ ॥ ਬੰਧਨ ਤੇ ਮੁਕਤਾ ਘਟਿ ਘਟਿ ਜੁਗਤਾ ਕਹਿ ਨ ਸਕਉ ਹਰਿ ਜੈਸਾ ॥ ਦੇਖਿ ਚਰਿਤ ਨਾਨਕ ਮਨੁ ਮੋਹਿਓ ਪੂਛੈ ਦੀਨੁ ਮੇਰੋ ਠਾਕੁਰੁ ਕੈਸਾ ॥੩॥ {ਪੰਨਾ 1237} ਪਦ ਅਰਥ: ਪੂਛਉ = ਪੂਛਉਂ, ਮੈਂ ਪੁੱਛਦਾ ਹਾਂ। ਸੰਤ = ਹੇ ਸੰਤ! ਹੇ ਗੁਰੂ! ਕੈਸਾ = ਕਿਹੋ ਜਿਹਾ? ਹੀਉ = ਹਿਰਦਾ, ਮਨ। ਅਰਾਪਉਂ = ਅਰਪਉਂ, ਮੈਂ ਭੇਟ ਕਰਦਾ ਹਾਂ। ਸਦੇਸਾ = ਸਨੇਹਾ, ਖ਼ਬਰ। ਕਹ = ਕਿੱਥੇ? ਮੋਹਨ ਪਰਵੇਸਾ = ਮੋਹਨ-ਪ੍ਰਭੂ ਦਾ ਟਿਕਾਣਾ। ਪੂਰਨ = ਸਰਬ-ਵਿਆਪਕ। ਬ੍ਰਹਮਾਈ = ਬ੍ਰਹਮ। ਪੂਰਨ ਬ੍ਰਹਮਾਈ = ਪੂਰਨ ਬ੍ਰਹਮ। ਥਾਨ ਥਾਨੰਤਰ = ਥਾਨ ਥਾਨ ਅੰਤਰ, ਸਭ ਥਾਵਾਂ ਵਿਚ। ਤੇ = ਤੋਂ। ਮੁਕਤਾ = ਆਜ਼ਾਦ। ਘਟਿ ਘਟਿ = ਹਰੇਕ ਸਰੀਰ ਵਿਚ। ਜੁਗਤਾ = ਮਿਲਿਆ ਹੋਇਆ। ਕਹਿ ਨ ਸਕਉ = ਕਹਿ ਨ ਸਕਉਂ, ਮੈਂ ਦੱਸ ਨਹੀਂ ਸਕਦਾ। ਜੈਸਾ = ਜਿਹੋ ਜਿਹਾ। ਦੇਖਿ = ਵੇਖ ਕੇ। ਚਰਿਤ = ਚੋਜ-ਤਮਾਸ਼ੇ। ਪੂਛੈ = ਪੁੱਛਦਾ ਹੈ। ਦੀਨੁ = ਗਰੀਬ ਸੇਵਕ।3। ਅਰਥ: ਹੇ ਭਾਈ! (ਗੁਰੂ ਪਾਸੋਂ) ਮੈਂ ਪੁੱਛਦਾ ਹਾਂ = ਹੇ ਗੁਰੂ! ਮੇਰਾ ਮਾਲਕ-ਪ੍ਰਭੂ ਕਿਹੋ ਜਿਹਾ ਹੈ? ਮੈਨੂੰ (ਠਾਕੁਰ ਦੀ) ਖ਼ਬਰ ਦੱਸ, ਮੈਂ ਆਪਣਾ ਹਿਰਦਾ (ਤੇਰੇ ਚਰਨਾਂ ਵਿਚ) ਭੇਟਾ ਕਰਦਾ ਹਾਂ। ਹੇ ਗੁਰੂ! ਮੈਨੂੰ ਦੱਸ ਕਿ ਪ੍ਰਭੂ ਜੀ ਕਿਹੋ ਜਿਹਾ ਹੈ ਅਤੇ ਉਸ ਮੋਹਨ-ਪ੍ਰਭੂ ਦਾ ਟਿਕਾਣਾ ਕਿੱਥੇ ਹੈ। (ਅੱਗੋਂ ਉੱਤਰ ਮਿਲਦਾ ਹੈ-) ਉਹ ਪੂਰਨ ਪ੍ਰਭੂ ਸਭ ਥਾਵਾਂ ਵਿਚ ਸਭ ਦੇਸਾਂ ਵਿਚ ਸੁਖ ਦੇਣ ਵਾਲਾ ਹੈ ਅਤੇ (ਹਰੇਕ ਜੀਵ ਦੇ) ਅੰਗ ਅੰਗ ਨਾਲ ਵੱਸਦਾ ਹੈ। ਪ੍ਰਭੂ ਹਰੇਕ ਸਰੀਰ ਵਿਚ ਮਿਲਿਆ ਹੋਇਆ ਹੈ (ਫਿਰ ਭੀ ਮੋਹ ਦੇ) ਬੰਧਨਾਂ ਤੋਂ ਆਜ਼ਾਦ ਹੈ। ਪਰ ਜਿਹੋ ਜਿਹਾ ਉਹ ਪ੍ਰਭੂ ਹੈ ਮੈਂ ਦੱਸ ਨਹੀਂ ਸਕਦਾ। ਹੇ ਨਾਨਕ! (ਆਖ-) ਉਸ ਦੇ ਚੋਜ-ਤਮਾਸ਼ੇ ਵੇਖ ਕੇ ਮੇਰਾ ਮਨ (ਉਸ ਦੇ ਪਿਆਰ ਵਿਚ) ਮੋਹਿਆ ਗਿਆ ਹੈ। ਹੇ ਭਾਈ! ਗਰੀਬ ਦਾਸ ਪੁੱਛਦਾ ਹੈ– ਹੇ ਗੁਰੂ! ਦੱਸ, ਮੇਰਾ ਮਾਲਕ-ਪ੍ਰਭੂ ਕਿਹੋ ਜਿਹਾ ਹੈ।3। ਕਰਿ ਕਿਰਪਾ ਅਪੁਨੇ ਪਹਿ ਆਇਆ ॥ ਧੰਨਿ ਸੁ ਰਿਦਾ ਜਿਹ ਚਰਨ ਬਸਾਇਆ ॥ ਚਰਨ ਬਸਾਇਆ ਸੰਤ ਸੰਗਾਇਆ ਅਗਿਆਨ ਅੰਧੇਰੁ ਗਵਾਇਆ ॥ ਭਇਆ ਪ੍ਰਗਾਸੁ ਰਿਦੈ ਉਲਾਸੁ ਪ੍ਰਭੁ ਲੋੜੀਦਾ ਪਾਇਆ ॥ ਦੁਖੁ ਨਾਠਾ ਸੁਖੁ ਘਰ ਮਹਿ ਵੂਠਾ ਮਹਾ ਅਨੰਦ ਸਹਜਾਇਆ ॥ ਕਹੁ ਨਾਨਕ ਮੈ ਪੂਰਾ ਪਾਇਆ ਕਰਿ ਕਿਰਪਾ ਅਪੁਨੇ ਪਹਿ ਆਇਆ ॥੪॥੧॥ {ਪੰਨਾ 1237} ਪਦ ਅਰਥ: ਕਰਿ = ਕਰ ਕੇ। ਅਪੁਨੇ ਪਹਿ = ਆਪਣੇ (ਸੇਵਕ) ਦੇ ਕੋਲ। ਧੰਨਿ = ਭਾਗਾਂ ਵਾਲਾ। ਰਿਦਾ = ਹਿਰਦਾ। ਜਿਹ = ਜਿਸ (ਮਨੁੱਖ) ਨੇ। ਸੰਤ ਸੰਗਾਇਆ = ਸਾਧ ਸੰਗਤਿ ਵਿਚ (ਰਹਿ ਕੇ) । ਅਗਿਆਨ ਅੰਧੇਰੁ = ਆਤਮਕ ਜੀਵਨ ਵਲੋਂ ਬੇ-ਸਮਝੀ ਦਾ ਹਨੇਰਾ। ਪ੍ਰਗਾਸੁ = ਚਾਨਣ। ਰਿਦੈ = ਹਿਰਦੇ ਵਿਚ। ਉਲਾਸੁ = ਖ਼ੁਸ਼ੀ। ਲੋੜੀਦਾ = ਜਿਸ ਨੂੰ ਚਿਰਾਂ ਤੋਂ ਲੋੜ ਰਿਹਾ ਸੀ। ਨਾਠਾ = ਨੱਸ ਗਿਆ। ਘਰ ਮਹਿ = ਹਿਰਦੇ-ਘਰ ਵਿਚ। ਵੂਠਾ = ਆ ਵੱਸਿਆ। ਸਹਜਾਇਆ = ਆਤਮਕ ਅਡੋਲਤਾ ਦਾ। ਨਾਨਕ = ਹੇ ਨਾਨਕ!।4। ਅਰਥ: ਹੇ ਭਾਈ! ਪ੍ਰਭੂ ਮਿਹਰ ਕਰ ਕੇ ਆਪਣੇ ਸੇਵਕ ਦੇ ਕੋਲ (ਆਪ) ਆ ਜਾਂਦਾ ਹੈ। ਜਿਹੜਾ ਮਨੁੱਖ ਪ੍ਰਭੂ ਦੇ ਚਰਨਾਂ ਨੂੰ ਆਪਣੇ ਹਿਰਦੇ ਵਿਚ ਵਸਾ ਲੈਂਦਾ ਹੈ, ਉਸ ਦਾ ਹਿਰਦਾ ਭਾਗਾਂ ਵਾਲਾ ਹੁੰਦਾ ਹੈ। ਹੇ ਭਾਈ! ਜਿਹੜਾ ਮਨੁੱਖ ਸਾਧ ਸੰਗਤਿ ਵਿਚ (ਟਿੱਕ ਕੇ) ਪ੍ਰਭੂ ਦੇ ਚਰਨ (ਆਪਣੇ ਹਿਰਦੇ ਵਿਚ) ਵਸਾ ਲੈਂਦਾ ਹੈ, ਉਹ (ਆਪਣੇ ਅੰਦਰੋਂ) ਆਤਮਕ ਜੀਵਨ ਵਲੋਂ ਬੇ-ਸਮਝੀ ਦਾ ਹਨੇਰਾ ਦੂਰ ਕਰ ਲੈਂਦਾ ਹੈ। (ਉਸ ਦੇ ਅੰਦਰ) ਆਤਮਕ ਜੀਵਨ ਦਾ ਚਾਨਣ ਹੋ ਜਾਂਦਾ ਹੈ, ਉਸ ਦੇ ਹਿਰਦੇ ਵਿਚ ਸਦਾ ਉਤਸ਼ਾਹ ਬਣਿਆ ਰਹਿੰਦਾ ਹੈ (ਕਿਉਂਕਿ) ਜਿਸ ਪ੍ਰਭੂ ਨੂੰ ਉਹ ਚਿਰਾਂ ਤੋਂ ਲੋੜ ਰਿਹਾ ਸੀ ਉਸ ਨੂੰ ਮਿਲ ਪੈਂਦਾ ਹੈ। ਉਸ ਦੇ ਅੰਦਰੋਂ ਦੁੱਖ ਦੂਰ ਹੋ ਜਾਂਦਾ ਹੈ, ਉਸ ਦੇ ਹਿਰਦੇ-ਘਰ ਵਿਚ ਸੁਖ ਆ ਵੱਸਦਾ ਹੈ, ਉਸ ਦੇ ਅੰਦਰ ਆਤਮਕ ਅਡੋਲਤਾ ਦਾ ਆਨੰਦ ਪੈਦਾ ਹੋ ਜਾਂਦਾ ਹੈ। ਹੇ ਨਾਨਕ! ਆਖ– ਮੈਂ ਭੀ ਉਹ ਪੂਰਨ ਪ੍ਰਭੂ ਲੱਭ ਲਿਆ ਹੈ। ਉਹ ਤਾਂ ਮਿਹਰ ਕਰ ਕੇ ਆਪਣੇ ਸੇਵਕ ਦੇ ਕੋਲ ਆਪ ਹੀ ਆ ਜਾਂਦਾ ਹੈ।4।1। ੴ ਸਤਿਗੁਰ ਪ੍ਰਸਾਦਿ ॥ ਸਾਰੰਗ ਕੀ ਵਾਰ ਮਹਲਾ 4 ਦਾ ਭਾਵ: ਪਉੜੀ-ਵਾਰ: 1. ਪਰਮਾਤਮਾ ਨੇ ਇਹ ਜਗਤ-ਖੇਡ ਆਪਣੇ ਆਪ ਤੋਂ ਪੈਦਾ ਕੀਤੀ ਹੈ, ਤ੍ਰੈ-ਗੁਣੀ ਮਾਇਆ ਤੇ ਉਸ ਦਾ ਮੋਹ ਭੀ ਉਸ ਨੇ ਆਪ ਹੀ ਬਣਾਇਆ ਹੈ। ਜੋ ਮਨੁੱਖ ਗੁਰੂ-ਦਰ ਤੇ ਆ ਕੇ ਰਜ਼ਾ ਵਿਚ ਤੁਰਦੇ ਹਨ ਉਹ ਮਾਇਆ ਦੇ ਮੋਹ ਤੋਂ ਬਚ ਜਾਂਦੇ ਹਨ। 2. ਇਹ ਖੇਡ ਭੀ ਉਸੇ ਦੀ ਹੈ ਕਿ ਕਿਸੇ ਮਨੁੱਖ ਨੂੰ ਉਸ ਨੇ ਗੁਰਮੁਖ ਬਣਾ ਦਿੱਤਾ ਹੈ ਜੋ ਗੁਰ-ਸ਼ਬਦ ਦੀ ਬਰਕਤਿ ਨਾਲ ਪ੍ਰਭੂ ਨੂੰ ਮਨ ਵਿਚ ਵਸਾਂਦਾ ਹੈ ਤੇ ਮਾਇਆ ਦੇ ਹਨੇਰੇ ਵਿਚ ਠੇਡੇ ਨਹੀਂ ਖਾਂਦਾ। 3. ਇਹ ਭੀ ਉਸੇ ਦੀ ਰਜ਼ਾ ਹੈ ਕਿ ਕਈ ਮਨੁੱਖ ਮਨ ਦੇ ਮੁਰੀਦ ਹਨ, ਉਹ ਸਦਾ ਕਪਟ ਦੀ ਕਮਾਈ ਕਰਦੇ ਹਨ ਤੇ ਪੁਤ੍ਰ ਇਸਤ੍ਰੀ ਦੇ ਮੋਹ ਵਿਚ ਫਸ ਕੇ ਭਟਕਦੇ ਦੁਖੀ ਹੁੰਦੇ ਹਨ। 4. ਗੁਰਮੁਖ ਤਾਂਘ ਨਾਲ ਸਦਾ ਨਾਮ ਸਿਮਰਦਾ ਹੈ ਤੇ ਮਨ-ਪੰਛੀ ਨੂੰ ਵੱਸ ਵਿਚ ਰੱਖਦਾ ਹੈ, ਇਸ ਦੀ ਬਰਕਤਿ ਨਾਲ ਉਹ ਸੁਖ ਮਾਣਦਾ ਹੈ ਕਿਉਂਕਿ 'ਨਾਮ' ਸੁਖਾਂ ਦਾ ਖ਼ਜ਼ਾਨਾ ਹੈ। 5. ਗੁਰਮੁਖ ਮਨੁੱਖ ਬੈਠਦਿਆਂ ਉੱਠਦਿਆਂ ਹਰ ਵੇਲੇ ਪ੍ਰਭੂ ਦੇ ਨਾਮ ਵਿਚ ਸੁਰਤਿ ਜੋੜੀ ਰੱਖਦਾ ਹੈ, 'ਨਾਮ' ਉਸਦੀ ਜ਼ਿੰਦਗੀ ਦਾ ਆਸਰਾ ਬਣ ਜਾਂਦਾ ਹੈ, 'ਨਾਮ' ਵਿਚ ਜੁੜਿਆਂ ਹੀ ਉਸ ਨੂੰ ਸੁਖ ਪ੍ਰਤੀਤ ਹੁੰਦਾ ਹੈ। 6. ਨਾਮ ਵਿਚ ਸੁਰਤਿ ਜੋੜਨਾ ਹੀ ਗੁਰਮੁਖ ਲਈ ਉੱਚੀ ਕੁਲ ਦੀ ਇੱਜ਼ਤ ਹੈ। ਨਾਮ ਵਿਚ ਸੁਰਤਿ ਜੋੜਿਆਂ ਉਸ ਦੇ ਅੰਦਰ ਖਿੜਾਉ ਤੇ ਸ਼ਾਂਤੀ ਉਪਜਦੀ ਹੈ, ਮਾਇਆ ਵਲੋਂ ਉਹ ਤ੍ਰਿਪਤ ਰਹਿੰਦਾ ਹੈ ਤੇ ਨਾਮ ਜਪਣ ਦਾ ਚਾਉ ਉਸ ਦੇ ਮਨ ਵਿਚ ਪੈਦਾ ਹੁੰਦਾ ਹੈ। 7. ਨਾਮ ਵਿਚ ਸੁਰਤਿ ਜੋੜਿਆਂ ਗੁਰਮੁਖ ਨੂੰ ਨਾਹ ਕਰਾਮਾਤੀ ਤਾਕਤਾਂ ਦੀ ਲਾਲਸਾ ਰਹਿੰਦੀ ਹੈ ਤੇ ਨਾਹ ਹੀ ਧਨ ਪਦਾਰਥ ਦੀ। ਮਾਇਆ, ਮਾਨੋ, ਉਸ ਦੀ ਦਾਸੀ ਬਣ ਜਾਂਦੀ ਹੈ; ਸੰਤੋਖ ਤੇ ਅਡੋਲਤਾ ਵਿਚ ਉਹ ਸਿਫ਼ਤਿ-ਸਾਲਾਹ ਦੀ ਮੌਜ ਮਾਣਦਾ ਹੈ। 8. ਨਾਮ ਵਿਚ ਸੁਰਤਿ ਜੋੜਿਆਂ ਗੁਰਮੁਖ ਦਾ ਮਨ ਪਵਿਤ੍ਰ ਹੋ ਜਾਂਦਾ ਹੈ, ਮਨੁੱਖਾ ਜੀਵਨ ਦਾ ਅਸਲ ਭੇਤ ਉਹ ਸਮਝ ਲੈਂਦਾ ਹੈ, ਸਦਾ ਖਿੜੇ-ਮੱਥੇ ਰਹਿੰਦਾ ਹੈ, ਨਾਹ ਪਾਪ ਤੇ ਨਾਹ ਹੀ ਮੌਤ ਦਾ ਡਰ ਕੋਈ ਉਸ ਦੇ ਨੇੜੇ ਢੁਕਦਾ ਹੈ। 9. ਜੇ ਮਨ ਨਾਮ ਸਿਮਰਨ ਵਿਚ ਗਿੱਝ ਜਾਏ ਤਾਂ ਜੀਵਨ ਦਾ ਸਹੀ ਰਸਤਾ ਪ੍ਰਤੱਖ ਸਾਫ਼ ਦਿੱਸ ਪੈਂਦਾ ਹੈ, ਕੋਈ ਰੋਕ ਨਹੀਂ ਪੈਂਦੀ, ਮਨ ਵਿਚ ਸੁਖ ਉਪਜਦਾ ਹੈ ਤੇ ਇਹ ਯਕੀਨ ਬਣ ਜਾਂਦਾ ਹੈ ਕਿ 'ਸਿਮਰਨ' ਹੀ ਸਹੀ ਰਸਤਾ ਹੈ। 10. ਸਿਮਰਨ ਵਿਚ ਗਿੱਝੇ ਹੋਏ ਮਨ ਵਾਲੇ ਬੰਦਿਆਂ ਦੀਆਂ ਕੁਲਾਂ ਤੇ ਸਾਥੀ ਭੀ ਮਾਇਆ ਦੇ ਅਸਰ ਤੋਂ ਬਚ ਜਾਂਦੇ ਹਨ। ਜਿਨ੍ਹਾਂ ਨੇ ਨਾਮ ਵਿਚ ਮਨ ਜੋੜ ਲਿਆ ਉਹਨਾਂ ਦੇ ਦੁੱਖ ਤੇ ਮਾਇਆ ਵਾਲੀ ਭੁੱਖ ਮਿੱਟ ਜਾਂਦੇ ਹਨ। 11. ਨਾਮ ਵਿਚ ਗਿੱਝਿਆਂ ਚੰਗੀ ਮਤਿ ਚਮਕ ਪੈਂਦੀ ਹੈ, ਹਉਮੈ ਦੂਰ ਹੋ ਜਾਂਦੀ ਹੈ, ਨਾਮ ਸਿਮਰਨ ਦਾ ਚਾਉ ਪੈਦਾ ਹੋ ਜਾਂਦਾ ਹੈ ਤੇ ਮਨ ਵਿਚ ਸ਼ਾਂਤੀ ਆ ਵੱਸਦੀ ਹੈ। 12. ਜੇ ਸਿਮਰਨ ਵਿਚ ਮਨ ਗਿੱਝ ਜਾਏ ਤਾਂ ਨਾਮ ਵਿਚ ਲਿਵ ਲੱਗਦੀ ਹੈ, ਪ੍ਰਭੂ ਦੀ ਸਿਫ਼ਤਿ-ਸਾਲਾਹ ਵਾਲੀ ਆਦਤ ਬਣ ਜਾਂਦੀ ਹੈ, ਵਿਕਾਰਾਂ ਵਲੋਂ ਰੁੱਚੀ ਹੱਟ ਜਾਂਦੀ ਹੈ, ਇਹ ਯਕੀਨ ਬਣ ਜਾਂਦਾ ਹੈ ਕਿ ਨਾਮ-ਸਿਮਰਨ ਹੀ ਜੀਵਨ ਦਾ ਸਹੀ ਰਸਤਾ ਹੈ। 13. ਪ੍ਰਭੂ ਹਰ ਥਾਂ ਵੱਸ ਰਿਹਾ ਹੈ, ਅਸਾਡੇ ਅੰਦਰ ਭੀ ਮੌਜੂਦ ਹੈ, ਪਰ ਪੂਰਾ ਗੁਰੂ ਹੀ ਇਹ ਦੀਦਾਰ ਕਰਾ ਸਕਦਾ ਹੈ, ਤੇ ਗੁਰੂ ਮਿਲਦਾ ਹੈ ਪ੍ਰਭੂ ਦੀ ਮੇਹਰ ਨਾਲ। 14. ਪਿੰਡੇ ਉਤੇ ਸੁਆਹ ਮਲੀ ਹੋਵੇ, ਗੋਦੜੀ ਝੋਲੀ ਆਦਿਕ ਸਾਧੂਆਂ ਵਾਲਾ ਭੇਖ ਕੀਤਾ ਹੋਇਆ ਹੋਵੇ, ਪਰ ਮਨ ਵਿਚ ਮਾਇਆ ਦਾ ਹਨੇਰਾ ਹੋਵੇ, ਉਹ ਮਨੁੱਖ ਸਿਮਰਨ ਤੋਂ ਵਾਂਜਿਆਂ ਰਹਿ ਕੇ, ਮਾਨੋ, ਜੂਏ ਵਿਚ ਬਾਜ਼ੀ ਹਾਰ ਕੇ ਜਾਂਦਾ ਹੈ। 15. ਅੰਦਰ ਮੈਲ ਕਪਟ ਤੇ ਕੂੜ ਹੋਵੇ, ਪਰ ਬਾਹਰੋਂ ਸਰੀਰ ਨੂੰ (ਤੀਰਥਾਂ ਆਦਿਕਾਂ ਤੇ) ਇਸ਼ਨਾਨ ਕਰਾਈ ਜਾਏ, ਇਸ ਤਰ੍ਹਾਂ ਅੰਦਰਲਾ ਕਪਟ ਲੁਕ ਨਹੀਂ ਸਕਦਾ। ਹਰੇਕ ਜੀਵ ਨੂੰ ਆਪਣੇ ਕੀਤੇ ਕਰਮਾਂ ਦਾ ਫਲ ਖਾਣਾ ਹੀ ਪੈਂਦਾ ਹੈ। 16. ਨਿੰਮ ਦੀ ਅੰਦਰਲੀ ਕੁੜਿੱਤਣ ਬਾਹਰੋਂ ਅੰਮ੍ਰਿਤ ਸਿੰਜਣ ਨਾਲ ਨਹੀਂ ਜਾਂਦੀ, ਸੱਪ ਦੀ ਡੰਗ ਮਾਰਨ ਵਾਲੀ ਵਾਦੀ ਦੁੱਧ ਪਿਲਾਇਆਂ ਦੂਰ ਨਹੀਂ ਹੁੰਦੀ, ਪੱਥਰ ਦਾ ਅੰਦਰਲਾ ਕੋਰਾ-ਪਨ ਬਾਹਰਲੇ ਇਸ਼ਨਾਨ ਨਾਲ ਨਹੀਂ ਮਿਟਦਾ, ਤਿਵੇਂ ਮਨਮੁਖ ਦਾ ਹਾਲ ਸਮਝੋ। 17. ਮਨਮੁਖ ਦੀ ਇਕ 'ਨਿੰਦਿਆ' ਦੀ ਵਾਦੀ ਹੀ ਲੈ ਲਉ = ਲੋਕਾਂ ਵਿਚ ਨਮੋਸ਼ੀ ਖੱਟਦਾ ਹੈ, ਉਸ ਦਾ ਮੂੰਹ ਭਰਿਸ਼ਟਿਆ ਰਹਿੰਦਾ ਹੈ, ਜਿਉਂ ਜਿਉਂ ਕਿਸੇ ਭਲੇ ਮਨੁੱਖ ਦੀ ਨਿੰਦਾ ਕਰ ਕੇ ਉਸ ਦੀ ਸੋਭਾ ਘਟਾਣ ਦਾ ਜਤਨ ਕਰਦਾ ਹੈ, ਉਸ ਦੇ ਆਪਣੇ ਅੰਦਰਲੇ ਗੁਣ ਨਸ਼ਟ ਹੁੰਦੇ ਜਾਂਦੇ ਹਨ; ਨਿੰਦਾ ਦੀ ਵਾਦੀ ਛੱਡਦਾ ਨਹੀਂ ਤੇ ਦਿਨੋ ਦਿਨ ਵਧੀਕ ਦੁਖੀ ਹੁੰਦਾ ਹੈ। 18. ਗੁਰੂ ਦੇ ਸਨਮੁਖ ਹੋ ਕੇ ਜਿਨ੍ਹਾਂ ਦੇ ਅੰਦਰ ਨਾਮ ਸਿਮਰਨ ਦਾ ਚਾਉ ਪੈਦਾ ਹੋ ਜਾਂਦਾ ਹੈ ਉਹਨਾਂ ਨੂੰ ਕਿਸੇ ਜਪ ਤਪ ਤੀਰਥ ਸੰਜਮ ਦੀ ਲੋੜ ਨਹੀਂ ਰਹਿ ਜਾਂਦੀ, ਉਹਨਾਂ ਦਾ ਹਿਰਦਾ ਪਵਿਤ੍ਰ ਹੋ ਜਾਂਦਾ ਹੈ, ਪ੍ਰਭੂ ਦੇ ਗੁਣ ਗਾਂਦੇ ਉਹ ਪ੍ਰਭੂ-ਚਰਨਾਂ ਵਿਚ ਜੁੜੇ ਹੋਏ ਸੋਹਣੇ ਲੱਗਦੇ ਹਨ। 19. ਪ੍ਰਭੂ ਦਾ ਮਿਲਾਪ ਸਤ ਸੰਗ ਵਿਚੋਂ ਹੁੰਦਾ ਹੈ ਗੁਰੂ ਦੀ ਕਿਰਪਾ ਨਾਲ; ਜਿਵੇਂ ਪਾਰਸ ਨਾਲ ਛੋਹਿਆਂ ਲੋਹਾ ਸੋਨਾ ਬਣ ਜਾਂਦਾ ਹੈ, ਤਿਵੇਂ ਗੁਰੂ ਦੀ ਛੋਹ ਨਾਲ ਪ੍ਰਭੂ ਦਾ 'ਨਾਮ' ਮਿਲ ਜਾਂਦਾ ਹੈ। 20. ਗੁਰੂ, ਮਾਨੋ, ਅੰਮ੍ਰਿਤ ਦਾ ਰੁੱਖ ਹੈ, ਨਾਮ-ਅੰਮ੍ਰਿਤ ਦਾ ਰਸ ਗੁਰੂ ਤੋਂ ਹੀ ਮਿਲਦਾ ਹੈ; ਜੋ ਮਨੁੱਖ ਗੁਰੂ ਦੇ ਦੱਸੇ ਰਾਹ ਉਤੇ ਤੁਰਦਾ ਹੈ, ਉਸ ਦੇ ਅੰਦਰ ਰੱਬੀ ਜੋਤਿ ਜਗ ਪੈਂਦੀ ਹੈ, ਉਹ ਰੱਬ ਨਾਲ ਇੱਕ-ਰੂਪ ਹੋ ਜਾਂਦਾ ਹੈ, ਮੌਤ ਦਾ ਡਰ ਉਸ ਨੂੰ ਪੋਂਹਦਾ ਨਹੀਂ। 21. ਕੀਹ ਅਮੀਰ ਤੇ ਕੀਹ ਗਰੀਬ, ਸਭ ਮਾਇਆ ਜੋੜਨ ਦੇ ਆਹਰੇ ਲੱਗੇ ਹੋਏ ਹਨ, ਜੇ ਦਾਉ ਲੱਗੇ ਤਾਂ ਪਰਾਇਆ ਧਨ ਭੀ ਚੁਰਾ ਲੈਂਦੇ ਹਨ, ਮਾਇਆ ਨਾਲ ਇਤਨਾ ਪਿਆਰ ਕਿ ਪੁੱਤ੍ਰ ਇਸਤ੍ਰੀ ਦਾ ਭੀ ਵਿਸਾਹ ਨਹੀਂ ਕਰਦੇ। ਪਰ ਇਹ ਆਪਣੇ ਮੋਹ ਵਿਚ ਫਸਾ ਕੇ ਚਲੀ ਜਾਂਦੀ ਹੈ ਤੇ ਇਸ ਨੂੰ ਜੋੜਨ ਵਾਲੇ ਹਾਹੁਕੇ ਲੈਂਦੇ ਹਨ। 22. ਪਰ, ਬੰਦਗੀ ਵਾਲਿਆਂ ਦੇ ਮਨ ਵਿਚ ਧਨ ਆਦਿਕ ਦਾ ਮੋਹ ਘਰ ਨਹੀਂ ਕਰ ਸਕਦਾ, ਉਹ ਰੱਬ-ਲੇਖੇ ਖ਼ਰਚ ਭੀ ਕਰਦੇ ਹਨ; ਉਹਨਾਂ ਨੂੰ ਤੋਟਿ ਭੀ ਨਹੀਂ ਆਉਂਦੀ ਤੇ ਰਹਿੰਦੇ ਭੀ ਸੁਖੀ ਹਨ। 23. ਰਾਜ ਤੇ ਪਾਤਿਸ਼ਾਹੀ, ਕਿਲ੍ਹੇ ਤੇ ਸੁੰਦਰ ਇਮਾਰਤਾਂ, ਸੋਨੇ ਨਾਲ ਸਜੇ ਹੋਏ ਵਧੀਆ ਘੋੜੇ, ਕਈ ਕਿਸਮਾਂ ਦੇ ਸੁਆਦਲੇ ਖਾਣੇ = ਜੋ ਮਨੁੱਖ ਇਹਨਾਂ ਦੇ ਦੇਵਣਹਾਰ ਨੂੰ ਵਿਸਾਰ ਕੇ ਮਨ ਦੀਆਂ ਮੌਜਾਂ ਵਿਚ ਲੱਗਦਾ ਹੈ ਉਹ ਦੁੱਖ ਹੀ ਪਾਂਦਾ ਹੈ। 24. ਸਰੀਰ ਦੇ ਸਿੰਗਾਰ ਲਈ ਰੰਗ ਬਰੰਗੇ ਰੇਸ਼ਮੀ ਕੱਪੜੇ, ਵਧੀਆ ਦੁਲੀਚਿਆਂ ਉਤੇ ਮਹਫ਼ਲਾਂ = ਇਹਨਾਂ ਨਾਲ ਭੀ ਮਨ ਵਿਚ ਸ਼ਾਂਤੀ ਨਹੀਂ ਆ ਸਕਦੀ, ਕਿਉਂਕਿ ਸ਼ਾਂਤੀ ਦੇਣ ਵਾਲਾ ਤੇ ਦੁੱਖ ਤੋਂ ਬਚਾਣ ਵਾਲਾ ਹਰਿ-ਨਾਮ ਹੀ ਹੈ। 25. ਜੋ ਮਨੁੱਖ ਨਾਮ ਸਿਮਰਦੇ ਹਨ, ਉਹ ਜਗਤ ਵਿਚ ਅਟੱਲ ਆਤਮਕ ਜੀਵਨ ਵਾਲੇ ਬਣ ਜਾਂਦੇ ਹਨ; ਜੋ ਅਸਲ ਫਲ ਜੀਵਨ ਵਿਚ ਖੱਟਣਾ ਸੀ ਉਹ ਫਲ ਉਹ ਖੱਟ ਲੈਂਦੇ ਹਨ, ਸਦਾ ਕਾਇਮ ਰਹਿਣ ਵਾਲੀ ਉੱਚੀ ਆਤਮਕ ਅਵਸਥਾ ਪ੍ਰਾਪਤ ਕਰ ਲੈਂਦੇ ਹਨ। 26. ਨਾਮ ਸਿਮਰਨ ਵਾਲੇ ਸਦਾ ਪ੍ਰਭੂ ਦੇ ਨੇੜੇ ਵੱਸਦੇ ਹਨ, ਹਰ ਵੇਲੇ ਪ੍ਰਭੂ ਦੇ ਨਾਲ ਰਚੇ-ਮਿਚੇ ਰਹਿੰਦੇ ਹਨ, ਉਹਨਾਂ ਦੇ ਮਨ ਤੋਂ ਨਾਮ ਦਾ ਰੰਗ ਕਦੇ ਉਤਰਦਾ ਨਹੀਂ। 27. ਪਰ, ਮਨ ਦਾ ਮੁਰੀਦ ਮਨੁੱਖ ਨਾਮ ਨਹੀਂ ਸਿਮਰਦਾ, ਸਦਾ ਆਤਮਕ ਮੌਤ ਸਹੇੜੀ ਰੱਖਦਾ ਹੈ, ਵਿਕਾਰਾਂ ਵਿਚ ਲੱਗੇ ਰਹਿਣ ਕਰਕੇ ਆਪਣੇ ਜੀਵਨ ਦਾ ਰਸਤਾ ਔਖਾ ਤੇ ਡਰਾਉਣਾ ਬਣਾ ਲੈਂਦਾ ਹੈ। 28. ਸਿਮਰਨ ਕਰਨ ਵਾਲਿਆਂ ਉਤੇ ਕੋਈ ਵਿਕਾਰ ਦਬਾਅ ਨਹੀਂ ਪਾ ਸਕਦਾ, ਜਮਰਾਜ ਭੀ ਉਹਨਾਂ ਦਾ ਆਦਰ ਕਰਦਾ ਹੈ, ਉਹਨਾਂ ਦੇ ਅੰਦਰ ਸਦਾ ਖਿੜਾਉ ਬਣਿਆ ਰਹਿੰਦਾ ਹੈ ਤੇ ਉਹ ਜਗਤ ਵਿਚ ਭੀ ਮਾਣ ਪਾਂਦੇ ਹਨ। 29. ਜਿਨ੍ਹਾਂ ਨੂੰ ਪ੍ਰਭੂ ਨਾਮ ਦੀ ਲਗਨ ਲਾਂਦਾ ਹੈ, ਉਹ ਪ੍ਰਭੂ-ਦਰ ਤੋਂ ਸਦਾ ਦੀਦਾਰ ਦੀ ਦਾਤਿ ਮੰਗਦੇ ਹਨ; ਗੁਰੂ ਦੀ ਕਿਰਪਾ ਨਾਲ ਉਹਨਾਂ ਨੂੰ ਹਰ ਥਾਂ ਪ੍ਰਭੂ ਹੀ ਦਿੱਸਦਾ ਹੈ। 30. ਲੰਮੀ ਉਮਰ ਸਮਝ ਕੇ ਮਨੁੱਖ ਪ੍ਰਭੂ ਨੂੰ ਵਿਸਾਰ ਕੇ ਦੁਨੀਆ ਦੀਆਂ ਆਸਾਂ ਬਣਾਂਦਾ ਰਹਿੰਦਾ ਹੈ, ਮਹਲ-ਮਾੜੀਆਂ ਦੇ ਸਜਾਣ ਵਿਚ ਮਸਤ ਰਹਿੰਦਾ ਹੈ ਤੇ ਜੇ ਵੱਸ ਲੱਗੇ ਤਾਂ ਹੋਰਨਾਂ ਦਾ ਧਨ ਠੱਗ ਲਿਆਉਂਦਾ ਹੈ। ਮੂਰਖ ਨੂੰ ਇਹ ਚੇਤਾ ਹੀ ਨਹੀਂ ਆਉਂਦਾ ਕਿ ਜ਼ਿੰਦਗੀ ਦੀਆਂ ਘੜੀਆਂ ਘਟਦੀਆਂ ਜਾ ਰਹੀਆਂ ਹਨ। 31. ਮਨਮੁਖ ਤਾਂ ਆਸਾਂ ਦੇ ਗੇੜ ਵਿਚ ਪੈ ਕੇ ਦੁਖੀ ਹੁੰਦਾ ਹੈ; ਪਰ ਗੁਰੂ ਦੇ ਰਾਹ ਤੇ ਤੁਰਨ ਵਾਲਾ ਬੰਦਾ ਆਸਾਂ ਤੋਂ ਉਤਾਂਹ ਰਹਿੰਦਾ ਹੈ; ਸੋ ਨਿਰਾਸਤਾ ਤੇ ਅਫ਼ਸੋਸ ਉਸ ਦੇ ਨੇੜੇ ਨਹੀਂ ਢੁੱਕਦੇ, ਉਹ ਰਜ਼ਾ ਵਿਚ ਖ਼ੁਸ਼ ਰਹਿੰਦਾ ਹੈ। 32. ਮੋਹ ਵਿਚ ਫਸਿਆ ਮਨਮੁਖ ਵਹੁਟੀ ਪੁਤ੍ਰਾਂ ਨੂੰ ਵੇਖ ਕੇ ਖ਼ੁਸ਼ ਹੁੰਦਾ ਹੈ, ਠੱਗ ਠੱਗ ਕੇ ਧਨ ਲਿਆਉਂਦਾ ਹੈ। ਪਰ ਇਕ ਪਾਸੇ ਤਾਂ ਧਨ ਤੋਂ ਵੈਰ-ਵਿਰੋਧ ਉਪਜਦਾ ਹੈ, ਦੂਜੇ, ਧਨ ਦੀ ਖ਼ਾਤਰ ਕੀਤੇ ਪਾਪਾਂ ਦੀ ਮਨ ਵਿਚ ਫਿਟਕਾਰ ਪੈਂਦੀ ਹੈ ਤੇ ਇਸ ਤਰ੍ਹਾਂ ਦੁੱਖ ਪਾਂਦਾ ਹੈ। 33. ਜਿਸ ਮਨੁੱਖ ਨੂੰ ਪ੍ਰਭੂ ਦੀ ਮੇਹਰ ਨਾਲ ਇਹ ਸਮਝ ਪੈਂਦੀ ਹੈ ਕਿ ਵਹੁਟੀ ਪੁੱਤਰ ਧਨ ਆਦਿਕ ਦਾ ਸਾਥ ਨਾਸਵੰਤ ਹੈ, ਉਹ ਪੂਰੇ ਗੁਰੂ ਦੀ ਸਰਨ ਪੈਂਦਾ ਹੈ, ਤੇ ਪ੍ਰਭੂ ਦੇ ਨਾਮ ਵਿਚ ਲੀਨ ਹੁੰਦਾ ਹੈ। 34. ਜਿਸ ਨੂੰ ਗੁਰੂ ਪਾਸੋਂ ਨਾਮ ਦਾ ਖ਼ੈਰ ਮਿਲਦਾ ਹੈ ਉਸ ਦਾ ਹਿਰਦਾ ਖਿੜ ਪੈਂਦਾ ਹੈ, ਕੋਈ ਉਸ ਦੀ ਰੀਸ ਨਹੀਂ ਕਰ ਸਕਦਾ। ਉਸ ਦਾ ਨਾਮ ਨਾਲ ਪਿਆਰ ਅਤੇ ਹਿਰਦੇ ਦਾ ਖਿੜਾਉ ਸਦਾ ਵਧਦੇ ਜਾਂਦੇ ਹਨ। ਮ: 5 ॥ 35. ਜਿਸ ਮਨੁੱਖ ਨੂੰ ਗੁਰੂ ਨੇ ਪ੍ਰਭੂ ਨਾਲ ਮਿਲਾ ਦਿੱਤਾ, ਨਾਮ ਉਸ ਦੀ ਜ਼ਿੰਦਗੀ ਦਾ ਆਸਰਾ ਬਣ ਜਾਂਦਾ ਹੈ, ਸਤਸੰਗ ਦੀ ਓਟ ਲੈ ਕੇ ਉਹ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ। 36. ਪੂਰੇ ਗੁਰੂ ਦੇ ਸ਼ਬਦ ਦੀ ਰਾਹੀਂ ਪ੍ਰਭੂ ਦੀ ਵਡਿਆਈ ਵੇਖਣ ਵਾਲੇ ਮਨੁੱਖ ਦੇ ਅੰਦਰ ਖਿੜਾਉ ਪੈਦਾ ਹੋ ਜਾਂਦਾ ਹੈ, ਸ਼ਾਂਤੀ ਆ ਜਾਂਦੀ ਹੈ, ਉਸ ਨੂੰ ਹਰ ਥਾਂ ਪ੍ਰਭੂ ਹੀ ਦਿੱਸਦਾ ਹੈ ਤੇ ਉਹ ਰਜ਼ਾ ਵਿਚ ਪ੍ਰਸੰਨ ਰਹਿੰਦਾ ਹੈ। ਲੜੀ-ਵਾਰ ਭਾਵ: 1. (1 ਤੋਂ 5 ਤਕ) ਇਹ ਜਗਤ-ਖੇਡ ਪ੍ਰਭੂ ਨੇ ਆਪਣੇ ਆਪ ਤੋਂ ਬਣਾਈ ਹੈ, ਤ੍ਰੈਗੁਣੀ ਮਾਇਆ ਤੇ ਉਸ ਦਾ ਮੋਹ ਭੀ ਪ੍ਰਭੂ ਨੇ ਆਪ ਹੀ ਰਚਿਆ ਹੈ। ਉਸ ਦੀ ਰਜ਼ਾ ਵਿਚ ਹੀ ਕੋਈ ਮਨੁੱਖ ਗੁਰੂ ਦੇ ਸਨਮੁਖ ਹੋ ਕੇ ਨਾਮ ਸਿਮਰਦਾ ਹੈ ਤੇ ਮਾਇਆ ਦੇ ਹਨੇਰੇ ਵਿਚ ਠੇਡੇ ਨਹੀਂ ਖਾਂਦਾ, ਕੋਈ ਮਨ ਦਾ ਮੁਰੀਦ ਹੋ ਕੇ ਵਹੁਟੀ ਪੁਤ੍ਰਾਂ ਦੇ ਮੋਹ ਵਿਚ ਫਸ ਕੇ ਦੁਖੀ ਹੁੰਦਾ ਹੈ। ਗੁਰਮੁਖ ਨਾਮ ਸਿਮਰ ਕੇ ਮਨ-ਪੰਛੀ ਨੂੰ ਵੱਸ ਵਿਚ ਰੱਖਦਾ ਹੈ, ਨਾਮ ਉਸ ਦੀ ਜ਼ਿੰਦਗੀ ਦਾ ਆਸਰਾ ਬਣ ਜਾਂਦਾ ਹੈ। 2. (6 ਤੋਂ 13) ਜੇ ਨਾਮ ਵਿਚ ਸੁਰਤਿ ਜੋੜੀਏ ਤਾਂ ਮਨ ਵਿਚ ਖਿੜਾਉ ਤੇ ਸ਼ਾਂਤੀ ਉਪਜਦੀ ਹੈ, ਨਾਮ ਜਪਣ ਦਾ ਚਾਉ ਪੈਦਾ ਹੁੰਦਾ ਹੈ, ਸੰਤੋਖ ਵਾਲਾ ਜੀਵਨ ਹੋ ਜਾਂਦਾ ਹੈ, ਮਨ ਪਵਿਤ੍ਰ ਹੋ ਜਾਂਦਾ ਹੈ। ਜੇ ਮਨ ਨਾਮ ਸਿਮਰਨ ਵਿਚ ਗਿੱਝ ਜਾਏ ਤਾਂ ਇਹ ਯਕੀਨ ਬਣ ਜਾਂਦਾ ਹੈ ਕਿ ਸਿਮਰਨ ਹੀ ਜ਼ਿੰਦਗੀ ਦਾ ਸਹੀ ਰਸਤਾ ਹੈ, ਮਾਇਆ ਵਾਲੀ ਭੁੱਖ ਮੁੱਕ ਜਾਂਦੀ ਹੈ, ਸਿਮਰਨ ਦਾ ਚਾਉ ਪੈਦਾ ਹੋ ਜਾਂਦਾ ਹੈ, ਵਿਕਾਰਾਂ ਵਲੋਂ ਰੁੱਚੀ ਹੱਟ ਜਾਂਦੀ ਹੈ– ਇਹ ਸਾਰੀ ਬਰਕਤਿ ਗੁਰੂ ਦੀ ਰਾਹੀਂ ਪ੍ਰਾਪਤ ਹੁੰਦੀ ਹੈ। 3. (14 ਤੋਂ 20) ਧਾਰਮਿਕ ਭੇਖ, ਤੀਰਥ-ਇਸ਼ਨਾਨ ਆਦਿਕ ਮਿਥੇ ਹੋਏ ਬਾਹਰਲੇ ਧਾਰਮਿਕ ਕਰਮ ਮਨ ਦੀ ਮੈਲ ਨੂੰ ਦੂਰ ਨਹੀਂ ਕਰ ਸਕਦੇ। ਆਪਣੇ ਮਨ ਦੇ ਪਿੱਛੇ ਤੁਰਨ ਦੇ ਥਾਂ ਇਸ ਮਨ ਨੂੰ ਗੁਰੂ ਦੇ ਦੱਸੇ ਰਸਤੇ ਉਤੇ ਤੋਰਿਆਂ ਹੀ ਜ਼ਿੰਦਗੀ ਦਾ ਸਹੀ ਰਸਤਾ ਲੱਭਦਾ ਹੈ। ਗੁਰੂ ਮਨੁੱਖ ਨੂੰ ਪਰਮਾਤਮਾ ਦੇ ਸਿਮਰਨ ਵਿਚ ਜੋੜਦਾ ਹੈ। 4. (21 ਤੋਂ 36) ਦੁਨੀਆ ਵਲ ਧਿਆਨ ਮਾਰ ਕੇ ਵੇਖੋ, ਲੰਮੀ ਉਮਰ ਸਮਝ ਕੇ ਹਰੇਕ ਮਨੁੱਖ ਮਾਇਆ ਇਕੱਠੀ ਕਰਨ ਦੇ ਆਹਰੇ ਲੱਗਾ ਹੋਇਆ ਹੈ, ਬਿਗਾਨਾ ਹੱਕ ਖੋਹਣ ਤੋਂ ਭੀ ਸੰਕੋਚ ਨਹੀਂ ਕਰਦਾ। ਪਰ ਮਾਇਆ ਵਿਚੋਂ ਆਤਮਕ ਸੁਖ ਨਹੀਂ ਮਿਲ ਸਕਦਾ। ਗੁਰੂ ਦੀ ਕਿਰਪਾ ਨਾਲ ਜਿਹੜਾ ਮਨੁੱਖ ਪਰਮਾਤਮਾ ਦੀ ਯਾਦ ਵਿਚ ਜੁੜਦਾ ਹੈ, ਉਹ ਸੁਖੀ ਹੈ, ਆਤਮਕ ਮੌਤ ਉਸ ਦੇ ਨੇੜੇ ਨਹੀਂ ਢੁਕਦੀ। ਇਹ ਦਾਤਿ ਪਰਮਾਤਮਾ ਦੀ ਆਪਣੀ ਮਿਹਰ ਨਾਲ ਹੀ ਮਿਲਦੀ ਹੈ। ਮੁੱਖ-ਭਾਵ: ਪਰਮਾਤਮਾ ਦੀ ਸੇਵਾ-ਭਗਤੀ ਹੀ ਮਨੁੱਖਾ ਜੀਵਨ ਦਾ ਅਸਲ ਮਨੋਰਥ ਹੈ, ਆਤਮਕ ਆਨੰਦ ਹਾਸਲ ਕਰਨ ਦਾ ਇਕ ਇਹੀ ਵਸੀਲਾ ਹੈ। ਬੇਅੰਤ ਧਨ-ਪਦਾਰਥ ਇਕੱਠਾ ਕੀਤਿਆਂ ਭੀ ਇਹ ਆਨੰਦ ਨਹੀਂ ਮਿਲ ਸਕਦਾ, ਕਿਉਂਕਿ ਮਾਇਆ ਦਾ ਮੋਹ ਤਾਂ ਮਨ ਨੂੰ ਵਿਕਾਰਾਂ ਦੀ ਮੈਲ ਨਾਲ ਮਲੀਨ ਕਰੀ ਜਾਂਦਾ ਹੈ। ਧਾਰਮਿਕ ਭੇਖ, ਤੀਰਥ-ਇਸ਼ਨਾਨ ਆਦਿਕ ਦੇ ਉੱਦਮ ਮਨ ਦੀ ਇਸ ਮੈਲ ਨੂੰ ਦੂਰ ਨਹੀਂ ਕਰ ਸਕਦੇ। ਜਿਸ ਉਤੇ ਪਰਮਾਤਮਾ ਦੀ ਮਿਹਰ ਕਰੇ ਉਹ ਗੁਰੂ ਦੀ ਸਰਨ ਪੈ ਕੇ ਗੁਰੂ ਦੇ ਦੱਸੇ ਰਾਹ ਉਤੇ ਤੁਰ ਕੇ ਪਰਮਾਤਮਾ ਦੀ ਯਾਦ ਵਿਚ ਜੁੜਦਾ ਹੈ। 'ਵਾਰ' ਦੀ ਬਣਤਰ: ਇਹ 'ਵਾਰ' ਗੁਰੂ ਰਾਮਦਾਸ ਜੀ ਦੀ ਲਿਖੀ ਹੋਈ ਹੈ। ਇਸ ਵਿਚ ਉਹਨਾਂ ਦੀਆਂ 35 ਪਉੜੀਆਂ ਹਨ। ਸੋ, ਇਸ 'ਵਾਰ' ਦੀਆਂ ਪਹਿਲਾਂ 35 ਪਉੜੀਆਂ ਹੀ ਸਨ। ਪਉੜੀ ਨੰ: 34 ਦੇ ਨਾਲ ਪਉੜੀ ਨੰ: 35 ਗੁਰੂ ਅਰਜਨ ਸਾਹਿਬ ਜੀ ਨੇ ਲਿਖ ਕੇ ਆਪਣੇ ਵਲੋਂ ਦਰਜ ਕਰ ਦਿੱਤੀ। ਉਸ ਪਉੜੀ ਦਾ ਸਿਰ-ਲੇਖ ਹੈ 'ਪਉੜੀ ਮ: 5'। ਹਰੇਕ ਪਉੜੀ ਦੀਆਂ ਪੰਜ ਪੰਜ ਤੁਕਾਂ ਹਨ। ਸਾਰੀ ਹੀ 'ਵਾਰ' ਵਿਚ ਸਾਰੀਆਂ ਪਉੜੀਆਂ ਦੀ ਕਾਵਿ-ਚਾਲ ਤਕਰੀਬਨ ਇਕੋ ਕਿਸਮ ਦੀ ਹੈ। ਇਸ 'ਵਾਰ' ਵਿਚ ਇਕ ਅਨੋਖੀ ਗੱਲ ਇਹ ਹੈ ਕਿ ਹਰੇਕ ਪਉੜੀ ਵਿਚ ਲਫ਼ਜ਼ 'ਨਾਨਕ' ਵਰਤਿਆ ਹੋਇਆ ਹੈ। ਜਿਹੜੀ ਪਉੜੀ ਨੰ: 35 ਗੁਰੂ ਅਰਜਨ ਸਾਹਿਬ ਨੇ ਲਿਖ ਕੇ ਆਪਣੇ ਵਲੋਂ ਦਰਜ ਕੀਤੀ ਹੈ ਉਸ ਵਿਚ ਭੀ ਲਫ਼ਜ਼ 'ਨਾਨਕ' ਵਰਤਿਆ ਗਿਆ ਹੈ। ਮਹਲਾ 5 ਦੀ ਪਉੜੀ ਨੰ: 35 ਇਹ ਸਾਰੀ 'ਵਾਰ' ਤਾਂ ਗੁਰੂ ਰਾਮਦਾਸ ਜੀ ਦੀ ਲਿਖੀ ਹੋਈ ਹੈ। ਇਸ ਵਿਚ ਉਹਨਾਂ ਦੀ ਪਉੜੀ ਨੰ: 34 ਦੇ ਨਾਲ ਗੁਰੂ ਅਰਜਨ ਸਾਹਿਬ ਜੀ ਨੇ ਪਉੜੀ ਨੰ: 35 ਆਪਣੇ ਵਲੋਂ ਦਰਜ ਕੀਤੀ ਹੈ। ਇਹ ਪਉੜੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਹੋਰ ਕਿਤੇ ਭੀ ਨਹੀਂ ਹੈ। ਸੋ, ਇਹ ਨਿਰੋਲ ਪਉੜੀ ਨੰ: 34 ਦੇ ਸੰਬੰਧ ਵਿਚ ਹੀ ਲਿਖੀ ਗਈ ਹੈ। ਪਾਠਕਾਂ ਦੀ ਸਹੂਲਤ ਵਾਸਤੇ ਉਹ ਦੋਵੇਂ ਪਉੜੀਆਂ ਨੰ: 34 ਅਤੇ ਨੰ: 35 ਇਕੱਠੀਆਂ ਦਿੱਤੀਆਂ ਜਾਂਦੀਆਂ ਹਨ, ਤਾਕਿ ਪਾਠਕ ਆਪ ਇਹਨਾਂ ਦਾ ਡੂੰਘਾ ਸੰਬੰਧ ਵੇਖ ਸਕਣ: ਪਉੜੀ ਨੰ: 34 (ਗੁਰੂ ਰਾਮਦਾਸ ਜੀ ਦੀ) ਗੁਰ ਪੂਰੇ ਕੀ ਦਾਤਿ, ਨਿਤ ਦੇਵੈ, ਚੜੈ ਸਵਾਈਆ ॥ ਤੁਸਿ ਦੇਵੈ ਆਪਿ ਦਇਆਲੁ, ਨ ਛਪੈ ਛਪਾਈਆ ॥ ਹਿਰਦੇ ਕਵਲੁ ਪ੍ਰਗਾਸੁ, ਉਨਮਨਿ ਲਿਵ ਲਾਈਆ ॥ ਜੇ ਕੋ ਕਰੇ ਉਸ ਦੀ ਰੀਸ, ਸਿਰ ਛਾਈ ਪਾਈਆ ॥ ਨਾਨਕ ਅਪੜਿ ਕੋਇ ਨ ਸਕਈ, ਪੂਰੇ ਸਤਿਗੁਰ ਕੀ ਵਡਿਆਈਆ ॥34॥ ਇਸ ਦੇ ਨਾਲ ਅੱਗੇ ਪਉੜੀ ਨੰ: 35 (ਗੁਰੂ ਅਰਜਨ ਸਾਹਿਬ ਦੀ) ਪਉੜੀ ਮ: 5 ॥ ਸਚੁ ਖਾਣਾ, ਸਚੁ ਪੈਨਣਾ, ਸਚੁ ਨਾਮੁ ਅਧਾਰੁ ॥ ਗੁਰਿ ਪੂਰੈ ਮੇਲਾਇਆ ਪ੍ਰਭੁ ਦੇਵਣਹਾਰੁ ॥ ਭਾਗੁ ਪੂਰਾ ਤਿਨ੍ਹ੍ਹ ਜਾਗਿਆ ਜਪਿਆ ਨਿਰੰਕਾਰੁ ॥ ਸਾਧੂ ਸੰਗਤਿ ਲਗਿਆ ਤਰਿਆ ਸੰਸਾਰੁ ॥ ਨਾਨਕ ਸਿਫਤਿ ਸਾਲਾਹ ਕਰਿ ਪ੍ਰਭ ਕਾ ਜੈਕਾਰੁ ॥35॥ ਨੋਟ: 'ਗੁਰ ਪੂਰੇ ਕੀ ਦਾਤਿ' = ਉਹ ਕਿਹੜੀ ਦਾਤਿ ਹੈ? ਇਸ ਦਾ ਵਿਸਥਾਰ ਨਾਲ ਵੇਰਵਾ ਗੁਰੂ ਅਰਜਨ ਸਾਹਿਬ ਵਾਲੀ ਪਉੜੀ ਨੰ: 35 ਵਿਚ ਹੈ। ਇਸ 'ਵਾਰ' ਦੇ ਨਾਲ ਸਲੋਕ:
ਇਸ 'ਵਾਰ' ਵਿਚ ਕੁੱਲ 36 ਪਉੜੀਆਂ ਹਨ। ਪਉੜੀ ਨੰ: 1 ਅਤੇ 34 ਛੱਡ ਕੇ ਬਾਕੀ 34 ਪਉੜੀਆਂ ਵਿਚ ਹਰੇਕ ਦੇ ਨਾਲ ਦੋ ਦੋ ਸ਼ਲੋਕ ਹਨ। ਇਹਨਾਂ ਦਾ ਜੋੜ = 68 'ਵਾਰ' ਦੀ ਪਹਿਲੀ ਸ਼ਕਲ: ਇਹ 'ਵਾਰ' ਪਹਿਲਾਂ ਸਿਰਫ਼ 'ਪਉੜੀਆਂ' ਦਾ ਸੰਗ੍ਰਹਿ ਸੀ। ਕਾਵਿ-ਰਚਨਾਂ ਦੇ ਦ੍ਰਿਸ਼ਟੀ-ਕੋਣ ਤੋਂ ਵੇਖੋ। ਹਰੇਕ ਪਉੜੀ ਵਿਚ ਪੰਜ ਪੰਜ ਤੁਕਾਂ ਹਨ, ਤੁਕਾਂ ਦਾ ਆਕਾਰ ਤਕਰੀਬਨ ਇਕੋ ਜਿਹਾ ਹੈ। ਜਿਸ ਗੁਰ-ਵਿਅਕਤੀ ਨੇ 'ਵਾਰ' ਦੇ ਅੰਦਰਲੇ ਸਰੂਪ ਨੂੰ ਇਤਨੇ ਧਿਆਨ ਨਾਲ ਇੱਕ-ਸੁਰ ਤਿਆਰ ਕੀਤਾ, ਇਸ 'ਵਾਰ' ਦੀ ਹਰੇਕ ਪਉੜੀ ਦੇ ਨਾਲ ਸ਼ਲੋਕ ਦਰਜ ਕਰਨ ਵੇਲੇ ਭੀ ਉਹਨਾਂ ਪਾਸੋਂ ਉਸੇ ਇਕ-ਸੁਰਤਾ ਦੀ ਹੀ ਆਸ ਰੱਖੀ ਜਾ ਸਕਦੀ ਸੀ। ਪਰ ਸਲੋਕਾਂ ਦਾ ਆਕਾਰ ਇਕੋ ਜਿਹਾ ਨਹੀਂ ਹੈ, ਸਲੋਕਾਂ ਦੀਆਂ ਤੁਕਾਂ ਇਕੋ ਜਿਤਨੀਆਂ ਨਹੀਂ ਹਨ। ਪਉੜੀ ਨੰ: 26 ਦੇ ਨਾਲ ਦੂਜਾ ਸ਼ਲੋਕ ਗੁਰੂ ਅਰਜਨ ਸਾਹਿਬ ਦਾ ਹੈ। ਅਖ਼ੀਰਲੀ ਪਉੜੀ ਦੇ ਨਾਲ ਦੋਵੇਂ ਸ਼ਲੋਕ ਗੁਰੂ ਅਰਜਨ ਸਾਹਿਬ ਦੇ ਹਨ। ਜੇ ਗੁਰੂ ਰਾਮਦਾਸ ਜੀ ਆਪਣੀ ਲਿਖੀ 'ਵਾਰ' ਦੀ ਹਰੇਕ ਪਉੜੀ ਦੇ ਨਾਲ ਸਲੋਕ ਭੀ ਆਪ ਹੀ ਦਰਜ ਕਰਦੇ ਤਾਂ ਪਉੜੀ ਨੰ: 26 ਦੇ ਨਾਲ ਇਕੋ ਸਲੋਕ ਦਰਜ ਨਾਹ ਕਰਦੇ, ਅਤੇ ਅਖ਼ੀਰਲੀ ਪਉੜੀ ਨੂੰ ਖ਼ਾਲੀ ਨਾਹ ਰਹਿਣ ਦੇਂਦੇ। ਅਸਲ ਗੱਲ ਇਹੀ ਹੈ ਕਿ ਪਹਿਲਾਂ 'ਵਾਰ' ਸਿਰਫ਼ ਪਉੜੀਆਂ ਦਾ ਸੰਗ੍ਰਹਿ ਸੀ। ਹਰੇਕ ਪਉੜੀ ਦੇ ਨਾਲ ਸਲੋਕ ਗੁਰੂ ਅਰਜਨ ਸਾਹਿਬ ਨੇ ਦਰਜ ਕੀਤੇ ਸਨ। ਹਰੇਕ ਗੁਰ-ਵਿਅਕਤੀ ਦੇ ਲਿਖੇ ਸਲੋਕਾਂ ਦੇ ਸੰਗ੍ਰਹਿ ਵਿਚੋਂ ਲੈ ਕੇ। ਉਹਨਾਂ ਸੰਗ੍ਰਹਿਆਂ ਵਿਚੋਂ ਜਿਹੜੇ ਸਲੋਕ ਵਧ ਗਏ, ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਖ਼ੀਰ ਤੇ ਇਕੱਠੇ ਦਰਜ ਕਰ ਦਿੱਤੇ ਗਏ। ਉਹਨਾਂ ਦਾ ਸਿਰਲੇਖ ਹੀ ਇਹ ਗੱਲ ਪਰਗਟ ਕਰਦਾ ਹੈ– 'ਸਲੋਕ ਵਾਰਾਂ ਤੇ ਵਧੀਕ'। ਸਾਰੰਗ ਕੀ ਵਾਰ ਮਹਲਾ ੪ ਰਾਇ ਮਹਮੇ ਹਸਨੇ ਕੀ ਧੁਨਿ ਮਹਮਾ ਤੇ ਹਸਨਾ ਦੋ ਰਾਜਪੂਤ ਸਰਦਾਰ ਸਨ; ਮਹਮਾ ਕਾਂਗੜੇ ਦਾ ਰਹਿਣ ਵਾਲਾ ਤੇ ਹਸਨਾ ਧੌਲੇ ਦਾ। ਹਸਨੇ ਨੇ ਚਲਾਕੀ ਨਾਲ ਮਹਮੇ ਨੂੰ ਅਕਬਰ ਦੇ ਕੋਲ ਕੈਦ ਕਰਾ ਦਿੱਤਾ; ਪਰ ਮਹਮੇ ਨੇ ਆਪਣੀ ਬਹਾਦਰੀ ਦੇ ਕਾਰਨਾਮੇ ਵਿਖਾ ਕੇ ਬਾਦਸ਼ਾਹ ਨੂੰ ਖ਼ੁਸ਼ ਕਰ ਲਿਆ ਤੇ ਸ਼ਾਹੀ ਫ਼ੌਜ ਲੈ ਕੇ ਹਸਨੇ ਤੇ ਆ ਚੜ੍ਹਿਆ। ਚੋਖਾ ਚਿਰ ਦੋਹੀਂ ਧਿਰੀਂ ਲੜਾਈ ਹੋਈ ਤੇ ਆਖ਼ਰ ਮਹਮੇ ਦੀ ਜਿੱਤ ਹੋਈ। ਢਾਢੀਆਂ ਨੇ ਇਸ ਜੰਗ ਦੀ ਵਾਰ ਲਿਖੀ; ਇਸੇ ਵਾਰ ਦੀ ਸੁਰ ਤੇ ਗੁਰੂ ਰਾਮਦਾਸ ਸਾਹਿਬ ਦੀ ਰਚੀ ਹੋਈ ਸਾਰੰਗ ਰਾਗ ਦੀ ਵਾਰ ਦੇ ਗਾਣ ਦੀ ਹਿਦਾਇਤ ਹੈ। ਉਸ ਵਾਰ ਵਿਚੋਂ ਨਮੂਨੇ ਲਈ ਹੇਠ-ਲਿਖੀ ਪਉੜੀ ਹੈ: ਮਹਮਾ ਹਸਨਾ ਰਾਜਪੂਤ ਰਾਇ ਭਾਰੇ ਭੱਟੀ ॥ ਹਸਨੇ ਬੇ-ਈਮਾਨਗੀ ਨਾਲ ਮਹਮੇ ਥੱਟੀ ॥ ਭੇੜ ਦੁਹਾਂ ਦਾ ਮੱਚਿਆ ਸਰ ਵਗੇ ਸਫੱਟੀ। ਮਹਮੇ ਪਾਈ ਫਤਹ ਰਣ ਗਲ ਹਸਨੇ ਘੱਟੀ ॥ ਬੰਨ੍ਹ੍ਹ ਹਸਨੇ ਨੂੰ ਛੱਡਿਆ ਜਸ ਮਹਮੇ ਖੱਟੀ ॥ ੴ ਸਤਿਗੁਰ ਪ੍ਰਸਾਦਿ ॥ ਸਲੋਕ ਮਹਲਾ ੨ ॥ ਗੁਰੁ ਕੁੰਜੀ ਪਾਹੂ ਨਿਵਲੁ ਮਨੁ ਕੋਠਾ ਤਨੁ ਛਤਿ ॥ ਨਾਨਕ ਗੁਰ ਬਿਨੁ ਮਨ ਕਾ ਤਾਕੁ ਨ ਉਘੜੈ ਅਵਰ ਨ ਕੁੰਜੀ ਹਥਿ ॥੧॥ {ਪੰਨਾ 1237} ਪਦ ਅਰਥ: ਪਾਹੂ = ਮਾਇਆ ਦੀ ਪਾਹ। ਨਿਵਲੁ = ਪਸ਼ੂਆਂ ਦੇ ਪੈਰਾਂ ਨੂੰ ਮਾਰਨ ਵਾਲਾ ਜੰਦਰਾ। ਤਾਕੁ = ਬੂਹਾ। ਉਘੜੈ = ਖੁਲ੍ਹਦਾ। ਅਵਰ ਹਥਿ = ਕਿਸੇ ਹੋਰ ਦੇ ਹੱਥ ਵਿਚ। ਅਰਥ: (ਮਨੁੱਖ ਦਾ) ਮਨ (ਮਾਨੋ) ਕੋਠਾ ਹੈ ਤੇ ਸਰੀਰ (ਇਸ ਕੋਠੇ ਦਾ) ਛੱਤ ਹੈ, (ਮਾਇਆ ਦੀ) ਪਾਹ (ਇਸ ਮਨ-ਕੋਠੇ ਨੂੰ) ਜੰਦਰਾ (ਵੱਜਾ ਹੋਇਆ) ਹੈ, (ਇਸ ਜੰਦਰੇ ਨੂੰ ਖੋਲ੍ਹਣ ਲਈ) ਗੁਰੁ ਕੁੰਜੀ ਹੈ (ਭਾਵ, ਮਨ ਤੋਂ ਮਾਇਆ ਦਾ ਪ੍ਰਭਾਵ ਗੁਰੂ ਹੀ ਦੂਰ ਕਰ ਸਕਦਾ ਹੈ) । ਹੇ ਨਾਨਕ! ਸਤਿਗੁਰੂ ਤੋਂ ਬਿਨਾ ਮਨ ਦਾ ਬੂਹਾ ਖੁਲ੍ਹ ਨਹੀਂ ਸਕਦਾ, ਤੇ ਕਿਸੇ ਹੋਰ ਦੇ ਹੱਥ ਵਿਚ (ਇਸ ਦੀ) ਕੁੰਜੀ ਨਹੀਂ ਹੈ।1। ਮਹਲਾ ੧ ॥ ਨ ਭੀਜੈ ਰਾਗੀ ਨਾਦੀ ਬੇਦਿ ॥ ਨ ਭੀਜੈ ਸੁਰਤੀ ਗਿਆਨੀ ਜੋਗਿ ॥ ਨ ਭੀਜੈ ਸੋਗੀ ਕੀਤੈ ਰੋਜਿ ॥ ਨ ਭੀਜੈ ਰੂਪੀ ਮਾਲੀ ਰੰਗਿ ॥ ਨ ਭੀਜੈ ਤੀਰਥਿ ਭਵਿਐ ਨੰਗਿ ॥ ਨ ਭੀਜੈ ਦਾਤੀ ਕੀਤੈ ਪੁੰਨਿ ॥ ਨ ਭੀਜੈ ਬਾਹਰਿ ਬੈਠਿਆ ਸੁੰਨਿ ॥ ਨ ਭੀਜੈ ਭੇੜਿ ਮਰਹਿ ਭਿੜਿ ਸੂਰ ॥ ਨ ਭੀਜੈ ਕੇਤੇ ਹੋਵਹਿ ਧੂੜ ॥ ਲੇਖਾ ਲਿਖੀਐ ਮਨ ਕੈ ਭਾਇ ॥ ਨਾਨਕ ਭੀਜੈ ਸਾਚੈ ਨਾਇ ॥੨॥ {ਪੰਨਾ 1237} ਪਦ ਅਰਥ: ਨ ਭੀਜੈ = ਭਿੱਜਦਾ ਨਹੀਂ, ਪ੍ਰਸੰਨ ਨਹੀਂ ਹੁੰਦਾ। ਨਾਦੀ = ਨਾਦ ਦੀ ਰਾਹੀਂ, ਨਾਦ ਵਜਾਣ ਨਾਲ। ਬੇਦਿ = ਵੇਦ ਦੀ ਰਾਹੀਂ, ਵੇਦ ਪੜ੍ਹਨ ਨਾਲ। ਸੁਰਤੀ = ਸਮਾਧੀ (ਲਾਣ) ਨਾਲ। ਗਿਆਨੀ = ਗਿਆਨ ਦੀਆਂ ਗੱਲਾਂ ਕਰਨ ਨਾਲ। ਜੋਗਿ = ਜੋਗ-ਸਾਧਨ ਨਾਲ। ਰੋਜਿ = ਹਰ ਰੋਜ਼, ਸਦਾ। ਰੰਗਿ = ਰੰਗ-ਤਮਾਸ਼ੇ ਨਾਲ। ਤੀਰਥਿ = ਤੀਰਥ ਉਤੇ (ਨ੍ਹਾਤਿਆਂ) । ਭਵਿਐ = ਨੰਗੇ ਭੌਣ ਨਾਲ। ਪੁੰਨਿ = ਪੁੰਨ ਕਰਨ ਨਾਲ। ਸੁੰਨਿ = ਸੁੰਨ-ਅਵਸਥਾ ਵਿਚ, ਚੁੱਪ-ਚਾਪ ਰਹਿ ਕੇ। ਭੇੜਿ = ਭੇੜ ਵਿਚ, ਜੰਗ ਵਿਚ। ਭਿੜਿ = ਭਿੜ ਕੇ, ਲੜ ਕੇ। ਸੂਰ = ਸੂਰਮੇ। ਕੇਤੇ = ਕਈ ਬੰਦੇ। ਹੋਵਹਿ ਧੂੜਿ = ਮਿੱਟੀ ਵਿਚ ਲਿੱਬੜਦੇ ਹਨ। ਲੇਖਾ = ਹਿਸਾਬ, ਅਸਾਡੇ ਚੰਗੇ ਮੰਦੇ ਹੋਣ ਦੀ ਪਰਖ। ਲੇਖਾ ਲਿਖੀਐ = ਲੇਖਾ ਲਿਖਿਆ ਜਾਂਦਾ ਹੈ, ਸਾਡੇ ਚੰਗੇ ਮੰਦੇ ਹੋਣ ਦੀ ਪਰਖ ਕੀਤੀ ਜਾਂਦੀ ਹੈ। ਮਨ ਕੈ ਭਾਇ = ਮਨ ਦੀ ਭਾਵਨਾ ਅਨੁਸਾਰ, ਮਨ ਦੀ ਅਵਸਥਾ ਅਨੁਸਾਰ। ਸਾਚੈ ਨਾਇ = ਸੱਚੇ ਨਾਮ ਦੀ ਰਾਹੀਂ, ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੇ ਨਾਮ ਦੀ ਰਾਹੀਂ। ਅਰਥ: ਰਾਗ ਗਾਣ ਨਾਲ, ਨਾਦ ਵਜਾਣ ਨਾਲ ਜਾਂ ਵੇਦ (ਆਦਿਕ ਧਰਮ-ਪੁਸਤਕ) ਪੜ੍ਹਨ ਨਾਲ ਪਰਮਾਤਮਾ ਪ੍ਰਸੰਨ ਨਹੀਂ ਹੁੰਦਾ; ਨਾਹ ਹੀ, ਸਮਾਧੀ ਲਾਇਆਂ ਗਿਆਨ-ਚਰਚਾ ਕੀਤਿਆ ਜਾਂ ਜੋਗ ਦਾ ਕੋਈ ਸਾਧਨ ਕੀਤਿਆਂ। ਨਾਹ ਹੀ ਉਹ ਤ੍ਰੁਠਦਾ ਹੈ ਨਿਤ ਸੋਗ ਕੀਤਿਆਂ (ਜਿਵੇਂ ਸ੍ਰਾਵਗ ਸਰੇਵੜੇ ਕਰਦੇ ਹਨ) ; ਰੂਪ, ਮਾਲ-ਧਨ ਤੇ ਰੰਗ-ਤਮਾਸ਼ੇ ਵਿਚ ਰੁੱਝਿਆਂ ਭੀ ਪ੍ਰਭੂ (ਜੀਵ ਉਤੇ) ਖ਼ੁਸ਼ ਨਹੀਂ ਹੁੰਦਾ; ਨਾਹ ਹੀ ਉਹ ਭਿੱਜਦਾ ਹੈ ਤੀਰਥ ਤੇ ਨ੍ਹਾਤਿਆਂ ਜਾਂ ਨੰਗੇ ਭਵਿਆਂ। ਦਾਨ-ਪੁੰਨ ਕੀਤਿਆਂ ਭੀ ਰੱਬ ਰੀਝਦਾ ਨਹੀਂ, ਤੇ ਬਾਹਰ (ਜੰਗਲਾਂ ਵਿਚ) ਸੁੰਨ-ਮੁੰਨ ਬੈਠਿਆਂ ਭੀ ਨਹੀਂ ਪਸੀਜਦਾ। ਜੋਧੇ ਲੜਾਈ ਵਿਚ ਲੜ ਕੇ ਮਰਦੇ ਹਨ (ਇਸ ਤਰ੍ਹਾਂ ਭੀ) ਪ੍ਰਭੂ ਪ੍ਰਸੰਨ ਨਹੀਂ ਹੁੰਦਾ, ਕਈ ਬੰਦੇ (ਸੁਆਹ ਆਦਿਕ ਮਲ ਕੇ) ਮਿੱਟੀ ਵਿਚ ਲਿੱਬੜਦੇ ਹਨ (ਇਸ ਤਰ੍ਹਾਂ ਭੀ ਉਹ) ਖ਼ੁਸ਼ ਨਹੀਂ ਹੁੰਦਾ। ਹੇ ਨਾਨਕ! ਪਰਮਾਤਮਾ ਪ੍ਰਸੰਨ ਹੁੰਦਾ ਹੈ ਜੇ ਉਸ ਸਦਾ ਕਾਇਮ ਰਹਿਣ ਵਾਲੇ ਦੇ ਨਾਮ ਵਿਚ (ਜੁੜੀਏ) , (ਕਿਉਂਕਿ ਜੀਵਾਂ ਦੇ ਚੰਗੇ ਮੰਦੇ ਹੋਣ ਦੀ) ਪਰਖ ਮਨ ਦੀ ਭਾਵਨਾ ਅਨੁਸਾਰ ਕੀਤੀ ਜਾਂਦੀ ਹੈ।2। ਮਹਲਾ ੧ ॥ ਨਵ ਛਿਅ ਖਟ ਕਾ ਕਰੇ ਬੀਚਾਰੁ ॥ ਨਿਸਿ ਦਿਨ ਉਚਰੈ ਭਾਰ ਅਠਾਰ ॥ ਤਿਨਿ ਭੀ ਅੰਤੁ ਨ ਪਾਇਆ ਤੋਹਿ ॥ ਨਾਮ ਬਿਹੂਣ ਮੁਕਤਿ ਕਿਉ ਹੋਇ ॥ ਨਾਭਿ ਵਸਤ ਬ੍ਰਹਮੈ ਅੰਤੁ ਨ ਜਾਣਿਆ ॥ ਗੁਰਮੁਖਿ ਨਾਨਕ ਨਾਮੁ ਪਛਾਣਿਆ ॥੩॥ {ਪੰਨਾ 1237} ਪਦ ਅਰਥ: ਨਵ = ਨੌ ਵਿਆਕਰਣ। ਛਿਅ = ਛੇ ਸ਼ਾਸਤ੍ਰ। ਖਟ = ਛੇ ਵੇਦਾਂਗ (ਸ਼ਿਕਸ਼ਾ, ਕਲਪ, ਵਿਆਕਰਣ, ਛੰਦ, ਨਿਰੁਕਤ, ਜੋਤਿਸ਼) । ਨਿਸਿ = ਰਾਤ। ਭਾਰ ਅਠਾਰ = ਅਠਾਰਾਂ ਪਰਵਾਂ ਵਾਲਾ ਮਹਾਭਾਰਤ ਗ੍ਰੰਥ। ਤਿਨਿ = ਉਸ ਨੇ। ਤੋਹਿ = ਤੇਰਾ। ਬਿਹੂਣ = ਸੱਖਣਾ। ਮੁਕਤਿ = ਵਿਕਾਰਾਂ ਤੋਂ ਖ਼ਲਾਸੀ। ਨਾਭਿ = ਕਮਲ ਦੀ ਨਾਭੀ। ਵਸਤ = ਵੱਸਦਿਆਂ। ਬ੍ਰਹਮੈ = ਬ੍ਰਹਮਾ ਨੇ। ਗੁਰਮੁਖਿ = ਗੁਰੂ ਦੇ ਸਨਮੁਖ ਹੋ ਕੇ, ਗੁਰੂ ਦੇ ਦੱਸੇ ਰਾਹ ਤੇ ਤੁਰ ਕੇ। ਅਰਥ: ਜੋ ਮਨੁੱਖ (ਇਤਨਾ ਵਿਦਵਾਨ ਹੋਵੇ ਕਿ) ਨੌ ਵਿਆਕਰਣਾਂ, ਛੇ ਸ਼ਾਸਤ੍ਰਾਂ ਤੇ ਛੇ ਵੇਦਾਂਗ ਦੀ ਵਿਚਾਰ ਕਰੇ (ਭਾਵ, ਇਹਨਾਂ ਪੁਸਤਕਾਂ ਦੇ ਅਰਥ ਸਮਝ ਲਏ) , ਅਠਾਰਾਂ ਪਰਵਾਂ ਵਾਲੇ ਮਹਾਭਾਰਤ ਗ੍ਰੰਥ ਨੂੰ ਦਿਨ ਰਾਤ ਪੜ੍ਹਦਾ ਰਹੇ, ਉਸ ਨੇ ਭੀ (ਹੇ ਪ੍ਰਭੂ!) ਤੇਰਾ ਅੰਤ ਨਹੀਂ ਪਾਇਆ, (ਤੇਰੇ) ਨਾਮ ਤੋਂ ਬਿਨਾ ਮਨ ਵਿਕਾਰਾਂ ਤੋਂ ਖ਼ਲਾਸੀ ਪ੍ਰਾਪਤ ਨਹੀਂ ਕਰ ਸਕਦਾ। ਕਮਲ ਦੀ ਨਾਭੀ ਵਿਚ ਵੱਸਦਾ ਬ੍ਰਹਮਾ ਪਰਮਾਤਮਾ ਦੇ ਗੁਣਾਂ ਦਾ ਅੰਦਾਜ਼ਾ ਨਾਹ ਲਾ ਸਕਿਆ। ਹੇ ਨਾਨਕ! ਗੁਰੂ ਦੇ ਦੱਸੇ ਰਾਹ ਉਤੇ ਤੁਰ ਕੇ ਹੀ (ਪ੍ਰਭੂ ਦਾ) ਨਾਮ (ਸਿਮਰਨ ਦਾ ਮਹਾਤਮ) ਸਮਝਿਆ ਜਾ ਸਕਦਾ ਹੈ।3। ਪਉੜੀ ॥ ਆਪੇ ਆਪਿ ਨਿਰੰਜਨਾ ਜਿਨਿ ਆਪੁ ਉਪਾਇਆ ॥ ਆਪੇ ਖੇਲੁ ਰਚਾਇਓਨੁ ਸਭੁ ਜਗਤੁ ਸਬਾਇਆ ॥ ਤ੍ਰੈ ਗੁਣ ਆਪਿ ਸਿਰਜਿਅਨੁ ਮਾਇਆ ਮੋਹੁ ਵਧਾਇਆ ॥ ਗੁਰ ਪਰਸਾਦੀ ਉਬਰੇ ਜਿਨ ਭਾਣਾ ਭਾਇਆ ॥ ਨਾਨਕ ਸਚੁ ਵਰਤਦਾ ਸਭ ਸਚਿ ਸਮਾਇਆ ॥੧॥ {ਪੰਨਾ 1237} ਪਦ ਅਰਥ: ਆਪੇ = ਆਪ ਹੀ। ਜਿਨਿ = ਜਿਸ (ਨਿਰੰਜਨ) ਨੇ। ਆਪੁ = ਆਪਣੇ ਆਪ ਨੂੰ। ਰਚਾਇਓਨੁ = ਰਚਾਇਆ ਉਸ ਨੇ। ਸਿਰਜਿਅਨੁ = ਸਿਰਜੇ ਉਸ ਨੇ। ਜਿਨ = ਜਿਨ੍ਹਾਂ ਨੂੰ। ਸਚਿ = ਸੱਚ ਵਿਚ। ਨਿਰੰਜਨ = (ਨਿਰ+ਅੰਜਨ) ਮਾਇਆ-ਰਹਿਤ। ਅਰਥ: ਮਾਇਆ-ਰਹਿਤ ਪ੍ਰਭੂ ਆਪ ਹੀ (ਜਗਤ ਦਾ ਮੂਲ) ਹੈ ਉਸਨੇ ਆਪਣੇ ਆਪ ਨੂੰ (ਜਗਤ ਦੇ ਰੂਪ ਵਿਚ) ਪਰਗਟ ਕੀਤਾ ਹੈ; ਇਹ ਸਾਰਾ ਹੀ ਜਗਤ-ਤਮਾਸ਼ਾ ਉਸ ਨੇ ਆਪ ਹੀ ਰਚਿਆ ਹੈ। ਮਾਇਆ ਦੇ ਤਿੰਨ ਗੁਣ ਉਸ ਨੇ ਆਪ ਹੀ ਬਣਾਏ ਹਨ (ਤੇ ਜਗਤ ਵਿਚ) ਮਾਇਆ ਦਾ ਮੋਹ (ਭੀ ਉਸ ਨੇ ਆਪ ਹੀ) ਪ੍ਰਬਲ ਕੀਤਾ ਹੈ, (ਇਸ ਤ੍ਰੈ-ਗੁਣੀ ਮਾਇਆ ਦੇ ਮੋਹ ਵਿਚੋਂ ਸਿਰਫ਼) ਉਹ (ਜੀਵ) ਬਚਦੇ ਹਨ ਜਿਨ੍ਹਾਂ ਨੂੰ ਸਤਿਗੁਰੂ ਦੀ ਕਿਰਪਾ ਨਾਲ (ਪ੍ਰਭੂ ਦੀ) ਰਜ਼ਾ ਮਿੱਠੀ ਲੱਗਦੀ ਹੈ। ਹੇ ਨਾਨਕ! ਸਦਾ ਕਾਇਮ ਰਹਿਣ ਵਾਲਾ ਪ੍ਰਭੂ (ਹਰ ਥਾਂ) ਮੌਜੂਦ ਹੈ, ਤੇ ਸਾਰੀ ਸ੍ਰਿਸ਼ਟੀ ਉਸ ਸਦਾ-ਥਿਰ ਵਿਚ ਟਿੱਕੀ ਹੋਈ ਹੈ (ਭਾਵ, ਉਸ ਦੇ ਹੁਕਮ ਦੇ ਅੰਦਰ ਰਹਿੰਦੀ ਹੈ) ।1। |
Sri Guru Granth Darpan, by Professor Sahib Singh |