ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 1238 ਸਲੋਕ ਮਹਲਾ ੨ ॥ ਆਪਿ ਉਪਾਏ ਨਾਨਕਾ ਆਪੇ ਰਖੈ ਵੇਕ ॥ ਮੰਦਾ ਕਿਸ ਨੋ ਆਖੀਐ ਜਾਂ ਸਭਨਾ ਸਾਹਿਬੁ ਏਕੁ ॥ ਸਭਨਾ ਸਾਹਿਬੁ ਏਕੁ ਹੈ ਵੇਖੈ ਧੰਧੈ ਲਾਇ ॥ ਕਿਸੈ ਥੋੜਾ ਕਿਸੈ ਅਗਲਾ ਖਾਲੀ ਕੋਈ ਨਾਹਿ ॥ ਆਵਹਿ ਨੰਗੇ ਜਾਹਿ ਨੰਗੇ ਵਿਚੇ ਕਰਹਿ ਵਿਥਾਰ ॥ ਨਾਨਕ ਹੁਕਮੁ ਨ ਜਾਣੀਐ ਅਗੈ ਕਾਈ ਕਾਰ ॥੧॥ {ਪੰਨਾ 1238} ਪਦ ਅਰਥ: ਵੇਕ = ਵਖੋ-ਵਖ। ਧੰਧੈ = ਧੰਧੇ ਵਿਚ। ਅਗਲਾ = ਬਹੁਤਾ (ਧੰਧਾ) । ਆਵਹਿ = (ਜੀਵ ਜਗਤ ਵਿਚ) ਆਉਂਦੇ ਹਨ। ਵਿਚੇ = ਵਿਚ ਹੀ, (ਨੰਗੇ ਆਉਣ ਤੇ ਨੰਗੇ ਜਾਣ ਦੇ) ਵਿਚਲੇ ਹਿੱਸੇ ਵਿਚ ਹੀ, (ਭਾਵ, ਇਹ ਜਾਣਦੇ ਹੋਏ ਭੀ ਕਿ ਜੀਵ ਨੰਗੇ ਆਉਂਦੇ ਹਨ ਤੇ ਨੰਗੇ ਹੀ ਜਾਂਦੇ ਹਨ) । ਨੰਗੇ = (ਭਾਵ,) ਖ਼ਾਲੀ-ਹੱਥ। ਵਿਥਾਰ = ਖਿਲਾਰੇ। ਕਾਈ = ਕੇਹੜੀ? ਅਗੈ = ਪਰਲੋਕ ਵਿਚ। ਅਰਥ: ਹੇ ਨਾਨਕ! ਪ੍ਰਭੂ ਆਪ (ਜੀਵਾਂ ਨੂੰ) ਪੈਦਾ ਕਰਦਾ ਹੈ ਤੇ ਆਪ ਹੀ (ਇਹਨਾਂ ਨੂੰ) ਵਖੋ ਵਖ (ਸੁਭਾਉ ਵਾਲੇ) ਰੱਖਦਾ ਹੈ; (ਪਰ) ਸਭ ਜੀਵਾਂ ਦਾ ਖਸਮ ਇਕ (ਆਪ) ਹੀ ਹੈ (ਇਸ ਵਾਸਤੇ) ਕਿਸੇ ਜੀਵ ਨੂੰ ਭੈੜਾ ਨਹੀਂ ਆਖਿਆ ਜਾ ਸਕਦਾ। ਪ੍ਰਭੂ ਆਪ ਹੀ ਸਭ ਜੀਵਾਂ ਦਾ ਖਸਮ ਹੈ, (ਆਪ ਹੀ ਜੀਵਾਂ ਨੂੰ) ਧੰਧੇ ਵਿਚ ਜੋੜ ਕੇ (ਆਪ ਹੀ) ਵੇਖ ਰਿਹਾ ਹੈ; ਕੋਈ ਜੀਵ (ਮਾਇਆ ਦੇ ਧੰਧੇ ਤੋਂ) ਬਚਿਆ ਹੋਇਆ ਨਹੀਂ, ਕਿਸੇ ਨੂੰ ਥੋੜ੍ਹਾ ਤੇ ਕਿਸੇ ਨੂੰ ਬਹੁਤਾ (ਧੰਧਾ ਉਸ ਨੇ ਚਮੋੜਿਆ ਹੋਇਆ) ਹੈ। (ਜੀਵ ਜਗਤ ਵਿਚ) ਖ਼ਾਲੀ-ਹੱਥ ਆਉਂਦੇ ਹਨ ਤੇ ਖ਼ਾਲੀ-ਹੱਥ (ਇਥੋਂ) ਤੁਰ ਜਾਂਦੇ ਹਨ, ਇਹ ਵੇਖ ਕੇ ਭੀ (ਮਾਇਆ ਦੇ) ਖਿਲਾਰ ਖਿਲਾਰੀ ਜਾਂਦੇ ਹਨ। ਹੇ ਨਾਨਕ! (ਇਥੋਂ ਜਾ ਕੇ) ਪਰਲੋਕ ਵਿਚ ਕਿਹੜੀ ਕਾਰ (ਕਰਨ ਨੂੰ) ਮਿਲੇਗੀ = (ਇਸ ਸੰਬੰਧੀ ਪ੍ਰਭੂ ਦਾ) ਹੁਕਮ ਨਹੀਂ ਜਾਣਿਆ ਜਾ ਸਕਦਾ।1। ਮਹਲਾ ੧ ॥ ਜਿਨਸਿ ਥਾਪਿ ਜੀਆਂ ਕਉ ਭੇਜੈ ਜਿਨਸਿ ਥਾਪਿ ਲੈ ਜਾਵੈ ॥ ਆਪੇ ਥਾਪਿ ਉਥਾਪੈ ਆਪੇ ਏਤੇ ਵੇਸ ਕਰਾਵੈ ॥ ਜੇਤੇ ਜੀਅ ਫਿਰਹਿ ਅਉਧੂਤੀ ਆਪੇ ਭਿਖਿਆ ਪਾਵੈ ॥ ਲੇਖੈ ਬੋਲਣੁ ਲੇਖੈ ਚਲਣੁ ਕਾਇਤੁ ਕੀਚਹਿ ਦਾਵੇ ॥ ਮੂਲੁ ਮਤਿ ਪਰਵਾਣਾ ਏਹੋ ਨਾਨਕੁ ਆਖਿ ਸੁਣਾਏ ॥ ਕਰਣੀ ਉਪਰਿ ਹੋਇ ਤਪਾਵਸੁ ਜੇ ਕੋ ਕਹੈ ਕਹਾਏ ॥੨॥ {ਪੰਨਾ 1238} ਪਦ ਅਰਥ: ਜਿਨਸਿ ਥਾਪਿ, ਜਿਨਸਿ ਥਾਪਿ = ਜਿਨਸ ਜਿਨਸ ਦੇ (ਸਰੀਰ) ਬਣਾ ਬਣਾ ਕੇ, ਭਾਂਤ ਭਾਂਤ ਦੇ ਸਰੀਰ ਰਚ ਰਚ ਕੇ। ਉਥਾਪੈ = ਉਖੇੜਦਾ ਹੈ, ਨਾਸ ਕਰਦਾ ਹੈ। ਏਤੇ = ਇਤਨੇ, ਕਈ ਕਿਸਮਾਂ ਦੇ। ਜੇਤੇ ਜੀਅ = ਜਿਤਨੇ ਭੀ ਜੀਵ ਹਨ, (ਭਾਵ, ਸਾਰੇ ਹੀ ਜੀਵ) । ਅਉਧੂਤੀ = ਮੰਗਤੇ। ਆਪੇ = ਆਪ ਹੀ। ਭਿਖਿਆ = ਖ਼ੈਰ। ਲੇਖੈ = ਲੇਖੇ ਵਿਚ, ਹਿਸਾਬ ਵਿਚ (ਭਾਵ, ਗਿਣੇ-ਮਿਥੇ ਸਮੇ ਲਈ ਹੈ) । ਕਾਇਤੁ = ਕਿਉਂ? ਕਾਹਦੇ ਲਈ? ਕੀਚਹਿ = ਕੀਤੇ ਜਾਣ। ਕੀਚਹਿ ਦਾਵੇ = ਮੱਲਾਂ ਮੱਲੀਆਂ ਜਾਣ। ਮੂਲੁ = ਜੜ੍ਹ, ਤੱਤ। ਮੂਲੁ ਮਤਿ = ਮਤਿ ਕਾ ਮੂਲ। ਪਰਵਾਣਾ = ਮੰਨਿਆ-ਪ੍ਰਮੰਨਿਆ। ਕਰਣੀ = ਅਮਲੀ ਜੀਵਨ, ਕੀਤੇ ਹੋਏ ਕਰਮ। ਤਪਾਵਸੁ = ਨਿਆਂ, ਨਿਬੇੜਾ। ਅਰਥ: ਭਾਂਤ ਭਾਂਤ ਦੇ ਸਰੀਰ ਬਣਾ ਬਣਾ ਕੇ ਪ੍ਰਭੂ ਆਪ ਹੀ ਜੀਵਾਂ ਨੂੰ (ਜਗਤ ਵਿਚ) ਘੱਲਦਾ ਹੈ ਤੇ (ਫਿਰ ਇਥੋਂ) ਲੈ ਜਾਂਦਾ ਹੈ; ਪ੍ਰਭੂ ਆਪ ਹੀ ਪੈਦਾ ਕਰਦਾ ਹੈ ਆਪ ਹੀ ਨਾਸ ਕਰਦਾ ਹੈ, ਇਹ ਕਈ ਕਿਸਮਾਂ ਦੇ (ਜੀਵਾਂ ਦੇ) ਰੂਪ ਆਪ ਹੀ ਬਣਾਂਦਾ ਹੈ। ਇਹ ਸਾਰੇ ਹੀ ਜੀਵ (ਜੋ ਜਗਤ ਵਿਚ) ਤੁਰਦੇ ਫਿਰਦੇ ਹਨ (ਇਹ ਸਾਰੇ ਪ੍ਰਭੂ ਦੇ ਦਰ ਦੇ) ਮੰਗਤੇ ਹਨ, ਪ੍ਰਭੂ ਆਪ ਹੀ ਇਹਨਾਂ ਨੂੰ ਖ਼ੈਰ ਪਾਂਦਾ ਹੈ। ਹਰੇਕ ਜੀਵ ਦਾ ਬੋਲਣਾ ਚੱਲਣਾ ਗਿਣੇ-ਮਿਥੇ ਸਮੇ ਲਈ ਹੈ, ਕਾਹਦੇ ਲਈ ਇਹ ਮੱਲਾਂ ਮੱਲੀਆਂ ਜਾ ਰਹੀਆਂ ਹਨ? ਨਾਨਕ ਆਖ ਕੇ ਸੁਣਾਂਦਾ ਹੈ ਕਿ ਅਕਲ ਦੀ ਮੰਨੀ-ਪ੍ਰਮੰਨੀ ਸਿਰੇ ਦੀ ਗੱਲ ਇਹੀ ਹੈ; ਭਾਵੇਂ ਹੋਰ ਜੋ ਕੁਝ ਭੀ ਕੋਈ ਆਖੇ (ਪਿਆ ਆਖੇ, ਅਸਲ ਗੱਲ ਇਹ ਹੈ ਕਿ) ਹਰੇਕ ਦੇ ਆਪਣੇ ਕੀਤੇ ਕਰਮਾਂ ਅਨੁਸਾਰ ਨਿਬੇੜਾ ਹੁੰਦਾ ਹੈ।2। ਪਉੜੀ ॥ ਗੁਰਮੁਖਿ ਚਲਤੁ ਰਚਾਇਓਨੁ ਗੁਣ ਪਰਗਟੀ ਆਇਆ ॥ ਗੁਰਬਾਣੀ ਸਦ ਉਚਰੈ ਹਰਿ ਮੰਨਿ ਵਸਾਇਆ ॥ ਸਕਤਿ ਗਈ ਭ੍ਰਮੁ ਕਟਿਆ ਸਿਵ ਜੋਤਿ ਜਗਾਇਆ ॥ ਜਿਨ ਕੈ ਪੋਤੈ ਪੁੰਨੁ ਹੈ ਗੁਰੁ ਪੁਰਖੁ ਮਿਲਾਇਆ ॥ ਨਾਨਕ ਸਹਜੇ ਮਿਲਿ ਰਹੇ ਹਰਿ ਨਾਮਿ ਸਮਾਇਆ ॥੨॥ {ਪੰਨਾ 1238} ਪਦ ਅਰਥ: ਗੁਰਮੁਖਿ = ਉਹ ਮਨੁੱਖ ਜਿਸ ਦਾ ਮੂੰਹ ਗੁਰੂ ਵਲ ਹੈ, ਗੁਰੂ ਦੇ ਸਨਮੁਖਿ ਮਨੁੱਖ। ਚਲਤੁ = ਤਮਾਸ਼ਾ, ਖੇਡ, ਕੌਤਕ। ਪਰਗਟੀ ਆਇਆ = ਪ੍ਰਗਟਾਏ ਹਨ। ਮੰਨਿ = ਮਨਿ, ਮਨ ਵਿਚ। ਸਕਤਿ = ਮਾਇਆ (ਦਾ ਪ੍ਰਭਾਵ) । ਭ੍ਰਮੁ = ਭਟਕਣਾ। ਸਿਵ ਜੋਤਿ = ਰੱਬੀ ਜੋਤਿ। ਪੋਤੈ = ਖ਼ਜ਼ਾਨੇ ਵਿਚ। ਗੁਰੁ ਪੁਰਖੁ = ਮਹਾਂ ਪੁਰਖ ਸਤਿਗੁਰੂ। ਜਿਨ ਕੈ ਪੋਤੈ = ਜਿਨ੍ਹਾਂ ਦੇ ਖ਼ਜ਼ਾਨੇ ਵਿਚ, ਜਿਨ੍ਹਾਂ ਦੇ ਭਾਗਾਂ ਵਿਚ। ਪੁੰਨੁ = (ਪਿਛਲੀ ਕੀਤੀ) ਭਲਿਆਈ, ਨੇਕ ਕਮਾਈ, ਨੇਕੀ। ਸਹਜੇ = ਆਤਮਕ ਅਡੋਲਤਾ ਵਿਚ (ਟਿੱਕ ਕੇ) । ਨਾਮਿ = ਨਾਮ ਵਿਚ। ਅਰਥ: (ਪ੍ਰਭੂ ਦੀ ਜਗਤ-ਰਚਨਾ ਵਿਚ) ਕੋਈ ਮਨੁੱਖ ਗੁਰੂ ਦੇ ਸਨਮੁਖ ਹੈ ਇਹ ਕੌਤਕ ਭੀ ਉਸ (ਪ੍ਰਭੂ) ਨੇ (ਹੀ) ਰਚਾਇਆ ਹੈ (ਗੁਰਮੁਖਿ ਮਨੁੱਖ ਵਿਚ ਪ੍ਰਭੂ ਨੇ ਆਪਣੇ) ਗੁਣ ਪਰਗਟ ਕੀਤੇ ਹਨ, (ਜਿਨ੍ਹਾਂ ਦੀ ਬਰਕਤਿ ਨਾਲ ਉਹ ਗੁਰਮੁਖਿ) ਸਦਾ ਸਤਿਗੁਰੂ ਦੀ ਬਾਣੀ ਉਚਾਰਦਾ ਹੈ ਤੇ ਪ੍ਰਭੂ ਨੂੰ ਮਨ ਵਿਚ ਵਸਾਈ ਰੱਖਦਾ ਹੈ, ਉਸ ਦੇ ਅੰਦਰ ਰੱਬੀ ਜੋਤਿ ਜਗ ਪੈਂਦੀ ਹੈ, (ਉਸ ਦੇ ਅੰਦਰੋਂ) ਮਾਇਆ (ਦਾ ਹਨੇਰਾ) ਦੂਰ ਹੋ ਜਾਂਦਾ ਹੈ ਤੇ ਭਟਕਣਾ ਮੁੱਕ ਜਾਂਦੀ ਹੈ (ਭਾਵ, ਜ਼ਿੰਦਗੀ ਦੇ ਰਾਹ ਤੇ ਉਹ ਮਾਇਆ ਦੇ ਹਨੇਰੇ ਵਿਚ ਠੇਡੇ ਨਹੀਂ ਖਾਂਦਾ) । ਜਿਨ੍ਹਾਂ ਦੇ ਭਾਗਾਂ ਵਿਚ (ਪਿਛਲੀ ਕੀਤੀ) ਨੇਕ ਕਮਾਈ ਹੈ (ਉਹਨਾਂ ਨੂੰ ਪ੍ਰਭੂ) ਮਹਾਂ ਪੁਰਖ ਸਤਿਗੁਰੂ ਮਿਲਾ ਦੇਂਦਾ ਹੈ; ਤੇ, ਹੇ ਨਾਨਕ! ਉਹ ਆਤਮਕ ਅਡੋਲਤਾ ਵਿਚ ਟਿੱਕ ਕੇ (ਪ੍ਰਭੂ ਵਿਚ) ਮਿਲੇ ਰਹਿੰਦੇ ਹਨ, ਪ੍ਰਭੂ ਦੇ ਨਾਮ ਵਿਚ ਟਿਕੇ ਰਹਿੰਦੇ ਹਨ।2। ਸਲੋਕ ਮਹਲਾ ੨ ॥ ਸਾਹ ਚਲੇ ਵਣਜਾਰਿਆ ਲਿਖਿਆ ਦੇਵੈ ਨਾਲਿ ॥ ਲਿਖੇ ਉਪਰਿ ਹੁਕਮੁ ਹੋਇ ਲਈਐ ਵਸਤੁ ਸਮ੍ਹ੍ਹਾਲਿ ॥ ਵਸਤੁ ਲਈ ਵਣਜਾਰਈ ਵਖਰੁ ਬਧਾ ਪਾਇ ॥ ਕੇਈ ਲਾਹਾ ਲੈ ਚਲੇ ਇਕਿ ਚਲੇ ਮੂਲੁ ਗਵਾਇ ॥ ਥੋੜਾ ਕਿਨੈ ਨ ਮੰਗਿਓ ਕਿਸੁ ਕਹੀਐ ਸਾਬਾਸਿ ॥ ਨਦਰਿ ਤਿਨਾ ਕਉ ਨਾਨਕਾ ਜਿ ਸਾਬਤੁ ਲਾਏ ਰਾਸਿ ॥੧॥ {ਪੰਨਾ 1238} ਪਦ ਅਰਥ: ਸਾਹ ਵਣਜਾਰਿਆ = ਸ਼ਾਹ (-ਪ੍ਰਭੂ) ਦੇ (ਘੱਲੇ ਹੋਏ) ਵਪਾਰੀ (ਜੀਵ) । ਚਲੇ = (ਸ਼ਾਹ ਪਾਸੋਂ) ਤੁਰ ਪਏ (ਤੇ ਇਥੇ ਜਗਤ ਵਿਚ ਆਏ) । ਲਿਖਿਆ = (ਕੀਤੇ ਕਰਮਾਂ ਅਨੁਸਾਰ ਮੱਥੇ ਤੇ) ਲਿਖਿਆ ਹੋਇਆ (ਲੇਖ) । ਲਿਖੇ ਉਪਰਿ = ਉਸ ਲਿਖੇ ਲੇਖ ਅਨੁਸਾਰ। ਹੁਕਮ ਹੋਇ = ਪ੍ਰਭੂ ਦਾ ਹੁਕਮ ਵਰਤਦਾ ਹੈ। ਵਸਤੁ = (ਨਾਮ-ਰੂਪ) ਵੱਖਰ। ਵਣਜਾਰਈ = ਵਣਜਾਰਿਆਂ ਨੇ, ਵਪਾਰੀਆਂ ਨੇ। ਇਕਿ = ਕਈ ਜੀਵ। ਸਾਬਤੁ = ਪੂਰੀ ਦੀ ਪੂਰੀ। ਰਾਸਿ = ਪੂੰਜੀ, (ਸੁਆਸਾਂ ਦੀ) ਪੂੰਜੀ। ਲਾਏ = ਵਰਤ ਦਿੱਤੀ। ਅਰਥ: ਸ਼ਾਹ (-ਪ੍ਰਭੂ) ਦੇ (ਘੱਲੇ ਹੋਏ ਜੋ ਜੋ ਜੀਵ-) ਵਪਾਰੀ (ਸ਼ਾਹ ਪਾਸੋਂ) ਤੁਰ ਪੈਂਦੇ ਹਨ (ਤੇ ਇਥੇ ਜਗਤ ਵਿਚ ਆਉਂਦੇ ਹਨ, ਉਹਨਾਂ ਨੂੰ ਪ੍ਰਭੂ ਉਹਨਾਂ ਦੇ ਕੀਤੇ ਕਰਮਾਂ ਅਨੁਸਾਰ ਮੱਥੇ ਤੇ) ਲਿਖਿਆ ਹੋਇਆ ਲੇਖ ਨਾਲ ਦੇ ਕੇ ਤੋਰਦਾ ਹੈ। ਉਸ ਲਿਖੇ ਲੇਖ ਅਨੁਸਾਰ ਪ੍ਰਭੂ ਦਾ ਹੁਕਮ ਵਰਤਦਾ ਹੈ ਤੇ ਨਾਮ-ਰੂਪ ਵੱਖਰ ਸੰਭਾਲ ਲਈਦਾ ਹੈ। ਜੋ ਮਨੁੱਖ ਨਾਮ ਦਾ ਵਣਜ ਕਰਦੇ ਹਨ ਉਹਨਾਂ ਨਾਮ-ਪਦਾਰਥ ਹਾਸਲ ਕਰ ਲਿਆ ਤੇ ਪ੍ਰਾਪਤ ਕਰ ਕੇ ਪੱਲੇ ਬੰਨ੍ਹ ਲਿਆ। ਕਈ (ਜੀਵ-ਵਪਾਰੀ ਇਥੋਂ) ਨਫ਼ਾ ਖੱਟ ਕੇ ਜਾਂਦੇ ਹਨ, ਪਰ ਕਈ ਅਸਲ ਰਾਸਿ-ਪੂੰਜੀ ਭੀ ਗਵਾ ਜਾਂਦੇ ਹਨ (ਦੋਹਾਂ ਧਿਰਾਂ ਵਿਚੋਂ) ਘੱਟ ਚੀਜ਼ ਕਿਸੇ ਨੇ ਨਹੀਂ ਮੰਗੀ (ਭਾਵ, ਨਾਮ-ਵਪਾਰੀਆਂ ਨੂੰ 'ਨਾਮ' ਬਹੁਤ ਪਿਆਰਾ ਲੱਗਦਾ ਹੈ ਤੇ ਮਾਇਆ-ਧਾਰੀ ਨੂੰ ਮਾਇਆ) । ਫਿਰ, ਇਹਨਾਂ ਵਿਚੋਂ ਸ਼ਾਬਾਸ਼ੇ ਕਿਸ ਨੇ ਖੱਟੀ (ਮਿਹਰ ਦੀ ਨਜ਼ਰ ਕਿਸੇ ਤੇ ਹੋਈ) ? ਮਿਹਰ ਦੀ ਨਜ਼ਰ, ਹੇ ਨਾਨਕ! ਉਹਨਾਂ ਤੇ ਹੋਈ ਜਿਨ੍ਹਾਂ ਨੇ (ਸੁਆਸਾਂ ਦੀ) ਸਾਰੀ ਰਾਸਿ-ਪੂੰਜੀ (ਨਾਮ ਦਾ ਵਪਾਰ ਕਰਨ ਵਿਚ) ਲਾ ਦਿੱਤੀ।1। ਮਹਲਾ ੧ ॥ ਜੁੜਿ ਜੁੜਿ ਵਿਛੁੜੇ ਵਿਛੁੜਿ ਜੁੜੇ ॥ ਜੀਵਿ ਜੀਵਿ ਮੁਏ ਮੁਏ ਜੀਵੇ ॥ ਕੇਤਿਆ ਕੇ ਬਾਪ ਕੇਤਿਆ ਕੇ ਬੇਟੇ ਕੇਤੇ ਗੁਰ ਚੇਲੇ ਹੂਏ ॥ ਆਗੈ ਪਾਛੈ ਗਣਤ ਨ ਆਵੈ ਕਿਆ ਜਾਤੀ ਕਿਆ ਹੁਣਿ ਹੂਏ ॥ ਸਭੁ ਕਰਣਾ ਕਿਰਤੁ ਕਰਿ ਲਿਖੀਐ ਕਰਿ ਕਰਿ ਕਰਤਾ ਕਰੇ ਕਰੇ ॥ ਮਨਮੁਖਿ ਮਰੀਐ ਗੁਰਮੁਖਿ ਤਰੀਐ ਨਾਨਕ ਨਦਰੀ ਨਦਰਿ ਕਰੇ ॥੨॥ {ਪੰਨਾ 1237} ਪਦ ਅਰਥ: ਜੁੜਿ = ਜੁੜ ਕੇ, (ਜਿੰਦ ਸਰੀਰ ਨੂੰ) ਮਿਲ ਕੇ; (ਭਾਵ, ਜਨਮ ਲੈ ਕੇ) । ਜੁੜਿ ਜੁੜਿ = ਮੁੜ ਮੁੜ ਜਨਮ ਲੈ ਕੇ। ਵਿਛੁੜੇ = (ਜਿੰਦ ਸਰੀਰ ਨਾਲੋਂ) ਵਿਛੁੜਦੀ ਹੈ, (ਭਾਵ, ਜੀਵ ਮਰਦੇ ਹਨ) । ਵਿਛੁੜਿ = ਸਰੀਰ ਨਾਲੋਂ ਵੱਖ ਹੋ ਕੇ, ਮਰ ਕੇ। ਜੀਵਿ ਜੀਵਿ = ਕਈ ਵਾਰੀ ਜੰਮ ਕੇ। ਆਗੈ ਪਾਛੈ = ਹੁਣ ਵਾਲੇ ਜਨਮ ਤੋਂ ਪਹਿਲਾਂ ਤੇ ਇਸ ਤੋਂ ਅਗਾਂਹ। ਗਣਤ = ਗਿਣਤੀ, ਲੇਖਾ। ਸਭੁ ਕਰਣਾ = ਸਾਰਾ ਜਗਤ। ਕਿਰਤੁ = ਪਿਛਲੇ ਕੀਤੇ ਕਰਮਾਂ ਦਾ ਸਮੂਹ। ਕਿਰਤੁ ਕਰਿ = ਕੀਤੇ ਕਰਮਾਂ ਅਨੁਸਾਰ। ਮਰੀਐ = ਜਨਮ ਮਰਨ ਦੇ ਗੇੜ ਵਿਚ ਪੈਂਦਾ ਹੈ। ਨਦਰਿ = (ਮਿਹਰ ਦੀ) ਨਜ਼ਰ ਕਰਨ ਵਾਲਾ ਪ੍ਰਭੂ। ਕਰਿ ਕਰਿ, ਕਰੇ ਕਰੇ = ਮੁੜ ਮੁੜ ਕਰੀ ਜਾ ਰਿਹਾ ਹੈ। ਮਨਮੁਖਿ = ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ। ਗੁਰਮੁਖਿ = ਗੁਰੂ ਦੇ ਦੱਸੇ ਰਾਹ ਉਤੇ ਤੁਰਨ ਵਾਲਾ ਮਨੁੱਖ। ਅਰਥ: ਆਤਮਾ ਤੇ ਸਰੀਰ ਇਕੱਠੇ ਹੋ ਕੇ ਵਿੱਛੁੜ ਜਾਂਦੇ ਹਨ, ਵਿੱਛੁੜ ਕੇ ਫਿਰ ਮਿਲਦੇ ਹਨ, (ਭਾਵ,) ਜੀਵ ਜੰਮਦੇ ਹਨ ਮਰਦੇ ਹਨ, ਮਰਦੇ ਹਨ ਫਿਰ ਜੰਮਦੇ ਹਨ। (ਇਹ ਜੰਮਣ ਮਰਨ ਦਾ ਸਿਲਸਿਲਾ ਇਤਨਾ ਲੰਮਾ ਹੁੰਦਾ ਹੈ ਕਿ ਜੀਵ ਇਸ ਗੇੜ ਵਿਚ) ਕਈਆਂ ਦੇ ਪਿਉ ਤੇ ਕਈਆਂ ਦੇ ਪੁੱਤਰ ਬਣਦੇ ਹਨ, ਕਈ (ਵਾਰੀ) ਗੁਰੂ ਤੇ ਚੇਲੇ ਬਣਦੇ ਹਨ। ਇਹ ਲੇਖਾ ਗਿਣਿਆ ਨਹੀਂ ਜਾ ਸਕਦਾ ਕਿ ਜੋ ਕੁਝ ਅਸੀਂ ਹੁਣ ਐਸ ਵੇਲੇ ਹਾਂ ਇਸ ਤੋਂ ਪਹਿਲਾਂ ਅਸਾਡਾ ਕੀਹ ਜਨਮ ਸੀ ਤੇ ਅਗਾਂਹ ਕੀਹ ਹੋਵੇਗਾ। ਪਰ ਇਹ ਸਾਰਾ ਜਗਤ (-ਰਚਨਾ-ਰੂਪ ਲੇਖਾ ਜੋ ਲਿਖਿਆ ਜਾ ਰਿਹਾ ਹੈ ਇਹ ਜੀਵਾਂ ਦੇ) ਕੀਤੇ ਕਰਮਾਂ ਅਨੁਸਾਰ ਲਿਖਿਆ ਜਾਂਦਾ ਹੈ, ਕਰਤਾਰ ਇਹ ਖੇਡ ਇਸ ਤਰ੍ਹਾਂ ਖੇਡੀ ਜਾ ਰਿਹਾ ਹੈ। ਮਨਮੁਖ ਇਸ ਜਨਮ ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ ਤੇ ਗੁਰਮੁਖਿ ਇਸ ਵਿਚੋਂ ਪਾਰ ਲੰਘ ਜਾਂਦਾ ਹੈ ਕਿਉਂਕਿ, ਹੇ ਨਾਨਕ! ਮਿਹਰ ਦਾ ਮਾਲਕ ਪ੍ਰਭੂ ਉਸ ਉਤੇ ਮਿਹਰ ਦੀ ਨਜ਼ਰ ਕਰਦਾ ਹੈ।2। ਪਉੜੀ ॥ ਮਨਮੁਖਿ ਦੂਜਾ ਭਰਮੁ ਹੈ ਦੂਜੈ ਲੋਭਾਇਆ ॥ ਕੂੜੁ ਕਪਟੁ ਕਮਾਵਦੇ ਕੂੜੋ ਆਲਾਇਆ ॥ ਪੁਤ੍ਰ ਕਲਤ੍ਰੁ ਮੋਹੁ ਹੇਤੁ ਹੈ ਸਭੁ ਦੁਖੁ ਸਬਾਇਆ ॥ ਜਮ ਦਰਿ ਬਧੇ ਮਾਰੀਅਹਿ ਭਰਮਹਿ ਭਰਮਾਇਆ ॥ ਮਨਮੁਖਿ ਜਨਮੁ ਗਵਾਇਆ ਨਾਨਕ ਹਰਿ ਭਾਇਆ ॥੩॥ {ਪੰਨਾ 1238} ਪਦ ਅਰਥ: ਮਨਮੁਖਿ = ਉਹ ਮਨੁੱਖ ਜਿਸ ਦਾ ਮੂੰਹ ਆਪਣੇ ਮਨ ਵਲ ਹੈ, ਜੋ ਆਪਣੇ ਮਨ ਦੇ ਪਿੱਛੇ ਲੱਗਦਾ ਹੈ, ਮਨ ਦਾ ਮੁਰੀਦ, ਆਪ-ਹੁਦਰਾ ਮਨੁੱਖ। ਦੂਜਾ ਭਰਮੁ = (ਪ੍ਰਭੂ ਨੂੰ ਛੱਡ ਕੇ) ਹੋਰ ਪਾਸੇ ਦੀ ਭਟਕਣਾ, ਹੋਰ ਪਾਸੇ ਦੀ ਲਟਕ। ਦੂਜੈ = ਹੋਰ ਪਾਸੇ ਨੇ। ਲੋਭਾਇਆ = ਲੁਭਾ ਲਿਆ, ਭਰਮਾ ਲਿਆ। ਕੂੜੋ = ਕੂੜ ਹੀ। ਆਲਾਇਆ = ਬੋਲਦੇ ਹਨ। ਕਲਤ੍ਰੁ = ਇਸਤ੍ਰੀ (ਸੰਸਕ੍ਰਿਤ ਵਿਚ ਇਹ ਲਫ਼ਜ਼ ਨਪੁੰਸਕ ਲਿੰਗ (Neuter Gender) ਹੈ, ਪੁਰਾਣੀ ਪੰਜਾਬੀ ਵਿਚ ਪੁਲਿੰਗ ਕਰ ਕੇ ਵਰਤਿਆ ਗਿਆ ਹੈ; ਵੇਖੋ 'ਗੁਰਬਾਣੀ ਵਿਆਕਰਣ') । ਹੇਤੁ = ਹਿਤ। ਸਬਾਇਆ = ਸਾਰਾ। ਦਰਿ = ਦਰ ਤੇ, ਬੂਹੇ ਤੇ। ਮਾਰੀਅਹਿ = ਮਾਰੀਦੇ ਹਨ, ਮਾਰ ਖਾਂਦੇ ਹਨ। ਭਰਮਹਿ = ਭਟਕਦੇ ਹਨ, ਠੇਡੇ ਖਾਂਦੇ ਹਨ। ਅਰਥ: ਮਨ ਦੇ ਮੁਰੀਦ ਮਨੁੱਖਾਂ ਨੂੰ ਹੋਰ ਪਾਸੇ ਦੀ ਲਟਕ ਲੱਗ ਜਾਂਦੀ ਹੈ, ਉਹਨਾਂ ਨੂੰ ਹੋਰ ਪਾਸੇ ਨੇ ਭਰਮਾ ਲਿਆ ਹੁੰਦਾ ਹੈ, ਉਹ ਝੂਠ ਤੇ ਠੱਗੀ ਕਮਾਂਦੇ ਹਨ ਤੇ ਝੂਠ ਹੀ (ਮੂੰਹੋਂ) ਬੋਲਦੇ ਹਨ; (ਉਹਨਾਂ ਦੇ ਮਨ ਵਿਚ) ਪੁਤ੍ਰਾਂ ਦਾ ਮੋਹ-ਪਿਆਰ (ਵੱਸਦਾ ਹੈ) (ਉਹਨਾਂ ਦੇ ਮਨ ਵਿਚ) ਇਸਤ੍ਰੀ (ਵੱਸਦੀ) ਹੈ (ਤੇ ਇਹ ਰਸਤਾ) ਨਿਰੋਲ ਦੁੱਖ ਦਾ (ਮੂਲ) ਹੈ; (ਰੱਬ ਵਲੋਂ) ਭਰਮ ਵਿਚ ਪਾਏ ਹੋਏ (ਮਨਮੁਖ) ਠੇਡੇ ਖਾਂਦੇ ਹਨ, (ਮਾਨੋ) ਜਮ ਦੇ ਬੂਹੇ ਤੇ ਬੱਧੇ ਹੋਏ ਕੁੱਟ ਖਾ ਰਹੇ ਹਨ। ਹੇ ਨਾਨਕ! ਮਨ ਦੇ ਮੁਰੀਦ ਮਨੁੱਖ (ਆਪਣੀ) ਜ਼ਿੰਦਗੀ ਅਜਾਈਂ ਗਵਾ ਲੈਂਦੇ ਹਨ, ਪ੍ਰਭੂ ਨੂੰ ਏਵੇਂ ਹੀ ਭਾਉਂਦਾ ਹੈ।3। ਸਲੋਕ ਮਹਲਾ ੨ ॥ ਜਿਨ ਵਡਿਆਈ ਤੇਰੇ ਨਾਮ ਕੀ ਤੇ ਰਤੇ ਮਨ ਮਾਹਿ ॥ ਨਾਨਕ ਅੰਮ੍ਰਿਤੁ ਏਕੁ ਹੈ ਦੂਜਾ ਅੰਮ੍ਰਿਤੁ ਨਾਹਿ ॥ ਨਾਨਕ ਅੰਮ੍ਰਿਤੁ ਮਨੈ ਮਾਹਿ ਪਾਈਐ ਗੁਰ ਪਰਸਾਦਿ ॥ ਤਿਨ੍ਹ੍ਹੀ ਪੀਤਾ ਰੰਗ ਸਿਉ ਜਿਨ੍ਹ੍ਹ ਕਉ ਲਿਖਿਆ ਆਦਿ ॥੧॥ {ਪੰਨਾ 1238} ਪਦ ਅਰਥ: ਤੇ = (ਬਹੁ-ਵਚਨ) ਉਹ ਮਨੁੱਖ। ਰਤੇ = ਰੱਤੇ, ਰੰਗੇ ਹੋਏ। ਅੰਮ੍ਰਿਤੁ = ਅਮਰ ਕਰਨ ਵਾਲਾ ਜਲ, ਆਤਮਕ ਜੀਵਨ ਦੇਣ ਵਾਲਾ ਨਾਮ-ਜਲ। ਗੁਰ ਪਰਸਾਦਿ = ਗੁਰੂ ਦੀ ਕਿਰਪਾ ਨਾਲ। ਰੰਗ ਸਿਉ = ਮੌਜ ਨਾਲ, ਸੁਆਦ ਨਾਲ। ਆਦਿ = ਮੁੱਢ ਤੋਂ, ਧੁਰ ਤੋਂ। ਅਰਥ: (ਹੇ ਪ੍ਰਭੂ!) ਜਿਨ੍ਹਾਂ ਮਨੁੱਖਾਂ ਨੂੰ ਤੇਰੇ ਨਾਮ ਦੀ ਸੋਭਾ (ਕਰਨ ਦੀ ਸੁਭਾਗਤਾ) ਮਿਲੀ ਹੈ ਉਹ ਮਨੁੱਖ ਆਪਣੇ ਮਨ ਵਿਚ (ਤੇਰੇ ਨਾਮ ਦੇ ਰੰਗ ਨਾਲ) ਰੰਗੇ ਰਹਿੰਦੇ ਹਨ। ਹੇ ਨਾਨਕ! (ਉਹਨਾਂ ਲਈ) ਇਕ ਨਾਮ ਹੀ ਅੰਮ੍ਰਿਤ ਹੈ ਹੋਰ ਕਿਸੇ ਚੀਜ਼ ਨੂੰ ਉਹ ਅੰਮ੍ਰਿਤ ਨਹੀਂ ਮੰਨਦੇ। ਹੇ ਨਾਨਕ! (ਇਹ ਨਾਮ) ਅੰਮ੍ਰਿਤ (ਹਰੇਕ ਮਨੁੱਖ ਦੇ) ਮਨ ਵਿਚ ਹੀ ਹੈ, ਪਰ ਮਿਲਦਾ ਹੈ ਗੁਰੂ ਦੀ ਕਿਰਪਾ ਨਾਲ; ਜਿਨ੍ਹਾਂ ਦੇ ਭਾਗਾਂ ਵਿਚ ਧੁਰੋਂ ਲਿਖਿਆ ਹੋਇਆ ਹੈ; ਉਹਨਾਂ ਨੇ ਹੀ ਸੁਆਦ ਨਾਲ ਪੀਤਾ ਹੈ।1। |
Sri Guru Granth Darpan, by Professor Sahib Singh |