ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 1239 ਮਹਲਾ ੨ ॥ ਕੀਤਾ ਕਿਆ ਸਾਲਾਹੀਐ ਕਰੇ ਸੋਇ ਸਾਲਾਹਿ ॥ ਨਾਨਕ ਏਕੀ ਬਾਹਰਾ ਦੂਜਾ ਦਾਤਾ ਨਾਹਿ ॥ ਕਰਤਾ ਸੋ ਸਾਲਾਹੀਐ ਜਿਨਿ ਕੀਤਾ ਆਕਾਰੁ ॥ ਦਾਤਾ ਸੋ ਸਾਲਾਹੀਐ ਜਿ ਸਭਸੈ ਦੇ ਆਧਾਰੁ ॥ ਨਾਨਕ ਆਪਿ ਸਦੀਵ ਹੈ ਪੂਰਾ ਜਿਸੁ ਭੰਡਾਰੁ ॥ ਵਡਾ ਕਰਿ ਸਾਲਾਹੀਐ ਅੰਤੁ ਨ ਪਾਰਾਵਾਰੁ ॥੨॥ {ਪੰਨਾ 1239} ਪਦ ਅਰਥ: ਕੀਤਾ = ਪੈਦਾ ਕੀਤਾ ਹੋਇਆ ਜੀਵ। ਕਰੇ = ਜੋ ਪੈਦਾ ਕਰਦਾ ਹੈ। ਸੋਇ = ਉਸੇ ਨੂੰ। ਏਕੀ = ਬਾਹਰਾ = ਇਕ ਪ੍ਰਭੂ ਤੋਂ ਬਿਨਾ। ਜਿਨਿ = ਜਿਸ (ਕਰਤਾਰ) ਨੇ। ਆਕਾਰੁ = ਇਹ ਦਿੱਸਦਾ ਜਗਤ। ਜਿ = ਜਿਹੜਾ। ਸਭਸੈ = ਸਭਨਾਂ ਨੂੰ। ਆਧਾਰੁ = ਆਸਰਾ। ਸਦੀਵ = ਸਦਾ ਹੀ (ਕਾਇਮ ਰਹਿਣ ਵਾਲਾ) । ਜਿਸੁ ਭੰਡਾਰੁ = ਜਿਸ ਦਾ ਖ਼ਜ਼ਾਨਾ। ਪਾਰਾਵਾਰੁ = ਪਾਰਲਾ ਤੇ ਉਰਲਾ ਬੰਨਾ (ਪਾਰ+ਅਵਾਰ) । ਅਰਥ: ਪੈਦਾ ਕੀਤੇ ਹੋਏ ਜੀਵ ਦੀ ਵਡਿਆਈ ਕਰਨ ਦਾ ਕੀਹ ਲਾਭ? ਉਸ (ਪ੍ਰਭੂ) ਦੀ ਸਿਫ਼ਤਿ-ਸਾਲਾਹ ਕਰੋ ਜੋ (ਸਭ ਨੂੰ ਪੈਦਾ) ਕਰਦਾ ਹੈ; (ਕਿਉਂਕਿ) ਹੇ ਨਾਨਕ! ਉਸ ਇਕ ਪ੍ਰਭੂ ਤੋਂ ਬਿਨਾ ਹੋਰ ਕੋਈ ਦਾਤਾ ਨਹੀਂ ਹੈ। ਜਿਸ ਕਰਤਾਰ ਨੇ ਇਹ ਸਾਰਾ ਜਗਤ ਬਣਾਇਆ ਹੈ ਉਸ ਦੀ ਵਡਿਆਈ ਕਰੋ, ਉਸ ਇਕ ਦਾਤਾਰ ਦੇ ਗੁਣ ਗਾਓ ਜੋ ਹਰੇਕ ਜੀਵ ਨੂੰ ਆਸਰਾ ਦੇਂਦਾ ਹੈ। ਹੇ ਨਾਨਕ! ਉਹ ਪ੍ਰਭੂ ਆਪ ਸਦਾ ਹੀ ਕਾਇਮ ਰਹਿਣ ਵਾਲਾ ਹੈ, ਉਸਦਾ ਖ਼ਜ਼ਾਨਾ ਭੀ ਸਦਾ ਭਰਿਆ ਰਹਿੰਦਾ ਹੈ। ਉਸ ਨੂੰ ਵੱਡਾ ਆਖੋ, ਉਸ ਦੀ ਵਡਿਆਈ ਕਰੋ, ਉਸ (ਦੀ ਵਡਿਆਈ) ਦਾ ਅੰਤ ਨਹੀਂ ਪੈ ਸਕਦਾ, ਉਰਲਾ ਪਾਰਲਾ ਬੰਨਾ ਨਹੀਂ ਲੱਭ ਸਕਦਾ।2। ਪਉੜੀ ॥ ਹਰਿ ਕਾ ਨਾਮੁ ਨਿਧਾਨੁ ਹੈ ਸੇਵਿਐ ਸੁਖੁ ਪਾਈ ॥ ਨਾਮੁ ਨਿਰੰਜਨੁ ਉਚਰਾਂ ਪਤਿ ਸਿਉ ਘਰਿ ਜਾਂਈ ॥ ਗੁਰਮੁਖਿ ਬਾਣੀ ਨਾਮੁ ਹੈ ਨਾਮੁ ਰਿਦੈ ਵਸਾਈ ॥ ਮਤਿ ਪੰਖੇਰੂ ਵਸਿ ਹੋਇ ਸਤਿਗੁਰੂ ਧਿਆਈ ॥ ਨਾਨਕ ਆਪਿ ਦਇਆਲੁ ਹੋਇ ਨਾਮੇ ਲਿਵ ਲਾਈ ॥੪॥ {ਪੰਨਾ 1239} ਪਦ ਅਰਥ: ਨਿਧਾਨੁ = ਖ਼ਜ਼ਾਨਾ। ਸੇਵਿਐ = ਜੇ ਸੇਵੀਏ, ਜੇ ਸਿਮਰੀਏ। ਪਤਿ = ਇੱਜ਼ਤ। ਪੰਖੇਰੂ = ਪੰਛੀ। ਨਾਮੇ = ਨਾਮ ਵਿਚ ਹੀ। ਗੁਰਮੁਖਿ ਬਾਣੀ ਨਾਮੁ ਹੈ– ਗੁਰਮੁਖ ਦੀ ਬਾਣੀ ਪ੍ਰਭੂ ਦਾ ਨਾਮ ਹੈ, ਗੁਰਮੁਖ ਨਾਮ ਹੀ ਉਚਾਰਦਾ ਹੈ। ਗੁਰਮੁਖਿ = ਗੁਰੂ ਦੇ ਦੱਸੇ ਰਾਹ ਉਤੇ ਤੁਰਨ ਵਾਲਾ ਮਨੁੱਖ। ਵਸਿ = ਵੱਸ ਵਿਚ। ਅਰਥ: ਪਰਮਾਤਮਾ ਦਾ ਨਾਮ (ਸਾਰੇ ਸੁਖਾਂ ਦਾ) ਖ਼ਜ਼ਾਨਾ ਹੈ, ਜੇ ਨਾਮ ਸਿਮਰੀਏ ਤਾਂ ਸੁਖ ਮਿਲਦਾ ਹੈ। ਮੈਂ ਮਾਇਆ-ਰਹਿਤ ਪ੍ਰਭੂ ਦਾ ਨਾਮ ਸਿਮਰਾਂ ਤੇ ਇੱਜ਼ਤ ਨਾਲ (ਆਪਣੇ) ਘਰ ਵਿਚ ਜਾਵਾਂ = (ਗੁਰਮੁਖ ਦੀ ਸਦਾ ਇਹੀ ਤਾਂਘ ਹੁੰਦੀ ਹੈ) ਗੁਰਮੁਖ ਸਦਾ ਨਾਮ ਹੀ ਉਚਾਰਦਾ ਹੈ ਤੇ ਨਾਮ ਨੂੰ ਹਿਰਦੇ ਵਿਚ ਵਸਾਂਦਾ ਹੈ। (ਜਿਉਂ ਜਿਉਂ) ਗੁਰੂ ਦੀ ਰਾਹੀਂ (ਗੁਰਮੁਖਿ) ਨਾਮ ਸਿਮਰਦਾ ਹੈ, ਪੰਛੀ (ਵਾਂਗ ਉਡਾਰੂ ਇਹ) ਮਤਿ (ਉਸ ਦੇ) ਵੱਸ ਵਿਚ ਆ ਜਾਂਦੀ ਹੈ। ਹੇ ਨਾਨਕ! (ਗੁਰਮੁਖ ਉਤੇ) ਪ੍ਰਭੂ ਆਪ ਦਿਆਲ ਹੁੰਦਾ ਹੈ ਤੇ ਉਹ ਨਾਮ ਵਿਚ ਹੀ ਲਿਵ ਲਾਈ ਰੱਖਦਾ ਹੈ।4। ਸਲੋਕ ਮਹਲਾ ੨ ॥ ਤਿਸੁ ਸਿਉ ਕੈਸਾ ਬੋਲਣਾ ਜਿ ਆਪੇ ਜਾਣੈ ਜਾਣੁ ॥ ਚੀਰੀ ਜਾ ਕੀ ਨਾ ਫਿਰੈ ਸਾਹਿਬੁ ਸੋ ਪਰਵਾਣੁ ॥ ਚੀਰੀ ਜਿਸ ਕੀ ਚਲਣਾ ਮੀਰ ਮਲਕ ਸਲਾਰ ॥ ਜੋ ਤਿਸੁ ਭਾਵੈ ਨਾਨਕਾ ਸਾਈ ਭਲੀ ਕਾਰ ॥ ਜਿਨ੍ਹ੍ਹਾ ਚੀਰੀ ਚਲਣਾ ਹਥਿ ਤਿਨ੍ਹ੍ਹਾ ਕਿਛੁ ਨਾਹਿ ॥ ਸਾਹਿਬ ਕਾ ਫੁਰਮਾਣੁ ਹੋਇ ਉਠੀ ਕਰਲੈ ਪਾਹਿ ॥ ਜੇਹਾ ਚੀਰੀ ਲਿਖਿਆ ਤੇਹਾ ਹੁਕਮੁ ਕਮਾਹਿ ॥ ਘਲੇ ਆਵਹਿ ਨਾਨਕਾ ਸਦੇ ਉਠੀ ਜਾਹਿ ॥੧॥ {ਪੰਨਾ 1239} ਪਦ ਅਰਥ: ਤਿਸੁ ਸਿਉ = ਉਸ (ਪ੍ਰਭੂ) ਨਾਲ (ਨੋਟ: ਲਫ਼ਜ਼ 'ਜਿਸੁ' 'ਤਿਸੁ' ਦਾ (ੁ) ਕਈ ਸੰਬੰਧਕਾਂ ਨਾਲ ਟਿਕਿਆ ਰਹਿੰਦਾ ਹੈ; ਜਿਵੇਂ ਇਥੇ ਸੰਬੰਧਕ 'ਸਿਉ' ਨਾਲ; ਪਰ ਕਈ ਸੰਬੰਧਕਾਂ ਨਾਲ ਇਹ (ੁ) ਲਹਿ ਜਾਂਦਾ ਹੈ; ਜਿਵੇਂ, ਤੀਜੀ ਤੁਕ ਵਿਚ 'ਜਿਸ ਕੀ') । ਜਿ = ਜੋ। ਜਾਣੁ = ਅੰਤਰਜਾਮੀ। ਚੀਰੀ = ਚਿੱਠੀ, ਪਰਵਾਨਾ, ਹੁਕਮ। ਨਾ ਫਿਰੈ = ਮੋੜੀ ਨਹੀਂ ਜਾ ਸਕਦੀ। ਪਰਵਾਣੁ = ਮੰਨਿਆ-ਪ੍ਰਮੰਨਿਆ। ਮੀਰ = ਪਾਤਸ਼ਾਹ। ਸਲਾਰ = ਫ਼ੌਜ ਦੇ ਸਰਦਾਰ। ਕਾਰ = ਕੰਮ। ਹਥਿ = ਹੱਥ ਵਿਚ, ਵੱਸ ਵਿਚ। ਕਰਲਾ = ਰਸਤਾ, ਰਾਹ। ਕਰਲੈ = ਰਾਹੇ, ਰਸਤੇ ਤੇ। ਪਾਹਿ = ਪੈ ਜਾਂਦੇ ਹਨ। ਅਰਥ: ਜੋ ਅੰਤਰਜਾਮੀ ਪ੍ਰਭੂ ਆਪ ਹੀ (ਹਰੇਕ ਦੇ ਦਿਲ ਦੀ) ਜਾਣਦਾ ਹੈ ਉਸ ਦੇ ਅੱਗੇ ਬੋਲਣਾ ਫਬਦਾ ਨਹੀਂ (ਭਾਵ, ਉਸ ਅੱਗੇ ਬੋਲਿਆ ਨਹੀਂ ਜਾ ਸਕਦਾ) , ਉਹ ਮੰਨਿਆ ਪ੍ਰਮੰਨਿਆ ਮਾਲਕ ਹੈ ਕਿਉਂਕਿ ਉਸ ਦਾ ਹੁਕਮ ਕੋਈ ਮੋੜ ਨਹੀਂ ਸਕਦਾ। ਪਾਤਸ਼ਾਹ ਮਾਲਕ ਤੇ ਫ਼ੌਜਾਂ ਦੇ ਸਰਦਾਰ ਸਭ ਨੂੰ ਉਸ ਦੇ ਹੁਕਮ ਵਿਚ ਤੁਰਨਾ ਪੈਂਦਾ ਹੈ, (ਇਸ ਵਾਸਤੇ) ਹੇ ਨਾਨਕ! ਉਹੀ ਕੰਮ ਚੰਗਾ (ਮੰਨਣਾ ਚਾਹੀਦਾ) ਹੈ ਜੋ ਉਸ ਪ੍ਰਭੂ ਨੂੰ ਚੰਗਾ ਲੱਗਦਾ ਹੈ। ਇਹਨਾਂ ਜੀਵਾਂ ਦੇ ਵੱਸ ਵਿਚ ਕੁਝ ਨਹੀਂ ਕਿਉਂਕਿ ਇਹਨਾਂ ਨੇ ਤਾਂ ਉਸ ਦੇ ਹੁਕਮ ਵਿਚ ਹੀ ਤੁਰਨਾ ਹੈ, (ਜਿਸ ਵੇਲੇ) ਮਾਲਕ ਦਾ ਹੁਕਮ ਹੁੰਦਾ ਹੈ (ਇਹ ਜੀਵ) ਉੱਠ ਕੇ ਰਾਹੇ ਪੈ ਜਾਂਦੇ ਹਨ। ਜਿਹੋ ਜਿਹਾ ਹੁਕਮ ਲਿਖਿਆ ਹੋਇਆ ਆਉਂਦਾ ਹੈ, (ਜੀਵ) ਉਸੇ ਤਰ੍ਹਾਂ ਹੁਕਮ ਦੀ ਪਾਲਣਾ ਕਰਦੇ ਹਨ। ਹੇ ਨਾਨਕ! (ਉਸ ਮਾਲਕ ਦੇ) ਭੇਜੇ ਹੋਏ (ਇਥੇ ਜਗਤ ਵਿਚ) ਆ ਜਾਂਦੇ ਹਨ ਤੇ ਉਸ ਦੇ ਬੁਲਾਏ ਹੋਏ (ਇਥੋਂ) ਉੱਠ ਕੇ ਤੁਰ ਪੈਂਦੇ ਹਨ।1। ਮਹਲਾ ੨ ॥ ਸਿਫਤਿ ਜਿਨਾ ਕਉ ਬਖਸੀਐ ਸੇਈ ਪੋਤੇਦਾਰ ॥ ਕੁੰਜੀ ਜਿਨ ਕਉ ਦਿਤੀਆ ਤਿਨ੍ਹ੍ਹਾ ਮਿਲੇ ਭੰਡਾਰ ॥ ਜਹ ਭੰਡਾਰੀ ਹੂ ਗੁਣ ਨਿਕਲਹਿ ਤੇ ਕੀਅਹਿ ਪਰਵਾਣੁ ॥ ਨਦਰਿ ਤਿਨ੍ਹ੍ਹਾ ਕਉ ਨਾਨਕਾ ਨਾਮੁ ਜਿਨ੍ਹ੍ਹਾ ਨੀਸਾਣੁ ॥੨॥ {ਪੰਨਾ 1239} ਪਦ ਅਰਥ: ਬਖਸੀਐ = ਬਖ਼ਸ਼ੀ ਜਾਂਦੀ ਹੈ, ਬਖ਼ਸ਼ੀਸ਼ ਵਜੋਂ ਮਿਲਦੀ ਹੈ। ਪੋਤੇਦਾਰ = ਖ਼ਜ਼ਾਨਚੀ। ਭੰਡਾਰ = ਖ਼ਜ਼ਾਨੇ। ਜਹ ਭੰਡਾਰੀ ਹੂ = ਜਿਨ੍ਹਾਂ (ਹਿਰਦੇ-ਰੂਪ) ਭੰਡਾਰਿਆਂ ਵਿਚੋਂ। ਨਿਕਲਹਿ = ਪਰਗਟ ਹੁੰਦੇ ਹਨ। ਤੇ = ਉਹ (ਹਿਰਦੇ) । ਕੀਅਹਿ = ਕੀਤੇ ਜਾਂਦੇ ਹਨ। ਪਰਵਾਣੁ = ਕਬੂਲ। ਨਦਰਿ = ਮਿਹਰ ਦੀ ਨਿਗਾਹ। ਨੀਸਾਣੁ = ਝੰਡਾ। ਅਰਥ: ਉਹੀ ਮਨੁੱਖ ਅਸਲ ਖ਼ਜ਼ਾਨਿਆਂ ਦੇ ਮਾਲਕ ਹਨ, ਜਿਨ੍ਹਾਂ ਨੂੰ ਪ੍ਰਭੂ ਦੀ ਸਿਫ਼ਤਿ-ਸਾਲਾਹ (ਪ੍ਰਭੂ ਦੇ ਦਰ ਤੋਂ) ਬਖ਼ਸ਼ੀਸ਼ ਵਜੋਂ ਮਿਲੀ ਹੈ; ਜਿਨ੍ਹਾਂ ਨੂੰ ਪ੍ਰਭੂ (ਨਾਮ ਦੇ ਖ਼ਜ਼ਾਨੇ ਦੀ) ਕੁੰਜੀ ਆਪ ਦੇਂਦਾ ਹੈ ਉਹਨਾਂ ਨੂੰ (ਸਿਫ਼ਤਿ-ਸਾਲਾਹ ਦੇ) ਖ਼ਜ਼ਾਨਿਆਂ ਦੇ ਖ਼ਜ਼ਾਨੇ ਮਿਲ ਜਾਂਦੇ ਹਨ। (ਫਿਰ ਇਸ ਸਿਫ਼ਤਿ-ਸਾਲਾਹ ਦੀ ਬਰਕਤਿ ਨਾਲ) ਜਿਨ੍ਹਾਂ (ਹਿਰਦੇ-ਰੂਪ) ਖ਼ਜ਼ਾਨਿਆਂ ਵਿਚੋਂ (ਪ੍ਰਭੂ ਦੇ) ਗੁਣ ਨਿਕਲਦੇ ਹਨ ਉਹ (ਪ੍ਰਭੂ ਦੇ ਦਰ ਤੇ) ਕਬੂਲ ਕੀਤੇ ਜਾਂਦੇ ਹਨ। ਹੇ ਨਾਨਕ! ਜਿਨ੍ਹਾਂ ਦੇ ਪਾਸ ਪ੍ਰਭੂ ਦਾ ਨਾਮ (-ਰੂਪ) ਝੰਡਾ ਹੈ, ਉਹਨਾਂ ਉਤੇ ਮਿਹਰ ਦੀ ਨਿਗਾਹ ਹੁੰਦੀ ਹੈ।2। ਪਉੜੀ ॥ ਨਾਮੁ ਨਿਰੰਜਨੁ ਨਿਰਮਲਾ ਸੁਣਿਐ ਸੁਖੁ ਹੋਈ ॥ ਸੁਣਿ ਸੁਣਿ ਮੰਨਿ ਵਸਾਈਐ ਬੂਝੈ ਜਨੁ ਕੋਈ ॥ ਬਹਦਿਆ ਉਠਦਿਆ ਨ ਵਿਸਰੈ ਸਾਚਾ ਸਚੁ ਸੋਈ ॥ ਭਗਤਾ ਕਉ ਨਾਮ ਅਧਾਰੁ ਹੈ ਨਾਮੇ ਸੁਖੁ ਹੋਈ ॥ ਨਾਨਕ ਮਨਿ ਤਨਿ ਰਵਿ ਰਹਿਆ ਗੁਰਮੁਖਿ ਹਰਿ ਸੋਈ ॥੫॥ {ਪੰਨਾ 1239} ਪਦ ਅਰਥ: ਨਿਰੰਜਨੁ = (ਨਿਰ+ਅੰਜਨ) ਮਾਇਆ-ਰਹਿਤ। ਨਿਰਮਲਾ = ਮਲ-ਰਹਿਤ, ਪਵਿਤ੍ਰ। ਸੁਣਿਐ = ਜੇ ਸੁਣੀਏ। ਮੰਨਿ = ਮਨਿ, ਮਨ ਵਿਚ। ਜਨੁ ਕੋਈ = ਕੋਈ (ਵਿਰਲਾ) ਮਨੁੱਖ। ਅਧਾਰੁ = ਆਸਰਾ। ਨਾਮੇ = ਨਾਮ ਵਿਚ ਹੀ। ਗੁਰਮੁਖਿ ਮਨਿ ਤਨਿ = ਗੁਰਮੁਖਿ ਦੇ ਮਨ ਵਿਚ ਤੇ ਤਨ ਵਿਚ। ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ। ਰਵਿ ਰਹਿਆ = ਵੱਸਿਆ ਰਹਿੰਦਾ ਹੈ। ਅਰਥ: (ਪ੍ਰਭੂ ਦਾ) ਨਾਮ ਮਾਇਆ (ਦੇ ਪ੍ਰਭਾਵ ਤੋਂ) ਰਹਿਤ ਹੈ ਤੇ ਪਵਿਤ੍ਰ ਹੈ, ਜੇ ਇਹ ਨਾਮ ਸੁਣੀਏ (ਭਾਵ, ਜੇ ਇਸ ਨਾਮ ਵਿਚ ਸੁਰਤਿ ਜੋੜੀਏ) ਤੇ ਸੁਰਤਿ ਜੋੜ ਜੋੜ ਕੇ ਮਨ ਵਿਚ ਵਸਾ ਲਈਏ ਤਾਂ ਸੁਖ (ਪ੍ਰਾਪਤ) ਹੁੰਦਾ ਹੈ; (ਪਰ) ਕੋਈ ਵਿਰਲਾ ਮਨੁੱਖ (ਇਸ ਗੱਲ ਨੂੰ) ਸਮਝਦਾ ਹੈ; (ਜੋ ਗੁਰਮੁਖ ਇਹ ਗੱਲ ਸਮਝ ਲੈਂਦਾ ਹੈ ਉਸ ਨੂੰ) ਉਹ ਸਦਾ ਕਾਇਮ ਰਹਿਣ ਵਾਲਾ ਸੱਚਾ ਪ੍ਰਭੂ ਬੈਠਦਿਆਂ ਉੱਠਦਿਆਂ ਕਦੇ ਭੀ ਭੁੱਲਦਾ ਨਹੀਂ ਹੈ; (ਗੁਰਮੁਖ) ਭਗਤਾਂ ਨੂੰ (ਆਤਮਕ ਜੀਵਨ ਲਈ) ਨਾਮ ਦਾ ਆਸਰਾ ਹੋ ਜਾਂਦਾ ਹੈ, ਨਾਮ ਵਿਚ ਜੁੜਿਆਂ ਹੀ ਉਹਨਾਂ ਨੂੰ ਸੁਖ (ਪ੍ਰਤੀਤ) ਹੁੰਦਾ ਹੈ। ਹੇ ਨਾਨਕ! ਗੁਰਮੁਖ ਦੇ ਮਨ ਵਿਚ ਤੇ ਤਨ ਵਿਚ ਉਹ ਪ੍ਰਭੂ ਸਦਾ ਵੱਸਿਆ ਰਹਿੰਦਾ ਹੈ।5। ਸਲੋਕ ਮਹਲਾ ੧ ॥ ਨਾਨਕ ਤੁਲੀਅਹਿ ਤੋਲ ਜੇ ਜੀਉ ਪਿਛੈ ਪਾਈਐ ॥ ਇਕਸੁ ਨ ਪੁਜਹਿ ਬੋਲ ਜੇ ਪੂਰੇ ਪੂਰਾ ਕਰਿ ਮਿਲੈ ॥ ਵਡਾ ਆਖਣੁ ਭਾਰਾ ਤੋਲੁ ॥ ਹੋਰ ਹਉਲੀ ਮਤੀ ਹਉਲੇ ਬੋਲ ॥ ਧਰਤੀ ਪਾਣੀ ਪਰਬਤ ਭਾਰੁ ॥ ਕਿਉ ਕੰਡੈ ਤੋਲੈ ਸੁਨਿਆਰੁ ॥ ਤੋਲਾ ਮਾਸਾ ਰਤਕ ਪਾਇ ॥ ਨਾਨਕ ਪੁਛਿਆ ਦੇਇ ਪੁਜਾਇ ॥ ਮੂਰਖ ਅੰਧਿਆ ਅੰਧੀ ਧਾਤੁ ॥ ਕਹਿ ਕਹਿ ਕਹਣੁ ਕਹਾਇਨਿ ਆਪੁ ॥੧॥ {ਪੰਨਾ 1239} ਪਦ ਅਰਥ: ਨਾਨਕ = ਹੇ ਨਾਨਕ! ਤੁਲੀਅਹਿ = ਤੋਲੇ ਜਾਂਦੇ ਹਨ, ਤੁਲਦੇ ਹਨ। ਤੋਲ ਤੁਲੀਅਹਿ = ਤੋਲ ਤੋਲੇ ਜਾਂਦੇ ਹਨ, ਤੋਲ ਪੂਰੇ ਉਤਰਦੇ ਹਨ। ਜੀਉ = ਜਿੰਦ, ਆਪਾ। ਪਿਛੈ = ਪਿਛਲੇ ਛਾਬੇ ਵਿਚ, ਤੱਕੜੀ ਦੇ ਦੂਜੇ ਛਾਬੇ ਵਿਚ। ਬੋਲ = ਬਚਨ, ਪ੍ਰਭੂ ਦੀ ਸਿਫ਼ਤਿ-ਸਾਲਾਹ ਦਾ ਬਚਨ। ਇਕਸੁ ਬੋਲ ਨ ਪੁਜਹਿ = ਸਿਫ਼ਤਿ-ਸਾਲਾਹ ਦੇ ਇਕ ਬਚਨ ਨਾਲ ਸਾਵੇਂ ਨਹੀਂ ਹੋ ਸਕਦੇ। ਪੂਰੇ = ਪੂਰਨ ਪ੍ਰਭੂ ਨੂੰ। ਪੂਰਾ ਕਰਿ = ਤੋਲ ਸਾਵਾਂ ਕਰ ਕੇ। ਵਡਾ ਆਖਣੁ = ਪ੍ਰਭੂ ਨੂੰ ਵੱਡਾ ਆਖਣਾ, ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਨੀ। ਭਾਰਾ ਤੋਲੁ = ਵਜ਼ਨਦਾਰ ਸ਼ੈ। ਕੰਡੈ = ਕੰਡੇ ਉਤੇ। ਪਾਇ = ਪਾ ਕੇ, ਰੱਖ ਕੇ। ਦੇਇ ਪੁਜਾਇ = ਪੂਰਾ ਕਰ ਵਿਖਾਂਦਾ ਹੈ, ਘਰ ਪੂਰਾ ਕਰ ਦੇਂਦਾ ਹੈ। ਧਾਤੁ = ਦੌੜ-ਭੱਜ। ਅੰਧੀ ਧਾਤੁ = ਅੰਨ੍ਹਿਆਂ ਵਾਲੀ ਦੌੜ-ਭੱਜ। ਕਹਾਇਨਿ = ਅਖਵਾਉਂਦੇ ਹਨ। ਆਪੁ = ਆਪਣੇ ਆਪ ਨੂੰ। ਕਹਿ ਕਹਿ ਕਹਣੁ = ਆਖ ਆਖ ਕੇ ਆਖਣਾ, ਮੁੜ ਮੁੜ ਆਖਣਾ। ਅਰਥ: ਹੇ ਨਾਨਕ! ਜੇ ਤੱਕੜੀ ਦੇ ਦੂਜੇ ਛਾਬੇ ਵਿਚ ਜਿੰਦ ਰੱਖ ਦੇਈਏ ਤਾਂ ਤੋਲ ਸਾਵੇਂ ਉਤਰਦੇ ਹਨ (ਭਾਵ, ਮਨੁੱਖਾ ਜੀਵਨ ਦੀ ਪ੍ਰਵਾਨਗੀ ਦਾ ਇੱਕੋ ਹੀ ਮਾਪ ਹੈ ਕਿ ਆਪਾ-ਭਾਵ ਵਾਰਿਆ ਜਾਏ) ; ਜੇ ਮਨੁੱਖ (ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਰਾਹੀਂ ਮਨੁੱਖਾ ਜੀਵਨ ਦੀ ਪ੍ਰਵਾਨਗੀ ਵਾਲੇ ਤੋਲ ਨਾਲ ਆਪਣੇ ਆਪ ਨੂੰ) ਸਾਵਾਂ ਕਰ ਕੇ (ਪ੍ਰਭੂ ਨੂੰ) ਮਿਲ ਪਏ ਤਾਂ ਸਿਫ਼ਤਿ-ਸਾਲਾਹ ਦੇ ਸ਼ਬਦ ਨਾਲ (ਹੋਰ ਕੋਈ ਉੱਦਮ) ਸਾਵੇਂ ਨਹੀਂ ਹੋ ਸਕਦੇ। ਪ੍ਰਭੂ ਦੀ ਸਿਫ਼ਤਿ-ਸਾਲਾਹ ਵਜ਼ਨਦਾਰ ਸ਼ੈ ਹੈ (ਜਿਸ ਨਾਲ ਜਿੰਦ ਵਾਲਾ ਛਾਬਾ ਪ੍ਰਵਾਨਗੀ ਵਾਲੇ ਤੋਲ ਨਾਲ ਸਾਵਾਂ ਹੋ ਜਾਂਦਾ ਹੈ) , (ਸਿਫ਼ਤਿ-ਸਾਲਾਹ ਤੋਂ ਬਿਨਾ) ਹੋਰ ਮੱਤਾਂ ਹੌਲੀਆਂ ਤੇ ਹੋਰ ਬਚਨ ਭੀ ਹੌਲੇ ਹਨ (ਇਹਨਾਂ ਦੀ ਮਦਦ ਨਾਲ ਜਿੰਦ ਵਾਲਾ ਛਾਬਾ ਪੂਰਾ ਨਹੀਂ ਉਤਰ ਸਕਦਾ) (ਭਲਾ ਕੋਈ) ਸੁਨਿਆਰਾ ਤੋਲੇ ਮਾਸੇ ਰੱਤਕਾਂ ਪਾ ਕੇ ਧਰਤੀ ਪਾਣੀ ਤੇ ਪਰਬਤਾਂ ਦੇ ਭਾਰ ਨੂੰ (ਛੋਟੇ ਜਿਹੇ) ਤਰਾਜ਼ੂ ਵਿਚ ਕਿਵੇਂ ਤੋਲ ਸਕਦਾ ਹੈ? (ਇਹੀ ਹਾਲ ਹੋਰ ਮੱਤਾਂ ਤੇ ਗੱਲਾਂ ਦਾ ਸਮਝੋ, ਜੋ, ਮਾਨੋ, ਤੋਲੇ ਮਾਸੇ ਤੇ ਰੱਤਕਾਂ ਹੀ ਹਨ) ; (ਪਰ) ਹੇ ਨਾਨਕ! ਜੇ (ਸੁਨਿਆਰੇ ਨੂੰ) ਪੁੱਛੀਏ ਤਾਂ (ਗੱਲਾਂ ਨਾਲ) ਘਰ ਪੂਰਾ ਕਰ ਦੇਂਦਾ ਹੈ। (ਅੰਨ੍ਹੇ ਮੂਰਖ ਲੋਕ ਪ੍ਰਭੂ ਦੀ ਸਿਫ਼ਤਿ-ਸਾਲਾਹ ਛੱਡ ਕੇ) ਆਪਣੇ ਆਪ ਨੂੰ ਵੱਡਾ ਅਖਵਾਉਂਦੇ ਹਨ, ਤੇ ਮੁੜ ਮੁੜ (ਆਪਣੇ ਆਪ ਨੂੰ ਚੰਗਾ) ਆਖਣਾ ਮੂਰਖ ਅੰਨ੍ਹਿਆਂ ਦੀ ਅੰਨ੍ਹਿਆਂ ਵਾਲੀ ਦੌੜ-ਭੱਜ ਹੈ (ਭਾਵ, ਠੇਡੇ ਖਾ ਕੇ ਸੱਟਾਂ ਹੀ ਲਵਾਉਂਦੇ ਹਨ) ।1। ਮਹਲਾ ੧ ॥ ਆਖਣਿ ਅਉਖਾ ਸੁਨਣਿ ਅਉਖਾ ਆਖਿ ਨ ਜਾਪੀ ਆਖਿ ॥ ਇਕਿ ਆਖਿ ਆਖਹਿ ਸਬਦੁ ਭਾਖਹਿ ਅਰਧ ਉਰਧ ਦਿਨੁ ਰਾਤਿ ॥ ਜੇ ਕਿਹੁ ਹੋਇ ਤ ਕਿਹੁ ਦਿਸੈ ਜਾਪੈ ਰੂਪੁ ਨ ਜਾਤਿ ॥ ਸਭਿ ਕਾਰਣ ਕਰਤਾ ਕਰੇ ਘਟ ਅਉਘਟ ਘਟ ਥਾਪਿ ॥ ਆਖਣਿ ਅਉਖਾ ਨਾਨਕਾ ਆਖਿ ਨ ਜਾਪੈ ਆਖਿ ॥੨॥ {ਪੰਨਾ 1239} ਪਦ ਅਰਥ: ਆਖਣਿ ਅਉਖਾ ਸੁਨਣਿ ਅਉਖਾ = ਆਖਣਿ ਸੁਨਣਿ ਅਉਖਾ, (ਪ੍ਰਭੂ ਦਾ ਸਰੂਪ) ਕਿਸੇ ਤਰ੍ਹਾਂ ਭੀ ਬਿਆਨ ਕਰਨਾ ਮੁਸ਼ਕਿਲ ਹੈ। ਆਖਿ ਨ ਜਾਪੀ ਆਖਿ = ਆਖਿ ਆਖਿ ਨ ਜਾਪੀ। ਨ ਜਾਪੀ = ਜਾਪਦਾ ਨਹੀਂ, ਅਨੁਭਵ ਨਹੀਂ ਹੁੰਦਾ, ਸਮਝ ਵਿਚ ਨਹੀਂ ਆਉਂਦਾ। ਆਖਿ ਆਖਿ = ਮੁੜ ਮੁੜ ਬਿਆਨ ਕਰ ਕੇ ਭੀ। ਇਕਿ = ਕਈ ਜੀਵ। ਆਖਿ ਆਖਹਿ = ਆਖ ਕੇ ਆਖਦੇ ਹਨ, ਮੁੜ ਮੁੜ ਬਿਆਨ ਕਰਦੇ ਹਨ। ਭਾਖਹਿ = ਉਚਾਰਦੇ ਹਨ। ਅਰਧ = ਹੇਠਾਂ। ਉਰਧ = ਉਤਾਂਹ। ਅਰਧ ਉਰਧ = ਹੇਠਾਂ ਉਤਾਂਹ ਹੋ ਕੇ, ਬੜੀ ਮਿਹਨਤ ਨਾਲ। ਕਿਹੁ = ਕੁਝ, ਕੋਈ (ਪੰਜੀ-ਤੱਤੀ) ਸਰੂਪ। ਨ ਜਾਪੈ = ਨਹੀਂ ਦਿੱਸਦਾ। ਸਭਿ = ਸਾਰੇ। ਅਉਘਟ = ਔਖੇ। ਘਟ = ਥਾਂ। ਥਾਪਿ = ਥਾਪ ਕੇ, ਬਣਾ ਕੇ। (ਨੋਟ: ਪਹਿਲੀ ਤੇ ਪੰਜਵੀਂ ਤੁਕ ਦਾ ਹੂ-ਬ-ਹੂ ਇੱਕੋ ਹੀ ਭਾਵ ਹੈ; 'ਆਖਿ ਨ ਜਾਪੀ ਆਖਿ'='ਆਖਿ ਨ ਜਾਪੈ ਆਖਿ', 'ਜਾਪੀ'='ਜਾਪੈ; 'ਆਖਣਿ ਅਉਖਾ ਸੁਨਣਿ ਅਉਖਾ'='ਆਖਣਿ ਅਉਖਾ') । ਅਰਥ: (ਪਰਮਾਤਮਾ ਦਾ ਸਰੂਪ) ਕਿਸੇ ਤਰ੍ਹਾਂ ਭੀ ਬਿਆਨ ਕਰਨਾ ਔਖਾ ਹੈ, ਮੁੜ ਮੁੜ ਬਿਆਨ ਕਰਨ ਨਾਲ ਭੀ ਸਮਝ ਵਿਚ ਨਹੀਂ ਆਉਂਦਾ। ਕਈ ਲੋਕ ਬੜੀ ਮਿਹਨਤ ਨਾਲ ਦਿਨ ਰਾਤ (ਲੱਗ ਕੇ) (ਪ੍ਰਭੂ ਦਾ ਸਰੂਪ) ਮੁੜ ਮੁੜ ਬਿਆਨ ਕਰਦੇ ਹਨ (ਤੇ ਸਰੂਪ ਦੱਸਣ ਵਾਲਾ) ਲਫ਼ਜ਼ ਬੋਲਦੇ ਹਨ; ਪਰ ਜੇ ਕੋਈ (ਪੰਜ-ਤੱਤੀ) ਸਰੂਪ ਹੋਵੇ, ਤਾਂ ਦਿੱਸੇ ਭੀ, ਉਸ ਦਾ ਤਾਂ ਨਾਹ ਕੋਈ ਰੂਪ ਜਾਪਦਾ ਹੈ ਨਾਹ ਕੋਈ ਜਾਤਿ ਦਿੱਸਦੀ ਹੈ। ਹੇ ਨਾਨਕ! ਔਖੇ ਸੌਖੇ ਥਾਂ (ਹਰੇਕ ਕਿਸਮ ਦੇ ਭਾਂਡੇ) ਆਪ ਰਚ ਕੇ ਪ੍ਰਭੂ ਆਪ ਹੀ (ਜਗਤ ਦੇ) ਸਾਰੇ ਸਬੱਬ ਬਣਾਉਂਦਾ ਹੈ; ਉਸ ਦਾ ਸਰੂਪ ਬਿਆਨ ਕਰਨਾ ਔਖਾ ਹੈ, ਮੁੜ ਮੁੜ ਬਿਆਨ ਕਰਨ ਨਾਲ ਭੀ ਸਮਝ ਵਿਚ ਨਹੀਂ ਆਉਂਦਾ।2। |
Sri Guru Granth Darpan, by Professor Sahib Singh |