ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 1240

ਪਉੜੀ ॥ ਨਾਇ ਸੁਣਿਐ ਮਨੁ ਰਹਸੀਐ ਨਾਮੇ ਸਾਂਤਿ ਆਈ ॥ ਨਾਇ ਸੁਣਿਐ ਮਨੁ ਤ੍ਰਿਪਤੀਐ ਸਭ ਦੁਖ ਗਵਾਈ ॥ ਨਾਇ ਸੁਣਿਐ ਨਾਉ ਊਪਜੈ ਨਾਮੇ ਵਡਿਆਈ ॥ ਨਾਮੇ ਹੀ ਸਭ ਜਾਤਿ ਪਤਿ ਨਾਮੇ ਗਤਿ ਪਾਈ ॥ ਗੁਰਮੁਖਿ ਨਾਮੁ ਧਿਆਈਐ ਨਾਨਕ ਲਿਵ ਲਾਈ ॥੬॥ {ਪੰਨਾ 1240}

ਪਦ ਅਰਥ: ਨਾਇ = (ਅਧਿਕਰਣ ਕਾਰਕ, ਇਕ-ਵਚਨ) । ਨਾਇ ਸੁਣਿਐ = (ਪੂਰਬ ਪੂਰਨ ਕਾਰਦੰਤਕ Locative Absolute) ਜੇ ਨਾਮ ਸੁਣੀਏ, ਜੇ ਨਾਮ ਵਿਚ ਸੁਰਤਿ ਜੋੜੀਏ। ਰਹਸੀਐ = ਖਿੜ ਜਾਂਦਾ ਹੈ। ਨਾਮੇ = ਨਾਮ ਵਿਚ ਹੀ। (ਨੋਟ: ਲਫ਼ਜ਼ 'ਨਾਇ' ਅਤੇ 'ਨਾਉ' ਦਾ ਫ਼ਰਕ ਚੇਤੇ ਰੱਖਣ-ਜੋਗ ਹੈ; ਲਫ਼ਜ਼ 'ਨਾਉ' ਤੋਂ ਲਫ਼ਜ਼ 'ਨਾਇ' ਅਧਿਕਰਣ ਕਾਰਕ ਇਕ-ਵਚਨ ਹੈ) । ਗਤਿ = ਉੱਚੀ ਆਤਮਕ ਅਵਸਥਾ।

ਅਰਥ: ਹੇ (ਪ੍ਰਭੂ ਦੇ) ਨਾਮ ਵਿਚ ਸੁਰਤਿ ਜੋੜੀ ਰੱਖੀਏ ਤਾਂ ਮਨ ਖਿੜ ਜਾਂਦਾ ਹੈ, ਨਾਮ ਵਿਚ (ਜੁੜਿਆਂ ਅੰਦਰ) ਸ਼ਾਂਤੀ ਪੈਦਾ ਹੁੰਦੀ ਹੈ। ਜੇ ਨਾਮ ਵਿਚ ਧਿਆਨ ਲੱਗ ਜਾਏ ਤਾਂ ਮਨ (ਮਾਇਆ ਵਲੋਂ) ਰੱਜ ਜਾਂਦਾ ਹੈ ਤੇ ਸਾਰੇ ਦੁੱਖ ਦੂਰ ਹੋ ਜਾਂਦੇ ਹਨ; ਜੇ ਪ੍ਰਭੂ ਦਾ ਨਾਮ ਸੁਣਦੇ ਰਹੀਏ ਤਾਂ (ਮਨ ਵਿਚ) ਨਾਮ (ਜਪਣ ਦਾ ਚਾਉ) ਪੈਦਾ ਹੋ ਜਾਂਦਾ ਹੈ, ਨਾਮ (ਸਿਮਰਨ) ਵਿਚ ਹੀ ਵਡਿਆਈ (ਪ੍ਰਤੀਤ ਹੁੰਦੀ) ਹੈ।

ਗੁਰਮੁਖ ਮਨੁੱਖ ਨਾਮ (ਸਿਮਰਨ) ਵਿਚ ਹੀ ਉੱਚੀ ਕੁਲ ਵਾਲੀ ਇੱਜ਼ਤ ਸਮਝਦਾ ਹੈ, ਨਾਮ ਸਿਮਰਿਆਂ ਹੀ ਉੱਚੀ ਆਤਮਕ ਅਵਸਥਾ ਹਾਸਲ ਕਰਦਾ ਹੈ; ਹੇ ਨਾਨਕ! ਗੁਰਮੁਖ (ਸਦਾ) ਨਾਮ ਸਿਮਰਦਾ ਹੈ ਤੇ (ਨਾਮ ਵਿਚ ਹੀ) ਲਿਵ ਲਾਈ ਰੱਖਦਾ ਹੈ।6।

ਸਲੋਕ ਮਹਲਾ ੧ ॥ ਜੂਠਿ ਨ ਰਾਗੀ ਜੂਠਿ ਨ ਵੇਦੀ ॥ ਜੂਠਿ ਨ ਚੰਦ ਸੂਰਜ ਕੀ ਭੇਦੀ ॥ ਜੂਠਿ ਨ ਅੰਨੀ ਜੂਠਿ ਨ ਨਾਈ ॥ ਜੂਠਿ ਨ ਮੀਹੁ ਵਰ੍ਹਿਐ ਸਭ ਥਾਈ ॥ ਜੂਠਿ ਨ ਧਰਤੀ ਜੂਠਿ ਨ ਪਾਣੀ ॥ ਜੂਠਿ ਨ ਪਉਣੈ ਮਾਹਿ ਸਮਾਣੀ ॥ ਨਾਨਕ ਨਿਗੁਰਿਆ ਗੁਣੁ ਨਾਹੀ ਕੋਇ ॥ ਮੁਹਿ ਫੇਰਿਐ ਮੁਹੁ ਜੂਠਾ ਹੋਇ ॥੧॥ {ਪੰਨਾ 1240}

ਪਦ ਅਰਥ: ਰਾਗੀ = ਰਾਗ (ਗਾਵਣ) ਦੀ ਰਾਹੀਂ। ਵੇਦੀ = ਵੇਦ (ਆਦਿਕ ਧਰਮ-ਪੁਸਤਕਾਂ ਪੜ੍ਹਨ) ਦੀ ਰਾਹੀਂ। ਭੇਦੀ = ਭੇਦਾਂ ਦੀ ਰਾਹੀਂ। ਕੀ ਭੇਦੀ = ਕੀ ਭੇਦੀਂ, ਦੇ ਭੇਦਾਂ ਦੀ ਰਾਹੀਂ। ਚੰਦ ਸੂਰਜ ਕੀ ਭੇਦੀ = ਚੰਦ੍ਰਮਾ ਅਤੇ ਸੂਰਜ ਦੇ ਵਖ-ਵਖ ਮੰਨੇ ਹੋਏ ਪਵਿੱਤਰ ਦਿਹਾੜਿਆਂ (ਸਮੇ ਵਖ ਵਖ ਕਿਸਮ ਦੀ ਪੂਜਾ) ਦੀ ਰਾਹੀਂ। ਅੰਨੀ = ਅੰਨ (ਛੱਡ ਦੇਣ) ਨਾਲ, ਵਰਤ ਰੱਖਣ ਨਾਲ। ਨਾਈ = (ਤੀਰਥਾਂ ਉਤੇ) ਨ੍ਹਾਵਣ ਨਾਲ। ਵਰ੍ਹਿਐ = ਵਰ੍ਹਨ ਨਾਲ। ਧਰਤੀ = ਧਰਤੀ (ਦਾ ਰਟਨ ਕਰਨ) ਨਾਲ ਜਾਂ ਗੁਫ਼ਾ ਆਦਿਕ ਬਣਾਣ ਨਾਲ। ਪਾਣੀ = ਪਾਣੀ (ਵਿਚ ਖਲੋ ਕੇ ਤਪ ਕਰਨ) ਨਾਲ। ਪਉਣ = ਹਵਾ, ਸੁਆਸ। ਪਉਣੈ ਮਾਹਿ ਸਮਾਣੀ = ਸੁਆਸਾਂ ਵਿਚ ਲੀਨ ਹੋਣ ਨਾਲ, ਪ੍ਰਾਣਾਯਾਮ ਕੀਤਿਆਂ, ਸੁਆਸਾਂ ਨੂੰ ਰੋਕਣ ਦੇ ਅੱਭਿਆਸ ਨਾਲ। ਨਿਗੁਰਿਆ = ਉਹਨਾਂ ਮਨੁੱਖਾਂ ਵਿਚ ਜੋ ਗੁਰੂ ਦੇ ਦੱਸੇ ਰਸਤੇ ਉਤੇ ਨਹੀਂ ਤੁਰਦੇ। ਮੁਹਿ ਫੇਰਿਐ = ਜੇ (ਗੁਰੂ ਵਲੋਂ) ਮੂੰਹ ਫੇਰੀ ਰੱਖੀਏ। ਜੂਠਾ = (ਨਿੰਦਾ ਆਦਿਕ ਨਾਲ) ਅਪਵਿੱਤਰ।1।

ਅਰਥ: ਹੇ ਨਾਨਕ! ਜਿਹੜੇ ਮਨੁੱਖ ਗੁਰੂ ਦੇ ਦੱਸੇ ਰਾਹ ਉਤੇ ਨਹੀਂ ਤੁਰਦੇ, (ਉਹਨਾਂ ਦੇ ਅੰਦਰ ਆਤਮਕ ਜੀਵਨ ਉੱਚਾ ਕਰਨ ਵਾਲਾ) ਕੋਈ ਗੁਣ ਨਹੀਂ (ਵਧਦਾ-ਫੁਲਦਾ) । ਜੇ ਗੁਰੂ ਵਲੋਂ ਮੂੰਹ ਮੋੜੀ ਰੱਖੀਏ, ਤਾਂ ਮੂੰਹ (ਨਿੰਦਾ ਆਦਿਕ ਕਰਨ ਦੀ ਗੰਦੀ ਵਾਦੀ ਦੀ ਮੈਲ ਨਾਲ) ਅਪਵਿੱਤਰ ਹੋਇਆ ਰਹਿੰਦਾ ਹੈ।

(ਹੇ ਭਾਈ! ਰਾਗਾਂ ਦਾ ਗਾਇਨ ਮਨੁੱਖ ਦੇ ਅੰਦਰ ਕਈ ਹੁਲਾਰੇ ਪੈਦਾ ਕਰਦਾ ਹੈ, ਪਰ ਮਨੁੱਖ ਦੇ ਅੰਦਰ ਟਿੱਕੀ ਹੋਈ ਨਿੰਦਾ ਕਰਨ ਦੀ ਵਾਦੀ ਦੀ) ਇਹ ਮੈਲ ਰਾਗਾਂ (ਦੇ ਗਾਇਨ) ਨਾਲ ਭੀ ਦੂਰ ਨਹੀਂ ਹੁੰਦੀ, ਵੇਦ (ਆਦਿਕ ਧਰਮ-ਪੁਸਤਕਾਂ ਦੇ ਪਾਠ) ਨਾਲ ਭੀ ਨਹੀਂ (ਧੁਪਦੀ) । ਮੱਸਿਆ, ਸੰਗ੍ਰਾਂਦ, ਪੂਰਨਮਾਸ਼ੀ ਆਦਿਕ) ਚੰਦ੍ਰਮਾ ਅਤੇ ਸੂਰਜ ਦੇ ਵਖ-ਵਖ ਮੰਨੇ ਹੋਏ ਪਵਿੱਤਰ ਦਿਹਾੜਿਆਂ (ਸਮੇਂ ਵਖ-ਵਖ ਕਿਸਮ ਦੀ ਕੀਤੀ ਪੂਜਾ) ਦੀ ਰਾਹੀਂੰ (ਮਨੁੱਖ ਦੇ ਅੰਦਰ ਟਿਕੀ ਨਿੰਦਾ ਆਦਿਕ ਦੀ) ਇਹ ਮੈਲ ਸਾਫ਼ ਨਹੀਂ ਹੁੰਦੀ। ਹੇ ਭਾਈ! ਅੰਨ (ਦਾ ਤਿਆਗ ਕਰਨ) ਨਾਲ (ਤੀਰਥਾਂ ਦੇ) ਇਸ਼ਨਾਨ ਕਰਨ ਨਾਲ ਭੀ ਇਹ ਮੈਲ ਨਹੀਂ ਜਾਂਦੀ। (ਇੰਦਰ ਦੇਵਤੇ ਦੀ ਪੂਜਾ ਨਾਲ ਭੀ) ਇਹ ਅੰਦਰਲੀ ਮੈਲ ਦੂਰ ਨਹੀਂ ਹੁੰਦੀ ਭਾਵੇਂ (ਇਹ ਮੰਨਿਆ ਜਾ ਰਿਹਾ ਹੈ ਕਿ ਉਸ ਦੇਵਤੇ ਦੀ ਰਾਹੀਂ) ਸਭ ਥਾਈਂ ਮੀਂਹ ਪੈਂਦਾ ਹੈ (ਤੇ ਧਰਤੀ ਅਤੇ ਬਨਸਪਤੀ ਆਦਿਕ ਦੀ ਬਾਹਰਲੀ ਮੈਲ ਧੁਪ ਜਾਂਦੀ ਹੈ) ।

(ਹੇ ਭਾਈ! ਰਮਤੇ ਸਾਧੂ ਬਣ ਕੇ) ਧਰਤੀ ਦਾ ਰਟਨ ਕੀਤਿਆਂ, ਧਰਤੀ ਵਿਚ ਗੁਫ਼ਾ ਬਣਾ ਕੇ ਬੈਠਿਆਂ ਜਾਂ ਪਾਣੀ (ਵਿਚ ਖਲੋ ਕੇ ਤਪਾਂ ਦੀ) ਰਾਹੀਂ ਭੀ ਇਹ ਮੈਲ ਨਹੀਂ ਧੁਪਦੀ, ਅਤੇ, ਹੇ ਭਾਈ! ਪ੍ਰਾਣਾਯਾਮ ਕੀਤਿਆਂ (ਸਮਾਧੀਆਂ ਲਾਇਆਂ) ਭੀ (ਮਨੁੱਖ ਦੇ ਅੰਦਰ ਟਿਕੀ ਹੋਈ ਨਿੰਦਾ ਆਦਿਕ ਕਰਨ ਦੀ) ਇਹ ਮੈਲ ਦੂਰ ਨਹੀਂ ਹੁੰਦੀ।1।

ਮਹਲਾ ੧ ॥ ਨਾਨਕ ਚੁਲੀਆ ਸੁਚੀਆ ਜੇ ਭਰਿ ਜਾਣੈ ਕੋਇ ॥ ਸੁਰਤੇ ਚੁਲੀ ਗਿਆਨ ਕੀ ਜੋਗੀ ਕਾ ਜਤੁ ਹੋਇ ॥ ਬ੍ਰਹਮਣ ਚੁਲੀ ਸੰਤੋਖ ਕੀ ਗਿਰਹੀ ਕਾ ਸਤੁ ਦਾਨੁ ॥ ਰਾਜੇ ਚੁਲੀ ਨਿਆਵ ਕੀ ਪੜਿਆ ਸਚੁ ਧਿਆਨੁ ॥ ਪਾਣੀ ਚਿਤੁ ਨ ਧੋਪਈ ਮੁਖਿ ਪੀਤੈ ਤਿਖ ਜਾਇ ॥ ਪਾਣੀ ਪਿਤਾ ਜਗਤ ਕਾ ਫਿਰਿ ਪਾਣੀ ਸਭੁ ਖਾਇ ॥੨॥ {ਪੰਨਾ 1240}

ਪਦ ਅਰਥ: ਜੇ ਕੋਇ = ਜੇ ਕੋਈ ਮਨੁੱਖ। ਭਰਿ ਜਾਣੈ = ਚੁਲੀ ਭਰਨੀ ਜਾਣਦਾ ਹੋਵੇ, ਚੁਲੀ ਭਰਨ ਦੀ ਸਮਝ ਹੋਵੇ। ਸੁਰਤਾ = ਵਿਦਵਾਨ ਮਨੁੱਖ। ਗਿਆਨ = ਵਿਚਾਰ। ਜਤੁ = ਮਨ ਨੂੰ ਕਾਮ-ਵਾਸਨਾ ਵਲੋਂ ਰੋਕਣਾ। ਗਿਰਹੀ = ਗ੍ਰਿਹਸਤੀ। ਸਤੁ = ਉੱਚਾ ਆਚਰਨ। ਦਾਨੁ = ਸੇਵਾ। ਨਿਆਵ = ਇਨਸਾਫ਼। ਪਾਣੀ = ਪਾਣੀ ਨਾਲ। ਧੋਪਈ = ਧੁਪਦਾ। ਮੁਖਿ = ਮੂੰਹ ਨਾਲ। ਤਿਖ = ਤ੍ਰਿਹ, ਪਿਆਸ। ਜਗਤ ਕਾ ਪਿਤਾ = ਸਾਰੀ ਰਚਨਾ ਦਾ ਮੂਲ-ਕਾਰਨ। ਸਭੁ = ਸਾਰੇ ਜਗਤ ਨੂੰ। ਖਾਇ = ਨਾਸ ਕਰਦਾ ਹੈ; ਪਰਲੌ ਦਾ ਕਾਰਨ ਬਣਦਾ ਹੈ।

ਅਰਥ: ਹੇ ਨਾਨਕ! (ਨਿਰਾ ਪਾਣੀ ਨਾਲ ਚੁਲੀਆਂ ਕੀਤਿਆਂ ਆਤਮਕ ਜੀਵਨ ਵਿਚ ਸੁੱਚ ਨਹੀਂ ਆ ਸਕਦੀ, ਪਰ) ਜੇ ਕੋਈ ਮਨੁੱਖ (ਸੱਚੀ ਚੁਲੀ) ਭਰਨੀ ਜਾਣ ਲਏ ਤਾਂ ਸੁੱਚੀਆਂ ਚੁਲੀਆਂ ਇਹ ਹਨ– ਵਿਦਵਾਨ ਵਾਸਤੇ ਚੁਲੀ ਵਿਚਾਰ ਦੀ ਹੈ (ਭਾਵ, ਵਿਦਵਾਨ ਦੀ ਵਿੱਦਵਤਾ ਪਵਿਤ੍ਰ ਹੈ ਜੇ ਉਸ ਦੇ ਅੰਦਰ ਵਿਚਾਰ ਭੀ ਹੈ) ਜੋਗੀ ਦਾ ਕਾਮ-ਵਾਸ਼ਨਾ ਤੋਂ ਬਚੇ ਰਹਿਣਾ ਜੋਗੀ ਲਈ ਪਵਿਤ੍ਰ ਚੁਲੀ ਹੈ, ਬ੍ਰਾਹਮਣ ਲਈ ਚੁਲੀ ਸੰਤੋਖ ਹੈ ਤੇ ਗ੍ਰਿਹਸਤੀ ਲਈ ਚੁਲੀ ਹੈ ਉੱਚਾ ਆਚਰਨ ਅਤੇ ਸੇਵਾ। ਰਾਜੇ ਵਾਸਤੇ ਇਨਸਾਫ਼ ਚੁਲੀ ਹੈ।

ਪਾਣੀ ਨਾਲ (ਚੁਲੀ ਕੀਤਿਆਂ) ਮਨ ਨਹੀਂ ਧੁਪ ਸਕਦਾ, (ਹਾਂ) ਮੂੰਹ ਨਾਲ ਪਾਣੀ ਪੀਤਿਆਂ ਤ੍ਰਿਹ ਮਿਟ ਜਾਂਦੀ ਹੈ; (ਪਰ ਪਾਣੀ ਦੀ ਚੁਲੀ ਨਾਲ ਪਵਿਤ੍ਰਤਾ ਆਉਣ ਦੇ ਥਾਂ ਤਾਂ ਸਗੋਂ ਸੂਤਕ ਦਾ ਭਰਮ ਪੈਦਾ ਹੋਣਾ ਚਾਹੀਦਾ ਹੈ ਕਿਉਂਕਿ) ਪਾਣੀ ਤੋਂ ਸਾਰਾ ਸੰਸਾਰ ਪੈਦਾ ਹੁੰਦਾ ਹੈ ਤੇ ਪਾਣੀ ਹੀ ਸਾਰੇ ਜਗਤ ਨੂੰ ਨਾਸ ਕਰਦਾ ਹੈ।2।

ਪਉੜੀ ॥ ਨਾਇ ਸੁਣਿਐ ਸਭ ਸਿਧਿ ਹੈ ਰਿਧਿ ਪਿਛੈ ਆਵੈ ॥ ਨਾਇ ਸੁਣਿਐ ਨਉ ਨਿਧਿ ਮਿਲੈ ਮਨ ਚਿੰਦਿਆ ਪਾਵੈ ॥ ਨਾਇ ਸੁਣਿਐ ਸੰਤੋਖੁ ਹੋਇ ਕਵਲਾ ਚਰਨ ਧਿਆਵੈ ॥ ਨਾਇ ਸੁਣਿਐ ਸਹਜੁ ਊਪਜੈ ਸਹਜੇ ਸੁਖੁ ਪਾਵੈ ॥ ਗੁਰਮਤੀ ਨਾਉ ਪਾਈਐ ਨਾਨਕ ਗੁਣ ਗਾਵੈ ॥੭॥ {ਪੰਨਾ 1240}

ਪਦ ਅਰਥ: ਸਿਧਿ ਰਿਧਿ = ਕਰਾਮਾਤੀ ਤਾਕਤਾਂ। ਨਉ ਨਿਧਿ = ਨੌ ਖ਼ਜ਼ਾਨੇ (ਭਾਵ, ਜਗਤ ਦੇ ਸਾਰੇ ਪਦਾਰਥ) । ਮਨ ਚਿੰਦਿਆ = ਮਨ ਦਾ ਚਿਤਵਿਆ ਹੋਇਆ। ਕਵਲਾ = ਮਾਇਆ। ਸਹਜੁ = ਅਡੋਲ ਅਵਸਥਾ, ਆਤਮਕ ਅਡੋਲਤਾ।

ਅਰਥ: ਪ੍ਰਭੂ ਦੇ ਨਾਮ ਵਿਚ ਸੁਰਤਿ ਜੋੜੀ ਰੱਖੀਏ ਤਾਂ ਸਾਰੀਆਂ ਕਰਾਮਾਤੀ ਤਾਕਤਾਂ ਪਿੱਛੇ ਲੱਗੀਆਂ ਫਿਰਦੀਆਂ ਹਨ (ਸੁਤੇ ਹੀ ਪ੍ਰਾਪਤ ਹੋ ਜਾਂਦੀਆਂ ਹਨ) ; ਜਗਤ ਦੇ ਸਾਰੇ ਪਦਾਰਥ ਹਾਸਲ ਹੋ ਜਾਂਦੇ ਹਨ, ਜੋ ਕੁਝ ਮਨ ਚਿਤਵਦਾ ਹੈ ਮਿਲ ਜਾਂਦਾ ਹੈ; (ਮਨ ਵਿਚ) ਸੰਤੋਖ ਪੈਦਾ ਹੋ ਜਾਂਦਾ ਹੈ, ਮਾਇਆ (ਭੀ) ਸੇਵਾ ਕਰਨ ਲੱਗ ਪੈਂਦੀ ਹੈ; ਉਹ ਅਵਸਥਾ ਪੈਦਾ ਹੋ ਜਾਂਦੀ ਹੈ ਜਿੱਥੇ ਮਨ ਡੋਲਦਾ ਨਹੀਂ, ਤੇ ਇਸ ਅਡੋਲ ਅਵਸਥਾ ਵਿਚ (ਅੱਪੜ ਕੇ) ਸੁਖ ਪ੍ਰਾਪਤ ਹੋ ਜਾਂਦਾ ਹੈ।

ਪਰ, ਹੇ ਨਾਨਕ! ਗੁਰੂ ਦੀ ਮਤਿ ਲਿਆਂ ਹੀ ਨਾਮ ਮਿਲਦਾ ਹੈ, (ਤੇ ਗੁਰੂ ਦੇ ਰਾਹ ਤੇ ਤੁਰਨ ਵਾਲਾ ਮਨੁੱਖ ਸਦਾ ਪ੍ਰਭੂ ਦੇ) ਗੁਣ ਗਾਂਦਾ ਹੈ।7।

ਸਲੋਕ ਮਹਲਾ ੧ ॥ ਦੁਖ ਵਿਚਿ ਜੰਮਣੁ ਦੁਖਿ ਮਰਣੁ ਦੁਖਿ ਵਰਤਣੁ ਸੰਸਾਰਿ ॥ ਦੁਖੁ ਦੁਖੁ ਅਗੈ ਆਖੀਐ ਪੜ੍ਹ੍ਹਿ ਪੜ੍ਹ੍ਹਿ ਕਰਹਿ ਪੁਕਾਰ ॥ ਦੁਖ ਕੀਆ ਪੰਡਾ ਖੁਲ੍ਹ੍ਹੀਆ ਸੁਖੁ ਨ ਨਿਕਲਿਓ ਕੋਇ ॥ ਦੁਖ ਵਿਚਿ ਜੀਉ ਜਲਾਇਆ ਦੁਖੀਆ ਚਲਿਆ ਰੋਇ ॥ ਨਾਨਕ ਸਿਫਤੀ ਰਤਿਆ ਮਨੁ ਤਨੁ ਹਰਿਆ ਹੋਇ ॥ ਦੁਖ ਕੀਆ ਅਗੀ ਮਾਰੀਅਹਿ ਭੀ ਦੁਖੁ ਦਾਰੂ ਹੋਇ ॥੧॥ {ਪੰਨਾ 1240}

ਪਦ ਅਰਥ: ਦੁਖਿ = ਦੁੱਖ ਵਿਚ। ਵਰਤਣੁ = ਵਰਤਣਾ, ਕਾਰ-ਵਿਹਾਰ। ਸੰਸਾਰਿ = ਸੰਸਾਰ ਵਿਚ। ਅਗੈ = ਅੱਗੇ ਅੱਗੇ, ਸਾਹਮਣੇ, ਜਿਉਂ ਜਿਉਂ ਦਿਨ ਗੁਜ਼ਰਦੇ ਹਨ। ਪੜ੍ਹ੍ਹਿ = ਪੜ੍ਹ ਕੇ। ਕਰਹਿ ਪੁਕਾਰ = ਪੁਕਾਰ ਕਰਦੇ ਹਨ, ਵਿਲਕਦੇ ਹਨ। ਹਰਿਆ = ਹਰਾ, ਸ਼ਾਂਤੀ ਵਾਲਾ। ਅਗੀ = ਅੱਗਾਂ ਨਾਲ। ਮਾਰੀਅਹਿ = ਮਾਰੀਦੇ ਹਨ।

ਅਰਥ: ਜੀਵ ਦਾ ਜਨਮ ਦੁੱਖ ਵਿਚ ਤੇ ਮੌਤ ਭੀ ਦੁੱਖ ਵਿਚ ਹੀ ਹੁੰਦੀ ਹੈ (ਭਾਵ, ਜਨਮ ਤੋਂ ਮਰਨ ਤਕ ਸਾਰੀ ਉਮਰ ਜੀਵ ਦੁੱਖ ਵਿਚ ਹੀ ਫਸਿਆ ਰਹਿੰਦਾ ਹੈ) ਦੁੱਖ ਵਿਚ (ਗ੍ਰਸਿਆ ਹੋਇਆ ਹੀ) ਜਗਤ ਵਿਚ ਸਾਰਾ ਕਾਰ-ਵਿਹਾਰ ਕਰਦਾ ਹੈ। (ਵਿੱਦਿਆ) ਪੜ੍ਹ ਪੜ੍ਹ ਕੇ ਭੀ (ਜੀਵ) ਵਿਲਕਦੇ ਹੀ ਹਨ, (ਜੋ ਕੁਝ) ਸਾਹਮਣੇ (ਪ੍ਰਾਪਤ ਹੁੰਦਾ ਹੈ ਉਸ ਨੂੰ) ਦੁੱਖ ਹੀ ਦੁੱਖ ਕਿਹਾ ਜਾ ਸਕਦਾ ਹੈ। (ਜੀਵ ਦੇ ਭਾਗਾਂ ਨੂੰ) ਦੁੱਖਾਂ ਦੀਆਂ (ਮਾਨੋ) ਪੰਡਾਂ ਖੁਲ੍ਹੀਆਂ ਹੋਈਆਂ ਹਨ, (ਇਸ ਦੇ ਕਿਸੇ ਭੀ ਉੱਦਮ ਵਿਚੋਂ) ਕੋਈ ਸੁਖ ਨਹੀਂ ਨਿਕਲਦਾ; (ਸਾਰੀ ਉਮਰ) ਦੁੱਖਾਂ ਵਿਚ ਜਿੰਦ ਸਾੜਦਾ ਰਹਿੰਦਾ ਹੈ (ਆਖ਼ਰ) ਦੁੱਖਾਂ ਦਾ ਮਾਰਿਆ ਹੋਇਆ ਰੋਂਦਾ ਹੀ (ਇਥੋਂ) ਤੁਰ ਪੈਂਦਾ ਹੈ।

ਹੇ ਨਾਨਕ! ਜੇ ਪ੍ਰਭੂ ਦੀ ਸਿਫ਼ਤਿ-ਸਾਲਾਹ ਵਿਚ ਰੰਗੇ ਜਾਈਏ ਤਾਂ ਮਨ ਤਨ ਹਰੇ ਹੋ ਜਾਂਦੇ ਹਨ। ਜੀਵ ਦੁੱਖਾਂ ਦੇ ਸਾੜਿਆਂ ਨਾਲ (ਆਤਮਕ ਮੌਤ) ਮਰਦੇ ਹਨ, ਪਰ ਫਿਰ ਇਸ ਦਾ ਇਲਾਜ ਭੀ ਦੁੱਖ ਹੀ ਹੈ। (ਸਵੇਰੇ ਮੰਜੇ ਤੇ ਸੁਖ ਵਿਚ ਸੁੱਤਾ ਰਹੇ ਤਾਂ ਇਹ ਦੁੱਖ ਬਣ ਜਾਂਦਾ ਹੈ; ਪਰ ਜੇ ਸਵੇਰੇ ਉਠਿ ਬਾਹਰਿ ਜਾ ਕੇ ਕਸਰਤ ਆਦਿਕ ਕਸ਼ਟ ਉਠਾਏ ਤਾਂ ਉਹ ਦੁੱਖ ਸੁਖਦਾਈ ਬਣਦਾ ਹੈ) ।

ਮਹਲਾ ੧ ॥ ਨਾਨਕ ਦੁਨੀਆ ਭਸੁ ਰੰਗੁ ਭਸੂ ਹੂ ਭਸੁ ਖੇਹ ॥ ਭਸੋ ਭਸੁ ਕਮਾਵਣੀ ਭੀ ਭਸੁ ਭਰੀਐ ਦੇਹ ॥ ਜਾ ਜੀਉ ਵਿਚਹੁ ਕਢੀਐ ਭਸੂ ਭਰਿਆ ਜਾਇ ॥ ਅਗੈ ਲੇਖੈ ਮੰਗਿਐ ਹੋਰ ਦਸੂਣੀ ਪਾਇ ॥੨॥ {ਪੰਨਾ 1240}

ਪਦ ਅਰਥ: ਨਾਨਕ = ਹੇ ਨਾਨਕ! ਦੁਨੀਆ ਰੰਗੁ = ਦੁਨੀਆ ਦਾ ਆਨੰਦ। ਭਸੁ = ਸੁਆਹ। ਭਸੂ ਹੂ ਭਸੁ = ਨਿਰੀ ਭੱਸ ਹੀ ਭੱਸ। ਖੇਹ = ਸੁਆਹ। ਦੇਹ = ਸਰੀਰ। ਭਸੂ ਭਰਿਆ = ਸੁਆਹ ਨਾਲ ਲਿੱਬੜਿਆ ਹੋਇਆ। ਜਾਇ = ਜਾਂਦਾ ਹੈ। ਅਗੈ = ਪਰਲੋਕ ਵਿਚ, ਮਰਨ ਪਿਛੋਂ। ਲੇਖੈ ਮੰਗਿਐ = (ਪੂਰਬ ਪੂਰਨ ਕਾਰਦੰਤਕ, Locative Absolute) ਜਦੋਂ ਕੀਤੇ ਕਰਮਾਂ ਦਾ ਲੇਖਾ ਮੰਗੀਦਾ ਹੈ। ਹੋਰ ਦਸੂਣੀ = ਹੋਰ ਦਸ-ਗੁਣੀ (ਸੁਆਹ) । ਪਾਇ = ਲੈਂਦਾ ਹੈ।

ਅਰਥ: ਹੇ ਨਾਨਕ! ਦੁਨੀਆ ਦਾ ਰੰਗ-ਤਮਾਸ਼ਾ ਸੁਆਹ (ਦੇ ਬਰਾਬਰ) ਹੈ, ਨਿਰੀ ਸੁਆਹ ਹੀ ਸੁਆਹ ਹੈ, ਨਿਰੀ ਖੇਹ ਹੀ ਖੇਹ ਹੈ। (ਇਹਨਾਂ ਰੰਗ-ਤਮਾਸ਼ਿਆਂ ਵਿਚ ਲੱਗ ਕੇ ਜੀਵ, ਮਾਨੋ,) ਖੇਹ ਹੀ ਖੇਹ ਕਮਾਂਦਾ ਹੈ, (ਜਿਉਂ ਜਿਉਂ ਇਹ ਖੇਹ ਇਕੱਠੀ ਕਰਦਾ ਹੈ ਤਿਉਂ ਤਿਉਂ) ਇਸ ਦਾ ਸਰੀਰ (ਵਿਕਾਰਾਂ ਦੀ) ਖੇਹ ਨਾਲ ਹੀ ਹੋਰ ਹੋਰ ਲਿੱਬੜਦਾ ਹੈ।

(ਮਰਨ ਤੇ) ਜਦੋਂ ਜਿੰਦ (ਸਰੀਰ) ਵਿਚੋਂ ਵੱਖਰੀ ਕੀਤੀ ਜਾਂਦੀ ਹੈ, ਤਾਂ ਇਹ ਜਿੰਦ (ਵਿਕਾਰਾਂ ਦੀ) ਸੁਆਹ ਨਾਲ ਹੀ ਲਿੱਬੜੀ ਹੋਈ (ਇਥੋਂ) ਜਾਂਦੀ ਹੈ, ਤੇ ਪਰਲੋਕ ਵਿਚ ਜਦੋਂ ਕੀਤੇ ਕਰਮਾਂ ਦਾ ਲੇਖਾ ਹੁੰਦਾ ਹੈ (ਤਦੋਂ) ਹੋਰ ਦਸ-ਗੁਣੀ ਵਧੀਕ ਸੁਆਹ (ਭਾਵ, ਸ਼ਰਮਿੰਦਗੀ) ਇਸ ਨੂੰ ਮਿਲਦੀ ਹੈ।2।

ਪਉੜੀ ॥ ਨਾਇ ਸੁਣਿਐ ਸੁਚਿ ਸੰਜਮੋ ਜਮੁ ਨੇੜਿ ਨ ਆਵੈ ॥ ਨਾਇ ਸੁਣਿਐ ਘਟਿ ਚਾਨਣਾ ਆਨ੍ਹ੍ਹੇਰੁ ਗਵਾਵੈ ॥ ਨਾਇ ਸੁਣਿਐ ਆਪੁ ਬੁਝੀਐ ਲਾਹਾ ਨਾਉ ਪਾਵੈ ॥ ਨਾਇ ਸੁਣਿਐ ਪਾਪ ਕਟੀਅਹਿ ਨਿਰਮਲ ਸਚੁ ਪਾਵੈ ॥ ਨਾਨਕ ਨਾਇ ਸੁਣਿਐ ਮੁਖ ਉਜਲੇ ਨਾਉ ਗੁਰਮੁਖਿ ਧਿਆਵੈ ॥੮॥ {ਪੰਨਾ 1240}

ਪਦ ਅਰਥ: ਸੁਚਿ = ਪਵਿਤ੍ਰਤਾ। ਸੰਜਮੋ = ਇੰਦ੍ਰਿਆਂ ਨੂੰ ਚੰਗੀ ਤਰ੍ਹਾਂ ਵੱਸ ਵਿਚ ਲਿਆਉਣਾ। ਘਟਿ = ਹਿਰਦੇ ਵਿਚ। ਆਪੁ = ਆਪਣੇ ਆਪ ਨੂੰ। ਲਾਹਾ = ਲਾਭ। ਸਾਚੁ = ਸਦਾ-ਥਿਰ ਰਹਿਣ ਵਾਲਾ ਪ੍ਰਭੂ। ਗੁਰਮੁਖਿ = ਗੁਰੂ ਦੇ ਦੱਸੇ ਰਾਹ ਉਤੇ ਤੁਰਨ ਵਾਲਾ ਮਨੁੱਖ।

ਅਰਥ: ਜੇ ਨਾਮ ਵਿਚ ਸੁਰਤਿ ਜੋੜੀ ਰੱਖੀਏ ਤਾਂ ਪਵਿਤ੍ਰਤਾ ਪ੍ਰਾਪਤ ਹੁੰਦੀ ਹੈ, ਮਨ ਨੂੰ ਵੱਸ ਕਰਨ ਦੀ ਸਮਰੱਥਾ ਆ ਜਾਂਦੀ ਹੈ, ਜਮ (ਭੀ, ਭਾਵ, ਮੌਤ ਦਾ ਡਰ) ਨੇੜੇ ਨਹੀਂ ਢੁੱਕਦਾ; ਹਿਰਦੇ ਵਿਚ (ਪ੍ਰਭੂ ਦੀ ਜੋਤਿ ਦਾ) ਚਾਨਣ ਹੋ ਜਾਂਦਾ ਹੈ (ਤੇ ਆਤਮਕ ਜੀਵਨ ਦੀ ਸੂਝ ਵਲੋਂ) ਹਨੇਰਾ ਦੂਰ ਹੋ ਜਾਂਦਾ ਹੈ; ਆਪਣੇ ਅਸਲੇ ਨੂੰ ਸਮਝ ਲਈਦਾ ਹੈ ਤੇ ਪ੍ਰਭੂ ਦਾ ਨਾਮ (ਜੋ ਮਨੁੱਖਾ ਜੀਵਨ ਦਾ ਅਸਲ) ਲਾਭ (ਹੈ) ਖੱਟ ਲਈਦਾ ਹੈ; ਸਾਰੇ ਪਾਪ ਨਾਸ ਹੋ ਜਾਂਦੇ ਹਨ, ਪਵਿਤ੍ਰ ਸੱਚਾ ਪ੍ਰਭੂ ਮਿਲ ਪੈਂਦਾ ਹੈ।

ਹੇ ਨਾਨਕ! ਜੇ ਨਾਮ ਵਿਚ ਧਿਆਨ ਜੋੜੀਏ ਤਾਂ ਮੱਥੇ ਖਿੜੇ ਰਹਿੰਦੇ ਹਨ। ਪਰ ਇਹ ਨਾਮ ਉਹੀ ਮਨੁੱਖ ਸਿਮਰ ਸਕਦਾ ਹੈ ਜੋ ਗੁਰੂ ਦੇ ਦੱਸੇ ਰਾਹ ਉਤੇ ਤੁਰਦਾ ਹੈ।8।

TOP OF PAGE

Sri Guru Granth Darpan, by Professor Sahib Singh