ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 1241 ਸਲੋਕ ਮਹਲਾ ੧ ॥ ਘਰਿ ਨਾਰਾਇਣੁ ਸਭਾ ਨਾਲਿ ॥ ਪੂਜ ਕਰੇ ਰਖੈ ਨਾਵਾਲਿ ॥ ਕੁੰਗੂ ਚੰਨਣੁ ਫੁਲ ਚੜਾਏ ॥ ਪੈਰੀ ਪੈ ਪੈ ਬਹੁਤੁ ਮਨਾਏ ॥ ਮਾਣੂਆ ਮੰਗਿ ਮੰਗਿ ਪੈਨ੍ਹ੍ਹੈ ਖਾਇ ॥ ਅੰਧੀ ਕੰਮੀ ਅੰਧ ਸਜਾਇ ॥ ਭੁਖਿਆ ਦੇਇ ਨ ਮਰਦਿਆ ਰਖੈ ॥ ਅੰਧਾ ਝਗੜਾ ਅੰਧੀ ਸਥੈ ॥੧॥ {ਪੰਨਾ 1241} ਪਦ ਅਰਥ: ਘਰਿ = ਘਰ ਵਿਚ। ਨਾਰਾਇਣੁ = ਠਾਕੁਰ ਦੀ ਮੂਰਤੀ। ਸਭਾ ਨਾਲਿ = ਹੋਰ ਮੂਰਤੀਆਂ ਸਮੇਤ। ਨਾਵਾਲਿ = ਨ੍ਹਵਾਲ ਕੇ, ਇਸ਼ਨਾਨ ਕਰਾ ਕੇ। ਕੁੰਗੂ = ਕੇਸਰ। ਮਾਣੂਆ = ਮਨੁੱਖਾਂ ਤੋਂ। ਅੰਧੀ ਕੰਮੀ = ਅੰਨ੍ਹੇ ਕੰਮਾਂ ਵਿਚ, ਅਗਿਆਨਤਾ ਦੇ ਕੰਮਾਂ ਵਿਚ, ਜਿਨ੍ਹਾਂ ਕੰਮਾਂ ਦੇ ਕਰਨ ਨਾਲ ਮਨੁੱਖ ਦੀ ਮਤਿ ਹਨੇਰੇ ਵਿਚ ਹੀ ਰਹਿੰਦੀ ਹੈ। ਅੰਧ = ਅਗਿਆਨਤਾ, ਹਨੇਰਾ। ਸਜਾਇ = ਦੰਡ। ਨ ਦੇਇ = ਨਹੀਂ ਦੇਂਦਾ। ਰਖੈ = ਬਚਾਂਦਾ। ਝਗੜਾ = ਰੇੜਕਾ, ਲੰਮਾ ਗੇੜ। ਸਥੈ = ਸਭਾ ਵਿਚ। ਅਰਥ: (ਬ੍ਰਾਹਮਣ ਆਪਣੇ) ਘਰ ਵਿਚ ਬਹੁਤ ਸਾਰੀਆਂ ਮੂਰਤੀਆਂ ਸਮੇਤ ਠਾਕਰਾਂ ਦੀ ਮੂਰਤੀ ਅਸਥਾਪਨ ਕਰਦਾ ਹੈ, ਉਸ ਦੀ ਪੂਜਾ ਕਰਦਾ ਹੈ, ਉਸ ਨੂੰ ਇਸ਼ਨਾਨ ਕਰਾਂਦਾ ਹੈ; ਕੇਸਰ ਚੰਦਨ ਤੇ ਫੁੱਲ (ਉਸ ਮੂਰਤੀ ਦੇ ਅੱਗੇ) ਭੇਟ ਧਰਦਾ ਹੈ, ਉਸ ਦੇ ਪੈਰਾਂ ਉਤੇ ਸਿਰ ਰੱਖ ਰੱਖ ਕੇ ਉਸ ਨੂੰ ਪ੍ਰਸੰਨ ਕਰਨ ਦਾ ਜਤਨ ਕਰਦਾ ਹੈ; (ਪਰ ਰੋਟੀ ਕੱਪੜਾ ਹੋਰ) ਮਨੁੱਖਾਂ ਤੋਂ ਮੰਗ ਮੰਗ ਕੇ ਖਾਂਦਾ ਤੇ ਪਹਿਨਦਾ ਹੈ। ਅਗਿਆਨਤਾ ਵਾਲੇ ਕੰਮ ਕੀਤਿਆਂ (ਇਹੀ) ਸਜ਼ਾ ਮਿਲਦੀ ਹੈ ਕਿ ਹੋਰ ਅਗਿਆਨਤਾ ਵਧਦੀ ਜਾਏ, (ਮੂਰਖ ਇਹ ਨਹੀਂ ਜਾਣਦਾ ਕਿ ਇਹ ਮੂਰਤੀ) ਨਾਹ ਭੁੱਖੇ ਨੂੰ ਕੁਝ ਦੇ ਸਕਦੀ ਹੈ ਨਾਹ (ਭੁੱਖ-ਮਰਦੇ ਨੂੰ) ਮਰਨੋਂ ਬਚਾ ਸਕਦੀ ਹੈ। (ਫਿਰ ਭੀ ਮੂਰਤੀ-ਪੂਜਕ) ਅਗਿਆਨੀਆਂ ਦੀ ਸਭਾ ਵਿਚ ਅਗਿਆਨਤਾ ਵਾਲਾ ਇਹ ਲੰਮਾ ਗੇੜ ਤੁਰਿਆ ਹੀ ਜਾਂਦਾ ਹੈ (ਭਾਵ, ਫਿਰ ਭੀ ਲੋਕ ਅੱਖਾਂ ਮੀਟ ਕੇ ਪ੍ਰਭੂ ਨੂੰ ਛੱਡ ਕੇ ਮੂਰਤੀ-ਪੂਜਾ ਕਰਦੇ ਹੀ ਜਾ ਰਹੇ ਹਨ) ।1। ਮਹਲਾ ੧ ॥ ਸਭੇ ਸੁਰਤੀ ਜੋਗ ਸਭਿ ਸਭੇ ਬੇਦ ਪੁਰਾਣ ॥ ਸਭੇ ਕਰਣੇ ਤਪ ਸਭਿ ਸਭੇ ਗੀਤ ਗਿਆਨ ॥ ਸਭੇ ਬੁਧੀ ਸੁਧਿ ਸਭਿ ਸਭਿ ਤੀਰਥ ਸਭਿ ਥਾਨ ॥ ਸਭਿ ਪਾਤਿਸਾਹੀਆ ਅਮਰ ਸਭਿ ਸਭਿ ਖੁਸੀਆ ਸਭਿ ਖਾਨ ॥ ਸਭੇ ਮਾਣਸ ਦੇਵ ਸਭਿ ਸਭੇ ਜੋਗ ਧਿਆਨ ॥ ਸਭੇ ਪੁਰੀਆ ਖੰਡ ਸਭਿ ਸਭੇ ਜੀਅ ਜਹਾਨ ॥ ਹੁਕਮਿ ਚਲਾਏ ਆਪਣੈ ਕਰਮੀ ਵਹੈ ਕਲਾਮ ॥ ਨਾਨਕ ਸਚਾ ਸਚਿ ਨਾਇ ਸਚੁ ਸਭਾ ਦੀਬਾਨੁ ॥੨॥ {ਪੰਨਾ 1241} ਪਦ ਅਰਥ: ਸੁਰਤੀ = ਬ੍ਰਿਤੀ ਦਾ ਜੋੜਨਾ। ਸੁਧਿ = ਸੂਝ, ਚੰਗੀ ਅਕਲ। ਅਮਰ = ਹੁਕਮ। ਖਾਨ = ਖਾਣੇ। ਮਾਣਸ = ਮਨੁੱਖ। ਦੇਵ = ਦੇਵਤੇ। ਪੁਰੀਆ = ਧਰਤੀਆਂ। ਖੰਡ = ਬ੍ਰਹਮੰਡ ਦੇ ਹਿੱਸੇ। ਜੀਅ ਜਹਾਨ = ਜਗਤ ਦੇ ਜੀਅ-ਜੰਤ। ਹੁਕਮਿ = ਹੁਕਮ ਵਿਚ। ਕਲਾਮ = (ਹੁਕਮ ਦੀ) ਕਲਮ। ਕਰਮੀ = (ਜੀਵਾਂ ਦੇ) ਕਰਮਾਂ ਅਨੁਸਾਰ। ਵਹੈ– ਚੱਲਦੀ ਹੈ। ਸਚਿ ਨਾਇ = ਸੱਚੇ ਨਾਮ ਦੀ ਰਾਹੀਂ, ਸੱਚੇ ਨਾਮ ਵਿਚ ਜੁੜਿਆਂ। ਦੀਬਾਨੁ = ਕਚਹਿਰੀ। ਅਰਥ: ਜੋਗ-ਮਤ ਅਨੁਸਾਰ ਬ੍ਰਿਤੀ ਜੋੜਨੀ; ਵੇਦ ਪੁਰਾਨ (ਆਦਿਕਾਂ ਦੇ ਪਾਠ) ; ਤਪ ਸਾਧਣੇ; (ਭਜਨਾਂ ਦੇ) ਗੀਤ ਤੇ (ਉਹਨਾਂ ਦੀਆਂ) ਵਿਚਾਰਾਂ; ਉੱਚੀ ਬੁੱਧ ਤੇ ਚੰਗੀ ਅਕਲ; ਤੀਰਥ-ਅਸਥਾਨ (ਆਦਿਕਾਂ ਦੇ ਇਸ਼ਨਾਨ) ; ਪਾਤਿਸ਼ਾਹੀਆਂ ਤੇ ਹਕੂਮਤਾਂ; ਖ਼ੁਸ਼ੀਆਂ ਤੇ (ਚੰਗੇ) ਖਾਣੇ; ਮਨੁੱਖ ਤੇ ਦੇਵਤੇ; ਜੋਗ ਦੀਆਂ ਸਮਾਧੀਆਂ; ਧਰਤੀਆਂ ਦੇ ਮੰਡਲ ਤੇ ਹਿੱਸੇ; ਸਾਰੇ ਜਗਤ ਦੇ ਜੀਆ-ਜੰਤ = ਇਹਨਾਂ ਸਭਨਾਂ ਨੂੰ ਪਰਮਾਤਮਾ ਆਪਣੇ ਹੁਕਮ ਵਿਚ ਤੋਰਦਾ ਹੈ, ਪਰ ਉਸ ਦੇ ਹੁਕਮ ਦੀ ਕਲਮ ਜੀਵਾਂ ਦੇ ਕੀਤੇ ਕਰਮਾਂ ਅਨੁਸਾਰ ਵਗਦੀ ਹੈ। ਹੇ ਨਾਨਕ! ਉਹ ਪ੍ਰਭੂ ਸਦਾ ਕਾਇਮ ਰਹਿਣ ਵਾਲਾ ਹੈ, ਉਸ ਦਾ ਦਰਬਾਰ ਸਦਾ-ਥਿਰ ਰਹਿਣ ਵਾਲਾ ਹੈ, ਉਸ ਦੇ ਨਾਮ ਵਿਚ ਜੁੜਿਆਂ ਉਸ ਦੀ ਪ੍ਰਾਪਤੀ ਹੁੰਦੀ ਹੈ। (ਭਾਵ, ਕਈ ਜੀਵ ਜੋਗ ਦੀ ਰਾਹੀਂ ਸੁਰਤਿ ਜੋੜਦੇ ਹਨ, ਕਈ ਵੇਦ ਪੁਰਾਨਾਂ ਦੇ ਪਾਠ ਕਰਦੇ ਹਨ, ਕੋਈ ਤਪ ਸਾਧਦੇ ਹਨ, ਕੋਈ ਭਜਨ ਗਾਉਂਦੇ ਹਨ, ਕੋਈ ਗਿਆਨ ਚਰਚਾ ਕਰਦੇ ਹਨ, ਕੋਈ ਉੱਚੀਆਂ ਅਕਲਾਂ ਦੁੜਾਂਦੇ ਹਨ, ਕੋਈ ਤੀਰਥਾਂ ਤੇ ਇਸ਼ਨਾਨ ਕਰ ਰਹੇ ਹਨ, ਕੋਈ ਪਾਤਸ਼ਾਹ ਬਣ ਕੇ ਹਕੂਮਤਾਂ ਕਰ ਰਹੇ ਹਨ, ਕੋਈ ਮੌਜਾਂ ਮਾਣ ਰਹੇ ਹਨ, ਕੋਈ ਵਧੀਆ ਖਾਣੇ ਖਾ ਰਹੇ ਹਨ, ਕੋਈ ਮਨੁੱਖ ਹਨ, ਕੋਈ ਦੇਵਤੇ, ਕੋਈ ਸਮਾਧੀਆਂ ਲਾ ਰਹੇ ਹਨ– ਸਾਰੇ ਜਗਤ ਦੇ ਜੀਅ-ਜੰਤ ਵਖੋ-ਵਖ ਆਹਰੇ ਲੱਗੇ ਹੋਏ ਹਨ। ਇਹ ਜੋ ਕੁਝ ਹੋ ਰਿਹਾ ਹੈ, ਪ੍ਰਭੂ ਦੇ ਹੁਕਮ ਵਿਚ ਹੋ ਰਿਹਾ ਹੈ, ਪਰ ਜੀਵਾਂ ਦੀ ਇਹ ਵਖੋ-ਵਖ ਕਿਸਮ ਦੀ ਰੁਚੀ ਉਹਨਾਂ ਦੇ ਆਪੋ ਆਪਣੇ ਕੀਤੇ ਕਰਮਾਂ ਅਨੁਸਾਰ ਹੈ, ਫਲ ਪ੍ਰਭੂ ਦੀ ਰਜ਼ਾ ਵਿਚ ਮਿਲ ਰਿਹਾ ਹੈ) ।2। ਪਉੜੀ ॥ ਨਾਇ ਮੰਨਿਐ ਸੁਖੁ ਊਪਜੈ ਨਾਮੇ ਗਤਿ ਹੋਈ ॥ ਨਾਇ ਮੰਨਿਐ ਪਤਿ ਪਾਈਐ ਹਿਰਦੈ ਹਰਿ ਸੋਈ ॥ ਨਾਇ ਮੰਨਿਐ ਭਵਜਲੁ ਲੰਘੀਐ ਫਿਰਿ ਬਿਘਨੁ ਨ ਹੋਈ ॥ ਨਾਇ ਮੰਨਿਐ ਪੰਥੁ ਪਰਗਟਾ ਨਾਮੇ ਸਭ ਲੋਈ ॥ ਨਾਨਕ ਸਤਿਗੁਰਿ ਮਿਲਿਐ ਨਾਉ ਮੰਨੀਐ ਜਿਨ ਦੇਵੈ ਸੋਈ ॥੯॥ {ਪੰਨਾ 1241} ਪਦ ਅਰਥ: ਨਾਇ ਮੰਨਿਐ = (ਪੂਰਬ ਪੂਰਨ ਕਾਰਦੰਤਕ, Locative Absolute) ਜੇ ਨਾਮ ਮੰਨ ਲਈਏ, ਜੇ ਇਹ ਮੰਨ ਲਈਏ ਕਿ ਨਾਮ ਸਿਮਰਨਾ ਜ਼ਿੰਦਗੀ ਦਾ ਅਸਲ ਮਨੋਰਥ ਹੈ, ਜੇ ਮਨ ਨਾਮ ਵਿਚ ਪਤੀਜ ਜਾਏ, ਜੇ ਮਨ ਨਾਮ ਵਿਚ ਗਿੱਝ ਜਾਏ। ਗਤਿ = ਉੱਚੀ ਆਤਮਕ ਅਵਸਥਾ। ਪਤਿ = ਇੱਜ਼ਤ। ਭਵਜਲੁ = ਸੰਸਾਰ-ਸਮੁੰਦਰ। ਬਿਘਨੁ = ਰੁਕਾਵਟ। ਪੰਥੁ = (ਜ਼ਿੰਦਗੀ ਦਾ ਅਸਲ) ਰਸਤਾ। ਪਰਗਟਾ = ਪ੍ਰਤੱਖ। ਲੋਈ = ਚਾਨਣ, ਆਤਮਕ ਜੀਵਨ ਦੀ ਸੂਝ। ਸਤਿਗੁਰਿ ਮਿਲਿਐ = (ਪੂਰਬ ਪੂਰਨ ਕਾਰਦੰਤਕ) ਜੇ ਗੁਰੂ ਮਿਲ ਪਏ। ਨਾਉ ਮੰਨੀਐ = ਨਾਮ ਨੂੰ ਮੰਨ ਲਈਦਾ ਹੈ, ਇਹ ਮੰਨ ਲਈਦਾ ਹੈ ਕਿ ਨਾਮ ਸਿਮਰਨਾ ਜ਼ਿੰਦਗੀ ਦਾ 'ਪਰਗਟ ਪੰਥ' ਹੈ। ਜਿਨ੍ਹ੍ਹ = (ਅੱਖਰ 'ਨ' ਦੇ ਹੇਠ ਅੱਧਾ 'ਹ' ਹੈ) । ਸੋਈ = ਉਹ ਪ੍ਰਭੂ। ਅਰਥ: ਜੇ ਮਨ ਨਾਮ ਸਿਮਰਨ ਵਿਚ ਗਿੱਝ ਜਾਏ ਤਾਂ (ਮਨ ਵਿਚ) ਸੁਖ ਪੈਦਾ ਹੁੰਦਾ ਹੈ, ਨਾਮ ਵਿਚ (ਗਿੱਝਿਆਂ) ਹੀ ਉੱਚੀ ਆਤਮਕ ਅਵਸਥਾ ਬਣਦੀ ਹੈ; ਇੱਜ਼ਤ ਮਿਲਦੀ ਹੈ ਤੇ ਹਿਰਦੇ ਵਿਚ ਉਹ ਪ੍ਰਭੂ (ਆ ਵੱਸਦਾ ਹੈ) ; ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਈਦਾ ਹੈ, ਤੇ (ਜ਼ਿੰਦਗੀ ਦੇ ਰਾਹ ਵਿਚ) ਕੋਈ ਰੋਕ ਨਹੀਂ ਪੈਂਦੀ; ਜੀਵਨ ਦਾ ਰਸਤਾ ਪ੍ਰਤੱਖ ਸਾਫ਼ ਦਿੱਸਣ ਲੱਗ ਪੈਂਦਾ ਹੈ ਕਿਉਂਕਿ ਨਾਮ ਵਿਚ ਸਾਰਾ ਚਾਨਣ ਹੈ (ਆਤਮਕ ਜੀਵਨ ਦੀ ਸੂਝ ਹੈ) । (ਪਰ) ਹੇ ਨਾਨਕ! ਜੇ ਸਤਿਗੁਰੂ ਮਿਲੇ ਤਾਂ ਹੀ ਨਾਮ-ਸਿਮਰਨ (ਜ਼ਿੰਦਗੀ ਦਾ ('ਪਰਗਟ ਪੰਥ') ਮੰਨਿਆ ਜਾ ਸਕਦਾ ਹੈ (ਤੇ ਇਹ ਦਾਤਿ ਉਹਨਾਂ ਨੂੰ ਮਿਲਦੀ ਹੈ) ਜਿਨ੍ਹਾਂ ਨੂੰ ਉਹ ਪ੍ਰਭੂ ਆਪ ਦੇਂਦਾ ਹੈ।9। ਸਲੋਕ ਮਃ ੧ ॥ ਪੁਰੀਆ ਖੰਡਾ ਸਿਰਿ ਕਰੇ ਇਕ ਪੈਰਿ ਧਿਆਏ ॥ ਪਉਣੁ ਮਾਰਿ ਮਨਿ ਜਪੁ ਕਰੇ ਸਿਰੁ ਮੁੰਡੀ ਤਲੈ ਦੇਇ ॥ ਕਿਸੁ ਉਪਰਿ ਓਹੁ ਟਿਕ ਟਿਕੈ ਕਿਸ ਨੋ ਜੋਰੁ ਕਰੇਇ ॥ ਕਿਸ ਨੋ ਕਹੀਐ ਨਾਨਕਾ ਕਿਸ ਨੋ ਕਰਤਾ ਦੇਇ ॥ ਹੁਕਮਿ ਰਹਾਏ ਆਪਣੈ ਮੂਰਖੁ ਆਪੁ ਗਣੇਇ ॥੧॥ {ਪੰਨਾ 1241} ਪਦ ਅਰਥ: ਸਿਰਿ = ਸਿਰ-ਪਰਨੇ ਹੋ ਕੇ। ਇਕ ਪੈਰਿ = ਇਕ ਪੈਰ ਦੇ ਭਾਰ ਖਲੋ ਕੇ। ਧਿਆਏ = ਧਿਆਨ ਧਰੇ। ਪਉਣੁ ਮਾਰਿ = ਪਉਣ ਨੂੰ ਰੋਲ ਕੇ, ਪ੍ਰਾਣਾਯਾਮ ਕਰ ਕੇ। ਮਨਿ = ਮਨ ਵਿਚ। ਮੁੰਡੀ = ਧੌਣ। ਤਲੇ = ਹੇਠ। ਟਿਕ ਟਿਕੈ = ਟੇਕ ਟਿਕਦਾ ਹੈ, ਟੇਕ ਬਣਾਂਦਾ ਹੈ। ਜੋਰੁ = ਤਾਣ। ਕਿਸ ਨੋ ਕਹੀਐ = ਕਿਸੇ ਨੂੰ ਕਿਹਾ ਨਹੀਂ ਜਾ ਸਕਦਾ। ਰਹਾਏ = ਰੱਖਦਾ ਹੈ। ਆਪੁ = ਆਪਣੇ ਆਪ ਨੂੰ। ਹੁਕਮਿ ਆਪਣੈ = ਆਪਣੇ ਹੁਕਮ ਵਿਚ। ਗਣੇਇ = ਸਮਝਣ ਲੱਗ ਪੈਂਦਾ ਹੈ। ਅਰਥ: ਜੇ ਕੋਈ ਮਨੁੱਖ ਸਿਰ-ਪਰਨੇ ਹੋ ਕੇ ਸਾਰੀਆਂ ਧਰਤੀਆਂ ਤੇ ਧਰਤੀ ਦੇ ਸਾਰੇ ਹਿੱਸਿਆਂ ਤੇ ਫਿਰੇ; ਜੇ ਇਕ ਪੈਰ ਦੇ ਭਾਰ ਖਲੋ ਕੇ ਧਿਆਨ ਧਰੇ; ਜੇ ਪ੍ਰਾਣ ਰੋਕ ਕੇ ਮਨ ਵਿਚ ਜਪ ਕਰੇ; ਜੇ ਆਪਣਾ ਸਿਰ ਧੌਣ ਦੇ ਹੇਠ ਰੱਖੇ (ਭਾਵ, ਜੇ ਸ਼ੀਰਸ਼-ਆਸਣ ਕਰ ਕੇ ਸਿਰ-ਭਾਰ ਖੜਾ ਰਹੇ) = (ਤਾਂ ਭੀ ਇਹਨਾਂ ਵਿਚੋਂ) ਕਿਸ ਸਾਧਨ ਉਤੇ ਉਹ ਟੇਕ ਰੱਖਦਾ ਹੈ? ਕਿਸ ਉੱਦਮ ਨੂੰ ਉਹ ਆਪਣਾ ਤਾਣ ਬਣਾਂਦਾ ਹੈ? (ਭਾਵ, ਇਹ ਹਰੇਕ ਟੇਕ ਤੁੱਛ ਹੈ, ਇਹਨਾਂ ਦਾ ਆਸਰਾ ਕਮਜ਼ੋਰ ਹੈ) । ਹੇ ਨਾਨਕ! ਇਹ ਗੱਲ ਕਹੀ ਨਹੀਂ ਜਾ ਸਕਦੀ ਕਿ ਕਰਤਾਰ ਕਿਸ ਨੂੰ ਮਾਣ ਬਖ਼ਸ਼ਦਾ ਹੈ। (ਪ੍ਰਭੂ ਸਭ ਜੀਵਾਂ ਨੂੰ) ਆਪਣੇ ਹੁਕਮ ਵਿਚ ਤੋਰਦਾ ਹੈ, ਪਰ ਮੂਰਖ ਆਪਣੇ ਆਪ ਨੂੰ (ਵੱਡਾ) ਸਮਝਣ ਲੱਗ ਪੈਂਦਾ ਹੈ।1। ਮਃ ੧ ॥ ਹੈ ਹੈ ਆਖਾਂ ਕੋਟਿ ਕੋਟਿ ਕੋਟੀ ਹੂ ਕੋਟਿ ਕੋਟਿ ॥ ਆਖੂੰ ਆਖਾਂ ਸਦਾ ਸਦਾ ਕਹਣਿ ਨ ਆਵੈ ਤੋਟਿ ॥ ਨਾ ਹਉ ਥਕਾਂ ਨ ਠਾਕੀਆ ਏਵਡ ਰਖਹਿ ਜੋਤਿ ॥ ਨਾਨਕ ਚਸਿਅਹੁ ਚੁਖ ਬਿੰਦ ਉਪਰਿ ਆਖਣੁ ਦੋਸੁ ॥੨॥ {ਪੰਨਾ 1241} ਪਦ ਅਰਥ: ਕੋਟਿ ਕੋਟਿ = ਕ੍ਰੋੜਾਂ ਵਾਰੀ। ਕੋਟੀ ਹੂ ਕੋਟਿ ਕੋਟਿ = ਕ੍ਰੋੜਾਂ ਵਾਰੀ ਤੋਂ ਭੀ ਕ੍ਰੋੜਾਂ ਵਾਰੀ ਵਧੀਕ। ਆਖਾਂ = ਜੇ ਮੈਂ ਆਖਾਂ। ਆਖੂੰ = ਮੂੰਹ ਨਾਲ। ਕਹਣਿ = ਆਖਣ ਵਿਚ। ਤੋਟਿ = ਘਾਟ। ਨ ਠਾਕੀਆ = ਨਾਹ ਮੈਂ ਰੁਕਿਆ ਰਹਾਂ। ਜੋਤਿ = ਸੱਤਿਆ। ਏਵਡ ਜੋਤਿ = ਇਤਨੀ ਸੱਤਿਆ। ਰਖਹਿ = ਤੂੰ ਪਾ ਦੇਵੇਂ। ਚਸਿਅਹੁ = ਇਕ ਚਸੇ ਤੋਂ। ਚਸਿਅਹੁ ਚੁਖ ਬਿੰਦ = ਇਕ ਚਸੇ ਤੋਂ ਭੀ ਬਹੁਤ ਘੱਟ ਦੇ ਬਰਾਬਰ। ਉਪਰਿ = ਵਧੀਕ। ਦੋਸੁ = ਭੁੱਲ, ਗ਼ਲਤੀ। ਅਰਥ: ਜੇ ਮੈਂ ਕ੍ਰੋੜਾਂ ਕ੍ਰੋੜਾਂ ਵਾਰ ਆਖਾਂ ਕਿ ਪਰਮਾਤਮਾ ਸੱਚ-ਮੁੱਚ ਹੈ, ਜੇ ਮੈਂ ਕ੍ਰੋੜਾਂ ਵਾਰੀ ਤੋਂ ਭੀ ਕ੍ਰੋੜਾਂ ਵਾਰੀ ਵਧੀਕ (ਇਹੀ ਗੱਲ) ਆਖਾਂ; ਜੇ ਮੈਂ ਇਹੀ ਗੱਲ ਸਦਾ ਹੀ ਆਪਣੇ ਮੂੰਹ ਨਾਲ ਆਖਦਾ ਰਹਾਂ, ਮੇਰੇ ਆਖਣ ਵਿਚ ਤ੍ਰੋਟ ਨਾਹ ਆਵੇ; (ਹੇ ਪ੍ਰਭੂ!) ਜੇ ਤੂੰ ਮੇਰੇ ਵਿਚ ਇਤਨੀ ਸੱਤਿਆ ਪਾ ਦੇਵੇਂ ਕਿ ਮੈਂ ਆਖਦਾ ਆਖਦਾ ਨਾਹ ਹੀ ਥੱਕਾਂ ਤੇ ਨਾਹ ਹੀ ਕਿਸੇ ਦਾ ਰੋਕਿਆਂ ਰੁਕਾਂ, ਤਾਂ ਭੀ, ਹੇ ਨਾਨਕ! (ਆਖ-) ਇਹ ਸਾਰਾ ਜਤਨ ਤੇਰੀ ਰਤਾ ਭਰ ਸਿਫ਼ਤਿ ਦੇ ਹੀ ਬਰਾਬਰ ਹੁੰਦਾ ਹੈ; ਜੇ ਮੈਂ ਆਖਾਂ ਕਿ ਏਦੂੰ ਵਧੀਕ ਸਿਫ਼ਤਿ ਮੈਂ ਕੀਤੀ ਹੈ ਤਾਂ (ਇਹ ਮੇਰੀ) ਭੁੱਲ ਹੈ।2। ਪਉੜੀ ॥ ਨਾਇ ਮੰਨਿਐ ਕੁਲੁ ਉਧਰੈ ਸਭੁ ਕੁਟੰਬੁ ਸਬਾਇਆ ॥ ਨਾਇ ਮੰਨਿਐ ਸੰਗਤਿ ਉਧਰੈ ਜਿਨ ਰਿਦੈ ਵਸਾਇਆ ॥ ਨਾਇ ਮੰਨਿਐ ਸੁਣਿ ਉਧਰੇ ਜਿਨ ਰਸਨ ਰਸਾਇਆ ॥ ਨਾਇ ਮੰਨਿਐ ਦੁਖ ਭੁਖ ਗਈ ਜਿਨ ਨਾਮਿ ਚਿਤੁ ਲਾਇਆ ॥ ਨਾਨਕ ਨਾਮੁ ਤਿਨੀ ਸਾਲਾਹਿਆ ਜਿਨ ਗੁਰੂ ਮਿਲਾਇਆ ॥੧੦॥ {ਪੰਨਾ 1241} ਪਦ ਅਰਥ: ਕੁਲੁ = ਖ਼ਾਨਦਾਨ। ਉਧਰੈ = (ਭਵਜਲ ਤੋਂ) ਬਚ ਨਿਕਲਦਾ ਹੈ। ਸਬਾਇਆ = ਸਾਰਾ। ਰਸਨ = ਜੀਭ। ਰਸਾਇਆ = ਰਸਾ ਲਿਆ ਹੈ, ਇਕ-ਰਸ ਕਰ ਲਿਆ ਹੈ। ਨਾਮਿ = ਨਾਮ ਵਿਚ। ਅਰਥ: ਜੇ ਮਨ ਨਾਮ ਸਿਮਰਨ ਵਿਚ ਗਿੱਝ ਜਾਏ ਤਾਂ (ਅਜੇਹੇ ਮਨੁੱਖ ਦੀ) ਸਾਰੀ ਕੁਲ ਸਾਰਾ ਪਰਵਾਰ (ਭਵਜਲ ਵਿਚੋਂ) ਬਚ ਜਾਂਦਾ ਹੈ। ਨਾਮ ਵਿਚ ਮਨ ਪਤੀਜਿਆਂ ਜਿਨ੍ਹਾਂ ਬੰਦਿਆਂ ਨੇ ਨਾਮ ਨੂੰ ਹਿਰਦੇ ਵਿਚ ਵਸਾ ਲਿਆ ਹੈ ਉਹਨਾਂ ਦੀ ਸਾਰੀ ਸੰਗਤਿ (ਸੰਸਾਰ-ਸਮੁੰਦਰ ਤੋਂ) ਪਾਰ ਉਤਰ ਜਾਂਦੀ ਹੈ। ਨਾਮ ਵਿਚ ਗਿੱਝ ਕੇ ਜਿਨ੍ਹਾਂ ਨੇ ਜੀਭ ਨੂੰ ਨਾਮ ਨਾਲ ਇਕ-ਰਸ ਕਰ ਲਿਆ ਉਹ ਨਾਮ ਸੁਣ ਕੇ (ਮਾਇਆ ਦੇ ਪ੍ਰਭਾਵ ਤੋਂ) ਬਚ ਜਾਂਦੇ ਹਨ। ਨਾਮ ਵਿਚ ਗਿੱਝ ਕੇ ਜਿਨ੍ਹਾਂ ਨੇ ਨਾਮ ਵਿਚ ਮਨ ਜੋੜ ਲਿਆ ਉਹਨਾਂ ਦੇ ਦੁੱਖ ਦੂਰ ਹੋ ਜਾਂਦੇ ਹਨ ਉਹਨਾਂ ਦੀ (ਮਾਇਆ ਵਾਲੀ) ਭੁੱਖ ਮਿਟ ਜਾਂਦੀ ਹੈ। ਪਰ, ਹੇ ਨਾਨਕ! ਉਹੀ ਬੰਦੇ ਨਾਮ ਸਿਮਰਦੇ ਹਨ ਜਿਨ੍ਹਾਂ ਨੂੰ ਪ੍ਰਭੂ ਸਤਿਗੁਰੂ ਮਿਲਾਂਦਾ ਹੈ।10। ਸਲੋਕ ਮਃ ੧ ॥ ਸਭੇ ਰਾਤੀ ਸਭਿ ਦਿਹ ਸਭਿ ਥਿਤੀ ਸਭਿ ਵਾਰ ॥ ਸਭੇ ਰੁਤੀ ਮਾਹ ਸਭਿ ਸਭਿ ਧਰਤੀ ਸਭਿ ਭਾਰ ॥ ਸਭੇ ਪਾਣੀ ਪਉਣ ਸਭਿ ਸਭਿ ਅਗਨੀ ਪਾਤਾਲ ॥ ਸਭੇ ਪੁਰੀਆ ਖੰਡ ਸਭਿ ਸਭਿ ਲੋਅ ਲੋਅ ਆਕਾਰ ॥ ਹੁਕਮੁ ਨ ਜਾਪੀ ਕੇਤੜਾ ਕਹਿ ਨ ਸਕੀਜੈ ਕਾਰ ॥ ਆਖਹਿ ਥਕਹਿ ਆਖਿ ਆਖਿ ਕਰਿ ਸਿਫਤੀ ਵੀਚਾਰ ॥ ਤ੍ਰਿਣੁ ਨ ਪਾਇਓ ਬਪੁੜੀ ਨਾਨਕੁ ਕਹੈ ਗਵਾਰ ॥੧॥ {ਪੰਨਾ 1241} ਪਦ ਅਰਥ: ਦਿਹ = ਦਿਨ। ਥਿਤੀ = ਚੰਦ ਦੇ ਵਧਾ ਘਟਾ ਨਾਲ ਗਿਣੇ ਜਾਣ ਵਾਲੇ ਮਹੀਨਿਆਂ ਦੀਆਂ ਤਾਰੀਖ਼ਾਂ। ਵਾਰ = ਹਫ਼ਤੇ ਦੇ ਦਿਨਾਂ ਦੇ ਨਾਮ। ਮਾਹ = ਮਹੀਨੇ। ਧਰਤੀ = ਧਰਤੀਆਂ। ਲੋਅ ਲੋਅ = ਹਰੇਕ ਲੋਕ (14 ਲੋਕਾਂ) ਦੇ। ਆਕਾਰ = ਸਰੂਪ, ਸਰੀਰ, ਜੀਅ-ਜੰਤ। ਕੇਤੜਾ = ਕੇਡਾ ਵੱਡਾ? ਕਹਿ ਨ ਸਕੀਜੈ = ਬਿਆਨ ਨਹੀਂ ਕੀਤੀ ਜਾ ਸਕਦੀ। ਕਾਰ = ਪ੍ਰਭੂ ਦੀ ਰਚਨਾ। ਤ੍ਰਿਣੁ = ਤ੍ਰਿਣ ਜਿਤਨਾ, ਰਤਾ ਭਰ ਭੀ। ਬਪੁੜੀ ਗਵਾਰ = ਵਿਚਾਰੇ ਗੰਵਾਰਾਂ ਨੇ। ਆਖਿ ਆਖਿ ਆਖਹਿ = ਬੇਅੰਤ ਵਾਰੀ ਆਖਦੇ ਹਨ। ਥਕਹਿ = ਥੱਕ ਜਾਂਦੇ ਹਨ। ਬਪੁੜੀ = ਬਪੁੜੀਂ, ਵਿਚਾਰਿਆਂ ਨੇ। ਨਾਨਕੁ ਕਹੈ– ਨਾਨਕ ਆਖਦਾ ਹੈ। ਅਰਥ: ਰਾਤਾਂ, ਦਿਹਾੜੇ, ਥਿੱਤਾਂ, ਵਾਰ, ਰੁੱਤਾਂ, ਮਹੀਨੇ; ਧਰਤੀਆਂ ਤੇ ਧਰਤੀਆਂ ਉਤੇ ਪੈਦਾ ਹੋਏ ਸਾਰੇ ਪਦਾਰਥ, ਹਵਾ, ਪਾਣੀ, ਅੱਗ, ਧਰਤੀ ਦੇ ਹੇਠਲੇ ਪਾਸੇ (ਦੇ ਪਦਾਰਥ) ; ਧਰਤੀਆਂ ਦੇ ਮੰਡਲ, ਬ੍ਰਹਮੰਡ ਦੇ ਬੇਅੰਤ ਹਿੱਸੇ, ਹਰੇਕ ਲੋਕ ਦੇ (ਬੇਅੰਤ ਕਿਸਮਾਂ ਦੇ) ਜੀਅ-ਜੰਤ = ਇਹ ਸਾਰੀ ਰਚਨਾ (ਕੇਡੀ ਕੁ ਹੈ) ਬਿਆਨ ਨਹੀਂ ਕੀਤੀ ਜਾ ਸਕਦੀ, (ਇਸ ਰਚਨਾ ਨੂੰ ਬਣਾਣ ਵਾਲੇ ਪ੍ਰਭੂ ਦਾ) ਹੁਕਮ ਕਿਤਨਾ ਵੱਡਾ ਹੈ– ਇਹ ਭੀ ਪਤਾ ਨਹੀਂ ਲੱਗ ਸਕਦਾ। ਪਰਮਾਤਮਾ ਦੀਆਂ ਸਿਫ਼ਤਾਂ ਦਾ ਵਿਚਾਰ ਕਰ ਕੇ ਲੋਕ ਮੁੜ ਮੁੜ ਬੇਅੰਤ ਵਾਰੀ (ਉਸ ਦੀਆਂ ਵਡਿਆਈਆਂ) ਬਿਆਨ ਕਰਦੇ ਹਨ ਤੇ (ਬਿਆਨ ਕਰ ਕੇ) ਥੱਕ ਜਾਂਦੇ ਹਨ; ਪਰ, ਨਾਨਕ ਆਖਦਾ ਹੈ, ਵਿਚਾਰੇ ਗੰਵਾਰਾਂ ਨੇ ਪ੍ਰਭੂ ਦਾ ਰਤਾ ਭਰ ਭੀ ਅੰਤ ਨਹੀਂ ਲੱਭਾ।1। |
Sri Guru Granth Darpan, by Professor Sahib Singh |