ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 1242

ਮਃ ੧ ॥ ਅਖੀ ਪਰਣੈ ਜੇ ਫਿਰਾਂ ਦੇਖਾਂ ਸਭੁ ਆਕਾਰੁ ॥ ਪੁਛਾ ਗਿਆਨੀ ਪੰਡਿਤਾਂ ਪੁਛਾ ਬੇਦ ਬੀਚਾਰ ॥ ਪੁਛਾ ਦੇਵਾਂ ਮਾਣਸਾਂ ਜੋਧ ਕਰਹਿ ਅਵਤਾਰ ॥ ਸਿਧ ਸਮਾਧੀ ਸਭਿ ਸੁਣੀ ਜਾਇ ਦੇਖਾਂ ਦਰਬਾਰੁ ॥ ਅਗੈ ਸਚਾ ਸਚਿ ਨਾਇ ਨਿਰਭਉ ਭੈ ਵਿਣੁ ਸਾਰੁ ॥ ਹੋਰ ਕਚੀ ਮਤੀ ਕਚੁ ਪਿਚੁ ਅੰਧਿਆ ਅੰਧੁ ਬੀਚਾਰੁ ॥ ਨਾਨਕ ਕਰਮੀ ਬੰਦਗੀ ਨਦਰਿ ਲੰਘਾਏ ਪਾਰਿ ॥੨॥ {ਪੰਨਾ 1242}

ਪਦ ਅਰਥ: ਅਖੀ ਪਰਣੈ = ਅੱਖਾਂ ਦੇ ਭਾਰ। ਸਭੁ ਆਕਾਰੁ = ਸਾਰਾ ਜਗਤ। ਮਾਣਸਾਂ = ਮਨੁੱਖਾਂ ਨੂੰ। ਕਰਹਿ ਅਵਤਾਰ = ਜੰਮਦੇ ਹਨ, ਬਣਦੇ ਹਨ। ਜੋਧ = ਸੂਰਮੇ। ਸੁਣੀ = ਮੈਂ ਸੁਣਾਂ। ਦਰਬਾਰੁ = ਪ੍ਰਭੂ ਦੀ ਹਜ਼ੂਰੀ। ਸਚਿ ਨਾਇ = ਸੱਚੇ ਨਾਮ ਦੇ ਰਾਹੀਂ, ਨਾਮ ਸਿਮਰਨ ਨਾਲ। ਭੈ ਵਿਣੁ = ਡਰ-ਰਹਿਤ। ਸਾਰੁ = ਜਗਤ ਦਾ ਮੂਲ। ਕਚੁ ਪਿਚੁ = ਕੱਚਾ-ਪਿੱਲਾ। ਅੰਧੁ ਬੀਚਾਰੁ = ਅੰਨ੍ਹਿਆਂ ਵਾਲਾ ਅੰਦਾਜ਼ਾ; ਅੰਨ੍ਹਿਆਂ ਵਾਲਾ ਟਟੌਲਾ। ਕਰਮੀ = ਪ੍ਰਭੂ ਦੀ ਮਿਹਰ ਨਾਲ। ਨਦਰਿ = ਮਿਹਰ ਦੀ ਨਜ਼ਰ ਨਾਲ।

ਅਰਥ: ਜੇ ਮੈਂ ਅੱਖਾਂ ਦੇ ਭਾਰ ਹੋ ਕੇ ਫਿਰਾਂ ਤੇ ਸਾਰਾ ਜਗਤ (ਫਿਰ ਕੇ) ਵੇਖ ਲਵਾਂ; ਜੇ ਮੈਂ ਗਿਆਨਵਾਨ ਪੰਡਿਤਾਂ ਨੂੰ ਵੇਦਾਂ ਦੇ ਡੂੰਘੇ ਭੇਤ ਪੁੱਛ ਲਵਾਂ; ਜੇ ਮੈਂ ਦੇਵਤਿਆਂ ਨੂੰ ਜਾ ਪੁੱਛਾਂ, ਉਹਨਾਂ ਮਨੁੱਖਾਂ ਨੂੰ ਜਾ ਕੇ ਪੁੱਛਾਂ ਜੋ ਬੜੇ ਬੜੇ ਸੂਰਮੇ ਬਣਦੇ ਹਨ; ਜੇ ਸਮਾਧੀ ਲਾਣ ਵਾਲੇ ਪੁੱਗੇ ਹੋਏ ਜੋਗੀਆਂ ਦੀਆਂ ਸਾਰੀਆਂ ਮੱਤਾਂ ਜਾ ਸੁਣਾਂ ਕਿ ਪ੍ਰਭੂ ਦਾ ਦਰਬਾਰ ਮੈਂ ਕਿਵੇਂ ਜਾ ਕੇ ਵੇਖਾਂ = (ਇਹਨਾਂ ਸਾਰੇ ਉੱਦਮਾਂ ਦੇ) ਸਾਹਮਣੇ (ਇੱਕੋ ਹੀ ਸੁਚੱਜੀ ਮਤਿ ਹੈ ਕਿ) ਸਦਾ ਕਾਇਮ ਰਹਿਣ ਵਾਲਾ ਪ੍ਰਭੂ, ਜੋ ਨਿਰਭਉ ਹੈ ਜਿਸ ਨੂੰ ਕਿਸੇ ਦਾ ਡਰ ਨਹੀਂ ਤੇ ਜੋ ਸਾਰੇ ਜਗਤ ਦਾ ਮੂਲ ਹੈ, ਸਿਮਰਨ ਦੀ ਰਾਹੀਂ ਹੀ ਮਿਲਦਾ ਹੈ; (ਸਿਮਰਨ ਤੋਂ ਬਿਨਾ) ਹੋਰ ਸਾਰੀਆਂ ਮੱਤਾਂ ਕੱਚੀਆਂ ਹਨ, ਹੋਰ ਸਾਰੇ ਉੱਦਮ ਕੱਚੇ-ਪਿੱਲੇ ਹਨ (ਸਿਮਰਨ ਤੋਂ ਖੁੰਝੇ ਹੋਏ) ਅੰਨ੍ਹਿਆਂ ਦੇ ਅੰਨ੍ਹੇ ਟਟੌਲੇ ਹੀ ਹਨ।

ਹੇ ਨਾਨਕ! ਇਹ ਸਿਮਰਨ ਪ੍ਰਭੂ ਦੀ ਮਿਹਰ ਨਾਲ ਮਿਲਦਾ ਹੈ, ਪ੍ਰਭੂ ਆਪਣੀ ਮਿਹਰ ਦੀ ਨਜ਼ਰ ਨਾਲ ਹੀ ਪਾਰ ਲੰਘਾਂਦਾ ਹੈ।2।

ਪਉੜੀ ॥ ਨਾਇ ਮੰਨਿਐ ਦੁਰਮਤਿ ਗਈ ਮਤਿ ਪਰਗਟੀ ਆਇਆ ॥ ਨਾਉ ਮੰਨਿਐ ਹਉਮੈ ਗਈ ਸਭਿ ਰੋਗ ਗਵਾਇਆ ॥ ਨਾਇ ਮੰਨਿਐ ਨਾਮੁ ਊਪਜੈ ਸਹਜੇ ਸੁਖੁ ਪਾਇਆ ॥ ਨਾਇ ਮੰਨਿਐ ਸਾਂਤਿ ਊਪਜੈ ਹਰਿ ਮੰਨਿ ਵਸਾਇਆ ॥ ਨਾਨਕ ਨਾਮੁ ਰਤੰਨੁ ਹੈ ਗੁਰਮੁਖਿ ਹਰਿ ਧਿਆਇਆ ॥੧੧॥ {ਪੰਨਾ 1242}

ਪਦ ਅਰਥ: ਦੁਰਮਤਿ = ਭੈੜੀ ਮਤਿ। ਪਰਗਟੀ ਆਇਆ = ਪਰਗਟ ਹੋ ਪੈਂਦੀ ਹੈ। ਨਾਇ ਮੰਨਿਐ, ਨਾਉ ਉਪਜੈ = (ਵੇਖੋ ਪਉੜੀ ਨੰ: 6 ਤੀਜੀ ਤੁਕ) ਜੇ ਨਾਮ ਵਿਚ ਮਨ ਗਿੱਝ ਜਾਏ ਤਾਂ (ਮਨ ਵਿਚ) ਨਾਮ (ਜਪਣ ਦੀ ਤਾਂਘ) ਪੈਦਾ ਹੋਈ ਰਹਿੰਦੀ ਹੈ। ਮੰਨਿ = ਮਨਿ, ਮਨ ਵਿਚ। ਰਤੰਨੁ = ਕੀਮਤੀ ਮੋਤੀ। ਗੁਰਮੁਖਿ = ਉਹ ਮਨੁੱਖ ਜੋ ਗੁਰੂ ਦੇ ਸਨਮੁਖ ਹੈ।

ਅਰਥ: ਜੇ ਮਨ ਨਾਮ ਸਿਮਰਨ ਵਿਚ ਗਿੱਝ ਜਾਏ ਤਾਂ ਭੈੜੀ ਮਤਿ ਦੂਰ ਹੋ ਜਾਂਦੀ ਹੈ ਤੇ (ਚੰਗੀ) ਮਤਿ ਚਮਕ ਪੈਂਦੀ ਹੈ; ਹਉਮੈ ਦੂਰ ਹੋ ਜਾਂਦੀ ਹੈ, ਸਾਰੇ ਹੀ (ਮਨ ਦੇ) ਰੋਗ ਨਾਸ ਹੋ ਜਾਂਦੇ ਹਨ; ਜੇ ਨਾਮ ਵਿਚ ਮਨ ਗਿੱਝ ਜਾਏ ਤਾਂ (ਮਨ ਵਿਚ) ਨਾਮ (ਜਪਣ ਦਾ ਚਾਉ) ਪੈਦਾ ਹੋ ਜਾਂਦਾ ਹੈ ਤੇ ਅਡੋਲ ਅਵਸਥਾ ਵਿਚ ਅੱਪੜ ਕੇ ਸੁਖ ਪ੍ਰਾਪਤ ਹੁੰਦਾ ਹੈ; ਮਨ ਵਿਚ ਠੰਢ ਵਰਤ ਜਾਂਦੀ ਹੈ, ਪ੍ਰਭੂ ਮਨ ਵਿਚ ਆ ਵੱਸਦਾ ਹੈ।

ਹੇ ਨਾਨਕ! (ਪ੍ਰਭੂ ਦਾ) ਨਾਮ (ਮਾਨੋ) ਇਕ ਕੀਮਤੀ ਮੋਤੀ ਹੈ, ਪਰ ਹਰਿ-ਨਾਮ ਸਿਮਰਦਾ ਉਹ ਮਨੁੱਖ ਹੈ ਜੋ ਗੁਰੂ ਦੇ ਸਨਮੁਖ ਹੁੰਦਾ ਹੈ।11।

ਸਲੋਕ ਮਃ ੧ ॥ ਹੋਰੁ ਸਰੀਕੁ ਹੋਵੈ ਕੋਈ ਤੇਰਾ ਤਿਸੁ ਅਗੈ ਤੁਧੁ ਆਖਾਂ ॥ ਤੁਧੁ ਅਗੈ ਤੁਧੈ ਸਾਲਾਹੀ ਮੈ ਅੰਧੇ ਨਾਉ ਸੁਜਾਖਾ ॥ ਜੇਤਾ ਆਖਣੁ ਸਾਹੀ ਸਬਦੀ ਭਾਖਿਆ ਭਾਇ ਸੁਭਾਈ ॥ ਨਾਨਕ ਬਹੁਤਾ ਏਹੋ ਆਖਣੁ ਸਭ ਤੇਰੀ ਵਡਿਆਈ ॥੧॥ {ਪੰਨਾ 1242}

ਪਦ ਅਰਥ: ਮੈ = ਮੈਨੂੰ। ਸੁਜਾਖਾ = ਅੱਖਾਂ ਦੇਣ ਵਾਲਾ, ਸੁਜਾਖਾ ਕਰਨ ਵਾਲਾ। ਜੇਤਾ ਆਖਣੁ = ਜਿਤਨਾ ਕੁਝ (ਬਿਆਨ ਕੀਤਾ) ਹੈ। ਸਾਹੀ = ਸ਼ਾਹੀ, ਸਿਆਹੀ ਨਾਲ (ਲਿਖ ਕੇ) । ਸਬਦਿ = ਸ਼ਬਦਾਂ ਦੀ ਰਾਹੀਂ (ਬੋਲ ਕੇ) । ਭਾਖਿਆ = ਮੈਂ ਆਖਿਆ ਹੈ। ਭਾਇ ਸੁਭਾਇ = ਪਿਆਰ ਦੇ ਸੁਭਾਉ ਨਾਲ, ਪਿਆਰ ਦੀ ਖਿੱਚ ਵਿਚ। ਬਹੁਤਾ ਏਹੋ ਆਖਣੁ = ਸਿਰੇ ਦੀ ਗੱਲ ਇਹੀ ਹੈ।

(ਨੋਟ: ਕਈ ਸੱਜਣ ਲਫ਼ਜ਼ 'ਸਾਹੀ' ਨੂੰ ਦੋ ਲਫ਼ਜ਼ਾਂ ਵਿਚ ਵੰਡ ਕੇ 'ਸਾ ਹੀ' ਪਾਠ ਕਰਦੇ ਹਨ ਤੇ ਲਫ਼ਜ਼ 'ਸਾ' ਨੂੰ ਲਫ਼ਜ਼ 'ਆਖਣੁ' ਦਾ ਪੜਨਾਂਵ ਸਮਝਦੇ ਹਨ, ਤੇ ਅਰਥ ਇਉਂ ਕਰਦੇ ਹਨ– ਜੋ ਕੁਝ ਆਖਣਾ ਹੁੰਦਾ ਹੈ ਉਹ ਸਾਰਾ ਹੀ...। ਪਰ ਵਿਆਕਰਣ ਅਨੁਸਾਰ 'ਆਖਣੁ' ਪੁਲਿੰਗ ਹੈ ਤੇ 'ਸਾ' ਇਸਤ੍ਰੀਲਿੰਗ ਹੈ; ਜਿਵੇਂ,

"ਸੋਈ ਚੰਦੁ ਚੜਹਿ ਸੇ ਤਾਰੈ ਸੋਈ ਦਿਨੀਅਰੁ ਤਪਤ ਰਹੈ ॥
ਸਾ ਧਰਤੀ ਸੋ ਪਵਨੁ ਝੁਲਾਰੈ ... ... ... ... ... ... ॥" (ਰਾਮਕਲੀ ਮ: 1

ਪੁਲਿੰਗ ਵਾਸਤੇ 'ਸੋ' ਜਾਂ 'ਸੋਈ' ਇਸਤ੍ਰੀਲਿੰਗ ਵਾਸਤੇ 'ਸਾ' ਜਾਂ 'ਸਾਈ': 'ਸਾਈ ਭਲੀ ਕਾਰ') ।

ਅਰਥ: ਹੇ ਪ੍ਰਭੂ! ਜੇ ਕੋਈ ਹੋਰ ਤੇਰੇ ਬਰਾਬਰ ਦਾ ਹੋਵੇ ਤਾਂ ਹੀ ਉਸ ਦੇ ਸਾਹਮਣੇ ਮੈਂ ਤੇਰਾ ਜ਼ਿਕਰ ਕਰਾਂ (ਪਰ ਤੇਰੇ ਵਰਗਾ ਹੋਰ ਕੋਈ ਨਹੀਂ ਹੈ, ਸੋ) ਤੇਰੀ ਸਿਫ਼ਤਿ-ਸਾਲਾਹ ਮੈਂ ਤੇਰੇ ਅੱਗੇ ਹੀ ਕਰ ਸਕਦਾ ਹਾਂ (ਤੇਰੇ ਵਰਗਾ ਮੈਂ ਤੈਨੂੰ ਹੀ ਆਖ ਸਕਦਾ ਹਾਂ, ਤੇ ਜਿਉਂ ਜਿਉਂ ਮੈਂ ਤੇਰੀ ਸਿਫ਼ਤਿ ਕਰਦਾ ਹਾਂ) ਤੇਰਾ ਨਾਮ ਮੈਨੂੰ (ਆਤਮਕ ਜੀਵਨ ਵਲੋਂ) ਅੰਨ੍ਹੇ ਨੂੰ ਅੱਖਾਂ ਲਈ ਚਾਨਣ ਦੇਂਦਾ ਹੈ। ਲਿਖ ਕੇ ਜਾਂ ਬੋਲ ਕੇ ਜੋ ਕੁਝ ਮੈਂ ਤੇਰੀ ਸਿਫ਼ਤਿ ਵਿਚ ਆਖਿਆ ਹੈ ਉਹ ਸਭ ਤੇਰੇ ਪਿਆਰ ਦੀ ਖਿੱਚ ਵਿਚ ਹੀ ਆਖਿਆ ਹੈ; ਨਹੀਂ ਤਾਂ ਸਭ ਤੋਂ ਵੱਡੀ ਗੱਲ ਆਖਣੀ ਨਾਨਕ ਨੂੰ ਇਹੋ ਫਬਦੀ ਹੈ ਕਿ (ਜੋ ਕੁਝ ਹੈ) ਸਭ ਤੇਰੀ ਹੀ ਵਡਿਆਈ ਹੈ।1।

ਮਃ ੧ ॥ ਜਾਂ ਨ ਸਿਆ ਕਿਆ ਚਾਕਰੀ ਜਾਂ ਜੰਮੇ ਕਿਆ ਕਾਰ ॥ ਸਭਿ ਕਾਰਣ ਕਰਤਾ ਕਰੇ ਦੇਖੈ ਵਾਰੋ ਵਾਰ ॥ ਜੇ ਚੁਪੈ ਜੇ ਮੰਗਿਐ ਦਾਤਿ ਕਰੇ ਦਾਤਾਰੁ ॥ ਇਕੁ ਦਾਤਾ ਸਭਿ ਮੰਗਤੇ ਫਿਰਿ ਦੇਖਹਿ ਆਕਾਰੁ ॥ ਨਾਨਕ ਏਵੈ ਜਾਣੀਐ ਜੀਵੈ ਦੇਵਣਹਾਰੁ ॥੨॥ {ਪੰਨਾ 1242}

ਪਦ ਅਰਥ: ਜਾਂ = ਜਦੋਂ। ਨ ਸਿਆ = ਨਹੀਂ ਸੀ, ਹੋਂਦ ਵਿਚ ਨਹੀਂ ਸੀ ਆਇਆ। ਚਾਕਰੀ = ਨੌਕਰੀ, ਕਮਾਈ। ਕਿਆ = ਕੇਹੜੀ? ਕਾਰ = ਕਿਰਤ। ਸਭਿ = ਸਾਰੇ। ਵਾਰੋ ਵਾਰ = ਬਾਰ ਬਾਰ, ਮੁੜ ਮੁੜ, ਸਦਾ। ਦੇਖੈ = ਸੰਭਾਲ ਕਰਦਾ ਹੈ। ਜੇ ਚੁਪੈ = ਜੇ ਚੁੱਪ ਕਰ ਰਹੀਏ। ਜੇ ਮੰਗਿਐ = ਜੇ ਕੁਝ ਮੰਗੀਏ। ਫਿਰਿ = ਫਿਰ ਕੇ, ਭੌਂ ਕੇ। ਆਕਾਰੁ = ਜਗਤ। ਏਵੈ = ਇਸ ਤਰ੍ਹਾਂ। ਜਾਣੀਐ = ਸਮਝ ਪੈਂਦੀ ਹੈ।

ਅਰਥ: ਜਦੋਂ ਜੀਵ ਹੋਂਦ ਵਿਚ ਨਹੀਂ ਸੀ ਆਇਆ ਤਦੋਂ ਇਹ ਕੇਹੜੀ ਕਮਾਈ ਕਰ ਸਕਦਾ ਸੀ, ਤੇ ਜਦੋਂ ਜੰਮ ਪਏ ਤਾਂ ਭੀ ਕੇਹੜੀ ਕਿਰਤ ਕੀਤੀ? (ਭਾਵ, ਜੀਵ ਦੇ ਕੁਝ ਵੱਸ ਨਹੀਂ) ; ਜਿਸਨੇ ਪੈਦਾ ਕੀਤਾ ਹੈ ਉਹ ਆਪ ਹੀ ਸਾਰੇ ਸਬੱਬ ਬਣਾਂਦਾ ਹੈ ਤੇ ਸਦਾ ਜੀਵਾਂ ਦੀ ਸੰਭਾਲ ਕਰਦਾ ਹੈ; ਭਾਵੇਂ ਚੁੱਪ ਕਰ ਰਹੀਏ ਤੇ ਭਾਵੇਂ ਮੰਗੀਏ, ਦਾਤਾਂ ਦੇਣ ਵਾਲਾ ਕਰਤਾਰ ਆਪ ਹੀ ਦਾਤਾਂ ਦੇਂਦਾ ਹੈ।

ਜਦੋਂ ਜੀਵ ਸਾਰਾ ਜਗਤ ਫਿਰ ਕੇ (ਇਹ ਗੱਲ) ਵੇਖ ਲੈਂਦੇ ਹਨ (ਤਾਂ ਆਖਦੇ ਹਨ ਕਿ) ਇਕ ਪਰਮਾਤਮਾ ਦਾਤਾ ਹੈ ਤੇ ਸਾਰੇ ਜੀਵ ਉਸ ਦੇ ਮੰਗਤੇ ਹਨ। ਹੇ ਨਾਨਕ! ਇਸ ਤਰ੍ਹਾਂ ਸਮਝ ਪੈਂਦੀ ਹੈ ਕਿ ਦਾਤਾਂ ਦੇਣ ਵਾਲਾ ਪ੍ਰਭੂ (ਸਦਾ ਹੀ) ਜੀਉਂਦਾ ਰਹਿੰਦਾ ਹੈ।2।

ਪਉੜੀ ॥ ਨਾਇ ਮੰਨਿਐ ਸੁਰਤਿ ਊਪਜੈ ਨਾਮੇ ਮਤਿ ਹੋਈ ॥ ਨਾਇ ਮੰਨਿਐ ਗੁਣ ਉਚਰੈ ਨਾਮੇ ਸੁਖਿ ਸੋਈ ॥ ਨਾਇ ਮੰਨਿਐ ਭ੍ਰਮੁ ਕਟੀਐ ਫਿਰਿ ਦੁਖੁ ਨ ਹੋਈ ॥ ਨਾਇ ਮੰਨਿਐ ਸਾਲਾਹੀਐ ਪਾਪਾਂ ਮਤਿ ਧੋਈ ॥ ਨਾਨਕ ਪੂਰੇ ਗੁਰ ਤੇ ਨਾਉ ਮੰਨੀਐ ਜਿਨ ਦੇਵੈ ਸੋਈ ॥੧੨॥ {ਪੰਨਾ 1242}

ਪਦ ਅਰਥ: ਸੁਰਤਿ = ਜਾਗ, ਚੇਤਾ, ਸਮਝ, ਲਿਵ। ਸੁਖਿ = ਸੁਖ ਵਿਚ। ਸੋਈ = ਸੌਂਦਾ ਹੈ, ਟਿਕਦਾ ਹੈ। ਭ੍ਰਮ = ਭਟਕਣਾ (ਵੇਖੋ ਪਉੜੀ ਨੰ: 2 ਤੀਜੀ ਤੁਕ) । ਧੋਈ = ਧੁਪ ਜਾਂਦੀ ਹੈ। ਨਾਉ ਮੰਨੀਐ (ਵੇਖੋ ਪਉੜੀ ਨੰ: 9 ਪੰਜਵੀਂ ਤੁਕ) ਨਾਮ (ਦਾ ਸਿਮਰਨ, ਜੀਵਨ ਦਾ ਸਹੀ ਰਸਤਾ) ਮੰਨਿਆ ਜਾ ਸਕਦਾ ਹੈ।

ਅਰਥ: ਜੇ ਮਨ ਨਾਮ ਵਿਚ ਗਿੱਝ ਜਾਏ ਤਾਂ (ਅੰਦਰ ਨਾਮ ਦੀ) ਲਿਵ ਪੈਦਾ ਹੋਈ ਰਹਿੰਦੀ ਹੈ ਤੇ ਨਾਮ ਵਿਚ ਹੀ ਮਤਿ (ਪ੍ਰਵਿਰਤ ਹੁੰਦੀ) ਹੈ; ਮਨੁੱਖ ਪ੍ਰਭੂ ਦੇ ਗੁਣ ਆਖਣ ਲੱਗ ਪੈਂਦਾ ਹੈ ਤੇ ਨਾਮ ਵਿਚ ਹੀ ਸੁਖ ਆਨੰਦ ਨਾਲ ਟਿਕਦਾ ਹੈ; ਭਟਕਣਾ ਕੱਟੀ ਜਾਂਦੀ ਹੈ, ਤੇ ਫਿਰ ਕੋਈ ਦੁੱਖ ਨਹੀਂ ਵਿਆਪਦਾ; ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਨ ਲੱਗ ਪਈਦੀ ਹੈ ਤੇ ਪਾਪਾਂ ਵਾਲੀ ਮਤਿ ਧੁੱਪ ਜਾਂਦੀ ਹੈ।

ਹੇ ਨਾਨਕ! ਪੂਰੇ ਸਤਿਗੁਰੂ ਤੋਂ ਇਹ ਨਿਸ਼ਚਾ ਆਉਂਦਾ ਹੈ ਕਿ ਨਾਮ (-ਸਿਮਰਨ ਜੀਵਨ ਦਾ ਸਹੀ ਰਸਤਾ) ਹੈ (ਇਹ ਦਾਤਿ ਉਹਨਾਂ ਨੂੰ ਮਿਲਦੀ ਹੈ) ਜਿਨ੍ਹਾਂ ਨੂੰ ਉਹ ਪ੍ਰਭੂ ਆਪ ਦੇਂਦਾ ਹੈ।12।

ਸਲੋਕ ਮਃ ੧ ॥ ਸਾਸਤ੍ਰ ਬੇਦ ਪੁਰਾਣ ਪੜ੍ਹ੍ਹੰਤਾ ॥ ਪੂਕਾਰੰਤਾ ਅਜਾਣੰਤਾ ॥ ਜਾਂ ਬੂਝੈ ਤਾਂ ਸੂਝੈ ਸੋਈ ॥ ਨਾਨਕੁ ਆਖੈ ਕੂਕ ਨ ਹੋਈ ॥੧॥ {ਪੰਨਾ 1242}

ਪਦ ਅਰਥ: ਪੂਕਾਰੰਤਾ = ਪੁਕਾਰਦਾ ਹੈ, ਹੋਰਨਾਂ ਨੂੰ ਉੱਚੀ ਬੋਲ ਬੋਲ ਕੇ ਸੁਣਾਉਂਦਾ ਹੈ। ਅਜਾਣੰਤਾ = ਅ+ਜਾਣੰਤਾ, ਨਹੀਂ ਜਾਣਦਾ, ਆਪ ਕੁਝ ਨਹੀਂ ਸਮਝਦਾ। ਜਾਂ = ਜਦੋਂ। ਸੋਈ = ਉਹ ਪ੍ਰਭੂ ਹੀ। ਸੂਝੈ = ਦਿੱਸੇ। ਕੂਕ = ਉੱਚੀ ਉੱਚੀ ਬੋਲਣਾ। ਨ ਹੋਈ = ਨਹੀਂ ਹੁੰਦਾ, ਮੁੱਕ ਜਾਂਦਾ ਹੈ।

ਅਰਥ: (ਜਦ ਤਕ ਮਨੁੱਖ) ਸ਼ਾਸਤ੍ਰਾਂ ਵੇਦ ਪੁਰਾਣ (ਆਦਿਕ ਧਰਮ-ਪੁਸਤਕਾਂ ਨੂੰ ਨਿਰਾ) ਪੜ੍ਹਦਾ ਰਹਿੰਦਾ ਹੈ (ਉਤਨਾ ਚਿਰ) ਉੱਚੀ ਉੱਚੀ ਬੋਲਦਾ ਹੈ (ਹੋਰਨਾਂ ਨੂੰ ਸੁਣਾਉਂਦਾ ਹੈ) ਪਰ ਆਪ ਸਮਝਦਾ ਕੁਝ ਨਹੀਂ; ਜਦੋਂ (ਧਰਮ ਪੁਸਤਕਾਂ ਦੇ ਉਪਦੇਸ਼ ਦਾ) ਭੇਤ ਪਾ ਲੈਂਦਾ ਹੈ ਤਦੋਂ (ਇਸ ਨੂੰ ਹਰ ਥਾਂ) ਪ੍ਰਭੂ ਹੀ ਦਿੱਸਦਾ ਹੈ, ਤੇ, ਨਾਨਕ ਆਖਦਾ ਹੈ, ਇਸ ਦੀਆਂ ਟਾਹਰਾਂ ਮੁੱਕ ਜਾਂਦੀਆਂ ਹਨ।

ਮਃ ੧ ॥ ਜਾਂ ਹਉ ਤੇਰਾ ਤਾਂ ਸਭੁ ਕਿਛੁ ਮੇਰਾ ਹਉ ਨਾਹੀ ਤੂ ਹੋਵਹਿ ॥ ਆਪੇ ਸਕਤਾ ਆਪੇ ਸੁਰਤਾ ਸਕਤੀ ਜਗਤੁ ਪਰੋਵਹਿ ॥ ਆਪੇ ਭੇਜੇ ਆਪੇ ਸਦੇ ਰਚਨਾ ਰਚਿ ਰਚਿ ਵੇਖੈ ॥ ਨਾਨਕ ਸਚਾ ਸਚੀ ਨਾਂਈ ਸਚੁ ਪਵੈ ਧੁਰਿ ਲੇਖੈ ॥੨॥ {ਪੰਨਾ 1242}

ਪਦ ਅਰਥ: ਹਉ = ਮੈਂ। ਸਕਤਾ = ਜ਼ੋਰ ਵਾਲਾ। ਸੁਰਤਾ = ਸੁਰਤਿ ਵਾਲਾ। ਸਕਤੀ = ਆਪਣੀ ਸੱਤਿਆ (ਦੇ ਧਾਗੇ) ਵਿਚ। ਵੇਖੈ = ਸੰਭਾਲ ਕਰਦਾ ਹੈ। ਨਾਂਈ = ਵਡਿਆਈ (ਅਰਬੀ Ônw ਤੋਂ ਪੰਜਾਬੀ ਰੂਪ 'ਨਾਈ' ਅਤੇ 'ਅਸਨਾਈ' ਹਨ; ਵੇਖੋ 'ਗੁਰਬਾਣੀ ਵਿਆਕਰਣ') । ਲੇਖੈ ਪਵੈ = ਪ੍ਰਵਾਨ ਹੁੰਦਾ ਹੈ।

ਅਰਥ: ਜਦੋਂ ਮੈਂ ਤੇਰਾ ਬਣ ਜਾਂਦਾ ਹਾਂ ਤਦੋਂ ਜਗਤ ਵਿਚ ਸਭ ਕੁਝ ਮੈਨੂੰ ਆਪਣਾ ਜਾਪਦਾ ਹੈ (ਕਿਉਂਕਿ ਉਸ ਵੇਲੇ) ਮੇਰੀ ਅਪਣੱਤ ਨਹੀਂ ਹੁੰਦੀ, ਤੂੰ ਹੀ ਮੈਨੂੰ ਦਿੱਸਦਾ ਹੈਂ, ਤੂੰ ਆਪ ਹੀ ਜ਼ੋਰ ਦਾ ਮਾਲਕ, ਤੂੰ ਆਪ ਹੀ ਸੁਰਤਿ ਦਾ ਮਾਲਕ ਮੈਨੂੰ ਪ੍ਰਤੀਤ ਹੁੰਦਾ ਹੈਂ, ਤੂੰ ਆਪ ਹੀ ਜਗਤ ਨੂੰ ਆਪਣੀ ਸੱਤਿਆ (ਦੇ ਧਾਗੇ) ਵਿਚ ਪਰੋਣ ਵਾਲਾ ਜਾਪਦਾ ਹੈਂ।

ਹੇ ਨਾਨਕ! ਪ੍ਰਭੂ ਆਪ ਹੀ (ਜੀਵਾਂ ਨੂੰ ਇਥੇ) ਭੇਜਦਾ ਹੈ, ਆਪ ਹੀ (ਇਥੋਂ ਵਾਪਸ) ਬੁਲਾ ਲੈਂਦਾ ਹੈ, ਸ੍ਰਿਸ਼ਟੀ ਪੈਦਾ ਕਰ ਕੇ ਆਪ ਹੀ ਸੰਭਾਲ ਕਰ ਰਿਹਾ ਹੈ; ਉਹ ਸਦਾ-ਥਿਰ ਰਹਿਣ ਵਾਲਾ ਹੈ, ਉਸ ਦੀ ਵਡਿਆਈ ਸਦਾ ਕਾਇਮ ਰਹਿਣ ਵਾਲੀ ਹੈ; ਉਸ ਦੇ ਨਾਮ ਦਾ ਸਿਮਰਨ ਹੀ ਉਸਦੀ ਹਜ਼ੂਰੀ ਵਿਚ ਕਬੂਲ ਹੁੰਦਾ ਹੈ।2।

ਪਉੜੀ ॥ ਨਾਮੁ ਨਿਰੰਜਨ ਅਲਖੁ ਹੈ ਕਿਉ ਲਖਿਆ ਜਾਈ ॥ ਨਾਮੁ ਨਿਰੰਜਨ ਨਾਲਿ ਹੈ ਕਿਉ ਪਾਈਐ ਭਾਈ ॥ ਨਾਮੁ ਨਿਰੰਜਨ ਵਰਤਦਾ ਰਵਿਆ ਸਭ ਠਾਂਈ ॥ ਗੁਰ ਪੂਰੇ ਤੇ ਪਾਈਐ ਹਿਰਦੈ ਦੇਇ ਦਿਖਾਈ ॥ ਨਾਨਕ ਨਦਰੀ ਕਰਮੁ ਹੋਇ ਗੁਰ ਮਿਲੀਐ ਭਾਈ ॥੧੩॥ {ਪੰਨਾ 1242}

ਪਦ ਅਰਥ: ਅਲਖੁ = (ਅ+ਲਖੁ) ਜਿਸ ਦਾ ਕੋਈ ਖ਼ਾਸ ਚਿੰਨ੍ਹ ਨਾਹ ਦਿੱਸੇ, ਅਦ੍ਰਿਸ਼ਟ। ਲਖ = (ਸੰ: ਲਖ੍ਹ, to see, to indicate, characterise) ਬਿਆਨ ਕਰਨਾ। ਰਵਿਆ = ਵਿਆਪਕ ਹੈ। ਦੇਇ ਦਿਖਾਈ = ਵਿਖਾ ਦੇਂਦਾ ਹੈ। ਨਦਰੀ = (ਪ੍ਰਭੂ ਦੀ ਸਵੱਲੀ) ਨਿਗਾਹ ਨਾਲ। ਕਰਮੁ = ਮਿਹਰ, ਬਖ਼ਸ਼ਸ਼। ਗੁਰ ਮਿਲੀਐ = ਜੇ ਗੁਰੂ ਨੂੰ ਮਿਲੀਏ।

ਅਰਥ: ਮਾਇਆ-ਰਹਿਤ ਪ੍ਰਭੂ ਦਾ ਨਾਮ (ਐਸਾ ਹੈ ਜਿਸ) ਦਾ ਕੋਈ ਖ਼ਾਸ ਚਿੰਨ੍ਹ ਨਹੀਂ ਦਿੱਸਦਾ, (ਤਾਂ ਫਿਰ) ਉਸ ਨੂੰ ਬਿਆਨ ਕਿਵੇਂ ਕੀਤਾ ਜਾਏ?

ਹੇ ਭਾਈ! ਨਿਰੰਜਨ ਦਾ ਨਾਮ ਸਭ ਥਾਈਂ ਵਿਆਪਕ ਹੈ ਤੇ ਮੌਜੂਦ ਹੈ, (ਅਸਾਡੇ) ਨਾਲ (ਭੀ) ਹੈ, ਪਰ ਉਹ ਲੱਭੇ ਕਿਵੇਂ?

(ਇਹ ਨਾਮ) ਪੂਰੇ ਸਤਿਗੁਰੂ ਤੋਂ ਮਿਲਦਾ ਹੈ, (ਪੂਰਾ ਗੁਰੂ ਪ੍ਰਭੂ ਦਾ ਨਾਮ ਅਸਾਡੇ) ਹਿਰਦੇ ਵਿਚ ਵਿਖਾ ਦੇਂਦਾ ਹੈ।

ਹੇ ਨਾਨਕ! (ਆਖ-) ਹੇ ਭਾਈ! ਜਦੋਂ (ਪ੍ਰਭੂ ਦੀ ਸਵੱਲੀ) ਨਿਗਾਹ ਨਾਲ ਮਿਹਰ ਹੋਵੇ ਤਾਂ ਗੁਰੂ ਨੂੰ ਮਿਲੀਦਾ ਹੈ।13।

ਸਲੋਕ ਮਃ ੧ ॥ ਕਲਿ ਹੋਈ ਕੁਤੇ ਮੁਹੀ ਖਾਜੁ ਹੋਆ ਮੁਰਦਾਰੁ ॥ ਕੂੜੁ ਬੋਲਿ ਬੋਲਿ ਭਉਕਣਾ ਚੂਕਾ ਧਰਮੁ ਬੀਚਾਰੁ ॥ ਜਿਨ ਜੀਵੰਦਿਆ ਪਤਿ ਨਹੀ ਮੁਇਆ ਮੰਦੀ ਸੋਇ ॥ ਲਿਖਿਆ ਹੋਵੈ ਨਾਨਕਾ ਕਰਤਾ ਕਰੇ ਸੁ ਹੋਇ ॥੧॥ {ਪੰਨਾ 1242}

ਪਦ ਅਰਥ: ਕਲਿ = ਕਲਜੁਗੀ ਸ੍ਰਿਸ਼ਟੀ, ਉਹ ਲੁਕਾਈ ਜੋ ਰੱਬ ਤੋਂ ਵਿਛੁੜੀ ਹੋਈ ਹੈ (ਗੁਰ ਆਸ਼ੇ ਅਨੁਸਾਰ ਉਹੀ ਸਮਾ 'ਕਲਿਜੁਗ' ਹੈ ਜਦੋਂ ਗੁਰੂ-ਪਰਮਾਤਮਾ ਵਿਸਰ ਜਾਏ; ਜਿਵੇਂ, "ਇਕ ਘੜੀ ਨ ਮਿਲਤੇ ਤਾ ਕਲਿਜੁਗੁ ਹੋਤਾ") । ਕੁਤੇ ਮੁਹੀ = ਕੁੱਤੇ ਦੇ ਮੂੰਹ ਵਾਲੀ, ਕੁੱਤੇ ਵਾਂਗ ਜਿਸ ਨੂੰ ਖਾਣ ਦਾ ਹਲਕ ਕੁੱਦਿਆ ਹੋਵੇ। ਮੁਰਦਾਰੁ = ਹਰਾਮ, ਵੱਢੀ ਆਦਿਕ ਹਰਾਮ ਚੀਜ਼। ਕੂੜੁ = ਝੂਠ। ਚੂਕਾ = ਮੁੱਕ ਗਿਆ। ਪਤਿ = ਇੱਜ਼ਤ। ਸੋਇ = ਸੋਭਾ। ਮੰਦੀ ਸੋਇ = ਬਦਨਾਮੀ, ਕੁਸੋਭਾ। ਲਿਖਿਆ ਹੋਵੈ = ਮੱਥੇ ਤੇ ਲਿਖਿਆ ਲੇਖ ਹੀ ਉੱਘੜਦਾ ਹੈ। ਖਾਜੁ = ਮਨ-ਭਾਉਂਦਾ ਖਾਣਾ।

ਅਰਥ: ਰੱਬ ਤੋਂ ਵਿੱਛੁੜੀ ਹੋਈ ਲੁਕਾਈ ਨੂੰ ਕੁੱਤੇ ਵਾਂਗ ਖਾਣ ਦਾ ਹਲਕ ਕੁੱਦਿਆ ਰਹਿੰਦਾ ਹੈ ਤੇ ਵੱਢੀ ਆਦਿਕ ਹਰਾਮ ਚੀਜ਼ ਇਸ ਦਾ ਮਨ-ਭਾਉਂਦਾ ਖਾਣਾ ਹੋ ਜਾਂਦਾ ਹੈ (ਜਿਵੇਂ ਕੁੱਤੇ ਦਾ ਮਨ-ਭਾਉਂਦਾ ਖਾਣਾ ਮੁਰਦਾਰ ਹੈ) ; (ਇਹ ਲੁਕਾਈ) ਸਦਾ ਝੂਠ ਬੋਲਦੀ ਹੈ, (ਮਾਨੋ, ਮੁਰਦਾਰ ਖਾਂਦੇ ਕੁੱਤੇ ਵਾਂਗ) ਭਉਂਕ ਰਹੀ ਹੈ, (ਇਸ ਤਰ੍ਹਾਂ ਇਸ ਦੇ ਅੰਦਰੋਂ) ਧਰਮ (ਦੀ ਅੰਸ) ਤੇ (ਰੱਬ ਦੇ ਗੁਣਾਂ ਦੀ) ਵਿਚਾਰ ਮੁੱਕ ਜਾਂਦੀ ਹੈ; ਜਿਤਨਾ ਚਿਰ ਅਜੇਹੇ ਲੋਕ (ਜਗਤ ਵਿਚ) ਜੀਉਂਦੇ ਹਨ ਇਹਨਾਂ ਦੀ (ਕੋਈ ਬੰਦਾ) ਇੱਜ਼ਤ ਨਹੀਂ (ਕਰਦਾ) , ਜਦੋਂ ਮਰ ਜਾਂਦੇ ਹਨ, (ਲੋਕ ਇਹਨਾਂ ਨੂੰ) ਭੈੜਿਓਂ ਯਾਦ ਕਰਦੇ ਹਨ।

(ਪਰ) ਹੇ ਨਾਨਕ! (ਇਹਨਾਂ ਦੇ ਕੀਹ ਵੱਸ? ਪਿਛਲੇ ਕਰਮਾਂ ਅਨੁਸਾਰ) ਮੱਥੇ ਉਤੇ ਲਿਖਿਆ ਲੇਖ ਹੀ ਉੱਘੜਦਾ ਹੈ (ਤੇ ਉਸ ਲੇਖ-ਅਨੁਸਾਰ) ਜੋ ਕੁਝ ਕਰਤਾਰ ਕਰਦਾ ਹੈ ਉਹੀ ਹੁੰਦਾ ਹੈ।1।

TOP OF PAGE

Sri Guru Granth Darpan, by Professor Sahib Singh