ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 1243 ਮਃ ੧ ॥ ਰੰਨਾ ਹੋਈਆ ਬੋਧੀਆ ਪੁਰਸ ਹੋਏ ਸਈਆਦ ॥ ਸੀਲੁ ਸੰਜਮੁ ਸੁਚ ਭੰਨੀ ਖਾਣਾ ਖਾਜੁ ਅਹਾਜੁ ॥ ਸਰਮੁ ਗਇਆ ਘਰਿ ਆਪਣੈ ਪਤਿ ਉਠਿ ਚਲੀ ਨਾਲਿ ॥ ਨਾਨਕ ਸਚਾ ਏਕੁ ਹੈ ਅਉਰੁ ਨ ਸਚਾ ਭਾਲਿ ॥੨॥ {ਪੰਨਾ 1243} ਪਦ ਅਰਥ: ਰੰਨਾ = ਇਸਤ੍ਰੀਆਂ। ਬੋਧੀਆ = ਸਲਾਹਕਾਰ। ਪੁਰਸ = ਮਨੁੱਖ। ਸਈਆਦ = ਸ਼ਿਕਾਰੀ, ਜ਼ਾਲਮ। ਸੀਲੁ = ਮਿਠਾ ਸੁਭਾਉ। ਸੰਜਮੁ = ਜੁਗਤਿ ਵਿਚ ਰਹਿਣਾ। ਸੁਚ = ਹਿਰਦੇ ਦੀ ਪਵਿਤ੍ਰਤਾ, ਦਿਲ ਦੀ ਸਫ਼ਾਈ। ਭੰਨੀ = ਦੂਰ ਹੋ ਰਹੀ ਹੈ। ਖਾਜੁ = ਮਨ-ਭਾਉਂਦਾ ਖਾਣਾ। ਅਹਾਜੁ = ਨਾਹ ਹਜ਼ਮ ਹੋਣ ਵਾਲਾ, ਹਰਾਮ। ਸਰਮੁ = ਹਯਾ। ਘਰਿ ਆਪਣੇ = ਕਿਤੇ ਆਪਣੇ ਘਰ ਵਿਚ, ਕਿਤੇ ਆਪਣੇ ਵਤਨ ਨੂੰ। ਪਤਿ = ਅਣਖ, ਇੱਜ਼ਤ। ਸਚਾ = ਸਦਾ ਕਾਇਮ ਰਹਿਣ ਵਾਲਾ। ਅਰਥ: (ਰੱਬ ਤੋਂ ਵਿੱਛੁੜ ਕੇ) ਮਨੁੱਖ ਜ਼ਾਲਮ ਹੋ ਰਹੇ ਹਨ ਤੇ ਤੀਵੀਆਂ ਇਸ ਜ਼ੁਲਮ ਲਈ ਸਲਾਹਕਾਰ ਬਣ ਰਹੀਆਂ ਹਨ; ਮਿੱਠਾ ਸੁਭਾਉ, ਜੁਗਤਿ ਵਿਚ ਰਹਿਣਾ, ਦਿਲ ਦੀ ਸਫ਼ਾਈ = ਇਹ ਸਭ ਗੱਲਾਂ ਦੂਰ ਹੋ ਗਈਆਂ ਹਨ ਤੇ ਵੱਢੀ ਆਦਿਕ ਹਰਾਮ ਮਾਲ ਇਹਨਾਂ ਲੋਕਾਂ ਦਾ ਮਨ-ਭਾਉਂਦਾ ਖਾਣਾ ਹੋ ਗਿਆ ਹੈ; ਸ਼ਰਮ-ਹਯਾ ਕਿਤੇ ਆਪਣੇ ਵਤਨ ਚਲੀ ਗਈ ਹੈ (ਭਾਵ, ਇਹਨਾਂ ਮਨੁੱਖਾਂ ਤੋਂ ਕਿਤੇ ਦੂਰ ਦੁਰੇਡੇ ਹੋ ਗਈ ਹੈ) ਅਣਖ ਭੀ ਸ਼ਰਮ-ਹਯਾ ਦੇ ਨਾਲ ਹੀ ਚਲੀ ਗਈ ਹੈ। ਹੇ ਨਾਨਕ! (ਜੇ 'ਸੀਲ ਸੰਜਮ ਸੁਚ' ਆਦਿਕ ਗੁਣ ਲੱਭਣੇ ਹਨ, ਤਾਂ ਉਹਨਾਂ ਦਾ ਸੋਮਾ) ਸਿਰਫ਼ ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਹੀ ਹੈ, (ਇਹਨਾਂ ਗੁਣਾਂ ਲਈ) ਕੋਈ ਹੋਰ ਥਾਂ ਨਾਹ ਲੱਭੋ (ਭਾਵ, ਪ੍ਰਭੂ ਤੋਂ ਬਿਨਾ ਕਿਸੇ ਹੋਰ ਥਾਂ ਇਹ ਗੁਣ ਨਹੀਂ ਮਿਲ ਸਕਦੇ) ।2। ਪਉੜੀ ॥ ਬਾਹਰਿ ਭਸਮ ਲੇਪਨ ਕਰੇ ਅੰਤਰਿ ਗੁਬਾਰੀ ॥ ਖਿੰਥਾ ਝੋਲੀ ਬਹੁ ਭੇਖ ਕਰੇ ਦੁਰਮਤਿ ਅਹੰਕਾਰੀ ॥ ਸਾਹਿਬ ਸਬਦੁ ਨ ਊਚਰੈ ਮਾਇਆ ਮੋਹ ਪਸਾਰੀ ॥ ਅੰਤਰਿ ਲਾਲਚੁ ਭਰਮੁ ਹੈ ਭਰਮੈ ਗਾਵਾਰੀ ॥ ਨਾਨਕ ਨਾਮੁ ਨ ਚੇਤਈ ਜੂਐ ਬਾਜੀ ਹਾਰੀ ॥੧੪॥ {ਪੰਨਾ 1243} ਪਦ ਅਰਥ: ਬਾਹਰਿ = (ਭਾਵ,) ਸਰੀਰ ਉਤੇ। ਭਸਮ = ਸੁਆਹ। ਅੰਤਰਿ = ਮਨ ਵਿਚ। ਗੁਬਾਰੀ = ਹਨੇਰਾ। ਖਿੰਥਾ = ਗੋਦੜੀ, ਖ਼ਫ਼ਨੀ। ਸਾਹਿਬ ਸਬਦੁ = ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਾਣੀ। ਪਸਾਰੀ = ਖਿਲਾਰਾ। ਭਰਮੁ = ਭਟਕਣਾ। ਭਰਮੈ = ਭਟਕਦਾ ਹੈ, ਠੇਡੇ ਖਾਂਦਾ ਹੈ। ਗਾਵਾਰੀ = ਮੂਰਖ। ਅਰਥ: ਜੋ ਮਨੁੱਖ ਪਿੰਡੇ ਉਤੇ (ਤਾਂ) ਸੁਆਹ ਮਲ ਲੈਂਦਾ ਹੈ (ਪਰ ਉਸ ਦੇ) ਮਨ ਵਿਚ (ਮਾਇਆ ਦੇ ਮੋਹ ਦਾ) ਹਨੇਰਾ ਹੈ; (ਬਾਹਰ) ਗੋਦੜੀ ਤੇ ਝੋਲੀ (ਆਦਿਕ) ਦੇ ਕਈ ਭੇਖ ਕਰਦਾ ਹੈ ਤੇ ਭੈੜੀ ਮਤਿ ਦੇ ਕਾਰਨ (ਇਸ ਭੇਖ ਦਾ) ਅਹੰਕਾਰ ਕਰਦਾ ਹੈ; ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਾਣੀ ਨਹੀਂ ਉਚਾਰਦਾ, (ਨਿਰਾ) ਮਾਇਆ ਦੇ ਮੋਹ ਦਾ ਖਿਲਾਰਾ ਹੀ (ਬਣਾਈ ਬੈਠਾ) ਹੈ; ਉਸ ਦੇ ਮਨ ਵਿਚ ਲਾਲਚ ਹੈ ਭਟਕਣਾ ਹੈ, ਮੂਰਖ ਠੇਡੇ ਖਾਂਦਾ ਫਿਰਦਾ ਹੈ; ਪ੍ਰਭੂ ਦਾ ਨਾਮ ਨਹੀਂ ਸਿਮਰਦਾ, ਹੇ ਨਾਨਕ! (ਐਸਾ ਮਨੁੱਖ, ਮਾਨੋ) ਜੂਏ ਵਿਚ (ਮਨੁੱਖਾ ਜਨਮ ਦੀ) ਬਾਜ਼ੀ ਹਾਰ ਜਾਂਦਾ ਹੈ।14। ਸਲੋਕ ਮਃ ੧ ॥ ਲਖ ਸਿਉ ਪ੍ਰੀਤਿ ਹੋਵੈ ਲਖ ਜੀਵਣੁ ਕਿਆ ਖੁਸੀਆ ਕਿਆ ਚਾਉ ॥ ਵਿਛੁੜਿਆ ਵਿਸੁ ਹੋਇ ਵਿਛੋੜਾ ਏਕ ਘੜੀ ਮਹਿ ਜਾਇ ॥ ਜੇ ਸਉ ਵਰ੍ਹਿਆ ਮਿਠਾ ਖਾਜੈ ਭੀ ਫਿਰਿ ਕਉੜਾ ਖਾਇ ॥ ਮਿਠਾ ਖਾਧਾ ਚਿਤਿ ਨ ਆਵੈ ਕਉੜਤਣੁ ਧਾਇ ਜਾਇ ॥ ਮਿਠਾ ਕਉੜਾ ਦੋਵੈ ਰੋਗ ॥ ਨਾਨਕ ਅੰਤਿ ਵਿਗੁਤੇ ਭੋਗ ॥ ਝਖਿ ਝਖਿ ਝਖਣਾ ਝਗੜਾ ਝਾਖ ॥ ਝਖਿ ਝਖਿ ਜਾਹਿ ਝਖਹਿ ਤਿਨ੍ਹ੍ਹ ਪਾਸਿ ॥੧॥ {ਪੰਨਾ 1243} ਪਦ ਅਰਥ: ਲਖ ਜੀਵਣੁ = ਲੱਖਾਂ ਵਰ੍ਹਿਆਂ ਦੀ ਜ਼ਿੰਦਗੀ। ਕਿਆ ਖੁਸੀਆ = ਭਾਵੇਂ ਕਿਤਨੀਆਂ ਹੀ ਖ਼ੁਸ਼ੀਆਂ ਹੋਣ। ਵਿਛੁੜਿਆ = ਸਰੀਰ ਤੇ ਜਿੰਦ ਦੇ ਵਿੱਛੁੜਨ ਵੇਲੇ। ਵਿਸੁ = ਵਿਹੁ, ਜ਼ਹਿਰ, (ਭਾਵ ਬਹੁਤ ਦੁਖਦਾਈ) । ਜਾਇ = (ਜੀਵ) ਤੁਰ ਪੈਂਦਾ ਹੈ। ਖਾਜੈ = ਖਾਵੀਏ। ਕਉੜਾ = (ਮੌਤ ਦੇ ਵਿਛੋੜੇ ਦਾ) ਕੌੜਾ (ਘੁੱਟ) । ਚਿਤਿ ਨ ਆਵੈ = ਚੇਤੇ ਨਹੀਂ ਰਹਿੰਦਾ, ਵਿੱਸਰ ਜਾਂਦਾ ਹੈ। ਧਾਇ ਧਾਇ = ਡੂੰਘਾ ਅਸਰ ਪਾਂਦਾ ਹੈ। ਕਉੜਤਣੁ = (ਭਾਵ,) ਵਿਛੋੜਾ। ਮਿਠਾ ਕਉੜਾ = ਭੋਗਾਂ ਦਾ ਮਿਲਣਾ ਤੇ ਵਿੱਛੁੜਨਾ। ਰੋਗ = ਦੁਖਦਾਈ। ਭੋਗ = ਭੋਗਾਂ ਦੇ ਕਾਰਨ। ਵਿਗੁਤੇ = ਖ਼ੁਆਰ ਹੁੰਦੇ ਹਨ। ਝਖਿ ਝਖਿ ਝਖਣਾ = ਮੁੜ ਮੁੜ ਝਖਾਂ ਮਾਰਨੀਆਂ, ਮੁੜ ਮੁੜ ਵਿਸ਼ੇ ਭੋਗਣੇ। ਝਗੜਾ = ਇਕ ਲੰਮਾ ਗੇੜ। ਝਗੜਾ ਝਾਖ = ਝਖਾਂ ਮਾਰਨ ਦਾ ਇਕ ਲੰਮਾ ਗੇੜ, ਵਿਸ਼ੇ ਭੋਗਣ ਦਾ ਇਕ ਲੰਮਾ ਚਸਕਾ। ਝਖਿ ਝਖਿ ਜਾਹਿ = ਝਖਾਂ ਮਾਰ ਮਾਰ ਕੇ (ਵਿਸ਼ੇ ਭੋਗ ਭੋਗ ਕੇ) ਇਥੋਂ ਜਗਤ ਤੋਂ ਜਾਂਦੇ ਹਨ। ਤਿਨ ਪਾਸਿ = ਉਹਨਾਂ ਵਿਸ਼ੇ-ਪਦਾਰਥਾਂ ਦੇ ਕੋਲ ਹੀ। ਝਖਹਿ = ਟੱਕਰਾਂ ਮਾਰਦੇ ਹਨ, ਭਟਕਦੇ ਹਨ, ਵਾਸਨਾ ਨਾਲ ਬੱਧੇ ਰਹਿੰਦੇ ਹਨ। ਅਰਥ: ਲੱਖਾਂ ਬੰਦਿਆਂ ਨਾਲ ਪਿਆਰ ਹੋਵੇ, ਲੱਖਾਂ ਸਾਲਾਂ ਦੀ ਜ਼ਿੰਦਗੀ ਹੋਵੇ, ਭਾਵੇਂ ਕਿਤਨੀਆਂ ਹੀ ਖ਼ੁਸ਼ੀਆਂ ਤੇ ਕਿਤਨੇ ਹੀ ਚਾਉ ਹੋਣ, ਪਰ ਮਰਨ ਵੇਲੇ ਜਦੋਂ ਬੰਦਾ ਇਕ ਘੜੀ ਵਿਚ ਹੀ ਉੱਠ ਕੇ ਤੁਰ ਪੈਂਦਾ ਹੈ ਤਾਂ ਇਹਨਾਂ ਤੋਂ ਜੁਦਾਈ ਬਹੁਤ ਦੁਖਦਾਈ ਹੁੰਦੀ ਹੈ। ਜੇ ਸੈਂਕੜੇ ਵਰ੍ਹੇ ਭੀ ਇਹ ਸੁਆਦਲੇ ਭੋਗ ਭੋਗਦੇ ਰਹੀਏ ਤਾਂ ਭੀ ਇਹਨਾਂ ਤੋਂ ਵਿਛੋੜੇ ਵਾਲਾ ਕੌੜਾ ਘੁੱਟ ਭਰਨਾ ਹੀ ਪੈਂਦਾ ਹੈ! ਭੋਗੇ ਹੋਏ ਭੋਗ ਤਾਂ ਭੁੱਲ ਜਾਂਦੇ ਹਨ, ਪਰ ਇਹਨਾਂ ਤੋਂ ਵਿਛੋੜੇ ਦੀ ਸੱਟ ਡੂੰਘਾ ਸੱਲ ਲਾਂਦੀ ਹੈ। ਹੇ ਨਾਨਕ! ਇਹਨਾਂ ਭੋਗਾਂ ਦਾ ਮਿਲਣਾ ਤੇ ਖੁੱਸ ਜਾਣਾ ਦੋਵੇਂ ਗੱਲਾਂ ਹੀ ਦੁਖਦਾਈ ਹਨ ਕਿਉਂਕਿ ਭੋਗਾਂ ਦੇ ਕਾਰਨ ਆਖ਼ਰ ਬੰਦੇ ਖ਼ੁਆਰ ਹੀ ਹੁੰਦੇ ਹਨ। ਨਿੱਤ ਨਿੱਤ ਵਿਸ਼ੇ ਭੋਗਣ ਨਾਲ ਵਿਸ਼ੇ ਭੋਗਣ ਦਾ ਇਕ ਲੰਮਾ ਚਸਕਾ ਬਣ ਜਾਂਦਾ ਹੈ, ਵਿਸ਼ੇ ਭੋਗ ਭੋਗ ਕੇ ਜੀਵ ਇਥੋਂ ਜਗਤ ਤੋਂ ਤੁਰਦੇ ਹਨ, (ਤੇ ਵਾਸਨਾ-ਬੱਧੇ) ਉਹਨਾਂ ਵਿਸ਼ਿਆਂ ਦੇ ਕੋਲ ਹੀ ਟੱਕਰਾਂ ਮਾਰਦੇ ਰਹਿੰਦੇ ਹਨ।1। ਮਃ ੧ ॥ ਕਾਪੜੁ ਕਾਠੁ ਰੰਗਾਇਆ ਰਾਂਗਿ ॥ ਘਰ ਗਚ ਕੀਤੇ ਬਾਗੇ ਬਾਗ ॥ ਸਾਦ ਸਹਜ ਕਰਿ ਮਨੁ ਖੇਲਾਇਆ ॥ ਤੈ ਸਹ ਪਾਸਹੁ ਕਹਣੁ ਕਹਾਇਆ ॥ ਮਿਠਾ ਕਰਿ ਕੈ ਕਉੜਾ ਖਾਇਆ ॥ ਤਿਨਿ ਕਉੜੈ ਤਨਿ ਰੋਗੁ ਜਮਾਇਆ ॥ ਜੇ ਫਿਰਿ ਮਿਠਾ ਪੇੜੈ ਪਾਇ ॥ ਤਉ ਕਉੜਤਣੁ ਚੂਕਸਿ ਮਾਇ ॥ ਨਾਨਕ ਗੁਰਮੁਖਿ ਪਾਵੈ ਸੋਇ ॥ ਜਿਸ ਨੋ ਪ੍ਰਾਪਤਿ ਲਿਖਿਆ ਹੋਇ ॥੨॥ {ਪੰਨਾ 1243} ਪਦ ਅਰਥ: ਕਾਪੜੁ ਕਾਠੁ = ਕੱਪੜੇ ਤੇ ਲੱਕੜ ਦਾ ਸਾਮਾਨ (ਪਰਦੇ ਕੁਰਸੀਆਂ ਆਦਿਕ) । ਰਾਂਗਿ = ਰੰਗ ਨਾਲ। ਗਚ = ਚੂਨੇ-ਗੱਚ। ਬਾਗੇ ਬਾਗ = ਬੱਗੇ ਹੀ ਬੱਗੇ, ਚਿੱਟੇ ਹੀ ਚਿੱਟੇ। ਸਾਦ = ਸੁਆਦ। ਸਹਜ = ਸੁਖ। ਸਾਦ ਕਰਿ = ਸੁਆਦਾਂ ਨਾਲ। ਖੇਲਾਇਆ = ਖਿਡਾਇਆ, ਪਰਚਾਇਆ। ਪਾਸਹੁ = ਕੋਲੋਂ। ਕਹਣੁ = ਉਲਾਹਮਾ। ਕਉੜਾ = ਉਹ ਵਿਸ਼ੇ-ਭੋਗ ਜੋ ਅੰਤ ਨੂੰ ਦੁਖਦਾਈ ਹਨ। ਤਿਨਿ = ਉਸ ਨੇ। ਤਿਨਿ ਕਉੜੈ = ਉਸ ਵਿਸ਼ੇ-ਭੋਗ ਦੇ ਦੁਖਦਾਈ ਚਸਕੇ ਨੇ। ਤਨਿ = ਸਰੀਰ ਵਿਚ। ਮਿਠਾ = ਪ੍ਰਭੂ ਦਾ ਨਾਮ-ਰੂਪ ਸੁਆਦਲਾ ਪਦਾਰਥ। ਪੇੜੈ ਪਾਇ = ਪੱਲੇ ਪਏ, ਮਿਲ ਜਾਏ। ਕਉੜਤਣੁ = ਵਿਸ਼ੇ-ਭੋਗਾਂ ਤੋਂ ਪੈਦਾ ਹੋਇਆ ਦੁੱਖ। ਮਾਇ = ਹੇ ਮਾਂ! ਸੋਇ = ਉਹ। ਅਰਥ: (ਮਨੁੱਖ ਨੇ) ਕੱਪੜੇ ਤੇ ਲੱਕੜ ਦਾ ਸਾਮਾਨ ਰੰਗ ਨਾਲ ਰੰਗਾ ਲਿਆ, ਘਰਾਂ ਨੂੰ ਚੂਨੇ-ਗੱਚ ਕਰ ਕੇ ਚਿੱਟੇ ਹੀ ਚਿੱਟੇ ਬਣਾ ਲਿਆ, (ਅਜੇਹੇ) ਸੁਆਦਾਂ ਤੇ ਸੁਖਾਂ ਨਾਲ ਮਨ ਨੂੰ ਪਰਚਾਂਦਾ ਰਿਹਾ, (ਪਰ ਇਹਨੀਂ ਕੰਮੀਂ) ਹੇ ਪ੍ਰਭੂ! ਤੇਰੇ ਪਾਸੋਂ ਉਲਾਹਮਾ ਲਿਆ (ਕਿ ਮਨੁੱਖਾ ਜਨਮ ਦਾ ਮਨੋਰਥ ਨਾਹ ਖੱਟਿਆ) ; ਵਿਸ਼ੇ-ਵਿਕਾਰ ਜੋ ਆਖ਼ਰ ਦੁਖਦਾਈ ਹੁੰਦੇ ਹਨ ਸੁਆਦਲੇ ਜਾਣ ਕੇ ਮਾਣਦਾ ਰਿਹਾ, ਉਸ ਵਿਸ਼ੇ-ਭੋਗ ਨੇ ਸਰੀਰ ਵਿਚ ਰੋਗ ਪੈਦਾ ਕਰ ਦਿੱਤਾ। ਹੇ ਮਾਂ! ਜੇ ਪ੍ਰਭੂ ਦਾ ਨਾਮ-ਰੂਪ ਸੁਆਦਲਾ ਭੋਜਨ ਮੁੜ ਮਿਲ ਜਾਏ, ਤਾਂ ਵਿਸ਼ੇ-ਭੋਗਾਂ ਤੋਂ ਪੈਦਾ ਹੋਇਆ ਦੁੱਖ ਦੂਰ ਹੋ ਜਾਂਦਾ ਹੈ; ਪਰ, ਹੇ ਨਾਨਕ! ਇਹ 'ਮਿੱਠਾ' ਨਾਮ ਉਸੇ ਗੁਰਮੁਖਿ ਨੂੰ ਮਿਲਦਾ ਹੈ ਜਿਸ ਦੇ ਭਾਗਾਂ ਵਿਚ ਇਸ ਦੀ ਪ੍ਰਾਪਤੀ ਲਿਖੀ ਹੋਵੇ।2। ਪਉੜੀ ॥ ਜਿਨ ਕੈ ਹਿਰਦੈ ਮੈਲੁ ਕਪਟੁ ਹੈ ਬਾਹਰੁ ਧੋਵਾਇਆ ॥ ਕੂੜੁ ਕਪਟੁ ਕਮਾਵਦੇ ਕੂੜੁ ਪਰਗਟੀ ਆਇਆ ॥ ਅੰਦਰਿ ਹੋਇ ਸੁ ਨਿਕਲੈ ਨਹ ਛਪੈ ਛਪਾਇਆ ॥ ਕੂੜੈ ਲਾਲਚਿ ਲਗਿਆ ਫਿਰਿ ਜੂਨੀ ਪਾਇਆ ॥ ਨਾਨਕ ਜੋ ਬੀਜੈ ਸੋ ਖਾਵਣਾ ਕਰਤੈ ਲਿਖਿ ਪਾਇਆ ॥੧੫॥ {ਪੰਨਾ 1243} ਪਦ ਅਰਥ: ਬਾਹਰੁ = ਬਾਹਰਲਾ ਪਾਸਾ (ਭਾਵ, ਸਰੀਰ) । ਲਾਲਚਿ = ਲਾਲਚ ਵਿਚ। ਕਰਤੈ = ਕਰਤਾਰ ਨੇ। ਲਿਖਿ = ਲਿਖ ਕੇ। ਪਾਇਆ = (ਭਾਗਾਂ ਵਿਚ) ਦੇ ਦਿੱਤਾ ਹੈ। ਅਰਥ: ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ ਸਫ਼ਾਈ ਨਹੀਂ, ਧੋਖਾ ਹੈ, ਪਰ ਸਰੀਰ ਨੂੰ ਬਾਹਰੋਂ ਧੋ ਕੇ ਰੱਖਦੇ ਹਨ, ਉਹ (ਆਪਣੇ ਹਰੇਕ ਕਾਰ-ਵਿਹਾਰ ਵਿਚ) ਝੂਠ ਤੇ ਧੋਖਾ ਹੀ ਵਰਤਦੇ ਹਨ, ਪਰ ਝੂਠ ਉੱਘੜ ਆਉਂਦਾ ਹੈ, (ਕਿਉਂਕਿ) ਮਨ ਦੇ ਅੰਦਰ ਜੋ ਕੁਝ ਹੁੰਦਾ ਹੈ ਉਹ ਜ਼ਾਹਰ ਹੋ ਜਾਂਦਾ ਹੈ, ਲੁਕਾਇਆਂ ਲੁਕ ਨਹੀਂ ਸਕਦਾ। ਝੂਠ ਲਾਲਚ ਵਿਚ ਲੱਗਣ ਨਾਲ (ਸਿੱਟਾ ਇਹ ਨਿਕਲਦਾ ਹੈ ਕਿ ਮਨੁੱਖ) ਮੁੜ ਮੁੜ ਜੂਨਾਂ ਵਿਚ ਜਾ ਪੈਂਦਾ ਹੈ। ਹੇ ਨਾਨਕ! ਜੋ ਕੁਝ (ਮਨੁੱਖ ਆਪਣੇ ਕਰਮਾਂ ਦਾ) ਬੀ ਬੀਜਦਾ ਹੈ ਉਹੀ (ਫਲ) ਖਾਂਦਾ ਹੈ, ਕਰਤਾਰ ਨੇ (ਇਹ ਰਜ਼ਾ ਜੀਵਾਂ ਦੇ ਮੱਥੇ ਉਤੇ) ਲਿਖ ਕੇ ਰੱਖ ਦਿੱਤੀ ਹੈ।15। ਸਲੋਕ ਮਃ ੨ ॥ ਕਥਾ ਕਹਾਣੀ ਬੇਦੀ ਆਣੀ ਪਾਪੁ ਪੁੰਨੁ ਬੀਚਾਰੁ ॥ ਦੇ ਦੇ ਲੈਣਾ ਲੈ ਲੈ ਦੇਣਾ ਨਰਕਿ ਸੁਰਗਿ ਅਵਤਾਰ ॥ ਉਤਮ ਮਧਿਮ ਜਾਤੀਂ ਜਿਨਸੀ ਭਰਮਿ ਭਵੈ ਸੰਸਾਰੁ ॥ ਅੰਮ੍ਰਿਤ ਬਾਣੀ ਤਤੁ ਵਖਾਣੀ ਗਿਆਨ ਧਿਆਨ ਵਿਚਿ ਆਈ ॥ ਗੁਰਮੁਖਿ ਆਖੀ ਗੁਰਮੁਖਿ ਜਾਤੀ ਸੁਰਤੀ ਕਰਮਿ ਧਿਆਈ ॥ ਹੁਕਮੁ ਸਾਜਿ ਹੁਕਮੈ ਵਿਚਿ ਰਖੈ ਹੁਕਮੈ ਅੰਦਰਿ ਵੇਖੈ ॥ ਨਾਨਕ ਅਗਹੁ ਹਉਮੈ ਤੁਟੈ ਤਾਂ ਕੋ ਲਿਖੀਐ ਲੇਖੈ ॥੧॥ {ਪੰਨਾ 1243} ਨੋਟ: ਇਸ ਸਲੋਕ ਵਿਚ ਵੇਦਾਂ ਦੀ ਤੇ ਗੁਰੂ ਨਾਨਕ ਦੀ ਤਾਲੀਮ ਦਾ ਨਿਖੇੜਾ ਕਰ ਕੇ ਦੱਸਿਆ ਹੈ। ਪਦ ਅਰਥ: ਬੇਦੀ = ਵੇਦਾਂ ਨੇ। ਆਣੀ = ਲਿਆਂਦੀ। ਕਥਾ ਕਹਾਣੀ = (ਭਾਵ,) ਸਿੱਖਿਆ, ਤਾਲੀਮ। ਪਾਪੁ ਪੁੰਨ ਬੀਚਾਰੁ = ਇਹ ਵਿਚਾਰ ਕਿ ਪਾਪ ਕੀਹ ਹੈ ਤੇ ਪੁੰਨ ਕੀਹ ਹੈ। ਦੇ ਦੇ ਲੈਣਾ = ਆਪ ਹੱਥੋਂ ਦੇ ਕੇ ਹੀ ਲਈਦਾ ਹੈ, ਆਪਣਾ ਦਿੱਤਾ ਹੀ ਅੱਗੇ ਲਈਦਾ ਹੈ। ਲੈ ਲੈ ਦੇਣਾ = ਜੋ ਕਿਸੇ ਪਾਸੋਂ ਲੈਂਦੇ ਹਾਂ ਉਹ ਮੋੜਨਾ ਪਏਗਾ। ਨਰਕਿ = ਨਰਕ ਵਿਚ। ਅਵਤਾਰ = ਜੰਮਣਾ, ਥਾਂ ਮਿਲਣੀ। ਮਧਿਮ = ਨੀਵਾਂ। ਜਾਤੀ ਜਿਨਸੀ ਭਰਮਿ = ਜਾਤਾਂ ਦੇ ਤੇ ਕਿਸਮਾਂ ਦੇ ਭਰਮ ਵਿਚ। ਤਤੁ = ਅਸਲੀਅਤ, ਜਗਤ ਦਾ ਮੂਲ ਪਰਮਾਤਮਾ। ਵਖਾਣੀ = ਬਿਆਨ ਕਰਨ ਵਾਲੀ। ਗਿਆਨ ਧਿਆਨ ਵਿਚਿ = ਤੱਤ ਦੇ ਗਿਆਨ ਤੇ ਤੱਤ ਦੇ ਧਿਆਨ ਦੇ ਸੰਬੰਧ ਵਿਚ, ਪ੍ਰਭੂ ਦੇ ਗੁਣਾਂ ਦੀ ਵਿਚਾਰ ਕੀਤਿਆਂ ਤੇ ਪ੍ਰਭੂ ਵਿਚ ਸੁਰਤਿ ਜੋੜਿਆਂ। ਆਈ = ਪਰਗਟ ਹੋਈ; ਉਚਾਰੀ ਗਈ। ਗੁਰਮੁਖਿ ਆਖੀ = ਗੁਰੂ ਨੇ ਉਚਾਰੀ। ਜਾਤੀ = ਸਮਝੀ। ਸੁਰਤੀ = ਸੁਰਤਿਆਂ ਨੇ, (ਜਿਵੇਂ, ਬੇਦੀ) , ਜਿਨ੍ਹਾਂ ਨੇ ਇਸ ਵਿਚ ਸੁਰਤਿ ਜੋੜੀ। ਕਰਮਿ = ਪ੍ਰਭੂ ਦੀ ਮਿਹਰ ਨਾਲ। ਵੇਖੈ = ਸੰਭਾਲ ਕਰਦਾ ਹੈ। ਅਗਹੁ = ਪਹਿਲਾਂ। ਕੋ = ਕੋਈ, ਜੀਵ। ਲਿਖੀਐ ਲੇਖੈ = ਲੇਖੇ ਵਿਚ ਲਿਖਿਆ ਜਾਂਦਾ ਹੈ, ਪ੍ਰਵਾਨ ਹੁੰਦਾ ਹੈ। ਅਰਥ: (ਜੋ) ਤਾਲੀਮ ਵੇਦਾਂ ਨੇ ਲਿਆਂਦੀ (ਭਾਵ, ਦਿੱਤੀ) , (ਉਸ ਵਿਚ ਇਹ) ਵਿਚਾਰ ਹੈ ਕਿ ਪਾਪ ਕੀਹ ਹੈ ਤੇ ਪੁੰਨ ਕੀਹ ਹੈ, (ਉਸ ਨੇ ਇਹ ਦੱਸਿਆ ਹੈ ਕਿ ਹੱਥੋਂ) ਦੇ ਕੇ ਹੀ (ਮੁੜ) ਲਈਦਾ ਹੈ ਤੇ ਜੋ ਕੁਝ ਕਿਸੇ ਤੋਂ ਲੈਂਦੇ ਹਾਂ ਉਹ (ਅਗਲੇ ਜਨਮ ਵਿਚ) ਮੋੜੀਦਾ ਹੈ, (ਆਪਣੇ ਕੀਤੇ ਕਰਮਾਂ ਅਨੁਸਾਰ) ਨਰਕ ਵਿਚ ਜਾਂ ਸੁਰਗ ਵਿਚ ਅੱਪੜੀਦਾ ਹੈ, (ਇਸ ਤਾਲੀਮ ਅਨੁਸਾਰ) ਦੁਨੀਆ ਉੱਚੀਆਂ ਨੀਵੀਆਂ ਜਾਤਾਂ ਤੇ ਕਿਸਮਾਂ ਦੇ ਵਹਿਮਾਂ ਵਿਚ ਖ਼ੁਆਰ ਹੁੰਦੀ ਹੈ। (ਪਰ ਜੋ) ਬਾਣੀ ਗੁਰੂ ਨੇ ਉਚਾਰੀ ਹੈ, (ਜਿਸ ਦੇ ਡੂੰਘੇ ਭੇਤ ਨੂੰ) ਗੁਰੂ ਨੇ ਸਮਝਿਆ ਹੈ ਤੇ (ਜਿਸ ਨੂੰ) ਸੁਰਤਿਆਂ ਨੇ ਜਪਿਆ ਹੈ ਉਹ ਬਾਣੀ ਨਾਮ-ਅੰਮ੍ਰਿਤ ਨਾਲ ਭਰੀ ਹੋਈ ਹੈ, ਤੇ ਪ੍ਰਭੂ ਦੇ ਗੁਣ ਬਿਆਨ ਕਰਦੀ ਹੈ, ਇਹ ਬਾਣੀ ਪ੍ਰਭੂ ਦੇ ਗੁਣਾਂ ਦੀ ਵਿਚਾਰ ਕੀਤਿਆਂ ਤੇ ਪ੍ਰਭੂ ਵਿਚ ਸੁਰਤਿ ਜੋੜਿਆਂ ਪਰਗਟ ਹੋਈ ਹੈ। (ਇਹ ਬਾਣੀ ਦੱਸਦੀ ਹੈ ਕਿ) ਪਰਮਾਤਮਾ ਆਪਣਾ ਹੁਕਮ (-ਰੂਪ ਸੱਤਿਆ) ਸਾਜ ਕੇ (ਸਭ ਜੀਵਾਂ ਨੂੰ) ਆਪਣੇ ਹੁਕਮ ਵਿਚ ਹੀ ਰੱਖਿਆ ਹੈ ਤੇ ਹੁਕਮ ਵਿਚ ਹੀ ਸੰਭਾਲ ਕਰਦਾ ਹੈ। ਹੇ ਨਾਨਕ! (ਇਸ ਬਾਣੀ ਦੀ ਬਰਕਤਿ ਨਾਲ) ਪਹਿਲਾਂ (ਜੀਵ ਦੀ) ਹਉਮੈ ਦੂਰ ਹੁੰਦੀ ਹੈ ਤਾਂ ਜੀਵ ਪ੍ਰਭੂ ਦੀ ਹਜ਼ੂਰੀ ਵਿਚ ਪ੍ਰਵਾਨ ਹੁੰਦਾ ਹੈ।1। ਮਃ ੧ ॥ ਬੇਦੁ ਪੁਕਾਰੇ ਪੁੰਨੁ ਪਾਪੁ ਸੁਰਗ ਨਰਕ ਕਾ ਬੀਉ ॥ ਜੋ ਬੀਜੈ ਸੋ ਉਗਵੈ ਖਾਂਦਾ ਜਾਣੈ ਜੀਉ ॥ ਗਿਆਨੁ ਸਲਾਹੇ ਵਡਾ ਕਰਿ ਸਚੋ ਸਚਾ ਨਾਉ ॥ ਸਚੁ ਬੀਜੈ ਸਚੁ ਉਗਵੈ ਦਰਗਹ ਪਾਈਐ ਥਾਉ ॥ ਬੇਦੁ ਵਪਾਰੀ ਗਿਆਨੁ ਰਾਸਿ ਕਰਮੀ ਪਲੈ ਹੋਇ ॥ ਨਾਨਕ ਰਾਸੀ ਬਾਹਰਾ ਲਦਿ ਨ ਚਲਿਆ ਕੋਇ ॥੨॥ {ਪੰਨਾ 1243} ਪਦ ਅਰਥ: ਬੇਦੁ ਪੁਕਾਰੇ = ਵੇਦ ਉੱਚੀ ਆਖਦਾ ਹੈ, (ਭਾਵ, ਵੇਦ ਦੀ ਤਾਲੀਮ ਇਹ ਹੈ ਕਿ) । ਬੀਉ = ਬੀਜ, ਮੂਲ, ਕਾਰਨ। ਜੋ = ਜੋ ਕੁਝ। ਖਾਂਦਾ ਜੀਉ = (ਬੀਜੇ ਹੋਏ ਦਾ ਫਲ) ਖਾਣ ਵਾਲਾ ਜੀਵ। ਜਾਣੈ = ਜਾਣ ਲੈਂਦਾ ਹੈ। ਗਿਆਨੁ = ਗੁਰੂ ਦਾ (ਦਿੱਤਾ ਹੋਇਆ) ਗਿਆਨ, ਉੱਚੀ ਵਿਚਾਰ। ਸਲਾਹੇ = ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਦਾ ਹੈ। ਵਡਾ ਕਰਿ = (ਪ੍ਰਭੂ ਨੂੰ) ਵੱਡਾ ਆਖ ਆਖ ਕੇ। ਸਚਾ = ਸਦਾ-ਥਿਰ ਰਹਿਣ ਵਾਲਾ। ਪਾਈਐ ਥਾਉ = ਥਾਂ ਮਿਲਦੀ ਹੈ, ਪ੍ਰਵਾਨ ਹੋਵੀਦਾ ਹੈ। ਵਪਾਰੀ = ਵਪਾਰ ਦੀਆਂ ਗੱਲਾਂ ਕਰਨ ਵਾਲਾ। ਰਾਸਿ = (ਅਸਲ) ਪੂੰਜੀ। ਕਰਮੀ = ਪ੍ਰਭੂ ਦੀ ਮਿਹਰ ਨਾਲ। ਬਾਹਰਾ = ਸੱਖਣਾ। ਲਦਿ = ਲੱਦ ਕੇ, ਨਫ਼ਾ ਖੱਟ ਕੇ। ਨੋਟ: ਪਿਛਲੇ ਸਲੋਕ ਵਾਂਗ ਇਸ ਵਿਚ ਭੀ ਵੇਦ ਦੇ ਦੱਸੇ ਹੋਏ ਕਰਮ-ਕਾਂਡ ਅਤੇ ਗੁਰੂ ਦੇ ਦਿੱਤੇ ਗਿਆਨ ਦਾ ਆਪੋ ਵਿਚ ਟਾਕਰਾ ਕੀਤਾ ਹੋਇਆ ਹੈ। ਅਰਥ: ਵੇਦ ਦੀ ਤਾਲੀਮ ਇਹ ਹੈ ਕਿ (ਜੀਵ ਦਾ ਕੀਤਾ ਹੋਇਆ) ਪੁੰਨ-ਕਰਮ (ਉਸ ਦੇ ਵਾਸਤੇ) ਸੁਰਗ (ਮਿਲਣ) ਦਾ ਸਬੱਬ (ਬਣਦਾ) ਹੈ ਤੇ ਪਾਪ (ਜੀਵ ਲਈ) ਨਰਕ (ਵਿਚ ਪੈਣ) ਦਾ ਕਾਰਨ ਹੋ ਜਾਂਦਾ ਹੈ; (ਆਪਣੇ ਕੀਤੇ ਹੋਏ ਪੁੰਨ ਜਾਂ ਪਾਪ ਦਾ ਫਲ) ਖਾਣ ਵਾਲਾ (ਹਰੇਕ) ਜੀਵ (ਆਪ ਹੀ) ਜਾਣ ਲੈਂਦਾ ਹੈ ਕਿ ਜੋ ਕੁਝ ਕੋਈ ਬੀਜਦਾ ਹੈ ਉਹੀ ਉੱਗਦਾ ਹੈ। (ਸੋ, ਇਸ ਕਰਮ-ਕਾਂਡ ਦੀ ਤਾਲੀਮ ਵਿਚ ਪ੍ਰਭੂ ਦੀ ਸਿਫ਼ਤਿ-ਸਾਲਾਹ ਤੇ ਪ੍ਰਭੂ ਦੀ ਮਿਹਰ ਨੂੰ ਕੋਈ ਥਾਂ ਨਹੀਂ ਹੈ) । (ਪਰ ਗੁਰੂ ਦਾ ਬਖ਼ਸ਼ਿਆ) ਗਿਆਨ ਪਰਮਾਤਮਾ ਨੂੰ ਵੱਡਾ ਆਖ ਕੇ (ਉਸ ਦੀ) ਸਿਫ਼ਤਿ-ਸਾਲਾਹ ਕਰਦਾ ਹੈ (ਤੇ ਦੱਸਦਾ ਹੈ ਕਿ) ਪ੍ਰਭੂ ਦਾ ਨਾਮ ਸਦਾ ਕਾਇਮ ਰਹਿਣ ਵਾਲਾ ਹੈ, ਜੋ ਮਨੁੱਖ ਪ੍ਰਭੂ ਦਾ ਨਾਮ (ਹਿਰਦੇ ਵਿਚ) ਬੀਜਦਾ ਹੈ ਉਸ ਦੇ ਅੰਦਰ ਨਾਮ ਹੀ ਪ੍ਰਫੁਲਤ ਹੁੰਦਾ ਹੈ ਤੇ ਉਸ ਨੂੰ ਪ੍ਰਭੂ ਦੀ ਹਜ਼ੂਰੀ ਵਿਚ ਆਦਰ ਮਿਲਦਾ ਹੈ। (ਸੋ, ਪਾਪ ਤੇ ਪੁੰਨ ਦੇ ਫਲ ਦੱਸ ਕੇ) ਵੇਦ ਤਾਂ ਵਪਾਰ ਦੀਆਂ ਗੱਲਾਂ ਕਰਦਾ ਹੈ; (ਪਰ ਮਨੁੱਖ ਲਈ ਅਸਲ) ਰਾਸਿ-ਪੂੰਜੀ (ਪ੍ਰਭੂ ਦੇ ਗੁਣਾਂ ਦਾ) ਗਿਆਨ ਹੈ ਤੇ ਇਹ ਗਿਆਨ ਪ੍ਰਭੂ ਦੀ ਮਿਹਰ ਨਾਲ (ਗੁਰੂ ਤੋਂ) ਮਿਲਦਾ ਹੈ; ਹੇ ਨਾਨਕ! (ਇਸ ਗਿਆਨ-ਰੂਪ) ਪੂੰਜੀ ਤੋਂ ਬਿਨਾ ਕੋਈ ਮਨੁੱਖ (ਜਗਤ ਤੋਂ) ਨਫ਼ਾ ਖੱਟ ਕੇ ਨਹੀਂ ਜਾਂਦਾ।2। |
Sri Guru Granth Darpan, by Professor Sahib Singh |