ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 1244

ਪਉੜੀ ॥ ਨਿੰਮੁ ਬਿਰਖੁ ਬਹੁ ਸੰਚੀਐ ਅੰਮ੍ਰਿਤ ਰਸੁ ਪਾਇਆ ॥ ਬਿਸੀਅਰੁ ਮੰਤ੍ਰਿ ਵਿਸਾਹੀਐ ਬਹੁ ਦੂਧੁ ਪੀਆਇਆ ॥ ਮਨਮੁਖੁ ਅਭਿੰਨੁ ਨ ਭਿਜਈ ਪਥਰੁ ਨਾਵਾਇਆ ॥ ਬਿਖੁ ਮਹਿ ਅੰਮ੍ਰਿਤੁ ਸਿੰਚੀਐ ਬਿਖੁ ਕਾ ਫਲੁ ਪਾਇਆ ॥ ਨਾਨਕ ਸੰਗਤਿ ਮੇਲਿ ਹਰਿ ਸਭ ਬਿਖੁ ਲਹਿ ਜਾਇਆ ॥੧੬॥ {ਪੰਨਾ 1244}

ਪਦ ਅਰਥ: ਬਿਰਖੁ = ਰੁੱਖ। ਸੰਚੀਐ = ਸਿੰਜੀਏ। ਪਾਇਆ = ਪਾਇ, ਪਾ ਕੇ। ਬਿਸੀਅਰੁ = ਸੱਪ। ਮੰਤ੍ਰਿ = ਮੰਤ੍ਰ ਨਾਲ। ਵਿਸਾਹੀਐ = ਇਤਬਾਰ ਕਰੀਏ। ਮਨਮੁਖੁ = ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ, ਮਨ ਦਾ ਮੁਰੀਦ ਮਨੁੱਖ, ਆਪ-ਹੁਦਰਾ ਮਨੁੱਖ। ਅਭਿੰਨੁ = ਨਾਹ ਭਿੱਜਣ ਵਾਲਾ, ਕੋਰਾ, ਰੁੱਖਾ। ਬਿਖੁ = ਜ਼ਹਿਰ। ਸਿੰਚੀਐ = ਸਿੰਜੀਏ।

ਅਰਥ: (ਜੇ) ਨਿੰਮ (ਦੇ) ਰੁੱਖ ਨੂੰ ਅੰਮ੍ਰਿਤ-ਰਸ ਪਾ ਕੇ (ਭੀ) ਬਹੁਤ ਸਿੰਜੀਏ (ਤਾਂ ਭੀ ਨਿੰਮ ਦੀ ਕੁੜਿੱਤਣ ਨਹੀਂ ਜਾਂਦੀ) ; ਜੇ ਬਹੁਤ ਦੁੱਧ ਪਿਆਲ ਕੇ ਮੰਤ੍ਰ ਦੀ ਰਾਹੀਂ ਸੱਪ ਨੂੰ ਇਤਬਾਰੀ ਬਣਾਈਏ (ਭਾਵ, ਸੱਪ ਦਾ ਵਿਸਾਹ ਕਰੀਏ,) (ਫਿਰ ਭੀ ਉਹ ਡੰਗ ਮਾਰਨ ਵਾਲਾ ਸੁਭਾਵ ਨਹੀਂ ਛੱਡਦਾ) ; (ਜਿਵੇਂ) ਪੱਥਰ ਨੂੰ ਇਸ਼ਨਾਨ ਕਰਾਈਏ (ਤਾਂ ਭੀ ਕੋਰੇ ਦਾ ਕੋਰਾ, ਇਸੇ ਤਰ੍ਹਾਂ) ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਕੋਰਾ ਹੀ ਰਹਿੰਦਾ ਹੈ (ਉਸ ਦਾ ਹਿਰਦਾ ਕਦੇ) ਭਿੱਜਦਾ ਨਹੀਂ; ਜੇ ਜ਼ਹਿਰ ਵਿਚ ਅੰਮ੍ਰਿਤ ਸਿੰਜੀਏ (ਤਾਂ ਭੀ ਉਹ ਅੰਮ੍ਰਿਤ ਨਹੀਂ ਬਣ ਜਾਂਦਾ) ਜ਼ਹਿਰ ਦਾ ਹੀ ਫਲ ਪਾਈਦਾ ਹੈ।

(ਪਰ) ਹੇ ਨਾਨਕ! ਜੇ ਪ੍ਰਭੂ (ਗੁਰਮੁਖਾਂ ਦੀ) ਸੰਗਤਿ ਮੇਲੇ ਤਾਂ (ਮਨ ਵਿਚੋਂ ਮਾਇਆ ਦੇ ਮੋਹ ਵਾਲੀ) ਸਾਰੀ ਜ਼ਹਿਰ ਲਹਿ ਜਾਂਦੀ ਹੈ। 16।

ਸਲੋਕ ਮਃ ੧ ॥ ਮਰਣਿ ਨ ਮੂਰਤੁ ਪੁਛਿਆ ਪੁਛੀ ਥਿਤਿ ਨ ਵਾਰੁ ॥ ਇਕਨ੍ਹ੍ਹੀ ਲਦਿਆ ਇਕਿ ਲਦਿ ਚਲੇ ਇਕਨ੍ਹ੍ਹੀ ਬਧੇ ਭਾਰ ॥ ਇਕਨ੍ਹ੍ਹਾ ਹੋਈ ਸਾਖਤੀ ਇਕਨ੍ਹ੍ਹਾ ਹੋਈ ਸਾਰ ॥ ਲਸਕਰ ਸਣੈ ਦਮਾਮਿਆ ਛੁਟੇ ਬੰਕ ਦੁਆਰ ॥ ਨਾਨਕ ਢੇਰੀ ਛਾਰੁ ਕੀ ਭੀ ਫਿਰਿ ਹੋਈ ਛਾਰ ॥੧॥ {ਪੰਨਾ 1244}

ਪਦ ਅਰਥ: ਮਰਣਿ = ਮਰਨ ਨੇ, ਮੌਤ ਨੇ। ਮੂਰਤੁ = ਮੁਹੂਰਤ। ਵਾਰੁ = ਦਿਨ (ਹਫ਼ਤੇ ਦਾ) । ਇਕਿ = ਕਈ ਜੀਵ। ਸਾਖਤੀ = ਘੋੜੇ ਦੀ ਪੂਛ ਵਿਚ ਪਾਣ ਵਾਲਾ ਗੋਲ ਰੱਸਾ ਜੋ ਤੁਰਨ ਵੇਲੇ ਪਾਈਦਾ ਹੈ ਭਾਵੇਂ ਕਾਠੀ ਪਹਿਲਾਂ ਹੀ ਪਾਈ ਹੋਵੇ। ਸਾਖਤੀ ਹੋਈ = (ਭਾਵ,) ਤਿਆਰੀ ਹੋ ਗਈ। ਸਾਰ = ਸੰਭਾਲ। ਸਾਰ ਹੋਈ = ਤੁਰਨ ਦਾ ਸੱਦਾ ਆ ਗਿਆ। ਸਣੇ = ਸਮੇਤ। ਦਮਾਮੇ = ਧੌਂਸੇ। ਬੰਕ = ਬਾਂਕੇ, ਸੁੰਦਰ। ਛੁਟੇ = ਸਾਥ ਛੁੱਟ ਗਿਆ। ਛਾਰੁ = ਸੁਆਹ, ਮਿੱਟੀ।

ਅਰਥ: ਮੋਤ ਨੇ (ਕਦੇ) ਮੁਹੂਰਤ ਨਹੀਂ ਪੁੱਛਿਆ, ਕਦੇ ਇਹ ਗੱਲ ਨਹੀਂ ਪੁੱਛੀ ਕਿ ਅੱਜ ਕੇਹੜੀ ਥਿੱਤ ਹੈ ਕੇਹੜਾ ਵਾਰ ਹੈ। ਕਈ ਜੀਵਾਂ ਨੇ (ਇਥੋਂ ਤੁਰਨ ਲਈ, ਮਾਨੋ, ਆਪਣਾ ਸਾਮਾਨ) ਲੱਦ ਲਿਆ ਹੈ, ਕਈ ਲੱਦ ਕੇ ਤੁਰ ਪਏ ਹਨ, ਤੇ ਕਈ ਜੀਵਾਂ ਨੇ (ਸਾਮਾਨ ਦੇ) ਭਾਰ ਬੰਨ੍ਹ ਲਏ ਹਨ। ਕਈ ਜੀਵਾਂ ਦੀ ਤਿਆਰੀ ਹੋ ਪਈ ਹੈ, ਤੇ ਕਈ ਜੀਵਾਂ ਨੂੰ ਤੁਰਨ ਲਈ ਸੱਦੇ ਆ ਗਏ ਹਨ; ਫ਼ੌਜਾਂ ਤੇ ਧੌਂਸੇ ਤੇ ਸੋਹਣੇ ਘਰ ਇਥੇ ਹੀ ਰਹਿ ਜਾਂਦੇ ਹਨ।

ਹੇ ਨਾਨਕ! ਇਹ ਸਰੀਰ ਜੋ ਮਿੱਟੀ ਦੀ ਮੁੱਠ ਸੀ (ਜੋ ਮਿੱਟੀ ਤੋਂ ਬਣਿਆ ਸੀ) ਮੁੜ ਮਿੱਟੀ ਵਿਚ ਜਾ ਰਲਿਆ।1।

ਮਃ ੧ ॥ ਨਾਨਕ ਢੇਰੀ ਢਹਿ ਪਈ ਮਿਟੀ ਸੰਦਾ ਕੋਟੁ ॥ ਭੀਤਰਿ ਚੋਰੁ ਬਹਾਲਿਆ ਖੋਟੁ ਵੇ ਜੀਆ ਖੋਟੁ ॥੨॥ {ਪੰਨਾ 1244}

ਪਦ ਅਰਥ: ਸੰਦਾ = ਦਾ। ਕੋਟੁ = ਕਿਲ੍ਹਾ, ਵਲਗਣ। ਭੀਤਰਿ = ਅੰਦਰ। ਖੋਟੁ = ਖੋਟਾ ਕਰਮ। ਵੇ ਜੀਆ = ਹੇ ਜਿੰਦੇ!

ਅਰਥ: ਹੇ ਨਾਨਕ! ਇਹ ਸਰੀਰ ਮਿੱਟੀ ਦੀ ਵਲਗਣ ਸੀ, ਸੋ ਆਖ਼ਰ ਮਿੱਟੀ ਦੀ ਇਹ ਉਸਾਰੀ ਢਹਿ ਹੀ ਪਈ। ਹੇ ਜਿੰਦੇ! ਤੂੰ (ਇਸ ਸਰੀਰ ਦੀ ਖ਼ਾਤਰ) ਨਿਤ ਖੋਟ ਹੀ ਕਮਾਂਦੀ ਰਹੀ ਤੇ ਆਪਣੇ ਅੰਦਰ ਤੂੰ ਚੋਰ-ਮਨ ਨੂੰ ਬਿਠਾਈ ਰੱਖਿਆ।2।

ਪਉੜੀ ॥ ਜਿਨ ਅੰਦਰਿ ਨਿੰਦਾ ਦੁਸਟੁ ਹੈ ਨਕ ਵਢੇ ਨਕ ਵਢਾਇਆ ॥ ਮਹਾ ਕਰੂਪ ਦੁਖੀਏ ਸਦਾ ਕਾਲੇ ਮੁਹ ਮਾਇਆ ॥ ਭਲਕੇ ਉਠਿ ਨਿਤ ਪਰ ਦਰਬੁ ਹਿਰਹਿ ਹਰਿ ਨਾਮੁ ਚੁਰਾਇਆ ॥ ਹਰਿ ਜੀਉ ਤਿਨ ਕੀ ਸੰਗਤਿ ਮਤ ਕਰਹੁ ਰਖਿ ਲੇਹੁ ਹਰਿ ਰਾਇਆ ॥ ਨਾਨਕ ਪਇਐ ਕਿਰਤਿ ਕਮਾਵਦੇ ਮਨਮੁਖਿ ਦੁਖੁ ਪਾਇਆ ॥੧੭॥ {ਪੰਨਾ 1244}

ਪਦ ਅਰਥ: ਦੁਸਟੁ = ਐਬ, ਪਾਪ। ਨਕਵਢੇ = ਵੱਢੇ ਹੋਏ ਨੱਕ ਵਾਲੇ, ਬੇ-ਸ਼ਰਮ। ਕਰੂਪ = ਭੈੜੇ ਰੂਪ ਵਾਲੇ, ਕੋਝੇ। ਕਾਲੇ ਮੋਹ = ਕਾਲੇ ਮੂੰਹ ਵਾਲੇ, ਭਰਿਸ਼ਟੇ ਹੋਏ ਮੂੰਹ ਵਾਲੇ। ਹਿਰਹਿ = ਚੁਰਾਂਦੇ ਹਨ। ਚੁਰਾਇਆ = ਚੁਰਾਇਆ ਜਾਂਦਾ ਹੈ, ਚੋਰੀ ਹੋ ਜਾਂਦਾ ਹੈ। ਕਿਰਤਿ = ਕਿਰਤ ਅਨੁਸਾਰ, ਪਿਛਲੇ ਕੀਤੇ ਕੰਮ ਅਨੁਸਾਰ। ਪਇਐ ਕਿਰਤਿ = ਪਿਛਲੇ ਕੀਤੇ ਕੰਮਾਂ ਦੇ ਇਕੱਠੇ ਹੋਏ ਸੰਸਕਾਰਾਂ ਅਨੁਸਾਰ। ਭਲਕੇ = ਨਿੱਤ। ਦਰਬੁ = (dàÒX) ਧਨ।

ਅਰਥ: ਜਿਨ੍ਹਾਂ (ਮਨ ਦੇ ਮੁਰੀਦ) ਮਨੁੱਖਾਂ ਦੇ ਮਨ ਵਿਚ ਦੂਜਿਆਂ ਦੀ ਨਿੰਦਿਆ ਕਰਨ ਦਾ ਭੈੜਾ ਸੁਭਾਅ ਹੁੰਦਾ ਹੈ ਉਹਨਾਂ ਦੀ ਕਿਤੇ ਇੱਜ਼ਤ ਨਹੀਂ ਹੁੰਦੀ (ਉਹ ਹਰ ਥਾਂ) ਹੌਲੇ ਪੈਂਦੇ ਹਨ; ਮਾਇਆ (ਦੇ ਇਸ ਵਿਕਾਰ ਵਿਚ ਗ੍ਰਸੇ ਹੋਣ) ਦੇ ਕਾਰਨ ਉਹ ਬੜੇ ਕੋਝੇ ਤੇ ਭਰਿਸ਼ਟੇ ਮੂੰਹ ਵਾਲੇ ਜਾਪਦੇ ਹਨ ਤੇ ਸਦਾ ਦੁਖੀ ਰਹਿੰਦੇ ਹਨ।

ਜੋ ਮਨੁੱਖ ਸਦਾ ਨਿੱਤ ਉੱਠ ਕੇ (ਭਾਵ, ਆਹਰ ਨਾਲ) ਦੂਜਿਆਂ ਦਾ ਧਨ ਚੁਰਾਂਦੇ ਹਨ (ਭਾਵ, ਜੋ ਨਿੰਦਾ ਕਰ ਕੇ ਦੂਜਿਆਂ ਦੀ ਇੱਜ਼ਤ-ਰੂਪ ਧਨ ਖੋਹਣ ਦਾ ਜਤਨ ਕਰਦੇ ਹਨ) ਉਹਨਾਂ (ਦੇ ਆਪਣੇ ਅੰਦਰ) ਦਾ ਹਰਿ-ਨਾਮ (-ਰੂਪ ਧਨ) ਚੋਰੀ ਹੋ ਜਾਂਦਾ ਹੈ। ਹੇ ਹਰਿ ਜੀਉ! ਹੇ ਹਰਿ ਰਾਇ! ਅਸਾਡੀ ਸਹੈਤਾ ਕਰੋ, ਅਸਾਨੂੰ ਉਹਨਾਂ ਦੀ ਸੰਗਤਿ ਨਾਹ ਦਿਉ।

ਹੇ ਨਾਨਕ! ਮਨ ਦੇ ਮਰੀਦ ਮਨੁੱਖ ਪਿਛਲੇ ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ (ਹੁਣ ਭੀ ਨਿੰਦਾ ਦੀ ਕਿਰਤ) ਕਮਾਂਦੇ ਹਨ ਤੇ ਦੁੱਖ ਪਾਂਦੇ ਹਨ। 17।

ਸਲੋਕ ਮਃ ੪ ॥ ਸਭੁ ਕੋਈ ਹੈ ਖਸਮ ਕਾ ਖਸਮਹੁ ਸਭੁ ਕੋ ਹੋਇ ॥ ਹੁਕਮੁ ਪਛਾਣੈ ਖਸਮ ਕਾ ਤਾ ਸਚੁ ਪਾਵੈ ਕੋਇ ॥ ਗੁਰਮੁਖਿ ਆਪੁ ਪਛਾਣੀਐ ਬੁਰਾ ਨ ਦੀਸੈ ਕੋਇ ॥ ਨਾਨਕ ਗੁਰਮੁਖਿ ਨਾਮੁ ਧਿਆਈਐ ਸਹਿਲਾ ਆਇਆ ਸੋਇ ॥੧॥ {ਪੰਨਾ 1244}

ਪਦ ਅਰਥ: ਸਭੁ ਕੋ = ਹਰੇਕ ਜੀਵ। ਖਸਮਹੁ = ਖਸਮ ਤੋਂ। ਸਚੁ = ਸਦਾ ਕਾਇਮ ਰਹਿਣ ਵਾਲਾ (ਖਸਮ) । ਕੋਇ = ਕੋਈ ਜੀਵ। ਗੁਰਮੁਖਿ = ਗੁਰੂ ਦੇ ਸਨਮੁਖ ਹੋ ਕੇ। ਧਿਆਈਐ = ਸਿਮਰੀਏ। ਸਹਿਲਾ = ਸੌਖਾ, ਸੁਖੀ ਜੀਵਨ ਵਾਲਾ। ਸੋਇ = ਉਹ ਮਨੁੱਖ।

ਅਰਥ: ਹਰੇਕ ਜੀਵ ਖਸਮ-ਪ੍ਰਭੂ ਦਾ ਹੈ ਖਸਮ-ਪ੍ਰਭੂ ਤੋਂ ਹਰੇਕ ਜੀਵ ਪੈਦਾ ਹੁੰਦਾ ਹੈ; ਜਦੋਂ ਜੀਵ ਖਸਮ ਦਾ ਹੁਕਮ ਪਛਾਣਦਾ ਹੈ ਤਾਂ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਨੂੰ ਪ੍ਰਾਪਤ ਕਰ ਲੈਂਦਾ ਹੈ। ਜੇ ਗੁਰੂ ਦੇ ਹੁਕਮ ਤੇ ਤੁਰ ਕੇ ਆਪੇ ਦੀ ਸੂਝ ਹੋ ਜਾਏ ਤਾਂ (ਜਗਤ ਵਿਚ) ਕੋਈ ਜੀਵ ਭੈੜਾ ਨਹੀਂ ਲੱਗਦਾ। ਹੇ ਨਾਨਕ! (ਜਗਤ ਵਿਚ) ਪੈਦਾ ਹੋਇਆ ਉਹ ਜੀਵ ਸੁਖੀ ਜੀਵਨ ਵਾਲਾ ਹੁੰਦਾ ਹੈ ਜੋ ਗੁਰੂ ਦੇ ਸਨਮੁਖ ਹੋ ਕੇ ਨਾਮ ਸਿਮਰਦਾ ਹੈ।1।

ਮਃ ੪ ॥ ਸਭਨਾ ਦਾਤਾ ਆਪਿ ਹੈ ਆਪੇ ਮੇਲਣਹਾਰੁ ॥ ਨਾਨਕ ਸਬਦਿ ਮਿਲੇ ਨ ਵਿਛੁੜਹਿ ਜਿਨਾ ਸੇਵਿਆ ਹਰਿ ਦਾਤਾਰੁ ॥੨॥

ਪਦ ਅਰਥ: ਦਾਤਾ = ਦੇਣ ਵਾਲਾ। ਆਪੇ = ਆਪ ਹੀ। ਮੇਲਣਹਾਰੁ = (ਆਪਣੇ ਨਾਲ) ਮਿਲਾਣ ਵਾਲਾ। ਸਬਦਿ = ਸ਼ਬਦ ਵਿਚ। ਸੇਵਿਆ = ਸਿਮਰਿਆ।

ਅਰਥ: ਸਭ ਜੀਵਾਂ ਨੂੰ (ਰੋਜ਼ੀ ਆਦਿਕ) ਦੇਣ ਵਾਲਾ ਤੇ (ਆਪਣੇ ਨਾਲ) ਮਿਲਾਣ ਵਾਲਾ ਪ੍ਰਭੂ ਆਪ ਹੀ ਹੈ। ਹੇ ਨਾਨਕ! ਜਿਨ੍ਹਾਂ ਨੇ (ਸਾਰੇ ਪਦਾਰਥ) ਦੇਣ ਵਾਲੇ ਪ੍ਰਭੂ ਨੂੰ ਸਿਮਰਿਆ ਹੈ, ਜੋ ਗੁਰੂ ਦੇ ਸ਼ਬਦ ਵਿਚ ਜੁੜੇ ਰਹਿੰਦੇ ਹਨ ਉਹ ਕਦੇ ਪ੍ਰਭੂ ਤੋਂ ਵਿੱਛੁੜਦੇ ਨਹੀਂ ਹਨ।2।

ਪਉੜੀ ॥ ਗੁਰਮੁਖਿ ਹਿਰਦੈ ਸਾਂਤਿ ਹੈ ਨਾਉ ਉਗਵਿ ਆਇਆ ॥ ਜਪ ਤਪ ਤੀਰਥ ਸੰਜਮ ਕਰੇ ਮੇਰੇ ਪ੍ਰਭ ਭਾਇਆ ॥ ਹਿਰਦਾ ਸੁਧੁ ਹਰਿ ਸੇਵਦੇ ਸੋਹਹਿ ਗੁਣ ਗਾਇਆ ॥ ਮੇਰੇ ਹਰਿ ਜੀਉ ਏਵੈ ਭਾਵਦਾ ਗੁਰਮੁਖਿ ਤਰਾਇਆ ॥ ਨਾਨਕ ਗੁਰਮੁਖਿ ਮੇਲਿਅਨੁ ਹਰਿ ਦਰਿ ਸੋਹਾਇਆ ॥੧੮॥ {ਪੰਨਾ 1244}

ਪਦ ਅਰਥ: ਉਗਵਿ ਆਇਆ = ਪਰਗਟ ਹੋ ਪੈਂਦਾ ਹੈ। ਨਾਉ ਉਗਵਿ ਆਇਆ = ਨਾਮ (ਦਾ ਚਾਉ) ਪੈਦਾ ਹੋ ਜਾਂਦਾ ਹੈ। ਪ੍ਰਭ ਭਾਇਆ = ਪ੍ਰਭੂ ਨੂੰ ਪਿਆਰੇ ਲੱਗਦੇ ਹਨ। ਸੋਹਹਿ = ਸੋਹਣੇ ਲੱਗਦੇ ਹਨ, ਸੋਭਦੇ ਹਨ। ਏਵੈ = ਇਸੇ ਤਰ੍ਹਾਂ। ਮੇਲਿਅਨੁ = ਉਸੇ (ਪ੍ਰਭੂ) ਨੇ ਮੇਲੇ ਹਨ। ਦਰਿ = ਦਰ ਤੇ, ਹਜ਼ੂਰੀ ਵਿਚ, ਚਰਨਾਂ ਵਿਚ। ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ।

ਅਰਥ: ਜੋ ਮਨੁੱਖ ਗੁਰੂ ਦੇ ਸਨਮੁਖ ਹੁੰਦੇ ਹਨ ਉਹਨਾਂ ਦੇ ਹਿਰਦੇ ਵਿਚ ਸ਼ਾਂਤੀ ਹੁੰਦੀ ਹੈ, (ਉਹਨਾਂ ਦੇ ਮਨ ਵਿਚ) ਨਾਮ (ਜਪਣ ਦਾ ਚਾਉ) ਪੈਦਾ ਹੋਇਆ ਰਹਿੰਦਾ ਹੈ। (ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ) ਮੇਰੇ ਪ੍ਰਭੂ ਨੂੰ ਪਿਆਰੇ ਲੱਗਦੇ ਹਨ, ਉਹਨਾਂ (ਮਾਨੋ) ਜਪ ਕਰ ਲਏ ਹਨ, ਤਪ ਸਾਧ ਲਏ ਹਨ, ਤੀਰਥ ਨ੍ਹਾ ਲਏ ਹਨ ਤੇ ਮਨ ਨੂੰ ਵੱਸ ਕਰਨ ਦੇ ਸਾਧਨ ਕਰ ਲਏ ਹਨ। ਗੁਰਮੁਖਾਂ ਦਾ ਹਿਰਦਾ ਪਵਿਤ੍ਰ ਹੁੰਦਾ ਹੈ, ਉਹ ਪ੍ਰਭੂ ਦਾ ਸਿਮਰਨ ਕਰਦੇ ਹਨ ਤੇ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰ ਕੇ ਸੋਹਣੇ ਲੱਗਦੇ ਹਨ। ਪਿਆਰੇ ਪ੍ਰਭੂ ਨੂੰ ਭੀ ਇਹੀ ਗੱਲ ਚੰਗੀ ਲੱਗਦੀ ਹੈ, ਉਹ ਗੁਰਮੁਖਾਂ ਨੂੰ (ਸੰਸਾਰ-ਸਮੁੰਦਰ ਤੋਂ) ਤਾਰ ਲੈਂਦਾ ਹੈ।

ਹੇ ਨਾਨਕ! ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖਾਂ ਨੂੰ ਪ੍ਰਭੂ ਨੇ ਆਪ ਆਪਣੇ ਨਾਲ ਮੇਲ ਲਿਆ ਹੁੰਦਾ ਹੈ, ਉਹ ਪ੍ਰਭੂ ਦੇ ਦਰ ਤੇ ਸੋਹਣੇ ਲੱਗਦੇ ਹਨ। 18।

ਸਲੋਕ ਮਃ ੧ ॥ ਧਨਵੰਤਾ ਇਵ ਹੀ ਕਹੈ ਅਵਰੀ ਧਨ ਕਉ ਜਾਉ ॥ ਨਾਨਕੁ ਨਿਰਧਨੁ ਤਿਤੁ ਦਿਨਿ ਜਿਤੁ ਦਿਨਿ ਵਿਸਰੈ ਨਾਉ ॥੧॥ {ਪੰਨਾ 1244}

ਪਦ ਅਰਥ: ਇਵ ਹੀ = ਇਉਂ ਹੀ, ਇਸੇ ਤਰ੍ਹਾਂ ਹੀ। ਧਨ ਕਉ = ਧਨ ਵਾਸਤੇ, ਧਨ ਇਕੱਠਾ ਕਰਨ ਲਈ। ਜਾਉ = ਜਾਉਂ, ਜਾਵਾਂ। ਨਿਰਧਨੁ = ਕੰਗਾਲ। ਤਿਤੁ ਦਿਨਿ = ਉਸ ਦਿਨ ਵਿਚ, ਉਸ ਦਿਹਾੜੇ। ਜਿਤੁ ਦਿਨਿ = ਜਿਸ ਦਿਹਾੜੇ (ਲਫ਼ਜ਼ 'ਤਿਤੁ' ਅਤੇ 'ਜਿਤੁ' ਅਧਿਕਰਣ ਕਾਰਕ ਇਕ-ਵਚਨ ਹਨ ਲਫ਼ਜ਼ 'ਤਿਸੁ' ਅਤੇ 'ਜਿਸੁ' ਤੋਂ) ।

ਅਰਥ: ਧਨ ਵਾਲਾ ਮਨੁੱਖ (ਸਦਾ) ਇਉਂ ਹੀ ਆਖਦਾ ਹੈ ਕਿ ਮੈਂ ਹੋਰ ਧਨ ਕਮਾਣ ਲਈ ਜਾਵਾਂ। ਪਰ ਨਾਨਕ ਤਾਂ ਉਸ ਦਿਹਾੜੇ ਕੰਗਾਲ (ਹੋਵੇਗਾ) ਜਿਸ ਦਿਨ ਇਸ ਨੂੰ ਪਰਮਾਤਮਾ ਦਾ ਨਾਮ ਵਿੱਸਰੇਗਾ।1।

ਮਃ ੧ ॥ ਸੂਰਜੁ ਚੜੈ ਵਿਜੋਗਿ ਸਭਸੈ ਘਟੈ ਆਰਜਾ ॥ ਤਨੁ ਮਨੁ ਰਤਾ ਭੋਗਿ ਕੋਈ ਹਾਰੈ ਕੋ ਜਿਣੈ ॥ ਸਭੁ ਕੋ ਭਰਿਆ ਫੂਕਿ ਆਖਣਿ ਕਹਣਿ ਨ ਥੰਮ੍ਹ੍ਹੀਐ ॥ ਨਾਨਕ ਵੇਖੈ ਆਪਿ ਫੂਕ ਕਢਾਏ ਢਹਿ ਪਵੈ ॥੨॥ {ਪੰਨਾ 1244}

ਪਦ ਅਰਥ: ਵਿਜੋਗਿ = ਵਿਛੋੜੇ ਨਾਲ, (ਦਿਨ ਦੇ) ਗੁਜ਼ਰਨ ਨਾਲ। ਸਭਸੈ = ਹਰੇਕ ਜੀਵ ਦੀ। ਆਰਜਾ = ਉਮਰ। ਰਤਾ = ਰੰਗਿਆ ਹੋਇਆ। ਭੋਗਿ = (ਮਾਇਆ ਦੇ) ਭੋਗਣ ਵਿਚ। ਸਭੁ ਕੋ = ਹਰੇਕ ਜੀਵ। ਫੂਕਿ = ਅਹੰਕਾਰ ਨਾਲ। ਆਖਣਿ ਕਹਣਿ = ਆਖਣ ਨਾਲ ਕਹਿਣ ਨਾਲ, ਸਮਝਾਉਣ ਨਾਲ। ਥੰਮ੍ਹ੍ਹੀਐ = ਰੋਕਿਆ ਜਾਂਦਾ। ਆਪਿ = ਪ੍ਰਭੂ ਆਪ। ਫੂਕ = ਪ੍ਰਾਣ, ਸੁਆਸ। ਜਿਣੈ = ਜਿੱਤਦਾ ਹੈ।

ਅਰਥ: ਸੂਰਜ ਚੜ੍ਹਦਾ ਹੈ (ਤੇ ਡੁੱਬਦਾ ਹੈ, ਇਸ ਤਰ੍ਹਾਂ ਦਿਨਾਂ ਦੇ) ਗੁਜ਼ਰਨ ਨਾਲ ਹਰੇਕ ਜੀਵ ਦੀ ਉਮਰ ਘਟ ਰਹੀ ਹੈ; ਜਿਸ ਦਾ ਮਨ ਤਨ ਮਾਇਆ ਦੇ ਭੋਗਣ ਵਿਚ ਰੁੱਝਾ ਹੋਇਆ ਹੈ ਉਹ ਤਾਂ ਮਨੁੱਖਾ ਜਨਮ ਦੀ ਬਾਜ਼ੀ ਹਾਰ ਜਾਂਦਾ ਹੈ, ਤੇ, ਕੋਈ (ਵਿਰਲਾ ਵਿਰਲਾ) ਜਿੱਤ ਕੇ ਜਾਂਦਾ ਹੈ। (ਮਾਇਆ ਦੇ ਕਾਰਨ) ਹਰੇਕ ਜੀਵ ਅਹੰਕਾਰ ਨਾਲ ਆਫਰਿਆ ਹੋਇਆ ਹੈ, ਸਮਝਾਇਆਂ ਆਕੜਨ ਤੋਂ ਰੁਕਦਾ ਨਹੀਂ। ਹੇ ਨਾਨਕ! ਪਰਮਾਤਮਾ ਆਪ (ਜੀਵ ਦੀ ਆਕੜ ਨੂੰ) ਵੇਖ ਰਿਹਾ ਹੈ, ਜਦੋਂ ਉਹ ਇਸ ਦੇ ਸੁਆਸ ਮੁਕਾ ਦੇਂਦਾ ਹੈ ਤਾਂ ਇਹ (ਅਹੰਕਾਰੀ) ਧਰਤੀ ਤੇ ਢਹਿ ਪੈਂਦਾ ਹੈ (ਭਾਵ, ਮਿੱਟੀ ਨਾਲ ਮਿਲ ਜਾਂਦਾ ਹੈ) ।2।

TOP OF PAGE

Sri Guru Granth Darpan, by Professor Sahib Singh