ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 1245

ਪਉੜੀ ॥ ਸਤਸੰਗਤਿ ਨਾਮੁ ਨਿਧਾਨੁ ਹੈ ਜਿਥਹੁ ਹਰਿ ਪਾਇਆ ॥ ਗੁਰ ਪਰਸਾਦੀ ਘਟਿ ਚਾਨਣਾ ਆਨ੍ਹ੍ਹੇਰੁ ਗਵਾਇਆ ॥ ਲੋਹਾ ਪਾਰਸਿ ਭੇਟੀਐ ਕੰਚਨੁ ਹੋਇ ਆਇਆ ॥ ਨਾਨਕ ਸਤਿਗੁਰਿ ਮਿਲਿਐ ਨਾਉ ਪਾਈਐ ਮਿਲਿ ਨਾਮੁ ਧਿਆਇਆ ॥ ਜਿਨ੍ਹ੍ਹ ਕੈ ਪੋਤੈ ਪੁੰਨੁ ਹੈ ਤਿਨ੍ਹ੍ਹੀ ਦਰਸਨੁ ਪਾਇਆ ॥੧੯॥ {ਪੰਨਾ 1245}

ਪਦ ਅਰਥ: ਜਿਥਹੁ = ਜਿਸ ਥਾਂ ਤੋਂ, (ਭਾਵ,) ਸਤ ਸੰਗਤਿ ਵਿਚੋਂ। ਗੁਰ ਪਰਸਾਦੀ = ਗੁਰੂ ਦੀ ਕਿਰਪਾ ਨਾਲ। ਘਟਿ = ਹਿਰਦੇ ਵਿਚ। ਪਾਰਸਿ = ਪਾਰਸ ਨਾਲ। ਕੰਚਨੁ = ਸੋਨਾ। ਸਤਿਗੁਰਿ ਮਿਲਿਐ = (ਪੂਰਨ ਕਾਰਦੰਤਕ, Locative Absolute) ਜੇ ਗੁਰੂ ਮਿਲੇ। ਮਿਲਿ = (ਗੁਰੂ ਨੂੰ) ਮਿਲ ਕੇ। ਪੋਤੈ = ਖ਼ਜ਼ਾਨੇ ਵਿਚ, ਭਾਗਾਂ ਵਿਚ (ਵੇਖੋ ਪਉੜੀ ਨੰ: 2 ਚੌਥੀ ਤੁਕ) । ਤਿਨ੍ਹ੍ਹੀ = ਉਹਨਾਂ ਨੇ।

ਅਰਥ: ਸਤਸੰਗ ਵਿਚ ਪਰਮਾਤਮਾ ਦਾ ਨਾਮ-ਰੂਪ ਖ਼ਜ਼ਾਨਾ ਹੈ, ਸਤਸੰਗ ਵਿਚੋਂ ਹੀ ਪਰਮਾਤਮਾ ਮਿਲਦਾ ਹੈ; (ਸਤਸੰਗ ਵਿਚ ਰਿਹਾਂ) ਸਤਿਗੁਰੂ ਦੀ ਕਿਰਪਾ ਨਾਲ ਹਿਰਦੇ ਵਿਚ (ਪ੍ਰਭੂ ਦੇ ਨਾਮ ਦਾ) ਪ੍ਰਕਾਸ਼ ਹੋ ਜਾਂਦਾ ਹੈ ਤੇ (ਮਾਇਆ ਦੇ ਮੋਹ ਦਾ) ਹਨੇਰਾ ਦੂਰ ਹੋ ਜਾਂਦਾ ਹੈ। (ਜਿਵੇਂ) ਪਾਰਸ ਨਾਲ ਛੋਹਿਆਂ ਲੋਹਾ ਸੋਨਾ ਬਣ ਜਾਂਦਾ ਹੈ, (ਇਸੇ ਤਰ੍ਹਾਂ) ਹੇ ਨਾਨਕ! ਜੇ ਸਤਿਗੁਰੂ ਮਿਲ ਪਏ (ਤਾਂ ਗੁਰੂ ਦੀ ਛੁਹ ਨਾਲ) ਨਾਮ ਮਿਲ ਜਾਂਦਾ ਹੈ, (ਗੁਰੂ ਨੂੰ) ਮਿਲ ਕੇ ਨਾਮ ਸਿਮਰੀਦਾ ਹੈ। ਪਰ (ਪ੍ਰਭੂ ਦਾ) ਦੀਦਾਰ ਉਹਨਾਂ ਨੂੰ ਪ੍ਰਾਪਤ ਹੁੰਦਾ ਹੈ ਜਿਨ੍ਹਾਂ ਦੇ ਭਾਗਾਂ ਵਿਚ (ਪਿਛਲੀ ਕੀਤੀ) ਭਲਿਆਈ ਮੌਜੂਦ ਹੈ। 19।

ਸਲੋਕ ਮਃ ੧ ॥ ਧ੍ਰਿਗੁ ਤਿਨਾ ਕਾ ਜੀਵਿਆ ਜਿ ਲਿਖਿ ਲਿਖਿ ਵੇਚਹਿ ਨਾਉ ॥ ਖੇਤੀ ਜਿਨ ਕੀ ਉਜੜੈ ਖਲਵਾੜੇ ਕਿਆ ਥਾਉ ॥ ਸਚੈ ਸਰਮੈ ਬਾਹਰੇ ਅਗੈ ਲਹਹਿ ਨ ਦਾਦਿ ॥ ਅਕਲਿ ਏਹ ਨ ਆਖੀਐ ਅਕਲਿ ਗਵਾਈਐ ਬਾਦਿ ॥ ਅਕਲੀ ਸਾਹਿਬੁ ਸੇਵੀਐ ਅਕਲੀ ਪਾਈਐ ਮਾਨੁ ॥ ਅਕਲੀ ਪੜ੍ਹ੍ਹਿ ਕੈ ਬੁਝੀਐ ਅਕਲੀ ਕੀਚੈ ਦਾਨੁ ॥ ਨਾਨਕੁ ਆਖੈ ਰਾਹੁ ਏਹੁ ਹੋਰਿ ਗਲਾਂ ਸੈਤਾਨੁ ॥੧॥ {ਪੰਨਾ 1245}

ਪਦ ਅਰਥ: ਜਿ = ਜੋ ਮਨੁੱਖ। ਨਾਉ = (ਤਵੀਤ ਤੇ ਜੰਤ੍ਰ-ਮੰਤ੍ਰ ਆਦਿਕ ਦੀ ਸ਼ਕਲ ਵਿਚ) ਪ੍ਰਭੂ ਦਾ ਨਾਮ। ਕਿਆ ਥਾਉ = (ਭਾਵ,) ਕੋਈ ਥਾਂ ਨਹੀਂ, ਕਿਤੇ ਨਹੀਂ ਬਣਦਾ। ਸਰਮ = ਉੱਦਮ। ਦਾਦਿ = ਕਦਰ, ਸ਼ਾਬਾਸ਼ੇ। ਬਾਦਿ = ਵਿਅਰਥ। ਸੇਵੀਐ = ਸਿਮਰੀਏ। ਮਾਨੁ = ਇੱਜ਼ਤ। ਕੀਚੈ ਦਾਨੁ = (ਉਹ ਸਮਝ) ਹੋਰਨਾਂ ਨੂੰ ਭੀ ਸਿਖਾਈਏ।

ਅਰਥ: ਜੋ ਮਨੁੱਖ ਪਰਮਾਤਮਾ ਦਾ ਨਾਮ (ਤਵੀਤ ਤੇ ਜੰਤ੍ਰ-ਜੰਤ੍ਰ ਆਦਿਕ ਦੀ ਸ਼ਕਲ ਵਿਚ) ਵੇਚਦੇ ਹਨ ਉਹਨਾਂ ਦੇ ਜੀਉਣ ਨੂੰ ਲਾਹਨਤ ਹੈ (ਜੇ ਉਹ ਬੰਦਗੀ ਭੀ ਕਰਦੇ ਹਨ ਤਾਂ ਭੀ ਉਹਨਾਂ ਦੀ 'ਨਾਮ' ਵਾਲੀ ਫ਼ਸਲ ਇਸ ਤਰ੍ਹਾਂ ਨਾਲੋ ਨਾਲ ਹੀ ਉੱਜੜਦੀ ਜਾਂਦੀ ਹੈ, ਤੇ) ਜਿਨ੍ਹਾਂ ਦੀ ਫ਼ਸਲ (ਨਾਲੋ ਨਾਲ) ਉੱਜੜਦੀ ਜਾਏ ਉਹਨਾਂ ਦਾ ਖਲਵਾੜਾ ਕਿੱਥੇ ਬਣਨਾ ਹੋਇਆ? (ਭਾਵ, ਉਸ ਬੰਦਗੀ ਦਾ ਚੰਗਾ ਸਿੱਟਾ ਨਹੀਂ ਨਿਕਲ ਸਕਦਾ, ਕਿਉਂਕਿ ਉਹ ਬੰਦਗੀ ਦੇ ਸਹੀ ਰਾਹ ਤੋਂ ਖੁੰਝੇ ਰਹਿੰਦੇ ਹਨ) । ਸਹੀ ਮਿਹਨਤ ਤੋਂ ਬਿਨਾ ਪ੍ਰਭੂ ਦੀ ਹਜ਼ੂਰੀ ਵਿਚ ਭੀ ਉਹਨਾਂ ਦੀ ਕਦਰ ਨਹੀਂ ਹੁੰਦੀ। (ਪਰਮਾਤਮਾ ਦਾ ਸਿਮਰਨ ਕਰਨਾ ਬੜੀ ਸੁੰਦਰ ਅਕਲ ਦੀ ਗੱਲ ਹੈ, ਪਰ ਤਵੀਤ-ਧਾਗੇ ਬਣਾ ਕੇ ਦੇਣ ਵਿਚ ਰੁੱਝ ਪੈਣ ਨਾਲ ਇਹ) ਅਕਲ ਵਿਅਰਥ ਗਵਾ ਲੈਣਾ = ਇਸ ਨੂੰ ਅਕਲ ਨਹੀਂ ਆਖੀਦਾ।

ਅਕਲ ਇਹ ਹੈ ਕਿ ਪਰਮਾਤਮਾ ਦਾ ਸਿਮਰਨ ਕਰੀਏ ਤੇ ਇੱਜ਼ਤ ਖੱਟੀਏ, ਅਕਲ ਇਹ ਹੈ ਕਿ (ਪ੍ਰਭੂ ਦੀ ਸਿਫ਼ਤਿ-ਸਾਲਾਹ ਵਾਲੀ ਬਾਣੀ) ਪੜ੍ਹੀਏ (ਇਸ ਦੇ ਡੂੰਘੇ ਭੇਤ) ਸਮਝੀਏ ਤੇ ਹੋਰਨਾਂ ਨੂੰ ਸਮਝਾਈਏ। ਨਾਨਕ ਆਖਦਾ ਹੈ– ਜ਼ਿੰਦਗੀ ਦਾ ਸਹੀ ਰਸਤਾ ਸਿਰਫ਼ ਇਹੀ ਹੈ, (ਸਿਮਰਨ ਤੋਂ) ਲਾਂਭ ਦੀਆਂ ਗੱਲਾਂ (ਦੱਸਣ ਵਾਲਾ) ਸ਼ੈਤਾਨ ਹੈ।

ਮਃ ੨ ॥ ਜੈਸਾ ਕਰੈ ਕਹਾਵੈ ਤੈਸਾ ਐਸੀ ਬਨੀ ਜਰੂਰਤਿ ॥ ਹੋਵਹਿ ਲਿੰਙ ਝਿੰਙ ਨਹ ਹੋਵਹਿ ਐਸੀ ਕਹੀਐ ਸੂਰਤਿ ॥ ਜੋ ਓਸੁ ਇਛੇ ਸੋ ਫਲੁ ਪਾਏ ਤਾਂ ਨਾਨਕ ਕਹੀਐ ਮੂਰਤਿ ॥੨॥ {ਪੰਨਾ 1245}

ਪਦ ਅਰਥ: ਐਸੀ ਬਨੀ ਜਰੂਰਤਿ = ਲੋੜ ਅਜੇਹੀ ਬਣੀ ਹੋਈ ਹੈ, ਨਿਯਮ ਐਸਾ ਬੱਝਾ ਹੋਇਆ ਹੈ, ਅਵੱਸੋਂ ਇਹ ਗੱਲ ਬਣੀ ਹੋਈ ਹੈ। ਕਹਾਵੈ = ਅਖਵਾਂਦਾ ਹੈ। ਲਿੰਙ = ਨਰੋਏ ਅੰਗ। ਝਿੰਙ = ਝੜੇ ਹੋਏ ਅੰਗ। ਐਸੀ ਕਹੀਐ ਸੂਰਤਿ = ਐਸੀ ਸੂਰਤਿ ਮਨੁੱਖਾ ਸੂਰਤਿ ਕਹੀਏ, ਮਨੁੱਖਾ ਸਰੀਰ ਇਹੋ ਜਿਹਾ ਹੀ ਹੋਣਾ ਚਾਹੀਦਾ ਹੈ। ਓਸੁ = ਉਸ ਪ੍ਰਭੂ ਨੂੰ। ਓਸੁ ਇਛੇ = ਉਸ ਪ੍ਰਭੂ ਨੂੰ ਮਿਲਣ ਲਈ ਤਾਂਘਦਾ ਹੈ। ਮੂਰਤਿ = ਮਨੁੱਖਾ-ਜਾਮਾ, ਮਨੁੱਖਾ ਹਸਤੀ।

ਅਰਥ: ਅਵੱਸੋਂ ਹੀ ਐਸੀ ਮਰਯਾਦਾ ਬਣੀ ਹੋਈ ਹੈ ਕਿ ਮਨੁੱਖ ਜਿਹੋ ਜਿਹਾ ਕੰਮ ਕਰਦਾ ਹੈ ਉਹੋ ਜਿਹਾ ਉਸ ਦਾ ਨਾਮ ਪੈ ਜਾਂਦਾ ਹੈ। (ਇਸ ਮਰਯਾਦਾ ਅਨੁਸਾਰ ਅਸਲ ਵਿਚ) ਉਹੀ ਜਿਸਮ ਮਨੁੱਖਾ ਜਿਸਮ ਅਖਵਾਣ ਦੇ ਲਾਇਕ ਹੁੰਦਾ ਹੈ ਜਿਸ ਦੇ ਨਰੋਏ ਅੰਗ ਹੁੰਦੇ ਹਨ, ਜਿਸ ਦੇ ਅੰਗ ਝੜੇ ਹੋਏ ਨਹੀਂ ਹੁੰਦੇ।

(ਇਸੇ ਤਰ੍ਹਾਂ) ਹੇ ਨਾਨਕ! ਉਹੀ ਹਸਤੀ ਮਨੁੱਖਾ ਹਸਤੀ ਕਹੀ ਜਾਣੀ ਚਾਹੀਦੀ ਹੈ ਜਿਸ ਦੇ ਅੰਦਰ ਪ੍ਰਭੂ ਨੂੰ ਮਿਲਣ ਦੀ ਤਾਂਘ ਹੋਵੇ ਤੇ (ਇਸ ਤਾਂਘ-ਅਨੁਸਾਰ ਪ੍ਰਭੂ-ਮਿਲਾਪ-ਰੂਪ) ਫਲ ਪ੍ਰਾਪਤ ਹੋ ਜਾਏ।2।

ਪਉੜੀ ॥ ਸਤਿਗੁਰੁ ਅੰਮ੍ਰਿਤ ਬਿਰਖੁ ਹੈ ਅੰਮ੍ਰਿਤ ਰਸਿ ਫਲਿਆ ॥ ਜਿਸੁ ਪਰਾਪਤਿ ਸੋ ਲਹੈ ਗੁਰ ਸਬਦੀ ਮਿਲਿਆ ॥ ਸਤਿਗੁਰ ਕੈ ਭਾਣੈ ਜੋ ਚਲੈ ਹਰਿ ਸੇਤੀ ਰਲਿਆ ॥ ਜਮਕਾਲੁ ਜੋਹਿ ਨ ਸਕਈ ਘਟਿ ਚਾਨਣੁ ਬਲਿਆ ॥ ਨਾਨਕ ਬਖਸਿ ਮਿਲਾਇਅਨੁ ਫਿਰਿ ਗਰਭਿ ਨ ਗਲਿਆ ॥੨੦॥ {ਪੰਨਾ 1245}

ਪਦ ਅਰਥ: ਅੰਮ੍ਰਿਤ ਬਿਰਖੁ = ਅੰਮ੍ਰਿਤ ਦਾ ਰੁੱਖ, ਆਤਮਕ ਜੀਵਨ ਦੇਣ ਵਾਲੇ ਨਾਮ-ਫਲ ਦਾ ਰੁੱਖ। ਰਸਿ = ਰਸ ਨਾਲ। ਜਿਸੁ = ਜਿਸ ਨੂੰ। ਜਿਸੁ ਪਰਾਪਤਿ = ਜਿਸ ਨੂੰ ਮਿਲਣਾ (ਸੰਜੋਗਾਂ ਵਿਚ ਲਿਖਿਆ ਹੋਇਆ ਹੈ) । ਗੁਰ ਸਬਦੀ = ਗੁਰੂ ਦੇ ਸ਼ਬਦ ਦੀ ਰਾਹੀਂ। ਕੈ ਭਾਣੈ = ਦੇ ਭਾਣੇ ਵਿਚ। ਸੇਤੀ = ਨਾਲ। ਜੋਹਿ ਨ ਸਕਈ = ਤੱਕ ਨਹੀਂ ਸਕਦਾ, ਘੂਰ ਨਹੀਂ ਸਕਦਾ। ਬਖਸਿ = ਬਖ਼ਸ਼ਸ਼ ਕਰ ਕੇ। ਮਿਲਾਇਅਨੁ = ਮਿਲਾਏ ਹਨ ਉਸ ਨੇ। ਗਰਭਿ = ਗਰਭ ਵਿਚ, (ਭਾਵ, ਜੂਨਾਂ ਵਿਚ) ।

ਅਰਥ: ਗੁਰੂ (ਮਾਨੋ) ਅੰਮ੍ਰਿਤ ਦਾ ਰੁੱਖ ਹੈ ਜੋ ਅੰਮ੍ਰਿਤ ਦੇ ਰਸ ਨਾਲ ਫਲਿਆ ਹੋਇਆ ਹੈ (ਭਾਵ, ਜਿਸ ਨੂੰ ਅੰਮ੍ਰਿਤ-ਰਸ ਰੂਪ ਫਲ ਲੱਗਾ ਹੋਇਆ ਹੈ, ਜਿਸ ਪਾਸੋਂ ਨਾਮ-ਅੰਮ੍ਰਿਤ ਦਾ ਰਸ ਮਿਲਦਾ ਹੈ) । (ਇਹ ਨਾਮ-ਰੂਪ ਅੰਮ੍ਰਿਤ ਫਲ) ਗੁਰੂ ਦੇ ਸ਼ਬਦ ਦੀ ਰਾਹੀਂ ਮਿਲਦਾ ਹੈ, ਪਰ ਉਹ ਮਨੁੱਖ ਪ੍ਰਾਪਤ ਕਰਦਾ ਹੈ ਜਿਸ ਦੇ ਭਾਗਾਂ ਵਿਚ ਪ੍ਰਾਪਤ ਕਰਨਾ ਧੁਰੋਂ ਲਿਖਿਆ ਹੈ। ਜਿਹੜਾ ਮਨੁੱਖ ਗੁਰੂ ਦੇ ਹੁਕਮ ਵਿੱਚ ਤੁਰਦਾ ਹੈ, ਉਹ ਪਰਮਾਤਮਾ ਨਾਲ ਇਕ-ਰੂਪ ਹੋਇਆ ਰਹਿੰਦਾ ਹੈ। ਉਸ ਮਨੁੱਖ ਨੂੰ ਜਮਕਾਲ ਘੂਰ ਨਹੀਂ ਸਕਦਾ (ਭਾਵ, ਮੌਤ ਦਾ ਡਰ ਉਸ ਨੂੰ ਪੋਹ ਨਹੀਂ ਸਕਦਾ) ਕਿਉਂਕਿ ਉਸ ਦੇ ਹਿਰਦੇ ਵਿਚ ਰੱਬੀ ਜੋਤਿ ਜਗ ਪੈਂਦੀ ਹੈ।

ਹੇ ਨਾਨਕ! ਜਿਨ੍ਹਾਂ ਬੰਦਿਆਂ ਨੂੰ ਉਸ ਪ੍ਰਭੂ ਨੇ ਬਖ਼ਸ਼ਸ਼ ਕਰ ਕੇ ਆਪਣੇ ਨਾਲ ਮਿਲਾਇਆ ਹੈ ਉਹ ਮੁੜ ਮੁੜ ਜੂਨਾਂ ਵਿਚ ਨਹੀਂ ਗਲਦੇ। 20।

ਸਲੋਕ ਮਃ ੧ ॥ ਸਚੁ ਵਰਤੁ ਸੰਤੋਖੁ ਤੀਰਥੁ ਗਿਆਨੁ ਧਿਆਨੁ ਇਸਨਾਨੁ ॥ ਦਇਆ ਦੇਵਤਾ ਖਿਮਾ ਜਪਮਾਲੀ ਤੇ ਮਾਣਸ ਪਰਧਾਨ ॥ ਜੁਗਤਿ ਧੋਤੀ ਸੁਰਤਿ ਚਉਕਾ ਤਿਲਕੁ ਕਰਣੀ ਹੋਇ ॥ ਭਾਉ ਭੋਜਨੁ ਨਾਨਕਾ ਵਿਰਲਾ ਤ ਕੋਈ ਕੋਇ ॥੧॥ {ਪੰਨਾ 1245}

ਪਦ ਅਰਥ: ਗਿਆਨੁ = ਪ੍ਰਭੂ ਦੇ ਗੁਣਾਂ ਦੀ ਵਿਚਾਰ, ਜੀਵਨ-ਆਦਰਸ਼ ਦੀ ਸਮਝ। ਧਿਆਨੁ = ਪ੍ਰਭੂ ਦੇ ਚਰਨਾਂ ਵਿਚ ਚਿੱਤ ਜੋੜਨਾ। ਜਪਮਾਲੀ = ਮਾਲਾ। ਪਰਧਾਨ = ਮੰਨੇ-ਪ੍ਰਮੰਨੇ, ਪੈਂਚ, ਤੁਰਨੇ-ਸਿਰ। ਜੁਗਤਿ = ਜੀਉਣ ਦੀ ਜਾਚ। ਕਰਣੀ = ਉੱਚਾ ਆਚਰਨ। ਭਾਉ = ਪ੍ਰੇਮ। ਤ = ਪਰ। ਖਿਮਾ = ਸਹਿਣ ਦਾ ਸੁਭਾਉ।

ਅਰਥ: ਜਿਨ੍ਹਾਂ ਮਨੁੱਖਾਂ ਨੇ ਸੱਚ ਨੂੰ ਵਰਤ ਬਣਾਇਆ (ਭਾਵ, ਸੱਚ ਧਾਰਨ ਕਰਨ ਦਾ ਪ੍ਰਣ ਲਿਆ ਹੈ) , ਸੰਤੋਖ ਜਿਨ੍ਹਾਂ ਦਾ ਤੀਰਥ ਹੈ, ਜੀਵਨ-ਮਨੋਰਥ ਦੀ ਸਮਝ ਤੇ ਪ੍ਰਭੂ-ਚਰਨਾਂ ਵਿਚ ਚਿੱਤ ਜੋੜਨ ਨੂੰ ਜਿਨ੍ਹਾਂ ਨੇ ਤੀਰਥਾਂ ਦਾ ਇਸ਼ਨਾਨ ਸਮਝਿਆ ਹੈ; ਦਇਆ ਜਿਨ੍ਹਾਂ ਦਾ ਇਸ਼ਟ-ਦੇਵ ਹੈ, (ਦੂਜਿਆਂ ਦੀ ਵਧੀਕੀ) ਸਹਾਰਨ ਦੀ ਆਦਤਿ ਜਿਨ੍ਹਾਂ ਦੀ ਮਾਲਾ ਹੈ; (ਸੁਚੱਜਾ ਜੀਵਨ) ਜੀਉਣ ਦੀ ਜਾਚ ਜਿਨ੍ਹਾਂ ਲਈ (ਦੇਵ-ਪੂਜਾ ਵੇਲੇ ਪਹਿਨਣ ਵਾਲੀ) ਧੋਤੀ ਹੈ, ਸੁਰਤਿ (ਨੂੰ ਪਵਿਤ੍ਰ ਰੱਖਣਾ) ਜਿਨ੍ਹਾਂ ਦਾ (ਸੁੱਚਾ) ਚੌਂਕਾ ਹੈ, ਉੱਚੇ ਆਚਰਨ ਦਾ ਜਿਨ੍ਹਾਂ ਦੇ ਮੱਥੇ ਉਤੇ ਤਿਲਕ ਲਾਇਆ ਹੋਇਆ ਹੈ, ਤੇ ਪ੍ਰੇਮ ਜਿਨ੍ਹਾਂ (ਦੇ ਆਤਮਾ) ਦੀ ਖ਼ੁਰਾਕ ਹੈ, ਹੇ ਨਾਨਕ! ਉਹ ਮਨੁੱਖ ਸਭ ਤੋਂ ਚੰਗੇ ਹਨ; ਪਰ, ਇਹੋ ਜਿਹਾ ਮਨੁੱਖ ਹੈ ਕੋਈ ਕੋਈ ਵਿਰਲਾ।1।

ਮਹਲਾ ੩ ॥ ਨਉਮੀ ਨੇਮੁ ਸਚੁ ਜੇ ਕਰੈ ॥ ਕਾਮ ਕ੍ਰੋਧੁ ਤ੍ਰਿਸਨਾ ਉਚਰੈ ॥ ਦਸਮੀ ਦਸੇ ਦੁਆਰ ਜੇ ਠਾਕੈ ਏਕਾਦਸੀ ਏਕੁ ਕਰਿ ਜਾਣੈ ॥ ਦੁਆਦਸੀ ਪੰਚ ਵਸਗਤਿ ਕਰਿ ਰਾਖੈ ਤਉ ਨਾਨਕ ਮਨੁ ਮਾਨੈ ॥ ਐਸਾ ਵਰਤੁ ਰਹੀਜੈ ਪਾਡੇ ਹੋਰ ਬਹੁਤੁ ਸਿਖ ਕਿਆ ਦੀਜੈ ॥੨॥ {ਪੰਨਾ 1245}

ਪਦ ਅਰਥ: ਨੇਮੁ = ਨਿਯਮ, ਨਿੱਤ-ਕਰਮ। ਉਚਰੈ = ਉੱਚਰੈ (ਉਚ+ਚਰੈ, ਉਚ+ਚਰੈ) ਚੰਗੀ ਤਰ੍ਹਾਂ ਖਾ ਜਾਏ। ਦਸੇ ਦੁਆਰ = ਦਸ ਹੀ ਇੰਦਰੇ। ਠਾਕੈ = ਰੋਕ ਰੱਖੇ। ਏਕੁ ਕਰਿ ਜਾਣੈ = ਇਕ ਪਰਮਾਤਮਾ ਨੂੰ ਹਰ ਥਾਂ ਸਮਝੇ। ਪੰਚ = ਕਾਮ ਆਦਿਕ ਪੰਜ ਵਿਕਾਰ। ਵਸਗਤਿ ਕਰਿ ਰਾਖੈ = ਕਾਬੂ ਵਿਚ ਰੱਖੇ। ਮਾਨੈ = ਮੰਨਦਾ ਹੈ, ਪਤੀਜਦਾ ਹੈ, ਅਮੋੜ-ਪੁਣੇ ਤੋਂ ਹਟਦਾ ਹੈ, ਵਾਸਨਾ ਦੇ ਪਿੱਛੇ ਦੌੜਨ ਤੋਂ ਰੁਕਦਾ ਹੈ। ਵਰਤੁ = (ਰੋਟੀ ਨਾਹ ਖਾਣ ਦਾ) ਇਕਰਾਰ, ਪ੍ਰਣ। ਰਹੀਜੈ = ਨਿਬਾਹੀਏ। ਸਿਖ = ਸਿੱਖਿਆ।

ਅਰਥ: ਜੇ ਮਨੁੱਖ ਸੱਚ ਧਾਰਨ ਕਰਨ ਦੇ ਨੇਮ ਨੂੰ ਨੌਮੀ (ਦਾ ਵਰਤ) ਬਣਾਏ, ਕਾਮ ਕ੍ਰੋਧ ਤੇ ਲਾਲਚ ਨੂੰ ਚੰਗੀ ਤਰ੍ਹਾਂ ਦੂਰ ਕਰ ਲਏ; ਜੇ ਦਸ ਹੀ ਇੰਦ੍ਰਿਆਂ ਨੂੰ (ਵਿਕਾਰਾਂ ਵਲੋਂ) ਰੋਕ ਰੱਖੇ (ਇਸ ਉੱਦਮ ਨੂੰ) ਦਸਮੀ (ਥਿੱਤ ਦਾ ਵਰਤ) ਬਣਾਏ; ਇਕ ਪਰਮਾਤਮਾ ਨੂੰ ਹਰ ਥਾਂ ਵਿਆਪਕ ਸਮਝੇ = ਇਹ ਉਸ ਦਾ ਏਕਾਦਸੀ ਦਾ ਵਰਤ ਹੋਵੇ; ਪੰਜ ਕਾਮਾਦਿਕਾਂ ਨੂੰ ਕਾਬੂ ਵਿਚ ਰੱਖੇ = ਜੇ ਇਹ ਉਸ ਦਾ ਦੁਆਦਸੀ ਦਾ ਵਰਤ ਬਣੇ, ਤਾਂ, ਹੇ ਨਾਨਕ! ਮਨ ਪਤੀਜ ਜਾਂਦਾ ਹੈ।

ਹੇ ਪੰਡਿਤ! ਜੇ ਇਹੋ ਜਿਹਾ ਵਰਤ ਨਿਬਾਹ ਸਕੀਏ ਤਾਂ ਕਿਸੇ ਹੋਰ ਸਿੱਖਿਆ ਦੀ ਲੋੜ ਨਹੀਂ ਪੈਂਦੀ।2।

ਪਉੜੀ ॥ ਭੂਪਤਿ ਰਾਜੇ ਰੰਗ ਰਾਇ ਸੰਚਹਿ ਬਿਖੁ ਮਾਇਆ ॥ ਕਰਿ ਕਰਿ ਹੇਤੁ ਵਧਾਇਦੇ ਪਰ ਦਰਬੁ ਚੁਰਾਇਆ ॥ ਪੁਤ੍ਰ ਕਲਤ੍ਰ ਨ ਵਿਸਹਹਿ ਬਹੁ ਪ੍ਰੀਤਿ ਲਗਾਇਆ ॥ ਵੇਖਦਿਆ ਹੀ ਮਾਇਆ ਧੁਹਿ ਗਈ ਪਛੁਤਹਿ ਪਛੁਤਾਇਆ ॥ ਜਮ ਦਰਿ ਬਧੇ ਮਾਰੀਅਹਿ ਨਾਨਕ ਹਰਿ ਭਾਇਆ ॥੨੧॥ {ਪੰਨਾ 1245}

ਪਦ ਅਰਥ: ਭੂਪਤਿ = (ਭੂ = ਧਰਤੀ। ਪਤਿ = ਖਸਮ) ਧਰਤੀ ਦਾ ਖਸਮ, ਰਾਜਾ, ਪਾਤਸ਼ਾਹ। ਰੰਗ = ਰੰਕ, ਕੰਗਾਲ। ਰਾਇ = ਅਮੀਰ। ਸੰਚਹਿ = ਇਕੱਠੀ ਕਰਦੇ ਹਨ। ਬਿਖੁ = ਜ਼ਹਰ। ਕਰਿ ਕਰਿ = ਸੰਚ ਸੰਚ ਕੇ, ਜੋੜ ਜੋੜ ਕੇ। ਹੇਤੁ = (ਮਾਇਆ ਨਾਲ) ਹਿਤ। ਪਰ = ਪਰਾਇਆ। ਦਰਬੁ = ਧਨ। ਕਲਤ੍ਰ = ਵਹੁਟੀ। ਵਿਸਹਹਿ = ਵਿਸਾਹ ਕਰਦੇ। ਧੁਹਿ ਗਈ = ਛਲ ਕੇ ਚਲੀ ਗਈ। ਮਾਰੀਅਹਿ = ਮਾਰੀਦੇ ਹਨ, ਕੁੱਟ ਖਾਂਦੇ ਹਨ (ਵੇਖੋ, ਪਉੜੀ ਨੰ: 3 ਚੌਥੀ ਤੁਕ) ।

ਅਰਥ: ਪਾਤਸ਼ਾਹ, ਰਾਜੇ, ਕੰਗਾਲ ਤੇ ਅਮੀਰ = ਸਭ ਮਾਇਆ-ਰੂਪ ਜ਼ਹਿਰ ਜੋੜਦੇ ਹਨ; ਜੋੜ ਜੋੜ ਕੇ (ਇਸ ਨਾਲ) ਹਿਤ ਵਧਾਂਦੇ ਹਨ (ਤੇ ਜੇ ਦਾਉ ਲੱਗੇ ਤਾਂ) ਦੂਜਿਆਂ ਦੇ ਧਨ (ਭੀ) ਚੁਰਾ ਲੈਂਦੇ ਹਨ; ਮਾਇਆ ਨਾਲ (ਇਤਨਾ) ਵਧੀਕ ਹਿਤ ਜੋੜਦੇ ਹਨ ਕਿ ਪੁਤ੍ਰ ਤੇ ਵਹੁਟੀ ਦਾ ਭੀ ਇਤਬਾਰ ਨਹੀਂ ਕਰਦੇ; (ਪਰ ਜਦੋਂ) ਅੱਖਾਂ ਦੇ ਸਾਹਮਣੇ ਹੀ ਮਾਇਆ ਹੀ ਮਾਇਆ ਛਲ ਕੇ (ਭਾਵ, ਆਪਣੇ ਮੋਹ ਵਿਚ ਫਸਾ ਕੇ) ਚਲੀ ਜਾਂਦੀ ਹੈ ਤਾਂ (ਇਸ ਨੂੰ ਜੋੜਨ ਵਾਲੇ) ਹਾਹੁਕੇ ਲੈਂਦੇ ਹਨ; (ਤਦੋਂ ਇਉਂ ਜਾਪਦਾ ਹੈ, ਜਿਵੇਂ ਉਹ) ਜਮ ਦੇ ਬੂਹੇ ਬੱਝੇ ਹੋਏ ਕੁੱਟ ਖਾ ਰਹੇ ਹਨ; ਹੇ ਨਾਨਕ! (ਕਿਸੇ ਦੇ ਵੱਸ ਦੀ ਗੱਲ ਨਹੀਂ) ਪ੍ਰਭੂ ਨੂੰ ਇਉਂ ਹੀ ਚੰਗਾ ਲੱਗਦਾ ਹੈ। 21।

ਸਲੋਕ ਮਃ ੧ ॥ ਗਿਆਨ ਵਿਹੂਣਾ ਗਾਵੈ ਗੀਤ ॥ ਭੁਖੇ ਮੁਲਾਂ ਘਰੇ ਮਸੀਤਿ ॥ ਮਖਟੂ ਹੋਇ ਕੈ ਕੰਨ ਪੜਾਏ ॥ ਫਕਰੁ ਕਰੇ ਹੋਰੁ ਜਾਤਿ ਗਵਾਏ ॥ ਗੁਰੁ ਪੀਰੁ ਸਦਾਏ ਮੰਗਣ ਜਾਇ ॥ ਤਾ ਕੈ ਮੂਲਿ ਨ ਲਗੀਐ ਪਾਇ ॥ ਘਾਲਿ ਖਾਇ ਕਿਛੁ ਹਥਹੁ ਦੇਇ ॥ ਨਾਨਕ ਰਾਹੁ ਪਛਾਣਹਿ ਸੇਇ ॥੧॥ {ਪੰਨਾ 1245}

ਪਦ ਅਰਥ: ਵਿਹੂਣਾ = ਸੱਖਣਾ, ਖ਼ਾਲੀ। ਗਿਆਨ = ਆਤਮਕ ਜੀਵਨ ਦੀ ਸਮਝ। ਘਰੇ = ਘਰ ਵਿਚ ਹੀ, ਘਰ ਦੀ ਖ਼ਾਤਰ ਹੀ, ਰੋਟੀ ਦੀ ਖ਼ਾਤਰ ਹੀ। ਮਖਟੂ = ਜੋ ਖੱਟ ਕਮਾ ਨਾਹ ਸਕੇ। ਕੰਨ ਪੜਾਏ = ਕੰਨ ਪੜਵਾ ਲੈਂਦਾ ਹੈ, ਜੋਗੀ ਬਣ ਜਾਂਦਾ ਹੈ। ਫਕਰੁ ਕਰੇ = ਫ਼ਕੀਰ ਬਣ ਜਾਂਦਾ ਹੈ। ਜਾਤਿ ਗਵਾਏ = ਕੁਲ ਦੀ ਅਣਖ ਛੱਡ ਬੈਠਦਾ ਹੈ। ਹੋਰੁ = ਇਕ ਹੋਰ ਮਨੁੱਖ। ਸਦਾਏ = ਅਖਵਾਂਦਾ ਹੈ। ਤਾ ਕੈ ਪਾਇ = ਉਸ ਦੇ ਪੈਰ ਉਤੇ। ਮੂਲਿ ਨ = ਬਿਲਕੁਲ ਨਹੀਂ। ਘਾਲਿ = ਮਿਹਨਤ ਕਰ ਕੇ, ਮਿਹਨਤ ਨਾਲ ਕਮਾ ਕੇ। ਪਛਾਣਹਿ = ਪਛਾਣਦੇ ਹਨ। ਸੇਈ = ਉਹੀ ਬੰਦੇ (ਵਹੁ-ਵਚਨ) ।

ਅਰਥ: (ਪੰਡਿਤ ਦਾ ਇਹ ਹਾਲ ਹੈ ਕਿ) ਪਰਮਾਤਮਾ ਦੇ ਭਜਨ ਤਾਂ ਗਾਂਦਾ ਹੈ ਪਰ ਆਪ ਸਮਝ ਤੋਂ ਸੱਖਣਾ ਹੈ (ਭਾਵ, ਇਸ ਭਜਨ ਗਾਣ ਨੂੰ ਉਹ ਰੋਜ਼ੀ ਦਾ ਵਸੀਲਾ ਬਣਾਈ ਰੱਖਦਾ ਹੈ, ਸਮਝ ਉੱਚੀ ਨਹੀਂ ਹੋ ਸਕੀ) । ਭੁੱਖ ਦੇ ਮਾਰੇ ਹੋਏ ਮੁੱਲਾਂ ਦੀ ਮਸੀਤ ਭੀ ਰੋਜ਼ੀ ਦੀ ਖ਼ਾਤਰ ਹੀ ਹੈ (ਭਾਵ, ਮੁੱਲਾਂ ਨੇ ਭੀ ਬਾਂਗ ਨਮਾਜ਼ ਆਦਿਕ ਮਸੀਤ ਦੀ ਕ੍ਰਿਆ ਨੂੰ ਰੋਟੀ ਦਾ ਵਸੀਲਾ ਬਣਾਇਆ ਹੋਇਆ ਹੈ) (ਤੀਜਾ ਇਕ) ਹੋਰ ਹੈ ਜੋ ਹੱਡ-ਹਰਾਮ ਹੋਣ ਕਰਕੇ ਕੰਨ ਪੜਵਾ ਲੈਂਦਾ ਹੈ, ਫ਼ਕੀਰ ਬਣ ਜਾਂਦਾ ਹੈ, ਕੁਲ ਦੀ ਅਣਖ ਗਵਾ ਬੈਠਦਾ ਹੈ, (ਉਂਝ ਤਾਂ ਆਪਣੇ ਆਪ ਨੂੰ) ਗੁਰੂ ਪੀਰ ਅਖਵਾਂਦਾ ਹੈ (ਪਰ ਰੋਟੀ ਦਰ ਦਰ) ਮੰਗਦਾ ਫਿਰਦਾ ਹੈ; ਅਜੇਹੇ ਬੰਦੇ ਦੇ ਪੈਰੀਂ ਭੀ ਕਦੇ ਨਹੀਂ ਲੱਗਣਾ ਚਾਹੀਦਾ।

ਜੋ ਜੋ ਮਨੁੱਖ ਮਿਹਨਤ ਨਾਲ ਕਮਾ ਕੇ (ਆਪ) ਖਾਂਦਾ ਹੈ ਤੇ ਉਸ ਕਮਾਈ ਵਿਚੋਂ ਕੁਝ (ਹੋਰਨਾਂ ਨੂੰ ਭੀ) ਦੇਂਦਾ ਹੈ, ਹੇ ਨਾਨਕ! ਅਜੇਹੇ ਬੰਦੇ ਹੀ ਜ਼ਿੰਦਗੀ ਦਾ ਸਹੀ ਰਸਤਾ ਪਛਾਣਦੇ ਹਨ।1।

TOP OF PAGE

Sri Guru Granth Darpan, by Professor Sahib Singh