ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 1246 ਮਃ ੧ ॥ ਮਨਹੁ ਜਿ ਅੰਧੇ ਕੂਪ ਕਹਿਆ ਬਿਰਦੁ ਨ ਜਾਣਨ੍ਹ੍ਹੀ ॥ ਮਨਿ ਅੰਧੈ ਊਂਧੈ ਕਵਲਿ ਦਿਸਨ੍ਹ੍ਹਿ ਖਰੇ ਕਰੂਪ ॥ ਇਕਿ ਕਹਿ ਜਾਣਹਿ ਕਹਿਆ ਬੁਝਹਿ ਤੇ ਨਰ ਸੁਘੜ ਸਰੂਪ ॥ ਇਕਨਾ ਨਾਦ ਨ ਬੇਦ ਨ ਗੀਅ ਰਸੁ ਰਸ ਕਸ ਨ ਜਾਣੰਤਿ ॥ ਇਕਨਾ ਸੁਧਿ ਨ ਬੁਧਿ ਨ ਅਕਲਿ ਸਰ ਅਖਰ ਕਾ ਭੇਉ ਨ ਲਹੰਤਿ ॥ ਨਾਨਕ ਸੇ ਨਰ ਅਸਲਿ ਖਰ ਜਿ ਬਿਨੁ ਗੁਣ ਗਰਬੁ ਕਰੰਤਿ ॥੨॥ {ਪੰਨਾ 1246} ਪਦ ਅਰਥ: ਅੰਧੇ ਕੂਪ = ਅੰਨ੍ਹੇ ਖੂਹ, ਬਹੁਤ ਹੀ ਮੂਰਖ। ਬਿਰਦੁ = (ਇਨਸਾਨੀ) ਫ਼ਰਜ਼। ਕਹਿਆ = ਦੱਸਿਆਂ ਭੀ, ਆਖਿਆਂ ਭੀ। ਮਨਿ ਅੰਧੈ = ਅੰਨ੍ਹੇ ਮਨ ਦੇ ਕਾਰਨ। ਊਂਧੈ ਕਵਲਿ = ਉਲਟੇ ਹੋਏ (ਹਿਰਦੇ) ਕੰਵਲ ਦੇ ਕਾਰਨ। ਖਰੇ ਕਰੂਪ = ਬਹੁਤ ਕੋਝੇ। ਕਹਿ ਜਾਣਹਿ = ਗੱਲ ਕਰਨੀ ਜਾਣਦੇ ਹਨ। ਸੁਘੜ = ਸੁ+ਘੜ, ਸੁਚੱਜੇ। ਨਾਦ ਰਸੁ = ਨਾਦ ਦਾ ਰਸ। ਬੇਦ ਰਸੁ = ਵੇਦ ਦਾ ਰਸ। ਗੀਅ ਰਸੁ = ਗੀਤ ਦਾ ਰਸ। ਰਸ ਕਸ = ਮਿੱਠੇ ਕਸੈਲੇ ਰਸ। ਸੁਧਿ = ਸੂਝ। ਬੁਧਿ = ਅਕਲ। ਸਰ = ਸਾਰ, ਸਮਝ। ਭੇਉ = ਭੇਤ। ਅਖਰ ਕਾ ਭੇਉ = ਪੜ੍ਹਨ ਦੀ ਜਾਚ। ਅਸਲਿ ਖਰ = ਨਿਰੇ ਖੋਤੇ। ਗਰਬੁ = ਅਹੰਕਾਰ। ਜਿ = ਜਿਹੜੇ। ਅਰਥ: ਜੋ ਮਨੁੱਖ ਮਨੋਂ ਅੰਨ੍ਹੇ ਘੁੱਪ ਹਨ (ਭਾਵ, ਪੁੱਜ ਕੇ ਮੂਰਖ ਹਨ) , ਉਹ ਦੱਸਿਆਂ ਭੀ ਇਨਸਾਨੀ ਫ਼ਰਜ਼ ਨਹੀਂ ਜਾਣਦੇ; ਮਨ ਅੰਨ੍ਹਾ ਹੋਣ ਕਰਕੇ ਤੇ ਹਿਰਦਾ-ਕਵਲ (ਧਰਮ ਵਲੋਂ) ਉਲਟਿਆ ਹੋਣ ਦੇ ਕਾਰਨ ਉਹ ਬੰਦੇ ਬਹੁਤ ਕੋਝੇ ਲੱਗਦੇ ਹਨ। ਕਈ ਮਨੁੱਖ ਐਸੇ ਹਨ ਜੋ ਗੱਲ ਕਰਨੀ ਭੀ ਜਾਣਦੇ ਹਨ ਤੇ ਕਿਸੇ ਦੀ ਆਖੀ ਸਮਝਦੇ ਭੀ ਹਨ ਉਹ ਮਨੁੱਖ ਸੁਚੱਜੇ ਤੇ ਸੋਹਣੇ ਜਾਪਦੇ ਹਨ। ਕਈ ਬੰਦਿਆਂ ਨੂੰ ਨਾਹ ਜੋਗੀਆਂ ਦੇ ਨਾਦ ਦਾ ਰਸ, ਨਾਹ ਵੇਦ ਦਾ ਸ਼ੌਕ, ਨਾਹ ਰਾਗ ਦੀ ਖਿੱਚ = ਕਿਸੇ ਤਰ੍ਹਾਂ ਦੇ ਕੋਮਲ ਹੁਨਰ ਵਲ ਰੁਚੀ ਨਹੀਂ ਹੈ, ਨਾਹ ਸੂਝ, ਨਾਹ ਬੁੱਧੀ, ਨਾਹ ਅਕਲ ਦੀ ਸਾਰ, ਤੇ ਇਕ ਅੱਖਰ ਭੀ ਪੜ੍ਹਨਾ ਨਹੀਂ ਜਾਣਦੇ। ਹੇ ਨਾਨਕ! ਜਿਨ੍ਹਾਂ ਵਿਚ ਕੋਈ ਭੀ ਗੁਣ ਨਾਹ ਹੋਵੇ ਤੇ ਅਹੰਕਾਰ ਕਰੀ ਜਾਣ, ਉਹ ਮਨੁੱਖ ਨਿਰੇ ਖੋਤੇ ਹਨ।2। ਪਉੜੀ ॥ ਗੁਰਮੁਖਿ ਸਭ ਪਵਿਤੁ ਹੈ ਧਨੁ ਸੰਪੈ ਮਾਇਆ ॥ ਹਰਿ ਅਰਥਿ ਜੋ ਖਰਚਦੇ ਦੇਂਦੇ ਸੁਖੁ ਪਾਇਆ ॥ ਜੋ ਹਰਿ ਨਾਮੁ ਧਿਆਇਦੇ ਤਿਨ ਤੋਟਿ ਨ ਆਇਆ ॥ ਗੁਰਮੁਖਾਂ ਨਦਰੀ ਆਵਦਾ ਮਾਇਆ ਸੁਟਿ ਪਾਇਆ ॥ ਨਾਨਕ ਭਗਤਾਂ ਹੋਰੁ ਚਿਤਿ ਨ ਆਵਈ ਹਰਿ ਨਾਮਿ ਸਮਾਇਆ ॥੨੨॥ {ਪੰਨਾ 1246} ਪਦ ਅਰਥ: ਸੰਪੈ = ਧਨ। ਜੋ = ਕਿਉਂਕਿ ਉਹ। ਤੋਟਿ = ਕਮੀ, ਘਾਟਾ, ਥੁੜ। ਸੁਟਿ ਪਾਇਆ = ਹੱਥੋਂ ਦੇਂਦੇ ਹਨ। ਚਿਤਿ = ਚਿੱਤ ਵਿਚ। ਆਵਈ = ਆਵੈ, ਆਉਂਦਾ। ਨਾਮਿ = ਨਾਮ ਵਿਚ। ਅਰਥਿ = ਅਰਥ ਵਿਚ, ਲੋੜ ਵਿਚ, ਦੀ ਖ਼ਾਤਰ। ਅਰਥ: ਜੋ ਮਨੁੱਖ ਗੁਰੂ ਦੇ ਦੱਸੇ ਰਾਹ ਤੇ ਤੁਰਦੇ ਹਨ ਉਹਨਾਂ ਲਈ ਧਨ-ਪਦਾਰਥ ਮਾਇਆ ਆਦਿਕ ਸਭ ਕੁਝ ਪਵਿਤ੍ਰ ਹੈ ਕਿਉਂਕਿ ਉਹ ਰੱਬ ਲੇਖੇ ਭੀ ਖ਼ਰਚਦੇ ਹਨ ਤੇ (ਲੋੜਵੰਦਿਆਂ ਨੂੰ) ਦੇਂਦੇ ਹਨ (ਜਿਉਂ ਜਿਉਂ ਵੰਡਦੇ ਹਨ ਤਿਉਂ) ਸੁਖ ਪਾਂਦੇ ਹਨ। ਜੋ ਮਨੁੱਖ ਪਰਮਾਤਮਾ ਦਾ ਨਾਮ ਸਿਮਰਦੇ ਹਨ (ਤੇ ਮਾਇਆ ਲੋੜਵੰਦਿਆਂ ਨੂੰ ਦੇਂਦੇ ਹਨ) ਉਹਨਾਂ ਨੂੰ (ਮਾਇਆ ਵਲੋਂ) ਥੁੜ ਨਹੀਂ ਆਉਂਦੀ; ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖਾਂ ਨੂੰ (ਇਹ ਗੱਲ) ਸਾਫ਼ ਦਿਸਦੀ ਹੈ, (ਇਸ ਵਾਸਤੇ) ਉਹ ਮਾਇਆ (ਹੋਰਨਾਂ ਨੂੰ ਭੀ) ਹੱਥੋਂ ਦੇਂਦੇ ਹਨ। ਹੇ ਨਾਨਕ! ਭਗਤੀ ਕਰਨ ਵਾਲੇ ਬੰਦਿਆਂ ਨੂੰ (ਪ੍ਰਭੂ ਦੇ ਨਾਮ ਤੋਂ ਬਿਨਾ ਕੁਝ) ਹੋਰ ਚਿੱਤ ਵਿਚ ਨਹੀਂ ਆਉਂਦਾ (ਭਾਵ, ਧਨ ਆਦਿਕ ਦਾ ਮੋਹ ਉਹਨਾਂ ਦੇ ਮਨ ਵਿਚ ਘਰ ਨਹੀਂ ਕਰ ਸਕਦਾ) ਉਹ ਪ੍ਰਭੂ ਦੇ ਨਾਮ ਵਿਚ ਲੀਨ ਰਹਿੰਦੇ ਹਨ। 22। ਸਲੋਕ ਮਃ ੪ ॥ ਸਤਿਗੁਰੁ ਸੇਵਨਿ ਸੇ ਵਡਭਾਗੀ ॥ ਸਚੈ ਸਬਦਿ ਜਿਨ੍ਹ੍ਹਾ ਏਕ ਲਿਵ ਲਾਗੀ ॥ ਗਿਰਹ ਕੁਟੰਬ ਮਹਿ ਸਹਜਿ ਸਮਾਧੀ ॥ ਨਾਨਕ ਨਾਮਿ ਰਤੇ ਸੇ ਸਚੇ ਬੈਰਾਗੀ ॥੧॥ {ਪੰਨਾ 1246} ਪਦ ਅਰਥ: ਗਿਰਹ = ਗ੍ਰਿਹਸਤ। ਸਹਜਿ = ਸਹਿਜ ਵਿਚ, ਅਡੋਲ ਅਵਸਥਾ ਵਿਚ। ਨਾਮਿ = ਨਾਮ ਵਿਚ। ਬੈਰਾਗੀ = ਵਿਰਕਤ। ਅਰਥ: ਉਹ ਮਨੁੱਖ ਵੱਡੇ ਭਾਗਾਂ ਵਾਲੇ ਹਨ ਜੋ ਆਪਣੇ ਗੁਰੂ ਦੇ ਦੱਸੇ ਰਾਹ ਤੇ ਤੁਰਦੇ ਹਨ, ਗੁਰੂ ਦੇ ਸੱਚੇ ਸ਼ਬਦ ਦੇ ਰਾਹੀਂ ਜਿਨ੍ਹਾਂ ਦੀ ਸੁਰਤਿ ਇਕ ਪਰਮਾਤਮਾ ਵਿਚ ਲੱਗੀ ਰਹਿੰਦੀ ਹੈ, ਜੋ ਗ੍ਰਿਹਸਤ-ਪਰਵਾਰ ਵਿੱਚ ਰਹਿੰਦੇ ਹੋਏ ਭੀ ਅਡੋਲ ਅਵਸਥਾ ਵਿੱਚ ਟਿਕੇ ਰਹਿੰਦੇ ਹਨ। ਹੇ ਨਾਨਕ! ਉਹ ਮਨੁੱਖ ਅਸਲ ਵਿਰਕਤ ਹਨ ਜੋ ਪ੍ਰਭੂ ਦੇ ਨਾਮ ਵਿਚ ਰੰਗੇ ਹੋਏ ਹਨ।1। ਮਃ ੪ ॥ ਗਣਤੈ ਸੇਵ ਨ ਹੋਵਈ ਕੀਤਾ ਥਾਇ ਨ ਪਾਇ ॥ ਸਬਦੈ ਸਾਦੁ ਨ ਆਇਓ ਸਚਿ ਨ ਲਗੋ ਭਾਉ ॥ ਸਤਿਗੁਰੁ ਪਿਆਰਾ ਨ ਲਗਈ ਮਨਹਠਿ ਆਵੈ ਜਾਇ ॥ ਜੇ ਇਕ ਵਿਖ ਅਗਾਹਾ ਭਰੇ ਤਾਂ ਦਸ ਵਿਖਾਂ ਪਿਛਾਹਾ ਜਾਇ ॥ ਸਤਿਗੁਰ ਕੀ ਸੇਵਾ ਚਾਕਰੀ ਜੇ ਚਲਹਿ ਸਤਿਗੁਰ ਭਾਇ ॥ ਆਪੁ ਗਵਾਇ ਸਤਿਗੁਰੂ ਨੋ ਮਿਲੈ ਸਹਜੇ ਰਹੈ ਸਮਾਇ ॥ ਨਾਨਕ ਤਿਨ੍ਹ੍ਹਾ ਨਾਮੁ ਨ ਵੀਸਰੈ ਸਚੇ ਮੇਲਿ ਮਿਲਾਇ ॥੨॥ {ਪੰਨਾ 1246} ਪਦ ਅਰਥ: ਗਣਤੈ = ਲੇਖਾ ਕੀਤਿਆਂ, ਦੱਸ ਦੱਸ ਕੇ, ਵਡਿਆ ਵਡਿਆ ਕੇ। ਥਾਇ ਨ ਪਾਇ = ਕਬੂਲ ਨਹੀਂ ਪੈਂਦਾ। ਸਾਦੁ = ਸੁਆਦ, ਰਸ, ਆਨੰਦ। ਸਚਿ = ਸੱਚ ਵਿਚ, ਪ੍ਰਭੂ ਦੇ ਨਾਮ ਵਿਚ। ਭਾਉ = ਪਿਆਰ। ਆਇਓ = ਆਇਆ। ਹਠਿ = ਹਠ ਨਾਲ। ਵਿਖ = ਕਦਮ। ਭਾਇ = ਰਜ਼ਾ ਅਨੁਸਾਰ। ਆਪੁ = ਆਪਾ-ਭਾਵ। ਸਹਜੇ = ਸਹਜ ਵਿਚ ਹੀ, ਆਤਮਕ ਅਡੋਲਤਾ ਵਿਚ ਹੀ। ਅਰਥ: ਜੇ ਇਹ ਆਖਦੇ ਰਹੀਏ ਕਿ ਮੈਂ ਫਲਾਣਾ ਕੰਮ ਕੀਤਾ, ਫਲਾਣੀ ਸੇਵਾ ਕੀਤੀ ਤਾਂ ਇਸ ਤਰ੍ਹਾਂ ਸੇਵਾ ਨਹੀਂ ਹੋ ਸਕਦੀ, ਇਸ ਤਰ੍ਹਾਂ ਕੀਤਾ ਹੋਇਆ ਕੋਈ ਭੀ ਕੰਮ ਸਫਲ ਨਹੀਂ ਹੁੰਦਾ। ਜਿਸ ਮਨੁੱਖ ਨੂੰ ਸਤਿਗੁਰੂ ਦੇ ਸ਼ਬਦ ਦਾ ਆਨੰਦ ਨਹੀਂ ਆਉਂਦਾ, ਪ੍ਰਭੂ ਦੇ ਨਾਮ ਵਿਚ ਉਸ ਦਾ ਪਿਆਰ ਨਹੀਂ ਬਣ ਸਕਦਾ। ਜਿਸ ਨੂੰ ਗੁਰੂ ਪਿਆਰਾ ਨਹੀਂ ਲੱਗਦਾ ਉਹ ਮਨ ਦੇ ਹਠ ਨਾਲ ਹੀ (ਗੁਰੂ ਦੇ ਦਰ ਤੇ) ਆਉਂਦਾ ਜਾਂਦਾ ਹੈ (ਭਾਵ, ਗੁਰੂ-ਦਰ ਤੇ ਜਾਣ ਦਾ ਉਸ ਨੂੰ ਕੋਈ ਲਾਭ ਨਹੀਂ ਹੁੰਦਾ, ਕਿਉਂਕਿ) ਜੇ ਉਹ ਇਕ ਕਦਮ ਅਗਾਹਾਂ ਨੂੰ ਪੁੱਟਦਾ ਹੈ ਤਾਂ ਦਸ ਕਦਮ ਪਿਛਾਂਹ ਜਾ ਪੈਂਦਾ ਹੈ। ਜੇ ਮਨੁੱਖ ਸਤਿਗੁਰੂ ਦੇ ਭਾਣੇ ਵਿਚ ਤੁਰਨ, ਤਾਂ ਹੀ ਗੁਰੂ ਦੀ ਸੇਵਾ ਚਾਕਰੀ ਪ੍ਰਵਾਨ ਹੁੰਦੀ ਹੈ। ਜੋ ਮਨੁੱਖ ਆਪਾ-ਭਾਵ ਮਿਟਾ ਕੇ ਗੁਰੂ ਦੇ ਦਰ ਤੇ ਜਾਏ ਤਾਂ ਉਹ ਅਡੋਲ ਅਵਸਥਾ ਵਿਚ ਟਿਕਿਆ ਰਹਿੰਦਾ ਹੈ। ਹੇ ਨਾਨਕ! ਅਜੇਹੇ ਬੰਦਿਆਂ ਨੂੰ ਪ੍ਰਭੂ ਦਾ ਨਾਮ ਭੁੱਲਦਾ ਨਹੀਂ ਹੈ, ਉਹ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਵਿਚ ਜੁੜੇ ਰਹਿੰਦੇ ਹਨ।2। ਪਉੜੀ ॥ ਖਾਨ ਮਲੂਕ ਕਹਾਇਦੇ ਕੋ ਰਹਣੁ ਨ ਪਾਈ ॥ ਗੜ੍ਹ੍ਹ ਮੰਦਰ ਗਚ ਗੀਰੀਆ ਕਿਛੁ ਸਾਥਿ ਨ ਜਾਈ ॥ ਸੋਇਨ ਸਾਖਤਿ ਪਉਣ ਵੇਗ ਧ੍ਰਿਗੁ ਧ੍ਰਿਗੁ ਚਤੁਰਾਈ ॥ ਛਤੀਹ ਅੰਮ੍ਰਿਤ ਪਰਕਾਰ ਕਰਹਿ ਬਹੁ ਮੈਲੁ ਵਧਾਈ ॥ ਨਾਨਕ ਜੋ ਦੇਵੈ ਤਿਸਹਿ ਨ ਜਾਣਨ੍ਹ੍ਹੀ ਮਨਮੁਖਿ ਦੁਖੁ ਪਾਈ ॥੨੩॥ {ਪੰਨਾ 1246} ਪਦ ਅਰਥ: ਮਲੂਕ = ਬਾਦਸ਼ਾਹ। ਗੜ੍ਹ = ਕਿਲ੍ਹੇ। ਗਚ ਗੀਰੀਆ = ਚੂਨੇ-ਗੱਚ ਇਮਾਰਤਾਂ, ਉਹ ਇਮਾਰਤਾਂ ਜਿਨ੍ਹਾਂ ਵਿਚ ਪਕੜ ਚੂਨੇ ਦੀ ਹੋਵੇ (ਗੀਰ = ਪਕੜ) । ਸਾਖਤਿ = ਘੋੜੇ ਦੀ ਪੂਛਲ ਵਿਚ ਪਾਣ ਵਾਲਾ ਰੱਸਾ, ਦੁਮਚੀ। ਵੇਗ = ਰਫ਼ਤਾਰ। ਮੈਲ = ਵਿਸ਼ਟਾ। ਅਰਥ: (ਜੋ ਲੋਕ ਆਪਣੇ ਆਪ ਨੂੰ) ਖ਼ਾਨ ਤੇ ਬਾਦਸ਼ਾਹ ਅਖਵਾਂਦੇ ਹਨ (ਤਾਂ ਭੀ ਕੀਹ ਹੋਇਆ?) ਕੋਈ (ਇਥੇ ਸਦਾ) ਨਹੀਂ ਰਹਿ ਸਕਦਾ; ਜੇ ਕਿਲ੍ਹੇ, ਸੋਹਣੇ ਘਰ ਤੇ ਚੂਨੇ-ਗੱਚ ਇਮਾਰਤਾਂ ਹੋਣ (ਤਾਂ ਭੀ ਕੀਹ ਹੈ?) ਕੋਈ ਚੀਜ਼ (ਮਨੁੱਖ ਦੇ ਮਰਨ ਤੇ) ਨਾਲ ਨਹੀਂ ਜਾਂਦੀ, ਜੇ ਸੋਨੇ ਦੀਆਂ ਦੁਮਚੀਆਂ ਵਾਲੇ ਤੇ ਹਵਾ ਵਰਗੀ ਤੇਜ਼ ਰਫਤਾਰ ਵਾਲੇ ਘੋੜੇ ਹੋਣ (ਤਾਂ ਭੀ ਇਹਨਾਂ ਦੇ ਮਾਣ ਤੇ ਕੋਈ) ਆਕੜ ਵਿਖਾਣੀ ਧਿੱਕਾਰ-ਜੋਗ ਹੈ; ਜੇ ਕਈ ਕਿਸਮਾਂ ਦੇ ਸੁੰਦਰ ਸੁਆਦਲੇ ਖਾਣੇ ਖਾਂਦੇ ਹੋਣ (ਤਾਂ ਭੀ) ਬਹੁਤਾ ਵਿਸ਼ਟਾ ਹੀ ਵਧਾਂਦੇ ਹਨ! ਹੇ ਨਾਨਕ! ਜੋ ਦਾਤਾਰ ਪ੍ਰਭੂ ਇਹ ਸਾਰੀਆਂ ਚੀਜ਼ਾਂ ਦੇਂਦਾ ਹੈ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਉਸ ਨਾਲ ਡੂੰਘੀ ਸਾਂਝ ਨਹੀਂ ਬਣਾਂਦੇ (ਇਸ ਵਾਸਤੇ) ਦੁੱਖ ਹੀ ਪਾਂਦੇ ਹਨ। 23। ਸਲੋਕ ਮਃ ੩ ॥ ਪੜ੍ਹ੍ਹਿ ਪੜ੍ਹ੍ਹਿ ਪੰਡਿਤ ਮੋੁਨੀ ਥਕੇ ਦੇਸੰਤਰ ਭਵਿ ਥਕੇ ਭੇਖਧਾਰੀ ॥ ਦੂਜੈ ਭਾਇ ਨਾਉ ਕਦੇ ਨ ਪਾਇਨਿ ਦੁਖੁ ਲਾਗਾ ਅਤਿ ਭਾਰੀ ॥ ਮੂਰਖ ਅੰਧੇ ਤ੍ਰੈ ਗੁਣ ਸੇਵਹਿ ਮਾਇਆ ਕੈ ਬਿਉਹਾਰੀ ॥ ਅੰਦਰਿ ਕਪਟੁ ਉਦਰੁ ਭਰਣ ਕੈ ਤਾਈ ਪਾਠ ਪੜਹਿ ਗਾਵਾਰੀ ॥ ਸਤਿਗੁਰੁ ਸੇਵੇ ਸੋ ਸੁਖੁ ਪਾਏ ਜਿਨ ਹਉਮੈ ਵਿਚਹੁ ਮਾਰੀ ॥ ਨਾਨਕ ਪੜਣਾ ਗੁਨਣਾ ਇਕੁ ਨਾਉ ਹੈ ਬੂਝੈ ਕੋ ਬੀਚਾਰੀ ॥੧॥ {ਪੰਨਾ 1246} ਪਦ ਅਰਥ: ਮੋੁਨੀ = ਮੁਨੀ, ਹੋਰਨਾਂ ਨਾਲ ਗੱਲਾਂ ਨਾਹ ਕਰਨ ਵਾਲੇ, ਮੋਨਧਾਰੀ (ਅੱਖਰ 'ਮ' ਦੇ ਨਾਲ (ੋ) ਤੇ (ੁ) ਦੋ ਮਾਤ੍ਰਾਂ ਹਨ; ਇਥੇ ਪਾਠ 'ਮੋਨੀ' ਕਰਨਾ ਹੈ, ਅਸਲ ਲਫ਼ਜ਼ 'ਮੁਨੀ' ਹੈ) । ਦੇਸੰਤਰੁ = ਦੇਸ+ਅੰਤਰੁ, ਹੋਰ ਹੋਰ ਦੇਸ। ਭੇਖਧਾਰੀ = ਭੇਖੀ ਸਾਧੂ। ਦੂਜੈ ਭਾਇ = ਪ੍ਰਭੂ ਤੋਂ ਬਿਨਾ ਹੋਰ (ਭਾਵ, ਮਾਇਆ) ਵਿਚ ਪਿਆਰ ਦੇ ਕਾਰਨ। ਤ੍ਰੈ ਗੁਣ = ਰਜੋ ਗੁਣ, ਤਮੋ ਗੁਣ, ਸਤੋ ਗੁਣ (ਜਦੋਂ ਕਿਸੇ ਮਾਣ ਵਡਿਆਈ ਧਨ ਆਦਿਕ ਦੀ ਖ਼ਾਤਰ ਮਨੁੱਖ ਦੌੜ-ਭੱਜ ਕਰਦਾ ਹੈ, ਤਾਂ 'ਰਜੋ'-ਗੁਣ ਪ੍ਰਬਲ ਹੁੰਦਾ ਹੈ, ਜਦੋਂ ਕਾਮ ਕ੍ਰੋਧ ਨਿੰਦਾ ਈਰਖਾ ਆਦਿਕ ਮਨ ਦੀਆਂ ਨੀਵੀਆਂ ਲਹਿਰਾਂ ਵਿਚ ਰੁੜ੍ਹਦਾ ਜਾਂਦਾ ਹੈ ਤਦੋਂ 'ਤਮੋ'-ਗੁਣ ਦਾ ਪ੍ਰਭਾਵ ਹੁੰਦਾ ਹੈ; ਕਈ ਵਾਰੀ ਮਨੁੱਖ ਦਾਨ ਪੁੰਨ ਹਮਦਰਦੀ ਆਦਿਕ ਤਰੰਗਾਂ ਦੇ ਅਸਰ ਵਿਚ ਠੰਢੇ-ਜਿਗਰੇ ਬੈਠਾ ਹੁੰਦਾ ਹੈ, ਉਸ ਵੇਲੇ 'ਸਤੋ'-ਗੁਣ ਪ੍ਰਧਾਨ ਹੁੰਦਾ ਹੈ) । ਕਪਟੁ = ਖੋਟ। ਉਦਰੁ = ਪੇਟ। ਕੈ ਤਾਈ = ਦੀ ਖ਼ਾਤਰ। ਕੋ ਵੀਚਾਰੀ = ਕੋਈ ਵਿਚਾਰਵਾਨ। ਗੁਨਣਾ = ਵਿਚਾਰਨਾ। ਅਰਥ: ਮੁਨੀ ਤੇ ਪੰਡਿਤ (ਵੇਦ ਆਦਿਕ ਧਰਮ-ਪੁਸਤਕਾਂ) ਪੜ੍ਹ ਪੜ੍ਹ ਕੇ ਥੱਕ ਗਏ, ਭੇਖਧਾਰੀ ਸਾਧੂ ਧਰਤੀ ਦਾ ਰਟਨ ਕਰ ਕੇ ਥੱਕ ਗਏ; ਇਤਨਾ (ਵਿਅਰਥ) ਔਖ ਹੀ ਸਹਾਰਦੇ ਰਹੇ, (ਜਿਤਨਾ ਚਿਰ) ਪ੍ਰਭੂ ਤੋਂ ਬਿਨਾ ਕਿਸੇ ਹੋਰ ਦੇ ਪਿਆਰ ਵਿਚ ਮਨ ਫਸਿਆ ਹੋਇਆ ਹੈ (ਪੰਡਿਤ ਕੀਹ ਤੇ ਸਾਧੂ ਕੀਹ ਕੋਈ ਭੀ) ਪ੍ਰਭੂ ਦਾ ਨਾਮ ਪ੍ਰਾਪਤ ਨਹੀਂ ਕਰ ਸਕਦੇ, ਕਿਉਂਕਿ ਮਾਇਆ ਦੇ ਵਪਾਰੀ ਬਣੇ ਰਹਿਣ ਕਰ ਕੇ ਮੂਰਖ ਅੰਨ੍ਹੇ ਮਨੁੱਖ ਤਿੰਨਾਂ ਗੁਣਾਂ ਨੂੰ ਹੀ ਸਿਓਂਦੇ ਹਨ (ਭਾਵ, ਤਿੰਨਾਂ ਗੁਣਾਂ ਵਿਚ ਹੀ ਰਹਿੰਦੇ ਹਨ) । ਉਹ ਮੂਰਖ (ਬਾਹਰ ਤਾਂ) ਰੋਜ਼ੀ ਕਮਾਣ ਦੀ ਖ਼ਾਤਰ (ਧਰਮ-ਪੁਸਤਕਾਂ ਦਾ) ਪਾਠ ਕਰਦੇ ਹਨ, ਪਰ (ਉਹਨਾਂ ਦੇ) ਮਨ ਵਿਚ ਖੋਟ ਹੀ ਟਿਕਿਆ ਰਹਿੰਦਾ ਹੈ। ਜੋ ਮਨੁੱਖ ਗੁਰੂ ਦੇ ਦੱਸੇ ਰਾਹ ਉੱਤੇ ਤੁਰਦਾ ਹੈ ਉਹ ਸੁਖ ਪਾਂਦਾ ਹੈ (ਕਿਉਂਕਿ ਗੁਰੂ ਦੇ ਰਾਹ ਉੱਤੇ ਤੁਰਨ ਵਾਲੇ ਮਨੁੱਖ) ਮਨ ਵਿਚੋਂ ਹਉਮੈ ਦੂਰ ਕਰ ਲੈਂਦੇ ਹਨ। ਹੇ ਨਾਨਕ! ਸਿਰਫ਼ ਪਰਮਾਤਮਾ ਦਾ ਨਾਮ ਹੀ ਪੜ੍ਹਨ ਤੇ ਵਿਚਾਰਨ ਜੋਗ ਹੈ, ਪਰ ਕੋਈ ਵਿਚਾਰਵਾਨ ਹੀ ਇਸ ਗੱਲ ਨੂੰ ਸਮਝਦਾ ਹੈ।1। ਮਃ ੩ ॥ ਨਾਂਗੇ ਆਵਣਾ ਨਾਂਗੇ ਜਾਣਾ ਹਰਿ ਹੁਕਮੁ ਪਾਇਆ ਕਿਆ ਕੀਜੈ ॥ ਜਿਸ ਕੀ ਵਸਤੁ ਸੋਈ ਲੈ ਜਾਇਗਾ ਰੋਸੁ ਕਿਸੈ ਸਿਉ ਕੀਜੈ ॥ ਗੁਰਮੁਖਿ ਹੋਵੈ ਸੁ ਭਾਣਾ ਮੰਨੇ ਸਹਜੇ ਹਰਿ ਰਸੁ ਪੀਜੈ ॥ ਨਾਨਕ ਸੁਖਦਾਤਾ ਸਦਾ ਸਲਾਹਿਹੁ ਰਸਨਾ ਰਾਮੁ ਰਵੀਜੈ ॥੨॥ {ਪੰਨਾ 1246} ਪਦ ਅਰਥ: ਕਿਆ ਕੀਜੈ = ਕੀਹ ਕੀਤਾ ਜਾ ਸਕਦਾ ਹੈ? ਕੋਈ ਨਾਹ-ਨੁੱਕਰ ਨਹੀਂ ਕੀਤੀ ਜਾ ਸਕਦੀ। ਕਿਸੈ ਸਿਉ = ਕਿਸ ਨਾਲ? ਰੋਸੁ = ਰਸੇਵਾਂ, ਗਿਲਾ। ਗੁਰਮੁਖਿ = ਗੁਰੂ ਦੇ ਦੱਸੇ ਰਾਹ ਉਤੇ ਤੁਰਨ ਵਾਲਾ ਮਨੁੱਖ। ਸਹਜੇ = ਸਹਿਜ ਅਵਸਥਾ ਵਿਚ ਰਹਿ ਕੇ, ਅਡੋਲ ਰਹਿ ਕੇ। ਰਸਨਾ = ਜੀਭ ਨਾਲ। ਨਾਂਗੇ = (ਭਾਵ,) ਖ਼ਾਲੀ ਹੱਥ। ਅਰਥ: ਜਗਤ ਵਿਚ ਹਰੇਕ ਜੀਵ ਖ਼ਾਲੀ-ਹੱਥ ਆਉਂਦਾ ਹੈ ਤੇ ਖ਼ਾਲੀ ਹੱਥ ਇਥੋਂ ਤੁਰ ਜਾਂਦਾ ਹੈ– ਪ੍ਰਭੂ ਨੇ ਇਹੀ ਹੁਕਮ ਰੱਖਿਆ ਹੈ, ਇਸ ਵਿਚ ਕੋਈ ਨਾਹ-ਨੁੱਕਰ ਨਹੀਂ ਕੀਤੀ ਜਾ ਸਕਦੀ; (ਇਹ ਜਿੰਦ) ਜਿਸ ਪ੍ਰਭੂ ਦੀ ਦਿੱਤੀ ਹੋਈ ਚੀਜ਼ ਹੈ ਉਹੀ ਵਾਪਸ ਲੈ ਜਾਂਦਾ ਹੈ, (ਇਸ ਬਾਰੇ) ਕਿਸੇ ਨਾਲ ਕੋਈ ਗਿਲਾ ਨਹੀਂ ਕੀਤਾ ਜਾ ਸਕਦਾ। ਗੁਰੂ ਦੇ ਦੱਸੇ ਰਾਹ ਉਤੇ ਤੁਰਨ ਵਾਲਾ ਮਨੁੱਖ ਪ੍ਰਭੂ ਦੀ ਰਜ਼ਾ ਨੂੰ ਮੰਨਦਾ ਹੈ, ਤੇ (ਕਿਸੇ ਪਿਆਰੇ ਦੇ ਮਰਨ ਤੇ ਭੀ) ਅਡੋਲ ਰਹਿ ਕੇ ਨਾਮ-ਅੰਮ੍ਰਿਤ ਪੀਂਦਾ ਹੈ। ਹੇ ਨਾਨਕ! ਸਦਾ ਸੁਖ ਦੇਣ ਵਾਲੇ ਪ੍ਰਭੂ ਨੂੰ ਸਿਮਰੋ, ਤੇ ਜੀਭ ਨਾਲ ਪ੍ਰਭੂ ਦਾ ਨਾਮ ਜਪੋ।2। |
Sri Guru Granth Darpan, by Professor Sahib Singh |