ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 1247

ਪਉੜੀ ॥ ਗੜ੍ਹ੍ਹਿ ਕਾਇਆ ਸੀਗਾਰ ਬਹੁ ਭਾਂਤਿ ਬਣਾਈ ॥ ਰੰਗ ਪਰੰਗ ਕਤੀਫਿਆ ਪਹਿਰਹਿ ਧਰ ਮਾਈ ॥ ਲਾਲ ਸੁਪੇਦ ਦੁਲੀਚਿਆ ਬਹੁ ਸਭਾ ਬਣਾਈ ॥ ਦੁਖੁ ਖਾਣਾ ਦੁਖੁ ਭੋਗਣਾ ਗਰਬੈ ਗਰਬਾਈ ॥ ਨਾਨਕ ਨਾਮੁ ਨ ਚੇਤਿਓ ਅੰਤਿ ਲਏ ਛਡਾਈ ॥੨੪॥ {ਪੰਨਾ 1247}

ਪਦ ਅਰਥ: ਗੜ੍ਹ੍ਹਿ = ਕਿਲ੍ਹੇ ਉਤੇ। ਕਾਇਆ = ਸਰੀਰ। ਬਹੁ ਭਾਂਤਿ = ਕਈ ਕਿਸਮਾਂ ਦੇ। ਰੰਗ ਪਰੰਗ = ਰੰਗ-ਬਰੰਗੀ। ਕਤੀਫਿਆ = (ਅ: ਕਤਫ਼ਿਤ) ਰੇਸ਼ਮੀ ਕੱਪੜੇ। ਧਰ ਮਾਈ = ਮਾਇਆ-ਧਾਰੀ। ਸੁਪੇਦ = ਚਿੱਟੇ। ਸਭਾ = ਮਜਲਸ। ਗਰਬੈ = ਗਰਬ ਵਿਚ ਹੀ, ਅਹੰਕਾਰ ਵਿਚ, ਆਕੜ ਵਿਚ ਹੀ। ਗਰਬਾਈ = ਅਹੰਕਾਰ ਵਿਚ। ਅੰਤਿ = ਆਖ਼ਰ ਨੂੰ।

ਅਰਥ: ਮਾਇਆ-ਧਾਰੀ ਮਨੁੱਖ ਸਰੀਰ (-ਰੂਪ) ਕਿਲ੍ਹੇ ਉਤੇ ਕਈ ਕਿਸਮ ਦੇ ਸ਼ਿੰਗਾਰ ਬਣਾਂਦੇ ਹਨ, ਰੰਗ-ਬਰੰਗੇ ਰੇਸ਼ਮੀ ਕੱਪੜੇ ਪਹਿਨਦੇ ਹਨ, ਲਾਲ ਤੇ ਚਿੱਟੇ ਦੁਲੀਚਿਆਂ ਉਤੇ ਬੈਠ ਕੇ ਬੜੀਆਂ ਮਜਲਸਾਂ ਲਾਂਦੇ ਹਨ, ਅਹੰਕਾਰ ਵਿਚ ਹੀ ਆਕੜ ਵਿਚ ਹੀ (ਸਦਾ ਰਹਿੰਦੇ ਹਨ) । (ਇਸ ਵਾਸਤੇ ਉਹਨਾਂ ਨੂੰ) ਖਾਣ ਤੇ ਭੋਗਣ ਨੂੰ ਦੁੱਖ ਹੀ ਮਿਲਦਾ ਹੈ (ਭਾਵ, ਮਨ ਵਿਚ ਸ਼ਾਂਤੀ ਨਹੀਂ ਹੁੰਦੀ, ਕਿਉਂਕਿ) ਹੇ ਨਾਨਕ! ਉਹ ਪਰਮਾਤਮਾ ਦਾ ਨਾਮ ਨਹੀਂ ਸਿਮਰਦੇ ਜੋ (ਦੁੱਖ ਤੋਂ) ਆਖ਼ਰ ਛਡਾਂਦਾ ਹੈ। 24।

ਸਲੋਕ ਮਃ ੩ ॥ ਸਹਜੇ ਸੁਖਿ ਸੁਤੀ ਸਬਦਿ ਸਮਾਇ ॥ ਆਪੇ ਪ੍ਰਭਿ ਮੇਲਿ ਲਈ ਗਲਿ ਲਾਇ ॥ ਦੁਬਿਧਾ ਚੂਕੀ ਸਹਜਿ ਸੁਭਾਇ ॥ ਅੰਤਰਿ ਨਾਮੁ ਵਸਿਆ ਮਨਿ ਆਇ ॥ ਸੇ ਕੰਠਿ ਲਾਏ ਜਿ ਭੰਨਿ ਘੜਾਇ ॥ ਨਾਨਕ ਜੋ ਧੁਰਿ ਮਿਲੇ ਸੇ ਹੁਣਿ ਆਣਿ ਮਿਲਾਇ ॥੧॥ {ਪੰਨਾ 1247}

ਪਦ ਅਰਥ: ਸਬਦਿ ਸਮਾਇ = ਗੁਰੂ ਦੇ ਸ਼ਬਦ ਵਿਚ ਲੀਨ ਹੋ ਕੇ। ਸੁਖਿ ਸੁਤੀ = ਸੁਖ ਵਿਚ ਟਿਕ ਗਈ। ਪ੍ਰਭਿ = ਪ੍ਰਭੂ ਨੇ। ਗਲਿ ਲਾਇ = ਗਲ ਨਾਲ ਲਾ ਕੇ, ਬੜੇ ਪਿਆਰ ਨਾਲ। ਦੁਬਿਧਾ = ਦੁਚਿੱਤਾ-ਪਨ (ਦੋ+ਵਿਧਾ, ਦੋ ਕਿਸਮ ਦਾ) । ਜਿ = ਜਿਨ੍ਹਾਂ ਨੇ। ਭੰਨਿ ਘੜਾਇ = ਮਨ ਦੇ ਪਹਿਲੇ ਸੁਭਾਉ ਨੂੰ ਭੰਨ ਕੇ ਨਵੇਂ ਸਿਰੇ ਘੜਿਆ ਹੈ। ਧੁਰਿ = ਪਹਿਲਾਂ ਤੋਂ। ਆਣਿ = ਲਿਆ ਕੇ। ਹੁਣਿ = ਇਸ ਜਨਮ ਵਿਚ। ਸੁਭਾਇ = ਪ੍ਰੇਮ ਵਿਚ।

ਅਰਥ: ਜਿਹੜੀ ਜੀਵ-ਇਸਤ੍ਰੀ ਗੁਰੂ ਦੇ ਸ਼ਬਦ ਵਿਚ ਲੀਨ ਹੋ ਕੇ ਅਡੋਲ ਅਵਸਥਾ ਵਿਚ ਸਾਂਤਿ-ਅਵਸਥਾ ਵਿਚ ਟਿਕਦੀ ਹੈ, ਉਸ ਨੂੰ ਪ੍ਰਭੂ ਨੇ ਆਪ ਹੀ ਪਿਆਰ ਨਾਲ ਮਿਲਾ ਲਿਆ ਹੈ; ਆਤਮਕ ਅਡੋਲਤਾ ਵਿਚ ਪ੍ਰੇਮ ਵਿਚ ਟਿਕੇ ਰਹਿਣ ਦੇ ਕਾਰਨ ਉਸ ਦਾ ਦੁਚਿੱਤਾ-ਪਨ ਦੂਰ ਹੋ ਜਾਂਦਾ ਹੈ, ਉਸ ਦੇ ਅੰਦਰ ਮਨ ਵਿਚ ਪ੍ਰਭੂ ਦਾ ਨਾਮ ਆ ਵੱਸਦਾ ਹੈ।

ਉਹਨਾਂ ਜੀਵਾਂ ਨੂੰ ਪ੍ਰਭੂ ਆਪਣੇ ਗਲ ਨਾਲ ਲਾਂਦਾ ਹੈ ਜੋ (ਆਪਣੇ ਮਨ ਦੇ ਪਹਿਲੇ ਸੁਭਾਉ ਨੂੰ) ਤੋੜ ਕੇ (ਨਵੇਂ ਸਿਰੇ) ਸੋਹਣਾ ਬਣਾਂਦੇ ਹਨ। ਹੇ ਨਾਨਕ! ਜਿਹੜੇ ਮਨੁੱਖ ਧੁਰੋਂ ਹੀ ਪ੍ਰਭੂ ਨਾਲ ਮਿਲੇ ਚਲੇ ਆ ਰਹੇ ਹਨ, ਉਹਨਾਂ ਨੂੰ ਇਸ ਜਨਮ ਵਿਚ ਭੀ ਲਿਆ ਕੇ ਆਪਣੇ ਵਿਚ ਮਿਲਾਈ ਰੱਖਦਾ ਹੈ।1।

ਮਃ ੩ ॥ ਜਿਨ੍ਹ੍ਹੀ ਨਾਮੁ ਵਿਸਾਰਿਆ ਕਿਆ ਜਪੁ ਜਾਪਹਿ ਹੋਰਿ ॥ ਬਿਸਟਾ ਅੰਦਰਿ ਕੀਟ ਸੇ ਮੁਠੇ ਧੰਧੈ ਚੋਰਿ ॥ ਨਾਨਕ ਨਾਮੁ ਨ ਵੀਸਰੈ ਝੂਠੇ ਲਾਲਚ ਹੋਰਿ ॥੨॥ {ਪੰਨਾ 1247}

ਪਦ ਅਰਥ: ਕਿਆ ਜਾਪਹਿ = ਜਪਣ ਦਾ ਕੀਹ ਲਾਭ? ਕਿਆ ਜਪੁ ਜਾਪਹਿ = ਜਪ ਜਪਣ ਦਾ ਕੋਈ ਲਾਭ ਨਹੀਂ। ਹੋਰਿ = (ਕਿਸੇ) ਹੋਰ (ਰਸ) ਵਿਚ। ਕੀਟ = ਕੀੜੇ। ਸੇ = ਉਹ ਬੰਦੇ। ਮੁਠੇ ਧੰਧੈ ਚੋਰਿ = ਧੰਧੇ-ਰੂਪ ਚੋਰ ਦੀ ਰਾਹੀਂ ਠੱਗੇ ਹੋਏ। ਧੰਧੈ = ਧੰਧੇ ਨੇ, ਜੰਜਾਲ ਨੇ। ਚੋਰਿ = ਚੋਰ ਨੇ। ਹੋਰਿ ਲਾਲਚ = (ਪ੍ਰਭੂ ਤੋਂ ਬਿਨਾ) ਹੋਰ ਹੋਰ ਖ਼ਾਹਸ਼ਾਂ। ਝੂਠੇ = ਕੂੜੇ, ਵਿਅਰਥ।

ਅਰਥ: ਜਿਨ੍ਹਾਂ ਮਨੁੱਖਾਂ ਨੇ ਪ੍ਰਭੂ ਦਾ ਨਾਮ ਵਿਸਾਰਿਆ ਹੈ, ਕਿਸੇ ਹੋਰ ਰਸ ਵਿਚ ਪੈ ਕੇ ਜਪ, ਜਪਣ ਦਾ, ਉਹਨਾਂ ਨੂੰ ਕੋਈ ਲਾਭ ਨਹੀਂ ਹੋ ਸਕਦਾ, ਕਿਉਂਕਿ ਜਿਨ੍ਹਾਂ ਨੂੰ ਦੁਨੀਆ ਦੇ ਜੰਜਾਲ-ਰੂਪ ਚੋਰ ਨੇ ਠੱਗਿਆ ਹੋਇਆ ਹੈ ਉਹ (ਇਉਂ ਵਿਲੂੰ ਵਿਲੂੰ ਕਰਦੇ) ਹਨ ਜਿਵੇਂ ਵਿਸ਼ਟੇ ਵਿਚ ਕੀੜੇ।

ਹੇ ਨਾਨਕ! (ਇਹੀ ਅਰਦਾਸ ਕਰ ਕਿ) ਪ੍ਰਭੂ ਦਾ ਨਾਮ ਨਾਹ ਭੁੱਲੇ, ਹੋਰ ਸਾਰੇ ਲਾਲਚ ਵਿਅਰਥ ਹਨ।2।

ਪਉੜੀ ॥ ਨਾਮੁ ਸਲਾਹਨਿ ਨਾਮੁ ਮੰਨਿ ਅਸਥਿਰੁ ਜਗਿ ਸੋਈ ॥ ਹਿਰਦੈ ਹਰਿ ਹਰਿ ਚਿਤਵੈ ਦੂਜਾ ਨਹੀ ਕੋਈ ॥ ਰੋਮਿ ਰੋਮਿ ਹਰਿ ਉਚਰੈ ਖਿਨੁ ਖਿਨੁ ਹਰਿ ਸੋਈ ॥ ਗੁਰਮੁਖਿ ਜਨਮੁ ਸਕਾਰਥਾ ਨਿਰਮਲੁ ਮਲੁ ਖੋਈ ॥ ਨਾਨਕ ਜੀਵਦਾ ਪੁਰਖੁ ਧਿਆਇਆ ਅਮਰਾ ਪਦੁ ਹੋਈ ॥੨੫॥ {ਪੰਨਾ 1247}

ਪਦ ਅਰਥ: ਸਲਾਹਨਿ = ਸਲਾਹੁੰਦੇ ਹਨ। ਮੰਨਿ = ਮਨਿ, ਮਨ ਵਿਚ (ਵਸਾਂਦੇ ਹਨ) । ਅਸਥਿਰੁ = ਅਟੱਲ ਜੀਵਨ ਵਾਲੇ, ਅਡੋਲ ਆਤਮਕ ਜੀਵਨ ਵਾਲੇ, ਉਹ ਜਿਹੜੇ ਮਾਇਆ ਦੇ ਹੱਥਾਂ ਉਤੇ ਨਹੀਂ ਨੱਚਦੇ। ਜਗਿ = ਜਗਤ ਵਿਚ। ਹਿਰਦੈ = ਹਿਰਦੇ ਵਿਚ। ਚਿਤਵੈ = ਚੇਤੇ ਕਰਦਾ ਹੈ (ਇਕ-ਵਚਨ) । ਰੋਮਿ ਰੋਮਿ = ਲੂੰ ਲੂੰ ਨਾਲ, ਹਰੇਕ ਰੋਮ ਦੀ ਰਾਹੀਂ, ਪੂਰੇ ਤੌਰ ਤੇ ਤਨੋਂ ਮਨੋਂ। ਉਚਰੈ = ਉਚਾਰਦਾ ਹੈ। ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ। ਸਕਾਰਥਾ = ਸਫਲ, ਕਾਮਯਾਬ। ਨਿਰਮਲੁ = ਪਵਿੱਤਰ ਜੀਵਨ ਵਾਲਾ। ਖੋਈ = ਦੂਰ ਕਰ ਲੈਂਦਾ ਹੈ, ਨਾਸ ਕਰ ਲੈਂਦਾ ਹੈ। ਜੀਵਦਾ = ਸਦਾ ਕਾਇਮ ਰਹਿਣ ਵਾਲਾ। ਪੁਰਖੁ = ਸਰਬ-ਵਿਆਪਕ। ਪਦੁ = ਦਰਜਾ। ਅਮਰਾ ਪਦੁ = ਅਟੱਲ ਆਤਮਕ ਜੀਵਨ ਵਾਲਾ ਦਰਜਾ।

ਅਰਥ: ਜਿਹੜੇ ਮਨੁੱਖ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦੇ ਹਨ, ਪਰਮਾਤਮਾ ਦਾ ਨਾਮ (ਆਪਣੇ) ਮਨ ਵਿਚ (ਵਸਾਈ ਰੱਖਦੇ ਹਨ) ਉਹੀ ਜਗਤ ਵਿਚ ਅਟੱਲ ਆਤਮਕ ਜੀਵਨ ਵਾਲੇ ਬਣਦੇ ਹਨ।

ਹੇ ਭਾਈ! ਗੁਰੂ ਦੇ ਸਨਮੁਖ ਰਹਿਣ ਵਾਲਾ ਜਿਹੜਾ ਮਨੁੱਖ (ਆਪਣੇ) ਹਿਰਦੇ ਵਿਚ ਹਰ ਵੇਲੇ ਪਰਮਾਤਮਾ ਨੂੰ ਯਾਦ ਕਰਦਾ ਹੈ (ਪਰਮਾਤਮਾ ਤੋਂ ਬਿਨਾ) ਕਿਸੇ ਹੋਰ ਨੂੰ (ਮਨ ਵਿਚ) ਨਹੀਂ ਵਸਾਂਦਾ, ਜਿਹੜਾ ਮਨੁੱਖ ਰੋਮ ਰੋਮ ਪ੍ਰਭੂ ਨੂੰ ਯਾਦ ਕਰਦਾ ਹੈ ਹਰ ਖਿਨ ਉਸ ਪਰਮਾਤਮਾ ਨੂੰ ਹੀ ਯਾਦ ਕਰਦਾ ਰਹਿੰਦਾ ਹੈ, ਉਸ ਦੀ ਜ਼ਿੰਦਗੀ ਕਾਮਯਾਬ ਹੋ ਜਾਂਦੀ ਹੈ, ਉਹ ਪਵਿੱਤਰ ਜੀਵਨ ਵਾਲਾ ਹੋ ਜਾਂਦਾ ਹੈ (ਉਹ ਮਨੁੱਖ ਆਪਣੇ ਅੰਦਰੋਂ ਵਿਕਾਰਾਂ ਦੀ ਮੈਲ) ਦੂਰ ਕਰ ਲੈਂਦਾ ਹੈ।

ਹੇ ਨਾਨਕ! ਜਿਹੜਾ ਮਨੁੱਖ ਸਦਾ ਕਾਇਮ ਰਹਿਣ ਵਾਲੇ ਸਰਬ-ਵਿਆਪਕ ਪਰਮਾਤਮਾ ਨੂੰ ਯਾਦ ਕਰਦਾ ਰਹਿੰਦਾ ਹੈ ਉਸ ਨੂੰ ਅਟੱਲ ਆਤਮਕ ਜੀਵਨ ਵਾਲਾ ਦਰਜਾ ਮਿਲ ਜਾਂਦਾ ਹੈ (ਉਹ ਮਨੁੱਖ ਆਤਮਕ ਜੀਵਨ ਦੀ ਉਸ ਉੱਚਤਾ ਤੇ ਪਹੁੰਚ ਜਾਂਦਾ ਹੈ ਜਿਥੇ ਮਾਇਆ ਦੇ ਹੱਲੇ ਉਸ ਨੂੰ ਡੁਲਾ ਨਹੀਂ ਸਕਦੇ) । 25।

ਸਲੋਕੁ ਮਃ ੩ ॥ ਜਿਨੀ ਨਾਮੁ ਵਿਸਾਰਿਆ ਬਹੁ ਕਰਮ ਕਮਾਵਹਿ ਹੋਰਿ ॥ ਨਾਨਕ ਜਮ ਪੁਰਿ ਬਧੇ ਮਾਰੀਅਹਿ ਜਿਉ ਸੰਨ੍ਹ੍ਹੀ ਉਪਰਿ ਚੋਰ ॥੧॥ {ਪੰਨਾ 1247}

ਪਦ ਅਰਥ: ਮਾਰੀਅਹਿ = ਮਾਰ ਖਾਂਦੇ ਹਨ। ਜਮ ਪੁਰਿ = ਜਮ ਦੀ ਪੁਰੀ ਵਿਚ, ਜਮਰਾਜ ਦੀ ਹਜ਼ੂਰੀ ਵਿਚ। ਹੋਰ ਕਰਮ = ਹੋਰ ਹੋਰ ਕੰਮ (ਲਫ਼ਜ਼ 'ਹੋਰਿ' ਬਹੁ-ਬਚਨ) ।

ਅਰਥ: ਜਿਨ੍ਹਾਂ ਮਨੁੱਖਾਂ ਨੇ ਪਰਮਾਤਮਾ ਦਾ ਨਾਮ ਭੁਲਾ ਦਿੱਤਾ ਹੈ ਅਤੇ ਹੋਰ ਹੋਰ ਕਈ ਕੰਮ ਕਰਦੇ ਹਨ, ਹੇ ਨਾਨਕ! ਉਹ ਮਨੁੱਖ ਜਮਰਾਜ ਦੇ ਸਾਹਮਣੇ ਬੱਝੇ ਹੋਏ ਇਉਂ ਮਾਰ ਖਾਂਦੇ ਹਨ ਜਿਵੇਂ ਸੰਨ੍ਹ ਉਤੋਂ ਫੜੇ ਹੋਏ ਚੋਰ।1।

ਮਃ ੫ ॥ ਧਰਤਿ ਸੁਹਾਵੜੀ ਆਕਾਸੁ ਸੁਹੰਦਾ ਜਪੰਦਿਆ ਹਰਿ ਨਾਉ ॥ ਨਾਨਕ ਨਾਮ ਵਿਹੂਣਿਆ ਤਿਨ੍ਹ੍ਹ ਤਨ ਖਾਵਹਿ ਕਾਉ ॥੨॥ {ਪੰਨਾ 1247}

ਪਦ ਅਰਥ: ਤਿਨ ਤਨ = ਉਹਨਾਂ ਦੇ ਸਰੀਰਾਂ ਨੂੰ। ਕਾਉ = ਕਾਂ, (ਭਾਵ,) ਵਿਸ਼ੇ-ਵਿਕਾਰ।

ਅਰਥ: ਪਰਮਾਤਮਾ ਦਾ ਨਾਮ ਸਿਮਰਨ ਵਾਲੇ ਬੰਦਿਆਂ ਨੂੰ ਧਰਤੀ ਅਤੇ ਆਕਾਸ਼ ਸੁਹਾਵੇ ਲੱਗਦੇ ਹਨ (ਕਿਉਂਕਿ ਉਹਨਾਂ ਦੇ ਅੰਦਰ ਠੰਢ ਵਰਤੀ ਰਹਿੰਦੀ ਹੈ) ; ਪਰ, ਹੇ ਨਾਨਕ! ਜਿਹੜੇ ਮਨੁੱਖ ਨਾਮ ਤੋਂ ਸੱਖਣੇ ਹਨ, ਉਹਨਾਂ ਦੇ ਸਰੀਰ ਨੂੰ ਵਿਸ਼ੇ-ਵਿਕਾਰ ਕਾਂ ਹੀ ਖਾਂਦੇ ਰਹਿੰਦੇ ਹਨ (ਤੇ, ਉਹਨਾਂ ਦੇ ਅੰਦਰ ਵਿਸ਼ੇ-ਰੋਗ ਹੋਣ ਕਰਕੇ ਉਹਨਾਂ ਨੂੰ ਪ੍ਰਭੂ ਦੀ ਕੁਦਰਤਿ ਵਿਚ ਕੋਈ ਸੁੰਦਰਤਾ ਸੁਹਾਵਣੀ ਨਹੀਂ ਲੱਗਦੀ) ।2।

ਪਉੜੀ ॥ ਨਾਮੁ ਸਲਾਹਨਿ ਭਾਉ ਕਰਿ ਨਿਜ ਮਹਲੀ ਵਾਸਾ ॥ ਓਇ ਬਾਹੁੜਿ ਜੋਨਿ ਨ ਆਵਨੀ ਫਿਰਿ ਹੋਹਿ ਨ ਬਿਨਾਸਾ ॥ ਹਰਿ ਸੇਤੀ ਰੰਗਿ ਰਵਿ ਰਹੇ ਸਭ ਸਾਸ ਗਿਰਾਸਾ ॥ ਹਰਿ ਕਾ ਰੰਗੁ ਕਦੇ ਨ ਉਤਰੈ ਗੁਰਮੁਖਿ ਪਰਗਾਸਾ ॥ ਓਇ ਕਿਰਪਾ ਕਰਿ ਕੈ ਮੇਲਿਅਨੁ ਨਾਨਕ ਹਰਿ ਪਾਸਾ ॥੨੬॥ {ਪੰਨਾ 1247}

ਪਦ ਅਰਥ: ਭਾਉ = ਪ੍ਰੇਮ। ਭਾਉ ਕਰਿ = ਪ੍ਰੇਮ ਕਰ ਕੇ, ਪ੍ਰੇਮ ਨਾਲ। ਨਿਜ = ਨਿਰੋਲ ਆਪਣਾ। ਬਾਹੁੜਿ = ਫਿਰ, ਮੁੜ ਕੇ। ਆਵਨ੍ਹ੍ਹੀ = (ਅੱਖਰ 'ਨ' ਦੇ ਹੇਠ ਅੱਧਾ 'ਹ' ਹੈ) ਆਉਂਦੇ। ਬਿਨਾਸਾ = ਨਾਸ। ਰੰਗਿ = ਪ੍ਰੇਮ ਨਾਲ। ਰਵਿ ਰਹੇ = ਰਚ-ਮਿਚ ਜਾਂਦੇ ਹਨ। ਸਾਸ ਗਿਰਾਸਾ = ਸਾਹ ਲੈਂਦਿਆਂ ਤੇ ਗਿਰਾਹੀ ਖਾਂਦਿਆਂ, ਸੁਆਸ ਸੁਆਸ ਖਾਂਦਿਆਂ ਪੀਂਦਿਆਂ। ਰੰਗੁ = ਪਿਆਰ। ਓਇ = (ਲਫ਼ਜ਼ 'ਓਹੁ' ਇਕ-ਵਚਨ ਹੈ, 'ਓਇ' ਬਹੁ-ਵਚਨ ਹੈ) ਉਹ ਬੰਦੇ। ਮੇਲਿਅਨੁ = ਮੇਲ ਲਏ ਹਨ ਉਸ (ਪ੍ਰਭੂ ਨੇ) । ਗੁਰਮੁਖਿ = ਗੁਰੂ ਦੇ ਦੱਸੇ ਰਾਹ ਉਤੇ ਤੁਰਨ ਵਾਲੇ ਮਨੁੱਖ।

ਅਰਥ: ਜਿਹੜੇ ਮਨੁੱਖ ਪ੍ਰੇਮ ਨਾਲ ਪਰਮਾਤਮਾ ਦਾ ਨਾਮ ਸਿਮਰਦੇ ਹਨ ਉਹ ਨਿਰੋਲ ਆਪਣੇ (ਹਿਰਦੇ-ਰੂਪ, ਪ੍ਰਭੂ ਦੀ ਹਜ਼ੂਰੀ-ਰੂਪ) ਮਹਲ ਵਿਚ ਟਿਕੇ ਰਹਿੰਦੇ ਹਨ; ਉਹ ਬੰਦੇ ਮੁੜ ਮੁੜ ਨਾਹ ਜੂਨਾਂ ਵਿਚ ਆਉਂਦੇ ਹਨ ਨਾਹ ਮਰਦੇ ਹਨ; ਸੁਆਸ ਸੁਆਸ, ਖਾਂਦਿਆਂ ਖਾਂਦਿਆਂ (ਹਰ ਵੇਲੇ) ਉਹ ਪ੍ਰੇਮ ਨਾਲ ਪ੍ਰਭੂ ਵਿਚ ਰਚੇ-ਮਿਚੇ ਰਹਿੰਦੇ ਹਨ; ਉਹਨਾਂ ਗੁਰਮੁਖਾਂ ਦੇ ਅੰਦਰ ਹਰਿ-ਨਾਮ ਦਾ ਚਾਨਣ ਹੋ ਜਾਂਦਾ ਹੈ, ਹਰਿ-ਨਾਮ ਦਾ ਰੰਗ ਕਦੇ (ਉਹਨਾਂ ਦੇ ਮਨ ਤੋਂ) ਉਤਰਦਾ ਨਹੀਂ ਹੈ।

ਹੇ ਨਾਨਕ! ਪ੍ਰਭੂ ਨੇ ਆਪਣੀ ਮਿਹਰ ਕਰ ਕੇ ਉਹਨਾਂ ਨੂੰ ਆਪਣੇ ਨਾਲ ਮਿਲਾ ਲਿਆ ਹੁੰਦਾ ਹੈ, ਉਹ ਸਦਾ ਪ੍ਰਭੂ ਦੇ ਨੇੜੇ ਵੱਸਦੇ ਹਨ। 26।

ਸਲੋਕ ਮਃ ੩ ॥ ਜਿਚਰੁ ਇਹੁ ਮਨੁ ਲਹਰੀ ਵਿਚਿ ਹੈ ਹਉਮੈ ਬਹੁਤੁ ਅਹੰਕਾਰੁ ॥ ਸਬਦੈ ਸਾਦੁ ਨ ਆਵਈ ਨਾਮਿ ਨ ਲਗੈ ਪਿਆਰੁ ॥ ਸੇਵਾ ਥਾਇ ਨ ਪਵਈ ਤਿਸ ਕੀ ਖਪਿ ਖਪਿ ਹੋਇ ਖੁਆਰੁ ॥ ਨਾਨਕ ਸੇਵਕੁ ਸੋਈ ਆਖੀਐ ਜੋ ਸਿਰੁ ਧਰੇ ਉਤਾਰਿ ॥ ਸਤਿਗੁਰ ਕਾ ਭਾਣਾ ਮੰਨਿ ਲਏ ਸਬਦੁ ਰਖੈ ਉਰ ਧਾਰਿ ॥੧॥ {ਪੰਨਾ 1247}

ਪਦ ਅਰਥ: ਸਾਦੁ = ਸੁਆਦ, ਰਸ। ਥਾਇ ਨ ਪਵਈ = ਕਬੂਲ ਨਹੀਂ ਹੁੰਦਾ। ਉਤਾਰਿ = ਲਾਹ ਕੇ। ਸਿਰੁ ਧਰੇ ਉਤਾਰਿ = ਆਪਣਾ ਸਿਰ ਲਾਹ ਕੇ ਰੱਖ ਦੇਵੇ, ਆਪਣੀ ਚਤੁਰਾਈ-ਚਲਾਕੀ ਛੱਡ ਦੇਵੇ। ਉਰਧਾਰਿ = ਹਿਰਦੇ ਵਿਚ ਟਿਕਾ ਕੇ।

ਅਰਥ: ਜਿਤਨਾ ਚਿਰ ਮਨੁੱਖ ਦਾ ਇਹ ਮਨ (ਮਾਇਆ ਦੀਆਂ) ਲਹਿਰਾਂ ਵਿਚ (ਡੋਲਦਾ ਰਹਿੰਦਾ ਹੈ) ਉਤਨਾ ਚਿਰ ਇਸ ਦੇ ਅੰਦਰ ਬਹੁਤ ਹਉਮੈ ਹੈ ਬੜਾ ਅਹੰਕਾਰ ਹੁੰਦਾ ਹੈ; ਇਸ ਨੂੰ ਸਤਿਗੁਰੂ ਦੇ ਸ਼ਬਦ ਦਾ ਰਸ ਨਹੀਂ ਆਉਂਦਾ, ਪ੍ਰਭੂ ਦੇ ਨਾਮ ਵਿਚ ਇਸ ਦਾ ਪਿਆਰ ਨਹੀਂ ਬਣਦਾ, ਇਸ ਦੀ ਕੀਤੀ ਹੋਈ ਸੇਵਾ ਕਬੂਲ ਨਹੀਂ ਹੁੰਦੀ (ਅਤੇ ਹਉਮੈ ਦੇ ਕਾਰਨ) ਖਿੱਝ ਖਿੱਝ ਕੇ ਦੁਖੀ ਹੁੰਦਾ ਰਹਿੰਦਾ ਹੈ।

ਹੇ ਨਾਨਕ! ਉਹੀ ਮਨੁੱਖ ਅਸਲੀ ਸੇਵਕ ਅਖਵਾਂਦਾ ਹੈ ਜੋ ਆਪਣੀ ਚਤੁਰਾਈ ਚਲਾਕੀ ਛੱਡ ਦੇਂਦਾ ਹੈ, ਸਤਿਗੁਰੂ ਦਾ ਭਾਣਾ ਕਬੂਲ ਕਰਦਾ ਹੈ ਅਤੇ ਗੁਰੂ ਦੇ ਸ਼ਬਦ ਨੂੰ ਹਿਰਦੇ ਵਿਚ ਪ੍ਰੋ ਰੱਖਦਾ ਹੈ।1।

ਮਃ ੩ ॥ ਸੋ ਜਪੁ ਤਪੁ ਸੇਵਾ ਚਾਕਰੀ ਜੋ ਖਸਮੈ ਭਾਵੈ ॥ ਆਪੇ ਬਖਸੇ ਮੇਲਿ ਲਏ ਆਪਤੁ ਗਵਾਵੈ ॥ ਮਿਲਿਆ ਕਦੇ ਨ ਵੀਛੁੜੈ ਜੋਤੀ ਜੋਤਿ ਮਿਲਾਵੈ ॥ ਨਾਨਕ ਗੁਰ ਪਰਸਾਦੀ ਸੋ ਬੁਝਸੀ ਜਿਸੁ ਆਪਿ ਬੁਝਾਵੈ ॥੨॥ {ਪੰਨਾ 1247}

ਪਦ ਅਰਥ: ਜੋ = ਜਿਹੜੀ ਕਾਰ। ਖਸਮੈ ਭਾਵੈ = ਮਾਲਕ-ਪ੍ਰਭੂ ਨੂੰ ਚੰਗੀ ਲੱਗਦੀ ਹੈ। ਚਾਕਰੀ = ਨੌਕਰੀ, ਸੇਵਾ। ਆਪਤੁ = ਆਪਾ-ਭਾਵ, ਅਹੰਕਾਰ। ਜੋਤਿ = ਆਤਮਾ। ਗੁਰ ਪਰਸਾਦੀ = ਗੁਰੂ ਦੀ ਕਿਰਪਾ ਨਾਲ। ਬੁਝਸੀ = (ਇਸ ਭੇਤ ਨੂੰ) ਸਮਝ ਲੈਂਦਾ ਹੈ। ਬੁਝਾਵੈ = ਸਮਝਾ ਦੇਂਦਾ ਹੈ।

ਅਰਥ: ਜਿਹੜੀ ਕਾਰ ਮਾਲਕ-ਪ੍ਰਭੂ ਨੂੰ ਪਸੰਦ ਆ ਜਾਏ, ਉਹੀ ਕਾਰ ਸੇਵਕ ਦਾ ਜਪ ਹੈ ਤਪ ਹੈ ਤੇ ਸੇਵਾ ਚਾਕਰੀ ਹੈ; ਜਿਹੜਾ ਮਨੁੱਖ ਆਪਾ-ਭਾਵ ਮਿਟਾਂਦਾ ਹੈ ਉਸ ਨੂੰ ਪ੍ਰਭੂ ਆਪ ਹੀ ਮਿਹਰ ਕਰ ਕੇ (ਆਪਣੇ ਨਾਲ) ਮਿਲਾ ਲੈਂਦਾ ਹੈ, ਤੇ (ਪ੍ਰਭੂ-ਚਰਨਾਂ ਵਿਚ) ਮਿਲਿਆ ਹੋਇਆ ਅਜਿਹਾ ਬੰਦਾ ਮੁੜ ਕਦੇ ਵਿਛੁੜਦਾ ਨਹੀਂ ਹੈ ਉਸ ਦੀ ਆਤਮਾ ਪ੍ਰਭੂ ਦੀ ਆਤਮਾ ਨਾਲ ਇਕ-ਮਿਕ ਹੋ ਜਾਂਦੀ ਹੈ।

ਹੇ ਨਾਨਕ! (ਇਸ ਭੇਤ ਨੂੰ) ਗੁਰੂ ਦੀ ਕਿਰਪਾ ਨਾਲ ਉਹੀ ਮਨੁੱਖ ਸਮਝਦਾ ਹੈ ਜਿਸ ਨੂੰ ਪ੍ਰਭੂ ਆਪ ਸਮਝ ਬਖ਼ਸ਼ਦਾ ਹੈ।2।

ਪਉੜੀ ॥ ਸਭੁ ਕੋ ਲੇਖੇ ਵਿਚਿ ਹੈ ਮਨਮੁਖੁ ਅਹੰਕਾਰੀ ॥ ਹਰਿ ਨਾਮੁ ਕਦੇ ਨ ਚੇਤਈ ਜਮਕਾਲੁ ਸਿਰਿ ਮਾਰੀ ॥ ਪਾਪ ਬਿਕਾਰ ਮਨੂਰ ਸਭਿ ਲਦੇ ਬਹੁ ਭਾਰੀ ॥ ਮਾਰਗੁ ਬਿਖਮੁ ਡਰਾਵਣਾ ਕਿਉ ਤਰੀਐ ਤਾਰੀ ॥ ਨਾਨਕ ਗੁਰਿ ਰਾਖੇ ਸੇ ਉਬਰੇ ਹਰਿ ਨਾਮਿ ਉਧਾਰੀ ॥੨੭॥ {ਪੰਨਾ 1247-1248}

ਪਦ ਅਰਥ: ਸਭੁ ਕੋ = ਹਰੇਕ ਜੀਵ। ਲੇਖੇ ਵਿਚਿ = ਹੁਕਮ ਵਿਚ, ਮਿਥੀ ਹੋਈ ਮਰਯਾਦਾ ਵਿਚ, ਉਸ ਮਰਯਾਦਾ ਦੇ ਅੰਦਰ ਜੋ ਪ੍ਰਭੂ ਨੇ ਸੰਸਾਰ ਦੀ ਜੁਗਤਿ ਨੂੰ ਚਲਾਣ ਲਈ ਮਿੱਥ ਦਿੱਤੀ ਹੈ। ਮਨਮੁਖੁ = ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ। ਸਿਰਿ = ਸਿਰ ਉਤੇ। ਮਨੂਰ = ਸੜਿਆ ਹੋਇਆ ਲੋਹਾ (ਭਾਵ, ਵਿਅਰਥ ਭਾਰ) । ਮਾਰਗੁ = ਰਸਤਾ, ਜੀਵਨ-ਸਫ਼ਰ ਦਾ ਰਸਤਾ। ਬਿਖਮੁ = ਔਖਾ। ਗੁਰਿ = ਗੁਰੂ ਨੇ। ਉਬਰੇ = ਬਚ ਨਿਕਲੇ। ਨਾਮਿ = ਨਾਮ ਨੇ। ਕਿਉ ਤਰੀਐ = ਪਾਰ ਲੰਘਣਾ ਔਖਾ ਹੈ।

ਅਰਥ: ਹਰੇਕ ਜੀਵ (ਨੂੰ ਉਸ) ਮਰਯਾਦਾ ਦੇ ਅੰਦਰਿ (ਤੁਰਨਾ ਪੈਂਦਾ ਹੈ ਜੋ ਪ੍ਰਭੂ ਨੇ ਜੀਵਨ-ਜੁਗਤਿ ਲਈ ਮਿਥੀ ਹੋਈ) ਹੈ, ਪਰ ਮਨ ਦਾ ਮੁਰੀਦ ਮਨੁੱਖ ਅਹੰਕਾਰ ਕਰਦਾ ਹੈ (ਭਾਵ, ਉਸ ਮਰਯਾਦਾ ਤੋਂ ਆਕੀ ਹੋਣ ਦਾ ਜਤਨ ਕਰਦਾ ਹੈ) , ਕਦੇ ਪ੍ਰਭੂ ਦਾ ਨਾਮ ਨਹੀਂ ਸਿਮਰਦਾ (ਜਿਸ ਕਰਕੇ) ਜਮਕਾਲ (ਉਸ ਦੇ) ਸਿਰ ਉਤੇ (ਚੋਟ) ਮਾਰਦਾ ਹੈ (ਭਾਵ, ਉਹ ਸਦਾ ਆਤਮਕ ਮੌਤ ਸਹੇੜੀ ਰੱਖਦਾ ਹੈ) ।

ਪਾਪਾਂ ਤੇ ਮੰਦੇ ਕਰਮਾਂ ਦੇ ਵਿਅਰਥ ਤੇ ਬੋਝਲ ਭਾਰ ਨਾਲ ਲੱਦੇ ਹੋਏ ਜੀਵਾਂ ਲਈ ਜ਼ਿੰਦਗੀ ਦਾ ਰਸਤਾ ਬੜਾ ਔਖਾ ਤੇ ਡਰਾਉਣਾ ਹੋ ਜਾਂਦਾ ਹੈ (ਇਸ ਸੰਸਾਰ-ਸਮੁੰਦਰ ਵਿਚੋਂ) ਉਹਨਾਂ ਪਾਸੋਂ ਤਰਿਆ ਨਹੀਂ ਜਾ ਸਕਦਾ। ਹੇ ਨਾਨਕ! ਜਿਨ੍ਹਾਂ ਦੀ ਸਹੈਤਾ ਗੁਰੂ ਨੇ ਕੀਤੀ ਹੈ ਉਹ ਬਚ ਨਿਕਲਦੇ ਹਨ, ਪ੍ਰਭੂ ਦੇ ਨਾਮ ਨੇ ਉਹਨਾਂ ਨੂੰ ਬਚਾ ਲਿਆ ਹੁੰਦਾ ਹੈ। 27।

TOP OF PAGE

Sri Guru Granth Darpan, by Professor Sahib Singh