ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 1248 ਸਲੋਕ ਮਃ ੩ ॥ ਵਿਣੁ ਸਤਿਗੁਰ ਸੇਵੇ ਸੁਖੁ ਨਹੀ ਮਰਿ ਜੰਮਹਿ ਵਾਰੋ ਵਾਰ ॥ ਮੋਹ ਠਗਉਲੀ ਪਾਈਅਨੁ ਬਹੁ ਦੂਜੈ ਭਾਇ ਵਿਕਾਰ ॥ ਇਕਿ ਗੁਰ ਪਰਸਾਦੀ ਉਬਰੇ ਤਿਸੁ ਜਨ ਕਉ ਕਰਹਿ ਸਭਿ ਨਮਸਕਾਰ ॥ ਨਾਨਕ ਅਨਦਿਨੁ ਨਾਮੁ ਧਿਆਇ ਤੂ ਅੰਤਰਿ ਜਿਤੁ ਪਾਵਹਿ ਮੋਖ ਦੁਆਰ ॥੧॥ {ਪੰਨਾ 1248} ਪਦ ਅਰਥ: ਵਾਰੋ ਵਾਰ = ਬਾਰ ਬਾਰ, ਮੁੜ ਮੁੜ। ਠਗਉਲੀ = ਠਗ-ਮੂਰੀ, ਠਗ-ਬੂਟੀ, ਉਹ ਬੂਟੀ ਜੋ ਠੱਗ ਕਿਸੇ ਓਭੜ ਨੂੰ ਖਵਾ ਕੇ ਬੇਹੋਸ਼ ਕਰ ਲੈਂਦੇ ਹਨ ਤੇ ਲੁੱਟ ਲੈਂਦੇ ਹਨ। ਪਾਈਅਨੁ = ਪਾਈ ਹੈ ਉਸ (ਪ੍ਰਭੂ) ਨੇ। ਬਹੁ ਵਿਕਾਰ = ਕਈ ਮੰਦੇ ਕਰਮ। ਦੂਜੈ ਭਾਇ = (ਪ੍ਰਭੂ ਨੂੰ ਛੱਡ ਕੇ) ਕਿਸੇ ਹੋਰ ਦੇ ਪਿਆਰ ਵਿਚ। ਇਕਿ = ਕਈ ਬੰਦੇ (ਲਫ਼ਜ਼ 'ਇਕ' ਤੋਂ ਬਹੁ-ਵਚਨ) । ਉਬਰੇ = ਬਚ ਜਾਂਦੇ ਹਨ। ਸਭਿ = ਸਾਰੇ ਜੀਵ। ਕਰਹਿ ਨਮਸਕਾਰ = ਸਿਰ ਨਿਵਾਉਂਦੇ ਹਨ। ਅਨਦਿਨੁ = ਹਰ ਰੋਜ਼। ਅੰਤਰਿ = ਹਿਰਦੇ ਵਿਚ। ਜਿਤੁ = ਜਿਸ (ਸਿਮਰਨ) ਦੀ ਬਰਕਤਿ ਨਾਲ। ਮੋਖ ਦੁਆਰ = (ਮੋਹ-ਠਗਉਲੀ ਤੋਂ) ਬਚਣ ਦਾ ਰਾਹ। ਅਰਥ: ਸਤਿਗੁਰੂ ਦੇ ਦੱਸੇ ਰਾਹ ਉਤੇ ਤੁਰਨ ਤੋਂ ਬਿਨਾ ਸੁਖ ਨਹੀਂ ਮਿਲਦਾ (ਗੁਰੂ ਤੋਂ ਖੁੰਝੇ ਹੋਏ ਜੀਵ) ਮੁੜ ਮੁੜ ਜੰਮਦੇ ਮਰਦੇ ਹਨ, ਮੋਹ ਦੀ ਠਗ-ਬੂਟੀ ਉਸ ਪ੍ਰਭੂ ਨੇ (ਐਸੀ) ਪਾਈ ਹੈ ਕਿ (ਰੱਬ ਵਲੋਂ ਬੇ-ਸੁਰਤਿ ਹੋ ਕੇ) ਮਾਇਆ ਦੇ ਪਿਆਰ ਵਿਚ (ਫਸ ਕੇ) ਬਥੇਰੇ ਮੰਦੇ ਕਰਮ ਕਰਦੇ ਹਨ, ਪਰ ਕਈ (ਭਾਗਾਂ ਵਾਲੇ ਬੰਦੇ) ਸਤਿਗੁਰੂ ਦੀ ਕਿਰਪਾ ਨਾਲ (ਇਸ ਠਗ-ਬੂਟੀ ਤੋਂ) ਬਚ ਜਾਂਦੇ ਹਨ, (ਜੋ ਜੋ ਬਚਦਾ ਹੈ) ਉਸ ਨੂੰ ਸਾਰੇ ਲੋਕ ਸਿਰ ਨਿਵਾਂਦੇ ਹਨ। ਹੇ ਨਾਨਕ! ਤੂੰ ਭੀ ਹਰ ਰੋਜ਼ (ਆਪਣੇ) ਹਿਰਦੇ ਵਿਚ ਪ੍ਰਭੂ ਦਾ ਨਾਮ ਸਿਮਰ, ਜਿਸ (ਸਿਮਰਨ ਦੀ) ਬਰਕਤਿ ਨਾਲ ਤੂੰ (ਇਸ 'ਮੋਹ-ਠਗਉਲੀ' ਤੋਂ) ਬਚਣ ਦਾ ਵਸੀਲਾ ਹਾਸਲ ਕਰ ਲਏਂਗਾ।1। ਮਃ ੩ ॥ ਮਾਇਆ ਮੋਹਿ ਵਿਸਾਰਿਆ ਸਚੁ ਮਰਣਾ ਹਰਿ ਨਾਮੁ ॥ ਧੰਧਾ ਕਰਤਿਆ ਜਨਮੁ ਗਇਆ ਅੰਦਰਿ ਦੁਖੁ ਸਹਾਮੁ ॥ ਨਾਨਕ ਸਤਿਗੁਰੁ ਸੇਵਿ ਸੁਖੁ ਪਾਇਆ ਜਿਨ੍ਹ੍ਹ ਪੂਰਬਿ ਲਿਖਿਆ ਕਰਾਮੁ ॥੨॥ {ਪੰਨਾ 1248} ਪਦ ਅਰਥ: ਮੋਹਿ = ਮੋਹ ਦੇ ਕਾਰਨ। ਸਚੁ = ਅਟੱਲ, ਸਦਾ ਕਾਇਮ ਰਹਿਣ ਵਾਲਾ। ਅੰਦਰਿ = ਮਨ ਵਿਚ। ਸਹਾਮੁ = ਸਹਿੰਦਾ ਹੈ, ਸਹਾਰਦਾ ਹੈ। ਸੇਵਿ = ਸੇਵਾ ਕਰ ਕੇ, ਹੁਕਮ ਵਿਚ ਤੁਰ ਕੇ। ਪੂਰਬਿ = ਮੁੱਢ ਤੋਂ। ਕਰਾਮੁ = ਕਰਮ, ਕੰਮ (ਭਾਵ, ਗੁਰੂ ਦੀ ਸੇਵਾ ਕਰਨ ਦਾ ਕੰਮ) । ਸੁਖੁ = ਆਤਮਕ ਆਨੰਦ। ਅਰਥ: ਮੌਤ ਅਟੱਲ ਹੈ, ਪ੍ਰਭੂ ਦਾ ਨਾਮ ਸਦਾ-ਥਿਰ ਰਹਿਣ ਵਾਲਾ ਹੈ– ਪਰ, ਇਹ ਗੱਲ ਜਿਸ ਮਨੁੱਖ ਨੇ ਮਾਇਆ ਦੇ ਮੋਹ ਵਿਚ (ਫਸ ਕੇ) ਭੁਲਾ ਦਿੱਤੀ ਹੈ, ਉਸ ਦਾ ਸਾਰਾ ਜੀਵਨ ਮਾਇਆ ਦੇ ਧੰਧੇ ਕਰਦਿਆਂ ਹੀ ਗੁਜ਼ਰ ਜਾਂਦਾ ਹੈ ਤੇ ਉਹ ਆਪਣੇ ਮਨ ਵਿਚ ਦੁੱਖ ਸਹਿੰਦਾ ਹੈ। ਹੇ ਨਾਨਕ! ਮੁੱਢ ਤੋਂ ਜਿਨ੍ਹਾਂ ਦੇ ਮੱਥੇ ਉਤੇ (ਗੁਰ-ਸੇਵਾ ਦਾ ਲੇਖ) ਲਿਖਿਆ ਹੋਇਆ ਹੈ ਉਹਨਾਂ ਨੇ ਗੁਰੂ ਦੇ ਹੁਕਮ ਵਿਚ ਤੁਰ ਕੇ ਆਤਮਕ ਆਨੰਦ ਮਾਣਿਆ ਹੈ।2। ਪਉੜੀ ॥ ਲੇਖਾ ਪੜੀਐ ਹਰਿ ਨਾਮੁ ਫਿਰਿ ਲੇਖੁ ਨ ਹੋਈ ॥ ਪੁਛਿ ਨ ਸਕੈ ਕੋਇ ਹਰਿ ਦਰਿ ਸਦ ਢੋਈ ॥ ਜਮਕਾਲੁ ਮਿਲੈ ਦੇ ਭੇਟ ਸੇਵਕੁ ਨਿਤ ਹੋਈ ॥ ਪੂਰੇ ਗੁਰ ਤੇ ਮਹਲੁ ਪਾਇਆ ਪਤਿ ਪਰਗਟੁ ਲੋਈ ॥ ਨਾਨਕ ਅਨਹਦ ਧੁਨੀ ਦਰਿ ਵਜਦੇ ਮਿਲਿਆ ਹਰਿ ਸੋਈ ॥੨੮॥ {ਪੰਨਾ 1248} ਪਦ ਅਰਥ: ਲੇਖੁ = ਚਿੱਤ੍ਰ, ਪਾਪਾਂ ਵਿਕਾਰਾਂ ਦੇ ਸੰਸਕਾਰਾਂ ਦਾ ਮਨ ਵਿਚ ਇਕੱਠ। ਦਰਿ = ਦਰ ਤੇ, ਹਜ਼ੂਰੀ ਵਿਚ। ਸਦ = ਸਦਾ। ਢੋਈ = ਪਹੁੰਚ, ਆਸਰਾ। ਭੇਟ ਦੇ ਮਿਲੈ = ਭੇਟਾ ਅੱਗੇ ਰੱਖ ਕੇ ਮਿਲਦਾ ਹੈ, ਆਦਰ-ਸਤਕਾਰ ਕਰਦਾ ਹੈ। ਮਹਲੁ = ਟਿਕਾਣਾ, ਅਸਲ ਘਰ, ਪ੍ਰਭੂ ਦਾ ਮਿਲਾਪ। ਪਤਿ = ਇੱਜ਼ਤ। ਲੋਈ = ਜਗਤ ਵਿਚ, ਲੋਕ ਵਿਚ (ਕਹਤ ਕਬੀਰ ਸੁਨਹੁ ਰੇ ਲੋਈ। ਰੇ ਲੋਈ = ਹੇ ਜਗਤ!) ਅਨਹਦ = ਇਕ-ਰਸ, (ਅਨ+ਹਦ) ਬਿਨਾ ਵਜਾਏ ਵੱਜਣ ਵਾਲੇ। ਧੁਨੀ = ਸੁਰ। ਅਨਹਦ ਧੁਨੀ = ਇਕ-ਰਸ ਸੁਰ ਵਾਲੇ ਵਾਜੇ। ਦਰਿ = ਦਰ ਤੇ, ਹਜ਼ੂਰੀ ਵਿਚ, ਪ੍ਰਭੂ ਦੀ ਹਜ਼ੂਰੀ ਵਿਚ ਰਹਿਣ ਵਾਲੀ ਅਵਸਥਾ ਵਿਚ। ਅਰਥ: ਜੇ ਹਰਿ-ਨਾਮ (ਸਿਮਰਨ-ਰੂਪ) ਲੇਖਾ ਪੜ੍ਹੀਏ ਤਾਂ ਫਿਰ ਵਿਕਾਰ ਆਦਿਕਾਂ ਦੇ ਸੰਸਕਾਰਾਂ ਦਾ ਚਿੱਤ੍ਰ ਮਨ ਵਿਚ ਨਹੀਂ ਬਣਦਾ; ਪ੍ਰਭੂ ਦੀ ਹਜ਼ੂਰੀ ਵਿਚ ਸਦਾ ਪਹੁੰਚ ਬਣੀ ਰਹਿੰਦੀ ਹੈ, ਕਿਸੇ ਵਿਕਾਰ ਬਾਰੇ ਕੋਈ ਪੁੱਛ ਨਹੀਂ ਕਰ ਸਕਦਾ (ਭਾਵ ਕੋਈ ਭੀ ਐਸਾ ਮੰਦਾ ਕਰਮ ਨਹੀਂ ਕੀਤਾ ਹੁੰਦਾ ਜਿਸ ਬਾਰੇ ਕੋਈ ਉਂਗਲ ਕਰ ਸਕੇ) ; ਜਮ ਕਾਲ (ਚੋਟ ਕਰਨ ਦੇ ਥਾਂ) ਆਦਰ-ਸਤਕਾਰ ਕਰਦਾ ਹੈ ਤੇ ਸਦਾ ਲਈ ਸੇਵਕ ਬਣ ਜਾਂਦਾ ਹੈ। ਪਰ ਇਹ ਮੇਲ ਵਾਲੀ ਅਵਸਥਾ ਪੂਰੇ ਗੁਰੂ ਤੋਂ ਹਾਸਲ ਹੁੰਦੀ ਹੈ ਤੇ ਜਗਤ ਵਿਚ ਇੱਜ਼ਤ ਉੱਘੀ ਹੋ ਜਾਂਦੀ ਹੈ। ਹੇ ਨਾਨਕ! ਜਦੋਂ ਉਹ ਪ੍ਰਭੂ ਮਿਲ ਪੈਂਦਾ ਹੈ, ਉਸ ਦੀ ਹਜ਼ੂਰੀ ਵਿਚ (ਟਿਕੇ ਰਿਹਾਂ, ਅੰਦਰ, ਮਾਨੋ,) ਇਕ-ਰਸ ਸੁਰ ਵਾਲੇ ਵਾਜੇ ਵੱਜਣ ਲੱਗ ਪੈਂਦੇ ਹਨ। 28। ਸਲੋਕ ਮਃ ੩ ॥ ਗੁਰ ਕਾ ਕਹਿਆ ਜੇ ਕਰੇ ਸੁਖੀ ਹੂ ਸੁਖੁ ਸਾਰੁ ॥ ਗੁਰ ਕੀ ਕਰਣੀ ਭਉ ਕਟੀਐ ਨਾਨਕ ਪਾਵਹਿ ਪਾਰੁ ॥੧॥ {ਪੰਨਾ 1248} ਪਦ ਅਰਥ: ਸਾਰੁ = ਸ੍ਰੇਸ਼ਟ। ਪਾਰੁ = ('ਭਉ' ਦਾ) ਪਾਰਲਾ ਪਾਸਾ। ਪਾਵਹਿ = ਤੂੰ ਲੱਭ ਲਏਂਗਾ। ਅਰਥ: ਜੇ ਮਨੁੱਖ ਸਤਿਗੁਰੂ ਦੇ ਦੱਸੇ ਹੁਕਮ ਦੀ ਪਾਲਣਾ ਕਰੇ ਤਾਂ ਸੁਖਾਂ ਵਿਚੋਂ ਚੋਣਵਾਂ ਸ੍ਰੇਸ਼ਟ ਸੁਖ ਮਿਲਦਾ ਹੈ। ਸਤਿਗੁਰੂ ਦੀ ਦੱਸੀ ਹੋਈ ਕਾਰ ਕੀਤਿਆਂ ਡਰ ਦੂਰ ਹੋ ਜਾਂਦਾ ਹੈ, ਹੇ ਨਾਨਕ! (ਜੇ ਤੂੰ ਗੁਰੂ ਵਾਲੀ 'ਕਰਣੀ' ਕਰੇਂਗਾ ਤਾਂ) ਤੂੰ ('ਭਉ' ਦਾ) ਪਾਰਲਾ ਕੰਢਾ ਲੱਭ ਲਏਂਗਾ (ਭਾਵ, 'ਭਉ'-ਸਾਗਰ ਤੋਂ ਪਾਰ ਲੰਘ ਜਾਹਿਂਗਾ) ।1। ਮਃ ੩ ॥ ਸਚੁ ਪੁਰਾਣਾ ਨਾ ਥੀਐ ਨਾਮੁ ਨ ਮੈਲਾ ਹੋਇ ॥ ਗੁਰ ਕੈ ਭਾਣੈ ਜੇ ਚਲੈ ਬਹੁੜਿ ਨ ਆਵਣੁ ਹੋਇ ॥ ਨਾਨਕ ਨਾਮਿ ਵਿਸਾਰਿਐ ਆਵਣ ਜਾਣਾ ਦੋਇ ॥੨॥ {ਪੰਨਾ 1248} ਪਦ ਅਰਥ: ਸਚੁ = ਸਦਾ ਕਾਇਮ ਰਹਿਣ ਵਾਲਾ ਪਰਮਾਤਮਾ, ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਨਾਲ ਬਣਿਆ ਪਿਆਰ। ਮੈਲਾ = ਵਿਕਾਰਾਂ ਨਾਲ ਗੰਦਾ। ਪੁਰਾਣਾ = ਕਮਜ਼ੋਰ। ਅਰਥ: (ਹੇ ਭਾਈ! ਜੇ ਮਨੁੱਖ ਸਦਾ-ਥਿਰ ਪਰਮਾਤਮਾ ਨਾਲ ਪਿਆਰ ਪਾ ਲਏ ਤਾਂ) ਪਰਮਾਤਮਾ ਨਾਲ ਬਣਿਆ ਉਹ ਪਿਆਰ ਕਦੇ ਕਮਜ਼ੋਰ ਨਹੀਂ ਹੁੰਦਾ। (ਜਿਸ ਹਿਰਦੇ ਵਿਚ) ਪਰਮਾਤਮਾ ਦਾ ਨਾਮ (ਵੱਸਦਾ ਹੈ, ਉਹ ਹਿਰਦਾ ਕਦੇ) ਵਿਕਾਰਾਂ ਨਾਲ ਗੰਦਾ ਨਹੀਂ ਹੁੰਦਾ। ਜੇ ਮਨੁੱਖ ਗੁਰੂ ਦੀ ਰਜ਼ਾ ਵਿਚ ਤੁਰੇ ਤਾਂ ਮੁੜ ਉਸ ਨੂੰ ਜਨਮ (ਮਰਨ ਦਾ ਗੇੜ) ਨਹੀਂ ਹੁੰਦਾ। ਹੇ ਨਾਨਕ! ਜੇ ਨਾਮ ਵਿਸਾਰ ਦੇਈਏ ਤਾਂ ਜਨਮ ਮਰਨ ਦੋਵੇਂ ਬਣੇ ਰਹਿੰਦੇ ਹਨ (ਭਾਵ, ਜਨਮ ਮਰਨ ਦੇ ਗੇੜ ਵਿਚ ਪਏ ਰਹੀਦਾ ਹੈ) ।2। ਪਉੜੀ ॥ ਮੰਗਤ ਜਨੁ ਜਾਚੈ ਦਾਨੁ ਹਰਿ ਦੇਹੁ ਸੁਭਾਇ ॥ ਹਰਿ ਦਰਸਨ ਕੀ ਪਿਆਸ ਹੈ ਦਰਸਨਿ ਤ੍ਰਿਪਤਾਇ ॥ ਖਿਨੁ ਪਲੁ ਘੜੀ ਨ ਜੀਵਊ ਬਿਨੁ ਦੇਖੇ ਮਰਾਂ ਮਾਇ ॥ ਸਤਿਗੁਰਿ ਨਾਲਿ ਦਿਖਾਲਿਆ ਰਵਿ ਰਹਿਆ ਸਭ ਥਾਇ ॥ ਸੁਤਿਆ ਆਪਿ ਉਠਾਲਿ ਦੇਇ ਨਾਨਕ ਲਿਵ ਲਾਇ ॥੨੯॥ {ਪੰਨਾ 1248} ਪਦ ਅਰਥ: ਮੰਗਤ ਜਨੁ = ਮੰਗਤਾ (ਮੈਂ ਮੰਗਤਾ) । ਜਾਚੈ = ਮੰਗਦਾ ਹੈ। ਦਾਨੁ = ਖ਼ੈਰ। ਹਰਿ = ਹੇ ਪ੍ਰਭੂ! ਸੁਭਾਇ = ਸ੍ਵੈ ਭਾਇ, ਆਪਣੇ ਹੁੱਬ ਨਾਲ, ਪਿਆਰ ਨਾਲ। ਦਰਸਨਿ = ਦਰਸਨ ਦੀ ਰਾਹੀਂ, ਦੀਦਾਰ ਕੀਤਿਆਂ। ਤ੍ਰਿਪਤਾਇ = ਰੱਜ ਜਾਈਦਾ ਹੈ, ਸੰਤੋਖ ਪੈਦਾ ਹੁੰਦਾ ਹੈ। ਨ ਜੀਵਊ = ਮੈਂ ਜੀਊ ਨਹੀਂ ਸਕਦਾ। ਮਾਇ = ਹੇ ਮਾਂ! ਸਤਿਗੁਰਿ = ਗੁਰੂ ਨੇ। ਸਭਿ ਥਾਇ = ਸਭ ਥਾਈਂ। ਲਿਵ ਲਾਇ = ਲਗਨ ਲਾ ਕੇ। ਉਠਾਲਿ = ਜਗਾ ਕੇ। ਅਰਥ: ਹੇ ਪ੍ਰਭੂ! ਮੈਂ ਮੰਗਤਾ ਇਕ ਖ਼ੈਰ ਮੰਗਦਾ ਹਾਂ, ਆਪਣੇ ਹੱਥ ਨਾਲ (ਉਹ ਖ਼ੈਰ) ਮੈਨੂੰ ਪਾ; ਮੈਨੂੰ, ਹੇ ਹਰੀ! ਤੇਰੇ ਦੀਦਾਰ ਦੀ ਪਿਆਸ ਹੈ, ਦੀਦਾਰ ਨਾਲ ਹੀ (ਮੇਰੇ ਅੰਦਰ) ਠੰਢ ਪੈ ਸਕਦੀ ਹੈ। ਹੇ ਮਾਂ! ਮੈਂ ਹਰੀ ਦੇ ਦਰਸਨ ਤੋਂ ਬਿਨਾ ਮਰਦਾ ਹਾਂ ਇਕ ਪਲ ਭਰ, ਘੜੀ ਭਰ ਭੀ ਜੀਊ ਨਹੀਂ ਸਕਦਾ। ਜਦੋਂ ਮੈਨੂੰ ਗੁਰੂ ਨੇ ਮੇਰਾ ਪ੍ਰਭੂ ਮੇਰੇ ਅੰਦਰ ਹੀ ਵਿਖਾ ਦਿੱਤਾ ਤਾਂ ਉਹ ਸਭ ਥਾਈਂ ਵਿਆਪਕ ਦਿੱਸਣ ਲੱਗ ਪਿਆ। ਹੇ ਨਾਨਕ! (ਆਪਣੇ ਨਾਮ ਦੀ) ਲਗਨ ਲਾ ਕੇ ਉਹ ਆਪ ਹੀ (ਮਾਇਆ ਵਿਚ) ਸੁੱਤਿਆਂ ਨੂੰ ਜਗਾ ਕੇ (ਨਾਮ ਦੀ ਦਾਤਿ) ਦੇਂਦਾ ਹੈ। 29। ਸਲੋਕ ਮਃ ੩ ॥ ਮਨਮੁਖ ਬੋਲਿ ਨ ਜਾਣਨ੍ਹ੍ਹੀ ਓਨਾ ਅੰਦਰਿ ਕਾਮੁ ਕ੍ਰੋਧੁ ਅਹੰਕਾਰੁ ॥ ਥਾਉ ਕੁਥਾਉ ਨ ਜਾਣਨੀ ਸਦਾ ਚਿਤਵਹਿ ਬਿਕਾਰ ॥ ਦਰਗਹ ਲੇਖਾ ਮੰਗੀਐ ਓਥੈ ਹੋਹਿ ਕੂੜਿਆਰ ॥ ਆਪੇ ਸ੍ਰਿਸਟਿ ਉਪਾਈਅਨੁ ਆਪਿ ਕਰੇ ਬੀਚਾਰੁ ॥ ਨਾਨਕ ਕਿਸ ਨੋ ਆਖੀਐ ਸਭੁ ਵਰਤੈ ਆਪਿ ਸਚਿਆਰੁ ॥੧॥ {ਪੰਨਾ 1248} ਪਦ ਅਰਥ: ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ। ਕੁਥਾਉ = ਮੰਦਾ ਥਾਂ। ਓਨ੍ਹ੍ਹਾ, ਜਾਣਨ੍ਹ੍ਹੀ = (ਅੱਖਰ 'ਨ' ਦੇ ਨਾਲ ਅੱਧਾ 'ਹ' ਹੈ) । ਚਿਤਵਹਿ = ਸੋਚਦੇ ਹਨ। ਦਰਗਹ = ਪ੍ਰਭੂ ਦੀ ਹਜ਼ੂਰੀ ਵਿਚ। ਉਪਾਈਅਨੁ = ਉਪਾਈ ਹੈ ਉਸ ਪ੍ਰਭੂ ਨੇ। ਕਿਸ ਨੋ ਆਖੀਐ = ਕਿਸੇ ਨੂੰ ਭੀ ਮੰਦਾ ਨਹੀਂ ਆਖਿਆ ਜਾ ਸਕਦਾ। ਸਭੁ = ਹਰ ਥਾਂ। ਵਰਤੈ = ਮੌਜੂਦ ਹੈ। ਹੋਹਿ = ਹੁੰਦੇ ਹਨ। ਹੋਹਿ ਕੂੜਿਆਰ = ਨਾਸਵੰਤ ਪਦਾਰਥਾਂ ਦੇ ਵਪਾਰੀ ਹੀ ਸਾਬਤ ਹੁੰਦੇ ਹਨ। ਸਚਿਆਰੁ = ਸੱਚ ਦਾ ਸੋਮਾ ਪ੍ਰਭੂ। ਅਰਥ: ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ ਢੁੱਕਵੀਂ ਗੱਲ ਕਰਨੀ ਭੀ ਨਹੀਂ ਜਾਣਦੇ ਕਿਉਂਕਿ ਉਹਨਾਂ ਦੇ ਮਨ ਵਿਚ ਕਾਮ ਕ੍ਰੋਧ ਤੇ ਅਹੰਕਾਰ (ਪ੍ਰਬਲ) ਹੁੰਦਾ ਹੈ; ਉਹ ਸਦਾ ਭੈੜੀਆਂ ਗੱਲਾਂ ਹੀ ਸੋਚਦੇ ਹਨ, ਥਾਂ ਕੁਥਾਂ ਭੀ ਨਹੀਂ ਸਮਝਦੇ (ਭਾਵ, ਇਹ ਸਮਝ ਭੀ ਉਹਨਾਂ ਨੂੰ ਨਹੀਂ ਹੁੰਦੀ ਕਿ ਇਹ ਕੰਮ ਇਥੇ ਕਰਨਾ ਫਬਦਾ ਭੀ ਹੈ ਜਾਂ ਨਹੀਂ) ; ਜਦੋਂ ਪ੍ਰਭੂ ਦੀ ਹਜ਼ੂਰੀ ਵਿਚ ਕੀਤੇ ਕਰਮਾਂ ਦਾ ਹਿਸਾਬ ਪੁੱਛੀਦਾ ਹੈ ਤਾਂ ਓਥੇ ਉਹ ਝੂਠੇ ਪੈਂਦੇ ਹਨ। ਪਰ, ਹੇ ਨਾਨਕ! ਉਸ ਪ੍ਰਭੂ ਨੇ ਆਪ ਹੀ ਸਾਰੀ ਸ੍ਰਿਸ਼ਟੀ ਪੈਦਾ ਕੀਤੀ ਹੈ, (ਸਭ ਵਿਚ ਵਿਆਪਕ ਹੋ ਕੇ) ਉਹ ਆਪ (ਹੀ) ਹਰੇਕ ਵਿਚਾਰ ਕਰ ਰਿਹਾ ਹੈ, ਸਭ ਥਾਈਂ ਉਹ ਸੱਚ ਦਾ ਸੋਮਾ ਪ੍ਰਭੂ ਆਪ (ਹੀ) ਮੌਜੂਦ ਹੈ, ਸੋ ਕਿਸੇ (ਮਨਮੁਖ) ਨੂੰ (ਭੀ ਮੰਦਾ) ਨਹੀਂ ਆਖਿਆ ਜਾ ਸਕਦਾ।1। ਮਃ ੩ ॥ ਹਰਿ ਗੁਰਮੁਖਿ ਤਿਨ੍ਹ੍ਹੀ ਅਰਾਧਿਆ ਜਿਨ੍ਹ੍ਹ ਕਰਮਿ ਪਰਾਪਤਿ ਹੋਇ ॥ ਨਾਨਕ ਹਉ ਬਲਿਹਾਰੀ ਤਿਨ੍ਹ੍ਹ ਕਉ ਜਿਨ੍ਹ੍ਹ ਹਰਿ ਮਨਿ ਵਸਿਆ ਸੋਇ ॥੨॥ {ਪੰਨਾ 1248} ਪਦ ਅਰਥ: ਗੁਰਮੁਖਿ = ਉਹ ਬੰਦੇ ਜੋ ਗੁਰੂ ਦੇ ਸਨਮੁਖ ਰਹਿੰਦੇ ਹਨ। ਕਰਮਿ = (ਪ੍ਰਭੂ ਦੀ) ਮਿਹਰ ਨਾਲ। ਪਰਾਪਤਿ ਹੋਇ = ਮਿਲਿਆ ਹੁੰਦਾ ਹੈ, ਭਾਗਾਂ ਵਿਚ ਲਿਖਿਆ ਹੁੰਦਾ ਹੈ। ਹਉ ਬਲਿਹਾਰੀ = ਮੈਂ ਸਦਕੇ। ਮਨਿ = ਮਨ ਵਿਚ। ਸੋਇ ਹਰਿ = ਉਹ ਪ੍ਰਭੂ। ਅਰਥ: ਗੁਰੂ ਦੇ ਸਨਮੁਖ ਰਹਿ ਕੇ ਉਹਨਾਂ ਮਨੁੱਖਾਂ ਨੇ ਪ੍ਰਭੂ ਨੂੰ ਸਿਮਰਿਆ ਹੈ ਜਿਨ੍ਹਾਂ ਦੇ ਭਾਗਾਂ ਵਿਚ ਪ੍ਰਭੂ ਦੀ ਮਿਹਰ ਨਾਲ 'ਸਿਮਰਨ' ਲਿਖਿਆ ਹੋਇਆ ਹੈ। ਹੇ ਨਾਨਕ! (ਆਖ-) ਮੈਂ ਉਹਨਾਂ ਬੰਦਿਆਂ ਤੋਂ ਸਦਕੇ ਹਾਂ, ਜਿਨ੍ਹਾਂ ਦੇ ਮਨ ਵਿਚ ਉਹ ਪ੍ਰਭੂ ਵੱਸਦਾ ਹੈ।2। ਪਉੜੀ ॥ ਆਸ ਕਰੇ ਸਭੁ ਲੋਕੁ ਬਹੁ ਜੀਵਣੁ ਜਾਣਿਆ ॥ ਨਿਤ ਜੀਵਣ ਕਉ ਚਿਤੁ ਗੜ੍ਹ੍ਹ ਮੰਡਪ ਸਵਾਰਿਆ ॥ ਵਲਵੰਚ ਕਰਿ ਉਪਾਵ ਮਾਇਆ ਹਿਰਿ ਆਣਿਆ ॥ ਜਮਕਾਲੁ ਨਿਹਾਲੇ ਸਾਸ ਆਵ ਘਟੈ ਬੇਤਾਲਿਆ ॥ ਨਾਨਕ ਗੁਰ ਸਰਣਾਈ ਉਬਰੇ ਹਰਿ ਗੁਰ ਰਖਵਾਲਿਆ ॥੩੦॥ {ਪੰਨਾ 1248} ਪਦ ਅਰਥ: ਸਭੁ ਲੋਕੁ = ਸਾਰਾ ਜਗਤ। ਬਹੁ ਜੀਵਨ = ਲੰਮੀ ਉਮਰ। ਜਾਣਿਆ = ਜਾਣ ਕੇ, ਸਮਝ ਕੇ। ਗੜ੍ਹ੍ਹ = ਕਿਲ੍ਹੇ। ਵਲਵੰਚ = ਠੱਗੀਆਂ। ਉਪਾਵ = ਹੀਲੇ। ਹਿਰਿ = ਚੁਰਾ ਕੇ। ਆਣਿਆ = ਲਿਆਉਂਦਾ ਹੈ। ਨਿਹਾਲੇ = ਤੱਕਦਾ ਹੈ, ਗਹੁ ਨਾਲ ਵੇਖਦਾ ਹੈ, ਗਿਣਦਾ ਹੈ। ਆਵ = ਉਮਰ। ਬੇਤਾਲਿਆ = ਭੂਤਨੇ ਜਿਹੇ ਮਨੁੱਖ ਦੀ, ਸਹੀ ਜੀਵਨ-ਤੋਰ ਤੋਂ ਖੁੰਝੇ ਮਨੁੱਖ ਦੀ। ਸਾਸ = ਸਾਹ (ਬਹੁ-ਵਚਨ) । ਜੀਵਨ ਕਉ = ਜੀਊਣ ਵਾਸਤੇ। ਚਿਤੁ = ਦਿਲ, ਤਾਂਘ। ਅਰਥ: ਲੰਮੀ ਜ਼ਿੰਦਗੀ ਸਮਝ ਕੇ ਸਾਰਾ ਜਗ (ਭਾਵ, ਹਰੇਕ ਦੁਨੀਆਦਾਰ ਮਨੁੱਖ) ਆਸਾਂ ਬਣਾਂਦਾ ਹੈ, ਸਦਾ ਜੀਊਣ ਦੀ ਤਾਂਘ (ਰੱਖਦਾ ਹੈ ਤੇ) ਕਿਲ੍ਹੇ ਮਾੜੀਆਂ ਆਦਿਕ ਸਜਾਂਦਾ (ਰਹਿੰਦਾ) ਹੈ, ਠੱਗੀਆਂ ਤੇ ਹੋਰ ਕਈ ਹੀਲੇ ਕਰ ਕੇ (ਦੂਜਿਆਂ ਦਾ) ਮਾਲ ਠੱਗ ਕੇ ਲੈ ਆਉਂਦਾ ਹੈ, (ਉੱਤੇ) ਜਮਰਾਜ (ਇਸ ਦੇ) ਸਾਹ ਗਿਣਦਾ ਜਾ ਰਿਹਾ ਹੈ, ਜੀਵਨ-ਤਾਲ ਤੋਂ ਖੁੰਝੇ ਹੋਏ ਇਸ ਮਨੁੱਖ ਦੀ ਉਮਰ ਘਟਦੀ ਚਲੀ ਜਾ ਰਹੀ ਹੈ। ਹੇ ਨਾਨਕ! (ਆਸਾਂ ਦੇ ਇਸ ਲੰਮੇ ਜਾਲ ਵਿਚੋਂ) ਉਹੀ ਬਚਦੇ ਹਨ ਜੋ ਗੁਰੂ ਦੀ ਸਰਨ ਪੈਂਦੇ ਹਨ ਜਿਨ੍ਹਾਂ ਦਾ ਰਾਖਾ ਗੁਰੂ ਅਕਾਲ ਪੁਰਖ ਆਪ ਬਣਦਾ ਹੈ। 30। |
Sri Guru Granth Darpan, by Professor Sahib Singh |