ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 1249 ਸਲੋਕ ਮਃ ੩ ॥ ਪੜਿ ਪੜਿ ਪੰਡਿਤ ਵਾਦੁ ਵਖਾਣਦੇ ਮਾਇਆ ਮੋਹ ਸੁਆਇ ॥ ਦੂਜੈ ਭਾਇ ਨਾਮੁ ਵਿਸਾਰਿਆ ਮਨ ਮੂਰਖ ਮਿਲੈ ਸਜਾਇ ॥ ਜਿਨ੍ਹ੍ਹਿ ਕੀਤੇ ਤਿਸੈ ਨ ਸੇਵਨ੍ਹ੍ਹੀ ਦੇਦਾ ਰਿਜਕੁ ਸਮਾਇ ॥ ਜਮ ਕਾ ਫਾਹਾ ਗਲਹੁ ਨ ਕਟੀਐ ਫਿਰਿ ਫਿਰਿ ਆਵਹਿ ਜਾਇ ॥ ਜਿਨ ਕਉ ਪੂਰਬਿ ਲਿਖਿਆ ਸਤਿਗੁਰੁ ਮਿਲਿਆ ਤਿਨ ਆਇ ॥ ਅਨਦਿਨੁ ਨਾਮੁ ਧਿਆਇਦੇ ਨਾਨਕ ਸਚਿ ਸਮਾਇ ॥੧॥ {ਪੰਨਾ 1249} ਪਦ ਅਰਥ: ਵਾਦੁ = ਬਹਿਸ, ਝਗੜਾ, ਚਰਚਾ। ਸੁਆਇ = ਸੁਆਦ ਵਿਚ। ਸਜਾਇ = ਦੰਡ। ਜਿਨ੍ਹ੍ਹਿ = ਜਿਸ (ਪ੍ਰਭੂ) ਨੇ। ਸਮਾਇ ਦੇਦਾ = ਅਪੜਾਂਦਾ ਹੈ (=ਸੰਬਾਹਿ) । ਜਾਇ = ਜਨਮ ਲੈ ਕੇ। ਆਵਹਿ ਜਾਇ = ਜਨਮ ਲੈ ਕੇ ਆਉਂਦੇ ਹਨ। ਸਚਿ = ਸੱਚ ਵਿਚ, ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਵਿਚ। ਗਲਹੁ = ਗਲ ਤੋਂ। ਅਰਥ: ਪੰਡਿਤ (ਧਰਮ-ਪੁਸਤਕਾਂ) ਪੜ੍ਹ ਪੜ੍ਹ ਕੇ (ਨਿਰੀ) ਚਰਚਾ ਹੀ ਕਰਦੇ ਹਨ ਤੇ ਮਾਇਆ ਦੇ ਮੋਹ ਦੇ ਚਸਕੇ ਵਿਚ (ਫਸੇ ਰਹਿੰਦੇ ਹਨ; ਮਾਇਆ ਦੇ ਪਿਆਰ ਵਿਚ) ਪ੍ਰਭੂ ਦਾ ਨਾਮ ਭੁਲਾਈ ਰੱਖਦੇ ਹਨ (ਇਸ ਵਾਸਤੇ) ਮੂਰਖ ਮਨ ਨੂੰ ਸਜ਼ਾ ਮਿਲਦੀ ਹੈ; ਜਿਸ (ਪ੍ਰਭੂ) ਨੇ ਪੈਦਾ ਕੀਤਾ ਹੈ ਜੋ (ਸਦਾ) ਰਿਜ਼ਕ ਅਪੜਾਂਦਾ ਹੈ ਉਸ ਨੂੰ ਯਾਦ ਨਹੀਂ ਕਰਦੇ, (ਇਸ ਕਾਰਨ) ਉਹਨਾਂ ਦੇ ਗਲੋਂ ਜਮਾਂ ਦੀ ਫਾਹੀ ਕੱਟੀ ਨਹੀਂ ਜਾਂਦੀ, ਉਹ (ਜਗਤ ਵਿਚ) ਮੁੜ ਮੁੜ ਜੰਮਦੇ (ਮਰਦੇ) ਹਨ। ਜਿਨ੍ਹਾਂ ਦੇ ਭਾਗਾਂ ਵਿਚ ਧੁਰੋਂ (ਸਿਮਰਨ ਦਾ ਲੇਖ) ਲਿਖਿਆ ਹੋਇਆ ਹੈ ਉਹਨਾਂ ਨੂੰ ਗੁਰੂ ਆ ਮਿਲਦਾ ਹੈ, ਹੇ ਨਾਨਕ! ਉਹ ਸਦਾ-ਥਿਰ ਪ੍ਰਭੂ ਵਿਚ ਲੀਨ ਰਹਿ ਕੇ ਹਰ ਰੋਜ਼ ਨਾਮ ਸਿਮਰਦੇ ਹਨ।1। ਮਃ ੩ ॥ ਸਚੁ ਵਣਜਹਿ ਸਚੁ ਸੇਵਦੇ ਜਿ ਗੁਰਮੁਖਿ ਪੈਰੀ ਪਾਹਿ ॥ ਨਾਨਕ ਗੁਰ ਕੈ ਭਾਣੈ ਜੇ ਚਲਹਿ ਸਹਜੇ ਸਚਿ ਸਮਾਹਿ ॥੨॥ {ਪੰਨਾ 1249} ਪਦ ਅਰਥ: ਗੁਰਮੁਖਿ = ਗੁਰੂ ਦੇ ਸਨਮੁਖ ਰਹਿ ਕੇ। ਸਚਿ = ਸੱਚ ਵਿਚ, ਸਦਾ-ਥਿਰ ਪ੍ਰਭੂ ਵਿਚ। ਸਚੁ = ਸਦਾ ਕਾਇਮ ਰਹਿਣ ਵਾਲੇ ਦਾ ਨਾਮ। ਵਣਜਹਿ = ਵਿਹਾਝਦੇ ਹਨ। ਸਹਜੇ = ਆਤਮਕ ਅਡਲੋਤਾ ਵਿਚ ਟਿਕ ਕੇ। ਅਰਥ: ਜਿਹੜੇ ਮਨੁੱਖ ਗੁਰੂ ਦੀ ਸਰਨ ਪੈ ਕੇ (ਗੁਰੂ ਦੀ) ਚਰਨੀਂ ਲੱਗਦੇ ਹਨ, ਉਹ ਪ੍ਰਭੂ ਦਾ ਨਾਮ ਵਿਹਾਝਦੇ ਹਨ, ਨਾਮ ਸਿਮਰਦੇ ਹਨ। ਹੇ ਨਾਨਕ! ਜੋ ਗੁਰੂ ਦੇ ਹੁਕਮ ਵਿਚ ਤੁਰਦੇ ਹਨ, ਉਹ ਆਤਮਕ ਅਡੋਲਤਾ ਵਿਚ ਟਿਕ ਕੇ ਸੱਚੇ ਨਾਮ ਵਿਚ ਲੀਨ ਹੋ ਜਾਂਦੇ ਹਨ। (ਨੋਟ: ਉਪਰਲੇ 'ਸਮਾਇ' ਤੇ ਏਥੇ 'ਸਮਾਹਿ' = ਦੋਹਾਂ ਦਾ ਫ਼ਰਕ ਚੇਤੇ ਰੱਖਣ-ਜੋਗ ਹੈ) । ਪਉੜੀ ॥ ਆਸਾ ਵਿਚਿ ਅਤਿ ਦੁਖੁ ਘਣਾ ਮਨਮੁਖਿ ਚਿਤੁ ਲਾਇਆ ॥ ਗੁਰਮੁਖਿ ਭਏ ਨਿਰਾਸ ਪਰਮ ਸੁਖੁ ਪਾਇਆ ॥ ਵਿਚੇ ਗਿਰਹ ਉਦਾਸ ਅਲਿਪਤ ਲਿਵ ਲਾਇਆ ॥ ਓਨਾ ਸੋਗੁ ਵਿਜੋਗੁ ਨ ਵਿਆਪਈ ਹਰਿ ਭਾਣਾ ਭਾਇਆ ॥ ਨਾਨਕ ਹਰਿ ਸੇਤੀ ਸਦਾ ਰਵਿ ਰਹੇ ਧੁਰਿ ਲਏ ਮਿਲਾਇਆ ॥੩੧॥ {ਪੰਨਾ 1249} ਪਦ ਅਰਥ: ਅਤਿ ਘਣਾ = ਬਹੁਤ ਵਧੀਕ। ਮਨਮੁਖਿ = ਮਨ ਦਾ ਮੁਰੀਦ ਮਨੁੱਖ, ਆਪਣੇ ਮਨ ਦੇ ਪਿਛੇ ਤੁਰਨ ਵਾਲਾ ਮਨੁੱਖ। ਨਿਰਾਸ = (ਨਿਰ+ਆਸ) ਆਸਾਂ ਤੋਂ ਨਿਰਾਲੇ। ਪਰਮ = ਸਭ ਤੋਂ ਉੱਚਾ। ਗਿਰਹ = ਘਰ, ਗ੍ਰਿਹਸਤ। ਵਿਚੇ = ਵਿਚ ਹੀ। ਅਲਿਪਤ = (ਅ+ਲਿਪਤ) ਜੋ ਲਿਪੇ ਨਹੀਂ ਜਾਂਦੇ, ਜਿਨ੍ਹਾਂ ਉਤੇ ਅਸਰ ਨਹੀਂ ਹੁੰਦਾ, ਨਿਰਾਲੇ, ਅਛੋਹ। ਓਨ੍ਹ੍ਹਾ = (ਅੱਖਰ 'ਨ' ਦੇ ਹੇਠ ਅੱਧਾ 'ਹ' ਹੈ) । ਸੋਗੁ = ਅਫ਼ਸੋਸ, ਚਿੰਤਾ। ਵਿਜੋਗੁ = ਵਿਛੋੜਾ। ਨ ਵਿਆਪਈ = ਨਾਹ ਵਿਆਪੇ, ਦਬਾਅ ਨਹੀਂ ਪਾਂਦਾ। ਭਾਣਾ = ਰਜ਼ਾ। ਭਾਇਆ = ਚੰਗਾ ਲੱਗਦਾ ਹੈ। ਰਵਿ ਰਹੇ = ਰਲੇ-ਮਿਲੇ ਰਹਿੰਦੇ ਹਨ। ਧੁਰਿ = ਧੁਰੋਂ, ਹਜ਼ੂਰੀ ਤੋਂ। ਸੇਤੀ = ਨਾਲ। ਅਰਥ: ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਆਸਾਂ ਵਿਚ ਚਿੱਤ ਜੋੜਦਾ ਹੈ (ਭਾਵ, ਆਸਾਂ ਬਣਾਂਦਾ ਰਹਿੰਦਾ ਹੈ, ਪਰ) ਆਸਾਂ (ਚਿਤਵਨ) ਵਿਚ ਬਹੁਤ ਵਧੀਕ ਦੁੱਖ ਹੁੰਦਾ ਹੈ। ਜੋ ਮਨੁੱਖ ਗੁਰੂ ਦੇ ਦੱਸੇ ਰਾਹ ਉਤੇ ਤੁਰਦੇ ਹਨ ਉਹ ਆਸਾਂ ਨਹੀਂ ਚਿਤਵਦੇ, ਇਸ ਵਾਸਤੇ ਉਹਨਾਂ ਨੂੰ ਬਹੁਤ ਉੱਚਾ ਸੁਖ ਮਿਲਦਾ ਹੈ; ਉਹ ਗ੍ਰਿਹਸਤ ਵਿਚ ਰਹਿੰਦੇ ਹੋਏ ਹੀ (ਪ੍ਰਭੂ-ਚਰਨਾਂ ਵਿਚ) ਸੁਰਤਿ ਜੋੜਦੇ ਹਨ ਤੇ ਆਸਾਂ ਤੋਂ ਉਤਾਂਹ ਰਹਿੰਦੇ ਹਨ, ਉਹਨਾਂ ਉੱਤੇ ਮਾਇਆ ਦਾ ਪ੍ਰਭਾਵ ਨਹੀਂ ਪੈਂਦਾ, ਸੋ, ਉਹਨਾਂ ਨੂੰ (ਮਾਇਆ ਦਾ) ਵਿਛੋੜਾ ਨਹੀਂ ਪੋਂਹਦਾ ਤੇ ਨਾਹ ਹੀ (ਇਸ ਵਿਛੋੜੇ ਤੋਂ ਪੈਦਾ ਹੋਣ ਵਾਲਾ) ਅਫ਼ਸੋਸ ਆ ਕੇ ਦਬਾਅ ਪਾਂਦਾ ਹੈ, ਉਹਨਾਂ ਨੂੰ ਪ੍ਰਭੂ ਦੀ ਰਜ਼ਾ ਚੰਗੀ ਲੱਗਦੀ ਹੈ; ਹੇ ਨਾਨਕ! ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਪਰਮਾਤਮਾ ਨਾਲ ਰਲੇ-ਮਿਲੇ ਰਹਿੰਦੇ ਹਨ, ਉਹਨਾਂ ਨੂੰ ਧੁਰੋਂ ਹੀ ਪ੍ਰਭੂ ਨੇ ਆਪਣੇ ਨਾਲ ਮਿਲਾ ਲਿਆ ਹੁੰਦਾ ਹੈ। 31। ਸਲੋਕ ਮਃ ੩ ॥ ਪਰਾਈ ਅਮਾਣ ਕਿਉ ਰਖੀਐ ਦਿਤੀ ਹੀ ਸੁਖੁ ਹੋਇ ॥ ਗੁਰ ਕਾ ਸਬਦੁ ਗੁਰ ਥੈ ਟਿਕੈ ਹੋਰ ਥੈ ਪਰਗਟੁ ਨ ਹੋਇ ॥ ਅੰਨ੍ਹ੍ਹੇ ਵਸਿ ਮਾਣਕੁ ਪਇਆ ਘਰਿ ਘਰਿ ਵੇਚਣ ਜਾਇ ॥ ਓਨਾ ਪਰਖ ਨ ਆਵਈ ਅਢੁ ਨ ਪਲੈ ਪਾਇ ॥ ਜੇ ਆਪਿ ਪਰਖ ਨ ਆਵਈ ਤਾਂ ਪਾਰਖੀਆ ਥਾਵਹੁ ਲਇਓੁ ਪਰਖਾਇ ॥ ਜੇ ਓਸੁ ਨਾਲਿ ਚਿਤੁ ਲਾਏ ਤਾਂ ਵਥੁ ਲਹੈ ਨਉ ਨਿਧਿ ਪਲੈ ਪਾਇ ॥ ਘਰਿ ਹੋਦੈ ਧਨਿ ਜਗੁ ਭੁਖਾ ਮੁਆ ਬਿਨੁ ਸਤਿਗੁਰ ਸੋਝੀ ਨ ਹੋਇ ॥ ਸਬਦੁ ਸੀਤਲੁ ਮਨਿ ਤਨਿ ਵਸੈ ਤਿਥੈ ਸੋਗੁ ਵਿਜੋਗੁ ਨ ਕੋਇ ॥ ਵਸਤੁ ਪਰਾਈ ਆਪਿ ਗਰਬੁ ਕਰੇ ਮੂਰਖੁ ਆਪੁ ਗਣਾਏ ॥ ਨਾਨਕ ਬਿਨੁ ਬੂਝੇ ਕਿਨੈ ਨ ਪਾਇਓ ਫਿਰਿ ਫਿਰਿ ਆਵੈ ਜਾਏ ॥੧॥ {ਪੰਨਾ 1249} ਨੋਟ: ਇਸ ਸ਼ਲੋਕ ਦੀ ਦੂਜੀ ਤੁਕ ਤੋਂ ਜਾਪਦਾ ਹੈ ਕਿ ਗੁਰੂ ਅਮਰਦਾਸ ਜੀ ਨੇ ਇਹ ਗੁਰੂ ਰਾਮਦਾਸ ਜੀ ਨੂੰ ਗੁਰਿਆਈ ਦੇਣ ਵੇਲੇ ਸੰਨ 1574 (1574 A.D.) ਵਿਚ ਲਿਖਿਆ ਸੀ। ਪਦ ਅਰਥ: ਅਮਾਣ = ਅਮਾਨਤ। ਗੁਰ ਥੈ = ਗੁਰੂ ਵਿਚ। ਹੋਰਥੈ = ਕਿਸੇ ਹੋਰ ਦੇ ਅੰਦਰ। ਮਾਣਕੁ = ਮੋਤੀ। ਪਰਖ = ਸਾਰ, ਕਦਰ। ਅਢੁ = ਅੱਧੀ ਕੌਡੀ। ਪਲੈ ਨ ਪਾਇ = ਨਹੀਂ ਮਿਲਦੀ। ਥਾਵਹੁ = ਤੋਂ, ਪਾਸੋਂ। ਪਰਖਾਇ ਲਇਓੁ = ਕੋਈ ਧਿਰ ਬੇਸ਼ਕ ਮੁੱਲ ਪਵਾ ਲਏ (ਲਇਉ = ਹੁਕਮੀ ਭਵਿੱਖਤ, ਅੱਨ ਪੁਰਖ, ਇਕ-ਵਚਨ, Imperative mood, Third Person. Singular Number) । ਵਥੁ = ਨਾਮ-ਵਸਤੁ, ਨਾਮ-ਸੇਤੀ। ਨਉ ਨਿਧਿ = ਨੌ ਖ਼ਜ਼ਾਨੇ। ਤਿਥੈ = ਉਸ ਮਨ ਤਨ ਵਿਚ। ਗਰਬੁ = ਅਹੰਕਾਰ। ਆਪੁ ਗਣਾਏ = ਆਪਣੇ ਆਪ ਨੂੰ ਚੰਗਾ ਜਾਣਦਾ ਹੈ। ਪਾਇਓ = ('ਲਇਓੁ' ਅਤੇ 'ਪਾਇਓ' ਵਿਚ ਫ਼ਰਕ ਚੇਤੇ ਰੱਖਣ ਵਾਲਾ ਹੈ) । ਘਰਿ ਘਰਿ = ਹਰੇਕ ਘਰ ਵਿਚ। ਅਰਥ: ਬਿਗਾਨੀ ਅਮਾਨਤ ਸਾਂਭ ਨਹੀਂ ਲੈਣੀ ਚਾਹੀਦੀ, ਇਸ ਦੇ ਦਿੱਤਿਆਂ ਹੀ ਸੁਖ ਮਿਲਦਾ ਹੈ; ਸਤਿਗੁਰੂ ਦਾ ਸ਼ਬਦ ਸਤਿਗੁਰੂ ਵਿਚ ਹੀ ਟਿਕ ਸਕਦਾ ਹੈ, ਕਿਸੇ ਹੋਰ ਦੇ ਅੰਦਰ (ਪੂਰੇ ਜੋਬਨ ਵਿਚ) ਨਹੀਂ ਚਮਕਦਾ; (ਕਿਉਂਕਿ) ਜੇ ਇਕ ਮੋਤੀ ਕਿਸੇ ਅੰਨ੍ਹੇ ਨੂੰ ਮਿਲ ਜਾਏ ਤਾਂ ਉਹ ਉਸ ਨੂੰ ਵੇਚਣ ਲਈ ਘਰ ਘਰ ਫਿਰਦਾ ਹੈ; ਅੱਗੋਂ ਉਹਨਾਂ ਲੋਕਾਂ ਨੂੰ ਉਸ ਮੋਤੀ ਦੀ ਕਦਰ ਨਹੀਂ ਹੁੰਦੀ, (ਇਸ ਲਈ ਇਸ ਅੰਨ੍ਹੇ ਨੂੰ) ਅੱਧੀ ਕੌਡੀ ਭੀ ਨਹੀਂ ਮਿਲਦੀ। ਮੋਤੀ ਦੀ ਕਦਰ ਜੇ ਆਪ ਕਰਨੀ ਨਾਹ ਆਉਂਦੀ ਹੋਵੇ, ਤਾਂ ਬੇਸ਼ੱਕ ਕੋਈ ਧਿਰ ਕਿਸੇ ਪਰਖ ਵਾਲੇ ਪਾਸੋਂ ਮੁੱਲ ਪਵਾ ਵੇਖੇ। ਉਸ ਪਰਖ ਜਾਣਨ ਵਾਲੇ ਨਾਲ ਪ੍ਰੇਮ ਲਾਇਆਂ ਉਹ ਨਾਮ-ਮੋਤੀ ਮਿਲਿਆ ਰਹਿੰਦਾ ਹੈ (ਭਾਵ, ਹੱਥੋਂ ਅਜਾਈਂ ਨਹੀਂ ਜਾਂਦਾ) ਤੇ (ਮਾਨੋ) ਨੌ ਖ਼ਜ਼ਾਨੇ ਪ੍ਰਾਪਤ ਹੋ ਜਾਂਦੇ ਹਨ। (ਹਿਰਦੇ-) ਘਰ ਵਿਚ (ਨਾਮ-) ਧਨ ਹੁੰਦਿਆਂ ਭੀ ਜਗਤ ਭੁੱਖਾ (ਭਾਵ, ਤ੍ਰਿਸ਼ਨਾ ਦਾ ਮਾਰਿਆ) ਮਰ ਰਿਹਾ ਹੈ, ਇਹ ਸਮਝ ਗੁਰੂ ਤੋਂ ਬਿਨਾ ਨਹੀਂ ਆਉਂਦੀ; ਜਿਸ ਦੇ ਮਨ ਵਿਚ ਤੇ ਤਨ ਵਿਚ ਠੰਢ ਪਾਣ ਵਾਲਾ ਸ਼ਬਦ ਵੱਸਦਾ ਹੈ ਉਸ ਨੂੰ (ਪ੍ਰਭੂ ਨਾਲੋਂ) ਵਿਛੋੜਾ ਨਹੀਂ ਹੁੰਦਾ ਤੇ ਨਾਹ ਹੀ ਸੋਗ ਵਾਪਰਦਾ ਹੈ। (ਪਰ ਇਹ ਨਾਮ-) ਵਸਤ ਮੂਰਖ ਦੇ ਭਾ ਦੀ ਬਿਗਾਨੀ ਰਹਿੰਦੀ ਹੈ (ਭਾਵ, ਮੂਰਖ ਦੇ ਹਿਰਦੇ ਵਿਚ ਨਹੀਂ ਵੱਸਦੀ) ਉਹ ਅਹੰਕਾਰ ਕਰਦਾ ਹੈ ਤੇ ਆਪਣੇ ਆਪ ਨੂੰ ਵੱਡਾ ਜਤਾਂਦਾ ਹੈ। ਹੇ ਨਾਨਕ! ਜਦ ਤਕ (ਗੁਰ-ਸ਼ਬਦ ਦੀ ਰਾਹੀਂ) ਸਮਝ ਨਹੀਂ ਪੈਂਦੀ ਤਦ ਤਕ ਕਿਸੇ ਨੇ (ਇਹ ਨਾਮ-ਧਨ ਪ੍ਰਾਪਤ ਨਹੀਂ ਕੀਤਾ (ਤੇ ਇਸ ਨਾਮ-ਧਨ ਤੋਂ ਬਿਨਾ ਜੀਵ) ਮੁੜ ਮੁੜ ਜੰਮਦਾ ਮਰਦਾ ਰਹਿੰਦਾ ਹੈ।1। ਮਃ ੩ ॥ ਮਨਿ ਅਨਦੁ ਭਇਆ ਮਿਲਿਆ ਹਰਿ ਪ੍ਰੀਤਮੁ ਸਰਸੇ ਸਜਣ ਸੰਤ ਪਿਆਰੇ ॥ ਜੋ ਧੁਰਿ ਮਿਲੇ ਨ ਵਿਛੁੜਹਿ ਕਬਹੂ ਜਿ ਆਪਿ ਮੇਲੇ ਕਰਤਾਰੇ ॥ ਅੰਤਰਿ ਸਬਦੁ ਰਵਿਆ ਗੁਰੁ ਪਾਇਆ ਸਗਲੇ ਦੂਖ ਨਿਵਾਰੇ ॥ ਹਰਿ ਸੁਖਦਾਤਾ ਸਦਾ ਸਲਾਹੀ ਅੰਤਰਿ ਰਖਾਂ ਉਰ ਧਾਰੇ ॥ ਮਨਮੁਖੁ ਤਿਨ ਕੀ ਬਖੀਲੀ ਕਿ ਕਰੇ ਜਿ ਸਚੈ ਸਬਦਿ ਸਵਾਰੇ ॥ ਓਨਾ ਦੀ ਆਪਿ ਪਤਿ ਰਖਸੀ ਮੇਰਾ ਪਿਆਰਾ ਸਰਣਾਗਤਿ ਪਏ ਗੁਰ ਦੁਆਰੇ ॥ ਨਾਨਕ ਗੁਰਮੁਖਿ ਸੇ ਸੁਹੇਲੇ ਭਏ ਮੁਖ ਊਜਲ ਦਰਬਾਰੇ ॥੨॥ {ਪੰਨਾ 1249} ਪਦ ਅਰਥ: ਮਨਿ = ਮਨ ਵਿਚ। ਸਰਸੇ = ਸ+ਰਸੇ, ਖਿੜ ਪਏ, ਪ੍ਰਸੰਨ ਹੋ ਗਏ। ਸਜਨ = ਗੁਰਮੁਖ। ਧੁਰਿ = ਧੁਰ ਤੋਂ, ਮੁੱਢ ਤੋਂ। ਜਿ = ਜਿਨ੍ਹਾਂ ਨੂੰ। ਰਵਿਆ = ਪਰਗਟ ਹੋਇਆ, ਵੱਸਿਆ। ਨਿਵਾਰੇ = ਦੂਰ ਕੀਤੇ। ਅੰਤਰਿ ਉਰਧਾਰੇ = ਹਿਰਦੇ ਵਿਚ ਧਾਰ ਕੇ। ਬਖੀਲੀ = ਚੁਗਲ਼ੀ। ਸਚੈ = ਸੱਚੇ ਪ੍ਰਭੂ ਨੇ। ਸਬਦਿ = ਗੁਰ-ਸ਼ਬਦ ਦੀ ਰਾਹੀਂ। ਪਤਿ = ਇੱਜ਼ਤ। ਸਹੇਲੇ = ਸੁਖੀ। ਦਰਬਾਰੇ = ਪ੍ਰਭੂ ਦੀ ਹਜ਼ੂਰੀ ਵਿਚ। ਮਨਮੁਖੁ = ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ। ਅਰਥ: ਉਹ ਗੁਰਮੁਖ ਪਿਆਰੇ ਸੰਤ ਖਿੜੇ-ਮੱਥੇ ਰਹਿੰਦੇ ਹਨ, ਉਹਨਾਂ ਦੇ ਮਨ ਵਿਚ ਖ਼ੁਸ਼ੀ ਬਣੀ ਰਹਿੰਦੀ ਹੈ, ਜਿਨ੍ਹਾਂ ਨੂੰ ਪ੍ਰੀਤਮ ਪ੍ਰਭੂ ਮਿਲ ਪੈਂਦਾ ਹੈ; ਜੋ ਧੁਰੋਂ ਹੀ ਪ੍ਰਭੂ ਨਾਲ ਮਿਲੇ ਹੋਏ ਹਨ, ਜਿਨ੍ਹਾਂ ਨੂੰ ਕਰਤਾਰ ਨੇ ਆਪ ਆਪਣੇ ਨਾਲ ਮਿਲਾਇਆ ਹੈ, ਉਹ ਕਦੇ ਉਸ ਤੋਂ ਵਿਛੁੜਦੇ ਨਹੀਂ ਹਨ। ਜਿਨ੍ਹਾਂ ਦੇ ਅੰਦਰ ਗੁਰੂ ਦਾ ਸ਼ਬਦ ਵੱਸਦਾ ਹੈ, ਜਿਨ੍ਹਾਂ ਨੂੰ ਗੁਰੂ ਮਿਲ ਪੈਂਦਾ ਹੈ, ਉਹਨਾਂ ਦੇ ਸਾਰੇ ਦੁੱਖ ਦੂਰ ਹੋ ਜਾਂਦੇ ਹਨ, (ਉਹਨਾਂ ਦੇ ਅੰਦਰ ਇਹ ਤਾਂਘ ਹੁੰਦੀ ਹੈ-) ਮੈਂ ਸੁਖ ਦੇਣ ਵਾਲੇ ਪ੍ਰਭੂ ਦੀ ਸਦਾ ਸਿਫ਼ਤਿ-ਸਾਲਾਹ ਕਰਾਂ, ਮੈਂ ਪ੍ਰਭੂ ਨੂੰ ਸਦਾ ਹਿਰਦੇ ਵਿਚ ਸੰਭਾਲ ਰੱਖਾਂ। ਜਿਨ੍ਹਾਂ ਨੂੰ ਗੁਰ-ਸ਼ਬਦ ਦੀ ਰਾਹੀਂ ਸੱਚੇ ਪ੍ਰਭੂ ਨੇ ਆਪ ਸੋਹਣਾ ਬਣਾ ਦਿੱਤਾ ਹੈ, ਕੋਈ ਮਨਮੁਖ ਉਹਨਾਂ ਦੀ ਕੀਹ ਨਿੰਦਾ ਕਰ ਸਕਦਾ ਹੈ? ਪਿਆਰਾ ਪ੍ਰਭੂ ਉਹਨਾਂ ਦੀ ਲਾਜ ਆਪ ਰੱਖਦਾ ਹੈ, ਉਹ ਸਦਾ ਗੁਰੂ ਦੇ ਦਰ ਤੇ ਪ੍ਰਭੂ ਦੀ ਸਰਨ ਵਿਚ ਟਿਕੇ ਰਹਿੰਦੇ ਹਨ। ਹੇ ਨਾਨਕ! ਉਹ ਗੁਰਮੁਖ (ਇਥੇ) ਸੁਖੀ ਰਹਿੰਦੇ ਹਨ ਤੇ ਪ੍ਰਭੂ ਦੀ ਹਜ਼ੂਰੀ ਵਿਚ ਉਹਨਾਂ ਦੇ ਮੱਥੇ ਖਿੜੇ ਰਹਿੰਦੇ ਹਨ।2। ਪਉੜੀ ॥ ਇਸਤਰੀ ਪੁਰਖੈ ਬਹੁ ਪ੍ਰੀਤਿ ਮਿਲਿ ਮੋਹੁ ਵਧਾਇਆ ॥ ਪੁਤ੍ਰੁ ਕਲਤ੍ਰੁ ਨਿਤ ਵੇਖੈ ਵਿਗਸੈ ਮੋਹਿ ਮਾਇਆ ॥ ਦੇਸਿ ਪਰਦੇਸਿ ਧਨੁ ਚੋਰਾਇ ਆਣਿ ਮੁਹਿ ਪਾਇਆ ॥ ਅੰਤਿ ਹੋਵੈ ਵੈਰ ਵਿਰੋਧੁ ਕੋ ਸਕੈ ਨ ਛਡਾਇਆ ॥ ਨਾਨਕ ਵਿਣੁ ਨਾਵੈ ਧ੍ਰਿਗੁ ਮੋਹੁ ਜਿਤੁ ਲਗਿ ਦੁਖੁ ਪਾਇਆ ॥੩੨॥ {ਪੰਨਾ 1249} ਪਦ ਅਰਥ: ਪੁਰਖੈ = ਮਨੁੱਖ ਦੀ। ਮਿਲਿ = (ਇਸਤ੍ਰੀ ਨੂੰ) ਮਿਲ ਕੇ। ਕਲਤ੍ਰੁ = ਇਸਤ੍ਰੀ। ਵਿਗਸੈ = ਖ਼ੁਸ਼ ਹੁੰਦਾ ਹੈ, ਖਿੜਦਾ ਹੈ। ਮੋਹਿ = ਮੋਹ ਦੇ ਕਾਰਨ। ਦੇਸਿ = ਆਪਣੇ ਦੇਸ ਵਿਚੋਂ। ਪਰਦੇਸਿ = ਹੋਰ ਦੇਸ ਵਿਚੋਂ। ਆਣਿ = ਲਿਆ ਕੇ। ਮੁਹਿ = ਮੂੰਹ ਵਿਚ। ਅੰਤਿ = ਆਖ਼ਰ ਨੂੰ। ਧ੍ਰਿਗੁ = ਫਿਟਕਾਰ-ਜੋਗ। ਜਿਤੁ = ਜਿਸ ਵਿਚ। ਅਰਥ: ਮਨੁੱਖ ਦੀ (ਆਪਣੀ) ਵਹੁਟੀ ਨਾਲ ਬੜੀ ਪ੍ਰੀਤ ਹੁੰਦੀ ਹੈ, (ਵਹੁਟੀ ਨੂੰ) ਮਿਲ ਕੇ ਬੜਾ ਮੋਹ ਕਰਦਾ ਹੈ; ਨਿੱਤ (ਆਪਣੇ) ਪੁੱਤਰ ਨੂੰ ਤੇ (ਆਪਣੀ) ਵਹੁਟੀ ਨੂੰ ਵੇਖਦਾ ਹੈ ਤੇ ਮਾਇਆ ਦੇ ਮੋਹ ਦੇ ਕਾਰਨ ਖ਼ੁਸ਼ ਹੁੰਦਾ ਹੈ; ਦੇਸੋਂ ਪਰਦੇਸੋਂ ਧਨ ਠੱਗ ਕੇ ਲਿਆ ਕੇ ਉਹਨਾਂ ਨੂੰ ਖੁਆਂਦਾ ਹੈ; ਆਖ਼ਰ ਇਹ ਧਨ ਵੈਰ-ਵਿਰੋਧ ਪੈਦਾ ਕਰ ਦੇਂਦਾ ਹੈ (ਤੇ ਧਨ ਦੀ ਖ਼ਾਤਰ ਕੀਤੇ ਪਾਪਾਂ ਤੋਂ) ਕੋਈ ਛਡਾ ਨਹੀਂ ਸਕਦਾ। ਹੇ ਨਾਨਕ! ਨਾਮ ਤੋਂ ਵਾਂਜੇ ਰਹਿ ਕੇ ਇਹ ਮੋਹ ਫਿਟਕਾਰ-ਜੋਗ ਹੈ, ਕਿਉਂਕਿ ਇਸ ਮੋਹ ਵਿਚ ਲੱਗ ਕੇ ਮਨੁੱਖ ਦੁੱਖ ਪਾਂਦਾ ਹੈ। 32। |
Sri Guru Granth Darpan, by Professor Sahib Singh |