ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 1250

ਸਲੋਕ ਮਃ ੩ ॥ ਗੁਰਮੁਖਿ ਅੰਮ੍ਰਿਤੁ ਨਾਮੁ ਹੈ ਜਿਤੁ ਖਾਧੈ ਸਭ ਭੁਖ ਜਾਇ ॥ ਤ੍ਰਿਸਨਾ ਮੂਲਿ ਨ ਹੋਵਈ ਨਾਮੁ ਵਸੈ ਮਨਿ ਆਇ ॥ ਬਿਨੁ ਨਾਵੈ ਜਿ ਹੋਰੁ ਖਾਣਾ ਤਿਤੁ ਰੋਗੁ ਲਗੈ ਤਨਿ ਧਾਇ ॥ ਨਾਨਕ ਰਸ ਕਸ ਸਬਦੁ ਸਲਾਹਣਾ ਆਪੇ ਲਏ ਮਿਲਾਇ ॥੧॥ {ਪੰਨਾ 1250}

ਪਦ ਅਰਥ: ਗੁਰਮੁਖਿ = ਗੁਰੂ ਦੇ ਕੋਲ। ਅੰਮ੍ਰਿਤੁ = ਸੁੱਚਾ ਪਵਿਤ੍ਰ ਭੋਜਨ, ਆਤਮਕ ਜੀਵਨ ਦੇਣ ਵਾਲਾ ਭੋਜਨ। ਜਿਤੁ ਖਾਧੇ = ਜਿਸ ਦੇ ਖਾਣ ਨਾਲ। ਭੁਖ = ਤ੍ਰਿਸ਼ਨਾ, ਮਾਇਆ ਦੀ ਭੁੱਖ। ਮਨਿ = ਮਨ ਵਿਚ। ਬਿਨੁ ਨਾਵੈ = ਨਾਮ ਨੂੰ ਵਿਸਾਰ ਕੇ। ਜਿ ਹੋਰ ਖਾਣਾ = ਖਾਣ ਪੀਣ ਦਾ ਹੋਰ ਜੋ ਭੀ ਚਸਕਾ ਹੈ। ਤਿਤੁ = ਉਸ (ਚਸਕੇ) ਦੇ ਕਾਰਨ। ਧਾਇ = ਧਾ ਕੇ, ਡੂੰਘਾ ਅਸਰ ਕਰਕੇ। ਰਸ ਕਸ = ਕਈ ਤਰ੍ਹਾਂ ਦੇ ਰਸ ਚਸਕੇ। ਸਾਲਾਹਣਾ = ਸਿਫ਼ਤਿ-ਸਾਲਾਹ।

ਅਰਥ: ਗੁਰੂ ਦੇ ਪਾਸ ਪ੍ਰਭੂ ਦਾ ਨਾਮ ਇਕ ਐਸਾ ਪਵਿਤ੍ਰ ਭੋਜਨ ਹੈ ਜਿਸ ਦੇ ਖਾਣ ਨਾਲ (ਮਾਇਆ ਦੀ) ਭੁੱਖ ਸਾਰੀ ਦੂਰ ਹੋ ਜਾਂਦੀ ਹੈ, (ਮਾਇਆ ਦੀ) ਤ੍ਰਿਸ਼ਨਾ ਉੱਕਾ ਹੀ ਨਹੀਂ ਰਹਿੰਦੀ, ਮਨ ਵਿਚ ਪ੍ਰਭੂ ਦਾ ਨਾਮ ਆ ਵੱਸਦਾ ਹੈ। ਪ੍ਰਭੂ ਦਾ ਨਾਮ ਵਿਸਾਰ ਕੇ ਖਾਣ-ਪੀਣ ਦਾ ਜੋ ਭੀ ਕੋਈ ਹੋਰ ਚਸਕਾ (ਮਨੁੱਖ ਨੂੰ ਲੱਗਦਾ) ਹੈ ਉਸ ਦੀ ਰਾਹੀਂ (ਤ੍ਰਿਸ਼ਨਾ ਦਾ) ਰੋਗ ਸਰੀਰ ਵਿਚ ਬੜਾ ਡੂੰਘਾ ਅਸਰ ਪਾ ਕੇ ਆ ਗ੍ਰਸਦਾ ਹੈ।

ਹੇ ਨਾਨਕ! ਜੇ ਮਨੁੱਖ (ਮਾਇਆ ਦੇ) ਅਨੇਕਾਂ ਕਿਸਮ ਦੇ ਸੁਆਦਾਂ ਦੇ ਥਾਂ ਗੁਰੂ ਦੇ ਸ਼ਬਦ ਨੂੰ ਪ੍ਰਭੂ ਦੀ ਸਿਫ਼ਤਿ-ਸਾਲਾਹ ਨੂੰ ਗ੍ਰਹਿਣ ਕਰੇ ਤਾਂ ਪ੍ਰਭੂ ਆਪ ਹੀ ਇਸ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ।1।

ਮਃ ੩ ॥ ਜੀਆ ਅੰਦਰਿ ਜੀਉ ਸਬਦੁ ਹੈ ਜਿਤੁ ਸਹ ਮੇਲਾਵਾ ਹੋਇ ॥ ਬਿਨੁ ਸਬਦੈ ਜਗਿ ਆਨ੍ਹ੍ਹੇਰੁ ਹੈ ਸਬਦੇ ਪਰਗਟੁ ਹੋਇ ॥ ਪੰਡਿਤ ਮੋਨੀ ਪੜਿ ਪੜਿ ਥਕੇ ਭੇਖ ਥਕੇ ਤਨੁ ਧੋਇ ॥ ਬਿਨੁ ਸਬਦੈ ਕਿਨੈ ਨ ਪਾਇਓ ਦੁਖੀਏ ਚਲੇ ਰੋਇ ॥ ਨਾਨਕ ਨਦਰੀ ਪਾਈਐ ਕਰਮਿ ਪਰਾਪਤਿ ਹੋਇ ॥੨॥ {ਪੰਨਾ 1250}

ਪਦ ਅਰਥ: ਜੀਉ = ਜਿੰਦ। ਸਬਦੁ = ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਾਣੀ। ਜਿਤੁ = ਜਿਸ ਦੀ ਰਾਹੀਂ। ਸਹ = ਖਸਮ ਦਾ। ਜਗਿ = ਜਗਤ ਵਿਚ। ਪਰਗਟੁ = ਚਾਨਣ। ਮੋਨੀ = ਮੁਨੀ ਲੋਕ। ਭੇਖ = ਭੇਖਾਂ ਵਾਲੇ। ਤਨੁ ਧੋਇ = (ਤੀਰਥਾਂ ਉਤੇ) ਸਰੀਰ ਨੂੰ ਧੋ ਕੇ। ਨਦਰਿ = ਮਿਹਰ ਦੀ ਨਜ਼ਰ ਨਾਲ। ਕਰਮਿ = ਬਖ਼ਸ਼ਸ਼ ਦੀ ਰਾਹੀਂ।

ਅਰਥ: ਪ੍ਰਭੂ ਦੀ ਸਿਫ਼ਤਿ-ਸਾਲਾਹ ਹੀ ਜੀਵਾਂ ਦੇ ਅੰਦਰ ਜ਼ਿੰਦਗੀ ਹੈ, ਇਸ ਸਿਫ਼ਤਿ-ਸਾਲਾਹ ਦੀ ਰਾਹੀਂ ਖਸਮ-ਪ੍ਰਭੂ ਨਾਲ (ਜੀਵ ਦਾ) ਮਿਲਾਪ ਹੁੰਦਾ ਹੈ; ਪ੍ਰਭੂ ਦੀ ਸਿਫ਼ਤ-ਸਾਲਾਹ ਤੋਂ ਖੁੰਝ ਕੇ ਜਗਤ ਵਿਚ (ਆਤਮਕ ਜੀਵਨ ਵਲੋਂ) ਹਨੇਰਾ ਹੈ, ਸ਼ਬਦ ਦੀ ਰਾਹੀਂ ਹੀ (ਹਨੇਰਾ ਦੂਰ ਹੋ ਕੇ, ਆਤਮਕ ਜੀਵਨ ਦੀ ਸੂਝ ਦਾ) ਚਾਨਣ ਹੁੰਦਾ ਹੈ।

ਮੁਨੀ ਲੋਕ ਤੇ ਪੰਡਿਤ (ਧਾਰਮਿਕ ਪੁਸਤਕਾਂ) ਪੜ੍ਹ ਪੜ੍ਹ ਕੇ ਹਾਰ ਗਏ, ਭੇਖਾਂ ਵਾਲੇ ਸਾਧੂ ਤੀਰਥਾਂ ਉਤੇ ਇਸ਼ਨਾਨ ਕਰ ਕਰ ਕੇ ਥੱਕ ਗਏ, ਪਰ ਸਿਫ਼ਤਿ-ਸਾਲਾਹ ਦੀ ਬਾਣੀ ਤੋਂ ਬਿਨਾ ਕਿਸੇ ਨੂੰ ਭੀ ਖਸਮ ਪ੍ਰਭੂ ਨਹੀਂ ਮਿਲਿਆ, ਸਭ ਦੁਖੀ ਹੋ ਕੇ ਰੋ ਕੇ ਹੀ ਇਥੋਂ ਗਏ।

ਹੇ ਨਾਨਕ! ਸਿਫ਼ਤਿ-ਸਾਲਾਹ ਭੀ ਪ੍ਰਭੂ ਦੀ ਮਿਹਰ ਦੀ ਨਜ਼ਰ ਨਾਲ ਮਿਲਦੀ ਹੈ, ਪ੍ਰਭੂ ਦੀ ਬਖ਼ਸ਼ਸ਼ ਨਾਲ ਹੀ ਪ੍ਰਾਪਤ ਹੁੰਦੀ ਹੈ।2।

ਪਉੜੀ ॥ ਇਸਤ੍ਰੀ ਪੁਰਖੈ ਅਤਿ ਨੇਹੁ ਬਹਿ ਮੰਦੁ ਪਕਾਇਆ ॥ ਦਿਸਦਾ ਸਭੁ ਕਿਛੁ ਚਲਸੀ ਮੇਰੇ ਪ੍ਰਭ ਭਾਇਆ ॥ ਕਿਉ ਰਹੀਐ ਥਿਰੁ ਜਗਿ ਕੋ ਕਢਹੁ ਉਪਾਇਆ ॥ ਗੁਰ ਪੂਰੇ ਕੀ ਚਾਕਰੀ ਥਿਰੁ ਕੰਧੁ ਸਬਾਇਆ ॥ ਨਾਨਕ ਬਖਸਿ ਮਿਲਾਇਅਨੁ ਹਰਿ ਨਾਮਿ ਸਮਾਇਆ ॥੩੩॥ {ਪੰਨਾ 1250}

ਪਦ ਅਰਥ: ਅਤਿ ਨੇਹੁ = ਬਹੁਤ ਪਿਆਰ। ਬਹਿ = ਬੈਠ ਕੇ। ਮੰਦੁ = ਮੰਦੀ ਸਲਾਹ, ਵਿਕਾਰ ਦੀ ਚਿਤਵਨੀ। ਚਲਸੁ = ਨਾਸ ਹੋ ਜਾਇਗੀ। ਜਗਿ = ਜਗਤ ਵਿਚ। ਕੋ ਉਪਾਇਆ = ਕੋਈ ਉਪਾਉ। ਕਢਹੁ = ਲੱਭੋ। ਚਾਕਰੀ = ਸੇਵਾ। ਥਿਰੁ = ਸਦਾ-ਕਾਇਮ। ਕੰਧੁ = ਸਰੀਰ। ਸਬਾਇਆ = ਸਾਰਾ। ਬਖਸਿ = ਮਿਹਰ ਕਰ ਕੇ। ਮਿਲਾਇਅਨੁ = ਮਿਲਾਏ ਹਨ ਉਸ (ਪ੍ਰਭੂ) ਨੇ। ਨਾਮਿ = ਨਾਮ ਵਿਚ। ਸੇਵਾ = ਭਗਤੀ। ਥਿਰੁ = ਅਟੱਲ, ਅਡੋਲ, (ਵਿਕਾਰਾਂ ਦੇ ਟਾਕਰੇ ਤੇ) ਤਕੜਾ।

ਅਰਥ: (ਜੇ) ਮਨੁੱਖ ਦਾ (ਆਪਣੀ) ਇਸਤ੍ਰੀ ਨਾਲ ਬਹੁਤ ਪਿਆਰ ਹੈ (ਤਾਂ ਇਸ ਦਾ ਸਿੱਟਾ ਆਮ ਤੌਰ ਤੇ ਇਹੀ ਨਿਕਲਦਾ ਹੈ ਕਿ) ਬੈਠ ਕੇ ਕੋਈ ਵਿਕਾਰ ਦੀ ਚਿਤਵਨੀ ਹੀ ਚਿਤਵਦਾ ਹੈ (ਤੇ ਨਾਸਵੰਤ ਨਾਲ ਮੋਹ ਵਧਦਾ ਜਾਂਦਾ ਹੈ) ; ਪਰ, ਮੇਰੇ ਪ੍ਰਭੂ ਦਾ ਭਾਣਾ ਇਹ ਹੈ ਕਿ ਜੋ ਕੁਝ (ਅੱਖੀਂ) ਦਿੱਸਦਾ ਹੈ ਇਹ ਸਭ ਨਾਸ ਹੋ ਜਾਣਾ ਹੈ।

ਫਿਰ ਕੋਈ ਐਸਾ ਉਪਾਉ ਲੱਭੋ ਜਿਸ ਕਰ ਕੇ ਜਗਤ ਵਿਚ ਸਦਾ ਟਿਕੇ ਰਹਿ ਸਕੀਏ (ਭਾਵ, ਸਦਾ ਟਿਕੇ ਰਹਿਣ ਵਾਲੇ ਪ੍ਰਭੂ ਨਾਲ ਇਕ-ਸੁਰ ਹੋ ਸਕੀਏ) , (ਉਹ ਉਪਾਉ) ਪੂਰੇ ਸਤਿਗੁਰੂ ਦੀ (ਦੱਸੀ) ਸੇਵਾ-ਭਗਤੀ ਹੀ ਹੈ ਜਿਸ ਕਰਕੇ ਸਾਰਾ ਸਰੀਰ (ਭਾਵ, ਸਾਰੇ ਗਿਆਨ-ਇੰਦ੍ਰੇ) (ਵਿਕਾਰਾਂ ਦੇ ਟਾਕਰੇ ਤੇ) ਅਡੋਲ ਰਹਿ ਸਕਦਾ ਹੈ।

ਹੇ ਨਾਨਕ! ਜਿਨ੍ਹਾਂ ਨੂੰ ਉਸ ਪ੍ਰਭੂ ਨੇ ਮਿਹਰ ਕਰ ਕੇ (ਆਪਣੇ ਨਾਲ) ਮਿਲਾਇਆ ਹੈ ਉਹ ਉਸ ਹਰੀ ਦੇ ਨਾਮ ਵਿਚ ਲੀਨ ਰਹਿੰਦੇ ਹਨ। 33।

ਸਲੋਕ ਮਃ ੩ ॥ ਮਾਇਆ ਮੋਹਿ ਵਿਸਾਰਿਆ ਗੁਰ ਕਾ ਭਉ ਹੇਤੁ ਅਪਾਰੁ ॥ ਲੋਭਿ ਲਹਰਿ ਸੁਧਿ ਮਤਿ ਗਈ ਸਚਿ ਨ ਲਗੈ ਪਿਆਰੁ ॥ ਗੁਰਮੁਖਿ ਜਿਨਾ ਸਬਦੁ ਮਨਿ ਵਸੈ ਦਰਗਹ ਮੋਖ ਦੁਆਰੁ ॥ ਨਾਨਕ ਆਪੇ ਮੇਲਿ ਲਏ ਆਪੇ ਬਖਸਣਹਾਰੁ ॥੧॥ {ਪੰਨਾ 1250}

ਪਦ ਅਰਥ: ਹੇਤੁ = ਪਿਆਰ, ਹਿਤ। ਅਪਾਰੁ = ਬੇਅੰਤ। ਅਪਾਰੁ ਹੇਤੁ = ਬੇਅੰਤ ਪਿਆਰ (ਜੋ ਗੁਰੂ ਜੀਵਾਂ ਨਾਲ ਕਰਦਾ ਹੈ) । ਲੋਭਿ = ਲੋਭ ਵਿਚ। ਲੋਭਿ ਲਹਰਿ = ਲੋਭ-ਰੂਪ ਲਹਿਰ ਵਿਚ ਫਸ ਕੇ। ਸੁਧਿ ਮਤਿ = ਅਕਲ-ਹੋਸ਼। ਸਚਿ = ਸੱਚੇ ਪ੍ਰਭੂ ਵਿਚ। ਮੋਖ ਦੁਆਰੁ = (ਮਾਇਆ ਦੇ ਮੋਹ ਤੋਂ) ਬਚਣ ਦਾ ਰਾਹ। ਭਉ = ਡਰ, ਅਦਬ।

ਅਰਥ: ਮਾਇਆ ਦੇ ਮੋਹ ਵਿਚ ਪੈ ਕੇ ਮਨੁੱਖ ਗੁਰੂ ਦਾ ਅਦਬ ਭੁਲਾ ਦੇਂਦਾ ਹੈ, ਤੇ (ਇਹ ਭੀ) ਵਿਸਾਰ ਦੇਂਦਾ ਹੈ ਕਿ ਗੁਰੂ (ਕਿਤਨਾ) ਬੇਅੰਤ ਪਿਆਰ (ਇਸ ਨਾਲ ਕਰਦਾ ਹੈ) ; ਲੋਭ-ਲਹਿਰ ਵਿਚ ਫਸ ਕੇ ਇਸ ਦੀ ਅਕਲ-ਹੋਸ਼ ਗੁੰਮ ਹੋ ਜਾਂਦੀ ਹੈ, ਸਦਾ-ਥਿਰ ਪ੍ਰਭੂ ਵਿਚ ਇਸ ਦਾ ਪਿਆਰ ਨਹੀਂ ਬਣਦਾ।

ਗੁਰੂ ਦੇ ਸਨਮੁਖ ਰਹਿਣ ਵਾਲੇ ਜਿਨ੍ਹਾਂ ਮਨੁੱਖਾਂ ਦੇ ਮਨ ਵਿਚ ਗੁਰੂ ਦਾ ਸ਼ਬਦ ਵੱਸਦਾ ਹੈ, ਉਹਨਾਂ ਨੂੰ ਪ੍ਰਭੂ ਦੀ ਹਜ਼ੂਰੀ ਪ੍ਰਾਪਤ ਹੋ ਜਾਂਦੀ ਹੈ, ਉਹਨਾਂ ਨੂੰ ਮਾਇਆ ਦੇ ਮੋਹ ਤੋਂ ਬਚਣ ਦਾ ਰਾਹ ਲੱਭ ਪੈਂਦਾ ਹੈ; ਹੇ ਨਾਨਕ! ਬਖ਼ਸ਼ਣਹਾਰ ਪ੍ਰਭੂ ਆਪ ਹੀ ਗੁਰਮੁਖਾਂ ਨੂੰ ਆਪਣੇ ਨਾਲ ਜੋੜ ਲੈਂਦਾ ਹੈ।1।

ਮਃ ੪ ॥ ਨਾਨਕ ਜਿਸੁ ਬਿਨੁ ਘੜੀ ਨ ਜੀਵਣਾ ਵਿਸਰੇ ਸਰੈ ਨ ਬਿੰਦ ॥ ਤਿਸੁ ਸਿਉ ਕਿਉ ਮਨ ਰੂਸੀਐ ਜਿਸਹਿ ਹਮਾਰੀ ਚਿੰਦ ॥੨॥ {ਪੰਨਾ 1250}

ਪਦ ਅਰਥ: ਸਰੈ ਨ ਬਿੰਦ = ਇਕ ਘੜੀ ਭੀ ਨਹੀਂ ਨਿੱਭਦੀ। ਵਿਸਰੈ ਸਰੈ ਨ ਬਿੰਦ = ਇਕ ਘੜੀ ਭਰ ਭੀ ਵਿਸਾਰਨਾ ਨਹੀਂ ਪੁੱਜਦਾ। ਜਿਸਹਿ = ਜਿਸੈ, ਜਿਸ ਨੂੰ। ਚਿੰਦ = ਫ਼ਿਕਰ।

ਅਰਥ: ਹੇ ਨਾਨਕ! ਆਖ– ਜਿਸ ਪ੍ਰਭੂ ਤੋਂ ਬਿਨਾ ਇਕ ਘੜੀ ਭੀ ਜੀਊ ਨਹੀਂ ਸਕਦਾ, ਜਿਸ ਨੂੰ ਇਕ ਘੜੀ ਭੀ ਵਿਸਾਰਿਆਂ ਨਿੱਭਦੀ ਨਹੀਂ, ਹੇ ਮਨ! ਜਿਸ ਪ੍ਰਭੂ ਨੂੰ ਅਸਾਡਾ (ਹਰ ਵੇਲੇ) ਫ਼ਿਕਰ ਹੈ, ਉਸ ਨਾਲ ਰੁੱਸਣਾ ਠੀਕ ਨਹੀਂ।2।

ਮਃ ੪ ॥ ਸਾਵਣੁ ਆਇਆ ਝਿਮਝਿਮਾ ਹਰਿ ਗੁਰਮੁਖਿ ਨਾਮੁ ਧਿਆਇ ॥ ਦੁਖ ਭੁਖ ਕਾੜਾ ਸਭੁ ਚੁਕਾਇਸੀ ਮੀਹੁ ਵੁਠਾ ਛਹਬਰ ਲਾਇ ॥ ਸਭ ਧਰਤਿ ਭਈ ਹਰੀਆਵਲੀ ਅੰਨੁ ਜੰਮਿਆ ਬੋਹਲ ਲਾਇ ॥ ਹਰਿ ਅਚਿੰਤੁ ਬੁਲਾਵੈ ਕ੍ਰਿਪਾ ਕਰਿ ਹਰਿ ਆਪੇ ਪਾਵੈ ਥਾਇ ॥ ਹਰਿ ਤਿਸਹਿ ਧਿਆਵਹੁ ਸੰਤ ਜਨਹੁ ਜੁ ਅੰਤੇ ਲਏ ਛਡਾਇ ॥ ਹਰਿ ਕੀਰਤਿ ਭਗਤਿ ਅਨੰਦੁ ਹੈ ਸਦਾ ਸੁਖੁ ਵਸੈ ਮਨਿ ਆਇ ॥ ਜਿਨ੍ਹ੍ਹਾ ਗੁਰਮੁਖਿ ਨਾਮੁ ਅਰਾਧਿਆ ਤਿਨਾ ਦੁਖ ਭੁਖ ਲਹਿ ਜਾਇ ॥ ਜਨ ਨਾਨਕੁ ਤ੍ਰਿਪਤੈ ਗਾਇ ਗੁਣ ਹਰਿ ਦਰਸਨੁ ਦੇਹੁ ਸੁਭਾਇ ॥੩॥ {ਪੰਨਾ 1250}

ਪਦ ਅਰਥ: ਝਿਮਝਿਮਾ = ਇਕ-ਰਸ ਵਰ੍ਹਨ ਵਾਲਾ, ਝੜੀ ਲਾਣ ਵਾਲਾ। ਗੁਰਮੁਖਿ = ਗੁਰੂ ਦੇ ਸਨਮੁਖ ਮਨੁੱਖ। ਕਾੜਾ = ਕਾੜ੍ਹਾ, ਘੁੰਮਾ, ਗਰਮੀ। ਵੁਠਾ = ਵੱਸਦਾ ਹੈ। ਛਹਬਰ = ਝੜੀ। ਹਰੀਆਵਲੀ = (ਹਰੀ+ਆਵਲੀ) ਸਬਜ਼ੀ ਵਾਲੀ। ਜੰਮਿਆ = ਪੈਦਾ ਹੁੰਦਾ ਹੈ। ਬੋਹਲ = ਦਾਣਿਆਂ ਦੇ ਢੇਰ। ਪਾਵੈ ਥਾਇ = ਕਬੂਲ ਕਰਦਾ ਹੈ। ਕੀਰਤਿ = ਸਿਫ਼ਤਿ-ਸਾਲਾਹ। ਭਗਤਿ = ਬੰਦਗੀ। ਤ੍ਰਿਪਤੈ = ਰੱਜਦਾ ਹੈ। ਸੁਭਾਇ = ਸੁਭਾਉ ਅਨੁਸਾਰ ਮਿਹਰ ਨਾਲ। ਅਚਿੰਤੁ = ਅ-ਚਿੰਤੁ, ਜਿਸ ਨੂੰ ਕੋਈ ਚਿੰਤਾ ਪੋਹ ਨਹੀਂ ਸਕਦੀ। ਗੁਰਮੁਖਿ = ਗੁਰੂ ਦੇ ਦੱਸੇ ਰਾਹ ਤੇ ਤੁਰਨ ਵਾਲਾ ਮਨੁੱਖ।

ਅਰਥ: ਜੋ ਮਨੁੱਖ ਗੁਰੂ ਦੇ ਸਨਮੁਖ ਹੋ ਕੇ ਹਰੀ ਦਾ ਨਾਮ ਸਿਮਰਦਾ ਹੈ (ਉਸ ਦੇ ਵਾਸਤੇ, ਮਾਨੋ) ਇਕ-ਰਸ ਵਰ੍ਹਨ ਵਾਲਾ ਸਾਵਣ (ਦਾ ਮਹੀਨਾ) ਆ ਜਾਂਦਾ ਹੈ, ਜਦੋਂ ਝੜੀ ਲਾ ਕੇ ਮੀਂਹ ਵੱਸਦਾ ਹੈ, ਘੁੰਮਾ ਤੇ ਲੋਕਾਂ ਦੇ ਦੁੱਖ ਤੇ ਭੁੱਖਾਂ ਸਭ ਦੂਰ ਕਰ ਦੇਂਦਾ ਹੈ, (ਕਿਉਂਕਿ) ਸਾਰੀ ਧਰਤੀ ਉਤੇ ਹਰਿਆਉਲ ਹੀ ਦਿੱਸਦੀ ਹੈ ਤੇ ਢੇਰਾਂ ਦੇ ਢੇਰ ਅੰਨ ਪੈਦਾ ਹੁੰਦਾ ਹੈ; (ਇਸੇ ਤਰ੍ਹਾਂ, ਗੁਰਮੁਖ ਨੂੰ) ਅਚਿੰਤ ਪ੍ਰਭੂ ਆਪ ਹੀ ਮਿਹਰ ਕਰ ਕੇ ਆਪਣੇ ਨੇੜੇ ਲਿਆਉਂਦਾ ਹੈ, ਉਸ ਦੀ ਮਿਹਨਤ ਨੂੰ ਆਪ ਹੀ ਪ੍ਰਵਾਨ ਕਰਦਾ ਹੈ।

ਹੇ ਸੰਤ ਜਨੋ! ਉਸ ਪ੍ਰਭੂ ਨੂੰ ਯਾਦ ਕਰੋ ਜੋ ਆਖ਼ਰ (ਇਹਨਾਂ ਦੁੱਖਾਂ ਭੁੱਖਾਂ ਤੋਂ) ਖ਼ਲਾਸੀ ਦਿਵਾਉਂਦਾ ਹੈ। ਪ੍ਰਭੂ ਦੀ ਸਿਫ਼ਤਿ-ਸਾਲਾਹ ਤੇ ਬੰਦਗੀ ਵਿਚ ਹੀ (ਅਸਲ) ਆਨੰਦ ਹੈ, ਸਦਾ ਲਈ ਮਨ ਵਿਚ ਸੁਖ ਆ ਵੱਸਦਾ ਹੈ। ਜਿਨ੍ਹਾਂ ਗੁਰਮੁਖਾਂ ਨੇ ਨਾਮ ਸਿਮਰਿਆ ਹੈ ਉਹਨਾਂ ਦੇ ਦੁੱਖ ਦੂਰ ਹੋ ਜਾਂਦੇ ਹਨ, ਉਹਨਾਂ ਦੀ ਤ੍ਰਿਸ਼ਨਾ ਮੁੱਕ ਜਾਂਦੀ ਹੈ। ਦਾਸ ਨਾਨਕ ਭੀ ਪ੍ਰਭੂ ਦੇ ਗੁਣ ਗਾ ਗਾ ਕੇ ਹੀ (ਮਾਇਆ ਵਲੋਂ) ਤ੍ਰਿਪਤ ਹੈ (ਤੇ ਅਰਜ਼ੋਈ ਕਰਦਾ ਹੈ-) ਹੇ ਹਰੀ! ਮਿਹਰ ਕਰ ਕੇ ਦੀਦਾਰ ਦੇਹ।3।

ਪਉੜੀ ॥ ਗੁਰ ਪੂਰੇ ਕੀ ਦਾਤਿ ਨਿਤ ਦੇਵੈ ਚੜੈ ਸਵਾਈਆ ॥ ਤੁਸਿ ਦੇਵੈ ਆਪਿ ਦਇਆਲੁ ਨ ਛਪੈ ਛਪਾਈਆ ॥ ਹਿਰਦੈ ਕਵਲੁ ਪ੍ਰਗਾਸੁ ਉਨਮਨਿ ਲਿਵ ਲਾਈਆ ॥ ਜੇ ਕੋ ਕਰੇ ਉਸ ਦੀ ਰੀਸ ਸਿਰਿ ਛਾਈ ਪਾਈਆ ॥ ਨਾਨਕ ਅਪੜਿ ਕੋਇ ਨ ਸਕਈ ਪੂਰੇ ਸਤਿਗੁਰ ਕੀ ਵਡਿਆਈਆ ॥੩੪॥ {ਪੰਨਾ 1250}

ਪਦ ਅਰਥ: ਦਾਤਿ = ਬਖ਼ਸ਼ਸ਼। ਚੜੈ ਸਵਾਈਆ = ਵਧਦੀ ਹੈ। ਤੁਸਿ = ਤ੍ਰੁਠ ਕੇ, ਪ੍ਰਸੰਨ ਹੋ ਕੇ। ਨ ਛਪੈ ਛਪਾਈਆ = ਲੁਕਾਈ ਲੁਕਦੀ ਨਹੀਂ। ਉਨਮਨ = ਉਨਮਨ ਵਿਚ, ਚੜ੍ਹਦੀ ਕਲਾ ਵਿਚ, ਪੂਰਨ ਖਿੜਾਉ ਵਿਚ। ਸਿਰਿ = ਸਿਰ ਉੱਤੇ। ਛਾਈ = ਸੁਆਹ। ਸਿਰਿ ਛਾਈ ਪਾਇਆ = ਨਮੋਸ਼ੀ ਖੱਟਦਾ ਹੈ।

ਅਰਥ: ਪੂਰੇ ਸਤਿਗੁਰੂ ਦੀ ਦਿੱਤੀ ਹੋਈ (ਨਾਮ ਦੀ) ਦਾਤਿ ਜੋ ਉਹ ਸਦਾ ਦੇਂਦਾ ਹੈ ਵਧਦੀ ਰਹਿੰਦੀ ਹੈ; (ਗੁਰੂ ਦੀ ਮਿਹਰ ਦੀ ਨਜ਼ਰ ਦੇ ਕਾਰਨ ਇਹ ਦਾਤਿ) ਦਿਆਲ ਪ੍ਰਭੂ ਆਪ ਪ੍ਰਸੰਨ ਹੋ ਕੇ ਦੇਂਦਾ ਹੈ, ਤੇ ਕਿਸੇ ਦੀ ਲੁਕਾਈ ਲੁਕਦੀ ਨਹੀਂ;

(ਜਿਸ ਮਨੁੱਖ ਉਤੇ ਗੁਰੂ ਵਲੋਂ ਬਖ਼ਸ਼ਸ਼ ਹੋਵੇ ਉਸ ਦੇ) ਹਿਰਦੇ ਦਾ ਕਉਲ ਫੁੱਲ ਖਿੜ ਪੈਂਦਾ ਹੈ, ਉਹ ਪੂਰਨ ਖਿੜਾਉ ਵਿਚ ਟਿਕਿਆ ਰਹਿੰਦਾ ਹੈ; ਜੋ ਮਨੁੱਖ ਉਸ ਦੀ ਬਰਾਬਰੀ ਕਰਨ ਦਾ ਜਤਨ ਕਰਦਾ ਹੈ ਉਹ ਨਮੋਸ਼ੀ ਹੀ ਖੱਟਦਾ ਹੈ।

ਹੇ ਨਾਨਕ! ਪੂਰੇ ਗੁਰੂ ਦੀ ਬਖ਼ਸ਼ੀ ਹੋਈ ਵਡਿਆਈ ਦੀ ਕੋਈ ਮਨੁੱਖ ਬਰਾਬਰੀ ਨਹੀਂ ਕਰ ਸਕਦਾ। 34।

TOP OF PAGE

Sri Guru Granth Darpan, by Professor Sahib Singh