ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 1251

ਸਲੋਕ ਮਃ ੩ ॥ ਅਮਰੁ ਵੇਪਰਵਾਹੁ ਹੈ ਤਿਸੁ ਨਾਲਿ ਸਿਆਣਪ ਨ ਚਲਈ ਨ ਹੁਜਤਿ ਕਰਣੀ ਜਾਇ ॥ ਆਪੁ ਛੋਡਿ ਸਰਣਾਇ ਪਵੈ ਮੰਨਿ ਲਏ ਰਜਾਇ ॥ ਗੁਰਮੁਖਿ ਜਮ ਡੰਡੁ ਨ ਲਗਈ ਹਉਮੈ ਵਿਚਹੁ ਜਾਇ ॥ ਨਾਨਕ ਸੇਵਕੁ ਸੋਈ ਆਖੀਐ ਜਿ ਸਚਿ ਰਹੈ ਲਿਵ ਲਾਇ ॥੧॥ {ਪੰਨਾ 1251}

ਪਦ ਅਰਥ: ਅਮਰੁ = ਅ+ਮਰੁ, ਅਟੱਲ। ਵੇਪਰਵਾਹੁ = ਬੇ-ਮੁਥਾਜ। ਹੁਜਤਿ = ਦਲੀਲ। ਆਪੁ = ਆਪਾ-ਭਾਵ। ਰਜਾਇ = ਭਾਣਾ। ਸਚਿ = ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਵਿਚ। ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ।

ਅਰਥ: ਪਰਮਾਤਮਾ ਅਟੱਲ ਹੈ, ਬੇ-ਮੁਥਾਜ, ਉਸ ਨਾਲ ਕੋਈ ਚਲਾਕੀ ਨਹੀਂ ਚੱਲ ਸਕਦੀ, ਨਾਹ ਹੀ (ਉਸ ਦੇ ਹੁਕਮ ਅੱਗੇ) ਕੋਈ ਦਲੀਲ ਪੇਸ਼ ਕੀਤੀ ਜਾ ਸਕਦੀ ਹੈ; ਗੁਰਮੁਖ ਮਨੁੱਖ ਆਪਾ-ਭਾਵ ਛੱਡ ਕੇ ਉਸ ਦੀ ਸਰਨੀਂ ਪੈਂਦਾ ਹੈ, ਉਸ ਦੇ ਭਾਣੇ ਅੱਗੇ ਸਿਰ ਨਿਵਾਂਦਾ ਹੈ, (ਤਾਹੀਏਂ) ਗੁਰਮੁਖ ਨੂੰ ਜਮਰਾਜ ਕੋਈ ਤਾੜਨਾ ਨਹੀਂ ਕਰ ਸਕਦਾ, ਉਸ ਦੇ ਮਨ ਵਿਚੋਂ ਹਉਮੈ ਦੂਰ ਹੋ ਜਾਂਦੀ ਹੈ।

ਹੇ ਨਾਨਕ! ਪ੍ਰਭੂ ਦਾ ਸੇਵਕ ਉਸ ਨੂੰ ਕਿਹਾ ਜਾ ਸਕਦਾ ਹੈ ਜੋ (ਆਪਾ-ਭਾਵ ਛੱਡ ਕੇ) ਸੱਚੇ ਪ੍ਰਭੂ ਵਿਚ ਸੁਰਤਿ ਜੋੜੀ ਰੱਖਦਾ ਹੈ।1।

ਮਃ ੩ ॥ ਦਾਤਿ ਜੋਤਿ ਸਭ ਸੂਰਤਿ ਤੇਰੀ ॥ ਬਹੁਤੁ ਸਿਆਣਪ ਹਉਮੈ ਮੇਰੀ ॥ ਬਹੁ ਕਰਮ ਕਮਾਵਹਿ ਲੋਭਿ ਮੋਹਿ ਵਿਆਪੇ ਹਉਮੈ ਕਦੇ ਨ ਚੂਕੈ ਫੇਰੀ ॥ ਨਾਨਕ ਆਪਿ ਕਰਾਏ ਕਰਤਾ ਜੋ ਤਿਸੁ ਭਾਵੈ ਸਾਈ ਗਲ ਚੰਗੇਰੀ ॥੨॥ {ਪੰਨਾ 1251}

ਪਦ ਅਰਥ: ਜੋਤਿ = ਜਿੰਦ। ਸੂਰਤਿ = ਸਰੀਰ। ਵਿਆਪੇ = ਗ੍ਰਸੇ ਹੋਏ, ਫਸੇ ਹੋਏ। ਫੇਰੀ = ਜਨਮ ਮਰਨ ਦਾ ਗੇੜ। ਸਾਈ = ਉਹੀ। ਗਲ = ਗੱਲ। ਮੇਰੀ = ਮਮਤਾ।

ਅਰਥ: (ਹੇ ਪ੍ਰਭੂ!) ਇਹ ਜਿੰਦ ਤੇ ਇਹ ਸਰੀਰ ਸਭ ਤੇਰੀ ਬਖ਼ਸ਼ੀ ਹੋਈ ਦਾਤਿ ਹੈ, (ਤੇਰਾ ਸ਼ੁਕਰ ਕਰਨ ਦੇ ਥਾਂ) ਬੜੀਆਂ ਚਲਾਕੀਆਂ (ਕਰਨੀਆਂ) ਹਉਮੈ ਤੇ ਮਮਤਾ ਦੇ ਕਾਰਨ ਹੀ ਹੈ। ਜੇ ਮਨੁੱਖ (ਤੇਰੀ ਯਾਦ ਭੁਲਾ ਕੇ) ਲੋਭ ਤੇ ਮੋਹ ਵਿਚ ਫਸੇ ਹੋਏ ਹੋਰ ਕੰਮ ਕਰਦੇ ਹਨ, ਹਉਮੈ ਦੇ ਕਾਰਨ ਉਹਨਾਂ ਦਾ ਜਨਮ ਮਰਨ ਦਾ ਗੇੜ ਨਹੀਂ ਮੁੱਕਦਾ; (ਪਰ) ਹੇ ਨਾਨਕ! (ਕਿਸੇ ਨੂੰ ਭੈੜਾ ਨਹੀਂ ਕਿਹਾ ਜਾ ਸਕਦਾ) , ਕਰਤਾਰ ਸਭ ਕੁਝ ਆਪ ਕਰਾ ਰਿਹਾ ਹੈ, ਜੋ ਉਸ ਨੂੰ ਚੰਗਾ ਲੱਗਦਾ ਹੈ ਉਸਨੂੰ ਚੰਗੀ ਗੱਲ ਸਮਝਣਾ (-ਇਹੀ ਹੈ ਜੀਵਨ ਦਾ ਸਹੀ ਰਸਤਾ) ।2।

ਪਉੜੀ ਮਃ ੫ ॥ ਸਚੁ ਖਾਣਾ ਸਚੁ ਪੈਨਣਾ ਸਚੁ ਨਾਮੁ ਅਧਾਰੁ ॥ ਗੁਰਿ ਪੂਰੈ ਮੇਲਾਇਆ ਪ੍ਰਭੁ ਦੇਵਣਹਾਰੁ ॥ ਭਾਗੁ ਪੂਰਾ ਤਿਨ ਜਾਗਿਆ ਜਪਿਆ ਨਿਰੰਕਾਰੁ ॥ ਸਾਧੂ ਸੰਗਤਿ ਲਗਿਆ ਤਰਿਆ ਸੰਸਾਰੁ ॥ ਨਾਨਕ ਸਿਫਤਿ ਸਲਾਹ ਕਰਿ ਪ੍ਰਭ ਕਾ ਜੈਕਾਰੁ ॥੩੫॥ {ਪੰਨਾ 1251}

ਨੋਟ: ਇਹ ਪਉੜੀ ਗੁਰੂ ਅਰਜੁਨ ਸਾਹਿਬ ਦੀ ਹੈ, ਜੋ ਪਉੜੀ ਨੰ: 34 ਦੀ ਹੋਰ ਵਧੀਕ ਵਿਆਖਿਆ ਕਰਨ ਲਈ ਹੈ (ਵੇਖੋ ਮਲਾਰ ਕੀ ਵਾਰ ਮ: 1 ਪਉੜੀ ਨੰ: 27)

ਪਦ ਅਰਥ: ਖਾਣਾ = ਖ਼ੁਰਾਕ। ਪੈਨਣਾ = ਪੁਸ਼ਾਕ। ਆਧਾਰੁ = ਆਸਰਾ। ਗੁਰਿ = ਗੁਰੂ ਨੇ। ਨਿਰੰਕਾਰੁ = ਆਕਾਰ-ਰਹਿਤ ਪ੍ਰਭੂ, ਉਹ ਪ੍ਰਭੂ ਜਿਸ ਦਾ ਕੋਈ ਖ਼ਾਸ ਸਰੂਪ ਨਹੀਂ। ਜੈਕਾਰੁ = ਵਡਿਆਈ। ਕਰਿ = ਕਰ ਕੇ।

ਅਰਥ: ਪੂਰੇ ਸਤਿਗੁਰੂ ਨੇ (ਜਿਸ ਮਨੁੱਖ ਨੂੰ) ਸਭ ਦਾਤਾਂ ਦੇਣ ਵਾਲਾ ਪ੍ਰਭੂ ਮਿਲਾ ਦਿੱਤਾ ਹੈ ਉਸ ਦੀ (ਜਿੰਦ ਦੀ) ਖ਼ੁਰਾਕ ਤੇ ਪੁਸ਼ਾਕ ਪ੍ਰਭੂ ਦਾ ਨਾਮ ਹੋ ਜਾਂਦਾ ਹੈ, ਨਾਮ ਹੀ ਉਸ ਦਾ ਆਸਰਾ ਹੋ ਜਾਂਦਾ ਹੈ (ਜਿਵੇਂ ਖ਼ੁਰਾਕ ਤੇ ਪੁਸ਼ਾਕ ਸਰੀਰ ਵਾਸਤੇ ਜ਼ਰੂਰੀ ਹਨ) ।

ਉਹਨਾਂ ਬੰਦਿਆਂ ਦੀ ਕਿਸਮਤਿ ਪੂਰੀ ਖੁਲ੍ਹ ਜਾਂਦੀ ਹੈ ਜੋ ਨਿਰੰਕਾਰ ਨੂੰ ਸਿਮਰਦੇ ਹਨ।

ਹੇ ਨਾਨਕ! ਸਤਸੰਗ ਦਾ ਆਸਰਾ ਲੈ ਕੇ, ਪਰਮਾਤਮਾ ਦੀ ਸਿਫ਼ਤਿ-ਸਾਲਾਹ ਪਰਮਾਤਮਾ ਦੀ ਵਡਿਆਈ ਕਰ ਕੇ ਉਹ ਮਨੁੱਖ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦੇ ਹਨ। 35।

ਸਲੋਕ ਮਃ ੫ ॥ ਸਭੇ ਜੀਅ ਸਮਾਲਿ ਅਪਣੀ ਮਿਹਰ ਕਰੁ ॥ ਅੰਨੁ ਪਾਣੀ ਮੁਚੁ ਉਪਾਇ ਦੁਖ ਦਾਲਦੁ ਭੰਨਿ ਤਰੁ ॥ ਅਰਦਾਸਿ ਸੁਣੀ ਦਾਤਾਰਿ ਹੋਈ ਸਿਸਟਿ ਠਰੁ ॥ ਲੇਵਹੁ ਕੰਠਿ ਲਗਾਇ ਅਪਦਾ ਸਭ ਹਰੁ ॥ ਨਾਨਕ ਨਾਮੁ ਧਿਆਇ ਪ੍ਰਭ ਕਾ ਸਫਲੁ ਘਰੁ ॥੧॥ {ਪੰਨਾ 1251}

ਪਦ ਅਰਥ: ਸਮਾਲਿ = ਸੰਭਾਲ, ਸਾਰ ਲੈ। ਮੁਚੁ = ਬਹੁਤ। ਉਪਾਇ = ਪੈਦਾ ਕਰ। ਦਾਲਦੁ = ਗਰੀਬੀ, ਦਲਿੱਦਰ। ਤਰੁ = ਤਾਰ ਲੈ। ਦਾਤਾਰਿ = ਦਾਤਾਰ ਨੇ। ਸਿਸਟਿ = ਸ੍ਰਿਸ਼ਟੀ। ਠਰੁ = ਠੰਢੀ, ਸ਼ਾਂਤ। ਅਪਦਾ = ਮੁਸੀਬਤ। ਹਰੁ = ਦੂਰ ਕਰ। ਸਫਲੁ = ਫਲ ਦੇਣ ਵਾਲਾ। ਭੰਨਿ = ਭੰਨ ਕੇ, ਦੂਰ ਕਰ ਕੇ।

ਅਰਥ: ਹੇ ਪ੍ਰਭੂ! ਆਪਣੀ ਮਿਹਰ ਕਰ ਅਤੇ ਸਾਰੇ ਜੀਵਾਂ ਦੀ ਸਾਰ ਲੈ; ਅੰਨ ਪਾਣੀ ਬਹੁਤਾ ਪੈਦਾ ਕਰ, ਜੀਵਾਂ ਦੇ ਦੁੱਖ-ਦਲਿੱਦਰ ਦੂਰ ਕਰ ਕੇ ਬਚਾ ਲੈ = (ਸ੍ਰਿਸ਼ਟੀ ਦੀ ਇਹ) ਅਰਦਾਸ ਦਾਤਾਰ ਨੇ ਸੁਣੀ ਤੇ ਸ੍ਰਿਸ਼ਟੀ ਸ਼ਾਂਤ ਹੋ ਗਈ। (ਇਸੇ ਤਰ੍ਹਾਂ) ਹੇ ਪ੍ਰਭੂ! ਜੀਵਾਂ ਨੂੰ ਆਪਣੇ ਨੇੜੇ ਰੱਖ ਅਤੇ (ਇਹਨਾਂ ਦੀ) ਸਾਰੀ ਬਿਪਤਾ ਦੂਰ ਕਰ ਦੇਹ।

ਹੇ ਨਾਨਕ! (ਆਖ– ਹੇ ਭਾਈ!) ਪ੍ਰਭੂ ਦਾ ਨਾਮ ਸਿਮਰ, ਉਸ ਦਾ ਘਰ ਮੁਰਾਦਾਂ ਪੂਰੀਆਂ ਕਰਨ ਵਾਲਾ ਹੈ।1।

ਮਃ ੫ ॥ ਵੁਠੇ ਮੇਘ ਸੁਹਾਵਣੇ ਹੁਕਮੁ ਕੀਤਾ ਕਰਤਾਰਿ ॥ ਰਿਜਕੁ ਉਪਾਇਓਨੁ ਅਗਲਾ ਠਾਂਢਿ ਪਈ ਸੰਸਾਰਿ ॥ ਤਨੁ ਮਨੁ ਹਰਿਆ ਹੋਇਆ ਸਿਮਰਤ ਅਗਮ ਅਪਾਰ ॥ ਕਰਿ ਕਿਰਪਾ ਪ੍ਰਭ ਆਪਣੀ ਸਚੇ ਸਿਰਜਣਹਾਰ ॥ ਕੀਤਾ ਲੋੜਹਿ ਸੋ ਕਰਹਿ ਨਾਨਕ ਸਦ ਬਲਿਹਾਰ ॥੨॥ {ਪੰਨਾ 1251}

ਪਦ ਅਰਥ: ਮੇਘ = ਬੱਦਲ। ਵੁਠੇ = ਵੱਸੇ, ਵਰਖਾ ਕੀਤੀ। ਕਰਤਾਰਿ = ਕਰਤਾਰ ਨੇ। ਉਪਾਇਓਨੁ = ਉਪਾਇਆ ਉਸ ਨੇ। ਅਗਲਾ = ਬਹੁਤਾ। ਸੰਸਾਰਿ = ਸੰਸਾਰ ਵਿਚ। ਕੀਤਾ ਲੋੜਹਿ = ਜੋ ਤੂੰ ਕਰਨਾ ਚਾਹੁੰਦਾ ਹੈਂ।

ਅਰਥ: ਜਦੋਂ ਕਰਤਾਰ ਨੇ ਹੁਕਮ ਦਿੱਤਾ, ਸੋਹਣੇ ਬੱਦਲ ਆ ਕੇ ਵਰ੍ਹ ਪਏ, ਤੇ ਉਸ ਪ੍ਰਭੂ ਨੇ ਬੇਅੰਤ ਰਿਜ਼ਕ (ਜੀਵਾਂ ਲਈ) ਪੈਦਾ ਕੀਤਾ, ਸਾਰੇ ਜਗਤ ਵਿਚ ਠੰਢ ਪੈ ਗਈ, (ਇਸੇ ਤਰ੍ਹਾਂ ਕਰਤਾਰ ਦੀ ਮਿਹਰ ਨਾਲ ਗੁਰੂ-ਬੱਦਲ ਦੇ ਉਪਦੇਸ਼ ਦੀ ਵਰਖਾ ਨਾਲ ਬੇਅੰਤ ਨਾਮ-ਧਨ ਪੈਦਾ ਹੋਇਆ ਤੇ ਗੁਰੂ ਦੇ ਸਰਨ ਆਉਣ ਵਾਲੇ ਵਡ-ਭਾਗੀਆਂ ਦੇ ਅੰਦਰ ਠੰਢ ਪਈ) ਅਪਹੁੰਚ ਤੇ ਬੇਅੰਤ ਪ੍ਰਭੂ ਦਾ ਸਿਮਰਨ ਕਰਨ ਨਾਲ ਉਹਨਾਂ ਦਾ ਤਨ ਮਨ ਖਿੜ ਪਿਆ।

ਹੇ ਨਾਨਕ! (ਅਰਜ਼ੋਈ ਕਰ-) ਹੇ ਸਦਾ ਕਾਇਮ ਰਹਿਣ ਵਾਲੇ ਸਿਰਜਣਹਾਰ ਪ੍ਰਭੂ! ਆਪਣੀ ਮਿਹਰ ਕਰ (ਮੈਨੂੰ ਭੀ ਇਹੀ ਨਾਮ-ਧਨ ਦੇਹ) , ਜੋ ਤੂੰ ਕਰਨਾ ਚਾਹੁੰਦਾ ਹੈਂ ਉਹੀ ਤੂੰ ਕਰਦਾ ਹੈਂ, ਮੈਂ ਤੈਥੋਂ ਸਦਕੇ ਹਾਂ।2।

ਪਉੜੀ ॥ ਵਡਾ ਆਪਿ ਅਗੰਮੁ ਹੈ ਵਡੀ ਵਡਿਆਈ ॥ ਗੁਰ ਸਬਦੀ ਵੇਖਿ ਵਿਗਸਿਆ ਅੰਤਰਿ ਸਾਂਤਿ ਆਈ ॥ ਸਭੁ ਆਪੇ ਆਪਿ ਵਰਤਦਾ ਆਪੇ ਹੈ ਭਾਈ ॥ ਆਪਿ ਨਾਥੁ ਸਭ ਨਥੀਅਨੁ ਸਭ ਹੁਕਮਿ ਚਲਾਈ ॥ ਨਾਨਕ ਹਰਿ ਭਾਵੈ ਸੋ ਕਰੇ ਸਭ ਚਲੈ ਰਜਾਈ ॥੩੬॥੧॥ ਸੁਧੁ ॥ {ਪੰਨਾ 1251}

ਪਦ ਅਰਥ: ਅਗੰਮੁ = (ਅ+ਗੰਮੁ) ਅਪਹੁੰਚ, ਜਿਸ ਤਕ ਪਹੁੰਚ ਨਾਹ ਹੋ ਸਕੇ। ਵਡਿਆਈ = ਗੁਣ, ਬਜ਼ੁਰਗੀ। ਗੁਰ ਸਬਦੀ = ਗੁਰੂ ਦੇ ਸ਼ਬਦ ਦੀ ਰਾਹੀਂ। ਵਿਗਸਿਆ = ਖਿੜ ਪਿਆ, ਅੰਦਰ ਖਿੜਾਉ ਪੈਦਾ ਹੋਇਆ। ਅੰਤਰਿ = ਮਨ ਵਿਚ। ਸਭੁ = ਹਰ ਥਾਂ। ਆਪੇ = ਆਪ ਹੀ। ਵਰਤਦਾ = ਮੌਜੂਦ ਹੈ। ਭਾਈ = ਹੇ ਭਾਈ! ਸਭ = ਸਾਰੀ ਸ੍ਰਿਸ਼ਟੀ। ਨਥੀਅਨੁ = ਨੱਥੀ ਹੈ ਉਸ ਨੇ, ਇਕ ਧਾਗੇ ਵਿਚ ਪ੍ਰੋਤੀ ਹੋਈ ਹੈ, ਵੱਸ ਵਿਚ ਰੱਖੀ ਹੋਈ ਹੈ। ਹੁਕਮਿ = ਹੁਕਮ ਵਿਚ। ਰਜਾਈ = (ਉਸ ਦੀ) ਰਜ਼ਾ ਵਿਚ।

ਅਰਥ: ਪ੍ਰਭੂ (ਇਤਨਾ) ਵੱਡਾ ਹੈ (ਕਿ) ਉਸ ਤਕ ਪਹੁੰਚ ਨਹੀਂ ਹੋ ਸਕਦੀ, ਉਸ ਦੀ ਵਡਿਆਈ ਭੀ ਵੱਡੀ ਹੈ (ਭਾਵ, ਉਸ ਵੱਡੇ ਨੇ ਜੋ ਰਚਨਾ ਰਚੀ ਹੈ ਉਹ ਭੀ ਬੇਅੰਤ ਹੈ) ; ਜਿਸ ਮਨੁੱਖ ਨੇ ਗੁਰੂ ਦੇ ਸ਼ਬਦ ਦੀ ਰਾਹੀਂ (ਉਸ ਦੀ ਵਡਿਆਈ) ਵੇਖੀ ਹੈ ਉਸ ਦੇ ਅੰਦਰ ਖਿੜਾਉ ਪੈਦਾ ਹੋ ਗਿਆ ਹੈ, ਸ਼ਾਂਤੀ ਆ ਵੱਸੀ ਹੈ।

ਹੇ ਭਾਈ! (ਆਪਣੀ ਰਚੀ ਹੋਈ ਰਚਨਾ ਵਿਚ) ਹਰ ਥਾਂ ਪ੍ਰਭੂ ਆਪ ਹੀ ਆਪ ਮੌਜੂਦ ਹੈ; ਪ੍ਰਭੂ ਆਪ ਖਸਮ ਹੈ, ਸਾਰੀ ਸ੍ਰਿਸ਼ਟੀ ਨੂੰ ਉਸ ਨੇ ਆਪਣੇ ਵੱਸ ਵਿਚ ਰੱਖਿਆ ਹੋਇਆ ਹੈ, ਆਪਣੇ ਹੁਕਮ ਵਿਚ ਚਲਾ ਰਿਹਾ ਹੈ।

ਹੇ ਨਾਨਕ! ਜੋ ਪ੍ਰਭੂ ਨੂੰ ਚੰਗਾ ਲੱਗਦਾ ਹੈ ਉਹੀ ਕਰਦਾ ਹੈ, ਸਾਰੀ ਸ੍ਰਿਸ਼ਟੀ ਉਸੇ ਦੀ ਰਜ਼ਾ ਵਿਚ ਤੁਰ ਰਹੀ ਹੈ। 36।1। ਸੁਧੁ।

ਰਾਗੁ ਸਾਰੰਗ ਬਾਣੀ ਭਗਤਾਂ ਕੀ ॥ ਕਬੀਰ ਜੀ ॥ ੴ ਸਤਿਗੁਰ ਪ੍ਰਸਾਦਿ ॥ ਕਹਾ ਨਰ ਗਰਬਸਿ ਥੋਰੀ ਬਾਤ ॥ ਮਨ ਦਸ ਨਾਜੁ ਟਕਾ ਚਾਰਿ ਗਾਂਠੀ ਐਂਡੌ ਟੇਢੌ ਜਾਤੁ ॥੧॥ ਰਹਾਉ ॥ ਬਹੁਤੁ ਪ੍ਰਤਾਪੁ ਗਾਂਉ ਸਉ ਪਾਏ ਦੁਇ ਲਖ ਟਕਾ ਬਰਾਤ ॥ ਦਿਵਸ ਚਾਰਿ ਕੀ ਕਰਹੁ ਸਾਹਿਬੀ ਜੈਸੇ ਬਨ ਹਰ ਪਾਤ ॥੧॥ ਨਾ ਕੋਊ ਲੈ ਆਇਓ ਇਹੁ ਧਨੁ ਨਾ ਕੋਊ ਲੈ ਜਾਤੁ ॥ ਰਾਵਨ ਹੂੰ ਤੇ ਅਧਿਕ ਛਤ੍ਰਪਤਿ ਖਿਨ ਮਹਿ ਗਏ ਬਿਲਾਤ ॥੨॥ ਹਰਿ ਕੇ ਸੰਤ ਸਦਾ ਥਿਰੁ ਪੂਜਹੁ ਜੋ ਹਰਿ ਨਾਮੁ ਜਪਾਤ ॥ ਜਿਨ ਕਉ ਕ੍ਰਿਪਾ ਕਰਤ ਹੈ ਗੋਬਿਦੁ ਤੇ ਸਤਸੰਗਿ ਮਿਲਾਤ ॥੩॥ ਮਾਤ ਪਿਤਾ ਬਨਿਤਾ ਸੁਤ ਸੰਪਤਿ ਅੰਤਿ ਨ ਚਲਤ ਸੰਗਾਤ ॥ ਕਹਤ ਕਬੀਰੁ ਰਾਮ ਭਜੁ ਬਉਰੇ ਜਨਮੁ ਅਕਾਰਥ ਜਾਤ ॥੪॥੧॥ {ਪੰਨਾ 1251}

ਪਦ ਅਰਥ: ਗਰਬਸਿ = ਤੂੰ ਹੰਕਾਰ ਕਰਦਾ ਹੈਂ। ਨਰ = ਹੇ ਮਨੁੱਖ! ਥੋਰੀ ਬਾਤ = ਥੋੜ੍ਹੀ ਜਿਹੀ ਗੱਲ ਪਿੱਛੇ। ਮਨ = ਮਣ। ਨਾਜੁ = ਅਨਾਜ। ਟਕਾ ਚਾਰਿ = ਚਾਰ ਟਕੇ, ਥੋੜ੍ਹੀ ਜਿਹੀ ਮਾਇਆ। ਗਾਂਠੀ = ਪੱਲੇ। ਐਂਡੌ = ਇਤਨਾ।1। ਰਹਾਉ।

ਗਾਂਉ = ਪਿੰਡ। ਬਰਾਤ = ਜਗੀਰ। ਸਾਹਿਬੀ = ਸਰਦਾਰੀ। ਬਨ = ਜੰਗਲ ਦੇ। ਹਰ ਪਾਤ = ਹਰੇ ਪੱਤਰ।1।

ਅਧਿਕ = ਵੱਡੇ। ਛਤ੍ਰਪਤਿ = ਰਾਜੇ। ਗਏ ਬਿਲਾਤ = ਚਲੇ ਗਏ।2।

ਜਪਾਤ = ਜਪਦੇ। ਮਿਲਾਤ = ਮਿਲਦੇ ਹਨ।3।

ਬਨਿਤਾ = ਵਹੁਟੀ। ਸਤੁ = ਪੁੱਤਰ। ਸੰਪਤਿ = ਧਨ। ਸੰਗਾਤ = ਨਾਲ। ਬਉਰੇ = ਹੇ ਕਮਲੇ! ਅਕਾਰਥ = ਵਿਅਰਥ।4।

ਅਰਥ: ਹੇ ਬੰਦੇ! ਥੋੜ੍ਹੀ ਜਿਹੀ ਗੱਲ ਪਿੱਛੇ (ਭਾਵ, ਇਸ ਚੰਦ-ਰੋਜ਼ਾ ਜ਼ਿੰਦਗੀ ਪਿੱਛੇ) ਕਿਉਂ ਮਾਣ ਕਰ ਰਿਹਾ ਹੈਂ? ਦਸ ਮਣ ਦਾਣੇ ਜਾਂ ਚਾਰ ਟਕੇ ਜੇ ਪੱਲੇ ਹੋ ਗਏ (ਤਾਂ ਕੀਹ ਹੋਇਆ? ਕਿਉਂ) ਇਤਨਾ ਆਕੜ ਕੇ ਤੁਰਦਾ ਹੈਂ?।1। ਰਹਾਉ।

ਜੇ ਇਸ ਤੋਂ ਭੀ ਵਧੀਕ ਪ੍ਰਤਾਪ ਹੋਇਆ ਤਾਂ ਸੌ ਪਿੰਡਾਂ ਦੀ ਮਾਲਕੀ ਹੋ ਗਈ ਜਾਂ (ਲੱਖ) ਦੋ ਲੱਖ ਟਕੇ ਦੀ ਜਾਗੀਰ ਮਿਲ ਗਈ, ਹੇ ਬੰਦੇ! ਤਾਂ ਭੀ ਚਾਰ ਦਿਨ ਦੀ ਸਰਦਾਰੀ ਕਰ ਲਵੋਗੇ (ਤੇ ਆਖ਼ਰ ਛੱਡ ਜਾਉਗੇ) ਜਿਵੇਂ ਜੰਗਲ ਦੇ ਹਰੇ ਪੱਤੇ (ਚਾਰ ਦਿਨ ਹੀ ਹਰੇ ਰਹਿੰਦੇ ਹਨ, ਤੇ ਫਿਰ ਸੁੱਕ-ਸੜ ਜਾਂਦੇ ਹਨ) ।1।

(ਦੁਨੀਆ ਦਾ) ਇਹ ਮਾਲ-ਧਨ ਨਾਹ ਕੋਈ ਬੰਦਾ (ਜੰਮਣ ਵੇਲੇ) ਆਪਣੇ ਨਾਲ ਲੈ ਕੇ ਆਇਆ ਹੈ ਤੇ ਨਾਹ ਕੋਈ (ਮਰਨ ਵੇਲੇ) ਇਹ ਧਨ ਨਾਲ ਲੈ ਜਾਂਦਾ ਹੈ। ਰਾਵਣ ਤੋਂ ਭੀ ਵੱਡੇ ਵੱਡੇ ਰਾਜੇ ਇਕ ਪਲਕ ਵਿਚ ਇੱਥੋਂ ਚੱਲ ਵਸੇ।2।

(ਹੇ ਬੰਦੇ! ਜਨਮ-ਮਰਨ ਦਾ ਗੇੜ ਹਰੇਕ ਦੇ ਸਿਰ ਉੱਤੇ ਹੈ, ਸਿਰਫ਼) ਪ੍ਰਭੂ ਦੇ ਸੰਤ ਹੀ ਹਨ ਜੋ ਸਦਾ ਅਟੱਲ ਰਹਿੰਦੇ ਹਨ (ਜੋ ਮੁੜ ਮੁੜ ਮੌਤ ਦਾ ਸ਼ਿਕਾਰ ਨਹੀਂ ਹੁੰਦੇ) , ਉਹਨਾਂ ਦੀ ਸੇਵਾ ਕਰੋ, ਉਹ ਪ੍ਰਭੂ ਦਾ ਨਾਮ (ਆਪ ਸਿਮਰਦੇ ਹਨ ਤੇ ਹੋਰਨਾਂ ਤੋਂ) ਜਪਾਂਦੇ ਹਨ। ਪਰਮਾਤਮਾ ਜਿਨ੍ਹਾਂ ਉੱਤੇ ਮਿਹਰ ਕਰਦਾ ਹੈ ਉਹਨਾਂ ਨੂੰ (ਐਸੇ) ਸੰਤ ਜਨਾਂ ਦੀ ਸੰਗਤ ਵਿਚ ਮਿਲਾਂਦਾ ਹੈ।3।

ਕਬੀਰ ਆਖਦਾ ਹੈ– ਹੇ ਕਮਲੇ! ਮਾਂ, ਪਿਉ, ਵਹੁਟੀ, ਪੁੱਤਰ, ਧਨ = ਇਹਨਾਂ ਵਿਚੋਂ ਕੋਈ ਭੀ ਅਖ਼ੀਰ ਵੇਲੇ ਨਾਲ ਨਹੀਂ ਤੁਰਦਾ। (ਇਕ ਪ੍ਰਭੂ ਹੀ ਸਾਥੀ ਬਣਦਾ ਹੈ) ਪ੍ਰਭੂ ਦਾ ਨਾਮ ਸਿਮਰ, (ਸਿਮਰਨ ਤੋਂ ਬਿਨਾ) ਜੀਵਨ ਵਿਅਰਥ ਜਾ ਰਿਹਾ ਹੈ।4।1।

ਸ਼ਬਦ ਦਾ ਭਾਵ: ਧਨ, ਸੰਪਤਿ, ਸੰਬੰਧੀਆਂ ਦਾ ਮਾਣ ਕੂੜਾ ਹੈ, ਸਦਾ ਨਾਲ ਨਹੀਂ ਨਿੱਭਦਾ।

TOP OF PAGE

Sri Guru Granth Darpan, by Professor Sahib Singh