ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 1252

ਰਾਜਾਸ੍ਰਮ ਮਿਤਿ ਨਹੀ ਜਾਨੀ ਤੇਰੀ ॥ ਤੇਰੇ ਸੰਤਨ ਕੀ ਹਉ ਚੇਰੀ ॥੧॥ ਰਹਾਉ ॥ ਹਸਤੋ ਜਾਇ ਸੁ ਰੋਵਤੁ ਆਵੈ ਰੋਵਤੁ ਜਾਇ ਸੁ ਹਸੈ ॥ ਬਸਤੋ ਹੋਇ ਹੋਇ ਸੋੁ ਊਜਰੁ ਊਜਰੁ ਹੋਇ ਸੁ ਬਸੈ ॥੧॥ ਜਲ ਤੇ ਥਲ ਕਰਿ ਥਲ ਤੇ ਕੂਆ ਕੂਪ ਤੇ ਮੇਰੁ ਕਰਾਵੈ ॥ ਧਰਤੀ ਤੇ ਆਕਾਸਿ ਚਢਾਵੈ ਚਢੇ ਅਕਾਸਿ ਗਿਰਾਵੈ ॥੨॥ ਭੇਖਾਰੀ ਤੇ ਰਾਜੁ ਕਰਾਵੈ ਰਾਜਾ ਤੇ ਭੇਖਾਰੀ ॥ ਖਲ ਮੂਰਖ ਤੇ ਪੰਡਿਤੁ ਕਰਿਬੋ ਪੰਡਿਤ ਤੇ ਮੁਗਧਾਰੀ ॥੩॥ ਨਾਰੀ ਤੇ ਜੋ ਪੁਰਖੁ ਕਰਾਵੈ ਪੁਰਖਨ ਤੇ ਜੋ ਨਾਰੀ ॥ ਕਹੁ ਕਬੀਰ ਸਾਧੂ ਕੋ ਪ੍ਰੀਤਮੁ ਤਿਸੁ ਮੂਰਤਿ ਬਲਿਹਾਰੀ ॥੪॥੨॥ {ਪੰਨਾ 1252}

ਪਦ ਅਰਥ: ਰਾਜਾਸ੍ਰਮ = ਰਾਜ-ਆਸ਼੍ਰਮ (ਰਾਜ = ਵੱਡਾ, ਉੱਚਾ। ਆਸ਼੍ਰਮ = ਅਸਥਾਨ, ਮਹੱਲ, ਟਿਕਾਣਾ) ਹੇ ਉੱਚੇ ਅਸਥਾਨ ਵਾਲੇ ਪ੍ਰਭੂ! ਮਿਤਿ = ਅੰਦਾਜ਼ਾ, ਮਾਪ, ਅੰਤ। ਹਉ = ਮੈਂ। ਚੇਰੀ = ਦਾਸੀ।1। ਰਹਾਉ।

ਹਸਤੋ = ਹੱਸਦਾ। ਬਸਤੋ = ਵੱਸਦਾ। ਊਜਰੁ = ਉਜਾੜ। ਸੁ = ਉਹ (ਥਾਂ) । ਬਸੈ = ਵੱਸ ਪੈਂਦਾ ਹੈ।1।

ਕੂਆ = ਖੂਹ। ਕੂਪ = ਖੂਹ। ਮੇਰੁ = ਪਰਬਤ।2।

ਭੇਖਾਰੀ = ਮੰਗਤਾ। ਰਾਜੁ = ਹਕੂਮਤ, ਬਾਦਸ਼ਾਹੀ। ਖਲ = ਕੁੰਢ, ਮੂੜ੍ਹ। ਕਰਿਬੋ = ਕਰ ਦੇਂਦਾ ਹੈ (ਕਰ ਦੇਵੇਗਾ) । ਮੁਗਧਾਰੀ = ਮੂਰਖ।3।

ਕਰਾਵੈ = ਪੈਦਾ ਕਰਾਉਂਦਾ ਹੈ। ਪੁਰਖਨ ਤੇ = ਮਨੁੱਖਾਂ ਤੋਂ।4।

ਨੋਟ: ਨਾਰੀ ਤੋਂ ਪੁਰਖ ਪੈਦਾ ਕਰਨ ਅਤੇ ਪੁਰਖ ਤੋਂ ਨਾਰੀ ਪੈਦਾ ਕਰਨ ਦਾ ਖ਼ਿਆਲ ਗੁਰੂ ਨਾਨਕ ਦੇਵ ਜੀ ਨੇ ਦੱਸਿਆ ਹੈ। ਸਤਿਗੁਰੂ ਜੀ ਭੀ ਅਕਾਲ ਪੁਰਖ ਦੀ ਅਗਾਧ ਕਥਾ ਹੀ ਬਿਆਨ ਕਰਨ ਸਮੇ ਇਹ ਖ਼ਿਆਲ ਪਰਗਟ ਕਰਦੇ ਹਨ:

ਰਾਮਕਲੀ ਮ: 1 ॥ ਸਾਗਰ ਮਹਿ ਬੂੰਦ, ਮਹਿ ਬੂੰਦ ਸਾਗਰੁ, ਕਵਣੁ ਬੂਝੈ ਬਿਧਿ ਜਾਣੈ ॥ ਉਤਭੁਜ ਚਲਤ ਆਪਿ ਕਰਿ ਚੀਨੈ, ਆਪੇ ਤਤੁ ਪਛਾਣੈ ॥1॥ ਐਸਾ ਗਿਆਨੁ ਬੀਚਾਰੈ ਕੋਈ ॥ ਤਿਸ ਤੇ ਮੁਕਤਿ ਪਰਮ ਗਤਿ ਹੋਈ ॥1॥ਰਹਾਉ॥ ਦਿਨ ਮਹਿ ਰੈਣਿ, ਰੈਣਿ ਮਹਿ ਦਿਨੀਅਰੁ, ਉਸਨ ਸੀਤ ਬਿਧਿ ਸੋਈ ॥ ਤਾ ਕੀ ਗਤਿ ਮਿਤਿ ਅਵਰੁ ਨ ਜਾਣੈ, ਗੁਰ ਬਿਨੁ ਸਮਝ ਨ ਹੋਈ ॥2॥ ਪੁਰਖ ਮਹਿ ਨਾਰਿ, ਨਾਰਿ ਮਹਿ ਪੁਰਖਾ, ਬੂਝਹੁ ਬ੍ਰਹਮ ਗਿਆਨੀ ॥ ਧੁਨਿ ਮਹਿ ਧਿਆਨੁ, ਧਿਆਨ ਮਹਿ ਜਾਨਿਆ, ਗੁਰਮੁਖਿ ਅਕਥ ਕਹਾਨੀ ॥3॥ ਮਨ ਮਹਿ ਜੋਤਿ ਜੋਤਿ ਮਹਿ ਮਨੂਆ, ਪੰਚ ਮਿਲੇ ਗੁਰਭਾਈ ॥ ਨਾਨਕ ਤਿਨ ਕੇ ਸਦ ਬਲਿਹਾਰੀ, ਜਿਨ ਏਕ ਸਬਦਿ ਲਿਵ ਲਾਈ ॥4॥9॥ (ਪੰਨਾ 878)

ਅਰਥ: ਹੇ ਉੱਚੇ ਮਹੱਲ ਵਾਲੇ (ਪ੍ਰਭੂ!) ਮੈਥੋਂ ਤੇਰੀ ਕੁਦਰਤ ਦਾ ਅੰਤ ਨਹੀਂ ਪੈ ਸਕਦਾ, (ਤੇਰੇ ਸੰਤ ਹੀ ਤੇਰੇ ਗੁਣਾਂ ਦਾ ਜ਼ਿਕਰ ਕਰਦੇ ਹਨ; ਸੋ) ਮੈਂ ਤੇਰੇ ਸੰਤਾਂ ਦੀ ਹੀ ਦਾਸੀ ਬਣੀ ਰਹਾਂ (ਇਹੋ ਮੇਰੀ ਤਾਂਘ ਹੈ) ।1। ਰਹਾਉ।

(ਅਚਰਜ ਖੇਡ ਹੈ) ਜੋ ਹੱਸਦਾ ਜਾਂਦਾ ਹੈ ਉਹ ਰੋਂਦਾ (ਵਾਪਸ) ਆਉਂਦਾ ਹੈ; ਜੋ ਰੋਂਦਾ ਜਾਂਦਾ ਹੈ ਉਹ ਹੱਸਦਾ ਮੁੜਦਾ ਹੈ। ਜੋ ਕਦੇ ਵੱਸਦਾ (ਨਗਰ) ਹੁੰਦਾ ਹੈ, ਉਹ ਉੱਜੜ ਜਾਂਦਾ ਹੈ, ਤੇ ਉੱਜੜਿਆ ਹੋਇਆ ਥਾਂ ਵੱਸ ਪੈਂਦਾ ਹੈ।1।

(ਹੇ ਭਾਈ! ਪਰਮਾਤਮਾ ਦੀ ਖੇਡ ਅਸਚਰਜ ਹੈ) ਪਾਣੀ (ਨਾਲ ਭਰੇ ਥਾਵਾਂ ਤੋਂ) ਬਰੇਤਾ ਕਰ ਦੇਂਦਾ ਹੈ, ਬਰੇਤੇ ਤੋਂ ਖੂਹ ਬਣਾ ਦੇਂਦਾ ਹੈ, ਅਤੇ ਖੂਹ (ਦੇ ਥਾਂ) ਤੋਂ ਪਹਾੜ ਕਰ ਦੇਂਦਾ ਹੈ। ਜ਼ਮੀਨ ਉਤੇ ਪਏ ਨੂੰ ਅਸਮਾਨ ਉਤੇ ਚਾੜ੍ਹ ਦੇਂਦਾ ਹੈ, ਅਸਮਾਨ ਉਤੇ ਚੜ੍ਹੇ ਨੂੰ ਹੇਠਾਂ ਡੇਗ ਦੇਂਦਾ ਹੈ।2।

ਮੰਗਤੇ (ਨੂੰ ਰਾਜਾ ਬਣਾ ਕੇ ਉਸ) ਤੋਂ ਰਾਜ ਕਰਾਂਦਾ ਹੈ, ਰਾਜੇ ਤੋਂ ਮੰਗਤਾ ਬਣਾ ਦੇਂਦਾ ਹੈ; ਮਹਾਂ ਪੂਰਖ ਤੋਂ ਵਿਦਵਾਨ ਬਣਾ ਦੇਂਦਾ ਹੈ ਅਤੇ ਪੰਡਿਤ ਤੋਂ ਮੂਰਖ ਕਰ ਦੇਂਦਾ ਹੈ।3।

(ਜੋ ਪ੍ਰਭੂ) ਜ਼ਨਾਨੀ ਤੋਂ ਮਰਦ ਪੈਦਾ ਕਰਦਾ ਹੈ, ਮਰਦਾਂ (ਦੀ ਬਿੰਦ) ਤੋਂ ਜੋ ਜ਼ਨਾਨੀਆਂ ਪੈਦਾ ਕਰ ਦੇਂਦਾ ਹੈ, ਹੇ ਕਬੀਰ! ਆਖ– ਮੈਂ ਉਸ ਸੋਹਣੇ ਸਰੂਪ ਤੋਂ ਸਦਕੇ ਹਾਂ, ਉਹ ਸੰਤ ਜਨਾਂ ਦਾ ਪਿਆਰਾ ਹੈ।4।2।

ਸ਼ਬਦ ਦਾ ਭਾਵ: ਦੁਨੀਆ ਵਿਚ ਕਦੇ ਸੁਖ ਹੈ ਕਦੇ ਦੁੱਖ। ਨਾਹ ਸੁਖ ਵਿਚ ਅਹੰਕਾਰ ਕਰੇ, ਨਾਹ ਦੁੱਖ ਵਿਚ ਥੱਲੇ ਲਹਿ ਜਾਏ। ਸੁਖ-ਦੁੱਖ ਦਾ ਇਹ ਚੱਕਰ ਪ੍ਰਭੂ ਦੇ ਹੱਥ ਵਿਚ ਹੈ।

ਸਾਰੰਗ ਬਾਣੀ ਨਾਮਦੇਉ ਜੀ ਕੀ ॥ ੴ ਸਤਿਗੁਰ ਪ੍ਰਸਾਦਿ ॥ ਕਾਏਂ ਰੇ ਮਨ ਬਿਖਿਆ ਬਨ ਜਾਇ ॥ ਭੂਲੌ ਰੇ ਠਗਮੂਰੀ ਖਾਇ ॥੧॥ ਰਹਾਉ ॥ ਜੈਸੇ ਮੀਨੁ ਪਾਨੀ ਮਹਿ ਰਹੈ ॥ ਕਾਲ ਜਾਲ ਕੀ ਸੁਧਿ ਨਹੀ ਲਹੈ ॥ ਜਿਹਬਾ ਸੁਆਦੀ ਲੀਲਿਤ ਲੋਹ ॥ ਐਸੇ ਕਨਿਕ ਕਾਮਨੀ ਬਾਧਿਓ ਮੋਹ ॥੧॥ ਜਿਉ ਮਧੁ ਮਾਖੀ ਸੰਚੈ ਅਪਾਰ ॥ ਮਧੁ ਲੀਨੋ ਮੁਖਿ ਦੀਨੀ ਛਾਰੁ ॥ ਗਊ ਬਾਛ ਕਉ ਸੰਚੈ ਖੀਰੁ ॥ ਗਲਾ ਬਾਂਧਿ ਦੁਹਿ ਲੇਇ ਅਹੀਰੁ ॥੨॥ ਮਾਇਆ ਕਾਰਨਿ ਸ੍ਰਮੁ ਅਤਿ ਕਰੈ ॥ ਸੋ ਮਾਇਆ ਲੈ ਗਾਡੈ ਧਰੈ ॥ ਅਤਿ ਸੰਚੈ ਸਮਝੈ ਨਹੀ ਮੂੜ੍ਹ੍ਹ ॥ ਧਨੁ ਧਰਤੀ ਤਨੁ ਹੋਇ ਗਇਓ ਧੂੜਿ ॥੩॥ ਕਾਮ ਕ੍ਰੋਧ ਤ੍ਰਿਸਨਾ ਅਤਿ ਜਰੈ ॥ ਸਾਧਸੰਗਤਿ ਕਬਹੂ ਨਹੀ ਕਰੈ ॥ ਕਹਤ ਨਾਮਦੇਉ ਤਾ ਚੀ ਆਣਿ ॥ ਨਿਰਭੈ ਹੋਇ ਭਜੀਐ ਭਗਵਾਨ ॥੪॥੧॥ {ਪੰਨਾ 1252}

ਪਦ ਅਰਥ: ਰੇ = ਹੇ! ਕਾਏਂ = ਕਿਉਂ? ਬਿਖਿਆ = ਮਾਇਆ। ਬਨ = ਜੰਗਲ। ਭੂਲੌ = ਭੁਲੇਖੇ ਵਿਚ ਪਿਆ ਹੋਇਆ ਹੈ। ਠਗਮੂਰੀ = ਠਗ-ਬੂਟੀ, ਧਤੂਰਾ।1। ਰਹਾਉ।

ਮੀਨੁ = ਮੱਛੀ। ਕਾਲ ਜਾਲ ਕੀ = ਮੌਤ-ਰੂਪ ਜਾਲ ਦੀ। ਸੁਧਿ = ਸੂਝ। ਲੀਲਿਤ = ਨਿਗਲਦੀ ਹੈ। ਲੋਹ = ਲੋਹੇ ਦੀ ਕੁੰਡੀ। ਕਨਿਕ = ਸੋਨਾ। ਕਾਮਨੀ = ਇਸਤ੍ਰੀ।1।

ਮਧੂ = ਸ਼ਹਿਦ। ਸੰਚੈ = ਇਕੱਠਾ ਕਰਦੀ ਹੈ। ਮੁਖਿ = ਮੂੰਹ ਵਿਚ। ਛਾਰੁ = ਸੁਆਹ। ਬਾਛ ਕਉ = ਵੱਛੇ ਲਈ। ਖੀਰੁ = ਦੁੱਧ। ਦੁਹਿ ਲੇਇ = ਚੋ ਲੈਂਦਾ ਹੈ। ਅਹੀਰੁ = ਗੁੱਜਰ।2।

ਸ੍ਰਮੁ = ਮਿਹਨਤ। ਗਾਡੈ = (ਧਰਤੀ ਵਿਚ) ਦੱਬ ਦੇਂਦਾ ਹੈ। ਮੂੜ੍ਹ੍ਹ = ਮੂਰਖ। ਧੂੜਿ = ਮਿੱਟੀ।3।

ਜਰੈ = ਸੜਦਾ ਹੈ। ਤਾ ਚੀ = ਉਸ (ਪ੍ਰਭੂ) ਦੀ। ਆਣਿ = ਓਟ, ਆਸਰਾ।4।

ਅਰਥ: ਹੇ ਮਨ! ਤੂੰ ਮਾਇਆ-ਜੰਗਲ ਵਿਚ ਕਿਉਂ ਜਾ ਫਸਿਆ ਹੈਂ? ਤੂੰ ਤਾਂ ਭੁਲੇਖੇ ਵਿਚ ਪੈ ਕੇ ਠਗ-ਬੂਟੀ ਖਾਈ ਜਾ ਰਿਹਾ ਹੈਂ।1। ਰਹਾਉ।

ਜਿਵੇਂ ਮੱਛੀ ਪਾਣੀ ਵਿਚ (ਬੇ-ਫ਼ਿਕਰ ਹੋ ਕੇ) ਰਹਿੰਦੀ ਮੌਤ-ਜਾਲ ਦੀ ਸੋਝੀ ਨਹੀਂ ਲੈਂਦੀ (ਭਾਵ, ਇਹ ਨਹੀਂ ਸਮਝਦੀ ਕਿ ਇਹ ਜਾਲ ਮੇਰੀ ਮੌਤ ਦਾ ਕਾਰਨ ਬਣੇਗਾ) , ਜੀਭ ਦੇ ਸੁਆਦ ਪਿੱਛੇ ਲੋਹੇ ਦੀ ਕੁੰਡੀ ਨਿਗਲ ਲੈਂਦੀ ਹੈ (ਤੇ ਪਕੜੀ ਜਾਂਦੀ ਹੈ) ; ਤਿਵੇਂ ਹੀ (ਹੇ ਭਾਈ!) ਤੂੰ ਸੋਨੇ ਤੇ ਇਸਤ੍ਰੀ ਦੇ ਮੋਹ ਵਿਚ ਬੱਝਾ ਪਿਆ ਹੈਂ (ਤੇ ਆਪਣੀ ਆਤਮਕ ਮੌਤ ਸਹੇੜ ਰਿਹਾ ਹੈਂ) ।1।

ਜਿਵੇਂ ਮੱਖੀ ਬਹੁਤ ਸ਼ਹਿਦ ਇਕੱਠਾ ਕਰਦੀ ਹੈ, ਪਰ ਮਨੁੱਖ (ਆ ਕੇ) ਸ਼ਹਿਦ ਲੈ ਲੈਂਦਾ ਹੈ ਤੇ ਉਸ ਮੱਖੀ ਦੇ ਮੂੰਹ ਵਿਚ ਸੁਆਹ ਪਾਂਦਾ ਹੈ (ਭਾਵ, ਉਸ ਮੱਖੀ ਨੂੰ ਕੁਝ ਭੀ ਨਹੀਂ ਦੇਂਦਾ) ; ਜਿਵੇਂ ਗਊ ਆਪਣੇ ਵੱਛੇ ਲਈ ਦੁੱਧ (ਥਣਾਂ ਵਿਚ) ਇਕੱਠਾ ਕਰਦੀ ਹੈ, ਪਰ ਗੁੱਜਰ ਗਲਾਵਾਂ ਪਾ ਕੇ ਦੁੱਧ ਚੋ ਲੈਂਦਾ ਹੈ।2।

ਤਿਵੇਂ ਮੂਰਖ ਮਨੁੱਖ ਮਾਇਆ ਦੀ ਖ਼ਾਤਰ ਬੜੀ ਮਿਹਨਤ ਕਰਦਾ ਹੈ, ਉਸ ਨੂੰ ਕਮਾ ਕੇ ਧਰਤੀ ਵਿਚ ਨੱਪ ਰੱਖਦਾ ਹੈ, ਮੂਰਖ ਬੜੀ ਇਕੱਠੀ ਕਰੀ ਜਾਂਦਾ ਹੈ ਪਰ ਸਮਝਦਾ ਨਹੀਂ ਕਿ ਧਨ ਜ਼ਮੀਨ ਵਿਚ ਹੀ ਦੱਬਿਆ ਪਿਆ ਰਹਿੰਦਾ ਹੈ ਤੇ (ਮੌਤ ਆਇਆਂ) ਸਰੀਰ ਮਿੱਟੀ ਹੋ ਜਾਂਦਾ ਹੈ।3।

(ਮੂਰਖ ਮਨੁੱਖ) ਕਾਮ ਕ੍ਰੋਧ ਅਤੇ ਤ੍ਰਿਸ਼ਨਾ ਵਿਚ ਬਹੁਤ ਖਿੱਝਦਾ ਹੈ, ਕਦੇ ਭੀ ਸਾਧ-ਸੰਗਤਿ ਵਿਚ ਨਹੀਂ ਬੈਠਦਾ। ਨਾਮਦੇਵ ਆਖਦਾ ਹੈ– ਹੇ ਭਾਈ! ਉਸ (ਪ੍ਰਭੂ) ਦੀ ਓਟ (ਲੈ) (ਜੋ ਸਦਾ ਤੇਰੇ ਨਾਲ ਨਿੱਭਣ ਵਾਲਾ ਹੈ) ਨਿਡਰ ਹੋ ਕੇ ਭਗਵਾਨ ਦਾ ਸਿਮਰਨ ਕਰਨਾ ਚਾਹੀਦਾ ਹੈ।4।1।

ਸ਼ਬਦ ਦਾ ਭਾਵ: ਮਾਇਆ ਦਾ ਸਾਥ ਕੱਚਾ ਹੈ। ਇਸ ਦੇ ਮੋਹ ਵਿਚ ਜੀਵਨ ਵਿਅਰਥ ਜਾਂਦਾ ਹੈ। ਸਾਧ-ਸੰਗਤ ਦੇ ਆਸਰੇ ਪ੍ਰਭੂ ਦਾ ਸਿਮਰਨ ਕਰਨਾ ਚਾਹੀਦਾ ਹੈ।

ਬਦਹੁ ਕੀ ਨ ਹੋਡ ਮਾਧਉ ਮੋ ਸਿਉ ॥ ਠਾਕੁਰ ਤੇ ਜਨੁ ਜਨ ਤੇ ਠਾਕੁਰੁ ਖੇਲੁ ਪਰਿਓ ਹੈ ਤੋ ਸਿਉ ॥੧॥ ਰਹਾਉ ॥ ਆਪਨ ਦੇਉ ਦੇਹੁਰਾ ਆਪਨ ਆਪ ਲਗਾਵੈ ਪੂਜਾ ॥ ਜਲ ਤੇ ਤਰੰਗ ਤਰੰਗ ਤੇ ਹੈ ਜਲੁ ਕਹਨ ਸੁਨਨ ਕਉ ਦੂਜਾ ॥੧॥ ਆਪਹਿ ਗਾਵੈ ਆਪਹਿ ਨਾਚੈ ਆਪਿ ਬਜਾਵੈ ਤੂਰਾ ॥ ਕਹਤ ਨਾਮਦੇਉ ਤੂੰ ਮੇਰੋ ਠਾਕੁਰੁ ਜਨੁ ਊਰਾ ਤੂ ਪੂਰਾ ॥੨॥੨॥ {ਪੰਨਾ 1252}

ਪਦ ਅਰਥ: ਕੀ ਨ = ਕਿਉਂ ਨਹੀਂ? ਬਦਹੁ = ਲਾਂਦੇ, ਮਿਥਦੇ। ਹੋਡ = ਸ਼ਰਤ। ਮੋ ਸਿਉ = ਮੇਰੇ ਨਾਲ। ਬਦਹੁ...ਸਿਉ = ਹੇ ਮਾਧੋ! ਮੇਰੇ ਨਾਲ ਸ਼ਰਤ ਕਿਉਂ ਨਹੀਂ ਲਾਂਦੇ? ਹੇ ਮਾਧੋ! ਮੇਰੇ ਨਾਲ ਸ਼ਰਤ ਲਾ ਕੇ ਵੇਖ ਲੈ; ਹੇ ਮਾਧੋ! ਮੇਰੇ ਨਾਲ ਬਹਿਸ ਕਰ ਕੇ ਵੇਖ ਲੈ, ਜੋ ਮੈਂ ਆਖਦਾ ਹਾਂ ਠੀਕ ਹੈ। ਖੇਲੁ = ਜਗਤ-ਰੂਪ ਖੇਡ। ਤੋ ਸਿਉ = ਤੇਰੇ ਨਾਲ। ਖੇਲੁ...ਸਿਉ = ਇਹ ਜਗਤ-ਖੇਡ ਸਾਡੀ ਤੇਰੇ ਨਾਲ (ਸਾਂਝੀ) ਪਈ ਹੋਈ ਹੈ; ਇਹ ਤੇਰੀ ਸਾਡੀ ਸਾਂਝੀ ਖੇਡ ਹੈ।1। ਰਹਾਉ।

ਦੇਉ = ਦੇਵਤਾ। ਆਪਨ = ਤੂੰ ਆਪ ਹੀ। ਤਰੰਗ = ਲਹਿਰਾਂ। ਦੂਜਾ = ਵੱਖੋ-ਵੱਖਰਾ।1।

ਤੂਰਾ = ਵਾਜਾ। ਊਰਾ = ਘੱਟ।2।

ਅਰਥ: ਹੇ ਮਾਧੋ! ਮੇਰੇ ਨਾਲ ਵਿਚਾਰ ਕਰ ਕੇ ਵੇਖ ਲੈ (ਇਹ ਗੱਲ ਸੱਚੀ ਹੈ ਕਿ) ਇਹ ਜਗਤ-ਖੇਡ ਤੇਰੀ ਤੇ ਸਾਡੀ ਜੀਵਾਂ ਦੀ ਸਾਂਝੀ ਖੇਡ ਹੈ (ਕਿਉਂਕਿ) ਮਾਲਕ ਤੋਂ ਸੇਵਕ ਤੇ ਸੇਵਕ ਤੋਂ ਮਾਲਕ (ਦੀ ਪੀੜ੍ਹੀ ਚਲਦੀ ਹੈ, ਭਾਵ, ਜੇ ਮਾਲਕ ਹੋਵੇ ਤਾਂ ਹੀ ਉਸ ਦਾ ਕੋਈ ਸੇਵਕ ਬਣ ਸਕਦਾ ਹੈ, ਤੇ ਜੇ ਸੇਵਕ ਹੋਵੇ ਤਾਂ ਹੀ ਉਸ ਦਾ ਕੋਈ ਮਾਲਕ ਅਖਵਾ ਸਕੇਗਾ। ਸੋ, ਮਾਲਕ-ਪ੍ਰਭੂ ਅਤੇ ਸੇਵਕ ਦੀ ਹਸਤੀ ਸਾਂਝੀ ਹੈ) ।1। ਰਹਾਉ।

ਹੇ ਮਾਧੋ! ਤੂੰ ਆਪ ਹੀ ਦੇਵਤਾ ਹੈਂ, ਆਪ ਹੀ ਮੰਦਰ ਹੈਂ, ਤੂੰ ਆਪ ਹੀ (ਜੀਵਾਂ ਨੂੰ ਆਪਣੀ) ਪੂਜਾ ਵਿਚ ਲਗਾਉਂਦਾ ਹੈਂ। ਪਾਣੀ ਤੋਂ ਲਹਿਰਾਂ (ਉਠਦੀਆਂ ਹਨ) , ਲਹਿਰਾਂ (ਦੇ ਮਿਲਣ) ਤੋਂ ਪਾਣੀ (ਦੀ ਹਸਤੀ) ਹੈ, ਇਹ ਸਿਰਫ਼ ਆਖਣ ਨੂੰ ਤੇ ਸੁਣਨ ਨੂੰ ਹੀ ਵੱਖੋ-ਵੱਖ ਹਨ (ਭਾਵ, ਇਹ ਸਿਰਫ਼ ਕਹਿਣ-ਮਾਤ੍ਰ ਗੱਲ ਹੈ ਕਿ ਇਹ ਪਾਣੀ ਹੈ, ਤੇ ਇਹ ਲਹਿਰਾਂ ਹਨ) ।1।

(ਹੇ ਮਾਧੋ!) ਤੂੰ ਆਪ ਹੀ ਗਾਂਦਾ ਹੈਂ, ਤੂੰ ਆਪ ਹੀ ਨੱਚਦਾ ਹੈਂ, ਤੂੰ ਆਪ ਹੀ ਵਾਜਾ ਵਜਾਉਂਦਾ ਹੈਂ। ਨਾਮਦੇਵ ਆਖਦਾ ਹੈ– ਹੇ ਮਾਧੋ! ਤੂੰ ਮੇਰਾ ਮਾਲਕ ਹੈਂ, (ਇਹ ਠੀਕ ਹੈ ਕਿ ਮੈਂ) ਤੇਰਾ ਦਾਸ (ਤੈਥੋਂ ਬਹੁਤ) ਛੋਟਾ ਹਾਂ ਅਤੇ ਤੂੰ ਮੁਕੰਮਲ ਹੈਂ (ਪਰ ਜੇ ਦਾਸ ਨਾ ਹੋਵੇ ਤਾਂ ਤੂੰ ਮਾਲਕ ਕਿਵੇਂ ਅਖਵਾਏਂ? ਸੋ, ਮੈਨੂੰ ਆਪਣਾ ਸੇਵਕ ਬਣਾਈ ਰੱਖ) ।2। 2।

ਸ਼ਬਦ ਦਾ ਭਾਵ: ਜੀਵਾਤਮਾ ਅਤੇ ਪਰਮਾਤਮਾ ਦਾ ਅਸਲਾ ਇੱਕੋ ਹੀ ਹੈ, ਵਿਤ ਦਾ ਫ਼ਰਕ ਹੈ।

ਦਾਸ ਅਨਿੰਨ ਮੇਰੋ ਨਿਜ ਰੂਪ ॥ ਦਰਸਨ ਨਿਮਖ ਤਾਪ ਤ੍ਰਈ ਮੋਚਨ ਪਰਸਤ ਮੁਕਤਿ ਕਰਤ ਗ੍ਰਿਹ ਕੂਪ ॥੧॥ ਰਹਾਉ ॥ ਮੇਰੀ ਬਾਂਧੀ ਭਗਤੁ ਛਡਾਵੈ ਬਾਂਧੈ ਭਗਤੁ ਨ ਛੂਟੈ ਮੋਹਿ ॥ ਏਕ ਸਮੈ ਮੋ ਕਉ ਗਹਿ ਬਾਂਧੈ ਤਉ ਫੁਨਿ ਮੋ ਪੈ ਜਬਾਬੁ ਨ ਹੋਇ ॥੧॥ ਮੈ ਗੁਨ ਬੰਧ ਸਗਲ ਕੀ ਜੀਵਨਿ ਮੇਰੀ ਜੀਵਨਿ ਮੇਰੇ ਦਾਸ ॥ ਨਾਮਦੇਵ ਜਾ ਕੇ ਜੀਅ ਐਸੀ ਤੈਸੋ ਤਾ ਕੈ ਪ੍ਰੇਮ ਪ੍ਰਗਾਸ ॥੨॥੩॥ {ਪੰਨਾ 1252-1253}

ਪਦ ਅਰਥ: ਅਨਿੰਨ = (Skt. AnNX) ਜਿਸ ਦਾ ਪ੍ਰੇਮ ਕਿਸੇ ਹੋਰ ਨਾਲ ਨਾ ਹੋਵੇ। ਨਿਜ = ਆਪਣਾ। ਨਿਮਖ (Skt. inmy =) ਅੱਖ ਫਰਕਣ ਜਿਤਨੇ ਸਮੇ ਲਈ। ਤਾਪ ਤ੍ਰਈ = ਤਿੰਨੇ ਹੀ ਤਾਪ (ਆਧਿ, ਬਿਆਧਿ, ਉਪਾਧਿ) । ਮੋਚਨ = ਨਾਸ ਕਰਨ ਵਾਲਾ। ਪਰਸਤ = (ਚਰਨ) ਛੋਹਿਆਂ। ਗ੍ਰਿਹ ਕੂਪ = ਘਰ (ਦੇ ਜੰਜਾਲ) -ਰੂਪ ਖੂਹ।1। ਰਹਾਉ।

ਮੋਹਿ = ਮੇਰੇ ਪਾਸੋਂ, ਮੈਥੋਂ। ਗਹਿ = ਫੜ ਕੇ। ਬਾਂਧੈ = ਬੰਨ੍ਹ ਲਏ। ਤਉ = ਤਦੋਂ। ਫੁਨਿ = ਮੁੜ, ਫਿਰ। ਮੋ ਪੈ = ਮੈਥੋਂ। ਜਬਾਬੁ = ਉਜ਼ਰ, ਨਾਹ-ਨੁੱਕਰ।1।

ਗੁਨ ਬੰਧ = (ਭਗਤ ਦੇ) ਗੁਣਾਂ ਦਾ ਬੱਝਾ ਹੋਇਆ। ਜੀਵਨਿ = ਜ਼ਿੰਦਗੀ। ਜਾ ਕੇ ਜੀਅ = ਜਿਸ ਦੇ ਚਿੱਤ ਵਿਚ (ਪ੍ਰੀਤ ਦੇ ਭੇਤ ਦੀ ਇਹ ਸੋਚ) । ਤਾ ਕੈ = ਉਸ ਦੇ ਹਿਰਦੇ ਵਿਚ। ਪ੍ਰਗਾਸ = ਚਾਨਣ।2।

ਅਰਥ: (ਹੇ ਨਾਮਦੇਵ!) ਜੋ (ਮੇਰਾ) ਦਾਸ ਮੈਥੋਂ ਬਿਨਾ ਕਿਸੇ ਹੋਰ ਨਾਲ ਪਿਆਰ ਨਹੀਂ ਕਰਦਾ, ਉਹ ਮੇਰਾ ਆਪਣਾ ਸਰੂਪ ਹੈ; ਉਸ ਦਾ ਇਕ ਪਲ ਭਰ ਦਾ ਦਰਸ਼ਨ ਤਿੰਨੇ ਹੀ ਤਾਪ ਦੂਰ ਕਰ ਦੇਂਦਾ ਹੈ, ਉਸ (ਦੇ ਚਰਨਾਂ) ਦੀ ਛੋਹ ਗ੍ਰਿਹਸਤ ਦੇ ਜੰਜਾਲ-ਰੂਪ ਖੂਹ ਵਿਚੋਂ ਕੱਢ ਲੈਂਦੀ ਹੈ।1। ਰਹਾਉ।

ਮੇਰੀ ਬੱਧੀ ਹੋਈ (ਮੋਹ ਦੀ) ਗੰਢ ਨੂੰ ਮੇਰਾ ਭਗਤ ਖੋਲ੍ਹ ਲੈਂਦਾ ਹੈ, ਪਰ ਜਦੋਂ ਮੇਰਾ ਭਗਤ (ਮੇਰੇ ਨਾਲ ਪ੍ਰੇਮ ਦੀ ਗੰਢ) ਬੰਨ੍ਹਦਾ ਹੈ ਉਹ ਮੈਥੋਂ ਖੁਲ੍ਹ ਨਹੀਂ ਸਕਦੀ। ਜੇ ਮੇਰਾ ਭਗਤ ਇਕ ਵਾਰੀ ਮੈਨੂੰ ਫੜ ਕੇ ਬੰਨ੍ਹ ਲਏ, ਤਾਂ ਮੈਂ ਅੱਗੋਂ ਕੋਈ ਉਜ਼ਰ ਨਹੀਂ ਕਰ ਸਕਦਾ।1।

ਮੈਂ (ਆਪਣੇ ਭਗਤ ਦੇ) ਗੁਣਾਂ ਦਾ ਬੱਝਾ ਹੋਇਆ ਹਾਂ; ਮੈਂ ਸਾਰੇ ਜਗਤ ਦੇ ਜੀਆਂ ਦੀ ਜ਼ਿੰਦਗੀ (ਦਾ ਆਸਰਾ) ਹਾਂ, ਪਰ ਮੇਰੇ ਭਗਤ ਮੇਰੀ ਜ਼ਿੰਦਗੀ (ਦਾ ਆਸਰਾ) ਹਨ।

ਹੇ ਨਾਮਦੇਵ! ਜਿਸ ਦੇ ਮਨ ਵਿਚ ਇਹ ਉੱਚੀ ਸੋਚ ਫੁਰ ਪਈ ਹੈ, ਉਸ ਦੇ ਅੰਦਰ ਮੇਰੇ ਪਿਆਰ ਦਾ ਪਰਕਾਸ਼ ਭੀ ਉਤਨਾ ਹੀ ਵੱਡਾ (ਭਾਵ, ਬਹੁਤ ਵਧੀਕ) ਹੋ ਜਾਂਦਾ ਹੈ।2।3।

ਸ਼ਬਦ ਦਾ ਭਾਵ: ਪ੍ਰੀਤ ਦਾ ਪ੍ਰਭਾਵ = ਪ੍ਰੀਤ ਦੀ ਬਰਕਤਿ ਨਾਲ, ਭਗਤ ਪ੍ਰਭੂ ਦਾ ਰੂਪ ਹੋ ਜਾਂਦਾ ਹੈ, ਪ੍ਰਭੂ ਆਪਣੇ ਭਗਤ ਦੀ ਪ੍ਰੀਤ ਵਿਚ ਬੱਝ ਜਾਂਦਾ ਹੈ।

TOP OF PAGE

Sri Guru Granth Darpan, by Professor Sahib Singh