ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 1253

ਸਾਰੰਗ ॥ ੴ ਸਤਿਗੁਰ ਪ੍ਰਸਾਦਿ ॥ ਤੈ ਨਰ ਕਿਆ ਪੁਰਾਨੁ ਸੁਨਿ ਕੀਨਾ ॥ ਅਨਪਾਵਨੀ ਭਗਤਿ ਨਹੀ ਉਪਜੀ ਭੂਖੈ ਦਾਨੁ ਨ ਦੀਨਾ ॥੧॥ ਰਹਾਉ ॥ ਕਾਮੁ ਨ ਬਿਸਰਿਓ ਕ੍ਰੋਧੁ ਨ ਬਿਸਰਿਓ ਲੋਭੁ ਨ ਛੂਟਿਓ ਦੇਵਾ ॥ ਪਰ ਨਿੰਦਾ ਮੁਖ ਤੇ ਨਹੀ ਛੂਟੀ ਨਿਫਲ ਭਈ ਸਭ ਸੇਵਾ ॥੧॥ ਬਾਟ ਪਾਰਿ ਘਰੁ ਮੂਸਿ ਬਿਰਾਨੋ ਪੇਟੁ ਭਰੈ ਅਪ੍ਰਾਧੀ ॥ ਜਿਹਿ ਪਰਲੋਕ ਜਾਇ ਅਪਕੀਰਤਿ ਸੋਈ ਅਬਿਦਿਆ ਸਾਧੀ ॥੨॥ ਹਿੰਸਾ ਤਉ ਮਨ ਤੇ ਨਹੀ ਛੂਟੀ ਜੀਅ ਦਇਆ ਨਹੀ ਪਾਲੀ ॥ ਪਰਮਾਨੰਦ ਸਾਧਸੰਗਤਿ ਮਿਲਿ ਕਥਾ ਪੁਨੀਤ ਨ ਚਾਲੀ ॥੩॥੧॥੬॥ {ਪੰਨਾ 1253}

ਪਦ ਅਰਥ: ਨਰ = ਹੇ ਮਨੁੱਖ! ਤੈ ਕਿਆ ਕੀਨਾ = ਤੂੰ ਕੀਹ ਕੀਤਾ? ਤੂੰ ਕੀਹ ਖੱਟਿਆ? ਸੁਨਿ = ਸੁਣ ਕੇ। ਪਾਵਨੀ = (Skt. ApwiXn` transient, perishable) ਨਾਸਵੰਤ। ਅਨ ਪਾਵਨੀ = ਨਾਹ ਨਾਸਵੰਤ, ਸਦਾ ਕਾਇਮ ਰਹਿਣ ਵਾਲੀ। ਉਪਜੀ = ਪੈਦਾ ਹੋਈ।1। ਰਹਾਉ।

ਛੂਟਿਓ = ਮੁੱਕਿਆ। ਦੇਵ = ਹੇ ਦੇਵ! ਨਿਫਲ = ਵਿਅਰਥ, ਨਿਸਫਲ।1।

ਬਾਟ = ਰਸਤਾ। ਬਾਟ ਪਾਰਿ = ਰਾਹ ਮਾਰ ਕੇ, ਡਾਕੇ ਮਾਰ ਕੇ। ਮੂਸਿ = ਠੱਗ ਕੇ। ਬਿਰਾਨੋ = ਬਿਗਾਨਾ। ਜਿਹਿ = ਜਿਸ ਕੰਮ ਨਾਲ। ਅਪਕੀਰਤਿ = (ਅਪ+ਕੀਰਤਿ) ਬਦਨਾਮੀ। ਅਬਿਦਿਆ = ਅ+ਵਿਦਿਆ, ਅਗਿਆਨਤਾ, ਮੂਰਖਤਾ।2।

ਹਿੰਸਾ = ਨਿਰਦਇਤਾ। ਜੀਅ = ਜੀਵਾਂ ਨਾਲ। ਦਇਆ = ਪਿਆਰ। ਪੁਨੀਤ = ਪਵਿੱਤਰ।3।

ਅਰਥ: ਹੇ ਭਾਈ! ਪੁਰਾਣ ਆਦਿਕ ਧਰਮ ਪੁਸਤਕਾਂ ਸੁਣ ਕੇ ਤੂੰ ਖੱਟਿਆ ਤਾਂ ਕੁਝ ਭੀ ਨਹੀਂ; ਤੇਰੇ ਅੰਦਰ ਨਾਹ ਤਾਂ ਪ੍ਰਭੂ ਦੀ ਅਟੱਲ ਭਗਤੀ ਪੈਦਾ ਹੋਈ ਤੇ ਨਾਹ ਹੀ ਤੂੰ ਕਿਸੇ ਲੋੜਵੰਦ ਦੀ ਸੇਵਾ ਕੀਤੀ।1। ਰਹਾਉ।

ਹੇ ਭਾਈ! (ਧਰਮ ਪੁਸਤਕ ਸੁਣ ਕੇ ਭੀ) ਨਾਹ ਕਾਮ ਗਿਆ, ਨਾਹ ਕ੍ਰੋਧ ਗਿਆ, ਨਾਹ ਲੋਭ ਮੁੱਕਾ, ਨਾਹ ਮੂੰਹੋਂ ਪਰਾਈ ਨਿੰਦਿਆ (ਕਰਨ ਦੀ ਆਦਤ) ਹੀ ਗਈ, (ਪੁਰਾਣ ਆਦਿਕ ਪੜ੍ਹਨ ਦੀ) ਸਾਰੀ ਮਿਹਨਤ ਹੀ ਐਵੇਂ ਗਈ।1।

(ਪੁਰਾਣ ਆਦਿਕ ਸੁਣ ਕੇ ਭੀ) ਪਾਪੀ ਮਨੁੱਖ ਡਾਕੇ ਮਾਰ ਮਾਰ ਕੇ ਪਰਾਏ ਘਰ ਲੁੱਟ ਲੁੱਟ ਕੇ ਹੀ ਆਪਣਾ ਢਿੱਡ ਭਰਦਾ ਰਿਹਾ, ਤੇ (ਸਾਰੀ ਉਮਰ) ਉਹੀ ਮੂਰਖਤਾ ਕਰਦਾ ਰਿਹਾ ਜਿਸ ਨਾਲ ਅਗਲੇ ਜਹਾਨ ਵਿਚ ਭੀ ਬਦਨਾਮੀ (ਦਾ ਟਿੱਕਾ) ਹੀ ਮਿਲੇ।2।

ਹੇ ਪਰਮਾਨੰਦ! (ਧਰਮ ਪੁਸਤਕ ਸੁਣ ਕੇ ਭੀ) ਤੇਰੇ ਮਨ ਵਿਚੋਂ ਨਿਰਦਇਤਾ ਨਾਹ ਗਈ, ਤੂੰ ਲੋਕਾਂ ਨਾਲ ਪਿਆਰ ਦਾ ਸਲੂਕ ਨਾਹ ਕੀਤਾ, ਤੇ ਸਤਸੰਗ ਵਿਚ ਬੈਠ ਕੇ ਤੂੰ ਕਦੇ ਪ੍ਰਭੂ ਦੀਆਂ ਪਵਿੱਤਰ (ਕਰਨ ਵਾਲੀਆਂ) ਗੱਲਾਂ ਨਾਹ ਚਲਾਈਆਂ (ਭਾਵ, ਤੈਨੂੰ ਸਤਸੰਗ ਕਰਨ ਦਾ ਸ਼ੌਕ ਨਾਹ ਪਿਆ) ।3।1।6।

ਭਗਤ-ਬਾਣੀ ਦੇ ਵਿਰੋਧੀ ਵੀਰ ਨੇ ਪਰਮਾਨੰਦ ਜੀ ਅਤੇ ਉਹਨਾਂ ਦੇ ਇਸ ਸ਼ਬਦ ਬਾਰੇ ਇਉਂ ਲਿਖਿਆ ਹੈ:

"ਭਗਤ ਪਰਮਾਨੰਦ ਜੀ ਕਨੌਜੀਏ ਕੁਬਜ ਬ੍ਰਾਹਮਣਾਂ ਵਿਚੋਂ ਸਨ। ਆਪ ਸੁਆਮੀ ਬਲਭ ਚਾਰਯ ਦੇ ਚੇਲੇ ਬਣੇ। ਇਹਨਾਂ ਨੇ ਵੈਸ਼ਨਵ ਮਤ ਨੂੰ ਚੰਗੀ ਤਰੱਕੀ ਦਿੱਤੀ। ਆਪ ਕਵੀ ਭੀ ਚੰਗੇ ਸਨ, ਆਪ ਦਾ ਤਖ਼ੱਲਸ (ਕਵੀ-ਛਾਪ) ਸਾਰੰਗ ਸੀ। ਇਹਨਾਂ ਨੇ ਕ੍ਰਿਸ਼ਨ-ਉਪਮਾ ਦੀ ਕਾਫ਼ੀ ਕਵਿਤਾ ਰਚੀ ਹੈ।

"ਇਕ ਸ਼ਬਦ ਸਾਰੰਗ ਰਾਗ ਅੰਦਰ ਛਾਪੇ ਦੀ ਮੌਜੂਦਾ ਬੀੜ ਅੰਦਰ ਪੜ੍ਹਨ ਵਿਚ ਆਉਂਦਾ ਹੈ, ਜੋ ਵੈਸ਼ਨੋ ਮਤ ਦੇ ਬਿਲਕੁਲ ਅਨੁਕੂਲ ਹੈ; ਪਰ ਗੁਰਮਤਿ ਵੈਸ਼ਨੋ ਮਤ ਦਾ ਜ਼ੋਰਦਾਰ ਸ਼ਬਦਾਂ ਵਿਚ ਖੰਡਨ ਕਰਦੀ ਹੈ। ਭਗਤ ਜੀ ਫ਼ੁਰਮਾਂਦੇ ਹਨ:

ਹਿੰਸਾ ਤਉ ਮਨ ਤੇ ਨਹੀ ਛੂਟੀ, ਜੀਅ ਦਇਆ ਨਹੀ ਪਾਲੀ।

ਪਰਮਾਨੰਦ ਸਾਧ ਸੰਗਤਿ ਮਿਲਿ, ਕਥਾ, ਪੁਨੀਤ ਨ ਚਾਲੀ।

"ਇਹ ਮਰਯਾਦਾ ਵੈਸ਼ਨਵ ਅਤੇ ਜੈਨ ਮਤ ਵਾਲਿਆਂ ਦੀ ਹੈ, ਗੁਰਮਤਿ ਇਸ ਸਿੱਧਾਂਤ ਦਾ ਖੰਡਨ ਕਰਦੀ ਹੈ। ਸਿੱਖ ਧਰਮ ਜੀਵ-ਹਿੰਸਾ ਜਾਂ ਅਹਿੰਸਾ ਦਾ ਪ੍ਰਚਾਰਕ ਨਹੀਂ ਹੈ, ਗੁਰੂ ਕਾ ਮਤ ਰਾਜ-ਜੋਗ ਹੈ, ਖੜਗਧਾਰੀ ਹੋਣਾ ਸਿੱਖ ਦਾ ਧਰਮ ਹੈ। ਜੀਵ-ਅਹਿੰਸਾ ਵੈਸ਼ਨਵਾਂ ਜੈਨੀਆਂ ਬੋਧੀਆਂ ਦੇ ਧਾਰਮਿਕ ਨੇਮ ਹਨ। "

ਵਿਰੋਧੀ ਵੀਰ ਨੇ ਸ਼ਬਦ ਵਿਚੋਂ ਸਿਰਫ਼ ਉਤਨਾ ਹੀ ਹਿੱਸਾ ਲਿਆ ਹੈ, ਜਿਸ ਨਾਲ ਕਿਸੇ ਪਾਠਕ ਨੂੰ ਭੁਲੇਖਾ ਪੈ ਸਕੇ। ਸਗੋਂ ਇਸ ਗੱਲੋਂ ਭੀ ਰਤਾ ਉਕਾਈ ਹੀ ਖਾ ਗਏ ਹਨ। ਸਿਰਫ਼ ਇਕੋ ਤੁਕ ਲੈਣੀ ਸੀ, ਦੂਜੀ ਤੁਕ ਤਾਂ ਉਹਨਾਂ ਦੀ ਮਦਦ ਨਹੀਂ ਕਰਦੀ। ਲਫ਼ਜ਼ 'ਹਿੰਸਾ' ਅਤੇ 'ਜੀਅ ਦਇਆ' ਦਾ ਅਰਥ ਕਰਨ ਵਿਚ ਕਾਹਲੀ ਤੋਂ ਕੰਮ ਲਿਆ ਗਿਆ ਹੈ। ਸਾਰੇ ਸ਼ਬਦ ਨੂੰ ਰਤਾ ਗਹੁ ਨਾਲ ਪੜ੍ਹੋ। ਭਗਤ ਜੀ ਆਖਦੇ ਹਨ– ਜੇ ਪਰਮਾਤਮਾ ਅਤੇ ਪਰਮਾਤਮਾ ਦੇ ਪੈਦਾ ਕੀਤੇ ਬੰਦਿਆਂ ਨਾਲ ਪਿਆਰ ਨਹੀਂ ਬਣਿਆ ਤਾਂ ਧਰਮ-ਪੁਸਤਕ ਪੜ੍ਹਨ ਤੋਂ ਕੋਈ ਲਾਭ ਨਹੀਂ ਖੱਟਿਆ।

ਅਗਾਂਹ ਭੀ ਸਾਰੇ ਸ਼ਬਦ ਵਿਚ ਇਸੇ ਖ਼ਿਆਲ ਦੀ ਵਿਆਖਿਆ ਹੈ। ਇਥੇ ਲਫ਼ਜ਼ 'ਹਿੰਸਾ' ਦਾ ਅਰਥ ਹੈ 'ਨਿਰ-ਦਇਤਾ', ਅਤੇ 'ਜੀਅ ਦਇਆ' ਦਾ ਅਰਥ ਹੈ 'ਖ਼ਲਕਤਿ ਨਾਲ ਪਿਆਰ'। ਇਹੀ ਲਫ਼ਜ਼ ਗੁਰੂ ਨਾਨਕ ਦੇਵ ਜੀ ਅਤੇ ਗੁਰੂ ਅਰਜਨ ਸਾਹਿਬ ਨੇ ਭੀ ਵਰਤੇ ਹੋਏ ਹਨ:

(1) ਹੰਸੁ ਹੇਤੁ ਲੋਭੁ ਕੋਪੁ, ਚਾਰੇ ਨਦੀਆ ਅਗਿ ॥

ਪਵਹਿ ਦਝਹਿ ਨਾਨਕਾ, ਤਰੀਐ ਕਰਮੀ ਲਗਿ ॥2॥20॥ (ਮ: 1, ਮਾਝ ਕੀ ਵਾਰ

ਹੰਸੁ = ਹਿੰਸਾ, ਨਿਰਦਇਤਾ।

(2) ਮਨਿ ਸੰਤੋਖ ਸਰਬ ਜੀਅ ਦਇਆ ॥

ਇਨ ਬਿਧਿ ਬਰਤੁ ਸੰਪੂਰਨ ਭਇਆ ॥11॥ (ਮ: 5, ਥਿਤੀ ਗਉੜੀ

ਜੀਅ ਦਇਆ = ਖ਼ਲਕਤਿ ਨਾਲ ਪਿਆਰ।

ਛਾਡਿ ਮਨ ਹਰਿ ਬਿਮੁਖਨ ਕੋ ਸੰਗੁ ॥ {ਪੰਨਾ 1253}

ਪਦ ਅਰਥ: ਮਨ = ਹੇ ਮਨ! ਕੋ = ਦਾ। ਸੰਗੁ = ਸਾਥ। ਹਰਿ ਬਿਮੁਖਨ ਕੋ ਸੰਗੁ = ਉਹਨਾਂ ਦਾ ਸਾਥ ਜੋ ਪਰਮਾਤਮਾ ਵਲੋਂ ਬੇਮੁਖ ਹਨ।

ਅਰਥ: ਹੇ (ਮੇਰੇ) ਮਨ! ਉਹਨਾਂ ਬੰਦਿਆਂ ਦਾ ਸਾਥ ਛੱਡ ਦੇਹ, ਜੋ ਪਰਮਾਤਮਾ ਵਲੋਂ ਬੇ-ਮੁਖ ਹਨ।

ਨੋਟ: ਸ੍ਰੀ ਗ੍ਰੰਥ ਸਾਹਿਬ ਵਿਚ ਜਿਸ ਭੀ ਭਗਤ ਦੀ ਬਾਣੀ ਦਰਜ ਹੋਈ ਹੈ, ਆਮ ਤੌਰ ਤੇ ਉਸ ਦਾ ਨਾਮ ਉਸ ਦੀ ਬਾਣੀ ਲਿਖਣ ਤੋਂ ਪਹਿਲਾਂ ਲਿਖ ਦਿੱਤਾ ਗਿਆ ਹੈ। ਪਰ ਇਹ ਕਿਸੇ ਸ਼ਬਦ ਦੀ ਇਕੋ ਹੀ ਤੁਕ ਹੈ, ਇਸ ਦੇ ਸ਼ੁਰੂ ਵਿਚ ਇਸ ਦੇ ਉੱਚਾਰਨ ਵਾਲੇ ਭਗਤ ਦਾ ਨਾਮ ਭੀ ਨਹੀਂ ਦਿੱਤਾ ਗਿਆ, ਤੇ ਨਾਹ ਹੀ ਸਾਰਾ ਸ਼ਬਦ ਹੈ ਜਿਥੋਂ ਉਸ ਦਾ ਨਾਮ ਪਤਾ ਲੱਗ ਸਕੇ। ਜੇ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਾਹਰੋਂ ਹੋਰ ਕੋਈ ਗਵਾਹੀ ਨਾ ਲਈ ਜਾਏ ਤਾਂ ਇਹ ਕਿਸ ਦੀ ਉਚਾਰੀ ਹੋਈ ਤੁਕ ਸਮਝੀ ਜਾਏ?

ਇਸ ਦਾ ਉੱਤਰ ਅਗਲੇ ਸ਼ਬਦ ਦੇ ਸ਼ੁਰੂ ਵਿਚ ਲਿਖੇ ਸਿਰ-ਲੇਖ ਤੋਂ ਮਿਲਦਾ ਹੈ; ਭਾਵ, ਇਹ ਇਕ ਤੁਕ 'ਸੂਰਦਾਸ' ਜੀ ਦੀ ਹੈ। ਪਰ ਇਹ ਅਗਲਾ ਸਿਰ-ਲੇਖ ਭੀ ਰਤਾ ਗਹੁ ਨਾਲ ਵੇਖਣ ਵਾਲਾ ਹੈ; ਸਿਰ-ਲੇਖ ਇਉਂ ਹੈ:

'ਸਾਰੰਗ ਮਹਲਾ 5 ਸੂਰਦਾਸ'

ਜੇ ਅਗਲਾ ਸ਼ਬਦ ਭਗਤ ਸੂਰਦਾਸ ਜੀ ਦਾ ਹੁੰਦਾ, ਤਾਂ ਲਫ਼ਜ਼ 'ਮਹਲਾ 5' ਇਸ ਸਿਰ-ਲੇਖ ਦੇ ਨਾਲ ਨਾਹ ਹੁੰਦੇ। ਲਫ਼ਜ਼ 'ਮਹਲਾ 5' ਦੱਸਦੇ ਹਨ ਕਿ ਇਹ ਅਗਲਾ ਸ਼ਬਦ ਗੁਰੂ ਅਰਜਨ ਸਾਹਿਬ ਜੀ ਦਾ ਆਪਣਾ ਉਚਾਰਿਆ ਹੋਇਆ ਹੈ।

ਇਥੇ ਕਿਸ ਸੰਬੰਧ ਵਿਚ ਇਸ ਸ਼ਬਦ ਦੀ ਲੋੜ ਪਈ?

ਉੱਪਰ-ਦਿੱਤੀ ਹੋਈ ਇੱਕ ਤੁਕ ਦੀ ਵਿਆਖਿਆ ਕਰਨ ਲਈ, ਕਿ ਹਰੀ ਤੋਂ ਬੇ-ਮੁਖਾਂ ਦਾ ਸੰਗ ਕਿਵੇਂ ਛੱਡਣਾ ਹੈ। ਸੋ, ਇਸ ਸਿਰ-ਲੇਖ ਵਿਚ ਸੂਰਦਾਸ ਜੀ ਨੂੰ ਸੰਬੋਧਨ ਕਰ ਕੇ ਗੁਰੂ ਅਰਜਨ ਦੇਵ ਜੀ ਅਗਲਾ ਸ਼ਬਦ ਉਚਾਰ ਕੇ ਫ਼ੁਰਮਾਂਦੇ ਹਨ ਕਿ ਜਿਉਂ ਜਿਉਂ 'ਹਰਿ ਕੇ ਸੰਗ ਬਸੇ ਹਰਿ ਲੋਕ' ਤਿਉਂ ਤਿਉਂ 'ਆਨ ਬਸਤੁ ਸਿਉ ਕਾਜੁ ਨ ਕਛੂਐ'; ਇਸ ਤਰ੍ਹਾਂ ਸੁਤੇ ਹੀ ਹਰੀ ਤੋਂ ਬੇਮੁਖਾਂ ਨਾਲੋਂ ਸਾਥ ਛੁੱਟ ਜਾਂਦਾ ਹੈ, ਕਿਸੇ ਤੋਂ ਨਫ਼ਰਤਿ ਕਰਨ ਦੀ ਲੋੜ ਨਹੀਂ ਪੈਂਦੀ।

ਸਾਰੰਗ ਮਹਲਾ ੫ ਸੂਰਦਾਸ ॥ ੴ ਸਤਿਗੁਰ ਪ੍ਰਸਾਦਿ ॥ ਹਰਿ ਕੇ ਸੰਗ ਬਸੇ ਹਰਿ ਲੋਕ ॥ ਤਨੁ ਮਨੁ ਅਰਪਿ ਸਰਬਸੁ ਸਭੁ ਅਰਪਿਓ ਅਨਦ ਸਹਜ ਧੁਨਿ ਝੋਕ ॥੧॥ ਰਹਾਉ ॥ ਦਰਸਨੁ ਪੇਖਿ ਭਏ ਨਿਰਬਿਖਈ ਪਾਏ ਹੈ ਸਗਲੇ ਥੋਕ ॥ ਆਨ ਬਸਤੁ ਸਿਉ ਕਾਜੁ ਨ ਕਛੂਐ ਸੁੰਦਰ ਬਦਨ ਅਲੋਕ ॥੧॥ ਸਿਆਮ ਸੁੰਦਰ ਤਜਿ ਆਨ ਜੁ ਚਾਹਤ ਜਿਉ ਕੁਸਟੀ ਤਨਿ ਜੋਕ ॥ ਸੂਰਦਾਸ ਮਨੁ ਪ੍ਰਭਿ ਹਥਿ ਲੀਨੋ ਦੀਨੋ ਇਹੁ ਪਰਲੋਕ ॥੨॥੧॥੮॥ {ਪੰਨਾ 1253}

ਨੋਟ: ਲਫ਼ਜ਼ 'ਮਹਲਾ 5' ਤੋਂ ਜ਼ਾਹਰ ਹੁੰਦਾ ਹੈ ਕਿ ਇਹ ਸ਼ਬਦ ਗੁਰੂ ਅਰਜਨ ਸਾਹਿਬ ਜੀ ਦਾ ਹੈ। ਲਫ਼ਜ਼ 'ਸੂਰਦਾਸ' ਦੱਸਦਾ ਹੈ ਕਿ ਸਤਿਗੁਰੂ ਜੀ ਨੇ ਸੂਰਦਾਸ ਜੀ ਦੀ ਉਚਾਰੀ ਪਿਛਲੀ ਤੁਕ ਦੇ ਸੰਬੰਧ ਵਿਚ ਇਹ ਸ਼ਬਦ ਉਚਾਰਿਆ ਹੈ।

ਪਦ ਅਰਥ: ਹਰਿ ਲੋਕ = ਪਰਮਾਤਮਾ ਦੀ ਬੰਦਗੀ ਕਰਨ ਵਾਲੇ। ਅਰਪਿ = ਭੇਟਾ ਕਰ ਕੇ, ਵਾਰ ਕੇ। ਸਰਬਸੁ = (Skt. svLÔv। ਸ੍ਵ = ਧਨ, ਸਭ ਕੁਝ, all in all) ਆਪਣਾ ਸਭ ਕੁਝ। ਸਹਜ = ਅਡੋਲਤਾ। ਧੁਨਿ = ਸੁਰ। ਝੋਕ = ਹੁਲਾਰਾ, ਝੂਟਾ।1। ਰਹਾਉ।

ਨਿਰਬਿਖਈ = ਵਿਸ਼ਿਆਂ ਤੋਂ ਰਹਿਤ। ਥੋਕ = ਪਦਾਰਥ। ਆਨ = ਹੋਰ। ਕਾਜੁ = ਗ਼ਰਜ਼। ਬਦਨ = ਮੂੰਹ। ਅਲੋਕ = ਵੇਖ ਕੇ।1।

ਸਿਆਮ = ਸਾਂਵਲੇ ਰੰਗ ਵਾਲਾ। ਤਜਿ = ਛੱਡ ਕੇ। ਕੁਸਟੀ ਤਨਿ = ਕੋਹੜੀ ਦੇ ਸਰੀਰ ਉੱਤੇ। ਪ੍ਰਭਿ = ਪ੍ਰਭੂ ਨੇ। ਹਥਿ = (ਆਪਣੇ) ਹੱਥ ਵਿਚ। ਇਹੁ = ਇਹ ਲੋਕ, ਇਸ ਲੋਕ ਵਿਚ ਸੁਖ।2।

ਅਰਥ: (ਹੇ ਸੂਰਦਾਸ!) ਪਰਮਾਤਮਾ ਦੀ ਬੰਦਗੀ ਕਰਨ ਵਾਲੇ ਬੰਦੇ (ਸਦਾ) ਪਰਮਾਤਮਾ ਦੇ ਨਾਲ ਵੱਸਦੇ ਹਨ (ਇਸ ਤਰ੍ਹਾਂ ਸਹਿਜ ਸੁਭਾਇ ਬੇ-ਮੁਖਾਂ ਨਾਲੋਂ ਉਹਨਾਂ ਦਾ ਸਾਥ ਛੁੱਟ ਜਾਂਦਾ ਹੈ) ; ਉਹ ਆਪਣਾ ਤਨ ਮਨ ਆਪਣਾ ਸਭ ਕੁਝ (ਇਸ ਪਿਆਰ ਤੋਂ) ਸਦਕੇ ਕਰ ਦੇਂਦੇ ਹਨ, ਉਹਨਾਂ ਨੂੰ ਆਨੰਦ ਦੇ ਹੁਲਾਰੇ ਆਉਂਦੇ ਹਨ, ਸਹਿਜ ਅਵਸਥਾ ਦੀ ਤਾਰ (ਉਹਨਾਂ ਦੇ ਅੰਦਰ ਬੱਝ ਜਾਂਦੀ ਹੈ) ।1। ਰਹਾਉ।

(ਹੇ ਸੂਰਦਾਸ!) ਭਗਤੀ ਕਰਨ ਵਾਲੇ ਬੰਦੇ ਪ੍ਰਭੂ ਦਾ ਦੀਦਾਰ ਕਰ ਕੇ ਵਿਸ਼ੇ ਵਿਕਾਰਾਂ ਤੋਂ ਬਚ ਜਾਂਦੇ ਹਨ, ਉਹਨਾਂ ਨੂੰ ਸਾਰੇ ਪਦਾਰਥ ਮਿਲ ਜਾਂਦੇ ਹਨ (ਭਾਵ, ਉਹਨਾਂ ਦੀਆਂ ਵਾਸ਼ਨਾਂ ਮੁੱਕ ਜਾਂਦੀਆਂ ਹਨ) ; ਪ੍ਰਭੂ ਦੇ ਸੋਹਣੇ ਮੁਖ ਦਾ ਦੀਦਾਰ ਕਰ ਕੇ ਉਹਨਾਂ ਨੂੰ ਦੁਨੀਆ ਦੀ ਕਿਸੇ ਹੋਰ ਸ਼ੈ ਦੀ ਕੋਈ ਗ਼ਰਜ਼ ਨਹੀਂ ਰਹਿ ਜਾਂਦੀ।1।

(ਹੇ ਸੂਰਦਾਸ!) ਜੋ ਮਨੁੱਖ ਸੋਹਣੇ ਸਾਂਵਲੇ ਸੱਜਣ (ਪ੍ਰਭੂ) ਨੂੰ ਵਿਸਾਰ ਕੇ ਹੋਰ ਹੋਰ ਪਦਾਰਥਾਂ ਦੀ ਲਾਲਸਾ ਕਰਦੇ ਹਨ, ਉਹ ਉਸ ਜੋਕ ਵਾਂਗ ਹਨ, ਜੋ ਕਿਸੇ ਕੋਹੜੀ ਦੇ ਸਰੀਰ ਤੇ (ਲੱਗ ਕੇ ਗੰਦ ਹੀ ਚੂਸਦੀ ਹੈ) । ਪਰ, ਹੇ ਸੂਰਦਾਸ! ਜਿਨ੍ਹਾਂ ਦਾ ਮਨ ਪ੍ਰਭੂ ਨੇ ਆਪ ਆਪਣੇ ਹੱਥ ਵਿਚ ਲੈ ਲਿਆ ਹੈ ਉਹਨਾਂ ਨੂੰ ਉਸ ਨੇ ਇਹ ਲੋਕ ਤੇ ਪਰਲੋਕ ਦੋਵੇਂ ਬਖ਼ਸ਼ੇ ਹਨ (ਭਾਵ, ਉਹ ਲੋਕ ਪਰਲੋਕ ਦੋਹੀਂ ਥਾਈਂ ਆਨੰਦ ਵਿਚ ਰਹਿੰਦੇ ਹਨ) ।2।1।8।

ਨੋਟ: ਭਾਵੇਂ ਭਗਤ ਸੂਰਦਾਸ ਜੀ ਦੀ ਇਕੋ ਹੀ ਤੁਕ ਦਰਜ ਕੀਤੀ ਹੈ, ਪਰ ਗਿਣਤੀ ਵਿਚ ਉਸ ਨੂੰ ਸਾਰੇ ਸ਼ਬਦ ਵਾਂਗ ਗਿਣਿਆ ਹੈ; ਤਾਹੀਏਂ ਹੁਣ ਤਕ ਦੀ ਗਿਣਤੀ 8 ਬਣਦੀ ਹੈ।

ਜੇ ਸਤਿਗੁਰੂ ਜੀ ਨੇ ਆਪ ਹੀ ਸੂਰਦਾਸ ਜੀ ਦਾ ਸਾਰਾ ਸ਼ਬਦ ਦਰਜ ਕਰਾਇਆ ਹੁੰਦਾ, ਤਾਂ ਇਸ ਸ਼ਬਦ ਦੇ ਸਿਰਲੇਖ ਵਾਸਤੇ ਲਫ਼ਜ਼ ਸਿਰਫ਼ 'ਮਹਲਾ 5' ਹੁੰਦਾ; ਇਸ ਨਾਲ ਲਫ਼ਜ਼ 'ਸੂਰਦਾਸ' ਦੀ ਲੋੜ ਨਹੀਂ ਸੀ। ਕਈ ਵਿਦਵਾਨਾਂ ਦਾ ਖ਼ਿਆਲ ਹੈ ਕਿ ਦੋ ਸੂਰਦਾਸ ਹੋਏ ਹਨ, ਪਰ ਜਿਹੜਾ ਭੀ ਹੈ ਉਸ ਦੀ ਸਿਰਫ਼ ਇਕੋ ਤੁਕ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ। ਇਹ ਸ਼ਬਦ ਸਤਿਗੁਰੂ ਅਰਜਨ ਸਾਹਿਬ ਜੀ ਦਾ ਆਪਣਾ ਹੈ। ਸੂਰਦਾਸ ਦਾ ਨਹੀਂ।

ਨੋਟ: ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਭਗਤ-ਬਾਣੀ ਦੇ ਵਿਰੋਧੀ ਸੱਜਣ ਭਗਤ ਸੂਰਦਾਸ ਜੀ ਬਾਰੇ ਇਉਂ ਲਿਖਦੇ ਹਨ:

'ਭਗਤ ਸੂਰਦਾਸ ਜੀ ਜ਼ਾਤ ਦੇ ਬ੍ਰਾਹਮਣ ਸਨ। ਆਪ ਦਾ ਜਨਮ ਸੰਮਤ 1586 ਬਿ: ਦਾ ਪਤਾ ਲੱਗਦਾ ਹੈ। ਇਹਨਾਂ ਦਾ ਅਸਲ ਨਾਮ ਮਦਨ ਮੋਹਨ ਸੀ, ਪਹਿਲਾਂ ਆਪ ਸੰਧੀਲਾ ਦੇ ਹਾਕਮ ਰਹੇ। ਆਪ ਜੀ ਦੇ ਦੋ ਸ਼ਬਦ ਰਾਗ ਸਾਰੰਗ ਭਗਤ ਬਾਣੀ ਸੰਗ੍ਰਹਿ ਵਿਚ ਆਏ ਹਨ। ਇਕ ਸ਼ਬਦ ਤਾਂ ਪੂਰਾ ਹੈ, ਅਤੇ ਦੂਜੇ ਦੀ ਕੇਵਲ ਇਕੋ ਪੰਗਤੀ ਲਿਖੀ ਹੈ। ਪਰੰਤੂ ਬੰਨੋ ਵਾਲੀ ਬੀੜ ਵਿਚ ਸੰਪੂਰਨ ਹੈ। ਕਰਤਾਰਪੁਰ ਵਾਲੀ ਬੀੜ ਵਿਚ ਸਾਰਾ ਸ਼ਬਦ ਲਿਖ ਕੇ ਉਪਰ ਦੋਬਾਰਾ ਹੜਤਾਲ ਫੇਰੀ ਹੈ। ਪਰ ਉਕਤ ਤੁਕ ਉਤੇ ਹੜਤਾਲ ਫਿਰਨੋਂ ਸੁਤੇ ਹੀ ਰਹਿ ਗਈ ਹੈ, ਜਿਸ ਕਰਕੇ ਇਕੋ ਪੰਗਤੀ ਉਸ ਦੀ ਨਕਲ ਅਨੁਸਾਰ ਲਿਖੀ ਹੋਈ ਮਿਲਦੀ ਹੈ। ਭਗਤ ਜੀ ਦੇ ਸਿੱਧਾਂਤ ਹੇਠਾਂ ਦਰਜ ਕੀਤੇ ਜਾਂਦੇ ਹਨ:

ਸਿਆਮ ਸੁੰਦਰ ਤਜਿ ਆਨ ਜੁ ਚਾਹਤ, ਜਿਉ ਕੁਸਟੀ ਤਨਿ ਜੋਕ ॥

ਸੂਰਦਾਸ ਮਨੁ ਪ੍ਰਭਿ ਹਥਿ ਲੀਨੋ, ਦੀਨੋ ਇਹੁ ਪਰਲੋਕ ॥ (ਸਾਰੰਗ ਸੂਰਦਾਸ

"ਉਕਤ ਸ਼ਬਦ ਤੋਂ ਸਿਵਾਏ ਕ੍ਰਿਸ਼ਨ-ਭਗਤੀ ਤੋਂ ਹੋਰ ਕੁਝ ਭੀ ਸਾਬਤ ਨਹੀਂ ਹੁੰਦਾ। ਦੂਜੇ ਸ਼ਬਦ ਦੀ ਇਕੋ ਪੰਗਤੀ ਹੈ, ਉਹ ਇਉਂ ਹੈ– 'ਛਾਡਿ ਮਨ ਹਰਿ ਬਿਮੁਖਨ ਕੋ ਸੰਗੁ' ਇਸ ਸ਼ਬਦ ਤੋਂ ਇਹ ਸਿੱਧ ਹੁੰਦਾ ਹੈ ਕਿ ਕ੍ਰਿਸ਼ਨ ਜੀ ਦੀ ਭਗਤੀ ਤੋਂ ਵਾਂਜਿਆਂ ਨੂੰ ਭਗਤ ਜੀ ਬੇ-ਮੁਖ ਕਰ ਕੇ ਪੁਕਾਰਦੇ ਹਨ, ਹੋਰਨਾਂ ਦੇ ਸੰਗ ਤੋਂ ਹਟਾਉਂਦੇ ਹਨ। ਸੋ, ਸਿੱਟਾ ਇਹ ਨਿਕਲਿਆ ਕਿ ਭਗਤ ਸੂਰਦਾਸ ਜੀ ਗੁਰਮਤਿ ਦੇ ਕਿਸੇ ਸਿੱਧਾਂਤ ਦੀ ਭੀ ਪ੍ਰੋੜਤਾ ਨਹੀਂ ਕਰਦੇ, ਸਗੋਂ ਖੰਡਨ ਕਰਦੇ ਹਨ। "

ਆਓ, ਹੁਣ ਇਸ ਉਪਰਲੀ ਖੋਜ ਨੂੰ ਵਿਚਾਰੀਏ। ਵਿਰੋਧੀ ਸੱਜਣ ਜੀ ਦੇ ਖ਼ਿਆਲ ਅਨੁਸਾਰ:

(1) ਇਕੱਲੀ ਤੁਕ ਤੇ ਦੂਜਾ ਸ਼ਬਦ ਦੋਵੇਂ ਹੀ ਭਗਤ ਸੂਰਦਾਸ ਜੀ ਦੇ ਉਚਾਰੇ ਹੋਏ ਹਨ।

(2) ਪਹਿਲੀ ਤੁਕ ਵਿਚ ਸੂਰਦਾਸ ਜੀ ਕ੍ਰਿਸ਼ਨ ਜੀ ਦੀ ਭਗਤੀ ਤੋਂ ਵਾਂਜਿਆਂ ਨੂੰ ਬੇ-ਮੁਖ ਕਰ ਕੇ ਪੁਕਾਰਦੇ ਹਨ।

(3) ਦੂਜੇ ਸ਼ਬਦ ਤੋਂ ਸਿਵਾਏ ਕ੍ਰਿਸ਼ਨ-ਭਗਤੀ ਤੋਂ ਹੋ ਕੁਝ ਭੀ ਸਾਬਤ ਨਹੀਂ ਹੁੰਦਾ।

(4) ਕਰਤਾਰਪੁਰ ਵਾਲੀ ਬੀੜ ਵਿਚ ਪਹਿਲੀ ਇਕੱਲੀ ਤੁਕ ਨਹੀਂ ਹੈ। ਸਾਰਾ ਸ਼ਬਦ ਲਿਖ ਕੇ ਉੱਪਰ ਦੋਬਾਰਾ ਹੜਤਾਲ ਫੇਰੀ ਹੈ; ਪਰ ਉਕਤ ਤੁਕ ਉਤੇ ਹੜਤਾਲ ਫਿਰਨੋਂ ਸੁਤੇ ਹੀ ਰਹਿ ਗਈ ਹੈ, ਜਿਸ ਕਰਕੇ ਉਸ ਦੀ ਨਕਲ ਅਨੁਸਾਰ ਗੁਰੂ ਗ੍ਰੰਥ ਸਾਹਿਬ ਵਿਚ ਇਕੋ ਪੰਗਤੀ ਲਿਖੀ ਹੋਈ ਮਿਲਦੀ ਹੈ।

ਪਾਠਕ ਸੱਜਣਾਂ ਨੂੰ ਇਥੇ ਇਕ ਇਹ ਸੁਆਦਲੀ ਗੱਲ ਦੱਸਣੀ ਜ਼ਰੂਰੀ ਹੈ ਕਿ ਵਿਰੋਧੀ ਸੱਜਣ ਜੀ ਨੇ ਭਗਤ ਜੀ ਦੇ ਸ਼ਬਦ ਦੇਣ ਲੱਗਿਆਂ ਪਹਿਲਾਂ ਦੂਜਾ ਸ਼ਬਦ ਦਿੱਤਾ ਹੈ। ਇਹ ਇਕ ਡੂੰਘੀ ਭੇਤ ਵਾਲੀ ਗੱਲ ਹੈ। ਬਹਿਸ ਵਿਚ ਵਧੀਆ ਹਥਿਆਰ ਉਹੀ ਜੋ ਵੇਲੇ-ਸਿਰ ਕੰਮ ਦੇ ਜਾਏ। ਜੇ ਪਹਿਲੀ ਤੁਕ ਉਤੇ ਪਹਿਲਾਂ ਵਿਚਾਰ ਕਰਦੇ, ਤਾਂ ਇਸ ਵਿਚੋਂ ਕ੍ਰਿਸ਼ਨ ਜੀ ਦੀ ਭਗਤੀ ਸਿੱਧ ਨਹੀਂ ਹੋ ਸਕਦੀ ਸੀ। ਸੋ, ਉਹਨਾਂ ਦੂਜੇ ਸ਼ਬਦ ਵਿਚੋਂ "ਸਿਆਮ ਸੁੰਦਰ" ਪੇਸ਼ ਕਰ ਕੇ ਅੰਞਾਣ ਪਾਠਕ ਨੂੰ ਟਪਲਾ ਲਾਣ ਦੀ ਕੋਸ਼ਸ਼ ਕੀਤੀ ਹੈ। ਇਹ ਤਰੀਕਾ ਈਮਾਨਦਾਰੀ ਦੀ ਵਿਚਾਰ ਵਾਲਾ ਨਹੀਂ ਹੈ। ਜੇਕਰ ਸ਼ਰਧਾ ਡੋਲ ਹੀ ਗਈ ਹੈ, ਤਾਂ ਭੀ ਸੱਚਾਈ ਲੱਭਣ ਵਾਸਤੇ ਅਸਾਂ ਕਿਸੇ ਵਿੰਗ-ਟੇਢ ਦਾ ਆਸਰਾ ਨਹੀਂ ਤੱਕਣਾ। ਪਹਿਲੀ ਤੁਕ ਹੈ "ਛਾਡਿ ਮਨ ਹਰਿ ਬਿਮੁਖਨ ਕੋ ਸੰਗੁ। " ਇਥੇ ਜੇ ਲਫ਼ਜ਼ 'ਹਰਿ' ਦਾ ਅਰਥ 'ਕ੍ਰਿਸ਼ਨ' ਕਰਨਾ ਹੈ, ਤਾਂ ਫਿਰ ਗੁਰੂ ਗ੍ਰੰਥ ਸਾਹਿਬ ਦੇ ਹਰੇਕ ਪੰਨੇ ਉੱਤੇ ਇਹ ਲਫ਼ਜ਼ ਖ਼ਬਰੇ ਵੀਹ ਵੀਹ ਵਾਰੀ ਆ ਚੁੱਕਾ ਹੈ। ਕਿਸੇ ਭੀ ਖਿੱਚ-ਘਸੀਟ ਨਾਲ ਲਫ਼ਜ਼ 'ਹਰਿ' ਦਾ ਅਰਥ 'ਕ੍ਰਿਸ਼ਨ' ਨਹੀਂ ਕੀਤਾ ਜਾ ਸਕਦਾ। ਤੇ, ਕਿਸੇ ਭੀ ਦਲੀਲ ਨਾਲ ਇਹ ਸਾਬਤ ਨਹੀਂ ਕੀਤਾ ਜਾ ਸਕਦਾ ਕਿ ਇਥੇ ਸੂਰਦਾਸ ਜੀ ਕ੍ਰਿਸ਼ਨ-ਭਗਤੀ ਤੋਂ ਵਾਂਜਿਆਂ ਨੂੰ ਬੇ-ਮੁਖ ਆਖ ਰਹੇ ਹਨ।

(2) ਦੂਜੇ ਸ਼ਬਦ ਵਿਚ ਲਫ਼ਜ਼ 'ਸਿਆਮ ਸੁੰਦਰ' ਵੇਖ ਕੇ ਵਿਰੋਧੀ ਵੀਰ ਨੂੰ ਇਥੇ ਭੀ ਕ੍ਰਿਸ਼ਨ-ਭਗਤੀ ਤੋਂ ਸਿਵਾਇ ਹੋਰ ਕੁਝ ਨਹੀਂ ਲੱਭਾ। ਇਥੇ ਇਹਨਾਂ ਇਕ ਉਕਾਈ ਖਾਧੀ ਹੈ, ਜਾਂ ਜਾਣ ਬੁੱਝ ਕੇ ਮੰਨਣੋਂ ਇਨਕਾਰ ਹੈ। ਇਸ ਸ਼ਬਦ ਦਾ ਸਿਰ-ਲੇਖ ਹੈ। "ਸਾਰੰਗ ਮਹਲਾ 5 ਸੂਰਦਾਸ। " ਇਹ ਸ਼ਬਦ "ਮਹਲਾ 5" ਦਾ ਹੈ, ਗੁਰੂ ਅਰਜਨ ਸਾਹਿਬ ਦਾ ਹੈ।

ਇਸ ਸੱਚਾਈ ਤੋਂ ਮੁਨਕਰ ਹੋ ਕੇ ਭੀ ਨਿਰੇ ਲਫ਼ਜ਼ 'ਸਿਆਮ ਸੁੰਦਰ' ਨਾਲ ਇਹ ਸਾਬਤ ਨਹੀਂ ਹੋ ਜਾਂਦਾ ਕਿ ਇਸ ਸ਼ਬਦ ਵਿਚ ਕ੍ਰਿਸ਼ਨ-ਭਗਤੀ ਹੈ। ਬਾਕੀ ਦੇ ਲਫ਼ਜ਼ਾਂ ਵਲੋਂ ਅੱਖਾਂ ਮੀਟੀਆਂ ਨਹੀਂ ਜਾ ਸਕਦੀਆਂ = ਹਰਿ, ਹਰਿ ਲੋਕ, ਪ੍ਰਭਿ।

ਤੇ, ਗੁਰੂ ਅਰਜਨ ਸਾਹਿਬ ਨੇ ਤਾਂ ਹੋਰ ਥਾਂ ਭੀ ਲਫ਼ਜ਼ 'ਸਿਆਮ ਸੁੰਦਰ' ਸਾਫ਼ ਵਰਤਿਆ ਹੈ। ਵੇਖੋ:

ਦਰਸਨ ਕਉ ਲੋਚੈ ਸਭੁ ਕੋਈ ॥ ਪੂਰੈ ਭਾਗਿ ਪਰਾਪਤਿ ਹੋਈ ॥1॥ਰਹਾਉ॥
ਸਿਆਮ ਸੁੰਦਰ ਤਜਿ ਨੀਦ ਕਿਉ ਆਈ ॥ ਮਹਾ ਮੋਹਨੀ ਦੂਤਾ ਲਾਈ ॥1॥......
ਸੁਣਿ ਸਾਜਨ ਸੰਤ ਜਨ ਭਾਈ ॥ ਚਰਨ ਸਰਣ ਨਾਨਕ ਗਤਿ ਪਾਈ ॥5॥34॥40॥ (ਪੰਨਾ 745, ਸੂਹੀ ਮ: 5

ਭਗਤ ਸੂਰਦਾਸ ਜੀ ਦੀ ਤੁਕ "ਛਾਡਿ ਮਨ ਹਰਿ ਬਿਮੁਖਨ ਕੋ ਸੰਗੁ' ਦੇ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੋਣ ਬਾਰੇ ਤਾਂ ਵਿਰੋਧੀ ਵੀਰ ਨੇ ਇਕ ਅਜਬ ਹੀ ਗੱਲ ਲਿਖ ਦਿੱਤੀ ਹੈ। ਜਦੋਂ ਪ੍ਰਿਸੀਪਲ ਜੋਧ ਸਿੰਘ ਜੀ ਕਰਤਾਰਪੁਰ ਵਾਲੀ ਬੀੜ ਦਾ ਦਰਸ਼ਨ ਕਰਨ ਲਈ ਗਏ ਸਨ, ਤਾਂ ਖ਼ਾਲਸਾ ਕਾਲਜ ਵਿਚੋਂ ਮਾਸਟਰ ਕੇਹਰ ਸਿੰਘ ਜੀ ਨੂੰ ਅਤੇ ਮੈਨੂੰ ਭੀ ਆਪਣੇ ਨਾਲ ਲੈ ਗਏ ਸਨ। ਇਹਨਾਂ ਦੇ ਸਬੱਬ ਮੈਂ ਭੀ ਦਰਸਨ ਕਰ ਸਕਿਆ। ਸ਼ੁਰੂ ਤੋਂ ਲੈ ਕੇ ਤਤਕਰੇ ਸਮੇਤ ਅਖ਼ੀਰ ਤਕ ਹਰੇਕ ਪੰਨੇ ਨੂੰ ਚੰਗੀ ਤਰ੍ਹਾਂ ਵੇਖਣ ਦਾ ਮੌਕਾ ਮਿਲਿਆ। ਸੂਰਦਾਸ ਜੀ ਦੀ ਪੰਗਤੀ ਬਾਰੇ ਇਹ ਸੱਜਣ ਲਿਖਦੇ ਹਨ ਕਿ ਸ਼ਬਦ ਉਤੇ ਹੜਤਾਲ ਫਿਰੀ ਹੋਈ ਹੈ। ਇਉਂ ਜਾਪਦਾ ਹੈ ਕਿ ਇਹਨਾਂ ਕਿਤੋਂ ਸੁਣੀ ਸੁਣਾਈ ਗੱਲ ਲਿਖ ਦਿੱਤੀ ਹੈ। ਨਹੀਂ ਤਾਂ, ਉਥੇ ਬੀੜ ਵਿਚ ਸਿਰਫ਼ ਇਕੋ ਤੁਕ ਦਰਜ ਹੈ, ਤੇ, ਹੜਤਾਲ ਦਾ ਕਿਤੇ ਨਾਮ-ਨਿਸ਼ਾਨ ਭੀ ਨਹੀਂ।

(4) ਸ਼ਬਦ ਦਾ ਸਿਰ-ਲੇਖ ਸਾਫ਼ 'ਸਾਰੰਗ ਮਹਲਾ 5 ਸੂਰਦਾਸ' ਲਿਖਿਆ ਪਿਆ ਹੈ। ਇਸ ਨੂੰ ਸੂਰਦਾਸ ਜੀ ਦਾ ਆਖੀ ਜਾਣਾ ਸਾਹਮਣੇ ਦਿੱਸਦੀ ਸੱਚਾਈ ਵਲੋਂ ਅੱਖਾਂ ਮੀਟਣ ਵਾਲੀ ਗੱਲ ਹੈ। ਇਕੱਲੇ ਸੂਰਦਾਸ ਦਾ ਨਾਮ ਨਹੀਂ ਹੈ, 'ਮਹਲਾ 5' ਭੀ ਮੌਜੂਦ ਹੈ। ਇਥੇ ਵਿਚਾਰ ਵਾਲੀ ਗੱਲ ਹੈ ਕਿ:

(ੳ) ਕੀ ਇਹ ਸ਼ਬਦ ਗੁਰੂ ਅਰਜਨ ਸਾਹਿਬ ਅਤੇ ਭਗਤ ਸੂਰਦਾਸ ਜੀ ਦਾ ਮਿਲਵਾਂ ਹੈ?

(ਅ) ਕੀ ਇਹ ਸ਼ਬਦ ਸੂਰਦਾਸ ਜੀ ਦਾ ਹੈ? ਤਾਂ ਫਿਰ; ਲਫ਼ਜ਼ 'ਮਹਲਾ 5' ਦਾ ਕੀਹ ਭਾਵ ਹੈ?

(ੲ) ਕੀ ਇਹ ਸ਼ਬਦ "ਮਹਲਾ 5" ਦਾ ਹੈ? ਤਾਂ ਫਿਰ, ਲਫ਼ਜ਼ "ਸੂਰਦਾਸ" ਕਿਉਂ?

ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚੋਂ "ਛਾਡਿ ਮਨ" ਵਾਲੀ ਤੁਕ ਗਹੁ ਨਾਲ ਪੜ੍ਹੋ। ਉਸ ਦੇ ਲਿਖਣ ਵਾਲੇ ਦਾ ਨਾਮ ਨਹੀਂ ਦਿੱਤਾ ਗਿਆ। ਅਸੀਂ ਇਸ ਨੂੰ ਭਗਤ ਸੂਰਦਾਸ ਜੀ ਦਾ ਰਚਿਆ ਇਸ ਵਾਸਤੇ ਆਖਦੇ ਹਾਂ ਕਿ ਭਗਤ ਜੀ ਦੀ ਰਚੀ ਹੋਰ ਬਾਣੀ ਵਿਚ ਇਕ ਪਦਾ ਐਸਾ ਭੀ ਹੈ, ਜਿਸ ਦੇ ਮੁੱਢ ਦੀ ਇਹ ਤੁਕ ਹੈ। ਪਰ ਫ਼ਰਜ਼ ਕਰੋ, ਸੂਰਦਾਸ ਜੀ ਦੀ ਰਚਨਾ ਕਿਤੋਂ ਮਿਲ ਹੀ ਨਾਹ ਸਕਦੀ ਹੋਵੇ, ਤਾਂ ਅਸੀਂ ਕੇਵਲ ਗੁਰੂ ਗ੍ਰੰਥ ਸਾਹਿਬ ਵਿਚੋਂ ਕਿਵੇਂ ਲੱਭੀਏ ਕਿ ਇਹ ਤੁਕ ਕਿਸ ਨੇ ਲਿਖੀ ਸੀ? ਇਸ ਦਾ ਉੱਤਰ ਇਹ ਹੈ ਕਿ ਉਪਰਲੀ ਤੁਕ ਦੇ ਕਰਤੇ ਦਾ ਨਾਮ ਹੇਠਲੇ ਸ਼ਬਦ ਦੇ ਸਿਰ-ਲੇਖ ਤੋਂ ਲੱਭਣਾ ਹੈ। ਹੇਠਲਾ ਸ਼ਬਦ ਗੁਰੂ ਅਰਜਨ ਸਾਹਿਬ ਦਾ ਹੈ, ਅਤੇ ਇਹ ਸੂਰਦਾਸ ਜੀ ਦੀ ਉਚਾਰੀ ਹੋਈ ਉਪਰਲੀ ਤੁਕ ਦੇ ਸੰਬੰਧ ਵਿਚ ਹੈ।

ਇਥੋਂ ਇਕ ਹੋਰ ਗੱਲ ਭੀ ਸਾਬਤ ਹੋ ਰਹੀ ਹੈ। ਗੁਰੂ ਅਰਜਨ ਦੇਵ ਜੀ ਨੇ ਸੂਰਦਾਸ ਜੀ ਦੀ ਸਿਰਫ਼ ਇਕੋ ਤੁਕ ਦਰਜ ਕੀਤੀ ਸੀ। ਜੇ ਸਾਰਾ ਸ਼ਬਦ ਦਰਜ ਕਰਦੇ, ਤਾਂ ਹੇਠਲੇ ਸ਼ਬਦ ਦੇ ਸਿਰ-ਲੇਖ ਵਿਚ ਸਿਰਫ਼ ''ਸਾਰੰਗ ਮਹਲਾ 5'' ਵਰਤਦੇ, ਕਿਉਂਕਿ ਉਸ ਸਾਰੇ ਸ਼ਬਦ ਦੇ ਅਖ਼ੀਰਲੇ ਲਫ਼ਜ਼ 'ਸੂਰਦਾਸ' ਤੋਂ ਪਤਾ ਲੱਗ ਜਾਂਦਾ ਹੈ ਕਿ ਉਪਰਲਾ ਸ਼ਬਦ 'ਸੂਰਦਾਸ' ਜੀ ਦਾ ਹੈ।

ਦੂਜੇ ਸ਼ਬਦ ਦੇ ਅਖ਼ੀਰ ਵਿਚ ਲਫ਼ਜ਼ 'ਸੂਰਦਾਸ' ਵੇਖ ਕੇ ਭੁਲੇਖਾ ਜ਼ਰੂਰ ਲੱਗ ਜਾਂਦਾ ਹੈ। ਸੁਤੇ ਹੀ ਪਾਠਕ ਇਹ ਮਿਥ ਲੈਂਦਾ ਹੈ ਕਿ ਸ਼ਬਦ ਸੂਰਦਾਸ ਜੀ ਦਾ ਹੈ। ਪਰ ਅਸਲ ਵਿਚ ਇਹ ਗੱਲ ਨਹੀਂ ਹੈ। ਫ਼ਰੀਦ ਜੀ ਦੇ ਸ਼ਲੋਕਾਂ ਵਿਚ ਕਈ ਸ਼ਲੋਕ ਐਸੇ ਹਨ ਜੋ ਗੁਰੂ ਅਮਰ ਦਾਸ ਜੀ ਅਤੇ ਗੁਰੂ ਅਰਜਨ ਸਾਹਿਬ ਦੇ ਉਚਾਰੇ ਹੋਏ ਹਨ, ਪਰ ਉਥੇ ਲਫ਼ਜ਼ 'ਨਾਨਕ' ਦੇ ਥਾਂ 'ਫਰੀਦ' ਵਰਤਿਆ ਹੈ। ਸਤਿਗੁਰੂ ਜੀ ਨੇ ਫ਼ਰੀਦ ਜੀ ਦੇ ਦਿੱਤੇ ਖ਼ਿਆਲ ਦੀ ਵਧੀਕ ਵਿਆਖਿਆ ਕਰਨੀ ਮੁਨਾਸਿਬ ਸਮਝੀ, ਇਸ ਵਾਸਤੇ ਆਪਣੇ ਉਚਾਰੇ ਸ਼ਲੋਕ ਵਿਚ ਭੀ ਲਫ਼ਜ਼ 'ਫਰੀਦ' ਵਰਤਿਆ, ਕਿਉਂਕਿ ਉਹ ਸ਼ਲੋਕ ਫ਼ਰੀਦ ਜੀ ਦੇ ਸੰਬੰਧ ਵਿਚ ਸਨ। ਹਾਂ, ਪਾਠਕ ਨੂੰ ਉਕਾਈ ਤੋਂ ਬਚਾਣ ਲਈ ਸਿਰ-ਲੇਖ ਵਿਚ 'ਮਹਲਾ 3' ਅਤੇ 'ਮਹਲਾ 5' ਲਿਖ ਦਿੱਤਾ। ਇਸੇ ਤਰ੍ਹਾਂ ਚੂੰਕਿ ਇਹ ਸ਼ਬਦ ਸੂਰਦਾਸ ਜੀ ਦੀ ਉਪਰਲੀ ਇਕੋ ਤੁਕ ਦੇ ਸਬੰਧ ਵਿਚ ਹੈ, ਇਸ ਵਿਚ ਲਫ਼ਜ਼ 'ਨਾਨਕ' ਦੇ ਥਾਂ ਲਫ਼ਜ਼ 'ਸੂਰਦਾਸ' ਦਿੱਤਾ ਹੈ, ਪਰ ਪਾਠਕ ਨੂੰ ਭੁਲੇਖੇ ਤੋਂ ਬਚਾਣ ਲਈ ਸਿਰ-ਲੇਖ ਵਿਚ 'ਮਹਲਾ 5' ਲਿਖ ਦਿੱਤਾ ਹੈ। ਇਸ ਦੇ ਨਾਲ ਹੀ ਲਫ਼ਜ਼ 'ਸੂਰਦਾਸ' ਲਿਖਣ ਦੀ ਲੋੜ ਇਸ ਵਾਸਤੇ ਪਈ ਹੈ ਕਿ ਉਪਰਲੀ ਤੁਕ ਇਕੱਲੀ ਹੋਣ ਕਰਕੇ ਉਸ ਦੇ ਕਰਤੇ ਸੂਰਦਾਸ ਜੀ ਦਾ ਨਾਮ ਉਸ ਵਿਚ ਨਹੀਂ ਸੀ।

ਇਸ ਸਾਰੀ ਵਿਚਾਰ ਦੀ ਰਾਹੀਂ ਅਸੀਂ ਹੇਠ-ਲਿਖੇ ਨਤੀਜੇ ਤੇ ਅੱਪੜੇ ਹਾਂ:

(1) 'ਛਾਡਿ ਮਨ ਹਰਿ ਬਿਮੁਖਨ ਕੋ ਸੰਗੁ' = ਇਹ ਇਕੱਲੀ ਤੁਕ ਹੀ ਗੁਰੂ ਅਰਜਨ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਕੀਤੀ ਹੈ; ਇਹ ਤੁਕ ਭਗਤ ਸੂਰਦਾਸ ਜੀ ਦੀ ਹੈ, ਤੇ, ਇਸ ਵਿਚ ਕ੍ਰਿਸ਼ਨ-ਭਗਤੀ ਦਾ ਕੋਈ ਜ਼ਿਕਰ ਨਹੀਂ ਹੈ।

(2) ਦੂਜਾ ਸ਼ਬਦ ਗੁਰੂ ਅਰਜਨ ਸਾਹਿਬ ਦਾ ਆਪਣਾ ਹੈ। ਭਗਤ ਸੂਰਦਾਸ ਜੀ ਦੀ ਤੁਕ 'ਛਾਡਿ ਮਨ ਹਰਿ ਬਿਮੁਖਨ ਕੋ ਸੰਗੁ' ਦੇ ਸੰਬੰਧ ਵਿਚ ਉਚਾਰਿਆ ਹੈ, ਇਸ ਵਾਸਤੇ ਲਫ਼ਜ਼ 'ਨਾਨਕ' ਦੇ ਥਾਂ 'ਸੂਰਦਾਸ' ਵਰਤਿਆ ਹੈ, ਤੇ, ਸਿਰ-ਲੇਖ ਵਿਚ ਭੀ "ਸਾਰੰਗ ਮਹਲਾ 5" ਦੇ ਨਾਲ ਲਫ਼ਜ਼ 'ਸੂਰਦਾਸ' ਲਿਖਿਆ ਹੈ। ਇਸ ਸ਼ਬਦ ਵਿਚ ਭੀ ਕ੍ਰਿਸ਼ਨ-ਭਗਤੀ ਨਹੀਂ ਹੈ।

ਪਾਠਕਾਂ ਦੀ ਦਿਲਚਸਪੀ ਤੇ ਵਾਕਫ਼ੀ ਵਾਸਤੇ ਅਸੀਂ ਇਕ ਹੋਰ ਸਬੂਤ ਭੀ ਪੇਸ਼ ਕਰਦੇ ਹਾਂ, ਜਿਸ ਤੋਂ ਇਹ ਗੱਲ ਸਾਫ਼ ਪਰਤੱਖ ਹੋ ਜਾਇਗੀ ਕਿ ਪਹਿਲੀ ਇਕੱਲੀ ਤੁਕ ਸਮਝਣ ਲਈ ਪਾਠਕ ਸੱਜਣ 1430 ਪੰਨੇ ਵਾਲੀ ਬੀੜ ਦਾ ਸਫ਼ਾ 1251 ਖੋਲ੍ਹ ਕੇ ਸਾਹਮਣੇ ਰੱਖ ਲੈਣ। ਜਿਥੇ ਇਸ ਰਾਗ ਦੀ 'ਵਾਰ' ਮੁੱਕਦੀ ਹੈ, ਉਥੇ ਅਗਾਂਹ ਲਿਖਿਆ ਹੈ "ਰਾਗੁ ਸਾਰੰਗ ਬਾਣੀ ਭਗਤਾਂ ਕੀ, ਕਬੀਰ ਜੀ। " ਪਹਿਲਾ ਸ਼ਬਦ, 'ਕਹਾ ਨਰ ਗਰਬਸਿ ਥੋਰੀ ਬਾਤ" ਤੋਂ ਸ਼ੁਰੂ ਹੁੰਦਾ ਹੈ। ਇਸ ਸ਼ਬਦ ਦੇ 4 'ਬੰਦ' ਹਨ, ਤੇ, ਜਿਥੇ ਅਖ਼ੀਰਲੀ ਤੁਕ "ਕਹਤ ਕਬੀਰੁ ਰਾਮ ਭਜੁ ਬਉਰੇ ਜਨਮੁ ਅਕਾਰਥ ਜਾਤ" ਮੁੱਕਦੀ ਹੈ, ਉਥੇ ਦੋ ਅੰਕ ਲਿਖੇ ਪਏ ਹਨ, ਅੰਕ 4 ਅਤੇ ਅੰਕ 1। ਇਹਨਾਂ ਦਾ ਭਾਵ ਇਹ ਹੈ ਕਿ ਇਥੇ ਸ਼ਬਦ ਦਾ ਚੌਥਾ ਬੰਦ ਮੁੱਕਾ ਹੈ ਅਤੇ ਪਹਿਲਾ ਸ਼ਬਦ ਭੀ ਮੁੱਕ ਗਿਆ ਹੈ। ਅਗਾਂਹ ਦੂਜਾ ਸ਼ਬਦ ਸ਼ੁਰੂ ਹੋਇਆ ਹੈ। ਇਸ ਦੇ ਅਖ਼ੀਰ ਤੇ ਹਨ ਅੰਕ 4 ਅਤੇ ਅੰਕ 2। ਇਹਨਾਂ ਦਾ ਭਾਵ ਇਹ ਹੈ ਕਿ ਕਬੀਰ ਜੀ ਦਾ ਇਹ ਦੂਜਾ ਸ਼ਬਦ ਚਾਰੇ ਬੰਦਾਂ ਦਾ ਹੈ, ਅਤੇ ਇਹ ਦੂਜਾ ਸ਼ਬਦ ਹੈ।

ਇਸ ਤੋਂ ਅਗਾਂਹ ਸਿਰ-ਲੇਖ ਹੈ "ਸਾਰੰਗ ਬਾਣੀ ਨਾਮਦੇਉ ਜੀ ਕੀ। " ਇਸ ਦੇ ਅੰਕਾਂ ਨੂੰ ਭੀ ਧਿਆਨ ਨਾਲ ਵੇਖੋ। ਤੁਕ "ਨਿਰਭੈ ਹੋਇ ਭਜੀਐ ਭਗਵਾਨ" ਤੇ ਨਾਮਦੇਵ ਜੀ ਦਾ 4 ਬੰਦਾਂ ਵਾਲਾ ਪਹਿਲਾ ਸ਼ਬਦ ਮੁੱਕ ਗਿਆ ਹੈ, ਅਤੇ ਅੰਕ।4।1। ਲਿਖਿਆ ਗਿਆ ਹੈ। ਦੂਜਾ ਸ਼ਬਦ ਦੋ ਬੰਦਾਂ ਵਾਲਾ ਹੈ, ਉਸ ਦੇ ਮੁੱਕਣ ਤੇ ਅੰਕ।2। 2। ਲਿਖੇ ਗਏ ਹਨ। ਤੀਜਾ ਸ਼ਬਦ ਭੀ ਦੋ ਬੰਦਾਂ ਵਾਲਾ ਹੀ ਹੈ, ਉਸ ਦੇ ਅਖ਼ੀਰ ਤੇ ਅੰਕ।2।3। ਲਿਖੇ ਹਨ।

ਇਸ ਤੋਂ ਅੱਗੇ ਨਵਾਂ ਸਿਰ-ਲੇਖ ਹੈ "ਸਾਰੰਗ"। ਇਹ ਸਿਰਫ਼ ਇਕ ਸ਼ਬਦ ਹੈ ਤਿੰਨ ਬੰਦਾਂ ਵਾਲਾ। ਅਖ਼ੀਰਲੀ ਤੁਕ ਹੈ "ਪਰਮਾਨੰਦ ਸਾਧ ਸੰਗਤਿ ਮਿਲਿ, ਕਥਾ ਪੁਨੀਤ ਨ ਚਾਲੀ"।3।1।6। ਇਥੇ ਅੰਕ 3 ਦਾ ਭਾਵ ਹੈ ਕਿ ਇਸ ਸ਼ਬਦ ਦੇ ਤਿੰਨ ਬੰਦ ਹਨ। ਅੰਕ 1 ਦਾ ਭਾਵ ਹੈ ਕਿ ਪਰਮਾਨੰਦ ਜੀ ਦਾ ਸਿਰਫ਼ 1 ਸ਼ਬਦ ਹੈ। ਅੰਕ 6 ਦਾ ਭਾਵ ਹੈ ਕਿ ਹੁਣ ਤਕ ਭਗਤਾਂ ਦੇ 6 ਸ਼ਬਦ ਆਏ ਹਨ– ਕਬੀਰ = 2, ਨਾਮਦੇਵ = 3, ਅਤੇ ਪਰਮਾਨੰਦ = 1। ਕੁੱਲ ਜੋੜ 6।

ਇਸ ਤੋਂ ਅਗਾਂਹ ਇਕੱਲੀ ਤੁਕ ਹੈ "ਛਾਡੁ ਮਨ ਹਰਿ ਬਿਮੁਖਨ ਕੋ ਸੰਗੁ। " ਇਸ ਦੇ ਅਖ਼ੀਰ ਤੇ ਗਿਣਤੀ ਦਾ ਕੋਈ ਅੰਕ ਨਹੀਂ ਦਿੱਤਾ ਗਿਆ। ਅੱਗੇ ਚਲੋ। ਅਗਲਾ ਸਿਰ-ਲੇਖ ਹੈ "ਸਾਰੰਗ ਮਹਲਾ 5 ਸੂਰਦਾਸ। " ਇਸ ਦੇ ਅਖ਼ੀਰ ਤੇ ਅੰਕ।2।1।8। ਅੰਕ 2 ਦਾ ਭਾਵ ਹੈ ਕਿ ਇਹ ਸ਼ਬਦ ਦੋ ਬੰਦਾਂ ਵਾਲਾ ਹੈ। ਅੰਕ 8 ਦਾ ਭਾਵ ਹੈ ਕਿ ਹੁਣ ਤਕ 8 ਸ਼ਬਦ ਆ ਚੁਕੇ ਹਨ। ਪਾਠਕ ਧਿਆਨ ਰੱਖਣ ਕਿ ਗਿਣਤੀ ਵੇਲੇ ਇਕੱਲੀ ਤੁਕ "ਛਾਡਿ ਮਨ ਹਰਿ ਬਿਮੁਖਨ ਕੋ ਸੰਗੁ" ਨੂੰ ਸਾਬਤ ਸ਼ਬਦ ਮੰਨਿਆ ਗਿਆ ਹੈ। ਅੰਕ 1 ਅਤੇ 8 ਦੇ ਵਿਚਕਾਰਲਾ ਅੰਕ ਹੈ 1। ਇਸ ਦਾ ਭਾਵ ਹੈ ਕਿ ਇਹ ਇਕੱਲਾ ਸ਼ਬਦ ਹੈ। ਜਿਸ ਭੀ ਵਿਅਕਤੀ ਦਾ ਇਹ ਸ਼ਬਦ ਹੈ, ਇਕੋ ਹੀ ਸ਼ਬਦ ਹੈ।

ਅਸਾਂ ਇਥੇ ਵੇਖਿਆ ਹੈ ਕਿ ਅੰਕ 8 ਜ਼ਾਹਰ ਕਰਦਾ ਹੈ ਜੁ ਇਕੱਲੀ ਤੁਕ "ਛਾਡਿ ਮਨ ਹਰਿ ਬਿਮੁਖਨ ਕੋ ਸੰਗੁ" ਨੂੰ ਗਿਣਤੀ ਵਿਚ ਸਾਬਤ ਸ਼ਬਦ ਦੇ ਤੌਰ ਤੇ ਗਿਣਿਆ ਗਿਆ ਹੈ ਪਰ ਅੰਕ ਨੰ: 1 ਦੱਸਦਾ ਹੈ ਕਿ ਜੋ ਸ਼ਬਦ "ਸਾਰੰਗ ਮਹਲਾ 5 ਸੂਰਦਾਸ" ਸਿਰ-ਲੇਖ ਵਾਲਾ ਹੈ, ਇਹ ਜਿਸ ਭੀ ਵਿਅਕਤੀ ਦਾ ਹੈ, ਇਕੱਲਾ ਸ਼ਬਦ ਹੈ। ਜੇ "ਛਾਡਿ ਮਨ" ਵਾਲੀ ਤੁਕ, ਅਤੇ ਇਹ ਦੂਜਾ ਸ਼ਬਦ ਦੋਵੇਂ ਸੂਰਦਾਸ ਜੀ ਦੇ ਹੁੰਦੇ, ਤਾਂ ਅਖ਼ੀਰਲਾ ਅੰਕ ਇਉਂ ਹੁੰਦਾ = 2।2।8। ਪਹਿਲਾ ਅੰਕ ਨੰ: 2 ਸ਼ਬਦ ਦੇ ਬੰਦਾਂ ਦੀ ਗਿਣਤੀ ਹੈ। ਦੂਜਾ ਅੰਕ ਨੰ: 2 ਇਹਨਾਂ ਦੋਹਾਂ ਸ਼ਬਦਾਂ ਦੀ ਗਿਣਤੀ ਦਾ ਹੋਣਾ ਸੀ, ਤੇ ਤੀਜਾ ਅੰਕ ਨੰ: 8 ਸਾਰੇ ਸ਼ਬਦਾਂ ਦੀ ਗਿਣਤੀ ਦਾ ਹੈ। ਸੋ, ਇਹ ਗੱਲ ਸਾਫ਼ ਸਿੱਧ ਹੋ ਗਈ ਹੈ ਕਿ ਪਹਿਲੀ ਇਕੱਲੀ ਤੁਕ ਸੂਰਦਾਸ ਜੀ ਦੀ ਹੈ, ਤੇ ਦੂਜਾ ਮੁਕੰਮਲ ਸ਼ਬਦ ਗੁਰੂ ਅਰਜਨ ਸਾਹਿਬ ਦਾ ਹੈ;

ਇਕੱਲੀ ਤੁਕ ਦੇ ਪਿੱਛੋਂ ਫਿਰ ਮੂਲ-ਮੰਤ੍ਰ ਦਾ ਦਰਜ ਹੋਣਾ ਭੀ ਦੱਸਦਾ ਹੈ ਕਿ ਅਗਾਂਹ ਸ਼ਬਦ ਦਾ ਕਰਤਾ ਬਦਲ ਗਿਆ ਹੈ।

ਸਭ ਤੋਂ ਅਖ਼ੀਰਲੇ ਸ਼ਬਦ ਨੂੰ ਭੀ ਵੇਖੋ। ਅਖੀਰਲੇ ਅੰਕ ਹਨ।2।1।4। ਇਹਨਾਂ ਦਾ ਭਾਵ ਇਉਂ ਹੈ– ਸ਼ਬਦ ਦੇ ਦੋ ਬੰਦ ਹਨ। ਗਿਣਤੀ ਵਿਚ ਇਹ ਕਬੀਰ ਜੀ ਦਾ ਇਕੱਲਾ ਸ਼ਬਦ ਹੈ। ਤੇ, ਸਾਰੇ ਸ਼ਬਦਾਂ ਦਾ ਜੋੜ 9 ਹੈ। ਵੇਰਵਾ ਇਉਂ ਬਣਿਆ:

ਕਬੀਰ ਜੀ . . . . . . . . . . .2
ਨਾਮਦੇਵ ਜੀ . . . . . . . . . .3
ਪਰਮਾਨੰਦ ਜੀ . . . . . . . . .1
ਸੂਰਦਾਸ ਜੀ . . . . . . . . . .1 (ਇਕੱਲੀ ਤੁਕ)
ਗੁਰੂ ਅਰਜਨ ਦੇਵ ਜੀ . . . . 1
ਕਬੀਰ ਜੀ . . . . . . . . . . . 1
. . . . .ਜੋੜ . . . . . . . . . . .9

ਸਾਰੰਗ ਕਬੀਰ ਜੀਉ ॥ ੴ ਸਤਿਗੁਰ ਪ੍ਰਸਾਦਿ ॥ ਹਰਿ ਬਿਨੁ ਕਉਨੁ ਸਹਾਈ ਮਨ ਕਾ ॥ ਮਾਤ ਪਿਤਾ ਭਾਈ ਸੁਤ ਬਨਿਤਾ ਹਿਤੁ ਲਾਗੋ ਸਭ ਫਨ ਕਾ ॥੧॥ ਰਹਾਉ ॥ ਆਗੇ ਕਉ ਕਿਛੁ ਤੁਲਹਾ ਬਾਂਧਹੁ ਕਿਆ ਭਰਵਾਸਾ ਧਨ ਕਾ ॥ ਕਹਾ ਬਿਸਾਸਾ ਇਸ ਭਾਂਡੇ ਕਾ ਇਤਨਕੁ ਲਾਗੈ ਠਨਕਾ ॥੧॥ ਸਗਲ ਧਰਮ ਪੁੰਨ ਫਲ ਪਾਵਹੁ ਧੂਰਿ ਬਾਂਛਹੁ ਸਭ ਜਨ ਕਾ ॥ ਕਹੈ ਕਬੀਰੁ ਸੁਨਹੁ ਰੇ ਸੰਤਹੁ ਇਹੁ ਮਨੁ ਉਡਨ ਪੰਖੇਰੂ ਬਨ ਕਾ ॥੨॥੧॥੯॥ {ਪੰਨਾ 1253}

ਪਦ ਅਰਥ: ਸੁਤ = ਪੁੱਤਰ। ਬਨਿਤਾ = ਵਹੁਟੀ। ਹਿਤੁ = ਮੋਹ। ਫਨ = ਛਲ।1। ਰਹਾਉ।

ਆਗੇ ਕਉ = ਅਗਲੇ ਆਉਣ ਵਾਲੇ ਜੀਵਨ ਲਈ। ਤੁਲਹਾ = ਬੇੜਾ। ਬਿਸਾਸਾ = ਇਤਬਾਰ। ਭਾਂਡਾ = ਸਰੀਰ। ਠਨਕਾ = ਠੇਡਾ, ਠੋਕਰ।1।

ਜਨ = ਸੇਵਕ, ਭਗਤ। ਸਭ ਜਨ = ਸਤ-ਸੰਗੀ (Plural) । ਪੰਖੇਰੂ = ਪੰਛੀ।2।

ਅਰਥ: ਪਰਮਾਤਮਾ ਤੋਂ ਬਿਨਾ ਕੋਈ ਹੋਰ ਇਸ ਮਨ ਦੀ ਸਹਾਇਤਾ ਕਰਨ ਵਾਲਾ ਨਹੀਂ ਹੋ ਸਕਦਾ। ਮਾਂ, ਪਿਉ, ਭਰਾ, ਪੁੱਤਰ, ਵਹੁਟੀ = ਇਹਨਾਂ ਸਭਨਾਂ ਨਾਲ ਜੋ ਮੋਹ ਪਾਇਆ ਹੋਇਆ ਹੈ, ਇਹ ਛਲ ਨਾਲ ਹੀ ਮੋਹ ਪਾਇਆ ਹੈ (ਭਾਵ; ਇਹ ਮੋਹ ਅਜਿਹੇ ਪਦਾਰਥਾਂ ਨਾਲ ਹੈ ਜੋ ਛਲ ਹੀ ਹਨ, ਸਦਾ ਨਾਲ ਨਿੱਭਣ ਵਾਲੇ ਨਹੀਂ ਹਨ) ।1। ਰਹਾਉ।

(ਹੇ ਭਾਈ!) ਇਸ ਧਨ ਦਾ (ਜੋ ਤੂੰ ਖੱਟਿਆ ਕਮਾਇਆ ਹੈ) ਕੋਈ ਇਤਬਾਰ ਨਹੀਂ (ਕਿ ਕਦੋਂ ਨਾਸ ਹੋ ਜਾਏ, ਸੋ) ਅਗਾਂਹ ਵਾਸਤੇ ਕੋਈ ਹੋਰ (ਭਾਵ, ਨਾਮ ਧਨ ਦਾ) ਬੇੜਾ ਬੰਨ੍ਹੋ। (ਧਨ ਤਾਂ ਕਿਤੇ ਰਿਹਾ) ਇਸ ਸਰੀਰ ਦਾ ਭੀ ਕੋਈ ਵਿਸਾਹ ਨਹੀਂ, ਇਸ ਨੂੰ ਰਤਾ ਕੁ ਜਿਤਨੀ ਠੋਕਰ ਲੱਗੇ (ਤਾਂ ਢਹਿ-ਢੇਰੀ ਹੋ ਜਾਂਦਾ ਹੈ) ।1।

ਹੇ ਸੰਤ ਜਨੋ! (ਜਦ ਮੰਗੋ) ਗੁਰਮੁਖਾਂ (ਦੇ ਚਰਨਾਂ) ਦੀ ਧੂੜ ਮੰਗੋ, (ਇਸੇ ਵਿਚੋਂ) ਸਾਰੇ ਧਰਮਾਂ ਤੇ ਪੁੰਨਾਂ ਦੇ ਫਲ ਮਿਲਣਗੇ। ਕਬੀਰ ਆਖਦਾ ਹੈ– ਹੇ ਸੰਤ ਜਨੋ! ਸੁਣੋ, ਇਹ ਮਨ ਇਉਂ ਹੈ ਜਿਵੇਂ ਜੰਗਲ ਦਾ ਕੋਈ ਉਡਾਰੂ ਪੰਛੀ (ਇਸ ਨੂੰ ਟਿਕਾਣ ਲਈ ਗੁਰਮੁਖਾਂ ਦੀ ਸੰਗਤ ਵਿਚ ਲਿਆਉ) ।2।1।6।

ਨੋਟ: ਇਹ ਗੱਲ ਵਿਚਾਰ-ਜੋਗ ਹੈ ਕਿ ਕਬੀਰ ਜੀ ਦਾ ਇਹ ਸ਼ਬਦ ਅਖ਼ੀਰ ਤੇ ਵੱਖਰਾ ਕਿਉਂ ਦਰਜ ਕੀਤਾ ਗਿਆ ਹੈ।

ਸ਼ਬਦ ਦਾ ਭਾਵ: ਦੁਨੀਆ ਵਾਲਾ ਸਾਥ ਸਦਾ ਨਹੀਂ ਨਿੱਭਦਾ। ਸਰੀਰ ਭੀ ਇੱਥੇ ਹੀ ਰਹਿ ਜਾਂਦਾ ਹੈ। ਸਾਧ ਸੰਗ ਵਿਚ ਪ੍ਰਭੂ ਦਾ ਭਜਨ ਕਰੋ, ਇਹੀ ਹੈ ਸਦਾ-ਸਹਾਈ।

TOP OF PAGE

Sri Guru Granth Darpan, by Professor Sahib Singh